ਮੌਜੂਦਾ ਲੋਕ-ਵਿਰੋਧੀ ਰਾਜ ਦੀ ਥਾਂ ਲੋਕ-ਪੱਖੀ ਰਾਜ ਦੀ ਸਿਰਜਣਾ ਲਈ
ਇੱਕ ਇਨਕਲਾਬੀ ਪਾਰਟੀ ਦੀ ਅਣਸਰਦੀ ਲੋੜ
ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਅੰਦਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਆਦਿਕ ਮਿਹਨਤਕਸ਼ ਹਿੱਸਿਆਂ ਅਤੇ ਹੋਰ ਜਮਹੂਰੀਅਤ ਪਸੰਦ ਲੋਕਾਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਨਾ ਸਿਰਫ਼ ਮੌਜੂਦਾ ਰਾਜ ਪ੍ਰਬੰਧ ਅੰਦਰ ਸਰਗਰਮ ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਕੋਈ ਵੀ ਲਾਗਾ-ਦੇਗਾ ਨਾ ਰੱਖਣ ਦੀ ਪਹੁੰਚ ਅਖ਼ਤਿਆਰ ਕੀਤੀ ਹੋਈ ਹੈ ਸਗੋਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝੀ ਸਰਗਰਮੀ ਜਾਂ ਮੇਲ-ਮਿਲਾਪ ਨਾ ਰੱਖਣ ਦੀ ਪਹੁੰਚ ਅਪਣਾਕੇ ਉਹਨਾਂ ਨਾਲੋਂ ਤਿੱਖੇ ਨਿਖੇੜੇ ਦੀ ਲਕੀਰ ਖਿੱਚਕੇ ਰੱਖੀ ਜਾਂਦੀ ਹੈ। ਸਿਆਸੀ ਪਾਰਟੀਆਂ ਨਾਲ ਸਾਂਝ ਤੋਂ ਨਿਰਲੇਪ ਰਹਿਣ ਦੇ ਇਸ ਪੈਂਤੜੇ ਪਿੱਛੇ ਦੋ ਗਿਣਤੀਆਂ-ਮਿਣਤੀਆਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਜਾਪਦੀਆਂ ਹਨ। ਇੱਕ ਹੈ: ਆਪਣੇ ਜਮਾਤੀ-ਤਬਕਾਤੀ ਹਿਤਾਂ ਨਾਲ ਟਕਰਾਵੀਂ ਸਿਆਸਤ ਦੀਆਂ ਧਾਰਨੀ ਹਾਕਮ ਜਮਾਤੀ ਪਾਰਟੀਆਂ ਨਾਲੋਂ ਸਪੱਸ਼ਟ ਤੇ ਤਿੱਖੇ ਨਿਖੇੜੇ ਦੀ ਪੁਜੀਸ਼ਨ ਬਣਾਕੇ ਰੱਖਣਾ (ਖਾਸ ਕਰਕੇ ਅਜਿਹੀਆਂ ਹਾਲਤਾਂ ’ਚ ਜਦ ਇਹ ਇਨਕਲਾਬੀ ਜਨਤਕ ਜਥੇਬੰਦੀਆਂ ਪੂਰੀ ਤਰ੍ਹਾਂ ਸਥਾਪਤ ਤੇ ਮਜਬੂਤ ਨਹੀਂ ਹਨ) ਤੇ ਦੂਜੇ; ਪਾਰਟੀਆਂ ਦੀਆਂ ਜੇਬੀ/ਫਰੰਟ ਜਥੇਬੰਦੀਆਂ ਬਣਕੇ ਚੱਲਣ ਦੀ ਥਾਂ ਜਨਤਕ ਜਥੇਬੰਦੀਆਂ ਦੀ ਆਜ਼ਾਦਾਨਾ ਹਸਤੀ ਤੇ ਕਾਰਵਿਹਾਰ ਨੂੰ ਸਲਾਮਤ ਰੱਖਣ ਦੀ ਪਹੁੰਚ ਕਰਕੇ। ਲੋਕ-ਪੱਖੀ ਤੇ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਮੌਜੂਦਾ ਸਮੇਂ ਅਖ਼ਤਿਆਰ ਕੀਤੇ ਇਸ ਪੈਂਤੜੇ ਦਾ ਇਹ ਅਰਥ ਕਦਾਚਿਤ ਨਹੀਂ ਲਿਆ ਜਾਣਾ ਚਾਹੀਦਾ ਕਿ ਜਨਤਕ ਜਥੇਬੰਦੀਆਂ ਨੂੰ ਹਰ ਕਿਸਮ ਦੀ ਸਿਆਸਤ ਜਾਂ ਸਿਆਸੀ ਪਾਰਟੀਆਂ ਤੋਂ ਹਰ ਹਾਲ ਨਿਰਲੇਪ ਰਹਿਣਾ ਚਾਹੀਦਾ ਹੈ।
ਸਿਆਸਤ ਵਰਜਿਤ ਨਹੀਂ ਸਗੋਂ ਅਣਸਰਦੀ ਲੋੜ
ਹਾਕਮ ਜਮਾਤਾਂ ਦੇ ਢੰਡੋਰਚੀ ਲੁੱਟੇ-ਪੁੱਟੇ, ਦੱਬੇ-ਕੁਚਲੇ ਤੇ ਅਧੀਨ ਜਮਾਤਾਂ ਦੇ ਲੋਕਾਂ ਨੂੰ ਅਕਸਰ ਹੀ ਮੱਤਾਂ ਦਿੰਦੇ ਰਹਿੰਦੇ ਹਨ ਕਿ ਉਹਨਾਂ ਨੂੰ ਸਿਆਸਤ ’ਚ ਹਿੱਸਾ ਨਹੀਂ ਲੈਣਾ ਚਾਹੀਦਾ। ਸਿਰਫ਼ ਆਪਣੇ ਕੰਮ ਨਾਲ ਹੀ ਮਤਲਬ ਰੱਖਣਾ ਚਾਹੀਦਾ ਹੈ। ਉਹਨਾਂ ਦੀ ਧਾਰਨਾ ਹੈ ਕਿ ਸਿਆਸਤ ਕਰਨ ਦਾ ਅਧਿਕਾਰ ਸਿਰਫ਼ ਉੱਚੀਆਂ ਜਮਾਤਾਂ ਦੇ ਲੋਕਾਂ ਲਈ ਹੀ ਰਾਖਵਾਂ ਹੈ। ਜਦ ਉਹ ਕਹਿੰਦੇ ਹਨ ਕਿ ਆਮ ਲੋਕਾਂ ਨੂੰ ਸਿਆਸਤ ’ਚ ਨਹੀਂ ਉਲਝਣਾ ਚਾਹੀਦਾ ਤਾਂ ਇਸਦਾ ਹਕੀਕਤ ’ਚ ਅਰਥ ਇਹ ਬਣਦਾ ਹੈ ਕਿ ਉਹ ਚੁੱਪ-ਚਾਪ ਹਾਕਮਾਂ ਦਾ ਹੁਕਮ ਮੰਨਦੇ ਰਹਿਣ। ਉਹਨਾਂ ਦੀ ਰਜ਼ਾ ’ਚ ਰਹਿਕੇ ਚਲਦੇ ਰਹਿਣ। ਇਸ ਨੂੰ ਚੁਣੌਤੀ ਨਾ ਦੇਣ। ਜਦ ਲੋਕ ਉਹਨਾਂ ਦੀ ਕਿਸੇ ਗੱਲ ਦਾ ਵਿਰੋਧ ਕਰਦੇ ਹਨ, ਇਸਨੂੰ ਚੁਣੌਤੀ ਦਿੰਦੇ ਹਨ ਤਾਂ ਇਹ ਉਹਨਾਂ ਨੂੰ ਸਿਆਸਤ ਕਰਨਾ ਲੱਗਦਾ ਹੈ ਜਿਸਤੋਂ ਉਹ ਲੋਕਾਂ ਨੂੰ ਵਰਜਦੇ ਤੇ ਦਬਾਉਂਦੇ ਹਨ।
ਸਿਆਸਤ ’ਚ ਲੋਕ ਉਲਝਣ ਜਾਂ ਨਾ, ਦਰਅਸਲ ਇਹ ਲੋਕਾਂ ਲਈ ਚੋਣ ਦਾ ਮਸਲਾ ਹੀ ਨਹੀਂ ਹੈ। ਹਾਕਮ ਜਮਾਤਾਂ ਵੱਲੋਂ ਹਰ ਵੇਲੇ ਆਪਣੀ ਸਿਆਸਤ ਲੋਕਾਂ ਉੱਪਰ ਇੱਕਤਰਫ਼ਾ ਤੌਰ ’ਤੇ ਮੜ੍ਹੀ ਜਾ ਰਹੀ ਹੈ। ਹਰ ਰੋਜ਼ ਲੋਕਾਂ ਦੀ ਜ਼ਿੰਦਗੀ ਹਾਕਮਾਂ ਦੀ ਸਿਆਸਤ ਦਾ ਅਣਚਾਹਿਆ ਸ਼ਿਕਾਰ ਬਣਦੀ ਰਹਿੰਦੀ ਹੈ। ਉਹਨਾਂ ਕੋਲ ਚੋਣ ਸਿਰਫ਼ ਇਹ ਹੈ ਕਿ ਉਹਨਾਂ ਨੇ ਸਿਰਫ਼ ਹਾਕਮਾਂ ਦੀ ਇੱਕਤਰਫ਼ਾ ਸਿਆਸਤ ਦਾ ਸ਼ਿਕਾਰ ਬਣੇ ਮਾਰ ਖਾਈ ਜਾਂਦੇ ਰਹਿਣਾ ਹੈ ਜਾਂ ਫਿਰ ਲੋਕ-ਪੱਖੀ ਸਿਆਸਤ ਨਾਲ ਹਾਕਮ ਜਮਾਤੀ ਸਿਆਸਤ ਦਾ ਢੁਕਵਾਂ ਜੁਆਬ ਦੇਣਾ ਹੈ। ਹੁਕਮਰਾਨ ਜਮਾਤਾਂ ਦੀ ਸਿਆਸਤ ਸਰਕਾਰੀ ਨੀਤੀਆਂ ਤੇ ਫੈਸਲਿਆਂ ਦੇ ਰੂਪ ’ਚ ਜਾਂ ਹੋਰ ਢੰਗਾਂ ਨਾਲ ਲੋਕਾਂ ਕੋਲ ਪਹੁੰਚਦੀ ਰਹਿੰਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਅਸਰਅੰਦਾਜ਼ ਕਰਦੀ ਰਹਿੰਦੀ ਹੈ। ਲੋਕ ਇਸ ਸਿਆਸਤ ਦਾ ਸ਼ਿਕਾਰ ਹੋਣੋਂ ਬਚ ਨਹੀਂ ਸਕਦੇ। ਇੱਕ ਕਿਸਾਨ ਦੀ ਹੀ ਗੱਲ ਲਓ। ਜੇ ਉਸ ਕੋਲ ਆਪਣੇ ਗੁਜ਼ਾਰੇ ਜੋਗਰੀ ਜ਼ਮੀਨ ਨਹੀਂ ਜਾਂ ਉੱਕਾ ਹੀ ਜ਼ਮੀਨ ਨਹੀਂ ਤੇ ਉਸਨੂੰ ਉੱਚਾ ਲਗਾਨ (ਠੇਕਾ) ਤਾਰਕੇ ਇਹ ਜ਼ਮੀਨ ਕਿਸੇ ਭੋਇਂ ਮਾਲਕ ਕੋਲੋਂ ਲੈਣੀ ਪੈਂਦੀ ਹੈ ਤਾਂ ਇਸਦਾ ਸਬੰਧ ਸਰਕਾਰੀ ਨੀਤੀਆਂ ਨਾਲ ਹੈ। ਜ਼ਮੀਨੀ ਸੁਧਾਰ ਕਰਕੇ ਇਹ ਹਾਲਤ ਬਦਲੀ ਜਾ ਸਕਦੀ ਹੈ। ਜੇ ਸਰਕਾਰ ਬੈਂਕਾਂ ਦਾ ਸਰਮਾਇਆ ਕਾਰਪੋਰੇਟ ਘਰਾਣਿਆਂ ਜਾਂ ਵੱਡੇ ਕਾਰੋਬਾਰੀਆਂ ਨੂੰ ਤਾਂ ਦੋਹੀਂ-ਹੱਥੀਂ ਵੰਡਦੀ ਹੈ ਪਰ ਕਿਸਾਨ ਨੂੰ ਦੇਣ ਵੇਲੇ ਹੱਥ ਘੁੱਟ ਕੇ ਉਸਨੂੰ ਆੜ੍ਹਤੀਏ ਜਾਂ ਸੂਦਖੋਰ ਤੋਂ ਛਿੱਲ-ਲਾਹੂ ਦਰਾਂ ’ਤੇ ਕਰਜ਼ਾ ਲੈਣ ਲਈ ਮਜਬੂਰ ਕਰਦੀ ਹੈ; ਜੇ ਸਾਮਰਾਜੀ ਕੰਪਨੀਆਂ ਜਾਂ ਹੋਰ ਵੱਡੇ ਕਾਰਖਾਨੇਦਾਰਾਂ ਵੱਲੋਂ ਸਪਲਾਈ ਕੀਤੀਆਂ ਜਾਂਦੀਆਂ ਖੇਤੀ ਲਾਗਤ ਵਸਤਾਂ - ਬੀਜ, ਰੇਹ, ਸਪਰੇਅ, ਤੇਲ, ਖੇਤੀ ਮਸ਼ੀਨਰੀ ਆਦਿਕ - ਦੇ ਭਾਅ ਸਰਕਾਰ ਕੰਟਰੋਲ ਨਹੀਂ ਕਰਦੀ ਤੇ ਉਹ ਬੇਲਗਾਮ ਵਧਦੇ ਰਹਿੰਦੇ ਹਨ; ਜੇ ਸਰਕਾਰ ਖੇਤੀ ਸਬਸਿਡੀਆਂ ਨੂੰ ਲਗਾਤਾਰ ਛਾਂਗਣ ਜਾਂ ਖਤਮ ਕਰਨ ਦੀ ਨੀਤੀ ਲਾਗੂ ਕਰ ਰਹੀ ਹੈ; ਜੇ ਕਿਸਾਨੀ ਉਪਜ ਦੀ ਸਰਕਾਰੀ ਖਰੀਦ ਅਤੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤਹਿ ਕਰਨ ਦੀ ਨੀਤੀ ਦੀ ਸਫ਼ ਵਲ੍ਹੇਟਕੇ ਕਿਸਾਨੀ ਫ਼ਸਲਾਂ ਨੂੰ ਰੋਲਣ ਤੇ ਉਹਨਾਂ ਤੋਂ ਕੌਡੀਆਂ ਦੇ ਭਾਅ ਫ਼ਸਲਾਂ ਲੁੱਟਕੇ ਕਿਸਾਨੀ ਨੂੰ ਬਰਬਾਦੀ ਦੇ ਮੂੰਹ ਧੱਕਿਆ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਇਹ ਸਭ ਹਾਕਮ ਜਮਾਤੀ ਸਿਆਸਤ ਦੀ ਲੀਲ੍ਹਾ ਹੈ। ਜੇ ਘਾਟੇਵੰਦੀ ਬਣੀ ਖੇਤੀ ਦੀਆਂ ਹਾਲਤਾਂ ’ਚ ਲੱਖ ਦੋ ਲੱਖ ਦੇ ਕਰਜ਼ਈ ਕਿਸਾਨ ਕੋਲੋਂ ਕਰਜ਼ਾ ਨਹੀਂ ਮੋੜਿਆ ਜਾਂਦਾ ਤਾਂ ਹਕੂਮਤ ਉਸਨੂੰ ਜੇਲ੍ਹ ’ਚ ਸੁੱਟਣ ਤੇ ਉਸਦੀ ਜ਼ਮੀਨ ਜਾਂ ਘਰ ਕੁਰਕ ਕਰਨ ਲੱਗਿਆਂ ਫੋਰਾ ਨਹੀਂ ਲਾਉਂਦੀ ਪਰ ਕਾਰਪੋਰੇਟ ਘਰਾਣਿਆਂ ਤੇ ਵੱਡੇ ਕਾਰੋਬਾਰੀਆਂ ਵੱਲੋਂ ਜਾਣ ਬੁੱਝ ਕੇ ਨੱਪੇ ਸੈਂਕੜੇ ਕਰੋੜਾਂ ਦੇ ਕਰਜ਼ੇ ਦੇ ਮਾਮਲੇ ’ਚ ਜੇ ਸਰਕਾਰ ਵੱਲੋਂ ਉਹਨਾਂ ਦੇ ਨਾਂ ਵੀ ਨਸ਼ਰ ਕਰਨ ਤੋਂ ਇਨਕਾਰੀ ਹੁੰਦੀ ਹੈ ਤੇ ਇਸ ਨੂੰ ਮਰੀ ਉਗਰਾਹੀ ਐਲਾਨ ਕੇ ਵੱਟੇ ਖਾਤੇ ਪਾ ਦਿੱਤਾ ਜਾਂਦਾ ਹੈ ਤਾਂ ਇਹ ਸਰਕਾਰੀ ਨੀਤੀਆਂ ਦੇ ਰੂਪ ’ਚ ਜ਼ਾਹਰ ਹੋ ਰਹੀ ਸਿਆਸਤ ਹੀ ਹੈ। ਮੌਜੂਦਾ ਰਾਜਭਾਗ ਤੇ ਲੁਟੇਰੀਆਂ ਜਮਾਤਾਂ -
ਵੱਡੇ ਵੱਡੇ ਭੂਮੀਪਤੀਆਂ, ਸਾਮਰਾਜੀ ਦਲਾਲ ਕਾਰਪੋਰੇਟ ਘਰਾਣਿਆਂ, ਵੱਡੇ ਵਪਾਰੀਆਂ ਆਦਿਕ - ਦਾ ਗਲਬਾ ਹੈ। ਇਸੇ ਕਰਕੇ ਇਹਨਾਂ ਹਕੂਮਤਾਂ ਦੀ ਸਿਆਸਤ ਇਹਨਾਂ ਜਮਾਤਾਂ ਦੀ ਕਮਾਈ ਨੂੰ ਰੰਗਭਾਗ ਲਾ ਰਹੀ ਹੈ, ਇਹਨਾਂ ਲੁਟੇਰੇ ਵਰਗਾਂ ਦੇ ਹਿਤਾਂ ਦੀ ਰਾਖੀ ਤੇ ਵਧਾਰਾ ਹੋ ਰਿਹਾ ਹੈ। ਮਿਹਨਤਕਸ਼ ਜਮਾਤਾਂ ਦੀ ਕਮਾਈ ਚੂੰਡੀ ਜਾ ਰਹੀ ਹੈ। ਮੌਜੂਦਾ ਰਾਜ ਅਧੀਨ ਸਭੇ ਵੋਟ ਪਾਰਟੀਆਂ ਅੱਡ ਅੱਡ ਨਕਾਬ ਪਹਿਨਕੇ ਇਹਨਾਂ ਹੀ ਲੁਟੇਰੀਆਂ ਜਮਾਤਾਂ ਦੇ ਕਿਸੇ ਇੱਕ ਜਾਂ ਦੂਸਰੇ ਹਿੱਸੇ ਦੀ ਸਿਆਸੀ ਨੁਮਾਇੰਦਗੀ ਕਰ ਰਹੀਆਂ ਹਨ। ਤਾਂਹੀਏ ਤਾਂ ਮਾੜੇ-ਮੋਟੇ ਫਰਕਾਂ ਨਾਲ ਇਹਨਾਂ ਸਭਨਾਂ ਪਾਰਟੀਆਂ ਦੀ ਉਪਰੋਕਤ ਜ਼ਿਕਰ-ਅਧੀਨ ਆਈਆਂ ਨੀਤੀਆਂ ਬਾਰੇ ਆਮ ਸਹਿਮਤੀ ਹੈ। ਸੋ ਹਕੀਕਤ ’ਚ ਮਿਹਨਤਕਸ਼ ਲੋਕਾਂ ਦੇ ਹਿਤ ਇਹਨਾਂ ਨੀਤੀਆਂ/ਸਿਆਸਤ ਤੋਂ ਮੂੰਹ ਭੰਵਾਉਣ ਜਾਂ ਅੱਖਾਂ ਮੀਚਕੇ ਰੱਖਣ ’ਚ ਨਹੀਂ ਸਗੋਂ ਉਹਨਾਂ ਨੂੰ ਹੋਰ ਵਧੇਰੇ ਸਰਗਰਮੀ ਨਾਲ ਸਿਆਸਤ ’ਚ ਹਿੱਸਾ ਲੈਣਾ ਚਾਹੀਦਾ ਹੈ। ਛਲ ਤੇ ਲੁੱਟ ਦੀ ਹਾਕਮ ਜਮਾਤੀ ਸਿਆਸਤ ਨੂੰ ਸਮਝਣਾ ਤੇ ਇਸ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਮਿਹਨਤਕਸ਼ ਜਮਾਤਾਂ ਦੇ ਹਿਤਾਂ ਦੀ ਸਖੀ ਸਿਆਸਤ ਦੇ ਲੜ ਲੱਗਣਾ ਚਾਹੀਦਾ ਹੈ।
ਇਨਕਲਾਬੀ ਪਾਰਟੀ - ਇੱਕ ਅਣਸਰਦੀ ਲੋੜ
ਲੁਟੇਰੀਆਂ ਜਮਾਤਾਂ ਦੀ ਲੋਕ-ਵਿਰੋਧੀ ਸਿਆਸਤ ਦਾ ਮੁਕਾਬਲਾ ਸਿਰਫ਼ ਲੋਕਾਂ ਦੀ ਇਨਕਲਾਬੀ ਸਿਆਸਤ ਨਾਲ ਹੀ ਕੀਤਾ ਜਾ ਸਕਦਾ ਹੈ। ਜਿਵੇਂ ਲੁਟੇਰੀਆਂ ਜਮਾਤਾਂ ਦੇ ਹਿੱਸੇ ਖੁਦ ਆਪ ਸਿੱਧਮ-ਸਿੱਧੇ ਅੱਗੇ ਆ ਕੇ ਆਪਣੇ ਹਿਤਾਂ ਦੀ ਵਕਾਲਤ ਕਰਨ ਦੀ ਥਾਂ ਇਹਨਾਂ ਹਿਤਾਂ ਦੀ ਪਹਿਰੇਦਾਰੀ ਤੇ ਵਧਾਰੇ ਲਈ ਸਿਆਸੀ ਪਾਰਟੀਆਂ ਨੂੰ ਮੂਹਰੇ ਲਿਆਉਂਦੇ ਹਨ, ਉਵੇਂ ਹੀ ਮਿਹਨਤਕਸ਼ ਜਮਾਤਾਂ ਦੇ ਲੋਕਾਂ ਨੂੰ ਵੀ ਆਪਣੇ ਹੱਕਾਂ ਦੀ ਰਾਖੀ ਤੇ ਵਧਾਰੇ ਲਈ ਇਨਕਲਾਬੀ ਸਿਆਸਤ ਦੀ ਧਾਰਨੀ ਇੱਕ ਮਜਬੂਤ ਤੇ ਸੁਲਝੀ ਹੋਈ ਪਾਰਟੀ ਦੀ ਅਣਸਰਦੀ ਜ਼ਰੂਰਤ ਹੈ। ਜਿੰਨਾਂ ਜਮਾਤਾਂ ਕੋਲ ਰਾਜ ਹੁੰਦਾ ਹੈ, ਭਾਗ ਵੀ ਉਹਨਾਂ ਦੇ ਹਿੱਤਾਂ ਨੂੰ ਹੀ ਲੱਗਦੇ ਹਨ। ਮਿਹਨਤਕਸ਼ ਜਮਾਤਾਂ ਦੇ ਭਾਗ ਵੀ ਤਾਂ ਹੀ ਖੁੱਲ੍ਹ ਸਕਦੇ ਹਨ ਜੇਕਰ ਰਾਜ ਉਹਨਾਂ ਦੇ ਹੱਥ ਆਵੇਗਾ। ਅਜੇਹੀ ਰਾਜ-ਬਦਲੀ ਇੱਕ ਵੱਡੀ ਤੇ ਘਮਸਾਨੀ ਸਿਆਸੀ ਉੱਥਲ-ਪੁਥਲ ਬਿਨਾਂ ਸੰਭਵ ਨਹੀਂ। ਤੇ ਅਜਿਹੀ ਵੱਡੀ ਉੱਥਲ-ਪੁਥਲ ਤਾਂ ਹੀ ਸਫ਼ਲ ਹੋ ਸਕਦੀ ਹੈ ਜੇਕਰ ਇਸਦੀ ਅਗਵਾਈ ਸਿਆਸੀ ਪੱਖੋਂ ਸੂਝਵਾਨ, ਪਰਪੱਕ, ਜਬਤਬੱਧ ਤੇ ਲੋਕਾਂ ਨਾਲ ਗਹਿਰੀਆਂ ਤੰਦਾਂ ਰਾਹੀਂ ਜੁੜੀ ਇੱਕ ਇਨਕਲਾਬੀ ਪਾਰਟੀ ਕਰੇ। ਅਜਿਹੀ ਪਾਰਟੀ ਦੀ ਅਗਵਾਈ ਬਿਨਾਂ ਇਨਕਲਾਬ ਚਿਤਵਿਆ ਵੀ ਨਹੀਂ ਜਾ ਸਕਦਾ।
ਇਤਿਹਾਸ ਇਸ ਗੱਲ ਦਾ ਗੁਆਹ ਹੈ ਕਿ ਰਾਜਭਾਗ ਤੇ ਕਾਬਜ਼ ਜਮਾਤਾਂ ਕਦੇ ਵੀ ਆਪਣੀ ਇੱਛਾ ਨਾਲ ਤੇ ਪੁਰਅਮਨ ਢੰਗ ਨਾਲ ਰਾਜਭਾਗ ਨਹੀਂ ਛੱਡਦੀਆਂ। ਉਹਨਾਂ ਨੂੰ ਤਾਕਤ ਦੀ ਵਰਤੋਂ ਕਰਕੇ ਰਾਜਭਾਗ ਤੋਂ ਜਬਰਨ ਲਾਹੁਣਾ ਪੈਂਦਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਲੋਕਾਂ ਨੂੰ ਚੇਤਨ, ਜਥੇਬੰਦ ਤੇ ਲਾਮਬੰਦ ਕਰਨ ਖਾਤਰ ਤੇ ਇਸ ਘਮਸਾਨੀ ਟੱਕਰ ’ਚ ਉਹਨਾਂ ਦੀ ਅਗਵਾਈ ਕਰਨ ਤੇ ਕਾਬਜ਼ ਜਮਾਤਾਂ ਦੀਆਂ ਸਭ ਉਲਟ-ਇਨਕਲਾਬੀ ਚਾਲਾਂ, ਸਾਜਸ਼ਾਂ ਤੇ ਮਨਸੂਬਿਆਂ ਨੂੰ ਮਾਤ ਇੱਕ ਅਜਿਹੀ ਪਾਰਟੀ ਹੀ ਦੇ ਸਕਦੀ ਹੈ ਜਿਹੜੀ ਇੱਕ ਦਰੁਸਤ ਇਨਕਲਾਬੀ ਸਿਧਾਂਤ ਨਾਲ ਲੈਸ ਹੋਵੇ, ਜਿਸਨੂੰ ਇਤਿਹਾਸਕ ਵਿਕਾਸ ਅਮਲ ਅਤੇ ਮੁਲਕ ਦੀ ਸਿਆਸੀ ਸਮਾਜਕ ਹਾਲਤ ਦੀ ਸੋਝੀ ਹੋਵੇ, ਜਿਹੜੀ ਇਨਕਲਾਬੀ ਸਿਧਾਂਤ ਦਾ ਜ਼ਮੀਨੀ ਹਾਲਤਾਂ ਨਾਲ ਸੁਮੇਲ ਕਰਨ ਦੇ ਸਮਰੱਥ ਹੋਵੇ ਅਤੇ ਲੋਕਾਂ ਨਾਲ ਲੇੜਲੇ ਰਿਸ਼ਤੇ ’ਚ ਬੱਝੀ ਹੋਵੇ। ਅਜੋਕੇ ਸਮਿਆਂ ਅੰਦਰ, ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਇੱਕ ਕਮਿਊਨਿਸਟ ਪਾਰਟੀ ਹੀ ਅਜਿਹੀ ਇੱਕੋ ਇੱਕ ਇਨਕਲਾਬੀ ਪਾਰਟੀ ਹੈ ਜੋ ਇਨਕਲਾਬ ਦੇ ਅਜਿਹੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਤੇ ਸਮਰੱਥ ਹੈ। ਅਜਿਹੀ ਪਾਰਟੀ ਦੀ ਇਨਕਲਾਬੀ ਰਾਹਨੁਮਾਈ ਹੀ ਭਾਰਤੀ ਲੋਕਾਂ ਦੇ ਕਲਿਆਣ ਦਾ ਰਾਹ ਖੋਲ੍ਹ ਸਕਦੀ ਹੈ।
ਇਨਕਲਾਬੀ ਵਿਚਾਰਧਾਰਾ ਦਾ ਮਹੱਤਵ
ਕੁਦਰਤੀ ਵਿਗਿਆਨ ਦੇ ਅਨੇਕਾਂ ਬਾਹਰਮੁਖੀ ਨਿਯਮਾਂ ਵਾਂਗ, ਸਮਾਜਕ ਵਿਕਾਸ ਦੇ ਅਮਲ ਦੇ ਵੀ ਆਪਣੇ ਬਾਹਰਮੁਖੀ ਨਿਯਮ ਹਨ। ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਉਸਤਾਦਾਂ - ਕਾਰਲ ਮਾਰਕਸ ਤੇ ਫਰੈਡਰਿਕ ਐਂਗਲਜ਼ - ਨੇ ਬੀਤੇ ਦੇ ਸਮਾਜੀ-ਇਤਿਹਾਸਕ ਅਮਲ ਤੇ ਵੇਲੇ ਦੇ ਪੂੰਜੀਵਾਦੀ ਪ੍ਰਬੰਧ ਦਾ ਗਹਿਰਾ ਅਧਿਅਨ ਕਰਕੇ ਇੱਕ ਅਜਿਹੇ ਵਿਗਿਆਨਕ ਸਿਧਾਂਤ ਦੀ ਨੀਂਹ ਰੱਖੀ ਜਿਸ ਨੂੰ ਮਾਰਕਸਵਾਦ ਦੇ ਨਾਂ ਨਾ ਜਾਣਿਆ ਜਾਣ ਲੱਗਾ। ਬਾਅਦ ਵਿੱਚ ਲੈਨਿਨ, ਸਟਾਲਿਨ ਤੇ ਮਾਓ ਜ਼ੇ-ਤੁੰਗ ਜਿਹੇ ਸੰਸਾਰ ਮਜ਼ਦੂਰ ਜਮਾਤ ਦੇ ਪ੍ਰਤਿਭਾਵਾਨ ਆਗੂਆਂ ਨੇ ਇਸ ਵਿਗਿਆਨਕ ਵਿਚਾਰਧਾਰਾ ਨੂੰ ਹੋਰ ਅਮੀਰ ਬਣਾਇਆ ਤੇ ਵਿਕਸਤ ਕੀਤਾ। ਇਹ ਵਿਗਿਆਨਕ ਸਿਧਾਂਤ ਅੰਦਰ ਜਮਾਤਾਂ ’ਚ ਵੰਡੇ ਸਮਾਜ ’ਚ ਜਮਾਤੀ ਜਦੋਜਹਿਦ ਦੇ ਇਤਿਹਾਸ ਦੀ ਚਾਲਕ ਸ਼ਕਤੀ ਹੋਣ, ਇੱਕ ਨਿਸ਼ਚਿਤ ਪੈਦਾਵਾਰੀ ਢਾਂਚੇ ਅੰਦਰ ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਾਰੀ ਸਬੰਧਾਂ ’ਚ ਵਿਰੋਧਤਾਈ ਅਤੇ ਵਿਕਾਸ ਦੇ ਇੱਕ ਪੜਾਅ ਤੇ ਪੈਦਾਵਾਰੀ ਸਬੰਧਾਂ ਦੇ ਸਮਾਜਕ ਤਰੱਕੀ ਦੇ ਅਮਲ ’ਚ ਬੇੜੀਆਂ ਬਣ ਜਾਣ, ਪੁਰਾਣੇ ਪੈਦਾਵਾਰੀ ਸੰਬਧਾਂ ’ਚ ਇਨਕਲਾਬੀ ਤਬਦੀਲੀ ਕਰਕੇ ਇਹਨਾਂ ਨੂੰ ਮੁੜ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਅਨੁਸਾਰੀ ਬਣਾਉਣ ਅਤੇ ਸਮਾਜਕ ਵਿਕਾਸ ਦੇ ਅਮਲ ੇਦ ਹਮੇਸ਼ਾਂ ਨੀਵੇਂ ਤੋਂ ਉਚੇਰੇ ਸਮਾਜਕ ਪ੍ਰਬੰਧ ਵੱਲ ਇਕਤਰਫ਼ਾ ਗਤੀ ਕਰਨ, ਸਮਾਜਕ ਤਬਦੀਲੀ ਦੇ ਅਮਲ ’ਚ ਸਮਾਜਕ ਸਰਗਰਮੀ ਦੀ ਨਿਰਣਾਇਕ ਭੂਮਿਕਾ ਜਿਹੇ ਅਣਗਿਣਤ ਨਿਯਮਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਹ ਵਿਚਾਰਧਾਰਾ ਸਾਨੂੰ ਦੱਸਦੀ ਹੈ ਕਿ ਕਿਵੇਂ ਸਰਮਾਏਦਾਰੀ-ਸਾਮਰਾਜੀ ਪ੍ਰਬੰਧ ਆਪਣਾ ਵੇਲਾ ਵਿਹਾ ਕੇ ਇੱਕ ਪਿਛਾਖੜੀ ਪ੍ਰਬੰਧ ’ਚ ਬਦਲ ਚੁੱਕਿਆ ਹੈ, ਇਸ ਪ੍ਰਬੰਧ ਦਾ ਢਹਿਢੇਰੀ ਹੋਣਾ ਤੇ ਇਸਦੀ ਥਾਂ ਸਮਾਜਕ ਮਾਲਕੀ ਤੇ ਅਧਾਰਤ ਨਵੇਂ ਪ੍ਰਬੰਧ ਦਾ ਹੋਂ ਦ ’ਚ ਆਉਣਾ ਇਤਿਹਾਸਕ ਤੌਰ ’ਤੇ ਅਟੱਲ ਹੈ।
ਉੱਪਰ ਵਰਨਣ ’ਚ ਆਈ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਦਾ ਧਾਰਨੀ ਹੋਣਾ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ - ਕਮਿਊਨਿਸਟ ਪਾਰਟੀ - ਨੂੰ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਨਾਲ ਲੈਸ ਕਰ ਦਿੰਦਾ ਹੈ। ਇਹ ਨਜ਼ਰੀਆ ਅਤੇ ਇਨਕਲਾਬੀ ਸਿਧਾਂਤ ਕਮਿਊਨਿਸਟ ਪਾਰਟੀ ਨੂੰ ਰਾਜ ਤੇ ਸਮਾਜ ਦੇ ਖਾਸੇ, ਸਮਾਜ ਦੀਆਂ ਬੁਨਿਆਦੀ ਵਿਰੋਧਤਾਈਆਂ ਤੇ ਉਹਨਾਂ ਦੀ ਆਪਸੀ ਸਥਾਨਬੰਦੀ, ਵੱਖ ਵੱਖ ਜਮਾਤਾਂ ਤੇ ਸ਼ਕਤੀਆਂ ਦੇ ਰੋਲ, ਇਨਕਲਾਬ ਦੀਆਂ ਹਮੈਤੀ ਤੇ ਵਿਰੋਧੀ ਸ਼ਕਤੀਆਂ ਦੀ ਕਤਾਰਬੰਦੀ, ਇਨਕਲਾਬ ਦੇ ਮੁੱਕ ਚੋਟ-ਨਿਸ਼ਾਨੇ, ਇਨਕਲਾਬ ਦੇ ਉਦੇਸ਼ ਅਤੇ ਇਨਕਲਾਬ ਦੇ ਰਾਹ ਆਦਿਕ ਜਿਹੇ ਅਨੇਕ ਮਸਲਿਆਂ ਦੀ ਸਹੀ ਨਿਸ਼ਾਨਦੇਹੀ ਕਰਨ ਦੇ ਸਮਰੱਥ ਬਣਾਉਂਦਾ ਹੈ। ਪ੍ਰੋਲੇਤਾਰੀ ਦੇ ਨੁਮਾਇੰਦੇ ਦੀ ਹੈਸੀਅਤ ’ਚ ਇਨਕਲਾਬੀ ਜਦੋਜਹਿਦ ਉੱਪਰ ਪਾਰਟੀ ਦੀ ਵਿਚਾਰਧਾਰਕ, ਸਿਆਸੀ ਤੇ ਅਮਲੀ ਅਗਵਾਈ ਇਸ ਦੇ ਪ੍ਰੋਲੇਤਾਰੀ ਲੀਡਰਸ਼ਿਪ ਹੇਠ ਤੇ ਉਸ ਵੱਲੋਂ ਤਹਿ ਕੀਤੀ ਇਨਕਲਾਬੀ ਦਿਸ਼ਾ-ਸੇਧ ’ਚ ਅੱਗੇ ਵਧਣ ਦੀ ਜ਼ਾਮਨ ਬਣਦੀ ਹੈ।
ਸਮਾਜਕ ਤਬਦੀਲੀ ਦੇ ਇੱਕ ਸਿਆਸੀ ਤੌਰ ’ਤੇ ਚੇਤੰਨ ਸੰਦ ਦੇ ਰੂਪ ’ਚ ਇੱਕ ਇਨਕਲਾਬੀ ਕਮਿਊਨਿਸਟ ਪਾਰਟੀ ਸਿਆਸੀ ਚੇਤਨਾ ਦਾ ਪਸਾਰਾ ਕਰਨ, ਜਨਤਾ ਦੇ ਅੱਡ ਅੱਡ ਵਰਗਾਂ ਦੇ ਘੋਲਾਂ ਨੂੰ ਅਗਵਾਈ ਦੇਣ, ਖੁੱਲ੍ਹੇ ਤੇ ਗੁਪਤ ਕੰਮ ਦਾ ਸੁਮੇਤ ਕਰਨ, ਕਾਨੂੰਨੀ ਤੇ ਗੈਰ-ਕਾਨੂੰਨੀ ਘੋਲ-ਰੂਪਾਂ ਦੀ ਵਰਤੋਂ ਕਰਨ, ਅੱਡ-ਅੱਡ ਜਮਾਤਾਂ ਦਾ ਸਾਂਝਾ ਮੋਰਚਾ ਉਭਾਰਨ ਤੇ ਹਥਿਆਰਬੰਦ ਘੋਲ ਵਿਕਸਤ ਕਰਨ ਤੇ ਚਲਾਉਣ ਜਿਹੇ ਅਣਗਿਣਤ ਤੇ ਬਹੁ-ਭਾਂਤੀ ਕਾਰਜਾਂ ਨੂੰ ਅੰਜਾਮ ਦਿੰਦੀ ਹੈ। ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨਾਲ ਲੈਸ ਹੋਣ ਕਰਕੇ ਤੇ ਮਜ਼ਦੂਰ ਜਮਾਤ ਦੇ ਇਨਕਲਾਬ ਲਈ ਪ੍ਰਤੀਬੱਧ ਵਿਕਸਤ ਤੇ ਚੇਤੰਨ ਹਿੱਸਿਆਂ ’ਤੇ ਅਧਾਰਤ ਹੋਣ ਕਰਕੇ ਕਮਿੳੂਨਿਸਟ ਪਾਰਟੀ ਆਪਣੇ ਆਪ ਨੂੰ ਇਨਕਲਾਬ ਦੀਆਂ ਵੰਨ-ਸੁਵੰਨੀਆਂ ਲੋੜਾਂ ਅਨੁਸਾਰ ਢਾਲਣ ਦੇ ਸਮਰੱਥ ਹੁੰਦੀ ਹੈ। ਮੁਕਦੀ ਗੱਲ, ਇਹ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਹੀ ਹੁੰਦੀ ਹੈ ਜੋ ਇਨਕਲਾਬ ਲਈ ਲੋੜੀਂਦੇ ਸਭ ਸਾਧਨਾਂ ਤੇ ਸ਼ਕਤੀਆਂ ਨੂੰ ਜੁਟਾਉਣ ’ਚ ਅਤੇ ਇਨਕਲਾਬ ਦੀ ਸੇਵਾ ’ਚ ਭੁਗਤਾਉਣ ’ਚ ਅਗਵਾਈ ਕਰਦੀ ਹੈ। ਇਸੇ ਵਜ੍ਹਾ ਕਰਕੇ, ਅਜਿਹੀ ਇਨਕਲਾਬੀ ਪਾਰਟੀ ਦੇ ਬਗੈਰ ਇਨਕਲਾਬ ਸੰਭਲ ਨਹੀਂ ਹੋ ਸਕਦਾ।
No comments:
Post a Comment