ਜਿੱਤਿਆ ਕਿਸਾਨੀ ਘੋਲ-ਸ਼ੀਰੀਂ
ਜਿੱਤਿਆ ਕਿਸਾਨੀ ਘੋਲ, ਫਿਜ਼ਾ ਵਿੱਚ ਨਵਾਂ ਹੀ ਹੁਲਾਰਾ ਆ ਗਿਆ
ਚਿਤ ਇਉਂ ਕੀਤੇ ਹਾਕਮਾਂ ਦੇ ਟੋਲੇ, ਲੋਕਾਂ ਨੂੰ ਨਜ਼ਾਰਾ ਆ ਗਿਆ
ਦੂਰ ਤੱਕ ਲੈ ਕੇ ਜਾਊ ਜਨਤਾ ਨੂੰ ਜੋਸ਼, ਜਿੱਤ ਦੀਆਂ ਸ਼ਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ, ਦੌਰ ਹੈ ਤੂਫਾਨਾਂ ਦਾ
ਵਰ੍ਹਿਆਂ ਤੋਂ ਛਾਈ ਸਾਡੇ ਘਰਾਂ ਖੇਤਾਂ ਵਿੱਚ, ਤਾਂ ਕੁਲਹਿਣੀ ਰੁੱਤ ਜੀ
ਜਿੰਦਗੀ ਨੂੰ ਨਰਕ ਬਣਾ ਕੇ ਧਰਿਆ, ਲੈਗੀ ਖੋਹ ਕੇ ਪੁੱਤ ਜੀ
ਉੱਤੋਂ ਨਵਿਆਂ ਕਾਨੂੰਨਾਂ ਨਾਲ ਤੇਜ਼ ਕਰਤੀ, ਹਾਕਮਾਂ ਨੇ ਲੁੱਟ ਜੀ
ਕਿੱਦੇਂ ਦਾ ਸੀਨਿਆਂ ਨੂੰ ਸੀਗਾ ਸਾੜਦਾ, ਰੋਹ ਪਿਆ ਫੁੱਟ ਜੀ
ਫੁੱਟੇ ਰੋਹ ਨੇ ਤਖਤ ਕੰਬਾ ਕੇ ਰੱਖਤਾ, ਡਾਢਿਆਂ ਸ਼ੈਤਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ, ਦੌਰ ਹੈ ਤੂਫਾਨਾਂ ਦਾ
ਕਹਿੰਦੇ ਸੀ ਮੋਦੀ ਤਾਂ ਕਦੇ ਨਾ ਮੁੜਦਾ, ਐਸਾ ਪੱਕਾ ਹਿੰਡ ਦਾ
ਵੱਡੇ ਸਾਮਰਾਜੀਆਂ ਦਾ ਹੱਥ ਇਹਦੇ ਸਿਰ, ਤਾਂ ਹੀ ਏਨਾ ਤਿੰਘਦਾ
ਵਰਲਡ ਟਰੇਡ ਸੈਂਟਰਾਂ ਦੇ ਮੂਹਰੇ, ਚੱਲਜੂ ਕੀ ਜ਼ੋਰ ਪਿੰਡ ਦਾ
ਪਰ ਠਿੱਬੀ ਜੁੱਤੀ ਵਾਲਿਆਂ ਲਵਾ ਕੇ ਰੱਖਤਾ, ਬੂਥ ਖੱਬੀਖਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ, ਦੌਰ ਹੈ ਤੂਫਾਨਾਂ ਦਾ
ਉੱਠਪੀ ਲੋਕਾਈ ਜਦੋਂ ਏਕਾ ਕਰ ਕੇ, ਫਿਰ ਠੱਲ੍ਹੀ ਨਾ ਗਈ
ਜਥੇਬੰਦ ਏਕੇ ਵਾਲੀ ਸੱਟ ਐਸੀ ਸੀ, ਜਿਹੜੀ ਝੱਲੀ ਨਾ ਗਈ
ਐਸਾ ਪਿੰਡਾਂ ਸ਼ਹਿਰਾਂ ’ਚ ਭੂਚਾਲ ਉੱਠਿਆ, ਤਰਥੱਲੀ ਨਾ ਗਈ
ਸੜਕਾਂ ਦੀ ਸੰਸਦ ’ਚ ਹੋਇਆ ਤੂੰਬਾ ਤੂੰਬਾ, ਕਾਲੇ ਫੁਰਮਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ,ਦੌਰ ਹੈ ਤੂਫਾਨਾਂ ਦਾ
ਹੋਰ ਦੇਣੇ ਸੀਗੇ ਵੱਡੇ ਗੱਫੇ, ਤੇ ਪਹਿਲੇ ਵੀ ਮੁਹਾਲ ਹੋ ਗਏ
ਖੇਤਾਂ ਲਈ ਨਿਉਂਦੇ ਦਿੰਦੇ ਦਿੰਦੇ, ਜੀ ਬੰਦ ਟੌਲ ਮਾਲ ਹੋ ਗਏ
ਲੋਕੀਂ ਪਿੰਡੀਂ ਸ਼ਹਿਰੀਂ ਵੜਨ ਨਾ ਦਿੰਦੇ, ਕਿ ਜੀਅ ਦਾ ਜੰਜਾਲ ਹੋ ਗਏ
ਲਾ ਲਾਕੇ ਤਾਂ ਸਾਹ ਗਿਆ ਸੁੱਕਦਾ, ਹਿਸਾਬ ਨਫ਼ੇ ਨੁਕਸਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ, ਦੌਰ ਹੈ ਤੂਫਾਨਾਂ ਦਾ
ਦੇਖ ਲਿਆ ਲੋਕਾਂ ਕਿਵੇਂ ਜਿੱਤ ਜਾਈਦਾ, ਇਉਂ ਏਕਾ ਕਰਕੇ
ਕਿਵੇਂ ਸਾਂਝੀਵਾਲਤਾ ਪਾੜ ਸੁੱਟਦੀ, ਵੰਡੀਆਂ ਦੇ ਵਰਕੇ
ਲੱਖਾਂ ਦਿਲ ਜਦੋਂ ਇਕ ਤਾਲ ਉੱਤੇ, ਦਿਨ ਰਾਤ ਹੋਣ ਧੜਕੇ
ਉਦੋਂ ਫੇਰ ਕਿਵੇਂ ਨਾ ਗੁੰਜਾਕੇ ਛੱਡਦੇ, ਸੀਨਾ ਆਸਮਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ, ਦੌਰ ਹੈ ਤੂਫਾਨਾਂ ਦਾ
ਮੁੱਦਤਾਂ ਤੋਂ ਪੌਣ ਸੀ ਸਰਾਪੀ, ਹੁਣ ਆਣ ਕੇ ਸੁਗੰਧਾਂ ਰਲੀਆਂ
ਇੱਕ ਜਿੱਤ ਕੋਲੋਂ ਲੋਅ ਲੈ ਕੇ, ਤੇ ਪੈੜਾਂ ਅੱਗੇ ਪੈ ਚੱਲੀਆਂ
ਖਿੱਚ ਜੀਹਨਾਂ ਰੂਹਾਂ ਖਾਧੀ ਕੇਰਾਂ, ਉਹੋ ਅੱਗੋਂ ਕੀਹਦੇ ਰੋਕੇ ਠੱਲੵੀਆਂ
ਸੀਨਿਆਂ ’ਚੋਂ ਸੇਕ ਹੁਣ ਕਿਵੇਂ ਜਾਊਗਾ, ਜਾਗੇ ਅਰਮਾਨਾਂ ਦਾ
ਮੁੱਢ ਦਿੱਤਾ ਬੰਨ੍ਹ ਜੀ ਕਿਸਾਨੀ ਘੋਲ ਨੇ, ਦੌਰ ਹੈ ਤੂਫਾਨਾਂ ਦਾ
No comments:
Post a Comment