ਮੌਜੂਦਾ ਲੁਟੇਰੇ ਪ੍ਰਬੰਧ ਦਾ ਇਨਕਲਾਬੀ ਬਦਲ
ਇਸ ਹਾਲਤ ’ਚ ਜਦੋਂ ਸੱਭੇ ਪਾਰਲੀਮਾਨੀ ਮੌਕਾਪ੍ਰਸਤ ਪਾਰਟੀਆਂ ਮੌਜੂਦਾ ਸਮਾਜਿਕ ਪ੍ਰਬੰਧ ਨੂੰ ਜਿਉ ਦਾ ਤਿਉ ਕਾਇਮ ਰੱਖਦਿਆਂ ਸਰਕਾਰਾਂ ਦੀ ਅਦਲਾ-ਬਦਲੀ ਲਈ ਇੱਕ ਜਾਂ ਦੂਜੀ ਪਾਰਟੀ ਜਾਂ ਗੱਠਜੋੜਾਂ ਨੂੰ ਵੋਟਾਂ ਪਾਉਣ ਲਈ ਕਹਿ ਰਹੀਆਂ ਹਨ,ਮੌਜੂਦਾ ਪ੍ਰਬੰਧ ’ਚ ਨਿਗੂਣੇ ਸੁਧਾਰ ਕਰਨ ਦੇ ਫੋਕੇ ਦਾਅਵਿਆਂ ਨੂੰ ਹੀ ਇਨਕਲਾਬੀ ਤਬਦੀਲੀ ਦਾ ਨਾਂ ਦੇ ਰਹੀਆਂ ਹਨ। ਲੋਕਾਂ ਦੇ ਭਖਦੇ ਅਤੇ ਬੁਨਿਆਦੀ ਮੁੱਦਿਆਂ ਦੀ ਪੁੱਛ ਪ੍ਰਤੀਤ ਰੋਲ ਰਹੀਆਂ ਹਨ ਅਤੇ ਲੋਕਾਂ ਦੀ ਸੁਰਤ ਨੂੰ ਮੌਜੂਦਾ ਪ੍ਰਬੰਧ ਦੇ ਇਨਕਲਾਬੀ ਬਦਲ ਦੇ ਸੁਆਲ ਤੋਂ ਲਾਂਭੇ ਰੱਖਣ ਲਈ ਤਾਣ ਲਾ ਰਹੀਆਂ ਹਨ, ਤਾਂ ਇਨ੍ਹਾਂ ਹਾਲਤਾਂ ’ਚ ਇਨਕਲਾਬੀ ਸ਼ਕਤੀਆਂ ਨੂੰ ਧੜੱਲੇ ਨਾਲ ਮੌਜੂਦਾ ਸਮਾਜਿਕ ਪ੍ਰਬੰਧ ਨੂੰ ਅਤੇ ਪਾਰਲੀਮਾਨੀ ਸੰਸਥਾਵਾਂ ਸਮੇਤ ਇਸ ਦੀਆਂ ਸਾਰੀਆਂ ਸਥਾਪਤ ਸੰਸਥਾਵਾਂ ਨੂੰ ਰੱਦ ਕਰਨ ਦਾ ਹੋਕਾ ਦੇਣਾ ਚਾਹੀਦਾ ਹੈ ਅਤੇ ਲੋਕਾਂ ਸਾਹਮਣੇ ਨਵੇਂ ਇਨਕਲਾਬੀ ਸਮਾਜਿਕ ਪ੍ਰਬੰਧ ਦਾ ਸਪਸ਼ਟ ਅਤੇ ਨਿੱਤਰਵਾਂ ਨਕਸ਼ਾ ਉਭਾਰਨਾ ਚਾਹੀਦਾ ਹੈ। ਲੋਕਾਂ ਸਾਹਮਣੇ ਮੌਜੂਦਾ ਪ੍ਰਬੰਧ ਉਲਟਾ ਕੇ ਸਿਰਜੇ ਜਾਣ ਵਾਲੇ ਨਵੇਂ ਇਨਕਲਾਬੀ ਲੋਕ ਰਾਜ ਵੱਲੋਂ ਚੁੱਕੇ ਜਾਣ ਵਾਲੇ ਉਨ੍ਹਾਂ ਨੀਤੀ ਕਦਮਾਂ ਦਾ ਪੂਰ ਪੇਸ਼ ਕਰਨ ਚਾਹੀਦਾ ਹੈ, ਜਿਨ੍ਹਾਂ ਰਾਹੀਂ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਹੋਣੀਆਂ ਹਨ ਅਤੇ ਮੁਕਤੀ, ਤਰੱਕੀ ਅਤੇ ਖੁਸ਼ਹਾਲੀ ਦਾ ਮਾਰਗ ਖੁੱਲ੍ਹਣਾ ਹੈ। ਇਸ ਤੋਂ ਇਲਾਵਾ ਇਨਕਲਾਬੀ ਸ਼ਕਤੀਆਂ ਨੂੰ ਵੋਟ ਪਾਰਟੀਆਂ ਦੇ ਪਾਰਲੀਮਾਨੀ ਰਾਹ ਦੇ ਮੁਕਾਬਲੇ ਇਨਕਲਾਬੀ ਲੋਕ ਮਾਰਗ ਉਭਾਰਨਾ ਚਾਹੀਦਾ ਹੈ ਅਤੇ ਹਾਕਮ ਜਮਾਤੀ ਪਾਰਟੀਆਂ ਦੇ ਮੌਕਾਪ੍ਰਸਤ ਗੱਠਜੋੜਾਂ ਦੇ ਮੁਕਾਬਲੇ ’ਤੇ ਲੋਕ ਤਾਕਤਾਂ ਦੀ ਸਹੀ ਕਤਾਰਬੰਦੀ ਅਤੇ ਲੋਕਾਂ ਦੇ ਹਕੀਕੀ ਪਲੇਟਫਾਰਮਾਂ ਦਾ ਨਕਸ਼ਾ ਪੇਸ਼ ਕਰਨਾ ਚਾਹੀਦਾ ਹੈ।
ਅਜਿਹੇ ਰਾਜਭਾਗ ਦੀ ਸਿਰਜਣਾ ਨਿਰੀ ਕਲਪਨ ’ਤੇ ਅਧਾਰਿਤ ਨਹੀਂ ਹੈ ਸਗੋਂ ਚੀਨ ਰੂਸ ਸਮੇਤ ਕਈ ਮੁਲਕਾਂ ’ਚ ਲੋਕਾਂ ਦੀ ਪੁੱਗਤ ਤੇ ਵੁੱਕਤ ਵਾਲੇ ਰਾਜ ਸਿਰਜੇ ਗਏ ਹਨ। ਇਹਨਾਂ ’ਚ ਕਿਰਤੀ ਲੋਕਾਂ ਦੀ ਖੁਸ਼ਹਾਲੀ ਤੇ ਹਕੀੀਕ ਵਿਕਾਸ ਸੰਭਵ ਹੋ ਸਕਿਆ ਸੀ। ਨਵੇਂ ਲੋਕ ਪੱਖੀ ਰਾਜ ਤੇ ਸਮਾਜ ਦਾ ਨਕਸ਼ਾ ਉਭਾਰਦੇ ਸਮੇਂ ਇਹਨਾਂ ਰਾਜਾਂ ਦੇ ਤਜ਼ਰਬੇ ਨੂੰ ਵੀ ਅਧਾਰ ਬਣਾਇਆ ਜਾਣਾ ਚਾਹੀਦਾ ਹੈ।
ਕਿਵੇਂ ਹੋਵੇਗੀ ਆਰਥਿਕ ਮੁਕਤੀ?
ਅੱਜ ਮੁਲਕ ਦਾ ਅਰਥਚਾਰਾ ਗਹਿਰੇ ਆਰਥਕ ਸੰਕਟ ਦੀ ਲਪੇਟ ’ਚ ਹੈ। ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਮੰਦਹਾਲੀ ਅਤੇ ਵਧ ਰਹੇ ਦੁੱਖਾਂ-ਮੁਸੀਬਤਾਂ ਦੀ ਸ਼ਕਲ ’ਚ ਇਸ ਸੰਕਟ ਦੀ ਮਾਰ ਲੋਕਾਂ ਦੇ ਵਿਸ਼ਾਲ ਹਿੱਸੇ ਝੱਲ ਰਹੇ ਹਨ। ਜਦੋਂ ਕਿ ਬਦੇਸ਼ੀ ਸਾਮਰਾਜੀਏ , ਕੌਮ ਧਰੋਹੀ ਵੱਡੇ ਸਰਮਾਏਦਾਰ, ਜਾਗੀਰਦਾਰ ਤੇ ਭੋਇਂ ਸਰਦਾਰ ਲੋਕਾਂ ਦੀ ਅੰਨ੍ਹੀ ਲੁੱਟ ਕਰਕੇ ਮਾਲਾਮਾਲ ਹੋ ਰਹੇ ਹਨ। ਚੋਣ-ਅਖਾੜੇ ’ਚ ਉੱਤਰੀਆਂ ਮੌਕਾਪ੍ਰਸਤ ਪਾਰਟੀਆਂ ਕੋਲ ਵਿਸ਼ਾਲ ਜਨਤਾ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਇਹ ਸੱਭੇ ਪਾਰਟੀਆਂ ਵੱਧ ਘੱਟ ਰੂਪ ’ਚ ਅਖੌਤੀ ਨਵੀਂ ਆਰਥਕ ਨੀਤੀ ਦੀ ਝੋਲੀ ਚੁੱਕ ਰਹੀਆਂ ਹਨ। ਇਹ ਨੀਤੀ ਬਦੇਸ਼ੀ ਸਾਮਰਾਜੀਆਂ ਦੀਆਂ ਹਦਾਇਤਾਂ ’ਤੇ ਲੋਕਾਂ ਦੀ ਰੱਤ ਨਿਚੋੜ ਤਿੱਖੀ ਕਰਨ ਅਤੇ ਵਿਹਲੜ ਹਰਾਮਖੋਰ ਜਮਾਤਾਂ ਦੀਆਂ ਗੋਗੜਾਂ ਹੋਰ ਵੱਡੀਆਂ ਕਰਨ ਲਈ ਲਾਗੂ ਕੀਤੀ ਜਾ ਰਹੀ ਹੈ। ਮੌਕਾਪ੍ਰਸਤ ਵੋਟ ਪਾਰਟੀਆਂ ਦੇ ਇਸ ‘ਨੀਤੀ ਸਬੰਧੀ ਵਖਰੇਵੇਂ’ ਦਿਖਾਵੇ ਦੇ ਹਨ ਅਤੇ ਸਹਿਮਤੀ ਅਸਲੀ ਹੈ। ਅਰਥਚਾਰੇ ਨੂੰ ਸੰਕਟ ਤੋਂ ਮੁਕਤ ਕਰਵਾ ਕੇ ਮੁਲਕ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪਾਉਣ ਦਾ ਇਨ੍ਹਾਂ ’ਚੋਂ ਕਿਸੇ ਕੋਲ ਵੀ ਨਾ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਇਰਾਦਾ।
ਲੋਕਾਂ ਦੀ ਆਰਥਕ ਮੁਕਤੀ ਅਤੇ ਖੁਸ਼ਹਾਲੀ ਲਈ ਲੋੜੀਂਦੇ ਬੁਨਿਆਦੀ ਇਨਕਲਾਬੀ ਨੀਤੀ-ਕਦਮਾਂ ਦਾ ਜ਼ਿਕਰ ਤੱਕ ਕਰਨ ਦੀ ਇਨ੍ਹਾਂ ਪਾਰਟੀਆਂ ਕੋਲੋਂ ਆਸ ਨਹੀਂ ਕੀਤੀ ਜਾ ਸਕਦੀ। ਲੋਕਾਂ ਦੀ ਆਰਥਕ ਮੁਕਤੀ ਲਈ ਲੋੜੀਂਦੇ ਬੁਨਿਆਦੀ ਆਰਥਕ ਨੀਤੀ ਕਦਮਾਂ ਨੂੰ ਲੋਕਾਂ ਦੀਆਂ ਬੁਨਿਆਦੀ ਮੰਗਾਂ ਵਜੋਂ ਉਭਾਰਨ ਦੀ ਜੁੰਮੇਵਾਰੀ ਇਨਕਲਾਬੀ ਸ਼ਕਤੀਆਂ ਦੇ ਮੋਢਿਆਂ ’ਤੇ ਹੈ।
ਇਨਕਲਾਬੀ ਲੋਕ ਸ਼ਕਤੀਆਂ ਨੂੰ ਮੁਲਕ ਦੇ ਅਰਥਚਾਰੇ ਤੋਂ ਬਦੇਸ਼ੀ ਸਾਮਰਾਜੀ ਸਰਮਾਏ, ਕੌਮ ਧਰੋਹੀ ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ-ਭੋਇੰ ਸਰਦਰਾਰਾਂ ਦੀ ਤੰਦੂਆਂ ਜਕੜ ਤੋੜਨ ਦਾ ਨਾਹਰਾ ਬੁਲੰਦ ਕਰਨਾ ਚਾਹੀਦਾ ਹੈ। ਇਨ੍ਹਾਂ ਸਭਨਾਂ ਜਮਾਤਾਂ ਦੇ ਸਰਮਾਏ ਅਤੇ ਜਾਇਦਾਦਾਂ ਦੀ ਬਿਨਾ ਮੁਆਵਜ਼ਾ ਜ਼ਬਤੀ ਦੀ ਮੰਗ ਕਰਨੀ ਚਾਹੀਦੀ ਹੈ। ਇਹ ਆਵਾਜ਼ ਉੱਚੀ ਕਰਨੀ ਚਾਹੀਦੀ ਹੈ। ਕਿ ਬਦੇਸ਼ੀ ਸਾਮਰਾਜੀਆਂ ਅਤੇ ਕੌਮ ਧਰੋਹੀ ਵੱਡੇ ਸਰਮਾਏਦਾਰਾਂ ਦੀ ਜਬਤ ਕੀਤੀ ਪੂੰਜੀ ਅਤੇ ਜਾਇਦਾਦ ਰਾਜਕੀ ਕੌਮੀ ਮਾਲਕੀ ਹੇਠ ਲਿਆਕੇ ਮੁਲਕ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਰਪੂਰ ਵਰਤੋਂ ’ਚ ਲਿਆਂਦੀ ਜਾਵੇ। ਸੱਭੇ ਸਾਮਰਾਜੀ ਕਰਜ਼ੇ ਮਨਸੂਖ ਕੀਤੇ ਜਾਣ ਅਤੇ ਅੱਗੋਂ ਲਈ ਬਦੇਸ਼ੀ ਸਰਮਾਏ ਰਾਹੀਂ ਸਾਡੀ ਧਰਤੀ ਦੇ ਮਾਲ ਖਜ਼ਾਨਿਆਂ ਨੂੰ ਚੂੰਡਣ ਦੀ ਮਨਾਹੀ ਕੀਤੀ ਜਾਵੇ। ਕੌਮੀ ਆਰਥਕਤਾ ਦੀ ਉਸਾਰੀ ਲਈ ਖਰੀ ਆਤਮ ਨਿਰਭਰਤਾ ਦੀ ਨੀਤੀ ਅਪਣਾਈ ਜਾਵੇ ਅਤੇ ਬਦੇਸ਼ੀ ਸਾਮਰਾਜੀ ਮੁਲਕਾਂ ਅਤੇ ਸੰਸਥਾਵਾਂ ਦੇ ਕਰਜ਼ਿਆਂ ਅਤੇ ਸਹਾਇਤਾ ’ਤੇ ਟੇਕ ਰੱਖਣ ਦੀ ਨੀਤੀ ਰੱਦ ਕੀਤੀ ਜਾਵੇ। ਬਰਾਬਰੀ ਦੀ ਪੁਜੀਸ਼ਨ ਤੋਂ ਸ਼ਰਤ ਰਹਿਤ ਅਤੇ ਬੰਧੇਜ਼ ਰਹਿਤ ਸਹਾਇਤਾ ਤੋਂ ਬਿਨਾ ਕੋਈ ਬਦੇਸ਼ੀ ਸਹਾਇਤਾ ਕਬੂਲ ਨਾ ਕੀਤੀ ਜਾਵੇ। ਕੌਮ ਧਰੋਹੀ ਗੈਟ ਸਮਝੌਤੇ ਨੂੰ ਰੱਦ ਕਰਦਿਆਂ ਸੰਸਾਰ ਵਪਾਰ ਜਥੇਬੰਦੀ ਨਾਲੋਂ ਨਾਤਾ ਤੋੜਿਆ ਜਾਵੇ।
ਬਦੇਸ਼ੀ ਸਾਮਰਾਜੀਆਂ ਅਤੇ ਉਨ੍ਹਾਂ ਦੇ ਹਿੱਤਾਂ ਨਾਲ ਬੱਝੇ ਵੱਡੇ ਸਰਮਾਏਦਾਰਾਂ ਦੇ ਹਿੱਤ ਪਾਲਣ ਦੀ ਨੀਤੀ ਨੂੰ ਰੱਦ ਕਰਕੇ ਸਰਕਾਰੀ ਟੈਕਸਾਂ ’ਚ ਛੋਟਾਂ, ਕਰਜ਼ਿਆਂ, ਸਸਤੇ ਕੱਚੇ ਮਾਲ ਤੇ ਮਸ਼ੀਨਰੀ ਪੱਖੋਂ ਕੌਮੀ ਸਨਅਤ ਦੇ ਸਰਬਪੱਖੀ ਵਿਕਾਸ ਨੂੰ ਹੱਲਾਸ਼ੇਰੀ ਦੇਣ ਦੀ ਨੀਤੀ ਅਪਣਾਈ ਜਾਵੇ। ਵਪਾਰਕ ਸੱਟੇਬਾਜੀ ਰਾਹੀਂ ਅਤੇ ਨਕਲੀ ਕਿੱਲਤ ਪੈਦਾ ਕਰਨ ਵਾਲੇ ਢੰਗਾਂ ਰਾਹੀਂ ਪੈਦਾਵਾਰ ਦੀ ਕੀਮਤ ’ਤੇ ਮੁਨਾਫੇ ਕਮਾਉਣ ਦੀ ਸਖਤ ਮਨਾਹੀ ਕੀਤੀ ਜਾਵੇ।
ਤਕਨੀਕ, ਮਸ਼ੀਨਰੀ ਅਤੇ ਖੋਜ ਦੇ ਖੇਤਰ ’ਚ ਕੌਮੀ ਆਤਮ ਨਿਰਭਰਤਾ ਲਈ ਕੌਮੀ ਵਿਸ਼ੇਸ਼ਤਾਈਆਂ ਨੂੰ ਅਧਾਰ ਬਣਾਉਣ, ਖੋਜ ਕਾਰਜਾਂ ਲਈ ਭਾਰੀ ਮਾਤਰਾ ’ਚ ਪੂੰਜੀ ਜੁਟਾਉਣ, ਮਿਹਨਤਕਸ਼ ਜਨਤਾ ਨੂੰ ਖੋਜ ਸਰਗਰਮੀ ’ਚ ਅਸਰਦਾਰ ਢੰਗ ਨਾਲ ਸ਼ਰੀਕ ਕਰਨ ਅਤੇ ਘਣੀ ਮਿਹਨਤ ਵਾਲੀਆਂ ਕੌਮੀ ਵਿਕਾਸ ਯੋਜਨਾਵਾਂ ’ਤੇ ਟੇਕ ਰੱਖਣ ਦੀ ਨੀਤੀ ਅਪਣਾਈ ਜਾਵੇ।
ਕੌਮੀ ਉਸਾਰੀ ਅਤੇ ਮਿਹਨਤਕਸ਼ ਜਨਤਾ ਦੀ ਆਪਾ ਉਸਾਰੀ ਦਾ ਸੰਜੋਗ ਕਰਨ ਲਈ ਮਿਹਨਤ ਦੇ ਵਧਦੇ ਫਲ ’ਚੋਂ ਲੋਕਾਂ ਦੇ ਵਧਦੇ ਹਿੱਸੇ ਦੀ ਜ਼ਾਮਨੀ ਕੀਤੀ ਜਾਵੇ ਅਤੇ ਪੈਦਾਵਾਰੀ ਅਮਲ ਦੀ ਵਿਉਤਬੰਦੀ, ਅਮਲਦਾਰੀ ਅਤੇ ਨਿਗਰਾਨੀ ’ਚ ਜਨਤਾ ਦੀ ਸਰਗਰਮ ਸ਼ਮੂਲੀਅਤ ਅਤੇ ਪੁੱਗਤ ਯਕੀਨੀ ਬਣਾਈ ਜਾਵੇ।
ਜ਼ਰਈ ਰਿਸ਼ਤਿਆਂ ਦੀ ਇਨਕਲਾਬੀ ਲੀਹਾਂ ’ਤੇ ਮੁੜ ਉਸਾਰੀ ਲਈ ਜ਼ਮੀਨ ਉੱਤੋਂ ਵੱਡੇ ਜਿਮੀਂਦਾਰਾਂ ਦੀ ਜਕੜ ਨੂੰ ਤੋੜ ਕੇ ਮੁੱਠੀ ਭਰ ਹੱਥਾਂ ’ਚ ਕੇਂਦਰਤ ਜ਼ਮੀਨ ਬਿਨਾਂ ਮੁਆਵਜੇ ਖੋਹ ਕੇ ਖੇਤ ਮਜ਼ੂਦਰਾਂ, ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ’ਚ ਵੰਡੀ ਜਾਵੇ। ਇਸੇ ਤਰ੍ਹਾਂ ਖੇਤੀ ਦੇ ਸੰਦਾਂ, ਸਾਧਨਾਂ ਤੇ ਹੋਰ ਵਸੀਲਿਆਂ-ਜਾਇਦਾਦਾਂ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਵੰਡ ਕੀਤੀ ਜਾਵੇ। ਸੁੂਦਖੋਰਾਂ ਦੀ ਪੂੰਜੀ ਜਬਤ ਕੀਤੀ ਜਾਵੇ। ਕਿਸਾਨਾਂ ਲਈ ਖੇਤੀ-ਬਾੜੀ ਅਤੇ ਸਹਾਇਕ ਧੰਦਿਆਂ ਖਾਤਰ ਸਸਤੇ ਕਰਜ਼ਿਆਂ ਤੇ ਖੇਤੀ ਦੇ ਸੰਦ ਸਾਧਨਾਂ ਦੀ ਸਪਲਾਈ ਦੀ ਯਕੀਨੀ ਪ੍ਰਬੰਧ ਕੀਤਾ ਜਾਵੇ।
ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਅਤੇ ਸਾਧਨ-ਸਹੂਲਤਾਂ ਤੋਂ ਸਾਮਰਾਜੀਆਂ ਅਤੇ ਕੌਮ ਧਰੋਹੀ ਵੱਡੇ ਸਰਮਾਏਦਾਰਾਂ ਦੀ ਜਕੜ ਤੋੜ ਕੇ ਅਤੇ ਖੇਤੀਬਾੜੀ ਵਿਰੋਧੀ ਵਪਾਰਕ ਸ਼ਰਤਾਂ ਨੂੰ ਬਦਲ ਕੇ ਖੇਤੀਬਾੜੀ ਅਤੇ ਸਨਅਤ ਦਰਮਿਆਨ ਇੱਕ ਦੂਜੀ ਨੂੰ ਉਗਾਸਾ ਦੇਣ ਵਾਲਾ ਰਿਸ਼ਤਾ ਕਾਇਮ ਕੀਤਾ ਜਾਵੇ।
ਕਿਹੋ ਜਿਹਾ ਹੋਵੇਗਾ ਇਨਕਲਾਬੀ-ਜਮਹੂਰੀ ਰਾਜ
ਮੁਲਕ ਦੇ ਅਰਥਚਾਰੇ ਤੋਂ ਲੁਟੇਰੀਆਂ ਜਮਾਤਾਂ ਦੇ ਗਲਬੇ ਦੀ ਜਕੜ ਤੋੜਨ ਅਤੇ ਇਨਕਲਾਬੀ ਆਰਥਕ ਪ੍ਰੋਗਰਾਮ ਲਾਗੂ ਕਰਨ ਦਾ ਕਾਰਜ ਮੌਜੂਦਾ ਰਾਜ ਦੇ ਢਾਂਚੇ ਰਾਹੀਂ ਨਹੀਂ ਹੋ ਸਕਦਾ। ਇਸ ਲਈ ਇਨਕਲਾਬੀ ਸ਼ਕਤੀਆਂ ਨੂੰ ਮੌਜੂਦਾ ਰਾਜ ਦੇ ਢਾਂਚੇ ਨੂੰ ਵਗਾਹ ਮਾਰਨ ਅਤੇ ਨਵੇਂ ਰਾਜ ਦੇ ਢਾਂਚੇ ਦੀ ਉਸਾਰੀ ਕਰਨ ਦਾ ਹੋਕਾ ਦੇਣਾ ਚਾਹੀਦਾ ਹੈ ਅਤੇ ਨਵ- ਜਮਹੂਰੀ ਇਨਕਲਾਬੀ ਲੋਕ ਰਾਜ ਦੇ ਨੈਣ-ਨਕਸ਼ ਉਭਾਰਨੇ ਚਾਹੀਦੇ ਹਨ। ਇਨਕਲਾਬੀ ਸ਼ਕਤੀਆਂ ਨੂੰ ਜ਼ੋਰ ਨਾਲ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਵੇਂ ਇਨਕਲਾਬੀ ਲੋਕ ਰਾਜ ਦੀ ਉਸਾਰੀ ਦਾ ਅਰਥ ਹੈ ਕਿ:_
ਲੋਕ ਸਰਬ-ਉੱਚ ਤਾਕਤ ਦੇ ਮਾਲਕ ਹੋਣ। ਲੋਕਾਂ ਦੀ ਇਸ ਸਰਬ-ਉੱਚ ਤਾਕਤ ਦਾ ਪਦਾਰਥਕ ਅਧਾਰ ਪੈਦਾਵਾਰੀ ਸਾਧਨਾਂ ਤੇ ਲੋਕਾਂ ਦਾ ਕੰਟਰੋਲ ਅਤੇ ਲੋਕਾਂ ਦੀ ਆਪਣੀ ਜਥੇਬੰਦ ਪੁਗਾਊ ਤਾਕਤ ਦੀ ਮੌਜੂਦਗੀ ਬਣਦੀ ਹੈ।
ਹਰ ਪੱਧਰ ’ਤੇ ਤਾਕਤ ਲੋਕਾਂ ਦੀ ਜਮਹੂਰੀ ਰਾਜ ਸੱਤਾ ਦੇ ਅਦਾਰਿਆਂ ਯਾਨੀ ਲੋਕ ਕਾਂਗਰਸਾਂ ਦੇ ਹੱਥ ਹੋਵੇ। ਇਹ ਕਾਂਗਰਸਾਂ ਹੀ ਕਾਨੂੰਨ ਸਾਜ਼, ਕਾਰਜਕਾਰਣੀ ਅਤੇ ਅਦਾਲਤੀ ਸ਼ਕਤੀਆਂ ਨਾਲ ਲੈਸ ਹੋਣ। ਇਨ੍ਹਾਂ ਦੀ ਚੋਣ ਸਰਬ-ਵਿਆਪਕ ਬਾਲਗ ਮੱਤ ਅਧਿਕਾਰ ਦੇ ਅਧਾਰ ’ਤੇ ਹੋਵੇ_ ਪਰ ਸਾਮਰਾਜੀਆਂ, ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ-ਭੋਇੰ ਸਰਦਾਰਾਂ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾਵੇ। ਲੋਕ-ਕਾਂਗਰਸਾਂ ਲਈ ਆਪਣੇ ਨੁਮਾਇੰਦੇ ਨਿਯੁਕਤ ਕਰਨ-ਚੁਨਣ ਅਤੇ ਵਾਪਸ ਬੁਲਾਉਣ ਦਾ ਅਧਿਕਾਰ ਹੋਵੇ।
ਲੋਕਾਂ ਦੇ ਜਮਹੂਰੀ ਰਾਜ ਰਾਹੀਂ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਯਾਨੀ ਜਿਉਣ ਦੇ ਹੱਕ ਅਤੇ ਆਣ ਸ਼ਾਨ ਨਾਲ ਮਨੁੱਖੀ ਜ਼ਿੰਦਗੀ ਬਸਰ ਕਰਨ ਦੇ ਹੱਕ, ਗਿਆਨ (ਵਿਦਿਆ ਤੇ ਜਾਣਕਾਰੀ) ਹਾਸਲ ਕਰਨ ਦੇ ਹੱਕ, ਰੁਜ਼ਗਾਰ ਦੇ ਹੱਕ ਅਤੇ ਸਮੂਹਕ ਭਲੇ ਅਤੇ ਸਮਾਜਿਕ ਤਰੱਕੀ ਲਈ ਘੋਲ ਕਰਨ ਦੇ ਹੱਕ ਅਤੇ ਇਨ੍ਹਾਂ ਨਾਲ ਜੁੜਵੇਂ ਜਮਹੂਰੀ ਹੱਕਾਂ ਦੀ ਗਰੰਟੀ ਕੀਤੀ ਜਾਵੇ।
ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਨ ਵਾਲੀ ਫੌਜ ਅਤੇ ਪੁਲਸ ਦੀ ਥਾਂ ਲੋਕਾਂ ਦੀ ਸੇਵਾ ਅਤੇ ਰਾਖੀ ਨੂੰ ਪ੍ਰਣਾਈ ਪੁਲਸ ਫੌਜ ਦੀ ਨਵੇਂ ਸਿਰਿਉਂ ਭਰਤੀ ਕੀਤੀ ਜਾਵੇ। ਲੋਕਾਂ ਨੂੰ ਸਵੈ-ਰਾਖੀ ਲਈ ਹਥਿਆਰ ਰੱਖਣ ਦੀ ਖੁੱਲ੍ਹ ਹੋਵੇ ਅਤੇ ਹਥਿਆਰਬੰਦ ਲੋਕ ਵਾਲੰਟੀਅਰ ਦਲ ਕਾਇਮ ਕੀਤੇ ਜਾਣ। ਹਥਿਆਰਾਂ ਤੇ ਸਾਜੋਸਮਾਨ ਦੇ ਮਾਮਲੇ ਵਿਚ ਸਵੈ-ਨਿਰਭਰਤਾ ਦੀ ਨੀਤੀ ਅਪਣਾਈ ਜਾਵੇ।
ਧਰਮ ਨੂੰ ਮੰਨਣ ਜਾਂ ਮੰਨਣ ਦੇ ਅਧਿਕਾਰ ਨੂੰ ਸ਼ਹਿਰੀਆਂ ਦੇ ਨਿੱਜੀ ਅਧਿਕਾਰ ਵਜੋਂ ਮਾਨਤਾ ਦਿੱਤੀ ਜਾਵੇ। ਧਾਰਮਿਕ ਘੱਟ ਗਿਣਤੀਆਂ ਦੀ ਵਿਤਕਰੇ ਅਤੇ ਦਾਬੇ ਤੋਂ ਰਾਖੀ ਕੀਤੀ ਜਾਵੇ। ਰਾਜ, ਵਿਦਿਅਕ ਢਾਂਚੇ ਅਤੇ ਸਮਾਜਿਕ ਕਾਰਜਾਂ ਵਿਚ ਧਰਮ ਦੀ ਦਖਲਅੰਦਾਜੀ ਬੰਦ ਕੀਤੀ ਜਾਵੇ।
ਭਾਰਤੀ ਯੂਨੀਅਨ ਨੂੰ ਕੌਮੀ ਰਾਜਾਂ ਅਤੇ ਸਵੈ-ਸ਼ਾਸ਼ਿਤ ਇਲਾਕਿਆਂ ਦੀ ਸਵੈ-ਇੱਛਤ ਯੂਨੀਅਨ ਦਾ ਰੂਪ ਦਿੱਤਾ ਜਾਵੇ। ਕੌਮਾਂ ਲਈ ਸਵੈ-ਨਿਰਣੇ ਦਾ ਗਰੰਟੀ ਸ਼ੁਦਾ ਹੱਕ ਹੋਵੇ। ਸਭੇ ਭਾਰਤੀ ਭਾਸ਼ਾਵਾਂ ਨੂੰ ਕੌਮੀ ਭਾਸ਼ਾਵਾਂ ਵਜੋਂ ਮਾਨਤਾ ਦੇ ਕੇ ਬਰਾਬਰ ਦੇ ਸਲੂਕ ਦਾ ਹੱਕ ਦਿੱਤਾ ਜਾਵੇ। ਹਰ ਭਾਸ਼ਾਈ ਭਾਈਚਾਰੇ ਨੂੰ ਸਬੰਧਤ ਸਰਕਾਰੀ ਅਧਿਕਾਰੀਆਂ ਨਾਲ ਆਪਣੀ ਬੋਲੀ ਵਿਚ ਕਾਰ-ਵਿਹਾਰ ਦਾ ਹੱਕ ਹੋਵੇ। ਕਬਾਇਲੀ ਜਾਂ ਆਦਿਵਾਸੀ ਭਾਈਚਾਰਿਆਂ ਦੀਆਂ ਸਭਿਆਚਾਰਕ ਪਛਾਣਾਂ, ਰਵਾਇਤੀ ਹੱਕਾਂ ਅਤੇ ਸਥਾਨਕ ਸਵੈ-ਸਾਸ਼ਨ ਦੀਆਂ ਪਿਰਤਾਂ ਦੀ ਰਾਖੀ ਕੀਤੀ ਜਾਵੇ ਅਤੇ ਜਮਹੂਰੀ ਆਧਾਰ ’ਤੇ ਇਹਨਾਂ ਦਾ ਵਿਕਾਸ ਕਰਨ ਵਿਚ ਸਹਾਇਤਾ ਕੀਤੀ ਜਾਵੇ।
ਸਾਮਰਾਜੀ ਤਾਕਤਾਂ ਨਾਲ ਅਤੇ ਪਛੜੇ ਕਮਜ਼ੋਰ ਗਵਾਂਢੀ ਮੁਲਕਾਂ ਨਾਲ ਅਣਸਾਵੀਆਂ ਸੰਧੀਆਂ ਰੱਦ ਕੀਤੀਆਂ ਜਾਣ। ਸਾਮਰਾਜੀ ਦਾਬੇ, ਲੁੱਟ, ਹਮਲੇ, ਦਖਲਅੰਦਾਜੀ ਅਤੇ ਜੰਗ ਖਿਲਾਫ ਘੋਲ ਦੀ ਨੀਤੀ ਅਪਣਾਈ ਜਾਵੇ।
ਇਨਕਲਾਬੀ ਸਮਾਜਿਕ-ਸੱਭਿਆਚਾਰਕ
ਕਾਇਆਪਲਟੀ ਦੇ ਬੁਨਿਆਦੀ ਕਦਮ
ਰਾਜ ਅਤੇ ਅਰਥਚਾਰੇ ਦੇ ਜਮਹੂਰੀਕਰਣ ਦਾ ਹੋਕਾ ਦਿੰਦਿਆਂ ਇਨਕਲਾਬੀ ਸ਼ਕਤੀਆਂ ਨੂੰ ਇਸ ਦੇ ਆਧਾਰ ’ਤੇ ਕੀਤੀ ਜਾਣ ਵਾਲੀ ਇਨਕਲਾਬੀ ਸਮਾਜਕ ਸੱਭਿਆਚਾਰਕ ਕਾਇਆਪਲਟੀ ਲਈ ਲੋੜੀਂਦੇ ਨੀਤੀ-ਕਦਮਾਂ ਦਾ ਪੂਰ ਪੇਸ਼ ਕਰਨਾ ਚਾਹੀਦਾ ਹੈ। ਹੇਠ ਲਿਖੇ ਨੀਤੀ ਕਦਮ ਇਨਕਲਾਬੀ ਸਮਾਜਿਕ ਕਾਇਆਪਲਟੀ ਦੇ ਇਸ ਹੰਭਲੇ ਦੇ ਲਾਜਮੀ ਅੰਗ ਵਜੋਂ ਉਭਾਰੇ ਜਾਣੇ ਚਾਹੀਦੇ ਹਨ।
ਜਾਤਪਾਤੀ ਵਿਤਕਰੇ ਅਤੇ ਦਾਬੇ ਵਾਲੇ ਜਾਤਪਾਤੀ ਪ੍ਰਬੰਧ, ਔਰਤਾਂ ’ਤੇ ਪਰਿਵਾਰਕ ਅਤੇ ਸਮਾਜਿਕ ਦਾਬੇ, ਜਾਗੀਰੂ ਪਿਤਾ ਪ੍ਰਧਾਨ ਪਰਿਵਾਰ ਪ੍ਰਬੰਧ ਅਤੇ ਧਾਰਮਿਕ ਦਾਬੇ ਅਤੇ ਵਿਤਕਰੇ ਖਿਲਾਫ ਪ੍ਰਬੰਧਕੀ ਤੇ ਵਿਚਾਰਧਾਰਕ ਜਹਾਦ ਛੇੜਨਾ।
ਕਿਸੇ ਵੀ ਭਾਈਚਾਰੇ ਨੂੰ ਜਨਮ, ਜਾਤ, ਕਮੀਨ ਧੰਦੇ ਨਾਲ ਬੰਨ੍ਹਦੀਆਂ ਰੀਤਾਂ ਦਾ ਸਫਾਇਆ, ਪਬਲਿਕ ਥਾਵਾਂ, ਸਹੂਲਤਾਂ ਅਤੇ ਚਿੰਨ੍ਹਾਂ ਦੇ ਵਿਸ਼ੇਸ਼ ਭਾਈਚਾਰਿਆਂ ਲਈ ਰਾਖਵੇਂਕਰਨ ਦਾ ਖਾਤਮਾ, ਸਮਾਜਿਕ ਕੱਜਾਂ ਦੇ ਮੁਕੰਮਲ ਖਾਤਮੇ ਤੱਕ ਇਨ੍ਹਾਂ ਨੂੰ ਬੇਅਸਰ ਕਰਨ ਲਈ ਵਿਸ਼ੇਸ਼ ਹਾਂ ਪੱਖੀ ਕਦਮ।
ਜਾਇਦਾਦ ਤੇ ਵਿਰਾਸਤ ਦੇ ਹੱਕ, ਵਿਆਹ ਕਰਾਉਣ ਅਤੇ ਆਪਣੇ ਜਿਸਮ ’ਤੇ ਕੰਟਰੋਲ ਦੇ ਹੱਕ, ਇਨਸਾਨ ਵਜੋਂ ਅਤੇ ਮਾਪੇ ਵਜੋਂ ਖੁਦ ਮੁਖਤਿਆਰ ਪਛਾਣ ਨੂੰ ਸਰਕਾਰੀ ਮਾਨਤਾ ਦੇ ਹੱਕ ਸਮਾਜਕ ਜ਼ਿੰਦਗੀ ਜਿਉਣ ਅਤੇ ਘੋਲ ਕਰਨ ਦੇ ਹੱਕ, ਕੰਮ ਦੇ ਮੌਕਿਆਂ ਅਤੇ ਭੁਗਤਾਨ ਦੇ ਹੱਕ ਦੇ ਮਾਮਲਿਆਂ ’ਚ ਲਿੰਗ ਵਿਤਕਰੇ ਦੇ ਕਾਨੂੰਨੀ ਅਧਾਰ ਦਾ ਮੁਕੰਮਲ ਖਾਤਮਾ, ਔਰਤਾਂ ਨਾਲ ਜੁਰਮਾਂ ਦੇ ਮਾਮਲਿਆਂ ਨੂੰ ਨਜਿੱਠਣ ਲਈ ਔਰਤ ਜੱਜਾਂ ਅਤੇ ਸਰਕਾਰੀ ਵਕੀਲਾਂ ਵਾਲੀਆਂ ਵਿਸ਼ੇਸ਼ ਅਦਾਲਤਾਂ ਅਤੇ ਸਮਾਜਿਕ ਬਰਾਬਰੀ ਦਾ ਟੀਚਾ ਹਾਸਲ ਹੋਣ ਤੱਕ ਵਿਦਿਆ, ਰੁਜਗਾਰ ਅਤੇ ਤੱਰਕੀ ਦੇ ਮਾਮਲੇ ’ਚ ਔਰਤਾਂ ਦੇ ਪੱਖ ’ਚ ਰਾਜ ਵੱਲੋਂ ਵਿਸ਼ੇਸ਼ ਕਦਮਾਂ ਦੀ ਜਾਮਨੀ।
ਲੋਕਾਂ ਦੀ ਸਮਾਜਕ ਸੱਭਿਆਚਾਰਕ ਜ਼ਿੰਦਗੀ ਦੇ ਧਰਮ ਨਿਰਲੇਪਕਰਣ ਨੂੰ ਉਤਸ਼ਾਹਤ ਕਰਨ ਲਈ ਰਾਜ ਵੱਲੋਂ ਵਿਚਾਰਧਾਰਕ ਅਤੇ ਪਦਾਰਥਕ ਸਮੱਗਰੀ ਮੁਹੱਈਆ ਕਰਨਾ ਅਤੇ ਇਉ ਧਾਰਮਕ ਤੁਅਸਬਾਂ, ਵਿਤਕਰਿਆਂ ਅਤੇ ਫਿਰਕੂ ਜਨੂੰਨ ਦੇ ਖਾਤਮੇ ਦਾ ਅਧਾਰ ਤਿਆਰ ਕਰਨਾ।
ਸਮਾਜਿਕ ਬੁਰਾਈਆਂ ਅਤੇ ਮੌਜੂਦਾ ਢਾਂਚੇ ਦੇ ਗੈਰ ਜਮਹੂਰੀ ਅਸਰਾਂ ਨੂੰ ਹੂੰਝ ਸੁੱਟਣ ਲਈ ਜਨਤਕ ਸੱਭਿਆਚਾਰਕ ਇਨਕਲਾਬੀ ਲਹਿਰ ਨੂੰ ਉਤਸ਼ਾਹਤ ਕਰਨਾ। ਸੱਭਿਆਚਾਰ ਅਤੇ ਵਿਦਿਆ ਦੇ ਬਸਤੀਵਾਦੀ ਅਤੇ ਜਗੀਰੂ ਪੱਖਾਂ ਨੂੰ ਨਿਸ਼ਾਨਾ ਬਣਾਉਦਿਆਂ ਵਿਗਿਆਨਕ, ਕੌਮੀ, ਜਮਹੂਰੀ ਅਤੇ ਜਨਤਕ ਸੱਭਿਆਚਾਰ ਵਿਕਸਤ ਕਰਨਾ।
ਲੋਕਾਂ ਦੀ ਮੁਕਤੀ ਦੇ ਪ੍ਰੋਗਰਾਮ ਦੇ ਇਹ ਅਹਿਮ ਬੁਨਿਆਦੀ ਨੁਕਤੇ ਉਨ੍ਹਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਨਾਲੋਂ ਨਿਖੇੜੇ ਦੀ ਲੀਕ ਖਿੱਚਣ ਦਾ ਅਧਾਰ ਬਣਦੇ ਹਨ ਜਿਹੜੀਆਂ ਮੌਜੂਦਾ ਪ੍ਰਬੰਧ ਦੇ ਅੰਦਰ ਅੰਦਰ ਸਰਕਾਰਾਂ ਜਾਂ ਵਿਅਕਤੀਆਂ ਦੀ ਅਦਲਾ-ਬਦਲੀ ਰਾਹੀਂ ਨਿਗੂਣੇ ਚੋਣ-ਵਾਅਦਿਆਂ ਰਾਹੀਂ ਲੋਕਾਂ ਦੀ ਜੂਨ ਸਵਾਰਨ ਦਾ ਦੰਭੀ ਦਾਅਵਾ ਕਰਦੀਆਂ ਹਨ।
No comments:
Post a Comment