Friday, April 1, 2022

32. ਇੱਕ ਤਸਵੀਰ ਨੂੰ ਦੇਖਦਿਆਂ ..... -ਪਾਵੇਲ ਕੁੱਸਾ

ਦਹਾਕਾ ਪੁਰਾਣੀ ਇਸ ਤਸਵੀਰ ਨੂੰ ਇਨਾਂ ਦਿਨਾਂ ’ਚ ਗਹੁ ਨਾਲ ਵਾਚਣ ਦੀ ਜ਼ਰੂਰਤ ਹੈ। ਇਨਾਂ ਦਿਨਾਂ ’ਚ ਇਸ ਕਰਕੇ ਕਿਉਂਕਿ ਅੱਜਕੱਲ ਪੰਜਾਬ ਦੇ ਅਤੀਤ, ਵਰਤਮਾਨ ਤੇ ਭਵਿੱਖ ਤਿੰਨਾਂ ਦੀ ਚਰਚਾ ਹੋ ਰਹੀ ਹੈ। ਭਵਿੱਖ ਨੂੰ ਬਦਲ ਦੇਣ ਦੀਆਂ ਦਾਅਵੇਦਾਰੀਆਂ ਹਨ, ਇਨਾਂ ਦਾਅਵੇਦਾਰੀਆਂ ’ਚੋਂ ਕਈ ਉਮੀਦਾਂ ਜਾਗ ਵੀ ਰਹੀਆਂ ਹਨ ਤੇ ਟੁੱਟ ਵੀ ਰਹੀਆਂ ਹਨ। ਪੰਜਾਬ ਦਾ ਭਵਿੱਖ ਕੀ ਹੈ? ਇਹ ਸਵਾਲ ਆਏ ਦਿਨ ਬਹੁਤ ਬੁਰੀ ਤਰਾਂ ਹਵਾ ’ਚ ਲਟਕਦਾ ਹੈ। ਇਸ ਲਟਕਦੇ ਸਵਾਲ ਦਾ ਜਵਾਬ ਇਸ ਤਸਵੀਰ ਦੇ ਹਵਾਲੇ ਨਾਲ ਲੱਭਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਜੇ ਦਹਾਕਾ ਪੁਰਾਣੇ ਅਤੀਤ ਦੀ ਇਹ ਤਸਵੀਰ ਸਾਡੇ ਵਰਤਮਾਨ ’ਤੇ ਗੂੜਾ ਪ੍ਰਛਾਵਾਂ ਹੋ ਕੇ ਉੱਘੜੀ ਹੈ ਤਾਂ ਲਾਜ਼ਮੀ ਹੀ ਇਹਦੇ ’ਚੋਂ ਭਵਿੱਖ ਦੀਆਂ ਸੈਨਤਾਂ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਹ ਤਸਵੀਰ ਅਕਤੂਬਰ 2011 ’ਚ ਮਾਨਸਾ ਜ਼ਿਲੇ ਦੇ ਗੋਬਿੰਦਪੁਰਾ ਪਿੰਡ ਦੇ ਖੇਤਾਂ ਦੀ ਹੈ। ਇਹ ਉਹ ਖੇਤ ਹਨ ਜਿਨਾਂ ਨੂੰ ਇੱਕ ਕਾਰਪੋਰੇਟ ਕੰਪਨੀ ਇੰਡੀਆ ਬੁਲਜ਼ ਵੱਲੋਂ ਬਿਜਲੀ ਪੈਦਾਵਾਰ ਵਾਲੇ ਥਰਮਲ ਪਲਾਂਟ ਲਾਏ ਜਾਣ ਲਈ ਐਕਵਾਇਰ ਕੀਤਾ ਜਾ ਰਿਹਾ ਸੀ। ਪਿੰਡ ਦੇ ਲੋਕ ਇਸ ਜਬਰੀ ਜ਼ਮੀਨ ਐਕਵਾਇਰ ਦੇ ਫੁਰਮਾਨਾਂ ਖ਼ਿਲਾਫ਼ ਡਟ ਗਏ ਸਨ। ਪੰਜਾਬ ਦੀ ਜਥੇਬੰਦ ਕਿਸਾਨ ਲਹਿਰ ਨੇ ਇਸ ਉਜਾੜੇ ਖ਼ਿਲਾਫ਼ ਮੋਰਚਾ ਮੱਲ ਲਿਆ ਸੀ ਤੇ ਕਈ ਮਹੀਨੇ ਦੇ ਸਿਦਕੀ ਸੰਘਰਸ਼ ਨਾਲ ਖੇਤਾਂ ਦੀ ਰਾਖੀ ਕੀਤੀ ਗਈ ਸੀ। ਇਹ ਤਸਵੀਰ ਉਸ ਸੰਘਰਸ਼ ਦੀ ਗਾਥਾ ਬਿਆਨਦੀ ਹੈ ਜਦੋਂ ਪੁਲਸੀ ਧਾੜਾਂ ਨੇ ਘੋੜਿਆਂ ਦੀਆਂ ਟਾਪਾਂ ਪਿੰਡ ਦੀਆਂ ਔਰਤਾਂ ਦੀਆਂ ਛਾਤੀਆਂ ’ਤੇ ਮਰਵਾਈਆਂ ਸਨ ਪਰ ਔਰਤਾਂ ਦੇ ਸਿਦਕ ਨੂੰ ਹਰਾਇਆ ਨਹੀਂ ਜਾ ਸਕਿਆ ਸੀ। ਤਸਵੀਰ ’ਚੋਂ ਉਭਰਦਾ ਕੇਂਦਰੀ ਪ੍ਰਭਾਵ ਜਾਬਰ ਸੱਤਾ ਤੋਂ ਨਾਬਰੀ ਦਾ ਹੈ। ਲੋਕ ਸਾਂਝ ਦੇ ਜੋਰ ’ਤੇ ਉੱਭਰੀ ਨਾਬਰੀ ਦਾ ਹੈ। ਜਾਬਰ ਰਾਜ ਸੱਤਾ ਜੀਹਦੇ ਕੋਲ ਆਪਣੀ ਮਨਵਾਉਣ ਲਈ ਡਾਂਗ ਦਾ ਜ਼ੋਰ ਹੈ ਤੇ ਜਿਹੜੀ ਸਦਾ ਤੋਂ ਇਹ ਜ਼ੋਰ ਵਰਤਦੀ ਆਈ ਹੈ। ਇਸ ਸੱਤਾ ਨੂੰ ‘‘ਵਿਕਾਸ’’ ਲਈ ਇਸ ਡਾਂਗ ਦੀ ਜ਼ਰੂਰਤ ਪੈਂਦੀ ਹੈ। ਇਸ ਉੱਚੀ ਉੱਠੀ ਹੋਈ ਡਾਂਗ ਤੋਂ ਬਿਨਾਂ ਇਹ ਲੋਕਾਂ ਨੂੰ ਵਿਕਾਸ ਦੀ ਜ਼ਰੂਰਤ ਸਮਝਾ ਨਹੀਂ ਪਾਉਂਦੀ। ਪੁਲੀਸ ਦੀਆਂ ਧਾੜਾਂ ਪਿੰਡ ਦੇ ਲੋਕਾਂ ਨੂੰ ਇਹ ‘‘ਸਮਝਾਉਣ’’ ਲਈ ਆਈਆਂ ਹੋਈਆਂ ਹਨ ਕਿ ਇੰਡੀਆ ਬੁਲਜ਼ ਕੰਪਨੀ ਨੂੰ ਜ਼ਮੀਨ ਦੇਣ ਨਾਲ ਪਿੰਡ ਤੇ ਇਲਾਕੇ ਦਾ ਵਿਕਾਸ ਕਿਵੇਂ ਹੋਵੇਗਾ ! ਤਸਵੀਰ ਪੰਜਾਬ ’ਚ ਹੋਏ ‘‘ਵਿਕਾਸ’’ ਦੇ ਸੁਭਾਅ ਤੇ ਇਸ ਦੀ ਕੀਮਤ ਦਾ ਭੇਤ ਵੀ ਦਿੰਦੀ ਹੈ। ਪਰ ਪਿੰਡ ਦੀ ਲੋਕਾਈ ਨਾਬਰ ਹੈ, ਇਹ ਤਸਵੀਰ ਉਸ ਨਾਬਰੀ ਦਾ ਸਭ ਤੋਂ ਜ਼ਾਹਰਾ ਇਜ਼ਹਾਰ ਕਰਦੀ ਹੈ। ਇਹ ਅਜਿਹੀ ਨਾਬਰੀ ਹੈ ਜੀਹਦੇ ਪਿੱਛੇ ਪੰਜਾਬ ਦੇ ਕਿਰਤੀਆਂ ਦੀ ਸਦੀਆਂ ਦੀ ਰਵਾਇਤ ਹੈ। ਵਿਦੇਸ਼ੋਂ ਆਏ ਹਮਲਾਵਰਾਂ ਸਾਹਮਣੇ ਡਟ ਜਾਣ ਦੀ ਰਵਾਇਤ। ਇਹ ਹਮਲਾਵਰ ਕੋਈ ਵੀ ਭੇਸ ਧਾਰ ਕੇ ਆਉਣ, ਇਨਾਂ ਨੂੰ ਟੱਕਰ ਮਿਲਦੀ ਰਹੀ ਹੈ। ਪੰਜਾਬੀ ਇਸ ਰਵਾਇਤ ’ਤੇ ਫਖ਼ਰ ਕਰਦੇ ਹਨ, ਇਹਨੂੰ ਮਾਣਦੇ ਹਨ, ਇਹਨੂੰ ਹੰਢਾਉਂਦੇ ਹਨ। ਇਹ ਹਮਲਾਵਰ ਚਾਹੇ ਜਗੀਰਦਾਰੀ ਦੇ ਯੁੱਗ ਦੇ ਸਨ ਤੇ ਚਾਹੇ ਬਹੁਕੌਮੀ ਕੰਪਨੀਆਂ ਦਾ ਰੂਪ ਧਾਰ ਕੇ ਆਉਂਦੀਆਂ ਸਾਮਰਾਜੀ ਸ਼ਕਤੀਆਂ ਹਨ। ਇਹ ਤਸਵੀਰ ਇਸ ਰਵਾਇਤ ਦੀ ਬੁਲੰਦੀ ਕਾਇਮ ਰਹਿਣ ਦੀ ਗਵਾਹੀ ਹੈ। ਦਹਾਕਾ ਪਹਿਲਾਂ ਜਦੋਂ ਪੰਜਾਬ ਨੂੰ ਬੇ-ਆਸ ਧਰਤੀ ਕਰਾਰ ਦਿੱਤਾ ਜਾ ਰਿਹਾ ਸੀ ਜਦੋਂ ਪੰਜਾਬੀ ਚਿੰਤਕਾਂ ’ਚ ਪੰਜਾਬੀਆਂ ਦੇ ਸੰਘਰਸ਼ ਨਾ ਕਰ ਸਕਣ ਤੇ ਨਿਰਾਸ਼ਾ ਦੇ ਆਲਮ ਦੇ ਹੋਰ ਡੂੰਘਾ ਪਸਰ ਜਾਣ ਦੇ ਫਿਕਰਾਂ ਦੀ ਗੱਲ ਹੋ ਰਹੀ ਸੀ ਤਾਂ ਓਦੋਂ ਪੰਜਾਬ ਦੀ ਧਰਤੀ ’ਤੇ ਇਸ ਨਾਬਰੀ ਦੀ ਰਵਾਇਤ ਨੂੰ ਜਿਉਂਦੇ ਰੱਖਿਆ ਜਾ ਰਿਹਾ ਸੀ। ਉਹ ਰਵਾਇਤ ਜਿਹੜੀ ਹੁਣ ਕਿਸਾਨ ਸੰਘਰਸ਼ ਦੌਰਾਨ ਮੁੜ ਜੋਬਨ ’ਤੇ ਆ ਕੇ ਧੜਕੀ ਹੈ, ਇਹ ਤਸਵੀਰ ਉਸ ਨੂੰ ਔਖੇ ਸਮਿਆਂ ’ਚ ਜਿਉਂਦੇ ਰੱਖਣ ਵਾਲੇ ਸਿਦਕਵਾਨਾਂ ਦੀ ਯਾਦ ਦਿਵਾਉਂਦੀ ਹੈ। ਜਦੋਂ ਜਵਾਨੀ ਚਿੱਟੇ ਦੇ ਨਸ਼ਿਆਏ ਝੂਟੇ ਲੈ ਰਹੀ ਸੀ, ਤੇ ਕਿਸਾਨੀ ਗਲਾਂ ’ਚ ਫਾਹੇ ਪਾ ਰਹੀ ਸੀ ਤਾਂ ਇਕ ਰੁਝਾਨ ਇਹ ਵੀ ਸੀ। ਇਹ ਯਾਦ ਦਿਵਾਉਂਦੀ ਹੈ ਕਿ ਕਿਸਾਨ ਸੰਘਰਸ਼ ਅੰਦਰ ਮਕਬੂਲ ਹੋ ਕੇ ਘਰਾਂ ਦੇ ਬਨੇਰਿਆਂ ’ਤੇ ਫੈਲ ਗਏ ਇਨਾਂ ਝੰਡਿਆਂ ਨੂੰ ਪਹਿਲਾਂ ਕਿੰਨਾਂ ਹਾਲਾਤਾਂ ਵਿੱਚ ਝੂਲਦੇ ਰੱਖਿਆ ਗਿਆ ਸੀ। ਇਹ ਤਸਵੀਰ ਸੰਘਰਸ਼ ਦੇ ਰੁਝਾਨ ਦੀ ਪ੍ਰਤੀਨਿਧ ਤਸਵੀਰ ਹੋ ਨਿੱਬੜਦੀ ਹੈ। ਮੁਲਕ ਦੀ ਕਿਸਾਨੀ ਨੂੰ ਝੰਜੋੜ ਕੇ ਜਗਾ ਦੇਣ ਵਾਲੇ ਇਤਿਹਾਸਕ ਕਿਸਾਨ ਸੰਘਰਸ਼ ਦੀ ਪਿੱਠ ਭੂਮੀ ’ਚ ਵੀ ਇਸ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ ਤੇ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਇਹ ਪੰਜਾਬ ਦੇ ਵਰਤਮਾਨ ’ਤੇ ਗੂੜਾ ਪ੍ਰਛਾਵਾਂ ਬਣ ਕੇ ਉੱਕਰੀ ਗਈ ਹੈ, ਕਿ ਕਿਵੇਂ ਇਸ ਤਸਵੀਰ ’ਚੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੀਆਂ ਸਿਦਕਵਾਨ ਵੀਰਾਂਗਣਾਂ ਦੀਆਂ ਹਜ਼ਾਰਾਂ ਤਸਵੀਰਾਂ ਨੇ ਜਨਮ ਲਿਆ ਹੈ, ਇਹ ਤਸਵੀਰਾਂ ਜਿਹੜੀਆਂ ਪੂਰੀ ਦੁਨੀਆਂ ’ਚ ਜਾਬਰਾਂ ਦੀ ਸੱਤਾ ਤੋਂ ਕਿਰਤੀ ਲੋਕਾਂ ਦੀ ਨਾਬਰੀ ਦਾ ਪ੍ਰਤੀਕ ਹੋ ਕੇ ਉੱਭਰੀਆਂ ਹਨ। ਇਹ ਤਸਵੀਰ ਸਾਲ ਭਰ ਲਈ ਦਿੱਲੀ ਦੇ ਬਾਰਡਰਾਂ ’ਤੇ ਫ਼ੈਲ ਗਈ ਜਾਪਦੀ ਹੈ। ਕੇਂਦਰ ਸਰਕਾਰ ਖ਼ਿਲਾਫ਼ ਜੂਝਦੀ ਪੰਜਾਬ ਦੀ ਮਿਹਨਤਕਸ਼ ਲੋਕਾਈ ਇਸ ਤਸਵੀਰ ਤੋਂ ਉਤਸ਼ਾਹ ਤੇ ਪ੍ਰੇਰਨਾ ਲੈਂਦੀ ਰਹੀ ਹੈ। ਇਹ ਤਸਵੀਰ ਵਾਰ ਵਾਰ ਸੋਸ਼ਲ ਮੀਡੀਆ ’ਤੇ ਘੁੰਮਦੀ ਰਹੀ ਹੈ। ਇਹ ਤਸਵੀਰ ਇਸ ਸਵਾਲ ਦਾ ਜਵਾਬ ਵੀ ਦਿੰਦੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ ਇਤਿਹਾਸਕ ਕਿਸਾਨ ਸੰਘਰਸ਼ ਅੰਦਰ ਪੰਜਾਬ ਕਿਉਂ ਮੋਹਰੀ ਹੋ ਨਿਬੜਿਆ ਸੀ। ਇਹ ਨਾ ਸਿਰਫ਼ ਗੋਬਿੰਦਪੁਰੇ ਦਾ ਸੰਘਰਸ਼ ਸੀ, ਸਗੋਂ ਉਸ ਤੋਂ ਵੀ ਪਹਿਲਾਂ ਟਰਾਈਡੈਂਟ ਕੰਪਨੀ ਲਈ ਬਰਨਾਲੇ ਜਿਲੇ ਦੇ ਤਿੰਨ ਪਿੰਡਾਂ ’ਚ ਐਕਵਾਇਰ ਕੀਤੀ ਗਈ ਜ਼ਮੀਨ ਖ਼ਿਲਾਫ ਸੰਘਰਸ਼ ਵੀ ਸੀ , ਜਿਸ ਨੇ ਪੰਜਾਬੀ ਕਿਸਾਨਾਂ ਨੂੰ ਖੇਤੀ ਜ਼ਮੀਨਾਂ ’ਤੇ ਕਾਰਪੋਰੇਟ ਧਾਵੇ ਬਾਰੇ ਸੁਚੇਤ ਕਰ ਦਿੱਤਾ ਸੀ ਤੇ ਇਸ ਧਾਵੇ ਖ਼ਿਲਾਫ਼ ਜੂਝਣ ਦਾ ਮੁੱਢਲਾ ਅਭਿਆਸ ਵੀ ਕਰਵਾ ਦਿੱਤਾ ਸੀ। ਕਿਸਾਨੀ ਦਾ ਮੱਥਾ ਰਾਜ ਭਾਗ ਦੀਆਂ ਜਾਬਰ ਸ਼ਕਤੀਆਂ ਨਾਲ ਲੱਗ ਚੁੱਕਾ ਸੀ ਤੇ ਉਹ ਅਜਿਹੀ ਜੱਦੋਜਹਿਦ ਦੀ ਤਿਆਰੀ ਦੇ ਅਰਸੇ ’ਚੋਂ ਗੁਜ਼ਰ ਚੁੱਕੀ ਸੀ। ਸਭ ਤੋਂ ਵਧ ਕੇ ਉਸ ਨੇ ਇਨਾਂ ਕਈ ਸਥਾਨਕ ਜੱਦੋਜਹਿਦਾਂ ਰਾਹੀਂ ਆਪਣੇ ਆਪ ਨੂੰ ਅਜਿਹੀ ਤਾਕਤ ਵਜੋਂ ਜਥੇਬੰਦ ਕਰ ਲਿਆ ਹੋਇਆ ਸੀ ਜਿਹੜੀ ਵੱਡੇ ਧਨਾਢਾਂ ਦੇ ਹੱਲੇ ਮੂਹਰੇ ਢਾਲ ਬਣ ਸਕਦੀ ਸੀ ਤੇ ਜੂਝਣ ਦਾ ਹੌਸਲਾ ਜੁਟਾ ਸਕਦੀ ਸੀ। ਖੇਤੀ ਕਾਨੂੰਨਾਂ ਦੇ ਕਾਰਪੋਰੇਟ ਧਾਵੇ ਮੂਹਰੇ ਇਹ ਢਾਲ ਕਈ ਗੁਣਾ ਹੋ ਕੇ ਫੈਲ ਗਈ ਤੇ ਹਕੂਮਤੀ ਫੁਰਮਾਨਾਂ ਸਾਹਮਣੇ ਅੜ ਗਈ। ਇਨਾਂ ਬੀਤੇ ’ਚ ਹੋਈਆਂ ਜੱਦੋਜਹਿਦਾਂ ਦੌਰਾਨ ਵਿਕਸਤ ਕੀਤੀਆਂ ਸੰਘਰਸ਼ ਨੀਤੀਆਂ ਭਰ ਜੋਬਨ ’ਤੇ ਆਈਆਂ ਤੇ ਹੋਰਨਾਂ ਸੂਬਿਆਂ ਦੀ ਕਿਸਾਨੀ ਲਈ ਵੀ ਰਾਹ ਦਰਸਾਵਾ ਬਣ ਗਈਆਂ। ਇਨਾਂ ਜੱਦੋਜਹਿਦਾਂ ਦੀ ਕਮਾਈ ਅਰਥ-ਭਰਪੂਰ ਹੋ ਨਿੱਬੜੀ ਤੇ ਪੰਜਾਬ ਦੀ ਕਿਸਾਨੀ ਮੁਲਕ ਦੀ ਕਿਸਾਨੀ ਦਾ ਮੋਹਰੀ ਦਸਤਾ ਹੋ ਕੇ ਨਿਭ ਸਕੀ। ਤਸਵੀਰ ਵਿੱਚ ਜਾਹਰ ਹੋ ਰਹੀ ਨਾਬਰੀ ਦੀ ਸਿਖਰ ਇੱਕ ਕਿਸਾਨ ਔਰਤ ਦੇ ਹੱਥ ’ਚ ਸੰਘਰਸ਼ ਦੇ ਝੰਡੇ ਦਾ ਉੱਚਾ ਹੋਣਾ ਹੈ। ਇਹ ਝੰਡਾ ਜਿੰਨਾਂ ਸਾਹਮਣੇ ਉੱਚਾ ਹੋ ਰਿਹਾ ਹੈ , ਉਹ ਘੋੜਿਆਂ ’ਤੇ ਚੜੇ ਮਰਦ ਹਨ, ਉਹ ਰਾਜ ਸੱਤਾ ਦੇ ਨੁਮਾਇੰਦੇ ਹਨ। ਪਰ ਮਰਦਾਵੀਂ ਸੱਤਾ ਸਾਹਮਣੇ ਤਣੀ ਖੜੀ ਔਰਤ ਨਿਤਾਣੀ ਨਹੀਂ ਹੈ, ਵਿਚਾਰੀ ਨਹੀਂ ਹੈ। ਉਹ ਮਰਦਾਂ ਦੀ ਜਮਾਤੀ ਸੱਤਾ ਦੇ ਦੂਹਰੇ ਦਾਬੇ ਨੂੰ ਚੁਣੌਤੀ ਦੇ ਰਹੀ ਹੈ ਤੇ ਜਮਾਤੀ ਘੋਲ ਦੇ ਅਖਾੜੇ ’ਚ ਦੇ ਰਹੀ ਹੈ। ਸਾਥੀ ਕਿਰਤੀ ਮਰਦਾਂ ਨਾਲ ਰਲ ਕੇ ਦੇ ਰਹੀ ਹੈ ਤੇ ਔਰਤ ਬਰਾਬਰੀ ਲਈ ਨਵੇਂ ਰਾਹ ਖੋਲ ਰਹੀ ਹੈ। ਇਹ ਉਨਾਂ ਔਰਤਾਂ ਦੀ ਨੁਮਾਇੰਦਾ ਹੈ ਜਿਨਾਂ ਨੇ ਖੇਤੀ ਸੰਕਟ ਨੂੰ ਆਪਣੇ ਵੱਡੇ ਜਿਗਰਿਆਂ ਨਾਲ ਝੱਲਿਆ ਹੈ, ਜਿਨਾਂ ਨੇ ਇਸ ਸੰਕਟ ਵੱਲੋਂ ਨਿਗਲ ਲਏ ਗਏ ਪੁੱਤਾਂ/ਪਤੀਆਂ ਦੀਆਂ ਲਾਸ਼ਾਂ ਨੂੰ ਹੱਥੀਂ ਤੋਰ ਕੇ ਜਿੰਦਗੀ ਦੀ ਗੱਡੀ ਨੂੰ ਰਿੜਦੇ ਰੱਖਿਆ ਹੈ। ਜਿਨਾਂ ਦੇ ਇਸ ਸਿਦਕ ਨੂੰ ਇਕ ਦਸਤਾਵੇਜ਼ੀ ਫ਼ਿਲਮਕਾਰ ਨੇ ਹਵਾ ਸਾਹਵੇਂ ਜਗਦੀਆਂ ਮੋਮਬੱਤੀਆਂ ਦੀ ਤਸ਼ਬੀਹ ਦਿੱਤੀ ਸੀ। ਝੱਖੜਾਂ ਸਾਹਮਣੇ ਜਗਣ ਦੀ, ਲਟ ਲਟ ਬਲਣ ਦੀ ਇਹ ਤਾਕਤ ਇਨਾਂ ਧਰਤ ਜਾਈਆਂ ਨੇ ਕਿਰਤਾਂ ਦੇ ਸਮੁੱਚੇ ਅਮਲ ’ਚੋਂ ਹਾਸਲ ਕੀਤੀ ਹੈ। ਇਹ ਤਾਕਤ ਚੇਤਨਾ ’ਚ ਵਟ ਕੇ ਅਜਿਹਾ ਇਰਾਦਾ ਹੋ ਨਿੱਬੜਦੀ ਹੈ ਜਿਸ ਦਾ ਪ੍ਰਭਾਵ ਇਸ ਤਸਵੀਰ ’ਚੋਂ ਵੀ ਉੱਭਰਦਾ ਹੈ ਤੇ ਜਿਹੜਾ ਪ੍ਰਭਾਵ ਸੰਸਾਰ ਹੁਣੇ ਹੀ ਹੰਢਾਉਣ ਦੇ ਅਮਲ ’ਚੋਂ ਲੰਘਿਆ ਹੈ। ਇਹ ਔਰਤ ਹੱਕਾਂ ਦੀ ਲਹਿਰ ਲਈ ਰਾਹ ਦਰਸਾਵਾ ਵੀ ਹੈ। ਇਹ ਤਸਵੀਰ ਰਾਜ ਸੱਤਾ ਤੇ ਲੋਕਾਂ ਦੇ ਰਿਸ਼ਤੇ ਦੀ ਸਨਦ ਵੀ ਬਣਦੀ ਹੈ। ਇਹ ਸਨਦ ਹੁਣ ਜ਼ਰੂਰ ਨਜ਼ਰਾਂ ਸਾਹਵੇਂ ਕਰ ਲੈਣੀ ਚਾਹੀਦੀ ਹੈ। ਅੱਜ ਜਿਸ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਉਸ ਵਿਕਾਸ ਦਾ ਤਜਰਬਾ ਲੋਕਾਂ ਨੇ ਕਿਵੇਂ ਹੰਢਾਇਆ ਹੈ, ਇਸ ਤਸਵੀਰ ਦੇ ਹਵਾਲੇ ਨਾਲ ਬੀਤੇ ਦੋ ਦਹਾਕਿਆਂ ਦਾ ਪੰਜਾਬ ਦਾ ਅਤੀਤ ਫਰੋਲ ਲੈਣਾ ਚਾਹੀਦਾ ਹੈ। ਪੰਜਾਬ ’ਚ ਉਗਾ ਦਿੱਤੇ ਗਏ ਕਾਰਪੋਰੇਟਾਂ ਦੇ ਥਰਮਲਾਂ ਦੀਆਂ ‘‘ਬਰਕਤਾਂ’’ ਨਾਲ ਇਸ ਤਸਵੀਰ ਦੀਆਂ ਤੰਦਾਂ ਜੋੜਨੀਆਂ ਚਾਹੀਦੀਆਂ ਹਨ। ਇਹ ਉਜਾੜਾ ਸਿਰਫ ਖੇਤਾਂ ਦਾ ਹੀ ਨਹੀਂ ਸਰਕਾਰੀ ਥਰਮਲਾਂ ਦਾ ਵੀ ਸੀ। ਕਿਰਤੀ ਪੰਜਾਬੀਆਂ ਅੰਦਰ ਨਾਬਰੀ ਦਾ ਇਹ ਜਜ਼ਬਾ ਹੀ ਪੰਜਾਬ ਦੀ ਆਸ ਹੈ। ਕਿਸਾਨ ਸੰਘਰਸ਼ ਦੌਰਾਨ ਇਹ ਨਾਬਰੀ ਹੀ ਕਿਸਾਨੀ ਦੀ ਤਾਕਤ ਬਣ ਕੇ ਉੱਭਰੀ ਹੈ। ਹੁਣ ਜਦੋਂ ਸਿਆਸੀ ਬਦਲਾਅ ਦੀਆਂ ਗੱਲਾਂ ਹੋ ਰਹੀਆਂ ਹਨ ਤਾਂ ਇਹ ਅਹਿਸਾਸ ਬਹੁਤ ਤਿੱਖੇ ਰੂਪ ਵਿੱਚ ਉੱਭਰਦਾ ਹੈ ਕਿ ਅੱਜ ਜਦੋਂ ਲੋਕਾਂ ਦੀ ਆਪਣੀ ਸਿਆਸੀ ਸ਼ਕਤੀ ਉੱਭਰੀ ਹੋਈ ਨਹੀਂ ਹੈ ਤੇ ਲੋਕਾਂ ਸਾਹਮਣੇ ਸਾਰਥਿਕ ਸਿਆਸੀ ਤਬਦੀਲੀ ਦਾ ਕੋਈ ਸਪੱਸ਼ਟ ਨਕਸ਼ਾ ਤੇ ਰਸਤਾ ਸਥਾਪਤ ਨਹੀਂ ਹੈ ਤਾਂ ਫਿਰ ਆਸ ਕਿੱਥੋਂ ਰੱਖੀ ਜਾਵੇ ! ਇਹ ਆਸ ਪੰਜਾਬੀ ਕਿਰਤੀ ਲੋਕਾਂ ਦੇ ਇਸੇ ਨਾਬਰੀ ਦੇ ਜਜ਼ਬੇ ’ਚ ਹੈ। ਇਸ ਦਾ ਕਾਇਮ ਰਹਿਣਾ ਤੇ ਅਗਲੀ ਬੁਲੰਦੀ ’ਤੇ ਜਾਣਾ ਬਹੁਤ ਜਰੂਰੀ ਹੈ। ਇਸ ਜਜ਼ਬੇ ਦਾ ਹਕੀਕੀ ਬੁਨਿਆਦੀ ਬਦਲਾਅ ਦੀ ਚੇਤਨਾ ’ਚ ਬਦਲਣਾ ਇਸ ਦਾ ਅਗਲਾ ਪੰਧ ਹੈ ਜਿਹੜਾ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਨੇ ਰਲ ਕੇ ਤੈਅ ਕਰਨਾ ਹੈ। ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟਾਂ ਨੇ ਜਿਵੇਂ ਆਉਂਦੇ ਸਮੇਂ ’ਚ ਲੋਕਾਂ ’ਤੇ ਮੜੇ ਜਾਣਾ ਹੈ, ਉਵੇਂ ਹੀ ਇਸ ਜਜ਼ਬੇ ਦੀ ਤੇ ਇਸ ਜਜ਼ਬੇ ਦੇ ਸਿਆਸੀ ਚੇਤਨਾ ਨਾਲ ਗੁੰਦੇ ਜਾਣ ਦੀ ਲੋੜ ਹੋਰ ਤਿੱਖੀ ਹੋਣੀ ਹੈ। (ਪੰਜਾਬੀ ਟਿ੍ਬਿਊਨ ਦੇ ਆਨ ਲਾਇਨ ਐਡੀਸ਼ਨ ’ਚ ਛਪਿਆ)

No comments:

Post a Comment