ਮੋਦੀ ਦੀ ਸਿਆਸੀ ਲੋਟਣੀ ਵਾਲਾ ਦਿਨ-ਪੰਜਾਬ ਸੜਕਾਂ ’ਤੇ
ਮੀਂਹ ਮੋਦੀ ਲਈ ਸੀ, ਲੋਕਾਂ ਲਈ ਨਹੀਂ
ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਲੱਗੀ ਸਿਆਸੀ ਲੋਟਣੀ ਦੀ ਚਰਚਾ ਨੇ ਭਾਜਪਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਚਰਚਾ ’ਚ ਬਦਲਣ ਲਈ ਟਿੱਲ ਲਾ ਦਿੱਤਾ ਹੈ। ਇਹ ਲੋਟਣੀ ਇਸ ਲਈ ਲੱਗੀ ਕਿਉਕਿ ਭਾਜਪਾ ਪੰਜਾਬ ਅੰਦਰਲੇ ਮੋਦੀ ਵਿਰੋਧੀ ਮਹੌਲ ਨੂੰ ਬੁੱਝਣ ਪੱਖੋਂ ਨਾਕਾਮ ਹੀ ਰਹੀ ਹੈ। ਜਾਂ ਕਹਿ ਲਓ ਖੇਤੀ ਕਾਨੂੰਨ ਰੱਦ ਕਰਨ ਮਗਰੋਂ ਸਵੈ-ਭਰਮ ਦਾ ਸ਼ਿਕਾਰ ਹੋ ਗਈ ਕਿ ਜਿਵੇਂ ਕਿਤੇ ਹੁਣ ਤਾਂ ਪੰਜਾਬੀ ਲੋਕ ਭਾਜਪਾ ਹਕੂਮਤ ਤੇ ਮੋਦੀ ਦੇ ਅਹਿਸਾਨਮੰਦ ਹੋ ਗਏ ਹੋਣਗੇ। ਚਾਰ ਕੁ ਦਿਨ ਦੂਜੀਆਂ ਪਾਰਟੀਆਂ ਦੇ ਗੁੱਠੇ ਲੱਗੇ ਮੌਕਾਪ੍ਰਸਤ ਲੀਡਰਾਂ ਨੂੰ ਲਾਲਚਾਂ ਤੇ ਡਰਾਵਿਆਂ ਨਾਲ ਪਾਰਟੀ ’ਚ ਸ਼ਾਮਲ ਕਰਵਾ ਕੇ ਭਾਜਪਾ ਨੂੰ ਜਾਪਿਆ ਕਿ ਹੁਣ ਤਾਂ ਭਾਜਪਾ ਦੀ ਹਵਾ ਬਣਦੀ ਜਾ ਰਹੀ ਹੈ ਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾਣ ਵਾਲੇ ਪੈਕੇਜਾਂ ਦੇ ਐਲਾਨਾਂ ਨਾਲ ਤਾਂ ਸਾਡੀ ਹਨੇਰੀ ਹੀ ਚੱਲ ਪਵੇਗੀ। ਇਸ ਸਵੈ-ਭਰਮ ’ਚ ਆ ਕੇ ਫਿਰੋਜ਼ਪੁਰ ਰੈਲੀ ਦੇ ਲੱਖਾਂ ਦੇ ਇਕੱਠ ਦੇ ਦਾਅਵੇ ਕੀਤੇ ਗਏ। ਪਰ ਸੱਤਾ ਦੇ ਨਸ਼ੇ ’ਚ ਜ਼ਮੀਨੀ ਹਕੀਕਤ ਦੇਖਣੀ ਹੁੰਦੀ ਮੁਸ਼ਕਿਲ ਹੀ ਹੈ।
ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਆਪਣੇ ਸ਼ਾਨਾਮੱਤੇ ਸੰਘਰਸ਼ ਦੀ ਪ੍ਰਾਪਤੀ ਹੀ ਸਮਝਿਆ ਹੈ। ਇਸ ਡੇਢ ਸਾਲ ਦੇ ਅਰਸੇ ਦੌਰਾਨ ਜੋ ਕੁੱਝ ਲੋਕਾਂ ਨੇ ਹੰਢਾਇਆ ਤੇ ਝੱਲਿਆ ਹੈ ਉਹ ਹੱਕਾਂ ਦੀ ਸੋਝੀ ’ਚ ਵਟ ਕੇ ਚੇਤਿਆਂ ’ਚੋਂ ਮਿਟਣ ਵਾਲਾ ਨਹੀਂ ਹੈ। ਲੋਕਾਂ ਦੇ ਚੇਤਿਆਂ ’ਚ ਸੈਂਕੜੇ ਸ਼ਹੀਦਾਂ ਦੇ ਨਾਂ ਪਤੇ ਅਜੇ ਵੀ ਸੱਜਰੇ ਹਨ। ਜੋ ਜੋ ਕੁੱਝ ਭਾਜਪਾਈ ਹਕੂਮਤ ਦੀ ਜ਼ਹਿਰੀ ਪ੍ਰਚਾਰ ਮਸ਼ੀਨਰੀ ਨੇ ਕਿਸਾਨਾਂ ਬਾਰੇ ਪ੍ਰਚਾਰਿਆ, ਉਹ ਵੀ ਅਜੇ ਸੱਜਰਾ ਹੀ ਹੈ। ਲੋਕਾਂ ਨੇ ਹਕੂਮਤ ਦੇ ਫੌਰੀ ਕਦਮ ਹੀ ਨਹੀਂ, ਮਨਸ਼ੇ ਵੀ ਪਛਾਣੇ ਹੋਏ ਹਨ। ਲੋਕਾਂ ਨੇ ਸਿਰਫ ਖੇਤੀ ਕਾਨੂੰਨਾਂ ਦੇ ਸੰਘਰਸ਼ ਦਾ ਤਜਰਬਾ ਹੀ ਨਹੀਂ ਹੰਢਾਇਆ ਸਗੋਂ ਉਸ ਤੋਂ ਪਹਿਲਾਂ ਕਰੋਨਾ ਸੰਕਟ ਦੌਰਾਨ ਨਿਸ਼ੰਗ ਹੋ ਕੇ ਕਾਰਪੋਰੇਟਾਂ ਨੂੰ ਦੇਸ਼ ਲੁਟਾਇਆ ਜਾਂਦਾ ਵੀ ਦੇਖਿਆ ਹੈ ਤੇ ਲੋਕਾਂ ਨੂੰ ਲਾਵਾਰਿਸ ਛੱਡੇ ਜਾਣਾ ਵੀ ਝੱਲਿਆ ਹੈ। ਸੀ ਏ ਏ ਵਿਰੋਧੀ ਅੰਦੋਲਨ ਨੂੰ ਕੁਚਲਦੀ ਹਕੂਮਤ ਦੇ ਫਾਸ਼ੀ ਦੰਦ ਵੀ ਦੇਖੇ ਹਨ। ਇਸ ਸਾਰੇ ਤਜਰਬੇ ਨਾਲ ਮੋਦੀ ਸਰਕਾਰ ਨਾਲ ਜਮਾਤੀ ਹਿੱਤਾਂ ਦੀ ਦੁਸ਼ਮਣੀ ਦਾ ਅਹਿਸਾਸ ਜਾਗਿਆ ਹੋਇਆ ਹੈ ਤੇ ਚੇਤਨਾ ’ਚ ਵਟ ਜਾਣ ਦੇ ਅਮਲ ਵੱਲ ਤੁਰਿਆ ਹੋਇਆ ਹੈ। ਇਹੀ ਕਾਰਨ ਸੀ ਕਿ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਪੈਂਤੜਾ ਲੋਕਾਂ ਲਈ ਬਹੁਤ ਸੁਭਾਵਕ ਸੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੋਂ ਇਲਾਵਾ ਖੇਤ ਮਜ਼ਦੂਰ, ਠੇਕਾ ਕਾਮੇ ਤੇ ਹੋਰ ਹਿੱਸੇ ਵੀ ਸੜਕਾਂ ’ਤੇ ਨਿੱਕਲੇ। ਲੋਕਾਂ ਨੇ ਮੋਦੀ ਨੂੰ ਕਾਰਪੋਰੇਟ ਲੁਟੇਰਿਆਂ ਤੇ ਫਿਰਕੂ ਫਾਸ਼ੀ ਤਾਕਤਾਂ ਦੇ ਨੁਮਾਇੰਦੇ ਵਜੋਂ ਟਿੱਕਦਿਆਂ ਉਸ ਦੀ ਲੋਕਾਂ ਨੂੰ ਪੈਕੇਜਾਂ ਰਾਹੀਂ ਭਰਮਾਉਣ ਦੀ ਚਾਲ ਨੂੰ ਰੱਦ ਕਰ ਦਿੱਤਾ। ਸਿਰਫ ਮੋਦੀ ਦੀ ਰੈਲੀ ਹੀ ਖਾਲੀ ਨਹੀਂ ਰਹੀ, ਸਗੋਂ ਪੰਜਾਬ ਦੇ ਲੋਕ ਉਸ ਦੇ ਵਿਰੋਧ ਲਈ ਸੜਕਾਂ ’ਤੇ ਨਿੱਕਲੇ ਤੇ ਉਸ ਦਿਨ ਸਾਰੇ ਪੰਜਾਬ ’ਚ ਰੋਸ ਮੁਜਾਹਰਿਆਂ ਦਾ ਦਿਨ ਰਿਹਾ।
ਮੋਦੀ ਦੇ ਆਉਣ ਤੋਂ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੇ ਪਿੰਡਾਂ ’ਚ ਅਰਥੀਆਂ ਸਾੜਨ ਦਾ ਸਿਲਸਿਲਾ ਤੁਰ ਪਿਆ ਸੀ। ਬੀ ਕੇ ਯੂ-ਏਕਤਾ (ਉਗਰਾਹਾਂ) ਵੱਲੋਂ ਹੀ 1000 ਤੋਂ ਉਪਰ ਪਿੰਡਾਂ ’ਚ ਅਰਥੀਆਂ ਸਾੜੀਆਂ ਗਈਆਂ। ਕਈ ਕਿਸਾਨ ਜਥੇਬੰਦੀਆਂ ਨੇ ਜਿਲ੍ਹਾ ਹੈਡਕੁਆਰਟਰਾਂ ਤੇ ਤਹਿਸੀਲਾਂ ਬਲਾਕਾਂ ’ਚ ਰੋਸ ਪ੍ਰਦਰਸ਼ਨ ਕਰਕੇ ਮੋਦੀ ਦੇ ਪੁਤਲੇ ਅਗਨ ਭੇਟ ਕੀਤੇ। ਬੀ ਕੇ ਯੂ-ਏਕਤਾ (ਉਗਰਾਹਾਂ) ਵੱਲੋਂ 15 ਜਿਲ੍ਹਿਆਂ ’ਚ ਵਿਸ਼ਾਲ ਰੋਸ ਮੁਜ਼ਾਹਰੇ ਕਰਨ ਮਗਰੋਂ ਮੋਦੀ ਦੇ ਬੁੱਤ ਸਾੜੇ ਗਏ। ਇਹਨਾਂ ਮੁਜ਼ਾਹਰਿਆਂ ’ਚ ਗਿਣਤੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧਰਨਿਆਂ ਦੇ ਮੁਕਾਬਲੇ ਵਿਸ਼ੇਸ਼ ਕਰਕੇ ਵੱਡੀ ਸੀ। ਲੋਕਾਂ ਅੰਦਰ ਡੁਲ੍ਹ ਡੁਲ੍ਹ ਪੈ ਰਿਹਾ ਜੋਸ਼ ਮਿਸਾਲੀ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਕਈ ਸੜਕਾਂ ਦੇ ਪਾਸੇ ਬੈਠ ਕੇ ਧਰਨੇ ਦਿੱਤੇ। ਮੋਦੀ ਦੇ ਆਉਣ ਤੋਂ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੇ ਪਿੰਡਾਂ ’ਚ ਅਰਥੀਆਂ ਸਾੜਨ ਦਾ ਸਿਲਸਿਲਾ ਤੁਰ ਪਿਆ ਸੀ। ਹਰੀ ਕੇ ਹੈੱਡ ’ਤੇ ਜਾਮ ਲੱਗਿਆ। ਕੁੱਝ ਥਾਵਾਂ ’ਤੇ ਭਾਜਪਾ ਵਰਕਰਾਂ ਨਾਲ ਟਕਰਾਅ ਵੀ ਹੋਇਆ। ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਬਠਿੰਡਾ ਚੰਡੀਗੜ੍ਹ ਰੋਡ ਜਾਮ ਕੀਤੀ ਤੇ ਬਠਿੰਡਾ ਸ਼ਹਿਰ ’ਚ ਵੱਖਰੇ ਤੌਰ ’ਤੇ ਪੁਤਲਾ ਸਾੜਿਆ। ਇੱਕ ਭਾਰਤੀ ਕਿਸਾਨ ਯੂਨੀਅਨ (ਫਤਿਹ) ਨੇ ਐਨ ਐਚ 15 ’ਤੇ ਫਿਰੋਜ਼ਪੁਰ ਜਾ ਰਹੇ ਲੋਕਾਂ ਨੂੰ ਨਾ ਜਾਣ ਦੀਆਂ ਅਪੀਲਾਂ ਕੀਤੀਆਂ। ਬੀ ਕੇ ਯੂ ਡਕੌਂਦਾ ਵੱਲੋਂ ਮੋਗਾ ਫਿਰੋਜ਼ਪੁਰ ਰੋਡ ’ਤੇ ਜਾਮ ਲਾਇਆ ਗਿਆ। ਮੀਂਹ ਤੇ ਠੰਢ ਦਰਮਿਆਨ ਹੀ ਇਹ ਕਾਫਲੇ ਸੜਕਾਂ ’ਤੇ ਨਿੱਤਰੇ। ਜਿਹੜੇ ਮੌਸਮ ਦੀ ਖਰਾਬੀ ਨੂੰ ਭਾਜਪਾ ਦੀ ਰੈਲੀ ਦੇ ਇਕੱਠ ’ਚ ਵਿਘਨ ਪਾਉਣ ਦਾ ਕਾਰਨ ਦੱਸਿਆ ਗਿਆ ਉਸੇ ਮੌਸਮ ’ਚ ਲੋਕਾਂ ਨੇ ਸਿਰਾਂ ’ਤੇ ਪੱਲੀਆਂ ਤਰਪਾਲਾਂ ਲੈ ਕੇ ਮੋਦੀ ਦੇ ਪੁਤਲੇ ਫੂਕੇ। ਇਹ ਮੌਸਮ ਉਹਨਾਂ ਦੇ ਇਰਾਦਿਆਂ ’ਚ ਵਿਘਨ ਨਾ ਪਾ ਸਕਿਆ। ਕੁੱਝ ਕਿਸਾਨ ਜਥੇਬੰਦੀਆਂ ਨੂੰ ਫਿਰੋਜ਼ਪੁਰ ਵੱਲ ਜਾਣ ਵਾਲੇ ਰਾਹਾਂ ’ਤੇ ਰੋਕਿਆ ਗਿਆ। ਇਉ ਹੀ ਕਈ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਜੁੜੇ ਕਿਸਾਨ ਕਾਰਕੁਨਾਂ ਨੇ ਆਪਮੁਹਾਰੇ ਹੀ ਫਿਰੋਜ਼ਪੁਰ ਰੈਲੀ ਲਈ ਜਾਣ ਵਾਲੀਆਂ ਬੱਸਾਂ ਨੂੰ ਰੋਕ ਕੇ, ਬੱਸਾਂ ਵਿਚਲੇ ਲੋਕਾਂ ਨੂੰ ਲਾਹਨਤਾਂ ਪਾਈਆਂ, ਉਹਨਾਂ ਨੂੰ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀਆਂ ਸ਼ਹਾਦਤਾਂ ਯਾਦ ਕਰਵਾਈਆਂ ਤੇ ਮੋਦੀ ਹਕੂਮਤ ਦੇ ਜ਼ੁਲਮਾਂ ਨੂੰ ਯਾਦ ਰੱਖਣ ਲਈ ਕਿਹਾ। ਸੋਸ਼ਲ ਮੀਡੀਆ ’ਤੇ ਰੈਲੀ ਖਿਲਾਫ਼ ਬਣਿਆ ਮਹੌਲ ਵੀ ਇਹੀ ਦੱਸ ਰਿਹਾ ਸੀ ਕਿ ਭਾਜਪਾ ਦੇ ਭੁਲੇਖੇ ਕੱਢ ਦਿੱਤੇ ਜਾਣਗੇ।
ਮੋਦੀ ਦੀ ਪੰਜਾਬ ਫੇਰੀ ਖਿਲਾਫ਼ ਉਮੜਿਆ ਲੋਕ ਰੋਹ ਦੱਸਦਾ ਸੀ ਕਿ ਇਹ ਲੋਟਣੀ ਲੱਗਣੀ ਤਹਿ ਹੀ ਹੈ। ਲੋਕਾਂ ਨੇ ਭਾਜਪਾ ਦੀ ਪੰਜਾਬ ਜਿੱਤਣ ਦੀ ਮੁਹਿੰਮ ਦੀ ਸ਼ੁਰੂਆਤ ਤਾਂ ਕਰਵਾ ਦਿੱਤੀ ਹੈ, ਹੁਣ ਅੰਜ਼ਾਮ ਦੇਖਣਾ ਬਾਕੀ ਹੈ। ਇਸ ਸਾਰੀ ਨਮੋਸ਼ੀ ਨੂੰ ਭਟਕਾਊ ਮੋੜਾ ਦੇਣ ਦੀ ਕੋਸ਼ਿਸ਼ ਵੀ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤੀ ਹੈ। ਵੰਡ-ਪਾਊ ਤੇ ਗੁਮਰਾਹਕੁੰਨ ਪ੍ਰਚਾਰ ਨੂੰ ਰੱਦ ਕਰਦਿਆਂ ਏਕੇ ਦਾ ਸਬੂਤ ਦਿੱਤਾ ਹੈ। ਭਾਜਪਾ ਦੀ ਇਸ ਝੂਠੀ ਪੇਸ਼ਕਾਰੀ ਨੂੰ ਪਛਾਣ ਕੇ ਛੰਡ ਦਿੱਤਾ ਹੈ।
No comments:
Post a Comment