ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਲਏ ਪੈਂਤੜੇ ਬਾਰੇ ਕੁਝ ਗੱਲਾਂ
ਚੋਣਾਂ ਮੌਕੇ ਇਸ ਸਿਰਕੱਢ ਜਥੇਬੰਦੀ ਵੱਲੋਂ ਲਈ ਪੁਜ਼ੀਸ਼ਨ ਬਾਰੇ ਕੁਝ ਹਲਕਿਆਂ ਵੱਲੋਂ ਮੁੱਦੇ ਨੂੰ ਸਿਰਫ ਇਉਂ ਪੇਸ਼ ਕੀਤਾ ਜਾ ਰਿਹਾ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਨਾ ਚੋਣਾਂ ਲੜੇਗੀ ਨਾ ਕਿਸੇ ਦੀ ਹਮਾਇਤ ਕਰੇਗੀ ਜਿਵੇਂ ਕਿਤੇ ਇਹ ਜਥੇਬੰਦੀ ਤਾਂ ਇਸ ਮੌਕੇ ਸਭ ਕੁੱਝ ਤੋਂ ਪਾਸੇ ਰਹੇਗੀ। ਤੇ ਇਸ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਇਹ ਲੋਕਾਂ ਦੀ ਬਦਲ ਦੀ ਮੰਗ ਨੂੰ ਹੁੰਗਾਰਾ ਨਾ ਦੇਣਾ ਹੈ । ਚੁੱਪ ਰਹਿ ਕੇ ਸਮਾਂ ਲੰਘਾਉਣਾ ਹੈ ਤੇ ਜਿੰਮੇਵਾਰੀ ਨਾ ਚੱਕਣਾ ਹੈ। ਜਦਕਿ ਇਹ ਸਮਝਣਾ ਗਲਤ ਹੈ।
ਸਹੀ ਗੱਲ ਇਹ ਹੈ ਕਿ ਉਹ ਚੋਣਾਂ ਦਰਮਿਆਨ ਨਾ ਸਿਰਫ਼ ਕਿਸਾਨੀ ਦੀ ਏਕਤਾ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹੇਗੀ, ਸਗੋਂ ਕਿਸਾਨਾਂ ਤੇ ਲੋਕਾਂ ਨੂੰ ਚੇਤਨ ਕਰੇਗੀ ਤੇ ਇਸ ਤੋਂ ਵੀ ਅੱਗੇ ਲੋਕਾਂ ਦੀ ਜ਼ਿੰਦਗੀ ਦੀ ਤਬਦੀਲੀ ਨਾਲ ਜੁੜੇ ਮੁੱਦੇ ਲੋਕਾਂ ’ਚ ਉਭਾਰੇਗੀ , ਇਨ੍ਹਾਂ ਮੁੱਦਿਆਂ ਦੇ ਹਵਾਲੇ ਨਾਲ ਉਮੀਦਵਾਰਾਂ ਤੇ ਪਾਰਟੀਆਂ ਨੂੰ ਪਰਖਣ ਲਈ ਕਹੇਗੀ
ਇਸ ਤੋਂ ਵੀ ਅੱਗੇ ਉਹ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਬਿਹਤਰੀ ਲਈ ਇਸ ਵੋਟ ਢਾਂਚੇ ਤੋਂ ਆਸ ਰੱਖਣ ਦੀ ਥਾਂ ਆਪਣੇ ਸੰਘਰਸ਼ ’ਚ ਭਰੋਸਾ ਡੂੰਘਾ ਕਰਨ ਦਾ ਸੱਦਾ ਦੇਵੇਗੀ। ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਇਨ੍ਹਾਂ ਪਾਰਲੀਮਾਨੀ ਸੰਸਥਾਵਾਂ ਦੀ ਨਿਰਾਰਥਕਤਾ ਬਾਰੇ ਦੱਸੇਗੀ। ਲੋਕਾਂ ਦੀ ਪੁਗਾਉਣ ਲਈ ਸਾਰਥਕ ਰਾਹ ਦੱਸੇਗੀ।
ਜਿਹੜੇ ਹਿੱਸੇ ਇਸ ਕਿਸਾਨ ਜਥੇਬੰਦੀ ਨੂੰ ਚੋਣਾਂ ’ਚ ਜਾ ਕੇ ਸਿਆਸੀ ਰੋਲ ਦਾ ਜਿੰਮਾ ਨਾ ਓਟਣ ਲਈ ਕੋਸ ਰਹੇ ਹਨ, ਉਨ੍ਹਾਂ ਦੀ ਇਹ ਭਾਵਨਾ ਲੋਕਾਂ ਦੀ ਆਪਣੀ ਸਿਆਸੀ ਸ਼ਕਤੀ ਦੀ ਤਾਂਘ ਨੂੰ ਦਰਸਾਉਂਦੀ ਹੈ। ਲੋਕ ਪੱਖੀ ਤਬਦੀਲੀ ਦੀ ਤਾਂਘ ਨੂੰ ਦਰਸਾਉਂਦੀ ਹੈ । ਪਰ ਉਹ ਦੋ ਨੁਕਤਿਆਂ ਤੋਂ ਨੁਕਸਦਾਰ ਢੰਗ ਨਾਲ ਸੋਚ ਰਹੇ ਹਨ । ਇੱਕ ਤਾਂ ਉਹ ਇਹ ਆਸ ਭਾਵ ਸਿਆਸੀ ਸ਼ਕਤੀ ਦੇ ਰੋਲ ਦੀ ਆਸ ਇੱਕ ਤਬਕੇ ਦੀ ਜਥੇਬੰਦੀ ਭਾਵ ਕਿਸਾਨ ਜਥੇਬੰਦੀ ਤੋਂ ਰੱਖ ਰਹੇ ਹਨ। ਤੇ ਉਸ ਤੋਂ ਅੱਗੇ ਸਿਆਸੀ ਤਬਦੀਲੀ ਦਾ ਰਸਤਾ ਹਾਕਮਾਂ ਦੇ ਵੋਟ ਢਾਂਚੇ ’ਚੋਂ ਤਲਾਸ਼ ਰਹੇ ਹਨ। ਜਿੰਨਾਂ ਚਿਰ ਉਨ੍ਹਾਂ ਨੂੰ ਨੁਕਸਦਾਰ ਸੋਚਣੀਆਂ ਦੀਆਂ ਇਹ ਦੋਵੇਂ ਗੱਲਾਂ ਸਮਝ ਨਹੀਂ ਆਉਂਦੀਆਂ ਓਨਾ ਚਿਰ ਤਾਂ ਇਸ ਨੂੰ ਸਮਝਣ ਲਈ ਹੀ ਕਿਹਾ ਜਾ ਸਕਦਾ ਹੈ।
ਉਨ੍ਹਾਂ ਨੂੰ ਇਹ ਲਾਜ਼ਮੀ ਸਮਝਣਾ ਚਾਹੀਦਾ ਹੈ ਕਿ ਇਸ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਇਹ ਕੰਮ ਕੋਈ ਸਾਧਾਰਨ ਕੰਮ ਨਹੀਂ ਹੈ, ਇਹ ਲੋਕਾਂ ਦੀ ਅਸਲ ਸਿਆਸਤ ਉੱਭਰਨ ਲਈ ਆਧਾਰ ਵਿਛਾਈ ਦਾ ਕੰਮ ਹੀ ਹੈ, ਇਹ ਵੋਟਾਂ ’ਚ ਉਮੀਦਵਾਰ ਖੜ੍ਹੇ ਕਰਕੇ ਵੋਟਾਂ ਮੰਗਣ ਨਾਲੋਂ ਕਿਤੇ ਵੱਡਾ ਕੰਮ ਹੈ। ਇਹ ਅਜਿਹਾ ਕੰਮ ਹੈ ਜਿਸ ਨੇ ਪੰਜਾਬ ਅੰਦਰ ਲੋਕਾਂ ਦੀ ਆਪਣੀ ਸਿਆਸੀ ਸ਼ਕਤੀ ਉੱਭਰਨ ਲਈ ਹਾਲਾਤ ਸਿਰਜਣੇ ਹਨ। ਜਿਹੜੇ ਹਕੀਕੀ ਸਿਆਸੀ ਸ਼ਕਤੀ ਰਾਹੀਂ ਲੋਕ ਪੱਖੀ ਬਦਲ ਉਸਾਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਰੋਲ ਤੇ ਕੰਮ ਦਾ ਮੁੱਲ ਪਤਾ ਹੈ।
ਇਸ ਕੰਮ ਦਾ ਮਹੱਤਵ ਉਨ੍ਹਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਜਿਹੜੇ ਇਹ ਜਾਣਦੇ ਹਨ ਕਿ ਦੇਸ਼ ’ਚ ਅਸਲ ਸਿਆਸੀ ਤਬਦੀਲੀ ਵੋਟਾਂ ਦੇ ਇਸ ਸਿਸਟਮ ਨਾਲ ਨਹੀਂ ਆਉਣੀ। ਜਿਹੜੇ ਇਹ ਜਾਣਦੇ ਹਨ ਕਿ ਇਹ ਤਬਦੀਲੀ ਲੋਕਾਂ ਦੇ ਜਮਾਤੀ ਘੋਲਾਂ ਦੇ ਇੱਕ ਖਾਸ ਉਚੇਰੇ ਪੱਧਰ ’ਤੇ ਪਹੁੰਚਣ ਨਾਲ ਆਉਣੀ ਹੈ ਜਦੋਂ ਲੋਕਾਂ ਨੇ ਰਾਜ ਸੱਤਾ ਨੂੰ ਆਪਣੀ ਤਾਕਤ ਦੇ ਜ਼ੋਰ ਆਪਣੇ ਹੱਥ ਲੈਣਾ ਹੈ।
ਇਸ ਤੋਂ ਵੱਧ ਜੋਰ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਸਿਆਸੀ ਤਬਦੀਲੀ ਲਈ ਤਾਂਘ ਰੱਖਦੇ ਹਨ ਉਨ੍ਹਾਂ ਨੂੰ ਇਹ ਕੰਮ ਕਿਸੇ ਇੱਕ ਤਬਕੇ ਦੀ ਜਨਤਕ ਜਥੇਬੰਦੀ ਉੱਤੇ ਪਾਉਣ ਦੀ ਥਾਂ ਖ਼ੁਦ ਇਹ ਜੁਮਾ ਓਟਣਾ ਚਾਹੀਦਾ ਹੈ। ਮੈਦਾਨ ’ਚ ਨਿੱਤਰ ਕੇ, ਇਹ ਜਿੰਮਾ ਓਟ ਕੇ ਪਤਾ ਲੱਗ ਜਾਵੇਗਾ ਕਿ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਚੇਤਨਾ ਦੇਣ ਦਾ ਕੀਤਾ ਜਾ ਰਿਹਾ ਇਹ ਕੰਮ ਕਿੰਨਾਂ ਮਹੱਤਵਪੂਰਨ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਪੰਜਾਬ ਅੰਦਰ ਹਾਕਮ ਧੜਿਆਂ ਦੀ ਰਵਾਇਤੀ ਸਿਆਸਤ ਖਿਲਾਫ ਲੋਕਾਂ ਅੰਦਰ ਜੋ ਰੋਸ ਉੱਬਲ ਰਿਹਾ ਹੈ ਤੇ ਹਕੀਕੀ ਬਦਲ ਦੀ ਤਲਾਸ਼ ਤੇਜ਼ ਹੋ ਰਹੀ ਹੈ, ਇਸ ਚੇਤਨਾ ਦੇ ਇਥੋਂ ਤੱਕ ਪੁੱਜਣ ’ਚ ਬੀਕੇਯੂ ਏਕਤਾ (ਉਗਰਾਹਾਂ) ਸਮੇਤ ਪੰਜਾਬ ਦੀਆਂ ਦਰਜਨਾਂ ਜਥੇਬੰਦੀਆਂ ਵੱਲੋਂ ਪਿਛਲੇ ਦਹਾਕਿਆਂ ’ਚ ਘਾਲੀ ਘਾਲਣਾ ਦਾ ਰੋਲ ਹੈ, ਇਨ੍ਹਾਂ ਦੇ ਸੰਘਰਸ਼ਾਂ ਰਾਹੀਂ ਆਈ ਚੇਤਨਾ ਦਾ ਰੋਲ ਹੈ। ਇਹ ਰੋਲ ਛੋਟਾ ਨਹੀਂ ਹੈ। ਹਾਂ, ਇਸ ਚੇਤਨਾ ਨੇ ਅਜੇ ਲੋਕਾਂ ਦੀ ਆਪਣੀ ਸਿਆਸੀ ਸ਼ਕਤੀ ਉਸਰਨ ਤੇ ਉੱਭਰਨ ਤੱਕ ਦਾ ਰਸਤਾ ਤੈਅ ਕਰਨਾ ਹੈ , ਇਹ ਸਾਰਾ ਸਫਰ ਸਿਰਫ ਇਹ ਜਨਤਕ ਜਥੇਬੰਦੀਆਂ ਹੀ ਤੈਅ ਨਹੀਂ ਕਰਾ ਸਕਦੀਆਂ। ਇਹਦੇ ਲਈ ਇਨਕਲਾਬੀ ਸਿਧਾਂਤ ਤੇ ਜਮਾਤੀ ਘੋਲਾਂ ਦਾ ਸੁਮੇਲ ਕਰਨ ਵਾਲੀ ਲੋਕਾਂ ਦੀ ਇਨਕਲਾਬੀ ਸਿਆਸੀ ਸ਼ਕਤੀ ਲੋੜੀਂਦੀ ਹੈ । ਇਹ ਗੁੰਝਲਾਂ ਭਰਿਆ ਕਠਿਨ ਰਸਤਾ ਹੈ , ਇਨ੍ਹਾਂ ਹੀ ਘੋਲਾਂ ਦੇ ਹੋਰ ਉਚੇਰੇ ਹੋਣ ਤੇ ਤਿੱਖੇ ਹੋਣ ਰਾਹੀਂ ਸਰ ਹੋਣ ਵਾਲਾ ਰਸਤਾ ਹੈ। ਇਸ ਰਸਤੇ ’ਚ ਭਰੋਸਾ ਤੇ ਨਿਹਚਾ ਬਰਕਰਾਰ ਰੱਖ ਕੇ ਹੀ ਹਾਕਮਾਂ ਵੱਲੋਂ ਹੱਥ ਫੜਾਈ ਇੱਕ ਵੋਟ ਪਰਚੀ ਨਾਲ ਬਦਲ ਸਿਰਜ ਲੈਣ ਦੇ ਭਰਮ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਾਕੀ, ਵੋਟਾਂ ਦੇ ਇਸ ਮੌਸਮ ’ਚ ਆਉਂਦੇ ਦਿਨਾਂ ’ਚ ਅਜਿਹੀਆਂ ਹੋਰ ਗੱਲਾਂ ਕਰਦੇ ਰਹਾਂਗੇ।
ਦੀ ਵਾਲ ਤੋੰ।
No comments:
Post a Comment