ਆਦਿਵਾਸੀ ਖੇਤਰਾਂ ’ਚ ਹਕੂਮਤੀ ਹਮਲਿਆਂ ਖਿਲਾਫ਼
ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰਦਰਸ਼ਨ
19 ਫਰਵਰੀ: ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਖੇ ਸਮੁੱਚੇ ਦੇਸ਼ ਵਿਚ ਪੱਤਰਕਾਰਾਂ, ਜਮਹੂਰੀ ਕਾਰਕੁੰਨਾਂ ਅਤੇ ਵਕੀਲਾਂ ਉੱਪਰ ਹਮਲਿਆਂ ਵਿਰੁੱਧ ਸੂਬਾਈ ਕਾਨਫਰੰਸ ਕੀਤੀ ਗਈ। ਜਿਸ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪ੍ਰੋਫੈਸਰ ਜਗਮੋਹਣ ਸਿੰਘ, ਸੂਬਾ ਪ੍ਰਧਾਨ ਪ੍ਰੋਫੈਸਰ ਏ. ਕੇ. ਮਲੇਰੀ, ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ ਨਵਾਂਸ਼ਹਿਰ, ਸੂਬਾ ਦਫ਼ਤਰ ਸਕੱਤਰ ਐਡਵੋਕੇਟ ਰਾਜੀਵ ਲੋਹਟਬੱਦੀ ਅਤੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਨੇ ਸੰਬੋਧਨ ਕੀਤਾ। ਪ੍ਰੋਫੈਸਰ ਜਗਮੋਹਣ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਸਤਰ, ਝਾਰਖੰਡ ਅਤੇ ਹਰ ਥਾਂ ਹੀ ਕੁਦਰਤੀ ਵਸੀਲਿਆਂ ਦੀ ਲੁੱਟ ਦੇ ਵਿਰੋਧ ਨੂੰ ਕੁਚਲਣ ਲਈ ਜਮਹੂਰੀ ਤਾਕਤਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਕਸ਼ਮੀਰ ਵਿਚ ਭਾਰਤੀ ਰਾਜ ਕਸ਼ਮੀਰੀਆਂ ਦੀ ਆਜ਼ਾਦੀ ਦੀ ਰੀਝ ਨੂੰ ਫ਼ੌਜੀ ਤਾਕਤ ਨਾਲ ਦਬਾਉਣ ਉੱਪਰ ਤੁਲਿਆ ਹੋਇਆ ਹੈ। ਇਸ ਨੂੰ ਅੰਜਾਮ ਦੇਣ ਲਈ ਭਾਰਤੀ ਰਾਜ ਨੇ ਸਮੁੱਚੀ ਮਸ਼ੀਨਰੀ ਨੂੰ ਝੂਠ ਅਤੇ ਅਫ਼ਵਾਹਾਂ ਫੈਲਾਉਣ ’ਤੇ ਲਗਾ ਰੱਖਿਆ ਹੈ। ਲੋਕ ਹਿੱਤਾਂ ਦੀ ਰਾਖੀ ਲਈ ਜਮਹੂਰੀ ਹੱਕਾਂ ਦੇ ਖ਼ਿਲਾਫ਼ ਹੁਕਮਰਾਨਾਂ ਦੀ ਇਸ ਸਾਜ਼ਿਸ਼ ਨੂੰ ਬੇਨਕਾਬ ਕਰਨਾ ਅਤੇ ਇਸ ਨੂੰ ਲੋਕ ਚੇਤਨਾ ਰਾਹੀਂ ਨਾਕਾਮ ਬਣਾਉਣਾ ਜ਼ਰੂਰੀ ਹੈ। ਕਾਨਫਰੰਸ ਵਿਚ ਸਭਾ ਦੀਆਂ ਵੱਖ-ਵੱਖ ਜ਼ਿਲ੍ਹਾ ਇਕਾਈਆਂ ਦੀ ਅਗਵਾਈ ਹੇਠ ਜਮਹੂਰੀ ਹੱਕਾਂ ਦੀ ਰਾਖੀ ਲਈ ਸਰਗਰਮ ਆਗੂ ਅਤੇ ਕਾਰਕੁੰਨ ਭਰਵੀਂ ਗਿਣਤੀ ਵਿਚ ਸ਼ਾਮਲ ਹੋਏ।
ਕਾਨਫਰੰਸ ਵਿਚ ਮੰਗ ਕੀਤੀ ਗਈ ਕਿ ਜਮਹੂਰੀ ਸ਼ਖਸੀਅਤਾਂ ਪ੍ਰੋਫੈਸਰ ਨੰਦਿਨੀ ਸੁੰਦਰ, ਡਾ. ਬੇਲਾ ਭਾਟੀਆ ਅਤੇ ਹੋਰ ਮਨੁੱਖੀ ਅਧਿਕਾਰ ਕਾਰਕੁੰਨਾਂ, ਪੱਤਰਕਾਰਾਂ, ਵਕੀਲਾਂ ਅਤੇ ਆਦਿਵਾਸੀਆਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਲਏ ਜਾਣ। ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਕੀਤੇ ਸਾਰੇ ਹੀ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪੰਜਾਬ ਵਿਚ ਜਮਹੂਰੀ ਕਾਰਕੁੰਨਾਂ ਨੂੰ ਮੌੜ ਮੰਡੀ ਬੰਬ ਕੇਸ ਦੇ ਬਹਾਨੇ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਝੂਠੇ ਕੇਸਾਂ, ਝੂਠੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਦੀ ਸਰਕਾਰੀ ਪੁਸ਼ਤ-ਪਨਾਹੀ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਦੇ ਖ਼ਿਲਾਫ਼ ਢੁੱਕਵੇਂ ਕੇਸ ਦਰਜ ਕੀਤੇ ਜਾਣ। ਆਦਿਵਾਸੀ ਔਰਤਾਂ ਉੱਪਰ ਜਿਣਸੀ ਹਿੰਸਾ ਬੰਦ ਕੀਤੀ ਜਾਵੇ ਅਤੇ ਇਸ ਲਈ ਜ਼ਿੰਮੇਵਾਰ ਪੁਲਿਸ ਤੇ ਹੋਰ ਸਰਕਾਰੀ ਤਾਕਤਾਂ ਦੇ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਜੋਧਪੁਰ ਯੂਨੀਵਰਸਿਟੀ ਦੀ ਪ੍ਰੋਫੈਸਰ ਰਾਣਾਵਤ ਦੀ ਮੁਅੱਤਲੀ ਰੱਦ ਕੀਤੀ ਜਾਵੇ। ਬਸਤਰ, ਕਸ਼ਮੀਰ ਅਤੇ ਹੋਰ ਇਲਾਕਿਆਂ ਵਿਚ ਓਪਰੇਸ਼ਨ ਗਰੀਨ ਹੰਟ ਅਤੇ ਹੋਰ ਵੱਖੋ-ਵੱਖਰੇ ਨਾਵਾਂ ਹੇਠ ਸਰਕਾਰੀ ਦਹਿਸ਼ਤਵਾਦ ਬੰਦ ਕੀਤਾ ਜਾਵੇ ਅਤੇ ਉੱਥੇ ਤਾਇਨਾਤ ਪੁਲਿਸ ਤੇ ਹੋਰ ਸਰਕਾਰੀ ਤਾਕਤਾਂ ਵਾਪਸ ਬੁਲਾਈਆਂ ਜਾਣ। ਨਾਗਰਿਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਵਾਲੇ ਯੂ.ਏ.ਪੀ.ਏ., ਛੱਤੀਸਗੜ੍ਹ ਸਪੈਸ਼ਲ ਸਕਿਊਰਿਟੀ ਐਕਟ, ਅਫਸਪਾ, ਜੰਮੂ-ਕਸ਼ਮੀਰ ਪਬਲਿਕ ਸਕਿਊਰਿਟੀ ਐਕਟ ਆਦਿ ਵਿਸ਼ੇਸ਼ ਕਾਨੂੰਨ ਅਤੇ ਇੰਡੀਅਨ ਪੀਨਲ ਕੋਡ ਦੀਆਂ ‘ਰਾਜਧ੍ਰੋਹ’ ਵਰਗੀਆਂ ਬਸਤੀਵਾਦੀ ਜ਼ਮਾਨੇ ਦੀਆਂ ਧਾਰਾਵਾਂ ਖ਼ਤਮ ਕੀਤੀਆਂ ਜਾਣ। ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਅਦਾਰਿਆਂ ਵਿਚ ਹਿੰਦੂਤਵੀ ਫਾਸ਼ੀਵਾਦੀਆਂ ਦੇ ਦਬਾਓ ਹੇਠ ਸਥਾਪਤੀ ਵਿਰੋਧੀ ਪ੍ਰੋਫੈਸਰਾਂ ਅਤੇ ਹੋਰ ਚਿੰਤਨਸ਼ੀਲ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।
ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਚ ਕਾਨਫਰੰਸ ਕਰਨ ਤੋਂ ਬਾਅਦ ਹਕੂਮਤੀ ਦਹਿਸ਼ਤਵਾਦ ਅਤੇ ਹਿੰਦੂਤਵੀ ਫਾਸ਼ੀਵਾਦ ਵਿਰੁੱਧ ਨਾਅਰੇ ਲਗਾਉਂਦੇ ਹੋਏ ਅਤੇ ਆਪਣੇ ਹੀ ਲੋਕਾਂ ਵਿਰੁੱਧ ਫ਼ੌਜੀ ਅਤੇ ਨੀਮ-ਫ਼ੌਜੀ ਓਪਰੇਸ਼ਨ ਬੰਦ ਕਰਨ ਦੀ ਮੰਗ ਕਰਦੇ ਹੋਏ ਭਾਰਤ ਨਗਰ ਚੌਂਕ ਤੋਂ ਹੁੰਦੇ ਹੋਏ ਪੰਜਾਬੀ ਭਵਨ ਤਕ ਮਾਰਚ ਕੀਤਾ ਗਿਆ।
ਪ੍ਰੈੱਸ ਲਈ ਜਾਰੀ ਬਿਆਨ ’ਚੋਂ ਸੰਖੇਪ
No comments:
Post a Comment