ਜਲੂਰ ਕਾਂਡ ਖਿਲਾਫ਼ ਸੰਘਰਸ਼
ਕਿਸਾਨ ਲਹਿਰ ’ਚ ਜਮਾਤੀ ਕਤਾਰਬੰਦੀ ਦਾ ਇੱਕ ਹੋਰ ਗੇੜ
ਸੰਗਰੂਰ ਜਿਲ੍ਹੇ ਦੇ ਪਿੰਡ ਜਲੂਰ ’ਚ ਪੰਚਾਇਤੀ ਜਮੀਨ ਵਿਚੋਂ ਤੀਜਾ ਹਿੱਸਾ ਠੇਕੇ ਤੇ ਲੈਣ ਦਾ ਹੱਕ ਮੰਗ ਰਹੇ ਖੇਤ ਮਜ਼ਦੂਰਾਂ ’ਤੇ ਪਿੰਡ ਦੇ ਧਨਾਡ ਚੌਧਰੀਆਂ ਵੱਲੋਂ ਅੰਨ੍ਹਾ ਜਬਰ ਢਾਹਿਆ ਗਿਆ ਸੀ ਜਿਸ ਵਿੱਚ ਮਾਤਾ ਗੁਰਦੇਵ ਕੌਰ ਸ਼ਹੀਦ ਹੋਈ ਤੇ ਦਰਜਨਾਂ ਜ਼ਖਮੀ ਹੋਏ ਸਨ। ਇਸ ਵਹਿਸ਼ੀ ਕਾਂਡ ਖਿਲਾਫ ਬੀਤੇ 5 ਮਹੀਨਿਆਂ ਤੋਂ ਜ਼ੋਰਦਾਰ ਸੰਘਰਸ਼ ਲੜਿਆ ਗਿਆ ਹੈ। ਹਾਲਤ ਦਾ ਗੁੰਝਲਦਾਰ ਪੱਖ ਪਿੰਡ ਦੇ ਧਨਾਢ ਚੌਧਰੀਆਂ ਵੱਲੋਂ ਦਲਿਤ ਖੇਤ ਮਜਦੂਰਾਂ ਖਿਲਾਫ ਜਾਤਪਾਤੀ ਲੀਹਾਂ ’ਤੇ ਪਿੰਡ ਦੀ ਸਮੁੱਚੀ ਜੱਟ ਕਿਸਾਨੀ ਦੀ ਕੀਤੀ ਗਈ ਲਾਮਬੰਦੀ ਸੀ। ਜਾਤ ਹੰਕਾਰ ਦੀ ਵਰਤੋਂ ਕਰਕੇ ਕੀਤੀ ਗਈ ਭਟਕਾਊ ਲਾਮਬੰਦੀ ਨੇ ਖੇਤ ਮਜ਼ਦੂਰਾਂ ਦੀ ਸਭ ਤੋਂ ਨੇੜਲੀ ਸੰਗੀ ਬਣਦੀ ਬੇ-ਜਮੀਨੀ ਤੇ ਗਰੀਬ ਕਿਸਾਨੀ ਨੂੰ ਜਗੀਰਦਾਰਾਂ ਦੇ ਪੈਂਤੜੇ ਮਗਰ ਤੋਰ ਦਿੱਤਾ ਅਤ ਵਡੇਰੀ ਜਾਮਾਤੀ ਸਾਂਝ ਨੂੰ ਚੀਰਾ ਦੇ ਦਿੱਤਾ। ਇਹ ਗੁੰਝਲਦਾਰ ਹਾਲਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲਈ ਆਪਣਾ ਸਟੈਂਡ ਲੈਣ ਪੱਖੋਂ ਉਹਨਾਂ ਦੇ ਹਕੀਕੀ ਕਿਰਦਾਰ ਤੇ ਜਮਾਤੀ ਸਿਆਸੀ ਸਰੋਕਾਰਾਂ ਨੂੰ ਸਪੱਸ਼ਟਤਾ ਨਾਲ ਉਘਾੜਨ ਦਾ ਨੁਕਤਾ ਵੀ ਬਣ ਗਈ। ਜਗੀਰਦਾਰਾਂ-ਸੂਦਖੋਰਾਂ ਤੇ ਪੁਲਿਸ-ਸਿਆਸੀ ਗੱਠ-ਜੋੜ ਨਾਲ ਖੜ੍ਹਨ ਜਾਂ ਖੇਤ ਮਜ਼ਦੂਰਾਂ ਨਾਲ ਖੜ੍ਹਨ ਦੀ ਚੋਣ ਕਰਨ ਦਾ ਮਾਮਲਾ ਸਾਹਮਣੇ ਆ ਗਿਆ। ਇਉ ਇਹ ਘੋਲ ਪੰਜਾਬ ਦੀ ਮਾਲਕ ਕਿਸਾਨੀ ਦੀ ਜਮਾਤੀ ਕਤਾਰਬੰਦੀ ਦਾ ਅਮਲ ਹੋਰ ਅੱਗੇ ਵਧਣ ਪੱਖੋਂ ਇੱਕ ਅਗਲਾ ਹੋਰ ਗੇੜ ਹੋ ਨਿੱਬੜਿਆ ਹੈ।
ਜੁਝਾਰ-ਇਨਕਲਾਬੀ ਕਿਸਾਨ ਲਹਿਰ ਉਸਾਰਨ ਦੀ ਦਿਸ਼ਾ-ਸੇਧ ਨੂੰ ਪ੍ਰਣਾਈਆਂ ਕਿਸਾਨ ਜਥੇਬੰਦੀਆਂ ਡਟ ਕੇ ਖੇਤ ਮਜ਼ਦੂਰਾਂ ਦੇ ਹੱਕ ’ਚ ਖੜ੍ਹੀਆਂ ਹਨ। ਇਸ ਖੇਤਰ ’ਚ ਵਿਸ਼ਾਲ ਜਨਤਕ ਅਧਾਰ ਵਾਲੀ ਜਥੇਬੰਦੀ ਬੀ.ਕੇ.ਯੂ. ਏਕਤਾ (ਉਗਰਾਹਾਂ) ਨੇ ਪਿੰਡ ਦੀ ਸਮੁੱਚੀ ਮਾਲਕ ਕਿਸਾਨੀ ਵੱਲੋਂ ਇੱਕ ਵਾਰ ਜਗੀਰੂ ਧਨਾਢਾਂ ਦੇ ਪੈਂਤੜੇ ’ਤੇ ਚਲੀ ਜਾਣ ਨਾਲ ਪੈਦਾ ਹੋਈ ਹਾਲਤ ਦਾ ਸਿਆਸੀ ਪਰਪੱਕਤਾ ਨਾਲ ਸਾਹਮਣਾ ਕੀਤਾ ਤੇ ਖੇਤ ਮਜ਼ਦੂਰਾਂ ਦੀ ਵਾਜਬ ਮੰਗ ਦੇ ਹੱਕ ’ਚ ਨਿੱਤਰਵਾਂ ਸਟੈਂਡ ਲਿਆ। ਇਸ ਘਟਨਾਕਰਮ ਨੂੰ ਭਵਿੱਖ ਦੀ ਇਨਕਲਾਬੀ ਕਿਸਾਨ ਲਹਿਰ ਦੇ ਦੋ ਜੁੜਵੇਂ ਲੜਾਂ (ਖੇਤ ਮਜ਼ਦੂਰਾਂ ਤੇ ਮਾਲਕ ਕਿਸਾਨੀ) ’ਚ ਪਾਟਕਪਾਊ ਮੋੜ ਵਜੋਂ ਟਿਕਦਿਆਂ ਹਾਲਤ ’ਚ ਸਰਗਰਮ ਦਖਲਅੰਦਾਜ਼ੀ ਕੀਤੀ ਗਈ। ਇਸ ਜਥੇਬੰਦੀ ਵੱਲੋਂ ਇੱਕ ਪਾਸੇ, ਖੇਤ ਮਜ਼ਦੂਰਾਂ ਦੀਆਂ ਸਭਨਾਂ ਮੰਗਾਂ ’ਤੇ ਸਮਰਥਨ ਦਾ ਸਪਸ਼ਟ ਪੈਂਤੜਾ ਲਿਆ ਗਿਆ। ਜ਼ਮੀਨ ਦਾ ਹੱਕ ਲੈਣ ਤੇ ਜਬਰ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ ਚੱਲ ਰਹੇ ਸਮੁੱਚੇ ਸੰਘਰਸ਼ ’ਚ ਮੋਹਰੀ ਜੁਝਾਰ ਸ਼ਕਤੀ ਵਜੋਂ ਨਿਭਿਆ ਗਿਆ। ਦੂਜੇ ਪਾਸੇ, ਜਗੀਰੂ ਧਨਾਢਾਂ ਦੇ ਭਰਮਾਊ ਪ੍ਰਚਾਰ ਮਗਰ ਲਾਮਬੰਦ ਹੋਏ ਬਾਕੀ ਮਾਲਕ ਕਿਸਾਨਾਂ ਨੂੰ ਜ਼ਹਿਰੀ ਪ੍ਰਚਾਰ ਦੇ ਅਸਰਾਂ ਤੋਂ ਮੁਕਤ ਕਰਨ ਲਈ ਤੇ ਸਹੀ ਪੈਂਤੜੇ ’ਤੇ ਲਿਆਉਣ ਲਈ ਅਸਰਦਾਰ ਪ੍ਰਚਾਰ ਮੁਹਿੰਮਾਂ ਚਲਾਈਆਂ ਗਈਆਂ ਹਨ। ਮਾਲਕ ਕਿਸਾਨਾਂ ਦੀ ਜਥੇਬੰਦੀ ਹੋਣ ਕਰਕੇ, ਇਸ ਦਾ ਪ੍ਰਭਾਵ ਕਿਸਾਨੀ ਦੀਆਂ ਵੱਖ ਵੱਖ ਪਰਤਾਂ ਤੱਕ ਹੈ। ਅਜਿਹੀ ਗੁੰਝਲਦਾਰ ਹਾਲਤ ’ਚ ਦਰਮਿਆਨੀ ਕਿਸਾਨੀ ਦੀਆਂ ਪਛੜੀਆਂ ਪਰਤਾਂ ਦਾ ਭੋਰਾ ਭਰ ਵੀ ਦਬਾਅ ਨਾ ਮੰਨਦਿਆਂ, ਬਹੁਤ ਸਪਸ਼ਟ ਜਮਾਤੀ ਸੋਝੀ ਨਾਲ ਖੇਤ ਮਜ਼ਦੂਰਾਂ ਦੀ ਮੰਗ ਦੇ ਹੱਕ ’ਚ ਮਹੀਨਿਆਂ ਬੱਧੀ ਸਰਗਰਮੀ ਕੀਤੀ ਗਈ ਹੈ। ਇਹ ਸਮੁੱਚੀ ਸਰਗਰਮੀ ਇਸ ਦੀਆਂ ਵੱਖ-ਵੱਖ ਪਰਤਾਂ ਤੱਕ ਜ਼ਮੀਨਾਂ ਦੇ ਮੁੱਦੇ ’ਤੇ ਹੋਏ ਪ੍ਰਚਾਰ ਤੇ ਸਰਗਰਮੀਆਂ ਦਾ ਸਿੱਟਾ ਹੈ ਜੀਹਦੇ ਜੋਰ ’ਤੇ ਇਹ ਜਥੇਬੰਦੀ ਇੱਕ ਜਾਨ ਹੋ ਕੇ ਨਿਭ ਸਕੀ ਹੈ। ਇਹਦੀ ਸਰਗਰਮੀ ਸਿਰਫ ਜ਼ਮਹੂਰੀ ਪੈਂਤੜੇ ਤੋਂ ਭਰਾਤਰੀ ਹਿੱਸੇ ’ਤੇ ਹੋਏ ਜਬਰ ਦੀ ਵਿਰੋਧ ਸਰਗਰਮੀ ਤੱਕ ਸੀਮਤ ਨਹੀਂ ਰਹੀ ਹੈ, ਸਗੋਂ ਲਗਭਗ ਆਪਣੀਆਂ ਮੰਗਾਂ ਵਾਂਗ ਹੀ ਨਿਭਾਅ ਕੀਤਾ ਗਿਆ ਹੈ।
ਇਉ ਹੀ ਜਾਗੀਰਦਾਰਾਂ ਤੇ ਸੂਦਖੋਰ ਆੜ੍ਹਤੀਆਂ ਦੇ ਹਿੱਤਾਂ ਨੂੰ ਪ੍ਰਣਾਈਆਂ ਸਿੱਧੂਪੁਰ ਤੇ ਲੱਖੋਵਾਲ ਵਰਗੀਆਂ ਜਥੇਬੰਦੀਆਂ ਨੇ ਆਪਣੇ ਜਮਾਤੀ ਸਿਆਸੀ ਹਿਤਾਂ ਪ੍ਰਤੀ ਵਫਾਦਾਰੀ ਦਾ ਸਬੂਤ ਦਿੰਦਿਆਂ ਪਿੰਡ ਦੇ ਦੋਸ਼ੀ ਧਨਾਢ ਚੌਧਰੀਆਂ ਦੇ ਹੱਕ ’ਚ ਸਟੈਂਡ ਲਿਆ ਹੈ ਤੇ ਪੂਰੀ ਤਰ੍ਹਾਂ ਆਪਣੀਆਂ ਸੇਵਾਵਾਂ ਹਾਜਰ ਕੀਤੀਆਂ ਹਨ। ਪਿੰਡ ਦੇ ਧਨਾਢ ਚੌਧਰੀਆਂ ਨੇ ਕਿਸਾਨਾਂ ਨੂੰ ਆਪਣੇ ਮਗਰ ਲਾਮਬੰਦ ਕਰਨ ਲਈ ਇਹਨਾਂ ਜਥੇਬੰਦੀਆਂ ਦਾ ਆਸਰਾ ਤੱਕਿਆ ਹੈ ਤੇ ਇਹ ਝੱਟ ਹਾਜਰ ਹੋਈਆਂ ਹਨ। ਇਹਨਾਂ ’ਚ ਇੱਕ ਦੂਜੇ ਤੋਂ ਵਧ ਕੇ ਜਗੀਰੂ-ਗੁੰਡਾ ਤੇ ਸਿਆਸੀ ਗੱਠਜੋੜ ਦੀ ਸੇਵਾ ਕਰਨ ਦੀ ਦੌੜ ਲੱਗੀ ਹੈ ਤੇ ਇਹਦੀ ਐਤਕੀਂ ਬਾਜੀ ਪਿਸ਼ੌਰਾ ਸਿੰਘ ਸਿੱਧੂਪੁਰ ਦੀ ਅਗਵਾਈ ਹੇਠਲੀ ਜਥੇਬੰਦੀ ਨੇ ਮਾਰੀ ਹੈ। ਲੱਖੋਵਾਲ ਦੀ ਬਰਾਬਰੀ ਕਰਨ ’ਚ ਰਹੀ ਕਸਰ ਪੂਰੀ ਕਰਨ ਦਾ ਹੱਥ ਆਇਆ ਮੌਕਾ ਉਸ ਨੇ ਸਾਂਭਿਆ ਹੈ। ਇਸ ਜਥੇਬੰਦੀ ਵੱਲੋਂ ਬੀ.ਕੇ.ਯੂ. ਏਕਤਾ (ਉਗਰਾਹਾਂ) ਖਿਲਾਫ ਆਮ ਕਿਸਾਨ ਜਨਤਾ ’ਚ ਜ਼ਹਿਰੀਲੇ ਭੰਡੀ ਪ੍ਰਚਾਰ ਦੀ ਵਿਆਪਕ ਮੁਹਿੰਮ ਹੱਥ ਲਈ ਗਈ ਹੈ ਤੇ ਖੇਤ ਮਜ਼ਦੂਰਾਂ ਨੂੰ ਚਮ੍ਹਲਾਉਣ ਤੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜੇ ਕਰਾਉਣ ਲਈ ਤਿਆਰੀਆਂ ਵਰਗੇ ਝੂਠੇ ਤੇ ਗੁਮਰਾਹਕੁੰਨ ਪ੍ਰਚਾਰ ਦਾ ਝੱਖੜ ਝੁਲਾਇਆ ਗਿਆ ਹੈ। ਜੋਗਿੰਦਰ ਸਿੰਘ ਉਗਰਾਹਾਂ ਦੇ ਪੁਤਲੇ ਸਾੜਨ, ਕਿਸਾਨਾਂ ’ਚ ਬਦਨਾਮ ਕਰਨ ਲਈ, ਤੱਥਹੀਣ ਪ੍ਰਚਾਰ ਚਲਾਉਣ ਵਰਗੇ ਹੋਛੇ ਹੱਥਕੰਡਿਆਂ ਦਾ ਸਹਾਰਾ ਲਿਆ ਗਿਆ ਹੈ। ਬੀ.ਕੇ.ਯੂ. ਸਿੱਧੂਪੁਰ ਵੱਲੋਂ ਕੁੱਝ ਸਮਾਂ ਪਹਿਲਾਂ ਵੀ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ’ਚ ਪਾਟਕ ਪਾਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਨਰਮਾ ਮੁਆਵਜਾ ਘੋਲ ਸਮੇਂ ਵੀ ਇਸ ਵੱਲੋਂ ਖੇਤ ਮਜ਼ਦੂਰਾਂ ਨੂੰ ਮੁਆਵਜੇ ਦੀ ਮੰਗ ਦੇ ਵਿਰੋਧ ’ਚ ਲਾਮਬੰਦ ਕਰਕੇ, ਕਿਸਾਨਾਂ-ਖੇਤ ਮਜ਼ਦੂਰਾਂ ’ਚ ਪਾਟਕ ਪਾ ਕੇ ਸੰਘਰਸ਼ ਨੂੰ ਕਮਜੋਰ ਕਰਦਿਆਂ ਬਾਦਲ ਹਕੂਮਤ ਦੀ ਸੇਵਾ ’ਚ ਭੁਗਤਿਆ ਗਿਆ ਸੀ। ਕਿਸਾਨਾਂ ਦੀ ਅਗਵਾਈ ਕਰਦੀਆਂ ਜਥੇਬੰਦੀਆਂ ਖਿਲਾਫ ਹੀ ਕਿਸਾਨਾਂ ’ਚ ਮਹੌਲ ਬਣਾਉਣ ਦਾ ਯਤਨ ਕੀਤਾ ਗਿਆ ਸੀ। ਇਸ ਵੱਲੋਂ ਪਿੰਡ ਦੇ ਜਗੀਰੂ ਧਨਾਢਾਂ ਦੀ ਹਮਾਇਤ ’ਚ ਨਿੱਤਰਦਿਆਂ ਆਪਣੇ ਜਮਾਤੀ ਸਿਆਸੀ ਮਕਸਦਾਂ ਦੀ ਨੁਮਾਇਸ਼ ਲਾਈ ਗਈ ਹੈ। ਮਾਲਕ ਜੱਟ ਕਿਸਾਨੀ ’ਚ ਮੌਜੂਦ ਜਾਤਪਾਤੀ ਤੁਅੱਸਬਾਂ ਨੂੰ ਹਵਾ ਦੇਣ ਦੇ ਹਾਕਮ ਜਮਾਤੀ ਪੈਂਤੜੇ ਦੀ ਸੇਵਾ ’ਚ ਭੁਗਤਿਆ ਗਿਆ ਹੈ। ਜ਼ਮੀਨ ਦਾ ਵਾਜਬ ਤੇ ਕਾਨੂੰਨੀ ਹੱਕ ਮੰਗ ਰਹੇ ਖੇਤ ਮਜ਼ਦੂਰਾਂ ਨੂੰ ਜਮੀਨਾਂ ਵੱਲ ਝਾਕਣ ਦੀ ਆਸ ਨਾ ਕਰਨ ਦੇ ਐਲਾਨ ਕੀਤੇ ਗਏ ਹਨ। ਇਉ ਪੂਰੀ ਤਰ੍ਹਾਂ ਪੇਂਡੂ ਧਨਾਢ ਜ਼ਿਮੀਦਾਰਾਂ ਤੇ ਜਗੀਰਦਾਰਾਂ ਦੇ ਹਿਤਾਂ ਦੀ ਸੇਵਾ ’ਚ ਭੁਗਤਣ ਦਾ ਹਕੂਮਤ ਵੱਲੋਂ ਸਰਟੀਫਿਕੇਟ ਹਾਸਲ ਕੀਤਾ ਗਿਆ ਹੈ।
ਇਸ ਸੰਘਰਸ਼ ਰਾਹੀਂ ਵੀ ਪੰਜਾਬ ਦੀ ਕਿਸਾਨਾਂ ਦੀ ਲਹਿਰ ਅੰਦਰ ਜਮਾਤੀ ਕਤਾਰਬੰਦੀ ਉਘਾੜਨ ਦਾ ਇੱਕ ਹੋਰ ਗੇੜ ਚੱਲਿਆ ਹੈ। ਇਸ ਨੇ ਇੱਕ ਪਾਸੇ ਦਲਿਤ ਖੇਤ ਮਜ਼ੂਦੂਰਾਂ, ਗਰੀਬ ਤੇ ਬੇਜ਼ਮੀਨੇ ਕਿਸਾਨਾਂ ਦੀ ਸਾਂਝੀ ਇੱਕਜੁੱਟ ਸੰਘਰਸ਼ ਲਹਿਰ ਉਸਾਰੀ ਦੀ ਜ਼ਰੂਰਤ ਨੂੰ ਉਘਾੜ ਦਿੱਤਾ ਹੈ ਤੇ ਦੂਜੇ ਪਾਸੇ ਇਸ ਲਹਿਰ ਦਾ ਚੋਟ ਨਿਸ਼ਾਨਾ ਬਣਨ ਵਾਲੇ ਪੇਂਡੂ ਜਗੀਰੂ ਧਨਾਢਾਂ, ਸੂਦਖੋਰ ਆੜ੍ਹਤੀਆਂ ਤੇ ਜਗੀਰਦਾਰਾਂ ਦੇ ਲੁਟੇਰੇ ਜਾਬਰ ਇਰਾਦਿਆਂ ਨੂੰ ਵੀ ਪੂਰੀ ਤਰ੍ਹਾਂ ਨਸ਼ਰ ਕਰ ਦਿੱਤਾ ਹੈ। ਕਿਸਾਨ ਲੀਡਰਾਂ ਦੇ ਭੇਸ ’ਚ ਛੁਪੇ ਇਹਨਾਂ ਲੁਟੇਰੀਆਂ ਤੇ ਜਾਬਰ ਜਮਾਤਾਂ ਦੇ ਨੁਮਾਇੰਦਿਆਂ ਨੂੰ ਵੀ ਆਪਣੇ ਬੁਰਕੇ ਲਾਹੁਣ ਲਈ ਮਜ਼ਬੂਰ ਕਰ ਦਿੱਤਾ ਹੈ। ਵੱਖ ਵੱਖ ਲੀਡਰਸ਼ਿੱਪਾਂ ਆਪਣੇ ਹਕੀਕੀ ਜਮਾਤੀ ਅਧਾਰ ਦੀ ਸੇਵਾ ’ਚ ਜੁਟੀਆਂ ਦਿਖੀਆਂ ਹਨ ਤੇ ਉਸ ਨੂੰ ਪੱਕੇ ਪੈਰੀਂ ਕਰਨ ਲਈ ਸਰਗਰਮ ਹੋਈਆਂ ਹਨ। ਖੇਤ ਮਜ਼ਦੂਰ ਸੰਘਰਸ਼ ਦੇ ਹਵਾਲੇ ਨਾਲ ਪੰਜਾਬ ਦੀ ਮਾਲਕ ਕਿਸਾਨੀ ਦੀ ਲਹਿਰ ’ਚ ਇਹ ਇੱਕ ਚੰਗਾ ਘਟਨਾ ਵਿਕਾਸ ਹੈ ਜੋ ਗੁੰਝਲਦਾਰ ਹਾਲਤਾਂ ’ਚੋਂ ਗੁਜ਼ਰ ਰਿਹਾ ਹੈ।
No comments:
Post a Comment