ਚੋਣਾਂ ਦੌਰਾਨ ਮਾਝੇ ’ਚ ਕਿਸਾਨ ਮੁੱਦਿਆਂ ਦੀ ਗੂੰਜ
- ਪੱਤਰ ਪ੍ਰੇਰਕ
ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠਲੀ ਕਿਸਾਨ ਸੰਘਰਸ਼ ਕਮੇਟੀ ਮਾਝਾ ਖੇਤਰ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜਿਲ੍ਹੇ ਦੇ ਕੁੱਝ ਚੋਣਵੇਂ ਇਲਾਕਿਆਂ ਅੰਦਰ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਮੰਗਾਂ ਮਸਲਿਆਂ ਨੂੰ ਲੈ ਕੇ ਸੰਘਰਸ਼ਾਂ ਦੇ ਪਿੜ ’ਚ ਰਹਿ ਰਹੀ ਹੈ। ਪਿਛਲੇ ਸਤੰਬਰ ਅਤੇ ਦਸੰਬਰ ਮਹੀਨੇ ਇਸ ਨੇ ਦੋ ਮੋਰਚੇ ਲਾਏ ਹਨ ਅਤੇ ਖਾੜਕੂ ਕਿਸਾਨ, ਮਜ਼ਦੂਰ ਜਨਤਕ ਤਾਕਤ ਦੇ ਸਿਰ ’ਤੇ ਕੁੱਝ ਮਹੱਤਵਪੂਰਨ ਮੰਗਾਂ ਮੰਨਵਾਉਣ ’ਚ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਮੋਰਚੇ ਦੇ ਪਹਿਲੇ ਦਿਨ 19 ਸਤੰਬਰ ਨੂੰ ਡੀ.ਸੀ. ਦਫਤਰ ਦਾ 4 ਘੰਟੇ ਘਿਰਾਓ ਕੀਤਾ ਗਿਆ। 22 ਸਤੰਬਰ ਨੂੰ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਪੁਲਸੀ ਨਾਕੇ ਤੋੜ ਕੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਏ ਦੀ ਕੋਠੀ ਦਾ ਘਿਰਾਓ ਕੀਤਾ। 25 ਸਤੰਬਰ ਨੂੰ ਕਿਸਾਨਾਂ ਮਜ਼ਦੂਰਾਂ ਦੇ ਭਾਰੀ ਇਕੱਠ ਨੇ ਅੰਮ੍ਰਿਤਸਰ ਵਿਚ ਦਿੱਲੀ-ਅੰਮ੍ਰਿਤਸਰ ਅਤੇ ਜੰਮੂ-ਅੰਮ੍ਰਿਤਸਰ ਰੇਲਵੇ ਮਾਰਗ 7 ਘੰਟੇ ਜਾਮ ਰੱਖਿਆ। ਅੰਤ ਉਚ ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਕੁੱਝ ਮੰਗਾਂ ’ਤੇ ਪ੍ਰਵਾਨਗੀ ਹੋਈ ਬਾਕੀਆਂ ’ਤੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਰੇਲ ਟਰੈਕ ਖਾਲੀ ਕਰਕੇ ਧਰਨਾ ਜਾਰੀ ਰੱਖਿਆ ਗਿਆ। ਅਗਲੇ ਦਿਨਾਂ ’ਚ ਮੰਗਾਂ ਲਾਗੂ ਕਰਨ ਲਈ ਅਧਿਕਾਰੀਆਂ ਦੀ ਟਾਲਮਟੋਲ ਸਾਹਮਣੇ ਆਈ। ਇੱਕ ਅਕਤੂਬਰ ਨੂੰ ਬਾਰਡਰ ’ਤੇ ਬਣੀ ਤਣਾਅਪੂਰਨ ਹਾਲਤ ਦੇ ਮੱਦੇਨਜ਼ਰ ਉਚ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮੋਰਚਾ ਅੱਗੇ ਪਾਉਣ ਲਈ ਕਿਹਾ ਜਿਸ ਨੂੰ ਗੈਰ-ਵਾਜਬ ਮੰਗ ਸਮਝ ਕੇ ਠੁਕਰਾ ਦਿੱਤਾ ਗਿਆ ਅਤੇ 2 ਅਕਤੂਬਰ ਨੂੰ ਅੰਮ੍ਰਿਤਸਰ ਸ਼ਹਿਰ ਦੁਆਲੇ ਪੁਲਸ ਫੋਰਸ ਦੀ ਭਾਰੀ ਨਾਕਾਬੰਦੀ ਨੂੰ ਚੀਰਦੇ ਹੋਏ ਸੈਂਕੜੇ ਕਿਸਾਨ ਮਰਦ ਔਰਤਾਂ ਨੇ ਡੀ.ਸੀ. ਦਫਤਰ ਧਰਨਾ ਮਾਰਿਆ। ਅੰਤ ਹੋਈ ਮੀਟਿੰਗ ਵਿਚ ਝੋਨੇ ਦੀ ਫਸਲ ਦੀ ਖਰੀਦ ਲਈ 26050 ਕਰੋੜ ਕੇਂਦਰ ਕੋਲੋਂ ਲਿਮਿਟ ਦੇ ਰੂਪ ਵਿਚ ਜਾਰੀ ਕਰਵਾਉਣ, 21 ਫਰਵਰੀ 2014 ਨੂੰ ਲਾਠੀਚਾਰਜ ਦੌਰਾਨ 54 ਜਖਮੀਆਂ ਦਾ ਰਹਿੰਦਾ 25-25 ਹਜਾਰ ਰੁਪਏ ਦਾ ਬਕਾਇਆ ਅਤੇ ਸੰਦਾਂ ਦੀ ਭੰਨ-ਤੋੜ ਦੇ 4 ਲੱਖ ਰੁਪਏ, ਪੁਲਸ ਕੇਸ ਵਾਪਸ ਕਰਵਾਏ, 60,000 ਰੁਪਏ ਆਮਦਨ ਵਾਲੇ ਹਰੇਕ ਵਿਅਕਤੀ ਦਾ ਨੀਲਾ ਕਾਰਡ ਅਤੇ ਫਿਰੋਜਪੁਰ ਦੇ ਹੜ੍ਹ ਪੀੜਤਾਂ ਨੂੰ 9 ਕਰੋੜ ਰਾਸ਼ੀ ਦੀ ਅਦਾਇਗੀ ਸਮਾਂ-ਬੱਧ ਕਰਵਾਈ।
ਦਸੰਬਰ ਦਾ ਤਰਨ ਤਾਰਨ ਮੋਰਚਾ 12 ਦਸੰਬਰ ਤੋਂ 21 ਦਸੰਬਰ ਤੱਕ ਚੱਲਿਆ। ਇਸ ਮੋਰਚੇ ਦੌਰਾਨ ਕਿਸਾਨਾਂ ਮਜਦੂਰਾਂ ਦੇ ਕਰਜੇ, ਖੁਦਕੁਸ਼ੀਆਂ, ਗੰਨੇ ਦੀ ਅਦਾਇਗੀ, ਸਸਤੀ ਘਰੇਲੂ ਬਿਜਲੀ, ਮਜ਼ਦੂਰਾਂ ਨੂੰ 200 ਯੂਨਿਟ ਦੀ ਮੁਆਫੀ ਅਤੇ ਪਿਛਲੇ ਬਕਾਏ ਰੱਦ ਕਰਨ ਦੀਆਂ ਮੰਗਾਂ ਤੋਂ ਇਲਾਵਾ ਪਾਵਰ ਕੌਮ ਨਾਲ ਸਬੰਧਤ ਮੰਗਾਂ ਅਤੇ ਨੋਟਬੰਦੀ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਹੋਏ ਨੁਕਸਾਨ ਆਦਿ ਮਸਲਿਆਂ ਨੂੰ ਉਭਾਰਿਆ ਗਿਆ ਅਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਦੌਰਾਨ 12 ਦਸੰਬਰ ਨੂੰ ਡੀ ਸੀ. ਦਫਤਰ ਅੱਗੇ ਧਰਨਾ ਲਾਇਆ ਗਿਆ। 19, 20, 21 ਦਸੰਬਰ ਨੂੰ ਤਰਨਤਾਰਨ ਫਿਰੋਜ਼ਪੁਰ ਸੜਕ ਜਾਮ ਰੱਖਿਆ। ਇਸ ਮੋਰਚੇ ਰਾਹੀਂ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ 25 ਲੱਖ ਰਿਲੀਜ ਕਰਵਾਇਆ, ਸ਼ਹੀਦ ਸੁਰਜੀਤ ਸਿੰਘ ਛੀਨਾ ਦੇ ਪਰਿਵਾਰ ਲਈ 3 ਲੱਖ ਦਾ ਮੁਆਵਜਾ, ਰੇਲਵੇ ਪੁਲਸ ਕੇਸ ਵਾਪਸ ਕਰਵਾਏ ਅਤੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ‘ਸੋਨਾ’ ਕੰਪਨੀ ਵੱਲੋਂ ਕਿਸਾਨਾਂ ਅਤੇ ਖਾਲਾਂ/ਪਹਿਆਂ ਦੀ 32 ਏਕੜ ਧੱਕੇ ਨਾਲ ਦੱਬੀ ਹੋਈ ਜਮੀਨ ਦੀ ਨਿਸ਼ਾਨਦੇਹੀ ਕਰਵਾਈ ਜਿਸ ਨੂੰ ਛਡਵਾਉਣ ਅਤੇ ਪ੍ਰਾਪਤ ਕਰਨ ਦਾ ਕੰਮ ਅਜੇ ਰਹਿੰਦਾ ਹੈ, ਖੇਤੀ ਟਿਊਬਵੈਲ ਬੋਰ ਨੂੰ 3 ਕਿੱਲੇ ਦੇ ਵਿਚ ਵਿਚ ਬਗੈਰ ਖਰਚੇ ਤੋਂ ਬਦਲਣ ਲਈ ਮੋਹਲਤ ਹਾਸਲ ਕੀਤੀ ਅਤੇ ਬੋਰ ਦਾ ਸਮਾਨ ਮਹਿੰਗੇ ਭਾਅ ਪਾਵਰਕੌਮ ਤੋਂ ਖਰੀਦਣ ਦੀ ਸ਼ਰਤ ਰੱਦ ਕਰਵਾਈ। ਪਿੱਦੀ ਪਿੰਡ ਦੇ ਮਜਦੂਰਾਂ ਨੂੰ ਸੜਕ ਚੌੜੀ ਕਰਨ ਅਤੇ ਟੋਲ-ਪਲਾਜ਼ਾ ਉਸਾਰਨ ਖਾਤਰ ਕਬਜ਼ੇ ’ਚ ਕੀਤੀ ਜ਼ਮੀਨ ਦਾ ਮੁਆਵਜਾ ਦੁਆਇਆ।
ਅਸੈਂਬਲੀ ਚੋਣਾਂ ਦੇ ਦਿਨਾਂ ’ਚ ਕਿਸਾਨ ਇਕੱਠਾਂ ’ਚ ਉਹਨਾਂ ਨੂੰ ਵੋਟ ਪਾਰਟੀਆਂ ਦੇ ਝਾਂਸੇ ’ਚ ਆਉਣ ਦੀ ਬਜਾਏ ਆਪਣੇ ਸੰਘਰਸ਼ਾਂ ’ਤੇ ਟੇਕ ਰੱਖਣ ਲਈ ਪ੍ਰੇਰਿਆ ਅਤੇ ਚੋਣ ਪ੍ਰਕਿਰਿਆ ਵਿੱਚ ਨੋਟਾ ਦੇ ਬਟਨ ਦੀ ਇਜ਼ਾਜਤ ਨੂੰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਪ੍ਰਤੀ ਗੁੱਸੇ ’ਤੇ ਠੰਢਾ ਛਿੜਕਣ ਦੇ ਮਕਸਦ ਨਾਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਇਸਨੂੰ ਬੁੱਢੇ ਢਾਂਡੇ ਦੇ ਤੁਲ ਬਿਆਨ ਕੀਤਾ ਜਿਸ ਨੂੰ ਨਕਾਰਾ ਸਮਝ ਕੇ ਕਿੱਲੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ।
ਇਹਨਾਂ ਹੀ ਦਿਨਾਂ ’ਚ ਮਖੂ ਦੇ ਬਸਤੀ ਨਾਮਦੇਵ ਦੇ ਆਬਾਦਕਾਰਾਂ ਵੱਲੋਂ 106 ਏਕੜ ਆਬਾਦ ਕੀਤੀ ਅਤੇ 60 ਸਾਲਾਂ ਤੋਂ ਕਾਬਜ ਜ਼ਮੀਨ ’ਤੇ ਮੁਰੱਬਾਬੰਦੀ ਤੋਂ ਬਾਅਦ ਹੋਏ ਪੰਚਾਇਤੀ ਕਬਜੇ ਨੂੰ ਛੁਡਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਇਸ ਦੌਰਾਨ ਆਬਾਦਕਾਰਾਂ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਮੜ੍ਹੇ ਝੂਠੇ ਪੁਲਸ ਕੇਸਾਂ ਖਿਲਾਫ ਮਖੂ ਥਾਣੇ ਅੱਗੇ ਧਰਨਾ ਮਾਰਿਆ ਅਤੇ 16 ਫਰਵਰੀ ਨੂੰ ਹਰੀਕੇ ਪੱਤਣ ਸੜਕ ਜਾਮ ਕੀਤਾ।
ਇਹਨਾਂ ਦਿਨਾਂ ’ਚ ਸੰਘਰਸ਼ ਕਮੇਟੀ ਮੋਦੀ ਸਰਕਾਰ ਦੀ ਕਣਕ ਦਰਾਮਦ ਕਰਨ ਅਤੇ ਖੇਤੀ ਮੰਡੀ ਨੂੰ ਪੂਰੇ ਸੂਰੇ ਰੂਪ ’ਚ ਨਿੱਜੀ ਹੱਥਾਂ ’ਚ ਦੇਣ ਦੀ ਤਿਆਰੀ ਦੇ ਖਿਲਾਫ 29 ਮਾਰਚ ਤੋਂ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ਦੀ ਤਿਆਰੀ ’ਚ ਜੁਟੀ ਹੋਈ ਹੈ। ਇਸ ਵਡੇਰੇ ਮਸਲੇ ਦੇ ਹੱਲ ਲਈ ਕਿਸਾਨ ਸੰਘਰਸ਼ ਕਮੇਟੀ, ਕਿਸਾਨ ਧਿਰਾਂ ਦੇ ਸਾਂਝੇ ਸੰਘਰਸ਼ ਦੀ ਲੋੜ ਮਹਿਸੂਸ ਕਰਦੀ ਹੋਈ ਇਸ ਵਾਸਤੇ ਯਤਨਸ਼ੀਲ ਹੋਵੇਗੀ ਅਤੇ ਗੈਰ-ਕਿਸਾਨ ਹਿੱਸਿਆਂ ਦੇ ਸਹਿਯੋਗ ਦੀ ਮੰਗ ਵੀ ਕਰੇਗੀ।
No comments:
Post a Comment