ਲੋਕ ਪੱਖੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ
ਇਨਕਲਾਬੀ ਜਮਹੂਰੀ ਧਿਰਾਂ ਨੇ ਅੱਜ ਮੌੜ ਬੰਬ ਧਮਾਕੇ ਦੀ ਪੁਲੀਸ ਤਫ਼ਤੀਸ਼ ’ਤੇ ਉਂਗਲ ਚੁੱਕੀ ਹੈ। ਪੁਲੀਸ ਵੱਲੋਂ ਮੌੜ ਬੰਬ ਧਮਾਕੇ ਸਬੰਧੀ ਪੁੱਛਗਿੱਛ ਲਈ ਇੱਕ ਇਨਕਲਾਬੀ ਆਗੂ ਹਿਰਾਸਤ ਵਿੱਚ ਲੈਣ ਤੋਂ ਇਹ ਧਿਰਾਂ ਖ਼ਫ਼ਾ ਹਨ। ਜਮਹੂਰੀ ਧਿਰਾਂ ਨੇ ਪੁਲੀਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਮੌੜ ਧਮਾਕੇ ਦੇ ਮਾਮਲੇ ਵਿਚ ਸ਼ੱਕ ਦੀ ਸੂਈ ਅਸਲ ਦੋਸ਼ੀਆਂ ਦੀ ਥਾਂ ਇਨਕਲਾਬੀ ਧਿਰਾਂ ਵੱਲ ਕੀਤੀ ਤਾਂ ਉਹ ਜਨਤਕ ਸੰਘਰਸ਼ ਵਿੱਢਣਗੇ। ਇਨ੍ਹਾਂ ਧਿਰਾਂ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪੁਲੀਸ ਨੇ ਮੌੜ ਬੰਬ ਧਮਾਕੇ ਦੇ ਸਬੰਧ ਵਿਚ ਲੋਕ ਸੰਗਰਾਮ ਮੰਚ ਬਠਿੰਡਾ ਦੇ ਵਰਕਰ ਸੁਖਮੰਦਰ ਸਿੰਘ ਨੂੰ ਘਰੋਂ ਚੁੱਕ ਕੇ ਸੀਆਈਏ ਸਟਾਫ਼ ਬਠਿੰਡਾ ਵਿੱਚ ਪੁੱਛਗਿੱਛ ਕਰਨ ਦੇ ਨਾਂ ਕਥਿਤ ਤੌਰ ’ਤੇ ਜ਼ਲੀਲ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਇਵੇਂ ਹੀ ਪੁਲੀਸ ਨੇ ਖੱਬੇ ਪੱਖੀ ਬੁੱਧੀਜੀਵੀ ਤੇ ਸੰਪਾਦਕ ਹਰਭਿੰਦਰ ਜਲਾਲ ਦੇ ਰਾਮਪੁਰਾ ਫੂਲ ਸਥਿਤ ਘਰ ਵੀ ਛਾਪਾ ਮਾਰਿਆ ਹੈ। ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ, ਲੋਕਰਾਜ, ਇਨਕਲਾਬੀ ਕੇਂਦਰ ਦੇ ਸੂਬਾ ਆਗੂ ਮੁਖਤਿਆਰ ਪੂਹਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਪੁਲੀਸ ਦੀ ਇਹ ਕਾਰਵਾਈ ਨਿੰਦਣਯੋਗ ਹੈ ਜਦੋਂ ਕਿ ਇਸ ਘਟਨਾ ਲਈ ਬਾਦਲ ਹਕੂਮਤ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਘਟਨਾ ਲਈ ਜ਼ਿੰਮੇਵਾਰ ਅਸਲੀ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ। ਪੁਲੀਸ ਦੇ ਧੱਕੇ ਖ਼ਿਲਾਫ਼ ਲੋੜ ਪੈਣ ’ਤੇ ਜਨਤਕ ਰੋਸ ਲਾਮਬੰਦ ਵੀ ਕੀਤਾ ਜਾਵੇਗਾ।
(ਪੰਜਾਬੀ ਟ੍ਰਿਬਿਊਨ)
No comments:
Post a Comment