ਜਾਤ, ਜਮਾਤ, ਜ਼ਮੀਨ ਅਤੇ ਜ਼ਮੀਰ ਦੇ ਸੁਆਲ ਬਾਰੇ
ਸੰਜੀਦਾ ਸੰਵਾਦ ਛੇੜਦੀ ਫ਼ਿਲਮ ‘ਚੰਮ’
-ਅਮੋਲਕ ਸਿੰਘ
‘ਆਪਣਾ ਪਾਸ਼’, ‘ਆਤੂ ਖੋਜੀ’ ਅਤੇ ‘ਨਾਬਰ’ ਫ਼ਿਲਮਾਂ ਦੀ ਸਫ਼ਲ ਨਿਰਦੇਸ਼ਨਾ ਦੀ ਲੜੀ ਉਪਰੰਤ ਫ਼ਿਲਮਸਾਜ਼ ਰਾਜੀਵ ਦੁਆਰਾ ਨਿਰਦੇਸ਼ਤ ਸੱਜਰੀ ਫ਼ਿਲਮ ‘ਚੰਮ’, ਸਾਡੇ ਚੌਗਿਰਦੇ ’ਚ ਪਰਿਕਰਮਾ ਕਰਦੇ ਦਰਸ਼ਨ, ਰਾਜਨੀਤੀ, ਆਰਥਕ, ਸਮਾਜਕ, ਸਭਿਆਚਾਰਕ, ਮਨੋਵਿਗਿਆਨਕ ਅਤੇ ਕਲਾ ਜਗਤ ਅੰਦਰ ਮਘਦੇ ਭਖ਼ਦੇ ਸੁਆਲਾਂ ਬਾਰੇ ਸੰਜੀਦਾ, ਮੁੱਲਵਾਨ ਸੰਵਾਦ ਛੇੜੇਗੀ।
ਇਸ ਫ਼ਿਲਮ ਦਾ ਕੌਮਾਂਤਰੀ ਕੈਨਜ਼ ਫ਼ਿਲਮ ਉਤਸਵ ਵਿੱਚ 22 ਤੋਂ 28 ਮਈ ਦਰਮਿਆਨ 2017 ਸ਼ਾਰਟ ਫ਼ਿਲਮ ਕਾਰਨਰ ਲਈ ਚੁਣੇ ਜਾਣਾ ਲੋਕ-ਪੱਖੀ ਕਲਾ ਸੰਸਾਰ ਨਾਲ ਜੁੜੇ ਵਡੇਰੇ ਪਰਿਵਾਰ ਲਈ ਮਾਣਮੱਤੀ ਖ਼ਬਰ ਹੈ।
ਮਾਨਵੀ ਇਤਿਹਾਸ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਤੰਦਾਂ ਦੀ ਤ੍ਰਿਵੈਣੀ ਨਾਲ ਜੁੜੇ ਜਾਤ ਅਤੇ ਜਮਾਤ ਦੇ ਅਹਿਮ ਸੁਆਲਾਂ ਉਪਰ ਸਾਰਥਕ ਚਿੰਤਨ, ਕੇਂਦਰਤ ਕਰੇਗੀ। ਫ਼ਿਲਮ ‘ਚੰਮ’ ਉਸ ਤਿੱਖੇ ਦੌਰ ਅੰਦਰ ਪੈਰ ਧਰਾ ਕਰ ਰਹੀ ਹੈ ਜਦੋਂ ਜਾਤ-ਪਾਤ, ਫ਼ਿਰਕੇ, ਧਰਮ ਆਦਿ ਦੇ ਅਧਾਰ ’ਤੇ ਸਮਾਜ ਅੰਦਰ ਧੌਂਸ ਜਗਾਉਣ ਅਤੇ ਅੰਨੇ੍ਹ ਕੌਮਵਾਦ ਦੇ ਝੱਖੜ ਝੁਲਾਉਣ ਦਾ ਕੁਕਰਮ ਨਿਰਭੈ ਹੋ ਕੇ ਜੋਰ-ਸ਼ੋਰ ਨਾਲ ਚੱਲ ਰਿਹਾ ਹੈ। ਅਜੇਹੀ ਕੁਲੈਹਣੀ ਰੁੱਤ ਅੰਦਰ ਫ਼ਿਲਮ ‘ਚੰਮ’, ਅਸਲ ਲੋਕ-ਸਰੋਕਾਰਾਂ ਅਤੇ ਵਿਗਿਆਨਕ-ਜਮਾਤੀ ਨਜ਼ਰੀਏ ਭਰੇ ਸੁਲੱਖਣੇ ਮੌਸਮ ਦਾ ਨਵਾਂ ਗੀਤ ਛੇੜੇਗੀ।
ਫਿਲਮ ਦੀ ਪਿੱਠ ਭੂਮੀ ਵਿੱਚ ਗੁਰੂ ਰਵਿਦਾਸ, ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਫਲਸਫ਼ੇ ਨੂੰ ਸਮਾਂ, ਸਥਾਨ ਅਤੇ ਹਾਲਾਤ ਦੇ ਚੌਖਟੇ ਵਿੱਚ ਰੱਖਦਿਆਂ, ਵਿਗਿਆਨਕ ਕਸਵੱਟੀ ’ਤੇ ਪਰਖਦਿਆਂ ਬਹੁਤ ਹੀ ਸੰਤੁਲਤ ਅਤੇ ਢੁਕਵੇਂ ਅੰਦਾਜ਼ ’ਚ ਅਮੀਰ ਤੱਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ‘ਬੇਗਮਪੁਰਾ’, ‘ਜਮੀਨ ਦੀ ਵੰਡ’ ਅਤੇ ‘ਸਮਾਜਕ ਬਰਾਬਰੀ’ ਦੀ ਬਹੁ-ਪੜਾਵੀ ਜੱਦੋ-ਜਹਿਦ ਨੂੰ ਠੋਸ ਮੁੱਦਿਆਂ, ਜਨਤਕ ਲਾਮਬੰਦੀ, ਜਨਤਕ ਸੰਗਰਾਮ ਅਤੇ ਜਨਤਕ ਪੁੱਗਤ ਦੀ ਸਥਾਪਤੀ ਕਰਨ ਵੱਲ ਵਿਸ਼ੇਸ਼ ਧਿਆਨ ਖਿੱਚਣਾ ਫ਼ਿਲਮ ਦਾ ਹਾਸਲ ਹੈ।
ਬੇਗਮਪੁਰਾ ਸ਼ਹਿਰ ਕੇ ਨਾਓ... ਦੇ ਸ਼ਬਦ ਨਾਲ ਪਰਦੇ ਉਪਰ ਦਸਤਕ ਦਿੰਦੀ ਫ਼ਿਲਮ ਗਹਿਰੇ ਅਰਥ ਸਿਰਜਦੀ ਹੈ। ਫ਼ਿਲਮ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਟਕਰਾਵੇਂ ਹਿੱਤਾਂ ਨੂੰ ਰੂਪਮਾਨ ਕਰਦੀ ਇਹ ਵਿਸ਼ਵਾਸ਼ ਪਕੇਰਾ ਕਰਦੀ ਹੈ ਕਿ ਸਾਧਨ ਵਿਹੁਣੇ, ਕਮਾਊ ਲੋਕ ਹੀ ਅਸਲ ’ਚ ਸਮਾਜ ਦੇ ਸਿਰਜਣਹਾਰੇ ਹਨ। ਜਦੋਂ ਇਹਨਾਂ ਦੇ ਮੱਥੇ ਦੀ ਲੋਅ ਕੰਮੀਆਂ ਵਿਹੜੇ ਰੌਸ਼ਨੀ ਕਰਦੀ ਹੈ ਤਾਂ ਡਾਢਿਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ।
ਏ.ਧੀਰ ਅਤੇ ਨਾਬਰ ਫ਼ਿਲਮ ਪ੍ਰੋਡਕਸ਼ਨ ਦੀ ਫ਼ਿਲਮ ‘ਚੰਮ’ ਭਗਵੰਤ ਰਸੂਲਪੁਰੀ ਅਤੇ ਡਾ. ਸੁਖਪ੍ਰੀਤ ਸੁੱਖ ਦੀਆਂ ਕਹਾਣੀਆਂ ਉਪਰ ਅਧਾਰਤ ਹੈ ਅਤੇ ਇਸਦੀ ਪਟਕਥਾ ’ਚ ਨਵੀਂ ਰੂਹ ਫੂਕਣ ਦਾ ਕਾਰਜ ਸੁਰਿੰਦਰ ਦੀ ਮਿਹਨਤ ਸੰਗ ਹੋਇਆ ਮੂੰਹੋਂ ਬੋਲਦਾ ਹੈ।
ਰਾਜੀਵ ਦੀ ਨਿਰਦੇਸ਼ਨਾ, ਕੈਮਰਾਮੈਨ ਸੋਨੇਸ਼ਵਰ ਦੇ ਕੈਮਰੇ ਦੀ ਉੱਡਦੀਆਂ ਫੜਦੀ ਅੱਖ ਅਤੇ ਹਥਲੇ ਸਮੀਖਿਆਕਾਰ ਦੀ ਕਲਮ ਤੋਂ ਲਿਖੇ ਗੀਤ ‘ਸਾਂਝਾ ਚੁੱਲ੍ਹਾ, ਸਾਂਝੀ ਖੇਤੀ, ਸਾਂਝੇ ਨਗਰ ਵਸਾਵਾਂਗੇ’ ਅਤੇ ‘ਤੋੜਕੇ ਸ਼ਿਕਾਰੀਆਂ ਦੇ ਜਾਲ ਨੂੰ ਅੰਬਰਾਂ ਨੂੰ ਉਡ ਚੱਲੀਏ’ ਫ਼ਿਲਮ ’ਚ ਸੰਗੀਤਕ ਪਰਵਾਜ਼ ਭਰਦੇ ਹਨ।
ਮਰੇ ਪਸ਼ੂਆਂ ਦੀਆਂ ਖੱਲਾਂ ਲਾਹੁਣ ਦੇ ਜੱਦੀ ਪੁਸ਼ਤੀ ਕਿੱਤੇ ਨਾਲ ਜੁੜੇ ਪਰਿਵਾਰ ਦੁਆਲੇ ਘੁੰਮਦੀ ਫ਼ਿਲਮ ਦੀ ਕਹਾਣੀ ਅਸਲ ’ਚ ਦੱਬੇ ਕੁਚਲੇ ਸਮਾਜ ਦੀ ਕਹਾਣੀ ਦਾ ਸ਼ੀਸ਼ਾ ਵਿਖਾਉਂਦੀ ਹੈ। ਮੌਤ ਦੇ ਜਬ੍ਹਾੜਿਆਂ ’ਚ ਪੁੱਜੇ ਪਸ਼ੂਆਂ ਨੂੰ ਵੀ ਬਚਾਉਣ ਲਈ ਜੋਖਮ ਉਠਾਉਣ ਵਾਲੇ, ਆਪਣੀਆਂ ਅੱਖਾਂ ਦੇ ਤਾਰਿਆਂ ਨਾਲੋਂ ਵੀ ਪਸ਼ੂਆਂ ਨੂੰ ਵੱਧ ਮੋਹ ਕਰਨ ਵਾਲੇ ਇਹ ਕਾਮੇਂ ਅੰਦਰੋਂ ਕਿੰਨੇ ਸੂਖਮ, ਸੰਵੇਦਨਸ਼ੀਲ ਹੁੰਦੇ ਹਨ। ਅਜੇਹੀਆਂ ਝਲਕਾਂ ਨਾਲ ਭਰਪੂਰ ਇਹ ਫ਼ਿਲਮ ਧਰਤੀ ਦੀਆਂ ਹਕੀਕਤਾਂ ਨਾਲ ਜੁੜੇ ਵਰਗ ਦੀ ਆਮ ਕਰਕੇ ਅਣਛੋਹੀ ਰਹਿ ਰਹੀ ਕਹਾਣੀ ਪਰਦੇ ਉਪਰ ਉਤਾਰਦੀ ਹੈ।
ਫਿਲਮ ’ਚ ਇੱਕ ਘਰ, ਪੂਰੇ ਸਮਾਜ ਦਾ, ਇਕ ਪਿੰਡ, ਪੂਰੇ ਮੁਲਕ ਦਾ ਦਰਪਣ ਪੇਸ਼ ਕਰਦਾ ਹੈ। ਪਿੰਡ ’ਚ ਸਰਪੰਚੀ ਦੀ ਚੋਣ ਦਾ ਅਖਾੜਾ ਮਘਦਾ ਹੈ। ਹਾਕਮ ਅਤੇ ਨਛੱਤਰ, ਸਰਪੰਚੀ ਜਿੱਤਣ ਲਈ ਆਮ ਲੋਕਾਂ ਨੂੰ ਆਪੋ ਆਪਣੀ ਜੇਬ ’ਚ ਪਾਈ ਵੋਟ-ਪਰਚੀ ਸਮਝਕੇ ਬਲ ਅਤੇ ਛਲ ਦੇ ਵੰਨ-ਸੁਵੰਨੇ ਦਾਅ ਖੇਡਦੇ ਹਨ। ਹਾਕਮ ਅਤੇ ਨਛੱਤਰ ਉਪਰੋਂ ਭਾਵੇਂ ਇਕ ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਪ੍ਰਤੀਤ ਹੁੰਦੇ ਹਨ ਪਰ ਇਹਨਾਂ ਦੇ ਜਮਾਤੀ ਹਿੱਤ ਸਾਂਝੇ ਹਨ। ਆਪਣੇ ਅਮਲ ਪੱਖੋਂ ਦੋਵੇਂ ਦੁੱਧ ਧੋਤੇ ਨਹੀਂ। ਚੋਣ, ਪਿੰਡ ’ਚ ਵੰਡੀਆਂ ਪਾਉਣ, ਪਰਿਵਾਰਾਂ ਦੇ ਜੀਆਂ ਅੰਦਰ ਵੀ ਇੱਕ ਦੂਜੇ ਪ੍ਰਤੀ ਕੁੜੱਤਣ ਭਰਨ ਅਤੇ ਪਾੜਨ ਦਾ ਕੰਮ ਕਰਦੀ ਹੈ। ਸਰਪੰਚ ਦੀ ਚੋਣ ਲੜਨ ਵਾਲੇ ਧੜਿਆਂ ਦੀਆਂ ਡੋਰਾਂ ਦੇ ਤੁਣਕੇ ਮਾਰਨ ਦੇ ਅਧਿਕਾਰ ਕਿਵੇਂ ਹਾਕਮ ਸਿਆਸੀ ਜ਼ੋਰਾਵਰ ਧੜਿਆਂ ਕੋਲ ਰਾਖਵੇਂ ਹਨ। ਫ਼ਿਲਮ ਇਸ ਜਟਿਲ ਪ੍ਰਬੰਧ ਦੇ ਪਿੰਡ ਤੋਂ ਚੱਲਕੇ ਮੁਲਕ ਦੀ ਰਾਜਨੀਤੀ ਦੇ ਸਿਖਰ ਤੱਕ ਜੁੜੇ ਤਾਣੇ-ਬਾਣੇ ਦੀ ਅੰਤਰ ਤਸਵੀਰ ਸਮਝਣ ਲਈ ਦਰਸ਼ਕਾਂ ਅੰਦਰ ਨਵੀਂ ਸੋਚ ਦਾ ਸੰਚਾਰ ਕਰਦੀ ਹੈ।
ਪਿੰਡ ’ਚ ਸਰਪੰਚੀ ਜਿੱਤਕੇ ਹਾਕਮ, ਹੱਡਾਰੋੜੀ ਠੇਕੇ ’ਤੇ ਦੇਣ ਦਾ ਫੈਸਲਾ ਕਰ ਲੈਂਦਾ ਹੈ। ਉਹ ਕੀਪੇ ਦੇ ਅੱਗੇ ਪਿੱਛੇ ਦੋਹਰੇ ਕਿਰਦਾਰ ਦਾ ਨੁਮਾਇਸ਼ ਲਾਉਂਦਾ ਹੈ। ਕਿਸੇ ਨੂੰ ਵੀ ਵੋਟਾਂ ਪਾਉਣ ਤੋਂ ਨਾਬਰ ਹੋਏ ਕੀਪੇ ਨੂੰ ਗੋਡਿਆਂ ਪਰਨੇ ਕਰਨ ਲਈ ਹੱਡਾ ਰੋੜੀ ਦਾ 45,000 ਰੁਪਿਆਂ ਠੇਕਾ ਭਰਨ ਦੇ ਹੁਕਮ ਚਾੜ੍ਹ ਦਿੰਦਾ ਹੈ। ਹੱਡਾਰੋੜੀ ਦਾ ਠੇਕਾ ਭਰਨ ਲਈ ਪੈਸੇ ਇਕੱਠੇ ਕਰਨ ਦੀ ਸਿਰ ਪਈ ਬਿਪਤਾ, ਆਪਣੇ ਪਰਾਏ ਸਭਨਾਂ ਰਿਸ਼ਤਿਆਂ ਦੀ ਹਕੀਕੀ ਨਿਸ਼ਾਨਦੇਹੀ ਕਰਵਾ ਦਿੰਦੀ ਹੈ।
ਕੀਪੇ ਦੇ ਜਾਤੀ, ਸਮਾਜਕ ਭਾਈਚਾਰੇ ’ਚੋਂ ਹੁੰਦਾ ਹੋਇਆ ਹੀ ਖੱਲਾਂ ਦਾ ਆੜ੍ਹਤੀਆ, ਉਧਾਰੇ ਪੈਸੇ ਮੰਗਣ ਗਏ ਕੀਪੇ ਨੂੰ ਹੀ ਉਲਟਾ ਨਸੀਹਤਾਂ ਦੇਣ ’ਤੇ ਉਤਰ ਆਉਂਦਾ ਹੈ, ‘ਦੇਖ ਕੀਪਿਆ ਜਦ ਤੂੰ ਸਰਪੰਚ ਨੂੰ ਵੋਟ ਨੀ ਪਾਈ ਹੁਣ ਉਹਨੇ ਫੇਰ ਹੱਡਾਰੋੜੀ ਤਾਂ ਠੇਕੇ ’ਤੇ ਦੇਣੀ ਹੀ ਸੀ।’ ਨਿੱਕੇ ਭਰਾ ਮੇਵੀ ’ਚ ਵੀ ਕਈ ਉਤਰਾ ਚੜ੍ਹਾਅ ਆਉਂਦੇ ਹਨ ਕਿ ਜੇ ਵੋਟ ਪਾਈ ਹੁੰਦੀ ਤਾਂ ਮੈਨੂੰ ਨੌਕਰੀ ਮਿਲ ਜਾਣੀ ਸੀ। ਉਹਨੂੰ ਗਹਿਰੀ ਰੰਜਸ਼ ਦਾ ਪਾਰਾ ਚੜ੍ਹਦਾ ਹੈ ਕਿ,‘ਵੱਡਾ ਭਰਾ ਕੀਪਾ ਗਿਟਾਰ ਦੇ ਜ਼ਮਾਨੇ ’ਚ ਅਜੇ ਵੀ ਬਾਪੂ ਵਾਲੀ ਸਾਰੰਗੀ ਵਜਾਈ ਜਾਂਦੈ।’ ਭਾਵ ਮਰੇ ਪਸ਼ੂਆਂ ਦਾ ਗੰਦ ਚੁੱਕਣ ਦਾ ਧੰਦਾ ਕਰੀਂ ਜਾਂਦਾ।
ਮੇਵੀ ਨੂੰ ਉਸਦਾ ਇੱਕ ਦੋਸਤ ਸ਼ਹਿਰੀ ਜ਼ਿੰਦਗੀ ਨੌਕਰੀ, ਮਾਲ ਪਲਾਜ਼ਿਆਂ, ਵਟਸ ਐਪ ਅਤੇ ਐਸ਼ੋ ਇਸ਼ਰਤ ਭਰੀ ਜ਼ਿੰਦਗੀ ਜੀਣ ਦੇ ਸੁਪਨੇ ਪੈਗ ’ਚ ਘੋਲਕੇ ਪਿਆਉਂਦਾ ਹੈ।
ਕਰਮੀ ਆਪਣੀ ਦਰਾਣੀ ਲਈ ਪੰਜੀਰੀ ਰਲਾਉਣ ਦਾ ਸਾਰਾ ਓਹੜ ਪੋਹੜ ਕਰਦੀ ਹੈ। ਜਿਸ ਸਰਦਾਰਨੀ ਦੀ ਕੋਠੀ ’ਚ ਉਹ ਕੰਮ ਕਰਦੀ ਹੈ ਉਸਦੀ ਧੀ ਕੋਲੋਂ ਪੁੱਛਕੇ ਦੋ ਚਮਚ ਦੇਸੀ ਘਿਓ ਦੇ ਲੈ ਬਹਿੰਦੀ ਹੈ। ਕੋਠੀ ਤੋਂ ਨਿਕਲਦੀ ਨੂੰ ਗੇਟ ’ਤੇ ਟੱਕਰੀ ਸਰਦਾਰਨੀ, ਉਹਦੇ ਹੱਥ ਘਿਓ ਦੇਖਕੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਕਰਮੀ ਦੀ ਝਾੜ ਝੰਬ ਕਰਦੀ ਹੈ। ਚੋਰਨੀ ਦਾ ਇਲਜ਼ਾਮ ਮੜ੍ਹਦੀ ਹੈ। ‘ਚੋਰਨੀ’ ਸੁਣਨ ਦੇ ਕੌੜੇ ਕੁਸੈਲੇ ਬੋਲ ਕਰਮੀ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਮੁੜ੍ਹਕਾ ਲਿਆ ਦਿੰਦੇ ਹਨ।
ਮਹਿੰਗੇ ਹਸਪਤਾਲਾਂ ਦੇ ਦਮ ਘੁੱਟਵੀਂ ਫੀਸ ਭਰਕੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਲੋਕਾਂ ਵਾਂਗ ਮੁਸ਼ਕਲ ਨਾਲ ਪੈਸੇ ਕੱਠੇ ਕਰਕੇ ਜਨਮ ਪੀੜਾਂ ਹੰਢਾ ਰਹੀ ਮੇਵੀ ਦੀ ਜੀਵਨ ਸਾਥਣ ਨੂੰ ਦਾਖਲ ਕਰਾਇਆ ਜਾਂਦਾ ਹੈ। ਬੱਚਾ ਹੋਣ ’ਤੇ ਗ਼ਮ ਭੁਲਾਕੇ ਉਹ ਅਜੇ ਝੂਮਣ ਦੀ ਮੁਦਰਾ ’ਚ ਆਉਂਦੇ ਹੀ ਹਨ ਕਿ ਬੱਚੇ ਨੂੰ ਪੀਲੀਆ ਘੇਰ ਲੈਂਦਾ ਹੈ। ਫਿਰ ਪੈਸਿਆਂ ਦੇ ਸੰਸੇ ਅਤੇ ਹਸਪਤਾਲ ਵੱਲੋਂ ਪਹਿਲਾਂ ਫੀਸ ਜਮ੍ਹਾਂ ਕਰਾਉਣ ਦੀਆਂ ਗੈਰ-ਮਾਨਵੀ ਮੜ੍ਹੀਆਂ ਸ਼ਰਤਾਂ ਦੇ ਤੀਰ ਝੱਲਦੇ ਪਰਿਵਾਰ ਦਾ ਨਵ-ਜੀਅ ਫੌਤ ਹੋ ਜਾਂਦਾ ਹੈ। ਗਰੀਬ ਪਰਿਵਾਰ ਦੀ ਦੁਨੀਆਂ ਉੱਜੜ ਜਾਂਦੀ ਹੈ।
ਵਿਦਿਆਰਥੀ ਜੀਵਨ ਮੌਕੇ ਜਮਹੂਰੀ ਕਦਰਾਂ ਕੀਮਤਾਂ ਅਤੇ ਲਹਿਰ ਨਾਲ ਜੁੜੀ ਉਸ ਪਿੰਡ ਵਿੱਚ ਆਈ ਵੈਟਰਨਰੀ ਡਾਕਟਰ ਆਪਣੇ ਕੰਮ-ਸਭਿਆਚਾਰ, ਸਲੀਕੇ ਨਾਲ ਲੋਕ ਮਨਾਂ ਅੰਦਰ ਸਨਮਾਨਯੋਗ ਥਾਂ ਬਣਾ ਲੈਂਦੀ ਹੈ। ਸਰਪੰਚ ਕਦੇ ਠੰਢੇ ਪਿਆ ਕੇ, ਕਦੇ ਗਰਮ ਧਮਕੀਆਂ ਦਾ ਤਪ ਦਿਖਾਕੇ, ਕਦੇ ਸਰਕਾਰੀ ਦਰਬਾਰੇ ਪਹੁੰਚ ਦਾ ਜ਼ੋਰ ਦਿਖਾ ਕੇ ਡਾਕਟਰ ਨੂੰ ਵਰਜਦਾ ਹੈ ਕਿ ਉਹ ਲੋਕਾਂ ਨੂੰ ਮੱਤ ਦੇਣੀ ਬੰਦ ਕਰੇ। ਡਾਕਟਰ ਦੇ ਸਿਰੜ ਤੋਂ ਖਫ਼ਾ ਹੋਇਆ ਸਰਪੰਚ, ਉਸਦੀ ਰਾਜ ਦਰਬਾਰ ਦੇ ਜੋਰ ਬਦਲੀ ਕਰਵਾ ਦਿੰਦਾ ਹੈ। ਡਾਕਟਰੀ ਦਾ ਪਿੰਡੋਂ ਜਾਂਦੇ ਵਕਤ ਇਹ ਕਹਿਣਾ ਕਿ,‘‘ਮੈਂ ਆਪਣਾ ਕੰਮ ਕਰ ਦਿੱਤਾ। ਹੁਣ ਅਗਲੇ ਪਿੰਡ ਸਹੀ। ਹੁਣ ਇਸ ਪਿੰਡ ਦੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਆਪਣੀ ਤਾਕਤ ਦਾ ਬੋਧ ਹੋ ਗਿਐ।’’ ਵਿਚਾਰਾਂ ਅਤੇ ਚੇਤਨਾ ਦੀ ਅਥਾਹ ਸ਼ਕਤੀ ਦਾ ਪ੍ਰਮਾਣ ਦਿੰਦਾ ਹੈ।
ਬੇਜ਼ਮੀਨੇ ਕਿਰਤੀ ਵਿਹੜੇ ਅਤੇ ਕਿਸਾਨੀ ਦੇ ਸੰਗ ਸਾਥ ਨਾਲ ਜੁੜੀ ਲੋਕ ਸ਼ਕਤੀ, ਪੈਸੇ ਜੋੜਕੇ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਕੇ ਸਾਂਝੀ ਖੇਤੀ ਕਰਦੀ ਹੈ। ਖੇਤਾਂ ਦੇ ਅਸਲੀ ਪੁੱਤ ਖੇਤਾਂ ਦੀ ਬੁੱਕਲ ਦਾ ਨਿੱਘ ਮਾਣਦੇ ਹਨ। ਪਿੰਡ ਤੋਂ ਲੈ ਕੇ ਰਾਜ ਭਾਵਨਾ ਤੱਕ ਜੁੜੀਆਂ ਲੋਕ-ਦੋਖੀ ਤਾਕਤਾਂ ਅੱਗ ਤੋਂ ਲਿਟਣ ਲੱਗਦੀਆਂ ਹਨ। ਅਖੇ! ‘ਜਾਤ ਦੀਆਂ ਕੋਹੜ ਕਿਰਲੀਆਂ ਸ਼ਤੀਰਾਂ ਨਾਲ ਜੱਫ਼ੇ ਪਾਉਣ ਲੱਗੀਆਂ ਨੇ।’
ਢੋਲ ਵੱਜਦਾ ਹੈ। ਔਰਤਾਂ, ‘ਆਪਣੀ ਰਾਖੀ ਆਪ ਕਰੋਂ!’ ਦਾ ਪੈਗ਼ਾਮ ਦਿੰਦੀਆਂ ਹਨ। ਮਰੇ ਪਸ਼ੂਆਂ ਦਾ ਚੰਮ ਲਾਹੁਣ ਵਾਲੇ ਸਾਰੀ ਉਮਰ ਜਿਉਂਦੇ ਜੀਅ ਆਪਣਾ ਚੰਮ ਲੁਹਾਉਂਦੇ ਕਿਰਤੀ ਆਪਣੇ ਮੁਕਤੀ ਦੇ ਨਵੇਂ ਸੂਰਜ ਨੂੰ ਸਲਾਮ ਕਰਦੇ ਹਨ।
ਸੁਰਿੰਦਰ, ਬਲਜਿੰਦਰ ਕੌਰ, ਮਹਿਰੀਨ, ਹਰਦੀਪ, ਬਿਕਰਮਜੀਤ ਲੱਕੀ, ਹਰਕੇਸ਼, ਕਮਲਦੀਪ ਬਰਨਾਲਾ, ਸੋਮਪਾਲ ਹੀਰਾ, ਹਰਮਨ, ਕਮਲ ਮੋਹੀ ਗੱਲ ਕੀ ਫ਼ਿਲਮ ਦੇ ਵਡੇਰੇ ਪਰਿਵਾਰ ਨੇ ਜਿਵੇਂ ਕਿਰਦਾਰ ਨਿਭਾਏ ਹਨ ਉਹ ਪ੍ਰਭਾਵ ਤਾਂ ਫ਼ਿਲਮ ਦੇਖਿਆ ਹੀ ਬਣਦਾ ਹੈ।
ਇਸ ਫ਼ਿਲਮ ਹਿੱਸੇ ਵਿਲੱਖਣ ਖੂਬੀ ਇਹ ਵੀ ਆਉਂਦੀ ਹੈ ਕਿ ਇਹ ਫ਼ਿਲਮ ਲੋਕਾਂ ਦੁਆਰਾ, ਲੋਕਾਂ ਨੂੰ ਵਿਖਾਉਣ ਦੀ ਵਿਆਪਕ ਮੁਹਿੰਮ ਛੇੜੀ ਜਾ ਰਹੀ ਹੈ। ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ’ਚ ਆਪਣਾ ਵਿਲੱਖਣ ਮੁਕਾਮ ਸਿਰਜੇਗੀ।
No comments:
Post a Comment