23 ਮਾਰਚ ਦਾ ਸੂਹਾ ਸੰਦੇਸ਼
ਉੱਠੋ.. ਨੌਜਵਾਨੋ ਲਲਕਾਰ ਬਣਕੇ
- ਅਮੋਲਕ ਸਿੰਘ
ਅੱਜ ਸਕੂਲਾਂ ਕਾਲਜਾਂ, ਵਿੱਦਿਅਕ ਅਦਾਰਿਆਂ, ਖੇਤਾਂ ਕਾਰਖਾਨਿਆਂ, ਝੁੱਗੀਆਂ ਝੌਪੜੀਆਂ ’ਚ ਫੇਰ ਨੌਜਵਾਨਾਂ ਨੂੰ ਉਸੇ ਤਰ੍ਹਾਂ ਲੱਕ ਬੰਨ੍ਹਕੇ ਜਾਣਾ ਪੈਣਾ ਹੈ, ਜਿਵੇਂ ਭਗਤ ਸਿੰਘ ਹੋਰਾਂ ਨੇ ਆਜਾਦੀ ਸੰਗਰਾਮ ਮੌਕੇ ਸੱਦਾ ਦਿੱਤਾ ਸੀ ਕਿ ਨੌਜਵਾਨੋ ਜਾਗੋ ਸੁੱਤਿਆਂ ਨੂੰ ਯੁੱਗ ਬੀਤ ਗਏ। ਅੱਜ ਸਾਡੀ ਵਿੱਦਿਅਕ ਪ੍ਰਣਾਲੀ, ਸਿਹਤ ਅਦਾਰਿਆਂ, ਸਮਾਜਕ ਜੀਵਨ, ਕੀ ਖੇਡਾਂ, ਕੀ ਮਨੋਰੰਜਨ, ਬੋਲੀ, ਭਾਸ਼ਾ, ਸਭਿਆਚਾਰ ਹਰ ਖੇਤਰ ਵਿਚ ਉਹ ਸਾਮਰਾਜੀ ਜਰਵਾਣੇ ਫਿਰ ਨੇਸ਼ਾਂ ਗੱਡ ਰਹੇ ਹਨ ਜਿਹਨਾਂ ਖਿਲਾਫ ਜੂਝਦਿਆਂ ਸ਼ਹੀਦੀ ਪਾਉਣ ਵਾਲਿਆਂ ਦੀ ਲਹੂ ਰੱਤੀ ਮਿੱਟੀ ਨੂੰ ਭਗਤ ਸਿੰਘ ਨਿਕੜੀ ਉਮਰ ’ਚ ਘਰੇ ਲੈ ਆਇਆ ਸੀ। ਉਸ ਵੇਲੇ ਉਸਦੀ ਅੱਖ ਨੇ ਨਨਕਾਣਾ ਸਾਹਿਬ ਵਿਖੇ ਜੰਡ ਨਾਲ ਲਟਕਾ ਕੇ ਸਾੜੇ ਜਾਣ ਵਾਲੀ ਘਟਨਾ ਸੁਣੀ ਅਤੇ ਮੌਕਾ ਵਾਰਦਾਤ ਦੇਖੀ ਸੀ। ਅੱਜ ਕੀ ਦਿੱਲੀ, ਕੀ ਗੁਜਰਾਤ ਅਨੇਕਾਂ ਥਾਵਾਂ ’ਤੇ ਫਿਰਕੂ ਫਾਸ਼ੀ ਟੋਲਿਆਂ ਤੇ ਹਾਕਮ ਜਰਵਾਣਿਆਂ ਵੱਲੋਂ ਲੋਕਾਂ ਦਾ ਸ਼ਿਕਾਰ ਖੇਡਿਆ ਜਾ ਰਿਹੈ। ਜੁਆਨੀ ਦੇ ਹੱਥ ਤ੍ਰਿਸ਼ੂਲ ਫੜਾਏ ਜਾ ਰਹੇ ਹਨ। ਉਸਦੇ ਮਨਾਂ, ਚੇਤਿਆਂ ’ਚੋਂ ਕਰਾਂਤੀ ਦੇ ਬੀ-ਨਾਸ਼ ਕਰਨ ਤੇ ਜੋਰ ਲਾਇਆ ਜਾ ਰਿਹੈ। ਲੋਕ, ਹਨੇਰੀਆਂ ਗੁਫਾਵਾਂ ’ਚ ਘਿਰੇ ਪ੍ਰਤੀਤ ਕਰ ਰਹੇ ਹਨ। ਉਹਨਾਂ ਨੂੰ ਭਰੋਸੇਯੋਗ, ਸੂਝਵਾਨ ਅਤੇ ਆਪਾ-ਵਾਰੂ ਟੋਲੀਆਂ ਦੀ ਅੱਗੇ ਹੋ ਕੇ ਬਾਂਹ ਫੜਨ ਦੀ ਲੋੜ ਮਹਿਸੂਸ ਹੋ ਰਹੀ ਹੈ। ਉਸ ਵੇਲੇ 28 ਸਤੰਬਰ 1907 ਸੀ, ਜਦੋਂ ਭਗਤ ਸਿੰਘ ਹੋਰਾਂ ਦਾ ਜਨਮ ਹੋਇਆ। ਉਸ ਵੇਲੇ ਨਾਲੋਂ ਵੀ ਵਡੇਰੀਆਂ ਚੁਣੌਤੀਆਂ ਸਾਡੇ ਅੱਗੇ ਦਰਪੇਸ਼ ਨੇ ਜਦੋਂ 2007 ਨਿਕਟ ਭਵਿੱਖ ਵਿਚ ਆਪਣੇ ਬੂਹੇ ਦਸਤਕ ਦੇਣ ਆ ਰਿਹੈ। ਦੋਸਤੋ 100 ਵਰ੍ਹੇ ਦਾ ਇਤਿਹਾਸ ਕੋਈ ਥੋੜ੍ਹਾ ਨਹੀਂ ਹੁੰਦਾ। ਅਸੀਂ ਉਸ ਵੇਲੇ ਵੀ ਗੁਲਾਮ ਸੀ ਅਤੇ ਅੱਜ ਉਸ ਤੋਂ ਵੀ ਕਿਤੇ ਸੂਖਮ, ਦੇਸੀ ਬਦੇਸੀ ਹਾਕਮਾਂ ਦੀਆਂ ਤੰਦਾਂ ਵਿਚ ਜਕੜੇ ਹੋਏ ਹਾਂ। ਹਾਲਾਤ ਹਾਕਾਂ ਮਾਰ ਰਹੇ ਹਨ। ਇੱਕੀਵੀਂ ਸਦੀਂ ਬਾਹਵਾਂ ਖਿਲਾਰ ਕੇ ਤੁਹਾਡੇ ਸੁਪਨਿਆਂ ’ਚੋਂ ਸਮਾਜ ਦੀ ਸਿਰਜਣਾ ਦੀ ਇੰਤਜਾਰ ਕਰ ਰਹੀ ਹੈ। ਉਹ ਜਿੱਤ ਦੇ ਸਿਹਰੇ ਤੁਹਾਡੇ ਸਿਰ ਸਜਾਉਣ ਲਈ ਅੰਗੜਾਈਆਂ ਭਰ ਰਹੀ ਹੈ। ਅਜਿਹੀ ਹਾਲਤ ਵਿਚ ਸਾਨੂੰ ਭਗਤ ਸਿੰਘ ਹੋਰਾਂ ਦੇ ਹੀ ਕਹੇ ਬੋਲਾਂ ਉੱਪਰ ਅਮਲ ਕਰਨ ਦੀ ਲੋੜ ਹੈ- ਅਸੀਂ ਹਰ ਦੇਸ਼ ਭਗਤ ਨੂੰ ਕਮਰਕਸਾ ਕਰਨ ਲਈ ਸੱਦਾ ਦਿੰਦੇ ਹਾਂ ਕਿ ਸਾਡੀ ਗੁਲਾਮੀ ਸਾਡੇ ਮੱਥੇ ’ਤੇ ਕਲੰਕ ਹੈ। ਇਹ ਕਦੋਂ ਸਾਡੇ ਵਿਚ ਹੌਸਲਾ ਭਰੇਗੀ ਕਿ ਅਸੀਂ ਇਸ ਜੂਲੇ ਨੂੰ ਲਾਹ ਸੁੱਟੀਏ।
ਉਹ ਖੂਨ ਨਾਲ ਲਿਖ ਗਏ, ਇਨਕਲਾਬ ਦਾ ਸਿਰਨਾਵਾਂ
ਗੈਰਤਮੰਦ ਨੌਜਵਾਨੌ, ਇਹ ਨੁਕਤਾ ਜਿਹਨ ਵਿਚ ਬਿਠਾਉਂਦਿਆਂ ਇਸ ਨੂੰ ਆਪਣੀ ਜਿੰਦਗੀ ਦਾ ਆਦਰਸ਼ ਬਣਾਉਣ ਦੀ ਲੋੜ ਹੈ ਕਿ ਜਿਸ ਗੁਲਾਮੀ ਦੇ ਦਾਗ ਨੂੰ ਭਾਰਤ ਮਾਂ ਦੇ ਮੱਥੇ ਤੋਂ ਲਾਹ ਸੁੱਟਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਗਦਰੀ ਦੇਸ਼ ਭਗਤਾਂ ਅਤੇ ਹੋਰ ਕਿੰਨਿਆਂ ਨੇ ਹੀ ਆਜਾਦੀ ਦਾ ਝੰਡਾ ਚੁੱਕਿਆ ਸੀ। ਉਹਨਾਂ ਦਾ ਨਿਸ਼ਾਨਾ ਅਜੇ ਪੂਰਾ ਨਹੀਂ ਹੋਇਆ। ਇਸ ਨੂੰ ਪੂਰਾ ਕਰਨ ਲਈ ਸੰਗਰਾਮ ਅਜੇ ਜਾਰੀ ਹੈ। ਇਹ ਸੰਗਰਾਮ ਤੁਹਾਡੇ ਸਰਗਰਮ ਸ਼ਮੂਲੀਅਤ ਅਤੇ ਸਹਿਯੋਗ ਦੀ ਬੇਹੱਦ ਲੋੜ ਮਹਿਸੂਸ ਕਰਦਾ ਹੈ। ਇਹ ਮਹਾਨ ਅਤੇ ਪਵਿੱਤਰ ਕਾਰਜ ਚੰਦ ਕੁ ਲਟ ਲਟ ਬਲਦੀ ਭਾਵਨਾ ਵਾਲੇ ਗੱਭਰੂ ਹੀ ਪੂਰਾ ਨਹੀਂ ਕਰ ਸਕਦੇ। ਇਹ ਕਾਰਜ ਸਿਰਫ ਬੰਬ-ਬੰਦੂਕਾਂ ਹੀ ਨੇਪਰੇ ਨਹੀਂ ਚਾੜ੍ਹ ਸਕਦੇ। ਇਹ ਕਾਰਜ ਨਾ ਹੀ ਹੱਥ ’ਤੇ ਹੱਥ ਧਰਕੇ, ਨਾ ਸ਼ਾਂਤੀ ਦੀ ਮਾਲਾ ਫੇਰਕੇ ਹੋਣਾ ਹੈ। ਸ਼ਾਂਤੀ ਦੇ ਨਾਂ ਹੇਠ ਸਾਡੀ ਜਿੰਦਗੀ ਨਾਲ ਖਿਲਵਾੜ ਕਰ ਰਹੇ, ਪੂਰੇ ਮੁਲਕ ਦੇ ਕਰੋੜਾਂ ਲੋਕਾਂ ਖਿਲਾਫ ਸਾਜਸ਼ਾਂ ਰਚ ਰਹੇ ਅਤੇ ਅਪਰਾਧਜਨਕ ਅਮਲ ਕਰ ਰਹੇ ਸ਼ੈਤਾਨਾਂ ਨੂੰ ਲੱਕ ਤੋੜਵੀਂ ਹਾਰ ਦੇਣੀ ਪੈਣੀ ਹੈ। ਇਸ ਦੀ ਪੂਰਤੀ ਲਈ ਲੋਕਾਂ ਨੂੰ ਜਾਗਰਤ ਕਰਨ ਦੀ ਅਥਾਹ ਲੋੜ ਹੈ। ਉਹਨਾਂ ਨੂੰ ਆਪਣੀ ਸਵੈਮਾਣ ਭਰੀ ਜਿੰਦਗੀ ਲਈ ਉੱਠ ਖੜ੍ਹੇ ਹੋਣ ਲਈ ਸਹਾਰਾ ਬਣਨ ਦੀ ਲੋੜ ਹੈ। ਸੁੱਖਾਂ, ਚਾਵਾਂ, ਅਮਨ ਅਤੇ ਬਹਾਰਾਂ ਲੱਦੀ ਜਿੰਦਗੀ ਦੀ ਨਵੀਂ ਨਵੇਲੀ ਰੁੱਤ ਲਿਆਉਣ ਲਈ ਲੋਕਾਂ ਦੇ ਸੰਘਰਸ਼ ਦਾ ਫਰੇਰਾ ਫੜਾਉਣਾ ਪੈਣਾ ਹੈ। ਭਗਤ ਸਿੰਘ ਦਾ ਬਹੁਤ ਹੀ ਸਪੱਸ਼ਟ ਵਿਚਾਰ ਸੀ ਕਿ ਲੋਕ ਤੇ ਸਿਰਫ ਲੋਕ ਹੀ ਇਤਿਹਾਸ ਦੀ ਸਿਰਜਣਾ ਕਰਦੇ ਹਨ। ਇਹਨਾਂ ਲੋਕਾਂ ਦੀ ਅਗਵਾਈ ਕਰਨ ਵਾਲੀ ਇਨਕਲਾਬੀ ਜਥੇਬੰਦੀ ਦੀ ਲਾਜ਼ਮੀ ਜ਼ਰੂਰਤ ਹੁੰਦੀ ਹੈ। ਇਸ ਜਥੇਬੰਦੀ ਦੇ ਹੱਥ, ਹਾਲਾਤ ਦੇ ਅਨੁਕੂਲ, ਇਨਕਲਾਬੀ ਪ੍ਰੋਗਰਾਮ ਵੀ ਲਾਜ਼ਮੀ ਸ਼ਰਤ ਹੈ ਅਤੇ ਇਸ ਨੂੰ ਅਮਲ ਵਿਚ ਲਾਗੂ ਕਰਨ ਵਾਲੇ ਕਰਾਂਤੀਕਾਰੀਆਂ ਦੀ ਅਗਵਾਈ ’ਚ ਲੋਕ ਤਾਕਤ ਦਾ ਕਿਲ੍ਹਾ ਉਸਾਰਨਾ ਜ਼ਰੂਰੀ ਹੁੰਦਾ ਹੈ। ਅਜਿਹੀ ਜਾਦੂਮਈ ਸੁਮੇਲਤਾ ਇਨਕਲਾਬ ਦੇ ਪਹੁ-ਫੁਟਾਲੇ ਲਈ ਰਾਹ ਖੋਲ੍ਹਦੀ ਹੈ। ਇਹ ਇਨਕਲਾਬ ਹੀ ਧਰਤੀ, ਅੰਬਰ ਦਾ ਰੰਗ ਬਦਲਦਾ ਹੈ। ਜਿਵੇਂ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਦੇ ਮੈਨੀਫੈਸਟੋ ਵਿਚ ਭਗਤ ਸਿੰਘ ਅਤੇ ਉਸਦੇ ਸੰਗੀਆਂ ਸਾਥੀਆਂ ਨੇ ਲਿਖਿਆ ਹੈ,
‘‘ਇਨਕਲਾਬ ਇੱਕ ਅਜਿਹਾ ਕ੍ਰਿਸ਼ਮਾ ਹੈ, ਜਿਸਨੂੰ ਕੁਦਰਤ ਵੀ ਪਿਆਰ ਕਰਦੀ ਹੈ ਅਤੇ ਜਿਸਦੇ ਬਗੈਰ ਕੋਈ ਵੀ ਉੱਨਤੀ ਨਹੀਂ ਹੋ ਸਕਦੀ, ਨਾ ਕੁਦਰਤ ਵਿਚ ਨਾ ਹੀ ਇਨਸਾਨੀ ਕਾਰੋਬਾਰ ਵਿਚ। ਇਨਕਲਾਬ ਇੱਕ ਨਿਯਮ ਹੈ। ਇਨਕਲਾਬ ਤੋਂ ਸਾਡਾ ਭਾਵ ਸਪੱਸ਼ਟ ਹੈ। ਜਨਤਾ ਲਈ ਜਨਤਾ ਦਾ ਰਾਜਨੀਤਕ ਤਾਕਤ ’ਤੇ ਕਬਜ਼ਾ।.....ਜਦੋਂ ਕੌਮਾਂ ’ਚ ਜਾਗਰਤੀ ਆ ਜਾਵੇ ਉਹ ਠੱਲ੍ਹੀਆਂ ਨਹੀਂ ਜਾ ਸਕਦੀਆਂ।
ਆਜਾਦੀ ਸੰਗਰਾਮੀਆਂ ਦੇ ਇਹਨਾਂ ਵਿਚਾਰਾਂ ਉਪਰ ਝਾਤ ਮਾਰਿਆਂ ਜਿਥੇ ਅਸੀਂ ਇਹ ਯਕੀਨਨ ਕਹਿ ਸਕਦੇ ਹਾਂ ਕਿ ਇਨਕਲਾਬੀ ਸਮਾਜਕ ਤਬਦੀਲੀ ਇੱਕ ਅਟੱਲ ਨਿਯਮ ਹੈ, ਪਰ ਨਾਲ ਹੀ ਇਹ ਸ਼ਰਤ ਵੀ ਬਣਦੀ ਹੈ ਕਿ ਅਜਿਹੀ ਤਬਦੀਲੀ ਜਾਗਦੀਆਂ ਕੌਮਾਂ ਰਾਹੀਂ ਹੀ ਲਿਆਂਦੀ ਜਾ ਸਕਦੀ ਹੈ। ਨਹੀਂ ਤਾਂ ਆਰਥਕ-ਸਮਾਜਕ ਅਤੇ ਸਿਆਸੀ ਸੰਕਟਾਂ ਵਿਚ ਦੇਸੀ ਬਦੇਸੀ ਹਾਕਮ ਜਰਵਾਣੇ ਆਪਣੇ ਸੌੜੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਏਸੇ ਜੁਆਨੀ ਨੂੰ ਦਿਸ਼ਾਹੀਣ ਅਜਿਹੇ ਅੱਥਰੇ ਘੋੜੇ ਉਪਰ ਥਾਪੀ ਦੇ ਕੇ ਸੁਆਰ ਕਰਦੀਆਂ ਹਨ ਕਿ ਉਹਨਾਂ ਨੂੰ ਸਮਾਜ ਦੇ ਸਿਰਜਕਾਂ ਦੇ ਦੁੱਖਾਂ ਦਰਦਾਂ ਦੀ ਪੀੜ ਹੋਣਾ ਤਾਂ ਦੂਰ ਦੀ ਗੱਲ ਹੈ, ਸਗੋਂ ਉਹਨਾਂ ਨੌਜਵਾਨਾਂ ਨੂੰ ਲੋਕਾਂ ਦੇ ਹੀ ਖਿਲਾਫ ਵਰਤਣ ਦਾ ਹਥਿਆਰ ਬਣਾ ਲਿਆ ਜਾਂਦਾ ਹੈ।
(2003, ਮੁਕਤੀ ਮਾਰਗ ’ਚੋਂ ਸੰਖੇਪ)
No comments:
Post a Comment