ਭਾਂਗੁਰ (ਪੱਛਮੀ ਬੰਗਾਲ) ਦੇ ਲੋਕਾਂ ਦਾ ਜ਼ਮੀਨਾਂ ਅਤੇ ਜ਼ਿੰਦਗੀਆਂ ਬਚਾਉਣ ਲਈ ਸ਼ਾਨਦਾਰ ਸੰਘਰਸ਼
- ਐਨ. ਕੇ. ਜੀਤ.
ਪੱਛਮੀ ਬੰਗਾਲ ਦੇ ਭਾਂਗੁਰ ਵਿਧਾਨ ਸਭਾ ਹਲਕੇ ਦੇ ਖਮਰੈਤ, ਮੱਛੀਭੰਗਾ, ਦੋਨਾ, ਗਾਜੀਪੁਰ ਆਦਿ ਪਿੰਡਾਂ ਦੇ ਹਜਾਰਾਂ ਲੋਕ ਕੇਂਦਰ ਸਰਕਾਰ ਦੀ ਪਾਵਰ ਗਰਿੱਡ ਕਾਰਪੋਰੇਸ਼ਨ ਵੱਲਂੋ ਉਸ ਇਲਾਕੇ ’ਚ ਬਿਜਲੀ ਦਾ ਗਰਿੱਡ ਉਸਾਰਨ ਅਤੇ ਉੱਚ ਵੋਲਟੇਜ ਦੀਆਂ ਬਿਜਲੀ ਤਾਰਾਂ ਵਿਛਾਉਣ ਲਈ, ਲੋਕਾਂ ਦੀ ਜਮੀਨ ਹਥਿਆਉਣ ਦੇ ਵਿਰੋਧ ’ਚ ਜਾਨ-ਹੂਲਵਾਂ ਸੰਘਰਸ਼ ਕਰ ਰਹੇ ਹਨ। ਖਮਰੈਤ ਪਿੰਡ ਵਿੱਚ ਦੋ ਸਾਲ ਪਹਿਲਾਂ ਇਹ ਗਰਿੱਡ ਉਸਾਰਨ ਲਈ ਬਹੁਤ ਹੀ ਉਪਜਾਊ 16 ਏਕੜ ਜਮੀਨ ਜਬਰੀ ਗ੍ਰਹਿਣ ਕੀਤੀ ਗਈ ਸੀ। ਉਸ ਵੇਲੇ ਪਿੰਡ ਦੇ ਲੋਕਾਂ ਨੂੰ ਗੁਮਰਾਹ ਕਰਕੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਇਸ ਜਮੀਨ ’ਤੇ ਛੋਟਾ ਜਿਹਾ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਲਾ ਕੇ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਸਪਲਾਈ ਕਰਨ ਦਾ ਬਹਾਨਾ ਲਾਇਆ ਸੀ। ਇਹ ਵੀ ਕਿਹਾ ਸੀ ਕਿ ਇਸ ਪਲਾਂਟ ਦੀ ਬਿਜਲੀ ਲਿਜਾਣ ਲਈ ਸੜਕਾਂ ਦੇ ਨਾਲ ਨਾਲ ਤਾਰਾਂ ਵਿਛਾਈਆਂ ਜਾਣਗੀਆਂ। ਇਹ ਜਮੀਨ ਹਥਿਆਉਣ ’ਚ ਤਿਰਣਮੂਲ ਕਾਂਗਰਸ ਦੇ ਬਦਨਾਮ ਆਗੂ ਅਰਬੁਲ ਇਸਲਾਮ ਅਤੇ ਉਸ ਦੀ ਗੁੰਡਾ-ਢਾਣੀ ਨੇ ਸਰਕਾਰ ਦੀ ਖੁੱਲ੍ਹ ਕੇ ਮੱਦਦ ਕੀਤੀ ਸੀ। ਬਾਅਦ ਵਿਚ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਾ ਕਿ ਇਸ ਥਾਂ ’ਤੇ 1200 ਕਰੋੜ ਰਪਏ ਖਰਚ ਕੇ ਪਾਵਰ ਗਰਿੱਡ ਸਥਾਪਤ ਕੀਤਾ ਜਾਣਾ ਹੈ, ਜੋ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਫਰਾਖਾ ਵਿਚਲੇ ਬਿਜਲੀ ਘਰ ’ਚੋਂ ਬਿਹਾਰ ’ਚ ਕਾਹਲਗਾਉ ਤੱਕ ਬਿਜਲੀ ਪਹੁੰਚਾਉਣ ਦਾ ਪ੍ਰਬੰਧ ਕਰੇਗਾ। ਇਸ ਮਕਸਦ ਲਈ 400 ਕਿਲੋ ਵੋਲਟ ਅਤੇ 450 ਮੈਗਾਵਾਟ ਦੀਆਂ 953 ਕਿਲੋਮੀਟਰ ਲੰਬੀਆਂ ਦੂਹਰੀਆਂ ਲਾਈਨਾਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿਚੋਂ 480 ਕਿਲੋਮੀਟਰ ਪੱਛਮੀ ਬੰਗਾਲ ’ਚੋ ਗੁਜ਼ਰਨਗੀਆਂ। ਇਹਨਾਂ ਲਾਈਨਾਂ ਨੂੰ ਵਿਛਾਉਣ ਲਈ ਦਿਉਕੱਦ ਟਾਵਰ ਉਸਾਰੇ ਜਾਣਗੇ, ਜੋ ਭਾਰੀ ਮਾਤਰਾ ’ਚ ਜ਼ਮੀਨ ਘੇਰਨਗੇ ਅਤੇ ਇਸ ਜ਼ਮੀਨ ਦਾ ਕਿਸਾਨਾਂ ਨੂੰ ਕੋਈ ਮੁਆਵਜਾ ਨਹੀਂ ਦਿੱਤਾ ਜਾਵੇਗਾ।
ਗਰਿੱਡ ਤੋਂ ਲੋਕਾਂ, ਫਸਲਾਂ, ਵਨਸਪਤੀ, ਵਾਤਾਵਰਨ
ਅਤੇ ਜਲ-ਜੀਵਾਂ ਨੂੰ ਖਤਰਾ
ਇਸ ਗਰਿੱਡ ਵਿੱਚ ਇੱਕ ਜਹਿਰੀਲੀ ਗੈਸ-ਸਲਫਰ ਹੈਕਸਾ ਫਲੋਰਈਡ ਵਰਤੀ ਜਾਵੇਗੀ, ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ’ਚ ਸਭ ਤੋਂ ਵੱਧ ਹਾਨੀਕਾਰਕ ਗੈਸਾਂ ਵਿਚੋਂ ਇੱਕ ਹੈ। ਸੰਘਣੀ ਹੋਣ ਕਰਕੇ ਇਹ ਮਨੁੱਖਾਂ ਦੇ ਫੇਫੜਿਆਂ ਵਿਚ ਭਰ ਜਾਂਦੀ ਹੈ ਅਤੇ ਉਥੋਂ ਆਕਸੀਜਨ ਨੂੰ ਬਾਹਰ ਕੱਢ ਦਿੰਦੀ ਹੈ, ਜਿਸ ਨਾਲ ਸਾਹ ਬੰਦ ਹੋ ਜਾਂਦਾ ਹੈ। ਹਵਾ ਤੋਂ ਭਾਰੀ ਹੋਣ ਕਾਰਨ ਜੇ ਇਸ ਦੀ ਜਿਆਦਾ ਮਾਤਰਾ ਲੀਕ ਹੋ ਜਾਵੇ ਤਾਂ ਲੋਕਾਂ ਦਾ ਸਾਹ ਲੈਣਾ ਦੁੱਭਰ ਹੋ ਜਾਵੇਗਾ ਅਤੇ ਤੜਫ ਤੜਫ ਕੇ ਮੌਤਾਂ ਹੋਣ ਦਾ ਖਤਰਾ ਪੈਦਾ ਹੋਵੇਗਾ।
400 ਕਿਲੋ ਵੋਲਟ ਦੀਆਂ ਉਚ ਵੋਲਟੇਜ ਵਾਲੀਆਂ ਬਿਜਲੀ ਦੀਆਂ ਟਰਾਂਸਮਿਸ਼ਨ ਲਈਨਾਂ ਨਾਲ ਪੈਦਾ ਹੋਇਆ ਇਲੈਕਟਰੋ ਮੈਗਨੈਟਕ ਖੇਤਰ (ਈ.ਐਮ.ਐਫ) ਸਿਰਫ ਦੱਖਣੀ 24 ਪਰਗਣਾ ਜਿਲ੍ਹੇ ’ਚ ਹੀ 30,000 ਲੋਕਾਂ ਨੂੰ ਪ੍ਰਭਾਵਤ ਕਰੇਗਾ। ਉਜ ਇਸ ਗਰਿੱਡ ਤੋਂ ਨਿੱਕਲਣ ਵਾਲੀਆਂ ਉੱਚ ਵੋਲਟੇਜ ਦੀਆਂ ਲਾਈਨਾਂ, ਪੱਛਮੀ ਬੰਗਾਲ ਦੇ ਪੰਜ ਜਿਲ੍ਹਿਆਂ-ਦੱਖਣੀ ਅਤੇ ਉਤਰੀ 24 ਪਰਗਨਾ, ਨਾਡੀਆ, ਹੁਗਲੀ, ਬਰਦਵਾਨ, ਮੁਰਸ਼ਿਦਾਬਾਦ ਅਤੇ ਬੀਰਭੂਮ ਜਿਲ੍ਹੇ ਦੇ 80 ਪਿੰਡਾਂ ਦੇ ਲੱਖਾਂ ਲੋਕਾਂ ਨੂੰ ਮਾੜੇ ਰੁਖ ਪ੍ਰਭਾਵਤ ਕਰਨਗੀਆਂ। ਇਸ ਨਾਲ ਪੈਦਾ ਹੋਇਆ ਰੇਡੀਏਸ਼ਨ ਮਨੁੱਖਾਂ, ਪਸ਼ੂਆਂ, ਫਸਲਾਂ, ਵਨਸਪਤੀ ਅਤੇ ਜਲ-ਜੀਵਾਂ,(ਮੱਛੀਆਂ ਆਦਿ) ਨੂੰ ਪ੍ਰਭਾਵਤ ਕਰੇਗਾ। ਇਸ ਨਾਲ ਵੱਡੀ ਪੱਧਰ ’ਤੇ ਕੈਂਸਰ ਦੀ ਬਿਮਾਰੀ ਫੈਲ ਸਕਦੀ ਹੈ।
ਟਾਵਰਾਂ ਹੇਠ ਆਈ ਜ਼ਮੀਨ ਦਾ ਮੁਆਵਜਾ ਦੇਣ ਲਈ ਪਾਵਰ ਗਰਿੱਡ ਕਾਰਪੋਰੇਸ਼ਨ, ਖੁਦ ਆਪਣੇ ਬਣਾਏ ਨਿਯਮਾਂ ਦੀ ਵੀ ਪਾਲਣਾ ਨਹੀਂ ਕਰ ਰਹੀ ਅਤੇ ਕਿਸਾਨਾਂ ਨੂੰ ਨਿਗੂਣਾ ਮੁਆਵਜਾ ਦੇ ਕੇ ਬੁੱਤਾ ਸਾਰ ਰਹੀ ਹੈ।
ਜ਼ਮੀਨਾਂ ਅਤੇ ਜਿੰਦਗੀਆਂ ਬਚਾਉਣ ਲਈ ਸੰਘਰਸ਼
ਖੁੱਸ ਰਹੀਆਂ ਜਮੀਨਾਂ ਅਤੇ ਖਤਰੇ ਮੂੰਹ ਆਈ ਜਿੰਦਗੀ ਨੂੰ ਬਚਾਉਣ ਲਈ ਇਲਾਕੇ ਦੇ ਲੋਕਾਂ ਨੇ ‘ਜਮੀਂ, ਜੀਵਕਾ, ਪਰਿਵੇਸ਼ ਔਰ ਬਾਸਤੂ ਤੰਤਰ ਰਕਸ਼ਾ ਸੰਮਤੀ’ ਦੇ ਨਾਂ ਹੇਠ ਸੰਗਠਤ ਹੋ ਕੇ ਸੰਘਰਸ਼ ਵਿੱਢ ਦਿੱਤਾ। ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸੱਦੇ ’ਤੇ ਮਮਤਾ ਸਰਕਾਰ ਆਪਣੀ ਜਾਬਰ ਰਾਜ ਮਸ਼ੀਨਰੀ ਲੈ ਕੇ ਇਸ ਸੰਘਰਸ਼ ਨੂੰ ਕੁਚਲਣ ਲਈ ਆ ਧਮਕੀ। ਖਮਰੈਤ ਪਿੰਡ ਦੇ ਆਲੇ ਦੁਆਲੇ ਡੇਢ ਕਿਲੋਮੀਟਰ ਦੇ ਘੇਰੇ ’ਚ ਦਫਾ 144 ਲਾ ਕੇ ਮੀਟਿੰਗਾਂ, ਰੈਲੀਆਂ ਅਤੇ ਰੋਸ ਸਰਗਰਮੀਆਂ ਦੀ ਮਨਾਹੀ ਕਰ ਦਿੱਤੀ। ਜਦੋਂ ਜਿੰਦਗੀ ਅਤੇ ਰੁਜ਼ਗਾਰ ਨੂੰ ਖਤਰਾ ਹੋਵੇ ਤਾਂ ਅਜਿਹੀਆਂ ਰੋਕਾਂ ਦੀ ਕੌਣ ਪ੍ਰਵਾਹ ਕਰਦਾ ਹੈ? ਇਸ ਬਾਰੇ ਪਤਾ ਲੱਗਣ ’ਤੇ 27 ਦਸੰਬਰ 2016 ਨੂੰ ਲਗਭਗ 2000 ਲੋਕ ਇਸ ’ਤੇ ਰੋਸ ਪ੍ਰਗਟ ਕਰਨ ਲਈ ਤੁਰੰਤ ਇਕੱਠੇ ਹੋ ਗਏ। ਅਗਲੇ ਦਿਨ 20 ਦਸੰਬਰ ਨੂੰ ਕੀਤੀ ਜਾ ਰਹੀ ਰੈਲੀ ’ਚ ਸ਼ਾਮਲ ਹੋਣ ਜਾ ਰਹੇ ਲੋਕਾਂ ਨੂੰ ਜਦੋਂ ਪੁਲਸ ਅਤੇ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਰੋਕ ਕੇ ਉਹਨਾਂ ਦੇ ਵਾਹਨ ਖੋਹ ਲਏ ਤਾਂ ਉਹ ਪੈਦਲ ਹੀ ਹਜਾਰਾਂ ਦੀ ਗਿਣਤੀ ’ਚ ਜਾ ਸ਼ਾਮਲ ਹੋਏ।
ਸਿੰਗੂਰ ਦੇ ਲੋਕਾਂ ਦੇ ਘੋਲ ਸਮੇਂ ਮਾਰਕਸੀ ਪਾਰਟੀ ਦੀ ਅਗਵਾਈ ਹੇਠਲੀ ਖੱਬੇ ਮੋਰਚੇ ਦੀ ਸਰਕਾਰ ਅਤੇ ਮਾਰਕਸੀ ਪਾਰਟੀ ਨੇ ਜੋ ਹੱਥਕੰਡੇ ਵਰਤੇ ਸਨ ਅਤੇ ਜਿਨ੍ਹਾਂ ਦਾ ਉਸ ਸਮੇਂ ਗੱਦੀ ਹਾਸਲ ਕਰਨ ਲਈ ਮਮਤਾ ਨੇ ਵਿਰੋਧ ਕੀਤਾ ਸੀ, ਭਾਂਗੁਰ ਦੇ ਲੋਕਾਂ ਦਾ ਸੰਘਰਸ਼ ਕੁਚਲਣ ਲਈ ਮਮਤਾ ਸਰਕਾਰ ਅਤੇ ਤ੍ਰਿਣਮੂਲ ਕਾਂਗਰਸ ਬਿਲਕੁਲ ਉਹੀ ਹੱਥਕੰਡੇ ਅਪਣਾ ਰਹੀ ਹੈ। ਇਸੇ ਕਾਰਨ 10 ਜਨਵਰੀ 2017 ਨੂੰ ਤ੍ਰਿਣਮੂਲ ਕਾਂਗਰਸ ਦੇ ਆਗੂ ਅਰਬੁਲ ਇਸਲਾਮ ਅਤੇ ਉਸ ਦੇ ਗੁੰਡਾ ਗਰੋਹ ਜੋ ਸੰਘਰਸ਼ੀਲ ਲੋਕਾਂ ਨੂੰ ਡਰਾ ਧਮਕਾ ਰਹੇ ਸਨ, ਨੂੰ ਸੁਨਾਉਣੀ ਕਰਨ ਲਈ ਲਗਭਗ 10000 ਲੋਕਾਂ ਨੇ ਉਸ ਦੇ ਪਿੰਡ ਗਾਜ਼ੀਪੁਰ ’ਚੇ ਰੋਹ ਭਰੀ ਰੈਲੀ ਕੀਤੀ ਅਤੇ ਉਸ ਨੂੰ ਪਿੰਡ ’ਚੋਂ ਭੱਜ ਜਾਣ ਲਈ ਮਜਬੂਰ ਕੀਤਾ।
ਪ੍ਰਸ਼ਾਸ਼ਨ ਵੱਲੋ ਇਹ ਪ੍ਰੋਜੈਕਟ ਬੰਦ ਕਰਨ ਦੇ ਵਾਅਦੇ ਤੋਂ ਮੁੱਕਰ ਜਾਣ ’ਤੇ ਲੋਕ ਪੋਲਰਾਹਟ ਪਿੰਡ ’ਚ ਰੋਸ ਪ੍ਰਗਟ ਕਰਨ ਲਈ ਜੁੜੇ। ਸਰਕਾਰ ਵੱਲੋ ਤਇਨਾਤ ਭਾਰੀ ਪੁਲਸ ਫੋਰਸ ਨੇ ਜਦੋਂ ਉਹਨਾਂ ਨੂੰ ਉਥੇ ਰੈਲੀ ਕਰਨ ਦੀ ਮਨਜੂਰੀ ਨਾ ਦਿੱਤੀ ਤਾਂ ਉਹਨਾਂ ਨੇ ਨੇੜਲੇ ਪਿੰਡ ਗਾਜ਼ੀਪੁਰ ’ਚ ਰੋਸ ਰੈਲੀ ਕੀਤੀ।
ਮਮਤਾ ਸਰਕਾਰ ਵੱਲੋਂ ਜ਼ਬਰ ਦਾ ਦੌਰ
17 ਜਨਵਰੀ ਨੂੰ ਪੁਲਸ ਨੇ ਲੋਕਾਂ ’ਤੇ ਵੱਡਾ ਹਮਲਾ ਸ਼ੁਰੂ ਕਰ ਦਿੱਤਾ. ਪੁਲਸੀ ਧਾੜਾਂ ਅਤੇ ਰੈਪਿਡ ਐਕਸ਼ਨ ਫੋਰਸ ਦੀਆਂ ਕਈ ਕੰਪਨੀਆਂ ਨੇ ਮਿਲ ਕੇ ਸੰਘਰਸ਼ ਕਰ ਰਹੀ ਜਥੇਬੰਦੀ ਦੇ ਆਗੂਆਂ ਨੂੰ ਫੜਨ ਲਈ ਖਮਰੈਤ ਪਿੰਡ ’ਤੇ ਚੜ੍ਹਾਈ ਕਰ ਦਿੱਤੀ। ਉਹਨਾਂ ਲੋਕਾਂ (ਸਮੇਤ ਔਰਤਾਂ ਦੇ) ਨੂੰ ਘਰਾਂ ’ਚੋਂ ਧੂਹ ਕੇ ਬਾਹਰ ਲਿਆਉਣ ਅਤੇ ਵਹਿਸ਼ੀ ਢੰਗ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੁਕਾਨਾਂ ਅਤੇ ਘਰਾਂ ਦੀ ਭੰਨ-ਤੋੜ ਕੀਤੀ। ਜਥੇਬੰਦੀ ਦੇ ਇੱਕ ਪ੍ਰਮੁੱਖ ਆਗੂ ਕਾਲੂ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ। ਪਰ ਲੋਕਾਂ ਦੇ ਦਬਾਅ ਹੇਠ ਬਾਅਦ ਵਿੱਚ ਉਸ ਨੂੰ ਰਿਹਾ ਕਰਨਾ ਪਿਆ। 18 ਜਨਵਰੀ ਨੂੰ ਲੋਕਾਂ ਨੇ ਪੁਲਸ ਦੀ ਇਸ ਵਹਿਸ਼ੀ ਕਾਰਵਾਈ ਦੇ ਵਿਰੋਧ ਵਿੱਚ ਕਲਕੱਤਾ ਸ਼ਹਿਰ ਦੀਆਂ ਸ਼ੜਕਾਂ ’ਤੇ ਕਾਲਜ ਸੁਕੇਅਰ ਤੋਂ ਧਰਮਤਲਾ ਤੱਕ ਰੋਸ ਮਾਰਚ ਕੀਤਾ। ਪੁਲਸ ਨੇ ਜੇਥੇਬੰਦੀ ਦੇ ਆਗੂ ਸਰਮਿਸਤਾ ਚੌਧਰੀ ਅਤੇ ਇਸ ਦੀ ਹਮਾਇਤ ਕਰ ਰਹੇ ਸੀ.ਪੀ.ਆਈ. (ਐਮ ਐਲ) ਰੈੱਡ ਸਟਾਰ ਦੇ ਰਾਜ ਸਕੱਤਰ ਪ੍ਰਦੀਪ ਸਿੰਘ ਠਾਕੁਰ ਨੂੰ ਜੇਲ੍ਹ ’ਚ ਸੁੱਟ ਦਿੱਤਾ। ਇਸ ਸੰਘਰਸ਼ ਦੀ ਹਮਾਇਤ ’ਚ ਗਏ ਸੀ.ਪੀ.ਆਈ.(ਰੈਡ ਸਟਾਰ) ਦੇ ਜਨਰਲ ਸਕੱਤਰ ਕੇ. ਰਾਮਾਚੰਦਰਨ ਨੂੰ ਗੱਡੀ ਤੋਂ ਉੱਤਰਦਿਆਂ ਹੀ ਗ੍ਰਿਫਤਾਰ ਕਰ ਲਿਆ।
ਇਹਨਾਂ ਸਾਰੇ ਜਾਬਰ ਕਦਮਾਂ ਦੇ ਬਾਵਜੂਦ ਭਾਂਗੁਰ ਦੇ ਲੋਕਾਂ ਦਾ ਸੰਘਰਸ਼ ਜਾਰੀ ਹੈ। ਉਹ ਇਸ ਨੂੰ ਜਿੱਤ ਤੱਕ ਪੁਚਾਉਣ ਲਈ ਦ੍ਰਿੜ੍ਹ ਹਨ।
No comments:
Post a Comment