ਇਨਕਲਾਬੀ ਬਦਲ ਦਾ ਸੱਦਾ ਦਿੰਦੀ ਪ੍ਰਚਾਰ ਸਮੱਗਰੀ - ਕੁਝ ਝਲਕਾਂ
ਸੰਘਰਸ਼ਾਂ ਦਾ ਰਾਹ ਹੀ-ਲੋਕ ਪੁੱਗਤ ਸਥਾਪਿਤ ਕਰਨ ਦਾ ਰਾਹ ਹੈ
ਇਹਨਾਂ ਮੰਗਾਂ ’ਤੇ ਅੱਗੇ ਵਧਦੇ ਸੰਘਰਸ਼ਾਂ ਰਾਹੀਂ ਹੀ ਮੰਗਾਂ ਮਸਲੇ ਹੱਲ ਕਰਵਾਉਣ ਤੇ ਲੋਕਾਂ ਦੀ ਪੁੱਗਤ ਸਥਾਪਤ ਕਰਦੇ ਜਾਣ ਦਾ ਅਮਲ ਨਾਲੋ ਨਾਲ ਚੱਲਦੇ ਹਨ। ਲੋਕਾਂ ਦੀ ਪੁੱਗਤ ਤੇ ਵੁੱਕਤ ਸਥਾਪਤ ਕਰਨ ਦਾ ਜ਼ਰੀਆ ਲੋਕਾਂ ਦੇ ਆਪਣੇ ਸੰਘਰਸ਼ ਹੀ ਹਨ। ਲੋਕ ਰਜ਼ਾ ਸੰਘਰਸ਼ਾਂ ਰਾਹੀਂ ਹੀ ਪੁੱਗਦੀ ਹੈ। ਲੋਕ ਕੁਰਕੀ ਦੇ ਫੁਰਮਾਨ ਰੋਕ ਦਿੰਦੇ ਹਨ, ਲੋਕ ਪਿੰਡਾਂ ’ਚ ਮੀਟਰ ਘਰਾਂ ਤੋਂ ਬਾਹਰ ਕੱਢਣੇ ਰੋਕ ਸਕਦੇ ਹਨ, ਲੋਕ ਆਪਣੀ ਫਸਲ ਦੀ ਸਰਕਾਰੀ ਖਰੀਦ ਰੇਲਾਂ ਰੋਕ ਕੇ ਕਰਵਾ ਸਕਦੇ ਹਨ ਤੇ ਨਰਮੇ ਦੇ ਮੁਆਵਜ਼ੇ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਖੁੱਲ੍ਹਵਾ ਸਕਦੇ ਹਨ। ਖੇਤ-ਮਜ਼ਦੂਰ ਆਪਣੀ ਤਾਕਤ ਦੇ ਜ਼ੋਰ ਪੰਚਾਇਤੀ ਜ਼ਮੀਨਾਂ ਠੇਕੇ ’ਤੇ ਹਾਸਲ ਕਰ ਸਕਦੇ ਹਨ ਤੇ ਪਲਾਟਾਂ ਦਾ ਕਬਜ਼ਾ ਲੈ ਸਕਦੇ ਹਨ। ਸ਼ਰੂਤੀ ਨੂੰ ਅਗਵਾ ਕਰਨ ਵਾਲੇ ਅਕਾਲੀ ਹਕੂਮਤ ਦੇ ਖਾਸਮਖਾਸ ਗੁੰਡੇ ਨਿਸ਼ਾਨ ਦੇ ਗ੍ਰੋਹ ਨੂੰ ਸੀਖਾਂ ਪਿੱਛੇ ਬੰਦ ਕਰਵਾ ਸਕਦੇ ਹਨ। ਮਹਿਲ ਕਲਾਂ ’ਚ ਉੱਠਿਆ ਲੋਕ ਰੋਹ ਦਾ ਹੜ੍ਹ ਗੁੰਡਾ ਗਰੋਹ ਨੂੰ ਚਾਰੇ ਖਾਨੇ ਚਿੱਤ ਕਰਕੇ ਧੀਆਂ ਦੀਆਂ ਇੱਜਤਾਂ ਦੀ ਰਾਖੀ ਲਈ ਲਲਕਾਰ ਬਣ ਜਾਂਦਾ ਹੈ। ਇਹ ਸਾਰਾ ਅਮਲ ਲੋਕਾਂ ਦੀ ਰਜ਼ਾ ਨੂੰ ਪੁਗਾਉਣ ਦਾ ਹੀ ਅਮਲ ਹੈ। ਇਹ ਰਜ਼ਾ ਸਾਡੀਆਂ ਯੂਨੀਅਨਾਂ ਰਾਹੀਂ ਪੁੱਗਦੀ ਹੈ, ਸਾਡੇ ਆਪਣੇ ਅਦਾਰਿਆਂ ਰਾਹੀਂ ਪੁੱਗਦੀ ਹੈ। ਇਹਨਾਂ ਅਦਾਰਿਆਂ ’ਚ ਲੋਕਾਂ ਦੀ ਚੱਲਦੀ ਹੈ। ਜੋ ਫੈਸਲਾ ਲੋਕ ਰਲਕੇ ਕਰਦੇ ਹਨ ਉਹ ਲਾਗੂ ਕਰਦੇ ਹਨ। ਇਹਨਾਂ ਯੂਨੀਅਨਾਂ ਤੇ ਘੋਲਾਂ ’ਚ ਹੀ ਲੋਕ ਰਾਜ ਸਥਾਪਤ ਕਰਨ ਦੇ ਮੁੱਢਲੇ ਬੀਜ ਮੌਜੂਦ ਹਨ। ਹੌਲੀ ਹੌਲੀ ਜੋਕਾਂ ਦੀਆਂ ਸੰਸਥਾਵਾਂ ਤੇ ਜੋਕ ਪਾਰਟੀਆਂ ਤੋਂ ਨਿਰਭਰਤਾ ਤਿਆਗਦੇ ਜਾਣ ਤੇ ਆਪਣੀ ਸਥਾਪਤ ਕਰਦੇ ਜਾਣ ਦਾ ਅਮਲ ਹੈ। ਜੇਕਰ ਅਸੀਂ ਛੋਟੀਆਂ ਮੰਗਾਂ ’ਤੇ ਆਪਣੀ ਰਜ਼ਾ ਮਰਜ਼ੀ ਪੁਗਾ ਸਕਦੇ ਹਾਂ ਤਾਂ ਵੱਡੀਆਂ ’ਤੇ ਵੀ ਪੁਗਾ ਸਕਦੇ ਹਾਂ। ਅਸੀਂ ਅੱਜ ਦੁਸ਼ਮਣਾਂ ਦੀਆਂ ਗੋਲੀਆਂ ਦਾ ਮੁਕਾਬਲਾ ਹਿੱਕਾਂ ਡਾਹ ਕੇ ਕਰਦੇ ਹਨ, ਲੋਕ ਜਨਤਕ ਟਾਕਰੇ ਦੇ ਜ਼ੋਰ ਕਰਦੇ ਹਾਂ। ਲੋਕ ਆਪਣੀ ਰਾਖੀ ਲਈ/ਆਪਣੇ ਆਗੂਆਂ ਦੀ ਰਾਖੀ ਲਈ ਵਲੰਟੀਅਰ ਤਿਆਰ ਕਰਦੇ ਹਨ। ਅਮ੍ਰਿਤਸਰ ਜ਼ਮੀਨੀ ਘੋਲ ’ਚ, ਸ਼ਰੂਤੀ ਅਗਵਾ ਕਾਂਡ ਵਿਰੋਧੀ ਸੰਘਰਸ਼ ’ਚ ਜਥੇਬੰਦ ਤਾਕਤ ਨੇ, ਆਪਣੇ ਆਗੂ/ਕਾਰਕੁੰਨਾਂ ਦੀ ਰਾਖੀ ਲਈ ਆਪਣੀਆਂ ਵਲੰਟੀਅਰ ਟੀਮਾਂ ’ਤੇ ਟੇਕ ਰੱਖੀ ਹੈ। ਇਉਂ ਲੋਕਾਂ ਦੀ ਲਹਿਰ ਜਾਬਰ ਰਾਜ ਦੀ ਸਰਕਾਰੀ ਤੇ ਗੈਰ-ਸਰਕਾਰੀ (ਗੁੰਡਾ ਗਰੋਹ) ਹਿੰਸਕ ਸ਼ਕਤੀ ਦੇ ਟਾਕਰੇ ਲਈ ਆਪਣੀ ਰੱਖਿਆ ਤੋਂ ਸ਼ੁਰੂ ਕਰਕੇ ਉਸਦਾ ਠੋਕਵਾਂ ਜਵਾਬ ਦੇਣ ਦੇ ਸਮਰੱਥ ਹੋ ਸਕਦੀ ਹੈ। ਤੇ ਮਗਰੋਂ ਆਪਣੀ ਅਜਿਹੀ ਸ਼ਕਤੀ ਦੇ ਜ਼ੋਰ ਲੋਕ ਰਜ਼ਾ ਨੂੰ ਪੁਗਾਉਣ ਵਾਲੀ ਬਕਾਇਦਾ ਮਸ਼ੀਨਰੀ ਸਿਰਜ ਲੈਂਦੀ ਹੈ। ਇਹੀ ਲੋਕ ਜਮਹੂਰੀਅਤ ਦੀ ਸਿਰਜਣਾ ਦਾ ਅਮਲ ਹੈ। ਲੋਕ ਹੌਲੀ ਹੌਲੀ ਮੌਜੂਦਾ ਰਾਜਭਾਗ ਦੀਆਂ ਸੰਸਥਾਵਾਂ ਦੇ ਮੁਕਾਬਲੇ ’ਤੇ ਆਪਣੀਆਂ ਸੰਸਥਾਵਾਂ ਸਿਰਜਦੇ ਜਾਂਦੇ ਹਨ। ਪਿੰਡ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਯੂਨੀਅਨਾਂ ਦੀਆਂ ਇਕਾਈਆਂ ਪਿੰਡ ਦੇ ਸਭਨਾਂ ਮਿਹਨਤਕਸ਼ ਤਬਕਿਆਂ ਦੀਆਂ ਸਾਂਝੀਆਂ ਕਮੇਟੀਆਂ ਦਾ ਰੂਪ ਲੈ ਲੈਂਦੀਆਂ ਹਨ ਤੇ ਹਾਕਮਾਂ ਦੀਆਂ ਪੰਚਾਇਤਾਂ ਦੇ ਮੁਕਾਬਲੇ ’ਤੇ ਲੋਕਾਂ ਦੀ ਰਜ਼ਾ ਪੁਗਾਉਣ ਦਾ ਜ਼ਰੀਆ ਬਣ ਜਾਂਦੀਆਂ ਹਨ। ਇਉਂ ਹੇਠਾਂ ਤੋਂ ਚੱਲਦਾ ਇਹ ਅਮਲ ਪਿੰਡ, ਬਲਾਕ, ਜ਼ਿਲ੍ਹੇ ਤੇ ਸੂਬੇ ਤੋਂ ਹੁੰਦਾ ਹੋਇਆ ਪੂਰੇ ਮੁਲਕ ’ਚ ਲੋਕਾਂ ਦੀ ਪੁੱਗਤ ਤੇ ਵੁੱਕਤ ਸਥਾਪਤ ਕਰਨ ਦਾ ਅਮਲ ਬਣ ਜਾਂਦਾ ਹੈ। ਤਾਕਤ ਲੋਕਾਂ ਦੇ ਅਦਾਰਿਆਂ ਦੇ ਹੱਥਾਂ ’ਚ ਆ ਜਾਂਦੀ ਹੈ ਤੇ ਉਹ ਆਪਣੀ ਜ਼ਿੰਦਗੀ ਨਾਲ ਸਬੰਧਤ ਸਾਰੇ ਫੈਸਲੇ ਆਪ ਕਰਨ ਲੱਗ ਜਾਂਦੇ ਹਨ। ਇਹਨਾਂ ਘੋਲਾਂ ’ਚੋਂ ਹੀ ਲੋਕਾਂ ਦੀ ਸੋਝੀ ਵਿਕਾਸ ਕਰਦੀ ਹੈ, ਉਹ ਆਪਣੇ ਰਾਜ ਦੇ ਸਾਰੇ ਕਾਰਜਾਂ ’ਚ ਹਿੱਸੇਦਾਰ ਬਣ ਜਾਂਦੇ ਹਨ, ਉਹਨਾਂ ਨੂੰ ਨਿਭਾਉਂਦੇ ਹਨ, ਜਿਵੇਂ ਅੱਜ ਮੁਢਲੇ ਤੌਰ ’ਤੇ ਆਪਾਂ ਆਪਣੀਆਂ ਯੂਨੀਅਨਾਂ ਦੇ ਕਾਰਜ ਸਾਂਝੀਆਂ ਸਲਾਹਾਂ ਕਰਕੇ, ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਿਭਾਉਂਦੇ ਹਾਂ।
ਇਹੀ ਇਕੋ ਇਕ ਮਾਰਗ ਲੋਕਾਂ ਦੀ ਪੁੱਗਤ ਵਾਲੇ ਰਾਜ ਤੇ ਸਮਾਜ ਦੀ ਉਸਾਰੀ ਕਰਨ ਦਾ ਮਾਰਗ ਹੈ।
ਜੋਕ ਪਾਰਟੀਆਂ ਤੋਂ ਝਾਕ ਛੱਡੋ
ਲੋਕ ਸ਼ਕਤੀ ਦੇ ਪੋਲ ਦੀ ਉਸਾਰੀ ਕਰੋ
ਲੋਕਾਂ ਦੀ ਪੁੱਗਤ ਵਾਲੇ ਰਾਜ ਤੇ ਸਮਾਜ ਦੀ ਉਸਾਰੀ ਦੀ ਦਿਸ਼ਾ ’ਚ ਅੱਗੇ ਵਧਣ ਲਈ ਅੱਜ ਸਾਨੂੰ ਹਾਕਮ ਜਮਾਤੀ ਵੋਟ ਪਾਰਟੀਆਂ ਤੇ ਸੰਸਥਾਵਾਂ ਦੇ ਮੁਕਾਬਲੇ ਲੋਕਾਂ ਦੀ ਤਾਕਤ ਦੇ ਪੋਲ ਦੀ ਉਸਾਰੀ ਕਰਨ ’ਤੇ ਜ਼ੋਰ ਮਾਰਨਾ ਚਾਹੀਦਾ ਹੈ। ਅੱਜ ਲੋਕਾਂ ਦੇ ਵੱਖ ਵੱਖ ਮਿਹਨਤਕਸ਼ ਤਬਕਿਆਂ ਦੇ ਸੰਘਰਸ਼ ਚੱਲਦੇ ਹਨ। ਇਹ ਸੰਘਰਸ਼ ਹੀ ਹਨ ਜੋ ਇੱਕ ਦੂਜੇ ਤਬਕੇ ਦਾ ਆਸਰਾ ਬਣੇ ਹਨ। ਜਲੂਰ ’ਚ ਮਾਲਕ ਕਿਸਾਨੀ ਖੇਤ-ਮਜ਼ਦੂਰਾਂ ਦੀ ਹਮਾਇਤ ’ਤੇ ਆਈ ਹੈ ਤੇ ਧਨਾਢ ਚੌਧਰੀਆਂ ਦਾ ਹਮਲਾ ਠੱਲ੍ਹਿਆ ਗਿਆ ਹੈ। ਕਿਸਾਨਾਂ-ਖੇਤ ਮਜ਼ਦੂਰਾਂ ’ਚ ਉੱਸਰ ਰਹੀ ਸਾਂਝ ’ਚ ਪਾਟਕ ਪਾਉਣ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ ਗਿਆ ਹੈ। ਜ਼ਮੀਨਾਂ ਤੇ ਪਲਾਟਾਂ ਦੇ ਹੱਕਾਂ ਲਈ ਉੱਸਰ ਰਹੀ ਸੰਗਰਾਮੀ ਏਕਤਾ ਤੇ ਅੱਗੇ ਵਧ ਰਹੀ ਲਹਿਰ ਨੂੰ ਠਿੱਬੀ ਲਾਉਣ ਦੇ ਯਤਨਾਂ ਮੂਹਰੇ ਕੰਧ ਬਣਿਆ ਗਿਆ ਹੈ। ਏਸੇ ਤਰ੍ਹਾਂ ਪਲਾਟਾਂ, ਜ਼ਮੀਨਾਂ, ਕਰਜ਼ਾ ਕਾਨੂੰਨਾਂ ਤੇ ਖੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ ਹੱਕਾਂ ਖਾਤਰ ਜਦੋਜਹਿਦ ’ਚ ਕਿਸਾਨਾਂ ਖੇਤ ਮਜ਼ਦੂਰਾਂ ਦੀ ਸਾਂਝ ਹੋਰ ਪੀਡੀ ਹੋਈ ਹੈ ਤੇ ਹਾਕਮਾਂ ਲਈ ਚੁਣੌਤੀ ਬਣ ਕੇ ਉੱਭਰੀ ਹੈ। ਇਉਂ ਹੀ ਪਹਿਲਾਂ ਇਕੱਲੇ ਜੂਝਦੇ ਠੇਕਾ ਮੁਲਾਜ਼ਮ ਜਦੋਂ ਪਿਛਲੇ ਮਹੀਨਿਆਂ ’ਚ ਸਾਂਝੇ ਘੋਲ ਦੇ ਰਾਹ ਪਏ ਹਨ ਤਾਂ ਬਾਦਲ ਹਕੂਮਤ ਲਈ ਇਹਨਾਂ ਦੀ ਆਵਾਜ਼ ਦਬਾਉਣੀ ਮੁਸ਼ਕਲ ਬਣੀ ਹੈ ਤੇ ਆਖਰ ਨੂੰ ਕੌੜਾ ਅੱਕ ਚੱਬਦਿਆਂ ਸੁਣਵਾਈ ਕਰਨੀ ਪਈ ਹੈ। ਇਹਨਾਂ ਜੂਝਦੇ ਠੇਕਾ ਮੁਲਾਜ਼ਮਾਂ ਦੀ ਹਮਾਇਤ ’ਤੇ ਪੰਜਾਬ ਦੀ ਕਿਸਾਨੀ ਆਈ ਹੈ ਤੇ ਡਟ ਕੇ ਪਿੱਠ ’ਤੇ ਖੜ੍ਹੀ ਹੈ। ਮੁਲਾਜ਼ਮਾਂ ਨੇ ਜਲੂਰ ਜਬਰ ਖਿਲਾਫ਼ ਸੰਘਰਸ਼ ਦੀ ਹਮਾਇਤ ਦਾ ਪੈਂਤੜਾ ਲਿਆ ਹੈ। ਇਉਂ ਹਾਕਮਾਂ ਦੀਆਂ ਚੋਣ ਮੁਹਿੰਮਾਂ ਦੌਰਾਨ ਲੋਕ ਸ਼ਕਤੀ ਦਾ ਪੋਲ ਨਜ਼ਰੀਂ ਪਿਆ ਹੈ, ਜੋ ਹਾਕਮ ਪਾਰਟੀਆਂ ਦੀ ਮੁਥਾਜਗੀ ਦੀ ਥਾਂ ਲੋਕਾਂ ਦੀ ਆਪਣੀ ਆਜ਼ਾਦਾਨਾ ਜਥੇਬੰਦਕ ਤਾਕਤ ਦਾ ਪੋਲ ਹੈ। ਸਭਨਾਂ ਲੋਕ ਹਿੱਸਿਆਂ ਦਾ ਸਰੋਕਾਰ ਇਸ ਪੋਲ ਨੂੰ ਤਕੜਾ ਕਰਨਾ ਹੋਣਾ ਚਾਹੀਦਾ ਹੈ। ਹਾਕਮਾਂ ਦੀ ਭਟਕਾਊ ਚੋਣ ਖੇਡ ਦਾ ਬਦਲ ਇਸ ਪੋਲ ਦੀ ਮਜਬੂਤੀ ਲਈ ਕੋਸ਼ਿਸ਼ਾਂ ਜੁਟਾਉਣਾ ਹੈ। ਇਹਦੇ ’ਚ ਸਭਨਾਂ ਮਿਹਨਤਕਸ਼ ਤਬਕਿਆਂ ਦੇ ਜੁੜ ਜਾਣ ਨਾਲ ਤੇ ਤਿੱਖੇ ਖਾੜਕੂ ਘੋਲਾਂ ਦੇ ਰਾਹ ਪੈਣ ਨਾਲ ਇਹ ਇੱਕ ਅਜਿੱਤ ਸ਼ਕਤੀ ਬਣ ਸਕਦਾ ਹੈ। ਸਾਡਾ ਲੋਕ ਸ਼ਕਤੀ ਦਾ ਪੋਲ ਹਾਕਮ ਜਮਾਤੀ ਪੋਲ ਨਾਲ ਭਿੜ ਕੇ ਉੱਸਰਨਾ ਹੈ। ਇਸ ਪੋਲ ਨੂੰ ਮਜਬੂਤ ਕਰਦੇ ਜਾਣਾ ਹੀ ਹਾਕਮ ਜਮਾਤੀ ਪੋਲ ਦਾ ਢਹਿੰਦੇ ਜਾਣਾ ਹੈ। ਇੱਕ ਦਾ ਉੱਸਰਨਾ ਹੀ ਦੂਜੇ ਦਾ ਢਹਿਣਾ ਹੈ। ਅੱਜ ਆਪਣੀ ਸ਼ਕਤੀ ਦੇ ਪੋਲ ਦੀ ਉਸਾਰੀ ਕਰਨੀ ਸਾਡੀ ਲੋਕਾਂ ਦੀ ਧਿਰ ਦੀ ਫੌਰੀ ਜ਼ਰੂਰਤ ਹੈ। ਇਉਂ ਕਰਦਿਆਂ ਹੀ ਕਿਰਤੀ ਲੋਕ ਆਪਣੇ ਮੁਕੰਮਲ ਹੱਕਾਂ ਦੀ ਪ੍ਰਾਪਤੀ ਤੱਕ ਪੁੱਜ ਸਕਦੇ ਹਨ। ਉਤਰਾਵਾਂ-ਚੜ੍ਹਾਵਾਂ ਤੇ ਮੋੜਾਂ-ਘੋੜਾਂ ਭਰਿਆ ਇਹ ਰਸਤਾ ਹੀ ਕਿਰਤੀ ਲੋਕਾਂ ਦੀ ਮੁਕਤੀ ਦਾ ਰਸਤਾ ਹੈ।
(ਬੀ.ਕੇ.ਯੁ. (ਉ.), ਪੰ.ਖ.ਮ.ਯ.,
ਨੌ. ਭਾ. ਸ.ਵੱਲੋਂ ਜਾਰੀ ਪੈਂਫਲਟ ’ਚੋਂ)
ਲੋਕ ਸੱਤ੍ਹਾ ਦੀ ਉਸਾਰੀ ਲਈ
ਤਿੱਖੇ ਜਨਤਕ ਘੋਲ ਮਘਾਓ
ਭਾਰਤ ’ਤੇ ਸਾਮਰਾਜੀ ਦੇਸ਼ਾਂ ਦਾ ਕੰਟਰੋਲ ਹੌਲੀ-ਹੌਲੀ ਵਧ ਰਿਹਾ ਹੈ। ਵਿਦੇਸੀ ਕੰਪਨੀਆਂ ਭਾਰਤ ਨੂੰ ਲੁੱਟ ਰਹੀਆਂ ਹਨ। ਸਾਡਾ ਪ੍ਰਧਾਨ ਮੰਤਰੀ ਦੇਸ਼ ਦੀ ਬੋਲੀ ਲਾਉਣ ਲਈ ਸੰਸਾਰ ਭਰ ਦੇ ਦੇਸ਼ਾਂ ਵਿੱਚ ਗੇੜਾ ਲਾ ਕੇ ਆਇਆ ਹੈ। ਵਿਦੇਸੀ ਤੇ ਦਲਾਲ ਕੰਪਨੀਆਂ ਨੂੰ ਜਮੀਨ ਦੇਣ ਲਈ ਭੂਮੀ ਅਧਿਗ੍ਰਹਿਣ ਬਿੱਲ ਪਾਸ ਕਰ ਦਿੱਤਾ। ਜਿਸ ਨਾਲ ਕਿਸਾਨੀ ਦੀ ਜਮੀਨ ਕੰਪਨੀਆਂ ਨੂੰ ਦੇਣ ਦੀ ਖੁੱਲ੍ਹੀ ਛੁੱਟੀ ਮਿਲ ਗਈ। ਕੰਪਨੀਆਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਲਈ ਕਿਰਤ ਕਾਨੂੰਨਾਂ ਵਿੱਚ ਸੋਧ ਕਰ ਦਿੱਤੀ। ਦੇਸੀ ਅਤੇ ਛੋਟੀ ਸਨਅਤ ਦੇਸ਼ ਭਰ ਵਿੱਚ ਬੰਦ ਹੋ ਰਹੀ ਹੈ। ਇੱਕ ਪਾਸੇ ਦੇਸ ਭਰ ਵਿੱਚ ਕਰਜੇ ਦੀ ਪੰਡ ਥੱਲੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਦੂਸਰੇ ਪਾਸੇ ਵੱਡੀਆਂ ਕੰਪਨੀਆਂ ਦੇ ਮੋਟੇ ਕਰਜੇ ਮਾਫ ਕੀਤੇ ਜਾ ਰਹੇ ਹਨ। ਦੇਸ਼ ਨੂੰ ਭਾਜਪਾ ਤੇ ਆਰ.ਐਸ.ਐਸ. ਮਿਲ ਕੇ ਫਿਰਕੂ ਫਾਸ਼ੀਵਾਦ ਵੱਲ ਲਿਜਾ ਰਹੀਆਂ ਹਨ। ਇਨਕਲਾਬੀਆਂ, ਆਦਿਵਾਸੀਆਂ, ਕਸ਼ਮੀਰੀਆਂ ਅਤੇ ਮਨੀਪੁਰ ਦੇ ਲੋਕਾਂ ’ਤੇ ਫੋਜਾਂ ਚਾੜ੍ਹੀਆਂ ਜਾ ਰਹੀਆਂ ਹਨ। ਉਹਨਾਂ ਨੂੰ ਨਕਸਲੀ ਤੇ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਹੈ। ਕਾਲੇ ਧਨ ਦੇ ਨਾਮ ਥੱਲੇ ਲੋਕਾਂ ਦੇ ਰੁਪਏ ਨਾਲ ਬੈਕਾਂ ਤੇ ਸਨਅਤ ਦਾ ਢਿੱਡ ਭਰਿਆ ਜਾ ਰਿਹਾ ਹੈ।
ਸੱਤਾ ਤਬਦੀਲੀ ਤੋਂ ਬਾਅਦ ਅਸੀਂ ਕੀ ਕਰਾਂਗੇ
ਸੱਤਾ ਤਬਦੀਲੀ ਕਰਨ ਸਾਰ ਹੀ ਅਸੀਂ ਮਜ਼ਦੂਰਾਂ-ਕਿਸਾਨਾਂ ਦੀ ਸਰਕਾਰ ਬਣਾਵਾਂਗੇ। ਜਿੱਥੇ ਤਕੜੇ ਦੀ ਨਹੀਂ, ਮਾੜੇ ਦੀ ਸੁਣਵਾਈ ਹੋਵੇਗੀ। ਅਸੀਂ ਇਹਨਾਂ ਬੁਨਿਆਦੀ ਮੁੱਦਿਆਂ ਨੂੰ ਸਭ ਤੋਂ ਪਹਿਲਾਂ ਹੱਥ ਪਾਵਾਂਗੇ। ਜਰੱਈ ਮੁੱਦੇ ਦੇ ਹੱਲ ਲਈ ਅਸੀਂ ਜਮੀਨੀ ਹੱਦਬੰਦੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਾਂਗੇ। 10 ਏਕੜ ਤੋਂ ਉੱਪਰਲੀ ਜਮੀਨ ਅਸੀਂ ਬੇਜਮੀਨੇ ਲੋਕਾਂ ਤੇ ਛੋਟੇ ਕਿਸਾਨਾਂ ਵਿੱਚ ਵੰਡਾਂਗੇ। ਆਬਾਦਕਾਰਾਂ ਦੀਆਂ ਬੇਦਖਲੀਆਂ ’ਤੇ ਰੋਕ ਲਾਈ ਜਾਵੇਗੀ। ਨਜੂਲ ਜਮੀਨ ਦੇ ਮਾਲਕਾਨਾ ਹੱਕ ਦੇਵਾਂਗੇ। ਦਲਿਤਾਂ ਨੂੰ ਪੰਚਾਇਤੀ ਜਮੀਨ ਵਿੱਚੋਂ ਉਹਨਾਂ ਦਾ ਹਿੱਸਾ ਪੱਕੇ ਤੌਰ ’ਤੇ ਦਿੱਤਾ ਜਾਵੇਗਾ ਅਤੇ ਬਾਕੀ ਬਚਦੀ ਜਮੀਨ ਛੋਟੀ ਕਿਸਾਨੀ ਲਈ ਰਾਂਖਵੀਂ ਕਰਕੇ ਉਹਨਾਂ ਨੂੰ ਘੱਟ ਰੇਟ ’ਤੇ ਠੇਕੇ ’ਤੇ ਦਿੱਤੀ ਜਾਵੇਗੀ। ਕਰਜਾ ਮੋੜਨ ਤੋਂ ਅਸਮਰੱਥ ਕਿਸਾਨਾਂ 10 ਏਕੜ ਤੋਂ ਘੱਟ) ਦੇ ਸਮੁੱਚੇ ਕਰਜੇ ਮਾਫ਼ ਕੀਤੇ ਜਾਣਗੇ। ਖੇਤੀ ਕਰਜਿਆਂ ਲਈ ਵਿਆਜ ਦਰ 3 ਪ੍ਰਤੀਸ਼ਤ ਕੀਤੀ ਜਾਵੇਗੀ। ਸੂਦਖੋਰੀ ਖਤਮ ਕੀਤੀ ਜਾਵੇਗੀ। ਖੇਤੀ ਦਾ ਇਕ ਬਦਲਵਾਂ ਹੰਢਣਸਾਰ ਖੇਤ ਮਾਡਲ ਉਸਾਰਿਆ ਜਾਵੇਗਾ। ਸਾਰੇ ਪੰਜਾਬ ਨੂੰ ਵੱਖਰੀ-ਵੱਖਰੀ ਫਸਲ ਦੀ ਲੋੜ ਮੁਤਾਬਿਕ ਜੋਨਾਂ ਵਿੱਚ ਵੰਡਿਆਂ ਜਾਵੇਗਾ। ਪਿੰਡਾਂ ਵਿੱਚ ਖੇਤੀ ਕੇਂਦਰ ਸੰਦ ਖੋਹਲੇ ਜਾਣਗੇ। ਮਜ਼ਦੂਰਾਂ ਲਈ 365 ਦਿਨ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਹੋਵੇਗਾ, ਹਰੇਕ ਲਈ ਘਰ ਤੇ ਰੂੜੀ ਲਈ ਥਾਂ ਦਿੱਤੀ ਜਾਵੇਗੀ। ਜਾਤ-ਪਾਤ ਦੇ ਸਵਾਲ ਨੂੰ ਹੱਲ ਕਰਨ ਲਈ ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਸੱਭਿਆਚਾਰਕ ਇਨਕਲਾਬ ਵੱਲ ਵਧਿਆ ਜਾਵੇਗਾ।
ਸਨਅਤ ਦੇ ਵਿਕਾਸ ਲਈ ਵਿਦੇਸੀ ਤੇ ਦਲਾਲ ਸਰਮਾਇਆ ਜਬਤ ਕੀਤਾ ਜਾਵੇਗਾ ਅਤੇ ਉਸ ਪੈਸੇ ਨਾਲ ਦੇਸੀ ਤੇ ਖੇਤੀ ਨਾਲ ਜੁੜੀ ਸਨਅਤ ਵਿਕਸਤ ਕੀਤੀ ਜਾਵੇਗੀ ਤਾਂ ਕਿ ਕਿਸਾਨ ਨੂੰ ਜਿਣਸ ਦਾ ਸਹੀ ਮੁੱਲ ਮਿਲ ਸਕੇ ਅਤੇ ਬਾਜ਼ਾਰ ਵਿੱਚ ਵਸਤਾਂ ਸਸਤੀਆਂ ਮਿਲ ਸਕਣ। ਸਨਅਤ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਰੁਜਗਾਰ ਪੱਕਾ ਹੋਵੇਗਾ, ਇਹ ਸਰਕਾਰੀ ਮੁਲਾਜਮ ਹੋਣਗੇ।
ਮਹਿੰਗਾਈ ਘਟਾਉਣ ਲਈ ਦੇਸ ਦੀ ਆਰਥਕਤਾ ਵਿੱਚ ਮੁਨਾਫੇ ਦੀ ਥਾਂ ਮੁਨੱਖ ਪਹਿਲ ’ਤੇ ਹੋਵੇਗਾ। ਸਰਕਾਰੀ ਨੀਤੀਆਂ ਬਦਲਾਗੇ। ਜਖੀਰਬਾਜਾਂ ਨਾਲ ਸਖਤੀ ਨਾਲ ਨਿਪਟਾਂਗੇ। ਸਭ ਰਾਸ਼ਨ ਦੀਆਂ ਦੁਕਾਨਾਂ ਤੇ ਸਸਤਾ ਰਾਸ਼ਨ ਹੋਵੇਗਾ ਅਤੇ ਡਿੱਪੂ 10 ਘੰਟੇ 30 ਦਿਨ ਖੁੱਲ੍ਹਣਗੇ।
ਭ੍ਰਿਸ਼ਟਚਾਰ ਦੇ ਖਾਤਮੇ ਲਈ ਜਨਤਾ ਨੂੰ ਲਾਮਬੰਦ ਕੀਤਾ ਜਾਵੇਗਾ। ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਤੇ ਜਨਤਕ ਸਜਾਵਾਂ ਰੱਖੀਆਂ ਜਾਣਗੀਆਂ।
ਸਿੱਖਿਆ, ਸਿਹਤ, ਟਰਾਂਸਪੋਰਟ ਤੇ ਬਿਜਲੀ ਦਾ ਸਰਕਾਰੀਕਰਨ ਕੀਤਾ ਜਾਵੇਗਾ ਤਾਂ ਕਿ ਹਰੇਕ ਲੀਡਰ ਤੇ ਅਫਸਰ ਲਈ ਸਹੂਲਤਾਂ ਜਨਤਾ ਦੇ ਬਰਾਬਰ ਹੋਣ। ਚੰਗੀ ਸਿਹਤ ਸੰਸਥਾਵਾਂ ਦੀ ਉਸਾਰੀ ਕਰਕੇ ਗੰਭੀਰ ਬਿਮਾਰੀਆਂ ਦਾ ਇਲਾਜ ਮੁਫਤ ਹੋਵੇਗਾ। ਸਿੱਖਿਆ ਦਾ ਪ੍ਰਬੰਧ ਮੁਫਤ ਹੋਵੇਗਾ।
ਔਰਤਾਂ ਨੂੰ ਬਰਾਬਰ ਦੇ ਹੱਕ ਹੋਣਗੇ। ਬਰਾਬਰ ਕੰਮ ’ਤੇ ਬਰਾਬਰ ਤਨਖਾਹ ਮਿਲੇਗੀ। ਸਾਮਰਾਜੀ ਤੇ ਜਗੀਰੂ ਸਭਿਆਚਾਰ ਦੇ ਪ੍ਰਚਾਰ ਪਸਾਰ ’ਤੇ ਪਾਬੰਦੀ ਲੱਗੇਗੀ। ਜਿਨਸੀ ਸੋਸ਼ਣ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ। ਪਿਤਾ ਪੁਰਖੀ ਸਮਾਜਿਕ ਪ੍ਰਬੰਧ ਦੇ ਖਾਤਮੇ ਵੱਲ ਵਧਿਆ ਜਾਵੇਗਾ।
ਇਸ ਲਈ ਇਹਨਾਂ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਸ਼ੁਰੂ ਹੋ ਚੁੱਕੇ ਸੰਘਰਸ਼ ਨੂੰ ਸੱਤਾ ਤਬਦੀਲੀ ਤੱਕ ਪਹੁੰਚਾਉਣ ਲਈ ਤਿੱਖੇ ਜਨਤਕ ਘੋਲਾਂ ਦੀ ਉਸਾਰੀ ਵੱਲ ਵਧੋ। ਤਾਂ ਕਿ ਅਸੀ ਗੁਲਾਮੀ ਦੀਆਂ ਜੰਜੀਰਾਂ ਤੋੜ ਸਕੀਏ ਅਤੇ ਸਾਡੇ ਗੁਰੂਆਂ, ਪੀਰਾਂ ਵੱਲੋਂ ਲੁੱਟ ਰਹਿਤ ਸਮਾਜ ਦੇ ਸੁਪਨੇ ਨੂੰ ਪੂਰੇ ਕਰ ਸਕੀਏ।
(ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ
ਵੱਲੋਂ ਜਾਰੀ ਦੁਵਰਕੀ ’ਚੋਂ)
‘‘ਖਾੜਕੂ ਘੋਲਾਂ ਦਾ ਸਿਆਸੀ ਅਖਾੜਾ ਮਘਾਓ’’
ਇਸ ਲੋਟੂ ਤੇ ਜਾਬਰ ਰਾਜ ਅੰਦਰ ਤੁਸੀਂ ਵਾਰ ਵਾਰ ਇਹਨਾਂ ਮੁੱਠੀਭਰ ਧਨ-ਕੁਬੇਰਾਂ (ਠੱਗਾਂ, ਡਾਕੂਆਂ, ਸਮਗਲਰਾਂ, ਬਲੈਕੀਆਂ, ਸੂਦਖੋਰਾਂ, ਗੁੰਡਿਆਂ, ਬਲਾਤਕਾਰੀਆਂ, ਵੱਡੇ ਕਾਰੋਬਾਰੀਆਂ ਆਦਿ) ਨੂੰ ਵੋਟਾਂ ਪਾ ਕੇ ਕਿਹੜੇ ਚੰਗੇਰੇ ਭਵਿੱਖ ਦੀ ਤਲਾਸ਼ ’ਚ ਹੋ? ਵੋਟਾਂ ਨਾਲ ਕਦੇ ਵੀ ਲੋਟੂ-ਰਾਜ ਨਹੀਂ ਬਦਲਦੇ, ਸਿਰਫ਼ ਤਾਜ ਬਦਲਦੇ ਹਨ। ਇਤਿਹਾਸ ਅੰਦਰ ਧਰਤ-ਕੰਬਾਊ ਤੇ ਤਰਥੱਲ ਪਾਊ ਇਨਕਲਾਬਾਂ ਨੇ ਇਸ ਹਕੀਕਤ ਨੂੰ ਕਈ ਦਫ਼ਾ ਦੁਹਰਾਇਆ ਹੈ। ਸੰਗਠਿਤ ਹੋਈ ਖਾੜਕੂ ਲੋਕ-ਤਾਕਤ ਤੋਂ ਬਗੈਰ ਲੋਕਾਂ ਦੀ ਪੁੱਗਤ ਵਾਲਾ ਰਾਜ ਸਿਰਜਣਾ ਅਸੰਭਵ ਹੈ। ਪਿੰਡਾਂ ਤੇ ਸ਼ਹਿਰਾਂ ਅੰਦਰ ਰਾਜ-ਸ਼ਕਤੀ ਦੇ ਮੁਕਾਬਲੇ ਸਿਆਸੀ ਸੱਤਾ ਦੇ ਕੇਂਦਰ ਉਸਾਰੇ ਬਿਨਾਂ ਲੋਕ ਆਪਣੀ ਹੋਣੀ ਦੇ ਆਪ ਮਾਲਕ ਨਹੀਂ ਬਣ ਸਕਦੇ। ਬਿਜਲਈ ਮਸ਼ੀਨਾਂ ਦੇ ਬਟਨ ਦਬਾਉਣ ਨਾਲ ਇਹ ਲੋਟੂ ਤੇ ਜਾਬਰ ਰਾਜ ਨਹੀਂ ਬਦਲਣਾ (ਚਾਹੇ ਇਹ ਨੋਟਾ “1 ਦਾ ਬਟਨ ਹੀ ਕਿਉਂ ਨਾ ਹੋਵੇ) ਇੱਕ ਸਦੀ ਪਹਿਲਾਂ 1917 ਵਿੱਚ ਰੂਸੀ ਲੋਕਾਂ ਵੱਲੋਂ ਜਾਰਸ਼ਾਹੀ ਦਾ ਖਾਤਮਾ ਕਰਕੇ ਲੋਕਸ਼ਾਹੀ ਸਥਾਪਤ ਕੀਤੀ ਸੀ। ਚੀਨ ਦੇ ਕਿਸਾਨਾਂ ਮਜ਼ਦੂਰਾਂ ਨੇ ਵੀ 1949 ਵਿੱਚ ਲੋਟੂ ਰਾਜ ਪ੍ਰਬੰਧ ਦਾ ਖਾਤਮਾ ਕਰਕੇ ਆਪਣਾ ਰਾਜ ਸਥਾਪਤ ਕੀਤਾ ਸੀ। ਇਸ ਤਰ੍ਹਾਂ ਹੀ ਅਜਿਹੇ ਰਾਜ ਪ੍ਰਬੰਧ ਦੀ ਸਥਾਪਨਾ ਲਈ ਲੋਕਾਂ ਨੂੰ ਵੋਟਾਂ ਦੇ ਗਧੀ-ਗੇੜ ਨੂੰ ਨਕਾਰ ਕੇ ਖਾੜਕੂ ਘੋਲਾਂ ਦੇ ਸਿਆਸੀ ਅਖਾੜੇ ਨੂੰ ਮਘਾਉਣ ਦੀ ਲੋੜ ਹੈ।
ਆਓ, ਅਖੌਤੀ ਚੋਣਾਂ ਦੇ ਇਸ ਖੱਸੀ ਰਾਹ ਨੂੰ ਠੁਕਰਾ ਕੇ ਇਸ ਲੋਟੂ ਤੇ ਜਾਬਰ ਰਾਜ ਤੋਂ ਮੁਕਤ ਹੋਣ ਲਈ ਇਸ ਰਾਜ ਦਾ ਫ਼ਸਤਾ ਵੱਢਣ ਲਈ ਖਾੜਕੂ ਘੋਲਾਂ ਦੇ ਰਾਹ ਪੈਂਦਿਆਂ ਹਕੀਕੀ ਇਨਕਲਾਬੀ ਜੰਗ ਲੜਨ ਦੀ ਤਿਆਰੀ ਕਰੀਏ ਅਤੇ ਇਸ ਜਰਜਰੇ ਹੋ ਚੁੱਕੇ ਰਾਜ-ਪ੍ਰਬੰਧ ਦੇ ਖੰਡਰਾਂ ਉੱਪਰ ਨਵ-ਜਮਹੂਰੀ ਇਨਕਲਾਬ ਦਾ ਸੂਹਾ ਪਰਚਮ ਲਹਿਰਾਉਣ ਦਾ ਪ੍ਰਣ ਕਰੀਏ।
(ਇਨਕਲਾਬੀ ਲੋਕ ਮੋਰਚਾ
ਵੱਲੋਂ ਜਾਰੀ ਦੁਵਰਕੀ ’ਚੋਂ)
ਚੋਣ ਝਮੇਲੇ ਤੋਂ ਬਚੋ
ਸੰਘਰਸ਼ ਤੇ ਸੰਗਠਨ ਮਜਬੂਤ ਕਰੋ
ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ, ਸਰਕਾਰ ਦੀ ਕੁਰਸੀ ਮੱਲਣ ਲਈ ਇੱਕ ਦੂਜੇ ਨੂੰ ਹਰਾਉਣ ਲਈ ਲੋਕਾਂ ਨੂੰ ਨਾਲ ਜੋੜਣ ਲੱਗੀਆਂ ਹੋਈਆਂ ਹਨ। ਤਾਂ ਉਸ ਵੇਲੇ ਸਾਡੀ ਮੰਗ “ਪੂਰੀ ਕਰਾਂਗੇ” ਕਹਿ ਕੇ ਵਿਰੋਧੀਆਂ ਦੇ ਪੋਤੜੇ ਫਰੋਲਣ ਲੱਗ ਜਾਂਦੀਆਂ ਹਨ। ਸਾਡੀ ਮੰਗ ਦੇ ਹੱਕ ਵਿੱਚ ਨਾ ਬੋਲਣ ਪਿੱਛੇ ਇਹਨਾਂ ਦੀ ਕੋਈ ਭੁੱਲ ਨਹੀਂ ਹੈ। ਇਹ ਤਾਂ ਇਹਨਾਂ ਵੱਲੋਂ ਆਪੋ ਆਪਣੀ ਸਰਕਾਰ ਦੇ ਹੁੰਦਿਆਂ ਲਾਗੂ ਕੀਤੀਆਂ ਗਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਰੁਜ਼ਗਾਰ ਵਿਰੋਧੀ ਨੀਤੀਆਂ ਹੀ ਹਨ, ਜਿਹਨਾਂ ਨੇ ਇਹਨਾਂ ਦਾ ਮੂੰਹ ਠਾਕਿਆ ਹੋਇਆ ਹੈ। ਇਹਨਾਂ ਸਭਨਾਂ ਦੀਆਂ ਸਰਕਾਰਾਂ ਨਾ ਸਿਰਫ ਪੂਰੀ ਤਨਖਾਹ ਤੇ ਵਿਭਾਗ ਵਿੱਚ ਪੱਕਾ ਰੁਜ਼ਗਾਰ ਨਹੀਂ ਦਿੰਦੀਆਂ, ਸਗੋਂ ਰੁਜ਼ਗਾਰ ਮੰਗਣ ਗਿਆਂ ਦੇ ਹੱਡ ਭੰਨਦੀਆਂ, ਪੱਗਾਂ ਲਾਹੁੰਦੀਆਂ ਤੇ ਗੁੱਤੋਂ ਘੜੀਸਦੀਆਂ ਹਨ। ਝੂਠੇ ਕੇਸ ਪਾ ਕੇ ਜੇਲ੍ਹੀਂ ਡੱਕਦੀਆਂ ਹਨ।
ਇਸ ਤੋਂ ਵੀ ਅੱਗੇ, ਅਸੀਂ ਜਦੋਂ ਵੀ ਕਦੇ ਆਪਣੀ ਮੰਗ ਦੱਸਣ ਲਈ ਜਾਂ ਰੋਸ ਪ੍ਰਗਟਾਉਣ ਲਈ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਸਰਕਾਰ ਨੂੰ ਮਿਲਣ ਤੋਂ ਪਹਿਲਾਂ ਸਾਡਾ ਮੱਥਾ, ਧਰਨੇ-ਮੁਜਾਹਰਿਆਂ ’ਤੇ ਪਾਬੰਦੀ ਲਾਉਂਦੇ ਸਿਵਲ ਪ੍ਰਸ਼ਾਸ਼ਨ ਨਾਲ ਅਤੇ ਡਾਂਗਾਂ-ਗੋਲੀਆਂ ਤੇ ਪਾਣੀ ਦੀਆਂ ਬੁਛਾੜਾਂ ਵਾਲੀ ਤੋਪ-ਮਸ਼ੀਨ ਨਾਲ ਲੈਸ ਪੁਲਸ-ਪ੍ਰਸ਼ਾਸ਼ਨ ਨਾਲ ਲੱਗਦਾ ਹੈ। ਇਹ ਸਭ ਤਾਕਤਾਂ, ਸਾਨੂੰ ਸਰਕਾਰ ਦੇ ਨੇੜੇ ਫੜਕਣ ਨਹੀਂ ਦਿੰਦੀਆਂ। ਰਾਹ ਵਿੱਚੋਂ ਹੀ ਲਹੂ ਲੁਹਾਣ ਕਰਕੇ ਵਾਪਸ ਮੋੜ ਦਿੰਦੀਆਂ ਹਨ। ਸਾਨੂੰ ਤਾਂ ਇਹੀ ਵੱਡੀ ਸਰਕਾਰ ਬਣਕੇ ਟੱਕਰਦੇ ਹਨ। ਇਹਨਾਂ ਦੀ ਚੋਣ ਵਿਚ ਸਾਡੀ ਵੋਟ ਨਹੀਂ ਹੈ। ਇਹਨਾਂ ਨੂੰ ਸਰਕਾਰ ਆਪਣੀ ਪਸੰਦ ਅਨੁਸਾਰ ਲਾਉਂਦੀ ਹੈ, ਆਪਣੀ ਸਰਕਾਰੀ ਦਬਸ਼ ਹੇਠ ਰੱਖਦੀ ਹੈ ਤੇ ਇਹ ਵੀ ਸਰਕਾਰ ਦੀ ਨੀਤੀ ਅਨੁਸਾਰ ਚੱਲਦੇ ਹਨ।
ਇਹਨਾਂ ਸਭਨਾਂ ਦਾ, ਆਪਣੇ ਨਾਲੋਂ ਦੇਸੀ-ਵਿਦੇਸ਼ੀ ਕਾਰਪੋਰੇਟ ਲੁਟੇਰਿਆਂ ਨਾਲ ਮੋਹ ਜ਼ਿਆਦਾ ਹੈ। ਉਹਨਾਂ ਲਈ, ਸਸਤੀਆਂ ਜ਼ਮੀਨਾਂ ਵੀ, ਸਬਸਿਡੀਆਂ ਵੀ, ਟੈਕਸ ਛੋਟਾਂ ਵੀ, ਰਿਆਇਤਾਂ-ਖੁੱਲ੍ਹਾਂ ਵੀ, ਕਰਜ਼ੇ ਵੀ ਅਤੇ ਕਰਜ਼ਿਆਂ ਉੱਤੇ ਕਾਟੇ ਵੀ, ਦੇ ਮੋਟੇ ਗੱਫੇ ਹਨ। ਸਾਨੂੰ ਰੁਜ਼ਗਾਰ ਵੱਲੋਂ ਕੋਰਾ ਜੁਆਬ ਹੈ, ਪਰ ਸਾਡੇ ਸੰਘਰਸ਼ ਕਰਕੇ ਜੇ ਕੁਝ ਦੇਣਾ ਪੈ ਜਾਵੇ ਤਾਂ ਵਿਭਾਗ ਵਿੱਚ ਨਹੀਂ, ਕਿਸੇ ਸਕੀਮ ਅਧੀਨ, ਠੇਕੇ ’ਤੇ ਨਿਗੂਣੀ ਤਨਖਾਹ ਜਾਂ ਸਵੈ ਰੁਜ਼ਗਾਰ ਵਾਲਾ ਕੱਚਾ ਰੁਜ਼ਗਾਰ ਪੱਲੇ ਪਾਇਆ ਜਾਂਦਾ ਹੈ।
ਸਾਡੀ ਮੰਗ ਪੂਰੀ ਹੋਣ ਦੇ ਰਾਹ ਵਿਚ ਅੜਿੱਕਾ ਬਣੀ ਬਜ਼ਟ ਰਕਮ ਤੇ ਠੇਕਾ ਭਰਤੀ ਜਿਉਂ ਦੀ ਤਿਉਂ ਰੱਖਣ ਦੀ ਨੀਤੀ (ਨਵ-ਉਦਾਰਵਾਦੀ ਨੀਤੀ ਦਾ ਅੰਗ) ਦਾ ਉਹ ਕੀ ਕਰਨਗੇ ? ਇਹਦੇ ਬਾਰੇ ਵਿਸਥਾਰ ਵਿਚ ਨਹੀਂ ਬੋਲਦੇ। ਕਿਉਂਕਿ ਬਜ਼ਟ ਰਕਮਾਂ ਵੱਡੇ ਕਾਰਪੋਰੇਟਾਂ ’ਤੇ ਵੱਡੇ ਟੈਕਸ ਲਾ ਕੇ ਤੇ ਉਗਰਾਹ ਕੇ ਅਤੇ ਸਰਕਾਰ ਆਪਦੀ ਐਸ਼ੋ ਇਸ਼ਰਤ ਤੇ ਮੰਤਰੀਆਂ ਸੰਤਰੀਆਂ ਦੀ ਵਧਾਈ ਗਿਣਤੀ ’ਤੇ ਖਰਚਣਾ ਬੰਦ ਕਰੂ। ਇਉਂ ਕਰਨ ਦਾ, ਸਰਕਾਰ ਬਣਾਉਣ ਲਈ ਸਾਹਮਣੇ ਆ ਰਹੀਆਂ ਪਾਰਟੀਆਂ ਵਿਚੋਂ ਕਿਸੇ ਦਾ ਵੀ ਅਜੰਡਾ ਨਹੀਂ ਹੈ। ਇਹਨਾਂ ਸਭਨਾਂ ਦੀਆਂ ਸਰਕਾਰਾਂ ਦਾ ਅਮਲ ਸਾਡੇ ਸਾਹਮਣੇ ਹੈ। ਹੁਣ ਵਾਲੀ ਸਰਕਾਰ ਵੱਲੋਂ ਲਏ ਫੈਸਲੇ, ਚੱਕੇ ਕਦਮ ਤੇ ਅਪਣਾਈਆਂ ਨੀਤੀਆਂ ਨਾਲ ਵੱਖ ਵੱਖ ਨਾਂਵਾਂ ਦੀਆਂ ਸਕੀਮਾਂ ਹੇਠ ਨਿਗੂਣੀਆਂ ਤਨਖ਼ਾਹਾਂ, ਕਈ ਥਾਂ ਤਾਂ ਸਵੈ-ਰੁਜ਼ਗਾਰ (ਖ਼ੁਦ ਆਪਣੀ ਤਨਖ਼ਾਹ ਪੈਦਾ ਕਰੋ) ਸਕੀਮਾਂ ਉੱਪਰ ਠੇਕੇ ’ਤੇ ਭਰਤੀ ਕਰਨ ਵਿਚ ਇਹਨਾਂ ਸਭਨਾਂ ਦੀ ਇੱਕਮੱਤਤਾ ਹੈ। ਜਿਹੜੀਆਂ ਨੀਤੀਆਂ ’ਤੇ ਚੱਲ ਕੇ ਹੁਣ ਵਾਲੀ ਸਰਕਾਰ ਨੇ ‘ਵਿਕਾਸ’ ਕੀਤਾ ਹੈ, ਇਹ ਵੀ ਉਸੇ ’ਤੇ ਚੱਲ ਕੇ ‘ਵਿਕਾਸ’ ਕਰਨ ਲਈ ਦਮਗਜ਼ੇ ਮਾਰ ਰਹੇ ਹਨ।
ਇਸ ਸਾਰੇ ਤੋਂ ਪਾਸੇ, ਅਸੀਂ ਜੋ ਕੁੱਝ ਵੀ ਹਾਸਲ ਕੀਤਾ ਹੈ, ਸੰਘਰਸ਼ ਦੇ ਜ਼ੋਰ ਕੀਤਾ ਹੈ। ਇਹ ਰੁਜ਼ਗਾਰ ਹਾਸਲ ਕਰਨ, ਜਾਰੀ ਰਖਵਾਉਣ, ਤਨਖ਼ਾਹਾਂ ਵਧਵਾਉਣ ਤੇ ਹੁਣ ਸਾਡੇ ਵੱਲੋਂ ਕੀਤੇ ਜ਼ੋਰਦਾਰ ਸਾਂਝੇ ਜਥੇਬੰਦਕ ਸੰਘਰਸ਼ ਦਾ ਦਬਾਅ ਮੰਨਦਿਆਂ ਸਰਕਾਰ ਨੂੰ ਸਾਡੇ ਵਿਚੋਂ ਕੁਝ ਨੂੰ ਰੈਗੂਲਰ ਕਰਨ ਤੇ ਕੁਝ ਨੂੰ ਵਿਭਾਗਾਂ ਵਿਚ ਠੇਕੇ ’ਤੇ ਅਪਣਾ ਲਏ ਜਾਣ ਦਾ ਕਾਨੂੰਨ ਬਣਾਉਣ ਲਈ ਵਿਸ਼ੇਸ਼ ਇਜਲਾਸ ਬੁਲਾਉਣਾ ਪਿਆ ਹੈ। ਸਰਕਾਰ ਦੀ ਸਾਡੇ ਪ੍ਰਤੀ ਧਾਰਨ ਕੀਤੀ ਨੀਤੀ ਅਨੁਸਾਰ ਬਣਾਇਆ ਇਹ ਲੰਗੜਾ-ਲੂਲਾ ਤੇ ਘਚੋਲੇ ਭਰਿਆ ਕਾਨੂੰਨ ਸਾਡੀ ਵਿਭਾਗਾਂ ਵਿਚ ਰੈਗੂਲਰ ਕਰਨ ਦੀ ਮੰਗ ਪੂਰੀ ਨਹੀਂ ਕਰਦਾ ਹੈ।
ਸੋ ਅੱਜ ਦੀ ਮੀਟਿੰਗ, ਅੱਜ ਦੀ ਹਾਲਤ ਵਿੱਚ, ਵੋਟ ਪਾਉਣ ਜਾਂ ਨਾ ਪਾਉਣ ਨੂੰ ਵਿਅਕਤੀਗਤ ਖੇਤਰ ਵਿੱਚ ਛੱਡਦਿਆਂ ਇਸ ਚੋਣ ਪਲੇਚੇ-ਝਮੇਲੇ ਵਿੱਚ ਪੈਣ, ਉਲਝਣ ਤੇ ਖਪਣ ਦੀ ਥਾਂ ਆਪਣੇ ਹੱਕ ਹਾਸਲ ਕਰਨ ਵਾਲੇ ਅਤੇ ਹੱਕਾਂ ਦੀ ਰਾਖੀ ਕਰਨ ਵਾਲੇ ਸੰਦ - ਸੰਗਠਨ ਤੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੰਦੀ ਹੈ। ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਸਾਥੀ ਹੁਣੇ ਤੋਂ ਇਸ ਕੰਮ ਲਈ ਅਭਿਆਸ ਵਿੱਚ ਪੈਣ ਦੀ ਵਚਨਬੱਧਤਾ ਕਰਦੇ ਹਨ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ
ਸੂਬਾਈ ਮੀਟਿੰਗ ’ਚ ਪ੍ਰਵਾਨ ਕੀਤਾ ਮਤਾ
(ਸੰਖੇਪ, ਸਿਰਲੇਖ ਸਾਡਾ)
ਵੋਟਾਂ ਹਾਕਮਾਂ ਦੀ ਖੇਡ ਹੈ
ਚੋਣ ਤਾਂ ਮਖੌਟਿਆਂ ਦੀ ਹੋ ਰਹੀ ਹੈ
.... ਨਕਲੀ ਵਿਕਾਸ, ਪੰਜਾਬ, ਪਾਣੀ ਤੇ ਪੰਥ ਹੇਜ ਦੇ ਪਾਖੰਡੀ ਨਾਅਰੇ ਲਗਾਏ ਜਾ ਰਹੇ ਹਨ। ਨੌਜਵਾਨਾਂ ’ਚ ਬੇਰੁਜ਼ਗਾਰੀ ਦਾ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਦਾ ਤੇ ਨਸ਼ਿਆਂ ਦੇ ਵਪਾਰ ਦਾ ਚੁਟਕੀ ’ਚ ਅੰਤ ਕਰ ਦੇਣ ਦੇ ਮਦਾਰੀਆਂ ਵਾਲੇ ਵਾਅਦੇ ਕੀਤੇ ਜਾ ਰਹੇ ਹਨ। ਹਾਕਮ ਜਮਾਤੀ ਸਿਆਸੀ ਟੋਲੇ ਸਿਰੇ ਦੇ ਨਿਘਾਰ ਤੇ ਸਿਆਸੀ ਦਿਵਾਲੀਏਪਣ ਦੇ ਸ਼ਿਕਾਰ ਹਨ, ਮਖੌਟਿਆਂ ਦੇ ਚੀਥੜੇ ਉੱਡ ਰਹੇ ਹਨ।
..... ਵੋਟਾਂ ਨਹੀਂ ਲੋਕ ਯੁੱਧ।
ਹਥਿਆਰਬੰਦੀ ਇਨਕਲਾਬ ਦੀ ਤਿਆਰੀ ਕਰੋ।
ਲੋਕ ਸ਼ਕਤੀ ਨੂੰ ਜ਼ਰਬਾਂ ਦਿਓ।
ਅੱਜ ਪੰਜਾਬ ਵਿੱਚ ਲੋਕਾਂ ਕੋਲ ਭਰੋਸੇਯੋਗ ਸ਼ਕਤੀ ਹੈ, ਚਾਹੇ ਬਕਾਇਦਾ ਇਨਕਲਾਬ ਛੇੜਨ ਜੋਗੀ ਨਹੀਂ। ਮਜ਼ਦੂਰਾਂ ਕਿਸਾਨਾਂ ਅਤੇ ਦੂਸਰੇ ਮਿਹਨਤਕਸ਼ ਲੋਕਾਂ ਦੀਆਂ ਅਨੇਕ ਯੂਨੀਅਨਾਂ, ਸਭਾਵਾਂ ਹਨ। ਲੋਕ ਖਾੜਕੂ ਤੇ ਸਾਂਝੇ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਇਸ ਤੋਂ ਇਲਾਵਾ ਇਨਕਲਾਬੀ ਸ਼ਕਤੀਆਂ ਦੀ ਮੌਜੂਦਗੀ ਹੈ। ਇਹ ਹਾਸਲ ਲੋਕ ਸ਼ਕਤੀ ਹੈ। ਇਸ ਨੂੰ ਜਰ੍ਹਬਾਂ ਦੇਈਏ, ਇੱਕਜੁਟ ਕਮਿਊਨਿਸਟ ਇਨਕਲਾਬੀ ਪਾਰਟੀ ਦੁਆਲੇ ਲਾਮਬੰਦ ਕਰੀਏ। ਜੋਕ ਰਾਜ ਦੇ ਖਾਤਮੇ ਲਈ ਹਥਿਆਰਬੰਦ ਇਨਕਲਾਬ ਛੇੜਨ ਦੀ ਤਿਆਰੀ ਕਰੀਏ।
ਕਮਿਊਨਿਸਟ ਇਨਕਲਾਬੀ ਜਥੇਬੰਦੀ,
ਭਾਰਤੀ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (ਮਾਰਕਸਵਾਦੀ-ਲੈਨਿਨਵਾਦੀ) ਵੱਲੋਂ ਜਾਰੀ
ਕੰਧ ਪੋਸਟਰ ਦੇ ਕੁਝ ਹਿੱਸੇ।
No comments:
Post a Comment