ਝਾਰਖੰਡ ਕੋਲਾ ਖਾਣ ਹਾਦਸਾ:
ਮੁਨਾਫ਼ੇ ਦੀ ਹਵਸ - ਮਜ਼ਦੂਰਾਂ ਦੀਆਂ ਜਾਨਾਂ ਦਾ ਖੌਅ
- ਡਾ. ਜਗਮੋਹਨ ਸਿੰਘ
29 ਦਸੰਬਰ ਦੀ ਸ਼ਾਮ ਝਾਰਖੰਡ ਸੂਬੇ ਦੇ ਗੌਂਡਾ ਜਿਲ੍ਹੇ ਦੇ ਦਰਜਨਾਂ ਕੋਲਾ ਖਾਣ ਮਜ਼ਦੂਰਾਂ ਦੀ ਮੌਤ ਦਾ ਪੈਗਾਮ ਲੈ ਕੇ ਆਈ, ਜਦ ‘ਕੋਲ ਇੰਡੀਆ’ ਦੀ ਸਹਾਇਕ ਕੰਪਨੀ ‘ਈਸਟਰਨ ਕੋਲ ਫੀਲਜ਼ ਲਿਮ.’ ਦੀ ਬੋਡਾਇਆ ਵਿਖੇ ਲਲਮਾਟਿਆ ਖੁੱਲ੍ਹੀ ਖਾਣ ਅੰਦਰ, 300 ਮੀਟਰ ਦੀ ਡੁੰਘਾਈ ’ਤੇ ਕੰਮ ਕਰ ਰਹੇ ਮਜ਼ਦੂਰ ਭਾਰੀ ਮਸ਼ੀਨਰੀ, ਵਾਹਨ ਅਤੇ ਬਲਡੋਜ਼ਰਾਂ ਸਮੇਤ ਖਾਣ ਵਿਚ ਜਾਣ ਕਾਰਨ, 95 ਲੱਖ ਕਿਉਬਕ ਮੀਟਰ ਮਿੱਟੀ ਦੇ ਮਲਬੇ ਹੇਠ ਦੱਬੇ ਗਏ। ਕੁੱਝ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ, ਬਾਕੀ ਫਸ ਗਏ। ਘਟਨਾ ਦੇ ਤੁਰੰਤ ਬਾਅਦ ਬਚਾਓ ਤੇ ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਅਤੇ 2 ਦਿਨ ਬੀਤ ਜਾਣ ’ਤੇ ਵੀ ਮਲਬੇ ’ਚ ਫਸੇ ਹੋਏ ਮਜ਼ਦੂਰਾਂ ਦੀ ਸਹੀ ਗਿਣਤੀ ਦੇ ਅਨੁਮਾਨ ’ਚ ਨਾਕਾਮੀ, ਇੰਤਜ਼ਾਮੀਆ ਪ੍ਰਬੰਧਾਂ ਦੀ ਖਸਤਾ ਹਾਲਤ ਦੀ ਤਸਵੀਰ ਦੇ ਨਾਲ ਨਾਲ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਪ੍ਰਤੀ ਸਰੋਕਾਰ ਦੀ ਸਿਰੇ ਦੀ ਘਾਟ ਦੀ ਗਵਾਹ ਬਣ ਕੇ ਸਾਹਮਣੇ ਆਈ ਹੈ। ਦੋ ਦਿਨ ਬਾਅਦ 18 ਲਾਸ਼ਾਂ ਬਰਾਮਦ ਹੋ ਜਾਣ ਤੇ ਘੱਟੋ ਘੱਟ 50 ਹੋਰ ਦੱਬੇ ਜਾਣ ਦਾ ਖਦਸ਼ਾ ਹੈ, ਜਿਨ੍ਹਾਂ ਦੇ ਜਿੰਦਾ ਹੋਣ ਦੀ ਕੋਈ ਉਮੀਦ ਨਹੀਂ ਹੈ। ਮਜ਼ਦੂਰ ਜਥੇਬੰਦੀ ਇੰਟਕ ਦੇ ਜਨਰਲ ਸਕੱਤਰ ਅਨੁਸਾਰ,‘‘ਮਸ਼ੀਨਰੀ ਅਤੇ ਵਾਹਨ ਉਪਰੇਟਰਾਂ ਸਮੇਤ ਕੁੱਲ 80 ਮਜ਼ਦੂਰ ਘਟਨਾ ਮੌਕੇ ਖਾਣ ਦੇ ਅੰਦਰ ਸਨ।’’
ਲਾਲਮਾਟਿਆ ਕੋਲਾ ਖਾਣ ਭਾਰਤ ਦੀਆਂ ਸਭ ਤੋਂ ਵੱਡੀਆਂ ਕੋਲਾ ਖਾਣਾਂ ਵਿੱਚੋਂ ਇੱਕ ਹੈ। ਇਸ ਦੀ ਰੋਜ਼ਾਨਾ ਪੈਦਾਵਾਰ 50,000 ਟਨ ਅਤੇ ਸਾਲਾਨਾ ਸਮਰੱਥਾ 170 ਲੱਖ ਟਨ ਦੀ ਹੈ, ਜੋ ਈਸਟਰਨ ਕੋਲ ਫੀਲਡਜ਼ ਲਿਮ. ਦੀ ਕੁੱਲ ਪੈਦਾਵਾਰ ਦਾ ਅੱਧ ਬਣਦੀ ਹੈ। ਪਿਛਲੇ 10 ਸਾਲਾਂ ਦੌਰਾਨ ਇਸ ਵਿਚੋਂ ਬੇਤਹਾਸ਼ਾ ਕੋਲਾ ਕੱਢਿਆ ਜਾ ਚੁੱਕਾ ਹੈ। ਕੁੱਝ ਸਾਲਾਂ ਤੋ ਇਸ ਨੂੰ ਖਤਰਨਾਕ ਜੋਨ ਐਲਾਨਿਆ ਹੋਇਆ ਸੀ। ਪਰ ਇਸ ਦੇ ਬਾਵਜੂਦ ਈਸਟਰਨ ਫੀਲਡਜ਼ ਨੇ 2012 ’ਚ ਮਹਾਂਲਕਸ਼ਮੀ ਨਾਂ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਇਸ ਵਿੱਚ ਖੁਦਾਈ ਦਾ ਕੰਮ ਸੌਂਪ ਦਿੱਤਾ ਸੀ।
ਮੌਜੂਦਾ ਘਟਨਾ ਤੋਂ 2 ਦਿਨ ਪਹਿਲਾਂ 27 ਦਸੰਬਰ ਨੂੰ ਈਸਟਰਨ ਫੀਲਡਜ਼ ਦਾ ਚੀਫ ਮੈਨੇਜ਼ਿੰਗ ਡਾਇਰੈਕਟਰ ਆਰ ਆਰ ਮਿਸ਼ਰਾ ਇਸ ਖੁਲ੍ਹੀ ਖਾਣ ਪ੍ਰੋਜੈਕਟ ਦਾ ਮੁਆਇਨਾ ਕਰਨ ਆਇਆ। ਉਸ ਨੇ ਬੋਡਾਇਆ ਦੀ ਲਲਮਾਟਿਆ ਖਾਣ ਦਾ ਮੁਆਇਨਾ ਵੀ ਕੀਤਾ ਅਤੇ ਖੁਦਾਈ ਦੇ ਹੁਕਮ ਜਾਰੀ ਕਰ ਦਿੱਤੇ। ਇਸ ਦੇ ਨਾਲ ਹੀ ਬੋਡਾਇਆ ਪਿੰਡ ਦੇ ਲੋਕਾਂ ਨੂੰ ਉਥੋਂ ਉੱਠ ਜਾਣ ਦੇ ਹੁਕਮ ਸੁਣਾ ਦਿੱਤੇ। 29 ਦਸੰਬਰ ਨੂੰ ਕੰਪਨੀ ਦੇ ਪ੍ਰਬੰਧਕ ਪ੍ਰਮੋਦ ਕੁਮਾਰ ਨੂੰ ਜਦ ਮਜਦੂਰਾਂ ਨੇ ਤਿੰਨ ਦਿਨ ਪਹਿਲਾਂ ਖਾਣ ਅੰਦਰ ਇੱਕ ਦਰਾੜ ਪੈਦਾ ਹੋਣ ਬਾਰੇ ਦਸਦਿਆਂ ਕੰਮ ਤੋਂ ਜੁਆਬ ਦਿੱਤਾ ਤਾਂ ਉਸ ਵੱਲੋਂ ਧਮਕੀਆਂ ਦਿੱਤੀਆਂ ਗਈਆਂ।
ਖਾਣ ਮਜ਼ਦੂਰਾਂ ਦੇ ਸੁਆਲ ਹਨ.-
-ਮਹਾਂ ਲਕਸ਼ਮੀ ਕੰਪਨੀ ਨੂੰ ਖਾਣ ’ਚ ਖੁਦਾਈ ਕਰਨ ਦਾ ਕੰਮ ਕਿਉ ਸੌਪਿਆ ਗਿਆ?
- ਚੀਫ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਬੰਧਕ ਨੇ ਮਜ਼ਦੂਰਾਂ ਨੂੰ ਕੰਮ ਕਰਨ ਲਈ ਕਿਉ ਮਜ਼ਬੂਰ ਕੀਤਾ?
ਇਹਨਾਂ ਸੁਆਲਾਂ ਦਾ ਮੈਨੇਜ਼ਮੈਂਟ ਕੋਲ ਕੋਈ ਜੁਆਬ ਨਹੀ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਇਹਨਾਂ ਸੁਆਲਾਂ ਦਾ ਜੁਆਬ ਦੇਣ ਨਾਲ ਸਰਕਾਰ ਸਮੇਤ ਪੂਰਾ ਪ੍ਰਬੰਧਕੀ ਅਮਲਾ-ਫੈਲਾ ਅਤੇ ਖਾਣਾਂ ਦੇ ਮਾਫੀਆ ਗਰੋਹ ਸਭ ਦੇ ਸਭ ਕੁੜਿੱਕੀ ਵਿਚ ਫਸਦੇ ਹਨ।
ਪੱਥਰ ਦਿਲ ਦੇਸ਼ ਦੇ ਲੀਡਰਾਂ ਕੋਲ ਇਸ ਦਰਦਨਾਕ ਘਟਨਾ ’ਤੇ ਮਗਰਮੱਛ ਦੇ ਹੰਝੂ ਵਹਾਉਣ ਤੇ ਜ਼ਖਮੀਆਂ ਨੂੰ ਮੁਆਵਜ਼ੇ ਦੀਆਂ ਤੁੱਛ ਰਾਸ਼ੀਆਂ ( ਉਹ ਵੀ ਅਣਮੰਨੇ ਮਨ ਨਾਲ , ਖੇਹ ਖਰਾਬ ਕਰਕੇ ਅਤੇ ਅੱਧ-ਪਚੱਧ ਹੜੱਪ ਕੇ) ਦੇ ਐਲਾਨ ਕਰਨ ਤੋਂ ਸਿਵਾਏ ਕੁੱਝ ਨਹੀਂ ਹੈ। ਸਹੀ ਅਰਥਾਂ ’ਚ ਜੋ ਕਰਨ ਦੀ ਲੋੜ ਹੈ ਉਸ ਲਈ ਕੇਂਦਰੀ ਤੇ ਸੁਬਾਈ ਲੀਡਰਾਂ-ਸਭਨਾਂ ਦੀ ਜੁਬਾਨ ਨੂੰ ਤਾਲਾ ਹੈ।
ਅਦਾਲਤਾਂ ਵੀ ਖਾਣਾਂ ’ਚ ਵਾਰ ਵਾਰ ਵਾਪਰਦੀਆਂ ਜਾਨਲੇਵਾ ਘਟਨਾਵਾਂ ਦੇ ਬੁਨਿਆਦੀ ਕਾਰਨਾਂ ’ਤੇ ਉਗਲ ਨਹੀਂ ਉਠਾਉਦੀਆਂ। 12 ਜਨਵਰੀ ਨੂੰ ਝਾੜਖੰਡ ਹਾਈ ਕੋਰਟ ਵਿਚ ਇੱਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਜੱੱਜਾਂ ਨੇ ਖਾਣ ਸੁਰੱਖਿਆ ਦੇ ਡਾਇਰੈਕਟਰ ਤੋਂ ਅਜਿਹੇ ਸਰਸਰੀ ਜਿਹੇ ਸੁਆਲਾਂ ਦੀ ਵਿਸਥਾਰਤ ਜਾਣਕਾਰੀ ਦੀ ਮੰਗ ਕੀਤੀ ਕਿ ਕਿੰਨੇ ਮਜ਼ਦੂਰਾਂ ਦੀ ਮੌਤ ਹੋਈ, ਕਿੰਨੇ ਮਜ਼ਦੂਰ ਖਾਣ ਦੇ ਅੰਦਰ ਸਨ, ਕਿੰਨੀਆਂ ਲਾਸ਼ਾਂ ਕੱਢ ਲਈਆਂ ਹਨ, ਬਚਾਅ ਪ੍ਰਬੰਧਾਂ ਦੀ ਹਾਲਤ ਕੀ ਹੈ ਆਦਿ। ਪਰ ਡਾਇਰੈਕਟਰ ਜਨਰਲ ਤਾਂ ਇਹ ਕਹਿਕੇ, ਕਿ ਖਾਣ ’ਚ ਕੰਮ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ, ਪਹਿਲਾਂ ਹੀ ਪੱਲਾ ਝਾੜ ਚੁੱਕਾ ਹੈ ਅਤੇ ਜਨਹਿਤ ਪਟੀਸ਼ਨ ਦੇ ਨਤੀਜੇ ਦੀ ਚੁਗਲੀ ਵੀ ਕਰ ਗਿਆ ਹੈ।
ਢੁੱਕਵੇਂ ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ’ਚ ਖਾਣ ਮਜ਼ਦੂਰ ਹਰ ਰੋਜ਼ ਮੌਤ ਨਾਲ ਮੱਥਾ ਲਾਉਦੇ ਹਨ, ਹਰ ਰੋਜ ਬਾਜੀ ਜਿੱਤਦੇ ਹਨ, ਅਤੇ ਪਰਿਵਾਰਾਂ ਸਮੇਤ ਜਿੰਦਗੀ ਭਰ ਕਿਸੇ ਨਾ ਕਿਸੇ ਦਿਨ ਬਾਜੀ ਪੁੱਠੀ ਪੈ ਜਾਣ ਦਾ ਸੰਤਾਪ ਹੰਢਾਉਦੇ ਹਨ। ਇਹ ਸਾਰਾ ਕੁੱਝ ਸਿਰਫ ਤੇ ਸਿਰਫ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਪੇਟ ਦੀ ਅੱਗ ਬੁਝਾਉਣ ਲਈ!
ਮੌਜੂਦਾ ਦੁਰਘਟਨਾ ਦੀ ਖਬਰ ਆਲੇ ਦੁਆਲੇ ਜੰਗਲ ਦੀ ਅੱਗ ਵਾਂਗ ਫੈਲੀ ਅਤੇ ਦੇਖਦੇ ਹੀ ਦੇਖਦੇ ਹਜਾਰਾਂ ਲੋਕ ਇਕੱਠੇ ਹੋ ਗਏ। ਪਰ ਮੌਕੇ ਤੇ ਕੋਈ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਲੋਕ ਨਿਰਾਸ਼ ਹੋਏ। ਉਹਨਾਂ ਕੋਲ ਰੋਸ ਜਾਹਰ ਕਰਨ ਅਤੇ ਫਿਟਲਾਹਨਤਾਂ ਪਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਪਟਨਾ ਅਤੇ ਰਾਂਚੀ ਤੋਂ ਮੰਗਵਾਈਆਂ ਬਚਾਓ ਦੀਆਂ ਟੀਮਾਂ ਅਗਲੇ ਦਿਨ ਪਹੁੰਚੀਆਂ। ਜਦ ਦਰਜ਼ਨਾਂ ਮਜਦੂਰ ਮਲਬੇ ਹੇਠ ਦੱਬੇ ਪਏ ਸਨ, ਅਗਲੇ ਦਿਨ (30 ਦਸੰਬਰ) ਡਾਇਰੈਕਟਰ ਜਨਰਲ ਪੁਲੀਸ ਦੇ ਦੌਰੇ ਖਾਤਰ ਰਾਤੋ ਰਾਤ ਸੜਕ ਤਿਆਰ ਕੀਤੀ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਲੋਕਾਂ ਨੇ ਈਸਟਰਨ ਫੀਲਡਜ਼ ਦੇ ਅਧਿਕਾਰੀਆਂ ਦਾ ਤਿੰਨ ਘੰਟੇ ਘਿਰਾਓ ਕਰੀ ਰੱਖਿਆ। ਮਹਾਂਲਕਸ਼ਮੀ ਕੰਪਨੀ ਦੇ ਠੇਕਾ ਕਾਮਿਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਕੰਪਨੀ ਦੇ ਭਗੌੜੇ ਹੋਏ ਅਧਿਕਾਰੀ ਇੱਥੇ ਖੁਦ ਹਾਜਰ ਨਹੀਂ ਹੁੰਦੇ ਲਾਸ਼ਾਂ ਚੁੱਕਣ ਨਹੀ ਦਿੱਤੀਆਂ ਜਾਣਗੀਆਂ।
ਈਸਟਰਨ ਕੋਲ ਫੀਲਡਜ਼ ਦਾ ਸੁਰੱਖਿਆ ਰਿਕਾਰਡ ਸਿਰੇ ਦਾ ਖਸਤਾ ਹੈ। 2015 ’ਚ ਇਸ ਦੀਆਂ ਵੱਖ ਵੱਖ ਥਾਵਾਂ ’ਤੇ 135 ਘਟਨਾਵਾਂ ਵਾਪਰੀਆਂ । ਕੋਲ ਇੰਡੀਆ ਦੇ ਅਧਿਕਾਰੀਆਂ ਅਨੁਸਾਰ, ਮੌਤਾਂ ਦੀ ਅਸਲ ਗਿਣਤੀ, ਦਰਜ਼ ਹੋਈਆਂ ਅਤੇ ਰਿਕਾਰਡ ’ਚ ਆਈਆਂ ਮੌਤਾਂ ਨਾਲੋਂ ਕਿਤੇ ਵਧੇਰੇ ਹੁੰਦੀ ਹੈ। ਇੱਕ ਅੰਦਾਜ਼ੇ ਅਨੁਸਾਰ ਹਰ ਚੌਥੇ ਦਿਨ ਇੱਕ ਮੌਤ ਹੋ ਜਾਂਦੀ ਹੈ। ਇਹ ਤੱਥ ਕਿ ਖਾਸ ਕਰਕੇ ਕੋਲਾ ਖਾਣਾਂ ’ਚ ਅਕਸਰ ਮੌਤਾਂ ਹੁੰਦੀਆਂ ਰਹਿੰਦਆਂ ਹਨ, ਸੁਰੱਖਿਆ ਪ੍ਰਬੰਧਾਂ ਦੀ ਸਿਰੇ ਦੀ ਬਦਤਰ ਹਾਲਤ ਦਾ ਸਬੂਤ ਹੈ। 1993 ’ਚ ਕੋਲਾ ਖਾਣਾਂ ਦਾ ਕੌਮੀਕਰਨ ਇਸ ਲਈ ਕੀਤਾ ਗਿਆ ਸੀ ਕਿ ਮਾੜੇ ਸੁਰੱਖਿਆ ਪ੍ਰਬੰਧਾਂ ’ਚ ਬਿਹਤਰੀ ਆਏਗੀ। ਪਰ ਨਾ ਸਿਰਫ ਕੋਈ ਸੁਧਾਰ ਨਹੀਂ ਹੋਇਆ, ਸਗੋਂ ਹਾਲਤ ਦਿਨੋ ਦਿਨ ਬਦਤਰ ਹੁੰਦੀ ਗਈ।
ਨਵੀਆਂ ਆਰਥਕ ਨੀਤੀਆਂ ਲਾਗੂ ਹੋਣ ਨਾਲ ਖਾਣਾਂ ਦੇ ਕੰਮ ’ਚ ਆਊਟਸੋਰਸਿੰਗ (ਠੇਕੇਦਾਰੀ) ਦਾ ਬੇਸ਼ੁਮਾਰ ਵਾਧਾ ਹੋਇਆ ਹੈ। ਘੱਟ ਤੋਂ ਘੱਟ ਉਜ਼ਰਤਾਂ ’ਤੇ ਵੱਧ ਤੋਂ ਵੱਧ ਕੰਮ ਲਿਆ ਜਾਂਦਾ ਹੈ। ਮਜ਼ਦੂਰਾਂ ਨੂੰ ਬਣਦੀਆਂ ਅਦਾਇਗੀਆਂ ਅਤੇ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਓਵਰਟਾਈਮ ਦੀਆਂ ਅਦਿਾਇਗੀਆਂ ਮਾਰੀਆਂ ਜਾਂਦੀਆਂ ਹਨ, ਸ਼ਿਫਟਾਂ ਲੰਮੀਆਂ ਕਰਕੇ ਜਬਰਦਸਤੀ ਕੰਮ ਲਿਆ ਜਾਂਦਾ ਹੈ। ਪਹਿਲਾਂ ਹੀ ਨਾਕਸ ਸੁਰੱਖਿਆ ਪ੍ਰਬੰਧਾਂ ’ਚ ਹੋਰ ਨਿਘਾਰ ਆਇਆ ਹੈ। ਪਿਛਲੇ ਸਮੇਂ ਦੌਰਾਨ ਖਾਣਾਂ ਦੇ ਖੇਤਰ ’ਚ ਨੋਟ ਕੀਤੀ ਗਈ 4 ਫੀਸਦੀ ਤਰੱਕੀ ਮਜ਼ਦੂਰਾਂ ਉਪਰ ਅਜਿਹੇ ਬੋਝ ਲੱਦਣ ਦਾ ਨਤੀਜਾ ਹੈ।
ਖਾਣਾਂ ਦੇ ਸਮੁੱਚੇ ਖੇਤਰ ’ਚ ਲਾ-ਕਾਨੂੰਨੀਅਤ ਦਾ ਬੋਲ-ਬਾਲਾ ਹੈ। ਖਾਣ ਕਾਮਿਆਂ ਦੀ ਸੁਰੱਖਿਆ, ਖਾਣ ਕਾਮਿਆਂ ਵਜੋਂ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਦਾਅ ’ਤੇ ਲਾਇਆ ਜਾਂਦਾ ਹੈ ਅਤੇ ਸਿਰੇ ਦੀ ਦੁਰਗਤ ਕੀਤੀ ਜਾਂਦੀ ਹੈ। ਇਹਨਾਂ ਪ੍ਰੋਜਕੈਟਾਂ ਵਿਚ ਭ੍ਰਿਸ਼ਟਾਚਾਰੀ ਅਤੇ ਗੈਰ-ਕਾਨੂੰਨੀ ਸਰਗਰਮੀਆਂ ਦੀ ਭਰਮਾਰ ਹੈ। ਨਿੱਜੀ ਲਾਭਾਂ ਅਤੇ ਮੁਨਾਫੇ ਹੀ ਹਵਸ ਹੇਠ ਅੰਧਾ-ਧੁੰਦ ਅਤੇ ਗੈਰ-ਕਾਨੂੰਨੀ ਖੁਦਾਈ ਵਿਆਪਕ ਹੈ। ਗੈਰ-ਕਾਨੂੰਨੀ ਖੁਦਾਈ ਦੌਰਾਨ ਹੋਈਆਂ ਦੁਰਘਟਨਾਵਾਂ/ਮੌਤਾਂ ਨੂੰ ਰਿਕਾਰਡ ਨਹੀਂ ਕੀਤਾ ਜਾਂਦਾ ਅਤੇ ਮੁਆਵਜੇ ਦੇ ਹੱਕ ਤੋਂ ਵਾਂਝੇ ਰੱੱਖਿਆ ਜਾਂਦਾ ਹੈ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਖਾਣਾਂ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਸੰਮਤੀ ਦੀਆਂ ਵੇਲੇ ਵੇਲੇ ਸਿਰ ਮੀਟਿੰਗਾਂ ਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਕਿਸੇ ਵੀ ਖਾਣ ’ਚ ਸੁਰੱਖਿਆ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ। ਆਰਜੀ ਅਤੇ ਠੇਕਾ ਕਾਮਿਆਂ ਨੂੰ ਅਜਿਹੇ ਕੰਮਾਂ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਿਹੜੇ ਨਿਯਮਾਂ ਅਨੁਸਾਰ ਉਹਨਾਂ ਦੇ ਅੱਧਿਕਾਰ ਖੇਤਰ ’ਚ ਨਹੀਂ ਆਉਦੇ। ਵਧੇਰੇ ਮੌਤਾਂ ਵੀ ਠੇਕਾ ਕਾਮਿਆਂ ਦੀਆਂ ਹੀ ਹੁੰਦੀਆਂ ਹਨ। ਦੁਰਘਟਨਾਵਾਂ ਦੀ ਹਾਲਤ ’ਚ ਉਹਨਾਂ ਨੂੰ ਹੀ ਦੋਸ਼ੀ ਠਹਿਰਾਉਣ ਤੋਂ ਇਲਾਵਾ, ਢੁੱਕਵੇਂ ਮੁਆਵਜੇ ਦਾ ਹੱਕਦਾਰ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਹੈ।
ਇੱਥੇ ਯੂਰੇਨੀਅਮ ਖਾਣ ’ਚ ਵਾਪਰੀ ਇੱਕ ਦੁਰਘਟਨਾ ਦਾ ਜ਼ਿਕਰ ਕਰਨਾ ਢੁੱਕਵਾਂ ਹੋਵੇਗਾ। ਪਿਛਲੀ 28 ਮਈ ਨੂੰ ਸੁਬਾਹ ਸਵੇਰੇ ਸਰਕਾਰੀ ਮਾਲਕੀ ਵਾਲੀ ਯੂਰੇਨੀਅਨ ਕਾਰਪੋਰੇਸ਼ਨ ਆਫ ਇੰਡੀਆ ਦੀ ਜਮਸ਼ੈਦਪੁਰ ਨੇੜੇ ਤੁਰਮਦੀਹ ਯੂਰੇਨੀਅਮ ਖਾਣ ’ਚ ਇੱਕ ਦੁਰਘਟਨਾ ’ਚ ਤਿੰਨ ਖਾਣ ਮਜ਼ਦੂਰਾਂ ਦੀ 250 ਮੀਟਰ ਦੀ ਡੂੰਘਾਈ ’ਤੇ ਰੇਡੀਓ ਐਕਟਿਵ ਗਾਰ ਸਾਫ ਕਰਦੇ ਹੋਏ, ਇਸ ਵਿਚ ਫਸ ਕੇ ਮੌਤ ਹੋ ਗਈ। ਇਹਨਾਂ ਤਿੰਨਾਂ ਵਿਚੋਂ ਇੱਕ 24 ਸਾਲਾ ਨੌਜਵਾਨ ਠੇਕਾ ਕਾਮਾ ਸੀ। ਮੈਨੇਜ਼ਮੈਂਟ ਦਾ ਕਹਿਣਾ ਸੀ ਕਿ ਨਿਯਮਾਂ ਅਨੁਸਾਰ ਇੱਕ ਠੇਕਾ ਕਾਮੇ ਨੂੰ ਖਾਣ ਦੀ ਐਨੀ ਡੂੰਘਾਈ ’ਤੇ ਜਾਣਾ ਹੀ ਨਹੀਂ ਚਾਹੀਦਾ ਅਤੇ ਨਾ ਹੀ ਲੋੜੀਂਦੇ ਸੰਦ-ਸਾਧਨਾਂ ਤੋਂ ਬਗੈਰ ਗਾਰ ਸਾਫ ਕਰਨੀ ਚਹੀਦੀ ਹੈ। ਪਰ ਇਹ ਗੱਲਾਂ ਸਿਰਫ ਕਹਿਣ ਦੀਆਂ ਅਤੇ ਮਜ਼ਦੂਰਾਂ ਨੂੰ ਦੋਸ਼ੀ ਠਹਿਰਾਉਣ ਲਈ ਅਤੇ ਮੁਆਵਜੇ ਦੇ ਹੱਕ ਤੋਂ ਇਨਕਾਰ ਕਰਨ ਲਈ ਹਨ। ਅਮਲੀ ਤੌਰ ’ਤੇ ਜੋ ਹਾਲਤਾਂ ਮਜਦੂਰਾਂ ਨੂੰ ਝੱਲਣੀਆਂ ਪੈਂਦੀਆਂ ਹਨ ਉਹਨਾਂ ਲਈ ਇਹ ਕਹਾਵਤ ਢੁੱਕਦੀ ਹੈ-‘‘ਰੱਬ ਨੇੜੇ ਕਿ ਘਸੁੰਨ!’’
ਦੁਰਘਟਨਾਵਾਂ ’ਚ ਨਕਾਰਾ ਹੋਏ ਅਤੇ ਮੌਤ ਦੇ ਮੂੰਹ ਜਾ ਪਏ ਮਜ਼ਦੂਰਾਂ ਲਈ ਮੁਆਵਜੇ ਦੀ ਤਹਿਸ਼ੁਦਾ ਰਾਸ਼ੀ ਨਿਰਧਾਰਤ ਕਰਨ ਦਾ ਮਾਮਲਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਪਿਛਲੇ 14 ਅਪ੍ਰੈਲ ਨੂੰ ਸਿੰਗਰੈਲੀ ਕੋਲਾ ਕੰਪਨੀ ਸਾਂਥੀ ਖਾਨੀ ਸਥਾਨ ’ਤੇ 4 ਪੱਕੇ ਕਾਮਿਆਂ ਦੀ ਖਾਣ ਦੀ ਛੱਤ ਦਾ ਇੱਕ ਹਿੱਸਾ ਉਪਰ ਡਿੱਗ ਪੈਣ ਨਾਲ ਹੋਈ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ’ਚ ਮੈਨੇਜ਼ਮੈਂਟ ਨੇ ਭਾਵੇਂ ਹਰੇਕ ਨੂੰ 25 ਲੱਖ ਮੁਆਵਜਾ ਦੇਣ ਅਤੇ ਪ੍ਰਵਾਰ ਦੇ ਇੱਕ ਜੀਅ ਨੂੰ ਨੌਕਰੀ ਦਾ ਐਲਾਨ ਕੀਤਾ ਸੀ, ਪਰ ਡਾਇਰੈਕਟਰ (ਓਪਰੇਸ਼ਨਜ਼) ਅਤੇ ਡਾਇਰੈਕਟਰ (ਪਲੈਨਿੰਗ ਐਡ ਪ੍ਰੋਜੈਕਟਸ) ਨੇ ਜੁਬਾਨ ਹੀ ਘੁੱਟ ਲਈ।
ਕੋਲ ਇੰਡੀਆ ਖਾਣ ਸੰਨਅਤ ਸੰਸਾਰ ਦੀ ਸਭ ਤੋਂ ਵੱਡੀ ਕੰਪਨੀ ਹੈ, ਜਿਸ ਦੀਆਂ ਦੇਸ ਅੰਦਰ 500 ਤੋਂ ਵੱਧ ਖਾਣਾਂ ਹਨ ਅਤੇ ਜਿਸ ਦੇ ਕੁੱਲ ਮਜ਼ਦੂਰਾਂ ਦੀ ਸੰਖਿਆ 4 ਲੱਖ ਦੇ ਕਰੀਬ ਹੈ। ਖਾਣ ਕਾਮਿਆਂ ਦਾ ਪੇਸ਼ਾ ਸਭ ਤੋਂ ਖਤਰਨਾਕ ਪੇਸ਼ਾ ਹੋਣ ਦੇ ਬਾਵਜੂਦ ਸੁਰੱਖਿਆ ਸਾਧਨ ਅਤੇ ਨਿਯਮਾਂ ਦੀ ਪਾਲਣਾ ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ ਅਤੇ ਮੁਨਾਫੇ ਦੀ ਹਵਸ ਹੇਠ ਬੁਰੀ ਤਰ੍ਹਾਂ ਦਬ ਕੇ ਰਹਿ ਗਈ ਹੈ। ਸਭ ਤੋਂ ਵਧ ਕੇ ਸਾਮਰਾਜ ਪੱਖੀ ਦੇਸ ਦੇ ਹਾਕਮਾਂ ਦੀ ਮਜ਼ਦੂਰਾਂ ਦੀਆਂ ਜਿੰਦਗੀਆਂ ਪ੍ਰਤੀ ਸਿਰੇ ਦੀ ਬੇਰੁਖੀ ਇਸ ਬਦ-ਇੰਤਜਾਮੀਅਤ ਦਾ ਮੁੱਖ ਕਾਰਨ ਹੈ। ਹਾਕਮਾਂ ਦੀ ਬੇਰੁਖੀ ਪੇਂਡੂ ਮਿਹਨਤਕਸ਼ ਲੋਕਾਂ ਸਮੇਤ ਸਨਅਤ ਦੇ ਹਰ ਖੇਤਰ ਦੇ ਮਜ਼ਦੂਰਾਂ ਦੇ ਮਾਮਲੇ ਵਿਚ ਸਪਸ਼ਟ ਦਿਖਾਈ ਦਿੰਦੀ ਹੈ। ਇਹਨਾਂ ਲੋਕ ਵਿਰੋਧੀ ਹਾਕਮਾਂ ਦਾ ਫਸਤਾ ਵੱਢ ਕੇ, ਮਿਹਨਤਕਸ਼ ਲੋਕਾਂ ਨੂੰ ਦੇਸ ਦੇ ਕੁਦਰਤੀ ਸਰੋਤਾਂ ਦੇ ਮਾਲਕ ਬਣਾਉਣ ਤੋਂ ਬਗੈਰ ਉਹਨਾਂ ਦੀਆਂ ਜ਼ਿੰਦਗੀਆਂ ਸਲਾਮਤੀ ਸੰਭਵ ਨਹੀਂ ਹੋ ਸਕਦੀ।
-----------------
ਝਾੜਖੰਡ ਸੂਬੇ ’ਚ ਵਪਰੀਆਂ ਕੁੱਝ ਵੱਡੀਆਂ ਖਾਣ ਦੁਰਘਨਾਵਾਂ
-27 ਦਸੰਬਰ 1975 ਨੂੰ ਇੰਡੀਅਨ ਆਇਰਨ ਐਂਡ ਸਟੀਲ ਕੰਪਨੀ, ਜੋ ਅੱਜਕਲ੍ਹ ‘ਸੇਲ’ ਦੇ ਨਾਂ ਨਾਲ ਜਾਣੀ ਜਾਂਦੀ ਹੈ, ਵਿੱਚ ਪਾਣੀ ਭਰ ਜਾਣ ਨਾਲ 372 ਖਾਣ ਕਾਮਿਆਂ ਦੀ ਮੌਤ ਹੋਈ।
-26 ਸਤੰਬਰ 1995 ਨੂੰ ਭਾਰਤ ਕੋਕਿੰਗ ਕੋਲ ਲਿਮ. ਦੇ ਗਾਜ਼ਲੀਟਾਂਡ ਖਾਣ ਵਿਚ ਪਾਣੀ ਭਰ ਜਾਣ ਨਾਲ 64 ਮਜ਼ਦੂਰ ਮੌਤ ਦੇ ਮੂੰਹ ਜਾ ਪਏ।
-2 ਫਰਵਰੀ 2001 ਨੂੰ ਧਨਬਾਦ ਨੇੜੇ ਭਾਰਤ ਕੋਕਿੰਗ ਕੋਲ ਦੀ ਬਗਦੀਦੀ ਖਾਣ ’ਚ ਨਜ਼ਦੀਕੀ ਖਾਣ ’ਚੋ ਪਾਣੀ ਭਰ ਜਾਣ ਨਾਲ 29 ਮਜ਼ਦੂਰਾਂ ਦੀ ਮੌਤ ਹੋਈ।
-11 ਨਵੰਬਰ 2013 ਨੂੰ ਧਨਬਾਦ ’ਚ ਕੋਕਿੰਗ ਕੋਲ ਲਿਮ. ਦੀ ਬਸੰਤੀ ਮਾਲਾ ਜ਼ਮੀਨ-ਦੋਜ਼ ਖਾਣ ਦੀ ਛੱਤ ਡਿੱਗਣ ਨਾਲ ਤਿੰਨ ਖਾਣ ਕਾਮੇ ਅਤੇ ਇੱਕ ਅਫਸਰ ਦੀ ਮੌਤ ਹੋਈ ਅਤੇ 160 ਮਜ਼ਦੂਰ ਮਲਬੇ ’ਚ ਫਸੇ ਰਹੇ।
-ਈਸਟਰਨ ਕੋਲ ਫੀਲਡਜ਼ ਲਿਮ. ਵਿੱਚ 2015 ਦੌਰਾਨ ਕੁੱਲ 135 ਦੁਰਘਟਨਾਵਾਂ ਹੋਈਆਂ।
- 2016 ਦੇ ਪਹਿਲੇ 6 ਮਹੀਨਿਆਂ ਦੌਰਾਨ ਕੋਲਾ ਅਤੇ ਗੈਰ-ਕੋਲਾ ਖਾਣਾਂ ’ਚ ਕੁੱਲ 65 ਮੌਤਾਂ ਹੋਈਆਂ ਯਾਨੀ ਕਿ ਹਰ ਤੀਜੇ ਦਿਨ ਇੱਕ ਮੌਤ ਅਤੇ ਗੰਭੀਰ ਦੁਰਘਟਨਾਵਾਂ ਦੇ 122 ਕੇਸ ਰਿਕਾਰਡ ਹੋਏ। (ਖਾਣ ਮੰਤਰਾਲੇ ਦੀ ਰਿਪੋਰਟ ਅਨੁਸਾਰ)
-2009 ਤੋਂ 2013 ਦੌਰਾਨ ਭਾਰਤ ਦੀ ਕੁੱਲ ਖਾਣ ਸਨਅਤ ’ਚ 752 ਮੌਤਾਂ ਰਿਕਾਰਡ ਹੋਈਆਂ।
-2013 ਤੋਂ 2016 ਦੇ ਜੂਨ ਮਹੀਨੇ ਤੱਕ ਭਾਰਤ ਦੀਆਂ ਕੋਲਾ ਖਾਣਾਂ ’ਚ 1229 ਮਜ਼ਦੂਰ ਗੰਭੀਰ ਦੁਰਘਟਨਾਵਾਂ ਦੇ ਸ਼ਿਕਾਰ ਹੋਏ, ਜਿਨ੍ਹਾਂ ਵਿਚ 240 ਦੀ ਮੌਤ ਹੋਈ । ਇਸੇ ਸਮੇਂ ਦੌਰਾਨ ਗੈਰ-ਕੋਇਲਾ ਖਾਣਾਂ ’ਚ 202 ਮੌਤਾਂ ਹੋਈਆਂ।
No comments:
Post a Comment