ਕੌਹਰੀਆ (ਸੁਨਾਮ) ਘਟਨਾ ਦੇ ਸੰਕੇਤ
- ਦੀਪ
ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਬਰਸੀ ਸਮਾਗਮ ਦੀ ਤਿਆਰੀ ’ਚ ਪਿੰਡ ਕੌਹਰੀਆ (ਸੁਨਾਮ) ’ਚ ਰੈਲੀ ਕਰਵਾ ਰਹੇ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਹੈ। ਪਹਿਲਾਂ ਮਾਹੌਲ ’ਚ ਭੜਕਾਹਟ ਪੈਦਾ ਕਰਕੇ, ਮੰਦਾ ਚੰਗਾ ਬੋਲਣ ਮਗਰੋਂ ਸ਼੍ਰੀ ਉਗਰਾਹਾਂ ਨੂੰ ਜਿਸਮਾਨੀ ਨੁਕਸਾਨ ਪੁਹੰਚਾਉਣ ਦੇ ਇਰਾਦੇ ਜ਼ਾਹਰ ਹੋਏ ਸਨ। ਇਹ ਇਰਾਦੇ ਜਲੂਰ ਕਾਂਡ ਦੇ ਦੋਸ਼ੀ ਬਣਦੇ ਪਿੰਡ ਦੇ ਜਗੀਰੂ ਧਨਾਢ ਚੌਧਰੀਆਂ ਦੇ ਹਨ ਜਿੰਨ੍ਹਾਂ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਖੇਤ-ਮਜ਼ਦੂਰਾਂ ਵੱਲੋਂ ਡਟਵਾਂ ਸੰਘਰਸ਼ ਲੜਿਆ ਜਾ ਰਿਹਾ ਹੈ। ਜਲੂਰ ਕਾਂਡ ਤੋਂ ਮਗਰੋਂ ਇਹ ਲਗਾਤਾਰ ਵਿਹੁ ਘੋਲਦੇ ਆ ਰਹੇ ਸਨ ਤੇ ਇਸ ਜਥੇਬੰਦ ਕਿਸਾਨ ਤਾਕਤ ਨੂੰ ਖੋਰੀ ਸੱਟ ਮਾਰਨ ਦੀ ਤਾਕ ’ਚ ਹਨ। ਉਹਨਾਂ ਨੇ ਪਹਿਲਾਂ ਭਟਕਾਊ ਪ੍ਰਚਾਰ ਮੁਹਿੰਮ ਦਾ ਹੱਲਾ ਵਿਸ਼ੇਸ਼ ਕਰਕੇ ਬੀ. ਕੇ. ਯੂ. ਏਕਤਾ (ਉਗਰਾਹਾਂ) ਖਿਲਾਫ਼ ਸੇਧਤ ਕੀਤਾ ਹੋਇਆ ਹੈ ਤੇ ਕਿਸਾਨ ਆਗੂਆਂ ਨੂੰ ਕਿਸਾਨ ਜਨਤਾ ’ਚ ਬਦਨਾਮ ਕਰਨ ਲਈ ਭੰਡੀ ਪ੍ਰਚਾਰ ਚਲਾਇਆ ਗਿਆ ਹੈ। ਆਗੂਆਂ ਨੂੰ ਹਮਲੇ ਰਾਹੀਂ ਜਿਸਮਾਨੀ ਨੁਕਸਾਨ ਪਹੁੰਚਾ ਕੇ ਮਗਰੋਂ ਇਸਨੂੰ ਦੋ ਧੜਿਆਂ ਦੀ ਲੜਾਈ ਬਣਾ ਕੇ ਪੇਸ਼ ਕਰਨਾ, ਹਕੂਮਤੀ ਸ਼ਹਿ ਪ੍ਰਾਪਤ ਗੁੰਡਾ ਟੋਲਿਆਂ ਦਾ ਪਰਖਿਆ ਪਰਤਿਆਇਆ ਹਥਿਆਰ ਹੈ। ਪੰਜਾਬ ਦੀ ਜਨਤਕ ਜੁਝਾਰ ਲਹਿਰ ਦਾ ਵਾਹ ਲਗਾਤਾਰ ਰਾਜਭਾਗ ਦੀਆਂ ਇਹਨਾਂ ਗੈਰ-ਕਾਨੂੰਨੀ ਲੱਠਮਾਰ ਬਾਹਾਂ ਨਾਲ ਪੈਂਦਾ ਆ ਰਿਹਾ ਹੈ। ਪਹਿਲਾਂ 1979 ’ਚ ਵਿਦਿਆਰਥੀ ਲਹਿਰ ਦੇ ਉੱਘੇ ਆਗੂ ਪ੍ਰਿਥੀਪਾਲ ਰੰਧਾਵਾ ਨੂੰ ਬਾਦਲ ਹਕੂਮਤ ਦੇ ਗੁੰਡਿਆਂ ਵੱਲੋਂ ਸ਼ਹੀਦ ਕੀਤਾ ਗਿਆ ਸੀ। ਹੁਣ 7 ਵਰ੍ਹੇ ਪਹਿਲਾਂ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਨੂੰ ਇਹਨਾਂ ਲੱਠਮਾਰ ਬਾਹਾਂ ਨੇ ਹੀ ਕਿਸਾਨ ਲਹਿਰ ਕੋਲੋਂ ਖੋਹਿਆ ਹੈ। ਇਹੀ ਕੁੱਝ ਖੰਨਾ ਚਮਾਰਾ ’ਚ ਤੇ ਇਹੀ ਕੁਝ ਬੀਰੋਕੇ ਕਾਂਡ ’ਚ ਵਾਪਰਿਆ ਸੀ। ਇਹਨਾਂ ਵੱਲੋਂ ਜਥੇਬੰਦ ਕੀਤੀ ਜਾਤਪਾਤੀ ਹਿੰਸਾ ਦਾ ਨਿਸ਼ਾਨਾ ਹੀ ਮਾਤਾ ਗੁਰਦੇਵ ਕੌਰ ਬਣੀ ਸੀ। ਇਹ ਹਮਲੇ ਲਗਾਤਾਰ ਵਧ ਰਹੇ ਹਨ। 2016 ’ਚ ਕੋਠਾਗੁਰੂ ’ਚ ਮਲੂਕੇ ਦੇ ਗੁੰਡਿਆਂ ਵੱਲੋਂ ਦਿਨ ਦਿਹਾੜੇ ਕਿਸਾਨਾਂ ’ਤੇ ਹਮਲਾ ਬੋਲਿਆ ਗਿਆ ਸੀ। ਕਿਸਾਨ ਲਹਿਰ ਦਾ ਮੱਥਾ ਹਕੂਮਤ ਦੀਆਂ ਪੁਲਸੀ ਧਾੜਾਂ ਦੇ ਨਾਲ ਰਾਜ ਦੀਆਂ ਗੈਰ-ਕਾਨੂੰਨੀ ਹਿੰਸਕ ਤਾਕਤਾਂ ਨਾਲ ਵੀ ਲੱਗ ਰਿਹਾ ਹੈ। ਜਿਉਂ ਜਿਉਂ ਕਿਸਾਨ ਘੋਲਾਂ ਦੀ ਧਾਰ ਹਕੂਮਤ ਤੋਂ ਅਗਾਂਹ ਸੂਦਖੋਰ-ਜਗੀਰੂ ਧਨਾਢਾਂ ਤੇ ਜਗੀਰਦਾਰਾਂ ਖਿਲਾਫ਼ ਸੇਧਤ ਹੋ ਰਹੀ ਹੈ, ਤਿਉਂ ਤਿਉਂ ਇਸ ਜਾਬਰ ਤੇ ਲੁਟੇਰੀ ਜਮਾਤ ਦੇ ਮੋੜਵੇਂ ਹਿੰਸਕ ਹਮਲੇ ਦੀ ਚੁਣੌਤੀ ਖੜ੍ਹੀ ਹੋ ਰਹੀ ਹੈ। ਪੰਜਾਬ ਦੀ ਜੁਝਾਰੂ ਕਿਸਾਨ ਲਹਿਰ ਏਸੇ ਚੁਣੌਤੀ ਦਾ ਟਾਕਰਾ ਕਰਦਿਆਂ ਹੀ ਅੱਗੇ ਵਧਦੀ ਆਈ ਹੈ। ਮਾਈਸਰਖਾਨਾ, ਚੱਠੇਵਾਲਾ ਤੋਂ ਲੈ ਕੇ ਖੰਨਾ ਚਮਾਰਾ ਤੇ ਭਿੰਡੀ ਔਲਖ ’ਚੋਂ ਜਬਰ ਸਹਿੰਦੀ ਤੇ ਭਿੜਦੀ ਅੱਗੇ ਵਧੀ ਹੈ। ਇਸ ਲੁਟੇਰੀ ਤੇ ਜਾਬਰ ਜਮਾਤ ਨਾਲ ਲੜਾਈ ਸਿੱਥੇ ਤੌਰ ’ਤੇ ਹਕੂਮਤ ਖਿਲਾਫ਼ ਸੰਘਰਸ਼ਾਂ ਨਾਲੋਂ ਵਧੇਰੇ ਗੁੰਝਲਦਾਰ ਹੋ ਨਿੱਬੜਦੀ ਹੈ। ਕਿਉਂਕਿ ਇਹ ਖੂਨ-ਚੂਸ ਜਮਾਤ ਹਕੂਮਤ ’ਤੇ ਸਿੱਧਾ ਜ਼ੋਰਦਾਰ ਦਬਾਅ ਬਣਾਉਂਦੀ ਹੈ, ਜੱਟਵਾਦ ਦੇ ਸੌੜੇ ਜਾਤਪਾਤੀ ਪੈਂਤੜੇ ਤੋਂ ਕਿਸਾਨੀ ਦੀਆਂ ਬੇ-ਜ਼ਮੀਨੀਆਂ ਤੇ ਗਰੀਬ ਪਰਤਾਂ ਨੂੰ ਵੀ ਲਾਮਬੰਦ ਕਰ ਸਕਦੀ ਹੈ, ਆਪਣੀ ਸਮਾਜਿਕ ਪੁਗਾਊ ਹੈਸੀਅਤ ਦੇ ਜ਼ੋਰ ਮੋੜਵੇਂ ਪ੍ਰਚਾਰ ਹੱਲੇ ਦੇ ਗੇੜ ਚਲਾ ਸਕਦੀ ਹੈ ਤੇ ਲੱਠਮਾਰ ਗਰੋਹਾਂ ਦੀ ਨੰਗੀ ਚਿੱਟੀ ਪਾਲਣਾ ਪੋਸਣਾ ਕਰਦਿਆਂ, ਹਕੂਮਤੀ ਮਸ਼ੀਨਰੀ ਦੀ ਢੋਈ ਹਾਸਲ ਕਰਦੀ ਹੈ। ਤਾਜ਼ਾ ਜਲੂਰ ਕਾਂਡ ਖਿਲਾਫ਼ ਘੋਲ ਇਹਨਾਂ ਜੁੜਵੇਂ ਹਮਲਿਆਂ ਖਿਲਾਫ਼ ਟਾਕਰਾ ਕਰਦਿਆਂ ਹੀ ਅੱਗੇ ਵਧ ਰਿਹਾ ਹੈ। ਅਜਿਹੀ ਹਿੰਸਕ ਚੁਣੌਤੀ ਦਾ ਟਾਕਰਾ ਕਰਨ ਲਈ ਕਿਸਾਨ ਆਗੂਆਂ ਤੇ ਕਾਰਕੁੰਨਾਂ ਦੀ ਸੁਰੱਖਿਆ ਲਈ ਰੱਖਿਆ ਟੀਮਾਂ ਉਸਾਰਨ ਦੀ ਜ਼ਰੂਰਤ ਬਹੁਤ ਜ਼ੋਰ ਨਾਲ ਉੱਭਰੀ ਹੋਈ ਹੈ। ਚਾਹੇ ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਬਾਅਦ ਚੱਲੇ ਘੋਲ ਮਗਰੋਂ ਵੀ ਤੇ ਫਰੀਦਕੋਟ ਸ਼ਰੂਤੀ ਅਗਵਾ ਕਾਂਡ ਖਿਲਾਫ਼ ਘੋਲ ਮੌਕੇ ਵੀ ਅਜਿਹੀਆਂ ਟੀਮਾਂ ਦੀ ਉਸਾਰੀ ਦੇ ਗੰਭੀਰ ਯਤਨ ਦਿਖੇ ਸਨ, ਪਰ ਇਸਨੂੰ ਲਗਾਤਾਰ ਅਭਿਆਸ ਦਾ ਅੰਗ ਬਣਾਉਣ ਦੀ ਜ਼ਰੂਰਤ ਹੈ। ਕਿਸਾਨ ਕਾਰਕੁੰਨਾਂ ਦੀ ਅਜਿਹੀ ਢਲਾਈ ਤੇ ਸਿਖਲਾਈ ਦੀ ਜ਼ਰੂਰਤ ਹੈ। ਵਿਸ਼ੇਸ਼ ਕਰਕੇ ਕਿਸਾਨ ਲਹਿਰ ਨੂੰ ਆਗੂ ਰਹਿਤ ਕਰਨਾ, ਇਹਨਾਂ ਹਮਲਿਆਂ ਦਾ ਚੋਣਵਾਂ ਨਿਸ਼ਾਨਾ ਹੈ, ਇਸ ਲਈ ਆਗੂਆਂ ਦੀ ਸੁਰੱਖਿਆ ਕਿਸਾਨ ਜਥੇਬੰਦੀਆਂ ਦਾ ਪਹਿਲਾ ਸਰੋਕਾਰ ਬਣਨਾ ਚਾਹੀਦਾ ਹੈ। ਫਿਰਕਾਪ੍ਰਸਤ ਤਾਕਤਾਂ ਦੀ ਵਧੀ ਹੋਈ ਹਰਕਤਸ਼ੀਲਤਾ ਵੀ ਅਜਿਹੀ ਜ਼ਰੂਰਤ ਉਭਾਰ ਰਹੀ ਹੈ। ਬਰਨਾਲਾ ਸਮਾਗਮ ਮੌਕੇ ਵੀ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ਤੇ ਝੰਡਾ ਸਿੰਘ ਜੇਠੂਕੇ ਵਰਗੇ ਲੀਡਰਾਂ ਨੂੰ ਚੁਣਵਾਂ ਨਿਸ਼ਾਨਾ ਬਣਾਉਣ ਦੇ ਯਤਨ ਕੀਤੇ ਸਨ ਤੇ ਇਹਨਾਂ ਲੀਡਰਾਂ ਖਿਲਾਫ਼ ਭੰਡੀ ਪ੍ਰਚਾਰ ਦੀ ਮੁਹਿੰਮ ਚਲਾ ਕੇ, ਹਮਲੇ ਹੇਠ ਲਿਆਉਣ ਦੇ ਮਨਸੂਬੇ ਦਿਖਦੇ ਸਨ। ਫਿਰਕਾਪ੍ਰਸਤ ਤਾਕਤਾਂ, ਸੂਦਖੋਰ-ਜਗੀਰੂ ਧਨਾਢਾਂ ਤੇ ਹਕੂਮਤੀ ਸ਼ਕਤੀਆਂ ਦਾ ਇਹ ਗੱਠਜੋੜ ਕਿਸਾਨ ਲਹਿਰ ’ਤੇ ਜਾਬਰ ਹਮਲੇ ਦੀ ਚੁਣੌਤੀ ਬਣਨ ਜਾ ਰਿਹਾ ਹੈ।
ਸੁਰੱਖਿਆ ਟੀਮਾਂ ਉਸਾਰਨ ਲਈ ਜਿੱਥੇ ਕਿਸਾਨ ਲਹਿਰ ਦਾ ਆਧਾਰ ਪਸਾਰਾ ਹੋਰ ਵਧਾਉਣ ਦੀ ਜ਼ਰੂਰਤ ਹੈ ਤੇ ਇਸ ਨੂੰ ਹੋਰ ਵਧੇਰੇ ਖੇਤ-ਮਜ਼ਦੂਰਾਂ, ਬੇ-ਜ਼ਮੀਨੇ ਕਿਸਾਨਾਂ ਤੇ ਗਰੀਬ ਕਿਸਾਨਾਂ ’ਚ ਡੂੰਘੀਆਂ ਜੜ੍ਹਾਂ ਬਣਾਉਣ ਦੀ ਜ਼ਰੂਰਤ ਹੈ। ਪਰ ਨਾਲ ਦੀ ਨਾਲ ਇਸ ਨੂੰ ਆਪਣੇ ਆਮ ਆਧਾਰ ਨੂੰ ਠੋਸ ਜਥੇਬੰਦਕ ਢਾਂਚੇ ’ਚ ਢਾਲਣ ਦੀ ਜ਼ਰੂਰਤ ਹੋਰ ਵਧੇਰੇ ਹੈ। ਇਸ ਠੋਸ ਜਥੇਬੰਦਕ ਢਾਂਚੇ ਦੀਆਂ ਵੱਧ ਤੋਂ ਵੱਧ ਪਰਤਾਂ ਨੂੰ ਇਨਕਲਾਬੀ ਵਿਚਾਰਾਂ ਦੀ ਰੰਗਤ ’ਚ ਰੰਗਣਾ ਪੈਣਾ ਹੈ। ਇਸ ਇਨਕਲਾਬੀ ਜ਼ਰੱਈ ਸੇਧ ਦੀ ਚੇਤਨਾ ਤੋਂ ਬਿਨਾਂ ਨਾ ਤਾਂ ਅਸਰਦਾਰ ਵਲੰਟੀਅਰ ਰੱਖਿਆ ਟੀਮਾਂ ਸਿਰਜੀਆਂ ਜਾ ਸਕਦੀਆਂ ਹਨ ਤੇ ਨਾ ਹੀ ਕਿਸਾਨ ਲਹਿਰ ਨੂੰ ਖਾੜਕੂ ਲੀਹਾਂ ’ਤੇ ਅੱਗੇ ਵਧਾਇਆ ਜਾ ਸਕਣਾ ਹੈ। ਸੂਦਖੋਰੀ ਦੇ ਖਾਤਮੇ ਤੇ ਜ਼ਮੀਨਾਂ ਦੇ ਹੱਕ ਲਈ ਸੰਘਰਸ਼ਾਂ ਨੂੰ ਅੱਗੇ ਵਧਾਉਣ ਖਾਤਰ ਅਜਿਹੀ ਚੇਤਨਾ ਦਾ ਪਸਾਰਾ ਅਤਿ ਜ਼ਰੂਰੀ ਹੈ। ਇਉਂ ਇਹਨਾਂ ਮੁੱਦਿਆਂ ’ਤੇ ਸੰਘਰਸ਼ਾਂ ਦੇ ਅੱਗੇ ਵਧਣ ਅਤੇ ਰੱਖਿਆ ਟੀਮਾਂ ਉਸਾਰਨ ਦਾ ਅਮਲ ਪਰਸਪਰ ਕਿਰਿਆ ’ਚ ਹੀ ਅੱਗੇ ਵਧਣੇ ਹਨ।
ਕੌਹਰੀਆ ਘਟਨਾ ਜਥੇਬੰਦ ਜੁਝਾਰ ਕਿਸਾਨ ਸ਼ਕਤੀ ਖਿਲਾਫ਼ ਵਿਹੁ ਘੋਲ ਰਹੇ ਦੁਸ਼ਮਣਾਂ ਦੀ ਡੂੰਘੀ ਨਫ਼ਰਤ ਤੇ ਜਾਬਰ ਮਨਸੂਬਿਆਂ ਦਾ ਸੰਕੇਤ ਹੈ। ਕਿਸਾਨ ਲਹਿਰ ਦੀ ਧਾਰ ਅਜਿਹੇ ਕਸਾਈਆਂ ਖਿਲਾਫ਼ ਹੋਰ ਵਧੇਰੇ ਸੇਧਤ ਹੋਣ ਨਾਲ ਇਹ ਹਮਲੇ ਤੇਜ਼ ਹੋਣੇ ਹਨ। ਹਾਕਮ ਗੈਰ-ਕਾਨੂੰਨੀ ਲੱਠਮਾਰ ਗਰੋਹਾਂ ਦੀ ਪਾਲਣਾ ਪੋਸਣਾ ਵੀ ਕਰ ਰਹੇ ਹਨ ਤੇ ਨਵੇਂ ਤੋਂ ਨਵੇਂ ਕਾਨੂੰਨਾਂ ਰਾਹੀਂ ਆਗੂਆਂ ’ਤੇ ਝਪਟਣ ਦੀਆਂ ਤਿਆਰੀਆਂ ਕਰ ਰਹੇ ਹਨ। ਅਕਾਲੀ ਭਾਜਪਾ ਹਕੂਮਤ ਵੱਲੋਂ ਲਿਆਂਦੇ ਕਾਲ਼ੇ ਕਾਨੂੰਨਾਂ ’ਚ ਵਿਸ਼ੇਸ਼ ਸੁਰੱਖਿਆ ਦਸਤੇ ਬਣਾਉਣ ਦੀ ਵਿਉਂਤ ਅਜਿਹੇ ਨਾਪਾਕ ਮਨਸੂਬਿਆਂ ਦਾ ਹੀ ਅੰਗ ਸੀ। ਇਹ ਸਮੁੱਚੀ ਹਾਲਤ ਜੁਝਾਰ ਕਿਸਾਨ ਲਹਿਰ ਲਈ ਰੱਖਿਆ ਟੀਮਾਂ ਦੀ ਉਸਾਰੀ ਕਰਨ ਦੇ ਕਾਰਜ ਵੱਲ ਵਧਣ ਦੀ ਜ਼ਰੂਰਤ ਉਭਾਰ ਰਹੀ ਹੈ ਤੇ ਇਸ ਨੂੰ ਗੰਭੀਰ ਹੁੰਗਾਰਾ ਭਰਨਾ ਚਾਹੀਦਾ ਹੈ।
No comments:
Post a Comment