ਸਾਮਰਾਜਵਾਦੀ ਸੰਸਾਰੀਕਰਨ ਦਾ ਜਵਾਬ ਹੈ, ਸਮਾਜਵਾਦੀ ਸੰਸਾਰੀਕਰਨ
(ਬੀਤੇ ਵਰ੍ਹੇ ਵਿਛੜੇ ਕਿਊਬਾ ਦੇ ਲੋਕ ਆਗੂ ਫੀਦੇਲ ਕਾਸਤਰੋ ਦੀ ਇੱਕ ਤਕਰੀਰ)
ਸਾਡੇ ਵਿਚਾਰ ਨਾਲ ਸੰਸਾਰੀਕਰਨ ਕਿਸੇ ਦੀ ਸਨਕ ਨਹੀਂ ਹੈ, ਇਹ ਕਿਸੇ ਦੀ ਖੋਜ ਵੀ ਨਹੀਂ ਹੈ। ਸੰਸਾਰੀਕਰਨ ਇਤਿਹਾਸ ਦਾ ਨਿਯਮ ਹੈ। ਇਹ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦਾ ਨਤੀਜਾ ਹੈ। ਇਹ ਕੋਈ ਨਵੀਂ ਚੀਜ਼ ਨਹੀਂ ਹੈ। ਇਹ ਪਹਿਲਾਂ ਵੀ ਹੁੰਦਾ ਰਿਹਾ ਹੈ। ਹੁਣ ਇਸ ਵਿਚ ਨਵੀਂ ਗੱਲ ਇਹੀ ਹੈ ਕਿ ਇਹ ਨਵ-ਉਦਾਰਵਾਦੀ ਸੰਸਾਰੀਕਰਨ ਹੈ, ਜੋ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਵਿਅਕਤੀਗਤ ਸੰਪਤੀ ਵਿੱਚ ਬਦਲ ਦੇਣਾ ਚਾਹੁੰਦਾ ਹੈ। ਇਸ ਦੇ ਪਿੱਛੇ ਸਾਮਰਾਜਵਾਦੀ ਹਨ, ਜਿੰਨ੍ਹਾ ਦਾ ਸਰਗਣਾ ਹੈ ਅਮਰੀਕਾ। ਉਹਨਾਂ ਸਾਰੀ ਦੁਨੀਆਂ ਨੂੰ ਲੁੱਟ ਕੇ ਉਹਨਾਂ ਦਾ ਸ਼ੋਸ਼ਣ ਕਰਕੇ, ਅਪਾਰ ਧਨ ਇਕੱਠਾ ਕਰ ਲਿਆ ਹੈ, ਜਿਸ ਨਾਲ ਉਹ ਪੂਰੀ ਦੁਨੀਆਂ ਦੇ ਸੋਮਿਆਂ ਨੂੰ, ਕਾਰਖਾਨਿਆਂ ਨੂੰ, ਪੂਰੀਆਂ ਦੀਆਂ ਪੂਰੀਆਂ ਸੇਵਾਵਾਂ ਅਤੇ ਸੰਚਾਰ ਵਿਵਸਥਾਵਾਂ ਆਦਿ ਨੂੰ ਖਰੀਦ ਲੈਂਦੇ ਹਨ। ਉਹ ਸਾਰੀ ਦੁਨੀਆਂ ਵਿੱਚ ਜਮੀਨਾਂ ਵੀ ਖਰੀਦ ਰਹੇ ਹਨ ਕਿਉਕਿ ਦੂਜੇ ਦੇਸ਼ਾਂ ਵਿੱਚ ਜ਼ਮੀਨ ਉਹਨਾਂ ਦੇ ਦੇਸ਼ਾਂ ਦੇ ਮੁਕਾਬਲੇ ਸਸਤੀ ਹੈ। ਉਹ ਸਮਝਦੇ ਹਨ ਕਿ ਇਹ ਭਵਿੱਖ ਲਈ ਚੰਗਾ ਨਿਵੇਸ਼ ਹੈ। ਮੈਨੂੰ ਹੈਰਾਨੀ ਹੁੰਦੀ ਹੈ - ਆਖਰ ਉਹ ਸਾਨੂੰ ਕੀ ਬਣਾ ਕੇ ਛੱਡਣਗੇ? ਸਾਡੇ ਹੀ ਦੇਸਾਂ ਵਿਚ ਅਸੀਂ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤੇ ਜਾਵਾਂਗੇ? ਜਾਂ ਹੋਰ ਵੀ ਸਹੀ ਸ਼ਬਦ ਦਾ ਇਸਤੇਮਾਲ ਕਰਾਂ ਤਾਂ ਗੁਲਾਮ? ਉਹ ਸਮੁੱਚੀ ਦੁਨੀਆਂ ਨੂੰ ਮੁਕਤ ਵਪਾਰ ਦੇ ਖੇਤਰ ਬਣਾ ਦੇਣਾ ਚਾਹੁੰਦੇ ਹਨ, ਜਿੱਥੇ ਉਹਨਾਂ ਨੂੰ ਟੈਕਸ ਨਾ ਦੇਣਾ ਪਵੇ, ਜਿੱਥੇ ਗਰੀਬੀ ਕਾਰਨ ਮਜ਼ਦੂਰ ਸਸਤੇ ਮਿਲਦੇ ਹਨ, ਜਿੱਥੇ ਕੱਚੇ ਮਾਲ ਅਤੇ ਮਸ਼ੀਨਾਂ ਦੇ ਹਿੱਸੇ ਪੁਰਜੇ ਲਾ ਕੇ ਉਹ ਕਾਰਖਾਨੇ ਲਗਾਉਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੀਆਂ ਚੀਜਾਂ ਪੈਦਾ ਕਰਦੇ ਹਨ। ਉਹਨਾਂ ਚੀਜ਼ਾਂ ਨੂੰ ਆਪਣੇ ਦੇਸ਼ ਵਿਚ ਬਣਵਾਉਣ ਲਈ ਉਹਨਾਂ ਨੂੰ ਜਿੰਨੀ ਮਜ਼ਦੂਰੀ ਦੇਣੀ ਪੈਂਦੀ ਹੈ, ਉਸ ਤੋਂ ਬਹੁਤ ਘੱਟ, ਕਦੇ-ਕਦੇ ਤਾਂ ਸਿਰਫ ਪੰਜ ਪ੍ਰਤੀਸ਼ਤ ਦੇ ਕੇ ਇਥੋਂ ਦੇ ਮਜ਼ਦੂਰਾਂ ਤੋਂ ਬਣਵਾ ਲੈਂਦੇ ਹਨ। ਹੋਰ ਵੀ ਉਦਾਸ ਕਰਨ ਵਾਲੀ ਗੱਲ, ਉਹ ਸਾਡੇ ਦੇਸ਼ਾਂ ਵਿੱਚ ਆਪਸੀ ਹੋੜ ਲਗਾਉਦੇ ਹਨ ਕਿ ਸਾਡੇ ਵਿੱਚ ਕੌਣ ਉਹਨਾਂ ਨੂੰ ਜ਼ਿਆਦਾ ਫਾਇਦੇ ਪਹੁੰਚਾਉਦਾ ਹੈ, ਕੌਣ ਉਹਨਾਂ ਨੂੰ ਨਿਵੇਸ਼ਾਂ ਤੇ ਟੈਕਸਾਂ ਵਿੱਚ ਵਧੇਰੇ ਛੋਟ ਦੇਂਦਾ ਹੈ। ਉਨ੍ਹਾਂ ਤੀਜੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੂੰ ਇਸੇ ਆਪਸੀ ਹੋੜ ਵਿਚ ਉਲਝਾ ਦਿੱਤਾ ਹੈ ਕਿ ਕਿਹੜਾ ਦੇਸ਼ ਆਪਣੇ ਅੰਦਰ ਉਨ੍ਹਾਂ ਦੀ ਪੂੰਜੀ ਦਾ ਨਿਵੇਸ਼ ਕਰਾਉਣ ਲਈ ਆਪਣੇ ਅੰਦਰ ਕਿੰਨੇ ਜ਼ਿਆਦਾ ਮੁਕਤ ਵਪਾਰ ਖੇਤਰ ਬਣਾਉਣ ਲਈ ਤਿਆਰ ਹੈ। ਬਹੁਤੇ ਦੇਸ਼ਾਂ ਦੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਅੰਦਰ ਮੁਕਤ ਵਪਾਰ ਕੇਂਦਰ ਬਣਾਉਣ ਲਈ ਮਜ਼ਬੂਰ ਕਰ ਦੇਂਦੇ ਹਨ। ਇਸ ਤੋਂ ਉਹ ਭਾਰੀ ਮੁਨਾਫਾ ਕਮਾਉਦੇ ਹਨ, ਉਸ ਨਾਲ ਉਹ ਹਰ ਚੀਜ ਖਰੀਦਣਾ ਸ਼ੁਰੂ ਕਰ ਦਿੰਦੇ ਹਨ। ਜ਼ਮੀਨਾਂ ਤੋਂ ਲੈ ਕੇ ਜਹਾਜੀ ਬੇੜਿਆਂ ਅਤੇ ਹਵਾਈ ਸੇਵਾਵਾਂ ਤੱਕ ਹਰ ਚੀਜ਼, ਜੋ ਉਨ੍ਹਾਂ ਦੇਸ਼ਾਂ ਦੀ ਜਨਤਾ ਦੀ ਆਪਣੀ ਸੰਪਤੀ ਹੁੰਦੀ ਹੈ। ਨਵ-ਉਦਾਰਵਦੀ ਸੰਸਾਰੀਕਰਨ ਦੇ ਚਲਦਿਆਂ ਤੀਜੀ ਦੁਨੀਆਂ ਦੇ ਦੇਸ਼ਾਂ ਦਾ ਭਵਿੱਖ ਇਹੀ ਹੋ ਸਕਦਾ ਹੈ, ਪਰੰਤੂ ਇਹ ਨਾ ਸਮਝੋ ਕਿ ਇਹ ਭਵਿੱਖ ਸਿਰਫ ਮਜ਼ਦੂਰਾਂ ਲਈ ਹੈ। ਤੀਜੀ ਦੁਨੀਆਂ ਦੇ ਦੇਸ਼ਾਂ ਦੇ ਰਾਸ਼ਟਰੀ ਵਪਾਰੀਆਂ ਤੋਂ ਲੈ ਕੇ ਦਰਮਿਆਨੇ ਅਤੇ ਛੋਟੇ ਮਾਲਕਾਂ ਤੱਕ ਦਾ ਭਵਿੱਖ ਇਹੀ ਹੈ, ਕਿਉਕਿ ਉਹਨਾਂ ਨੂੰ ਬਹੁ-ਕੌਮੀ ਕੰਪਨੀਆਂ ਨਾਲ ਮੁਕਾਬਲਾ ਕਰਨਾ ਪਵੇਗਾ, ਜਿੰਨ੍ਹਾਂ ਕੋਲ ਅਥਾਹ ਪੂੰਜੀ ਹੈ, ਬਿਹਤਰੀਨ ਤਕਨੀਕ ਹੈ, ਵੰਡ ਦਾ ਵਿਸ਼ਵੀਕਰਨ ਨੈਟਵਰਕ ਹੈ। ਫਿਰ ਉਨ੍ਹਾਂ ਨੂੰ ਵਪਾਰਕ ਕਰਜ਼ਾ ਲੈਣ ਲਈ ਉਹ ਸੁਵਿਧਾਵਾਂ ਵੀ ਮੁਹੱਈਆ ਨਹੀਂ ਹਨ, ਜੋ ਬਹੁਕੌਮੀ ਕੰਪਨੀਆਂ ਨੂੰ ਹਨ।
ਉਦਾਹਰਨ ਲਈ ਮੰਨ ਲਓ ਤੀਜੀ ਦੁਨੀਆਂ ਦੇ ਦੇਸ਼ ਰੈਫਰੀਜ਼ਰੇਟਰ ਬਣਾਉਦੇ ਹਨ, ਜੋ ਗੁਣਵੱਤਾ ਦੀ ਦ੍ਰਿਸ਼ਟੀ ਤੋਂ ਸਵੀਕਾਰਤ ਅਤੇ ਘੱਟ ਕੀਮਤ ਵਾਲੇ ਵੀ ਹੁੰਦੇ ਹਨ, ਪਰੰਤੂ ਕੀ ਉਹ ਫਰਿੱਜ ਬਣਾਉਣ ਵਾਲੀਆਂ ਬਹੁਕੌਮੀ ਕੰਪਨੀਆਂ ਦਾ ਮੁਕਾਬਲਾ ਕਰ ਸਕਦੇ ਹਨ ਜੋ ਲਗਾਤਾਰ ਆਪਣੀ ਬਿਹਤਰ ਤਕਨੀਕ ਅਤੇ ਨਵੇਂ ਡਿਜ਼ਾਈਨ ਬਣਾਉਣ ਦੇ ਸਮਰੱਥ ਹੋ ਸਕਦੀਆਂ ਹਨ, ਆਪਣੇ ਫਰਿੱਜ ਦੇ ਇਸ਼ਤਿਹਾਰ ਅਤੇ ਟਰੇਡ ਮਾਰਕ ਦੀ ਪ੍ਰਸਿੱਧੀ ਲਈ ਵੱਡੀਆਂ-ਵੱਡੀਆਂ ਰਕਮਾਂ ਖਰਚ ਕਰ ਸਕਦੀਆਂ ਹਨ, ਜਿੱਥੇ ਉਹਨਾਂ ਨੂੰ ਟੈਕਸ ਨਹੀਂ ਦੇਣੇ ਪੈਂਦੇ ਅਤੇ ਮਜ਼ਦੂਰੀ ਬਹੁਤ ਘੱਟ ਦੇਣੀ ਹੈ। ਉਨ੍ਹਾਂ ਕੋਲ ਆਪਣੀ ਵਿਸ਼ਾਲ ਪੂੰਜੀ ਤਾਂ ਹੁੰਦੀ ਹੀ ਹੈ, ਉਹਨਾਂ ਅਜਿਹੇ ਵਿੱਤੀ ਢੰਗ ਵੀ ਕੱਢੇ ਹੋਏ ਹਨ ਜਿੰਨ੍ਹਾਂ ਰਾਹੀਂ ਉਹਨਾਂ ਨੂੰ ਇੱਕ, ਦੋ, ਤਿੰਨ ਸਾਲ ਲਈ ਵਪਾਰਕ ਕਰਜ਼ੇ ਆਸਾਨੀ ਨਾਲ ਮਿਲ ਸਕਦੇ ਹਨ। ਦੁਨੀਆਂ ਦੇ ਬਹੁਤ ਵੱਡੇ ਹਿੱਸੇ ਵਿਚ ਤਾਂ ਗਰੀਬ, ਬੇਰੁਜ਼ਗਾਰ ਅਤੇ ਭੁੱਖੇ-ਨੰਗੇ ਲੋਕ ਰਹਿੰਦੇ ਹਨ ਜੋ ਉਹਨਾਂ ਦੇ ਫਰਿੱਜਾਂ ਦੇ ਗਾਹਕ ਨਹੀਂ ਹੋ ਸਕਦੇ। ਤਾਂ ਕੀ ਅਸੀਂ ਉਦੋਂ ਤੱਕ ਉਡੀਕ ਕਰੀਏ, ਜਦੋਂ ਤੱਕ ਦੁਨੀਆਂ ਦੇ ਇਹ ਸਾਰੇ ਗਰੀਬ, ਬੇਰੁਜ਼ਗਾਰ ਅਤੇ ਭੁੱਖੇ-ਨੰਗੇ ਲੋਕ ਇਸ ਲਾਇਕ ਨਾ ਹੋ ਜਾਣ ਕਿ ਉਹ ਇੱਕ ਫਰਿੱਜ, ਇੱਕ ਟੀਵੀ ਸੈਟ, ਇੱਕ ਟੈਲੀਫੋਨ, ਇੱਕ ਏਅਰਕੰਡੀਸ਼ਨਰ, ਇੱਕ ਕਾਰ, ਇੱਕ ਕੰਪਿਊਟਰ, ਇੱਕ ਮਕਾਨ, ਇੱਕ ਗੈਰਾਜ਼ ਆਦਿ ਖਰੀਦ ਸਕਣ? ਸਾਮਰਾਜਵਦੀ ਲੋਕ ਤਾਂ ਸਾਨੂੰ ਸਾਡੇ ਵਿਕਾਸ ਦਾ ਇਹੀ ਰਸਤਾ ਦਸਦੇ ਹਨ, ਪਰੰਤੂ ਉਹਨਾਂ ਦੇ ਨਵ-ਉਦਾਰਵਾਦੀ ਸਿਧਾਂਤਕਾਰ ਕੀ ਕਦੇ ਇਹ ਦੱਸ ਸਕਣਗੇ ਕਿ ਦੁਨੀਆਂ ਤੋਂ ਬੇਰੁਜ਼ਗਾਰੀ ਕਦੋਂ ਖਤਮ ਹੋਵੇਗੀ? ਤੀਜੀ ਦੁਨੀਆਂ ਦੇ ਲੋਕਾਂ ਦੀ ਬੇਰੁਜ਼ਗਾਰੀ ਦੀ ਗੱਲ ਛੱਡੋ, ਧਨੀ ਦੇਸ਼ਾਂ ਵਿਚ ਜੋ ਬੇਰੁਜ਼ਗਾਰੀ ਹੈ ਉਸ ਦੀ ਸਮੱਸਿਆ ਦਾ ਕੀ ਹੱਲ ਹੈ ਉਹਨਾਂ ਕੋਲ? ਵਿਕਾਸ ਦੀ ਅਜਿਹੀ ਹਾਸੋ-ਹੀਣੀ ਧਾਰਨਾ ਦੇ ਚਲਦਿਆਂ ਉਹਨਾਂ ਕੋਲ ਕਦੇ ਕੋਈ ਗੱਲ ਦਾ ਹੱਲ ਹੋਵੇਗਾ ਵੀ ਨਹੀਂ।
ਉਨ੍ਹਾਂ ਦੀ ਵਿਵਸਥਾ ਦਾ ਭਾਰੀ ਵਿਰੋਧ ਇਹ ਹੈ ਕਿ ਉਹ ਤਕਨੀਕ ਵਿੱਚ ਜਿੰਨਾ ਜਿਆਦਾ ਨਿਵੇਸ਼ ਕਰਦੇ ਹਨ ਅਤੇ ਜਿੰਨਾ ਜ਼ਿਆਦਾ ਉਸ ਦਾ ਇਸਤੇਮਾਲ ਕਰਦੇ ਹਨ, ਓਨੀ ਹੀ ਜ਼ਿਆਦਾ ਬੇਰੁਜ਼ਗਾਰੀ ਵਧਦੀ ਹੈ। ਬਹੁਤ ਜਿਆਦਾ ਵਿਕਸਤ ਅਤੇ ਤਕਨੀਕੀ ਉਪਰਕਰਨ ਜੋ ਮਾਨਵੀ ਮਿਹਨਤ ਤੋਂ ਬਣਦੇ ਹਨ, ਭੌਤਿਕ ਸੰਪਤੀ ਨੂੰ ਤਾਂ ਵਧਾਉਦੇ ਹਨ ਪਰੰਤੂ ਨਾਲ ਨਾਲ ਗਰੀਬੀ, ਛਾਂਟੀ, ਬੇਰੁਜ਼ਗਾਰੀ ਵੀ ਵਧਾਉਦੇ ਹਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਉਹਨਾਂ ਕਾਰਨ ਲੋਕਾਂ ਦੇ ਕੰਮ ਦੇ ਘੰਟੇ ਘੱਟ ਹੋ ਜਾਣ ਅਤੇ ਉਨ੍ਹਾਂ ਨੂੰ ਆਰਾਮ ਕਰਨ, ਖੇਡਣ ਕੁੱਦਣ, ਸੱਭਿਆਚਾਰਕ ਅਤੇ ਵਿਗਿਆਨਕ ਉੱਨਤੀ ਦੇ ਕੰਮਾਂ ਲਈ ਜ਼ਿਆਦਾ ਸਮਾਂ ਮਿਲੇ। ਪਰ ਇਹ ਅਸੰਭਵ ਹੈ, ਕਿਉਕਿ ਬਹੁਕੌਮੀ ਕੰਪਨੀਆਂ ਵਾਲੇ ਲੋਕ ਮੰਡੀ ਦੇ ਪਵਿਤਰ ਨਿਯਮਾਂ ਦਾ ਪਾਲਣ ਕਰਦੇ ਹੋਏ ਅਜਿਹਾ ਕਦੇ ਨਹੀਂ ਹੋਣ ਦੇਣਗੇ, ਨਹੀਂ ਤਾਂ ਉਹਨਾਂ ਨੂੰ ਸਸਤੇ ਮਜ਼ਦੂਰ ਕਿਵੇਂ ਮਿਲਣਗੇ? ਖਾਣ ਪੀਣ ਅਤੇ ਐਸ਼ ਕਰਨ ਦੀਆਂ ਚੀਜ਼ਾਂ ਉਹਨਾਂ ਨੂੰ ਕਿਵੇਂ ਮਿਲਣਗੀਆਂ? ਜਿੰਨ੍ਹਾਂ ਨੂੰ ਉਹ ਆਪਣੇ ਦੇਸ਼ਾਂ ਵਿੱਚ ਖੁਦ ਉਗਾ ਜਾਂ ਬਣਾ ਨਹੀਂ ਸਕਦੇ। ਉਹ ਕੰਮ ਕਰਨ ਵਾਲੇ ਨੌਕਰ ਕਿਵੇਂ ਮਿਲਣਗੇ, ਜੋ ਉਹ ਖੁਦ ਨਹੀਂ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ।
ਆਪਣੇ ਸ਼ਾਨਦਾਰ ਆਰਥਕ ਨਿਯਮਾਂ ਦੇ ਚਲਦਿਆਂ ਉਹ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਨਾਲ ਕੀ ਕਰ ਰਹੇ ਹਨ? ਉਹ ਬਹੁਤ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਵਿਚ ਵਿਦੇਸ਼ੀ ਬਣਾ ਰਹੇ ਹਨ। ਆਪਣੇ ਦੇਸ਼ ਵਿਚ ਇੱਕ ਵਿਗਿਆਨਕ, ਡਾਕਟਰ, ਇੰਜਨੀਅਰ ਜਾਂ ਅਧਿਆਪਕ ਤਿਆਰ ਕਰਨ ਉਤੇ ਉਹਨਾਂ ਨੂੰ ਬਹੁਤ ਹੀ ਭਾਰੀ ਖਰਚਾ ਕਰਨਾ ਪੈਂਦਾ ਹੈ। ਇਸ ਲਈ ਉਹ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਨਾਲ ਤਿਆਰ ਕੀਤੇ ਗਏ ਵਿਗਿਆਨੀਆਂ, ਡਾਕਟਰਾਂ, ਇੰਜਨੀਅਰਾਂ ਆਦਿ ਨੂੰ ਆਪਣੇ ਕੋਲ ਬੁਲਾ ਲੈਂਦੇ ਹਨ। ਗੱਲ ਆਪਣਾ ਖਰਚਾ ਬਚਾਉਣ ਅਤੇ ਦੂਜੇ ਦੇਸ਼ਾਂ ਦੇ ਸਾਧਨਾਂ ਨੂੰ ਲੁੱਟ ਲੈਣ ਦੀ ਹੀ ਨਹੀਂ ਹੈ, ਗੱਲ ਇਹ ਵੀ ਹੈ ਕਿ ਨਿਰੰਤਰ ਨਵੀਆਂ ਤਕਨੀਕਾਂ ਨਾਲ ਬਣੇ ਉਦਯੋਗਾਂ ਨੂੰ ਚਲਾਉਣ ਦੀ ਖੁਦ ਉਹਨਾਂ ਵਿੱਚ ਯੋਗਤਾ ਵੀ ਨਹੀਂ ਹੈ। ਕੁੱਝ ਸਮਾਂ ਪਹਿਲਾਂ ਅਮਰੀਕੀ ਅਖਬਾਰਾਂ ਵਿੱਚ ਛਪਿਆ ਸੀ ਕਿ ਅਮਰੀਕਾ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਅਤਿਅੰਤ ਕੁਸ਼ਲ ਕਰਮਚਾਰੀਆਂ ਨੂੰ ਬੁਲਾਉਣ ਲਈ ਦੋ ਲੱਖ ਵੀਜ਼ੇ ਦੇਵੇਗਾ। ਕਾਰਨ, ਅਮਰੀਕੀ ਲੋਕ ਜਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ। ਉਨ੍ਹਾਂ ਵਿਚੋਂ ਬਹੁਤੇ ਅਜਿਹੇ ਮਿਲ ਜਾਣਗੇ ਜੋ ਬ੍ਰਾਜ਼ੀਲ ਨੂੰ ਬੋਲੀਵੀਆ ਜਾਂ ਬੋਲੀਵੀਆ ਨੂੰ ਬਰਾਜ਼ੀਲ ਸਮਝਦੇ ਹੋਣਗੇ। ਖੁਦ ਅਮਰੀਕਾ ਵਿੱਚ ਕਈ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਅਮਰੀਕੀ ਆਪਣੇ ਦੇਸ਼ ਬਾਰੇ ਹੀ ਬਹੁਤੀਆਂ ਗੱਲਾਂ ਨਹੀਂ ਜਾਣਦੇ। ਇਥੋਂ ਤੱਕ ਕਿ ਜਿਸ ਲਾਤੀਨੀ ਅਮਰੀਕੀ ਦੇਸ਼ ਦਾ ਉਨ੍ਹਾਂ ਸੁਣਿਆ ਹੋਇਆ ਹੈ, ਉਸ ਦੇ ਬਾਰੇ ਉਹ ਇਹ ਨਹੀਂ ਜਾਣਦੇ ਕਿ ਉਹ ਅਫਰੀਕਾ ਵਿੱਚ ਹੈ ਜਾਂ ਯੂਰਪ ਵਿੱਚ। ਇਹ ਕੋਈ ਅਤਿਕਥਨੀ ਨਹੀਂ, ਇਹੀ ਕਾਰਨ ਹੈ ਕਿ ਉਹ ਸਾਡੀ ਦੁਨੀਆਂ ਤੋਂ ਚੁਣ ਚੁਣ ਕੇ ਅਤਿਅੰਤ ਕੁਸ਼ਲ ਕਰਮਚਾਰੀਆਂ ਨੂੰ ਲੈ ਲੈਂਦੇ ਹਨ ਜੋ ਮੁੜ ਕਦੇ ਆਪਣੇ ਦੇਸ਼ ਨਹੀਂ ਪਰਤਦੇ।
ਕਰਮਚਾਰੀ ਨੂੰ ਹੀ ਨਹੀਂ, ਉਹ ਸਾਡੇ ਖਿਡਾਰੀਆਂ ਤੱਕ ਨੂੰ ਲੈ ਜਾਂਦੇ ਹਨ। ਉਹ ਸਾਡੇ ਖਿਡਾਰੀਆਂ ਨੂੰ ਉਸੇ ਤਰ੍ਹਾਂ ਹੀ ਖਰੀਦਦੇ ਹਨ, ਜਿਵੇਂ ਪੁਰਾਣੇ ਜ਼ਮਾਨੇ ਵਿਚ ਗੁਲਾਮ ਖਰੀਦੇ ਜਾਂਦੇ ਸਨ। ਫਰਕ ਇਹੀ ਹੈ ਕਿ ਉਹ ਉੱਚੇ ਮੁੱਲ ’ਤੇ ਖਰੀਦੇ ਜਾਂਦੇ ਹਨ। ਸਾਡਾ ਸਧਾਰਨ ਖਿਡਾਰੀ ਵੀ ਉਥੇ ਜਾ ਕੇ ਲੱਖਾਂ ਕਮਾਉਦਾ ਹੈ ਅਤੇ ਉਸ ਨੂੰ ਚੰਗੀ ਪ੍ਰਸਿੱਧੀ ਵੀ ਮਿਲਦੀ ਹੈ। ਅਸੀਂ ਜੇਕਰ ਆਪਣੇ (ਕਿਉਬਾ) ਬੇਮਿਸਾਲ ਖਿਡਾਰੀਆਂ ਦੀ ਬੋਲੀ ਲਗਾਂਦੇ ਤਾਂ ਸਚਮੁੱਚ ਧਨੀ ਹੋ ਜਾਂਦੇ। ਉਹ ਹੁਣ ਬੇਮਿਸਾਲ ਦੇ ਅਮਰੀਕੀ ਖਿਡਾਰੀਆਂ ’ਤੇ, ਜੋ ਉਹਨਾਂ ਨੂੰ ਬਹੁਤ ਮਹਿੰਗੇ ਪੈਂਦੇ ਹਨ, ਪੈਸੇ ਨਹੀਂ ਖਰਚ ਕਰਨਾ ਚਾਹੁੰਦੇ। ਇਸ ਲਈ ਉਹ ਵੈਂਜੂਏਲਾ, ਗੁਆਟੇਮਾਲਾ, ਬਰਾਜ਼ੀਲ, ਅਰਜਨਟੀਨਾ ਆਦਿ ਵਿੱਚ ਖਿਡਾਰੀਆਂ ਨੂੰ ਸਿੱਖਿਅਤ ਕਰਨ ਵਾਲੀਆਂ ਅਕਾਦਮੀਆਂ ਚਲਾਉਂਦੇ ਹਨ ਅਤੇ ਇਥੋਂ ਦੇ ਲੋਕਾਂ ਨੂੰ ਖਿਡਾਰੀ ਬਣਾ ਕੇ ਲੈ ਜਾਂਦੇ ਹਨ। ਇਥੋਂ ਦੇ ਲੋਕਾਂ ਨੂੰ ਲਗਦਾ ਹੈ ਕਿ ਉਹ ਲੱਖਾਂ ਕਮਾ ਰਹੇ ਹਨ ਅਤੇ ਮੀਡੀਆ ਵਿੱਚ ਛਾ ਕੇ ਸਾਰੀ ਦੁਨੀਆਂ ਵਿੱਚ ਜਾਣੇ ਜਾ ਰਹੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਲਗਦਾ ਕਿ ਅਮਰੀਕੀ ਖਿਡਾਰੀਆਂ ਦੇ ਮੁਕਾਬਲੇ ਉਹਨਾਂ ਨੂੰ ਘੱਟ ਪੈਸਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਸ਼ਤਿਹਾਰਾਂ ਵਿੱਚ ਵੇਚ ਕੇ ਉਸ ਤੋਂ ਕਿਤੇ ਜਿਆਦਾ ਪੈਸਾ ਕਮਾਇਆ ਜਾ ਰਿਹਾ ਹੈ।
ਅਮਰੀਕੀ ਸੱਭਿਆਚਾਰ ਦੀ ਖਾਸ ਚੀਜ਼ ਅਮਰੀਕੀ ਟੈਲੀਵਿਜ਼ਨ, ਮੈਂ ਉਸ ਨੂੰ ਬਹੁਤ ਘੱਟ ਦੇਖਦਾ ਹਾਂ ਅਤੇ ਜਦੋਂ ਕਦੇ ਦੇਖਦਾ ਹਾਂ, ਬਰਦਾਸ਼ਤ ਨਹੀਂ ਕਰ ਸਕਦਾ, ਕਿਉਕਿ ਹਰ ਤਿੰਨ ਮਿੰਟ ਬਾਅਦ ਉਸ ’ਤੇ ਮਸ਼ਹੂਰੀ ਆਉਣ ਲਗਦੀ ਹੈ। ਕਿਉਬਾ ਵਿਚ ਅਸੀਂ ਟੀਵੀ ’ਤੇ ਦਿਖਾਉਣ ਲਈ ਕੁੱਝ ਸੋਪ ਆਪੇਰਾ ਬਾਹਰੋਂ ਖਰੀਦਦੇ ਹਾਂ ਪਰ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਬਣੇ ਸੋਪ ਆਪੇਰਾ ਕਿਉੂਬਾ ਦੀ ਜਨਤਾ ਲਈ ਏਨੇ ਆਕਰਸ਼ਕ ਹੁੰਦੇ ਕਿ ਉਹਨਾਂ ਨੂੰ ਦੇਖਣ ਲਈ ਕਈ ਲੋਕ ਆਪਣੇ ਕੰਮ ਰੋਕ ਦਿੰਦੇ ਹਨ। ਇਸੇ ਤਰ੍ਹਾਂ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਕਈ ਚੰਗੀਆਂ ਫਿਲਮਾਂ ਬਣਦੀਆਂ ਹਨ, ਪਰ ਦੁਨੀਆਂ ਭਰ ਵਿੱਚ ਅਮਰੀਕੀ ਚੀਜਾਂ ਚਲਦੀਆਂ ਹਨ- ਡੱਬਾ-ਬੰਦ ਸੱਭਿਆਚਾਰ। ਸਾਡੇ ਇੱਥੇ ਕਾਗਜ ਦੀ ਕਮੀ ਹੈ ਇਸ ਲਈ ਕਾਗਜ ਦਾ ਇਸਤੇਮਾਲ ਅਸੀਂ ਜਿਆਦਾ ਪਾਠ-ਪੁਸਤਕਾਂ ਅਤੇ ਘੱਟ ਪੰਨਿਆਂ ਵਾਲੇ ਅਖਬਾਰ ਛਾਪਣ ਲਈ ਕਰਦੇ ਹਾਂ, ਜਦੋਂ ਕਿ ਪੂੰਜੀਵਾਦੀ ਦੇਸ਼ਾਂ ਵਿੱਚ ਅਨੇਕਾਂ ਪੰਨਿਆਂ ਅਤੇ ਰੰਗੀਨ ਤਸਵੀਰਾਂ ਵਾਲੀਆਂ ਚਿਕਨੀਆਂ ਪੱਤਰਕਾਵਾਂ ਛਪਦੀਆਂ ਹਨ, ਜਿੰਨਾਂ ਨੂੰ ਗਰੀਬ ਦੇਸ਼ਾਂ ਦੇ ਲੋਕ ਪੜ੍ਹਦੇ ਹਨ ਅਤੇ ਉਹਨਾਂ ਵਿੱਚ ਛਪੇ ਇਸ਼ਤਿਹਾਰਾਂ ਰਾਹੀਂ ਪੂੰਜੀਵਾਦ ਦੁਆਰਾ ਦਿਖਾਏ ਗਏ ਸਵਰਗ ਦੇ ਸੁਪਨੇ ਦੇਖਦੇ ਹਨ, ਜੋ ਉਹਨਾਂ ਨੂੰ ਕਦੇ ਵੀ ਮਿਲਣ ਵਾਲਾ ਨਹੀਂ।
ਉਹ ਸਾਨੂੰ ਸੁਪਨੇ ਦਿਖਾਉਦੇ ਹਨ। ਉਹ ਸਾਡੇ ਅੰਦਰ ਇੱਛਾ ਜਗਾਉਦੇ ਹਨ ਕਿ ਸਾਡੇ ਵਿਚੋਂ ਹਰੇਕ ਵਿਅਕਤੀ ਕੋਲ ਕਾਰ ਹੋਵੇ। ਇਸੇ ਨੂੰ ਉਹ ਵਿਕਾਸ ਕਹਿੰਦੇ ਹਨ, ਪਰ ਕੀ ਅਜਿਹਾ ਵਿਕਾਸ ਕਦੇ ਸੰਭਵ ਹੈ? ਮੰਨ ਲਓ ਅਜਿਹਾ ਕਿਸੇ ਵੀ ਤਰ੍ਹਾਂ ਹੋ ਜਾਵੇ ਤਾਂ ਕੀ ਹੋਵੇਗਾ? ਜੇ ਕਰ ਚੀਨ ਦੇ ਹਰ ਘਰ ਵਿਚ ਕਾਰ ਹੋ ਗਈ ਤਾਂ ਉਥੋਂ ਸਾਰੀ ਉਪਜਾਊ ਜ਼ਮੀਨ ਸੜਕਾਂ, ਪਟਰੋਲ ਪੰਪਾਂ ਅਤੇ ਪਾਰਕਿੰਗ ਦੀ ਜਗ੍ਹਾ ਲਈ ਇਸ ਕਦਰ ਰੁਕ ਜਾਵੇਗੀ ਕਿ ਉਥੇ ਚੌਲਾਂ ਦਾ ਇੱਕ ਦਾਣਾ ਵੀ ਨਹੀਂ ਉਗਾਇਆ ਜਾ ਸਕੇਗਾ। ਆਖਰ ਉਹ ਜੋ ਖਪਤਕਾਰ ਦੁਨੀਆਂ ’ਤੇ ਥੋਪ ਰਹੇ ਹਨ, ਉਹ ਸਿਰਫ ਪਾਗਲਪਣ ਹੈ, ਬਕਵਾਸ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੁਨੀਆਂ ਤਪੱਸਵੀਆਂ ਦਾ ਆਸ਼ਰਮ ਬਣ ਜਾਣੀ ਚਾਹੀਦੀ ਹੈ। ਸੁੱਖ ਸੁਵਿਧਾ ਦੀਆਂ ਚੀਜਾਂ ਹੋਣੀਆਂ ਚਾਹੀਦੀਆਂ ਹਨ ਪਰ ਖਪਤ ਦੇ ਮਾਪਦੰਡ ਤਾਂ ਸਾਨੂੰ ਹੀ ਬਣਾਉਣੇ ਪੈਣਗੇ, ਨਹੀਂ ਤਾਂ ਇਹ ਧਰਤੀ ਮਨੁੱਖਾਂ ਦੇ ਰਹਿਣ ਲਾਇਕ ਨਹੀਂ ਰਹਿ ਜਾਵੇਗੀ।
ਉਦਾਹਰਣ ਦੇ ਤੌਰ ’ਤੇ ਖਪਤ ਦੀਆਂ ਵਸਤੂਆਂ ਵਿਚ ਕਾਰ ਨੂੰ ਹੀ ਜਰੂਰੀ ਕਿਉ ਸਮਝਿਆ ਜਾਵੇ, ਕਿਤਾਬ ਨੂੰ ਕਿਉਂ ਨਹੀਂ? ਅੱਜ ਦੀ ਦੁਨੀਆਂ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਆਖਰ ਲੋਕਾਂ ਨੂੰ ਪੜ੍ਹਨ ਦੇ ਸੁੱਖ ਤੋਂ, ਸੱਭਿਆਚਾਰ ਅਤੇ ਮਨੋਰੰਜਨ ਦੇ ਖੇਤਰਾਂ ਤੋਂ ਪ੍ਰਾਪਤ ਹੋਣ ਵਾਲੇ ਸੰਤੋਖ ਤੋਂ ਕਿਉ ਵਾਂਝਾ ਕੀਤਾ ਜਾਵੇ। ਕੀ ਮਨੁੱਖ ਲਈ ਭੌਤਿਕ ਸੰਪਤੀ ਹੀ ਜਰੂਰੀ ਹੈ, ਆਤਮਕ ਸੁੱਖ ਨਹੀਂ? ਤਰਕ ਦਿੱਤਾ ਜਾਂਦਾ ਹੈ ਕਿ ਅੱਜ ਦੇ ਮਨੁੱਖ ਕੋਲ ਆਤਮਕ ਸੁੱਖ ਲਈ ਸਮਾਂ ਕਿੱਥੇ। ਪਰ ਮੈਂ ਕਹਿੰਦਾ ਹਾਂ ਇਸਤਰੀ ਪੁਰਸ਼ਾਂ ਲਈ ਅੱਠ ਘੰਟੇ ਹੀ ਕੰਮ ਕਰਨਾ ਕਿਉ ਜਰੂਰੀ ਹੈ? ਜੇ ਸਾਡੇ ਕੋਲ ਤਕਨੀਕ ਹੈ, ਜੋ ਸਾਡੀ ਪੈਦਾਵਾਰ ਵਧਾ ਸਕਦੀ ਹੈ ਤਾਂ ਲੋਕ ਅੱਠ ਘੰਟੇ ਦੀ ਬਜਾਏ ਚਾਰ ਘੰਟੇ ਕੰਮ ਕਿਉ ਨਾ ਕਰਨ? ਇਸ ਨਾਲ ਬੇਰੁਜ਼ਗਾਰੀ ਵੀ ਦੂਰ ਹੋਵੇਗੀ ਤੇ ਲੋਕਾਂ ਕੋਲ ਫੁਰਸਤ ਵੀ ਜ਼ਿਆਦਾ ਹੋਵੇਗੀ। ਜਦੋਂ ਮਨੁੱਖ ਨੇ ਆਪਣੀ ਬੁੱਧੀ ਨਾਲ ਮਾਨਵਤਾ ਦੀ ਖੁਸ਼ਹਾਲੀ ਲਈ ਨਵੀਂ ਤਕਨੀਕ ਅਤੇ ਤਰੀਕੇ ਵਿਕਸਤ ਕਰ ਲਏ ਹਨ ਤਾਂ ਲੋਕ ਦਿਨ-ਰਾਤ ਪੈਸਾ ਕਮਾਉਣ ਦੇ ਚੱਕਰ ਵਿੱਚ ਹੀ ਕਿਉ ਪਏ ਰਹਿਣ? ਭੁੱਖੇ, ਬਿਮਾਰ, ਬੇਰੁਜ਼ਗਾਰ ਕਿਉ ਰਹਿਣ? ਗਿਆਨ, ਵਿਗਿਆਨ, ਸੱਭਿਆਚਾਰ ਅਤੇ ਦੂਜੀਆਂ ਮਾਨਵੀ ਚੀਜਾਂ ਤੋਂ ਵਾਂਝੇ ਕਿਉ ਰਹਿਣ? ਉਹ ਕੁੱਝ ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਸ਼ਕਤੀਸ਼ਾਲੀ ਲੋਕਾਂ ਦੇ ਕੰਮ-ਕਾਜੀ ਲਾਭਾਂ ਜਾਂ ਮੁਨਾਫੇ ਲਈ ਉਨ੍ਹਾਂ ਨੂੰ ਪਾਗਲ ਬਣਾ ਦੇਣ ਵਾਲੇ ਆਰਥਕ ਨਿਯਮਾਂ ਅਨੁਸਾਰ ਕਿਉ ਜਿਉਣ, ਜੋ ਕਦੇ ਅਟੱਲ ਜਾਂ ਅਪਰਵਰਤਨ ਸ਼ੀਲ ਨਹੀਂ ਸਨ, ਬਦਲਦੇ ਰਹੇ ਹਨ ਅਤੇ ਜਿੰਨ੍ਹਾਂ ਦਾ ਬਦਲਣਾ ਨਿਸ਼ਚਤ ਹੈ। ਉਨ੍ਹਾਂ ਕਾਰ ਬਣਾਉਣ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਹੈ। ਇਸ ਨਾਲ ਜੋ ਕਾਰਾਂ ਬਣਨਗੀਆਂ ਉਹਨਾਂ ਨੂੰ ਕੌਣ ਖਰੀਦੇਗਾ? ਉਹਨਾਂ ਦੇ ਗਾਹਕ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਖੋਜੇ ਜਾਣਗੇ। ਉਥੋਂ ਦੇ ਲੋਕਾਂ ਨੂੰ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਸੱਭਿਆਚਾਰ ਅਨੁਸਾਰ ਜਿਉਣਾ ਜਰੂਰੀ ਦੱਸ ਕੇ ਭਾਰੀ ਇਸ਼ਤਿਹਾਰਾਂ ਰਾਹੀਂ ਇਹ ਸਮਝਾਇਆ ਜਾਵੇਗਾ ਕਿ ਹਰ ਘਰ ਵਿੱਚ ਇੱਕ ਕਾਰ ਦਾ ਹੋਣਾ ਜਰੂਰੀ ਹੈ। ਪਰ ਜਿੱਥੇ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ ਉਥੇ ਕਾਰ ਕੌਣ ਖਰੀਦੇਗਾ? ਉਹ ਥੋੜ੍ਹੇ ਜਿਹੇ ਲੋਕ ਜੋ ਧਨੀ ਹਨ, ਪਰ ਜੇ ਕਰ ਉਹਨਾਂ ਥੋੜ੍ਹੇ ਜਿਹੇ ਲੋਕਾਂ ਦੇ ਵੀ ਹਰ ਘਰ ਵਿੱਚ ਇਕ ਕਾਰ ਹੋ ਗਈ ਤਾਂ ਏਨੀਆਂ ਕਾਰਾਂ ਉੱਥੇ ਹੋ ਜਾਣਗੀਆਂ ਕਿ ਉਤਪਾਦਨ ਦੇ ਸਾਧਨ ਅਤੇ ਵਾਤਾਵਰਨ ਤਬਾਹ ਹੋ ਜਾਵੇਗਾ। ਏਨਾ ਹੀ ਨਹੀਂ ਸਮਾਜਕ ਵਿਕਾਸ ਲਈ ਜਰੂਰੀ ਸੀਮਤ ਸਾਧਨ ਵੀ, ਕਾਰਾਂ ਖਰੀਦਣ, ਉਹਨਾਂ ਲਈ ਸੜਕਾਂ ਬਣਾਉਣ ਅਤੇ ਪਟਰੋਲ ਖਰੀਦਣ ਆਦਿ ਲਈ ਉਡਾ ਦਿੱਤੇ ਜਾਣਗੇ। ਪਰ ਉਦਯੋਗਿਕ ਦੇਸ਼ਾਂ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਲੋਕਾਂ ਦੇ ਮਨ ਵਿਚ ਅਸੰਭਵ ਸੁਪਨਿਆਂ ਦੇ ਬੀਜ, ਬੀਜ ਕੇ ਮਾਨਵ ਜਾਤੀ ਅਤੇ ਧਰਤੀ ਲਈ ਭਿਆਨਕ ਖਤਰੇ ਪੈਦਾ ਕਰ ਦਿੱਤੇ ਹਨ। ਪੂੰਜਵਾਦੀ ਵਿਵਸਥਾ ਨੇ ਵਾਤਾਵਰਣ ਵਿਚ ਜ਼ਹਿਰ ਭਰ ਦਿੱਤਾ ਹੈ ਅਤੇ ਉਹ ਉਹਨਾਂ ਕੁਦਰਤੀ ਸਰੋਤਾਂ ਨੂੰ ਤਬਾਹ ਕਰ ਰਹੀ ਹੈ, ਜੋ ਇੱਕ ਵਾਰ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਫਿਰ ਪੈਦਾ ਨਹੀਂ ਕੀਤੇ ਜਾ ਸਕਦੇ, ਜਦੋਂ ਕਿ ਭਵਿੱਖ ਵਿੱਚ ਉਹਨਾਂ ਦੀ ਜਰੂਰਤ ਹੋਵੇਗੀ ਅਤੇ ਉਹਨਾ ਨੂੰ ਬਚਾ ਕੇ ਰੱਖਣਾ ਜਰੂਰੀ ਹੈ। ਇਹ ਅੱਜ ਇੱਕ ਵਿਚਾਰ ਜਾਂ ਧਾਰਨਾ ਨਹੀਂ, ਬਲਕਿ ਠੋਸ ਹਕੀਕਤ ਹੈ। ਪੂੰਜੀਵਾਦ ਅਸਮਾਨਤਾ ’ਤੇ ਚਲਦਾ ਹੈ ਪਰ ਜਦੋਂ ਧਰਤੀ ’ਤੇ ਰਹਿਣ ਵਾਲੇ ਅੱਸੀ ਪ੍ਰਤੀਸ਼ਤ ਲੋਕ ਉਸ ਦੇ ਕਾਰਨ ਦੁਖੀ ਹੋਣ ਤਾਂ ਨਿਸ਼ਚਤ ਹੈ ਕਿ ਇਹ ਵਿਵਸਥਾ ਚੱਲ ਨਹੀਂ ਸਕਦੀ। ਇਸ ਲਈ ਸਾਨੂੰ ਅਜਿਹੇ ਵਿਚਾਰਾਂ ਅਤੇ ਧਾਰਨਾਵਾਂ ਦੀ ਬਹੁਤ ਜਰੂਰਤ ਹੈ, ਜਿਨ੍ਹਾਂ ਦੇ ਆਧਾਰ ਉਤੇ ਇੱਕ ਚੱਲ ਸਕਣ ਵਾਲੀ, ਕਾਇਮ ਰੱਖੀ ਜਾ ਸਕਣ ਵਾਲੀ ਅਤੇ ਬਿਹਤਰ ਦੁਨੀਆਂ ਬਣਾਈ ਕਿਵੇਂ ਜਾਵੇ? ਇਸ ਦਾ ਜਵਾਬ ਇੱਕ ਹੀ ਹੈ, ਸਾਨੂੰ ਸਾਰਿਆਂ ਨੂੰ ਅਤੇ ਸਾਡੇ ਦੇਸ਼ਾਂ ਨੂੰ ਇਸ ਨਵ-ਉਦਾਰਵਾਦੀ ਸੰਸਾਰੀਕਰਨ ਦੇ ਵਿਰੁੱਧ ਇੱਕਜੁੱਟ ਹੋਣਾ ਹੋਵੇਗਾ। ਇਹ ਮੁਸ਼ਕਲ ਕੰਮ ਹੈ, ਬਹੁਤ ਹੀ ਮੁਸ਼ਕਲ, ਪਰ ਇਸ ਨੂੰ ਆਸਾਨ ਬਣਾਇਆ ਜਾ ਸਕਦਾ ਹੈ। ਜੇਕਰ ਅਸੀਂ ਸੰਸਾਰੀਕਰਨ ਨੂੰ ਇਕ ਬੁਰਾਈ ਮੰਨ ਕੇ ਉਸ ਨੂੰ ਖਤਮ ਕਰਨ ਦੀ ਸੋਚਾਂਗੇ ਤਾਂ ਅਜਿਹਾ ਕਰਨਾ ਸਾਨੂੰ ਮੁਸ਼ਕਲ ਹੀ ਨਹੀਂ, ਅਸੰਭਵ ਲੱਗੇਗਾ ਅਤੇ ਉਹ ਵਾਸਤਵ ਵਿੱਚ ਅਸੰਭਵ ਹੋਵੇਗਾ। ਇਸ ਲਈ ਅਸੀਂ ਇਹ ਮੰਨ ਕੇ ਚੱਲੀਏ ਕਿ ਸੰਸਾਰੀਕਰਨ ਆਪਣੇ ਆਪ ਵਿਚ ਕੋਈ ਬੁਰੀ ਚੀਜ਼ ਨਹੀਂ। ਸੰਸਾਰੀਕਰਨ ਅਜਿਹੀ ਪ੍ਰਕਿਰਿਆ ਹੈ ਜਿਸ ਨੂੰ ਪਲਟਿਆ ਨਹੀਂ ਜਾ ਸਕਦਾ। ਪਰ ਸੁਆਲ ਉਠਾਉਣਾ ਚਾਹੀਦਾ ਹੈ-ਕਿਹੋ ਜਿਹਾ ਸੰਸਾਰੀਕਰਨ? ਅਰਥਾਤ ਸੰਸਾਰੀਕਰਨ ਪੂੰਜੀਵਾਦੀ ਹੀ ਕਿਉ? ਸਮਾਜਵਾਦੀ ਕਿਉ ਨਹੀਂ?...
(ਸੰਖੇਪ)
No comments:
Post a Comment