(ਸਲਾਮ ਕਾਫ਼ਲਾ ਕਨਵੀਨਰ ਜਸਪਾਲ ਜੱਸੀ ਦੀ ਤਕਰੀਰ)
‘‘ਰੌਣਕੀ ਤੇ ਮੋਦਨ ਦੀ ਧਰਤੀ ’ਤੇ ਇਨਕਲਾਬ ਆਉਣੋਂ ਕੋਈ ਨਹੀਂ ਰੋਕ ਸਕਦਾ’’
ਅੱਜ ਦੀ ਇਹ ਵਿਸ਼ਾਲ ਇਕੱਤਰਤਾ ਸਾਹਮਣੇ ਬੈਠੇ ਤੇ ਸਟੇਜ ’ਤੇ ਬੈਠੇ ਸਾਰੇ ਸਾਥੀ, ਜੋ ਸਰਮਾਇਆ ਨੇ ਏਸ ਧਰਤੀ ਦੀ ਚੰਗੇ ਜੀਵਨ ਲਈ ਜੂਝ ਰਹੀ ਸੰਗਰਾਮੀ ਲਹਿਰ ਦਾ। ਜੋ ਸਰਮਾਇਆ ਨੇ ਏਸ ਧਰਤੀ ’ਤੇ ਧੜਕਦੀ ਕਲਾ ਤੇ ਸੁਹਜ ਦੀ ਸੰਵੇਦਨਾ ਦਾ। ਉਹਨਾਂ ਸਭ ਨੂੰ ਆਪਣਾ ਸਲਾਮ ਕਹਿਣ ਤੋਂ ਬਾਅਦ ਮੈਂ ਗੁਰਦਿਆਲ ਸਿੰਘ ਹੋਰਾਂ ਬਾਰੇ, ਸਲਾਮ ਕਾਫ਼ਲੇ ਬਾਰੇ, ਅੱਜ ਦੇ ਦਿਨ ਦੇ ਮਹੱਤਵ ਬਾਰੇ ਆਪਣੀ ਗੱਲ ਕਰਾਂਗਾ। ਜਦੋਂ ਸਾਹਿਤਕਾਰ ਦੇ ਤੌਰ ’ਤੇ ਉਹਨਾਂ ਦੀ ਤਸਵੀਰ ਮੇਰੇ ਸਾਹਮਣੇ ਆਉਂਦੀ ਐ, ਉਹਨਾਂ ਦਾ ਜੀਵਨ ਮੇਰੇ ਸਾਹਮਣੇ ਆਉਂਦੈ ਤਾਂ ਸਭ ਤੋਂ ਪਹਿਲਾਂ ਇੱਕ ਕਿਰਤੀ ਦੀ ਤਸਵੀਰ ਉਭਰਦੀ ਐ। ਜੀਹਦੇ ਹੱਥ ’ਚ ਹਥੌੜਾ ਫੜਿਆ ਹੋਇਐ। ਉਹ ਜੀਵਨ ਨੂੰ ਅੱਗੇ ਤੋਰਨ ਲਈ ਲੋਹਾ ਕੁੱਟ ਰਿਹੈ। ਦਸਾਂ ਨੌਹਾਂ ਦੀ ਕਿਰਤ ਕਰ ਰਿਹੈ। ਉਹ ਦਸਾਂ ਨੌਹਾਂ ਦੀ ਕਿਰਤ ਕਰਦਾ, ਪੰਜਾਬ ਦੇ ਇੱਕ ਗਰੀਬ ਪਰਿਵਾਰ ਦਾ ਜਾਇਆ, ਜਦੋਂ ਆਪਣੇ ਹੱਥਾਂ ’ਚ ਕਲਮ ਫੜ ਲੈਂਦਾ ਤੇ ਉਹਦੀ ਲਿਆਕਤ ਉਹਦੀ ਕਿਰਤ ਨੂੰ ਉਹਦੀ ਕਲਮ ਨਾਲ ਜੋੜ ਦਿੰਦੀ ਐ। ਉਹ ਦਸਾਂ ਨੌਹਾਂ ਦਾ ਕਿਰਤੀ, ਕਲਮ ਦੇ ਕਿਰਤੀ ’ਚ ਤਬਦੀਲ ਹੁੰਦੈ ਤੇ ਉਸ ਕਲਮ ਦੇ ਕਿਰਤੀ ਦੇ ਨਾਵਲਾਂ ’ਚੋਂ, ਲੋਹੇ ਦੀ, ਆਇਰਨ ਦੀ ਗੂੰਜ ਸੁਣਦੀ ਐ। ਉਸ ਚੱਲਦੇ ਹਥੌੜੇ ਦੀ ਟੁਣਕਾਰ ਸੁਣਦੀ ਐ। ਏਹ ਟੁਣਕਾਰ, ਏਹ ਗੂੰਜ ਉਹਨੂੰ ਉਮਰ ਭਰ ਨਹੀਂ ਵਿਸਰਦੀ, ਗੁਰਦਿਆਲ ਸਿੰਘ ਨੇ ਇਹ ਕੁਛ ਕਿਉਂ ਕੀਤਾ? ਕਿਸ ਜ਼ੋਰ ’ਤੇ ਕੀਤਾ? ਕਾਹਦੇ ਆਸਰੇ ’ਤੇ ਕੀਤਾ? ਕਿਉਂਕਿ ਗੁਰਦਿਆਲ ਸਿੰਘ ਦਾ ਏਸ ਧਰਤੀ ਦੇ ਵਿਰਸੇ ਵੱਲ ਮੂੰਹ ਸੀ। ਏਸ ਪੰਜ ਦਰਿਆਵਾਂ ਦੀ ਧਰਤੀ ਦੀ ਮਹਾਨ ਵਿਰਾਸਤ ’ਚੋਂ, ਇਥੋਂ ਦੇ ਸੱਭਿਆਚਾਰ ’ਚੋਂ, ਜੋ ਕੁਝ ਕੀਮਤੀ ਚੁਗਿਆ ਜਾ ਸਕਦਾ ਸੀ, ਉਹ ਪਹਿਲਾਂ ਗੁਰਦਿਆਲ ਸਿੰਘ ਨੇ ਚੁਗਿਆ। ਆਪਣੇ ਅੰਦਰ ਰਚਾਇਆ ਤੇ ਉਹ ਧਰਤੀ, ਜਿਥੋਂ ਦੇ ਸਾਹਿਤ ਦੇ ਵਿੱਚ ਰਵੀਦਾਸ ਦੀ ਰੰਬੀ ਦੀ ਧੁਨੀ ਸੁਣਾਈ ਦਿੰਦੀ ਐ, ਜਿਥੋਂ ਦੇ ਸਾਹਿਤ ਨੂੰ ਕਬੀਰ ਦੀ ਖੱਡੀ ਦੀ ਅਵਾਜ਼ ਦੇ ਨਾਲ ਬੁਣਿਆ ਗਿਆ, ਜਿਸ ਧਰਤੀ ਦੇ ਉੱਤੇ ਧੰਨੇ ਦੇ ਧਰਤੀ ’ਤੇ ਚਲਦੇ ਹੱਲ ਦੀਆਂ ਅਵਾਜਾਂ ਇਥੋਂ ਦੇ ਸਾਹਿਤ ਨੇ, ਇਥੋਂ ਦੇ ਸਭਿਆਚਾਰ ਨੇ, ਇਥੋਂ ਦੇ ਗੁਰੂ ਗ੍ਰੰਥ ਸਾਹਿਬ ਨੇ ਸਾਂਭੀਆਂ ਹੋਈਆਂ ਨੇ। ਉਸ ਧਰਤੀ ਤੋਂ, ਉਸ ਵਿਰਾਸਤ ਤੋਂ ਪ੍ਰਰੇਣਾ ਲੈ ਕੇ ਗੁਰਦਿਆਲ ਸਿੰਘ ਪੰਜਾਬੀ ਨਾਵਲ ਦੇ ਵਿਚ ਦਾਖਲ ਹੋਏ। ਔਰ ਇਹ ਪ੍ਰਰੇਣਾ ਲੈਣ ਦੀ ਉਹਦੀ ਸਮਰੱਥਾ ਉਹਨਾਂ ਦੇ ਨਾਵਲਾਂ ਦੀ ਸ਼ਕਤੀ ਬਣੀ। ਉਹਨਾਂ ਦੇ ਨਾਵਲਾਂ ਦੀ ਤਾਕਤ ਬਣੀ। ਐਨੀਆਂ ਡੂੰਘੀਆਂ ਜੜ੍ਹਾਂ ਵਿਰਸੇ ’ਚ ਹੋਣ ਕਰਕੇ ਹੀ ਗੁਰਦਿਆਲ ਸਿੰਘ ਪੰਜਾਬੀ ਦੇ ਸ਼ੋ੍ਰਮਣੀ ਨਾਵਲਕਾਰ ਬਣਕੇ ੳੱੁਭਰੇ। ਸਭ ਸਾਹਿਤਕਾਰਾਂ ਦਾ ਯੋਗਦਾਨ, ਸਭਨਾਂ ਨਾਵਲਕਾਰਾਂ ਦਾ ਯੋਗਦਾਨ ਆਪੋ ਆਪਣੀ ਥਾ ’ਤੇ ਐ, ਪਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਬਿਨਾਂ ਝਿਜਕ ਇਹ ਗੱਲ ਮੈਨੂੰ ਮਹਿਸੂਸ ਹੁੰਦੀ ਐ, ਸਲਾਮ ਕਾਫਲੇ ਨੂੰ ਮਹਿਸੂਸ ਹੁੰਦੀ ਐ, ਕਿ ਉਹ ਪੰਜਾਬੀ ਦੇ ਸ਼ੋਮਣੀ ਨਾਵਲਕਾਰ ਸਨ। ਨਾ ਕਿ ਏਸ ਪੱਖੋਂ ਕਿ ਗੁਰਦਿਆਲ ਸਿੰਘ ਨੇ ਨਾਵਲ ਕਲਾ ਨੂੰ ਸਭ ਤੋਂ ਉੱਚੀ ਬੁਲੰਦੀ ’ਤੇ ਪਹੁੰਚਾਇਆ। ਸਗੋਂ ਏਸ ਕਰਕੇ ਵੀ ਕਿ ਪੰਜਾਬ ਦੀ ਜ਼ਿੰਦਗੀ ਦੀ ਜੋ ਤਸਵੀਰ ਗੁਰਦਿਆਲ ਸਿੰਘ ਦੇ ਨਾਵਲਾਂ ’ਚ ਆਈ, ਜਿੰਨੀ ਅਸਲੀ ਬਣ ਕੇ ਆਈ, ਉਹ ਸਾਡੇ ਦਿਲਾਂ ’ਤੇ ਇਹੋ ਜਿਹੀ ਡੂੰਘੀ ਛਾਪ ਛੱਡਦੀ ਐ। ਸਾਡੇ ਮਨਾਂ ਨੂੰ ਏਸ ਤਰ੍ਹਾਂ ਕੀਲਦੀ ਐ। ਸਾਡੇ ਆਗੂਆਂ ਦੀ ਦਿੱਤੀ ਹੋਈ ਸੇਧ ਕੀਮਤੀ ਹੁੰਦੀ ਐ। ਵਿਚਾਰ ਕੀਮਤੀ ਹੁੰਦੇ ਨੇ। ਮਾਰਕਸਵਾਦ ਕੀਮਤੀ ਐ। ਮੈਦਾਨ ’ਚ ਜੂਝਣਾ ਕੀਮਤੀ ਐ। ਹਰੇਕ ਚੀਜ਼ ਦਾ ਆਪੋ-ਆਪਣਾ ਮਹੱਤਵ ਐ। ਪਰ ਮਨਾਂ ਦੀਆਂ ਜਿੰਨਾਂ ਨੁੱਕਰਾਂ ’ਚ ਇਕ ਸਾਹਿਤਕਾਰ ਦੀ ਸੰਵੇਦਨਾ ਝਾਤ ਪਾਉਂਦੀ ਐ ਤੇ ਉਹਨਾਂ ਨੁੱਕਰਾਂ ਨੂੰ ਜਿਵੇਂ ਸਾਡੇ ਸਾਹਮਣੇ ਲਿਆਉਂਦੀ ਐ ਤੇ ਜਿਵੇਂ ਸਾਡੀ ਆਤਮਾ ਨੂੰ ਝੰਜੋੜਦੀ ਐ। ਉਸ ਗੱਲ ਦਾ ਕ੍ਰਾਂਤੀਆਂ ਦੀ ਸਿਰਜਣਾ ਕਰਨ ’ਚ ਬਹੁਤ ਵੱਡਾ ਰੋਲ ਹੁੰਦੈ। ਇਹ ਗੱਲ ਮਹੱਤਵਪੂਰਨ ਐ। ਸਾਡੀ ਲਹਿਰ ਦੇ ਵਿੱਚ ਸਾਡੀਆਂ ਕਚਿਆਈਆਂ ਕਰਕੇ ਸਾਡੀ ਆਪਣੇ ਸੀਮਤ ਸੁੰਗੜੇ ਸੰਕਲਪਾਂ ਕਰਕੇ, ਅਸੀਂ ਬਹੁਤ ਭਲੇਖਿਆਂ ’ਚ ਰਹੇ ਹਾਂ। ਅਸੀਂ ਇਹ ਸਮਝਦੇ ਰਹੇ ਆਂ ਕਿ ਜੇ ਗੋਲੀਆਂ ਚੱਲਦੀਆਂ ਨੇ, ਜੇ ਰਾਈਫ਼ਲ ਦੀਆਂ ਆਵਾਜਾਂ ਆਉਂਦੀਆਂ ਨੇ ਸਾਹਿਤ ਵਿੱਚੋਂ ਕ੍ਰਾਂਤੀ ਦਾ ਸੰਦੇਸ਼ ਸ਼ਾਇਦ ਉਸ ਗੱਲ ਨਾਲ ਜਾਂਦੈ, ਪਰ ਜਦੋਂ ਅਸੀਂ ਦੇਖਦੇ ਆਂ ਕਿ ਸੰਸਾਰ ’ਚ ਜਿਨ੍ਹਾਂ ਨੇ ਕ੍ਰਾਂਤੀਆਂ ਕੀਤੀਆਂ, ਲੈਨਿਨ ਨੇ ਕ੍ਰਾਂਤੀ ਦੀ ਆਗਵਾਈ ਕੀਤੀ, ਲੋਕਾਂ ਦੇ ਸਿਰ ਹਥਿਆਰਬੰਦ ਕੀਤੇ। ਲੋਕਾਂ ਹੱਥ ਵੀ ਹਥਿਆਰਬੰਦ ਕੀਤੇ। ਇਹੀ ਕੰਮ ਚੀਨ ਦੀ ਧਰਤੀ ’ਤੇ ਮਾਓ-ਜੇ-ਤੁੰਗ ਨੇ ਕੀਤਾ। ਇਨਕਲਾਬ ਨੂੰ ਸੇਧ ਲੈਨਿਨ ਨੇ ਦਿਖਾਈੇ। ਇਨਕਲਾਬ ਨੂੰ ਸਿਧਾਂਤ ਲੈਨਿਨ ਨੇ ਦਿੱਤੇ, ਪਰ ਲੈਨਿਨ ਨੇ ਇਹ ਕਿਹਾ ਕਿ ਟਾਲਸਟਾਏ ਜਿਹਨੇ ਸਿੱਧੇ ਰੂਪ ’ਚ ਨਾ ਕ੍ਰਾਂਤੀ ਦੀ, ਨਾ ਜਮਾਤੀ ਘੋਲ ਦੀ ਗੱਲ ਕੀਤੀ ਸੀ। ਲੈਨਿਨ ਨੇ ਕਿਹਾ ਕਿ ਟਾਲਸਟਾਏ, ਦੀ ਰਚਨਾ ਸਾਨੂੰ ਰੂਸੀ ਇਨਕਲਾਬ ਦਾ ਸ਼ੀਸ਼ਾ ਦਿਖਾਉਂਦੀ ਐ। ਇਹ ਸਾਨੂੰ ਦੱਸਦੀ ਐ ਕਿ ਇਥੋਂ ਦੇ ਕਿਸਾਨਾਂ ਦੇ ਮਨਾਂ ’ਚ ਕੀ ਚੱਲ ਰਿਹੈ ? ਕੀ ਉਤਰਾਅ-ਚੜ੍ਹਾਅ ਆ ਰਹੇ ਨੇ ? ਜਦੋਂ ਇਹੋ ਜੀ ਮਾਨਸਿਕ ਸਥਿਤੀ ’ਚੋਂ ਸਾਡਾ ਰੂਸ ਲੰਘ ਰਿਹੈ ਤਾਂ ਇਹ ਕਿਸ ਪਾਸੇ ਨੂੰ ਜਾਊਗਾ। ਮਾਓ-ਜੇ-ਤੁੰਗ ਨੇ ਸਭ ਤੋਂ ਵੱਡਾ ਯੋਧਾ ਚੀਨ ਦੇ ਸੱਭਿਆਚਾਰ ਦਾ ਸਭ ਤੋਂ ਵੱਡਾ ਯੋਧਾ ਲੂ-ਸ਼ਨ ਨੂੰ ਕਿਹਾ। ਤੇ ਉਹਦੀਆਂ ਦੋ ਸਭ ਤੋਂ ਮਹਾਨ ਰਚਨਾਵਾਂ ਨੂੰ ‘ਆਹ ਕਿਉਂ ਦੀ ਸੱਚੀ ਕਹਾਣੀ’ ਐ ਤੇ ਦੂਸਰੀ ‘ਪਾਗਲ ਦੀ ਡਾਇਰੀ’। ਉਹ ਦੋਵੇਂ ਰਚਨਾਵਾਂ ਸਿੱਧੇ ਰੂਪ ’ਚ ਕ੍ਰਾਂਤੀ ਦੀ ਗੱਲ ਨਹੀਂ ਕਰਦੀਆਂ। ਇਹ ਸਿੱਧੇ ਰੂਪ ’ਚ ਕ੍ਰਾਂਤੀ ਦੀ ਗੱਲ ਦੀ ਵੀ ਲੋੜ ਐ। ਇਹਦਾ ਆਪਣਾ ਰੋਲ ਹੁੰਦੈ। ਪਰ ਦੋਸਤੋ, ਇੱਕ ਉਹ ਲੋਕ ਨੇ ਜਿਹੜੇ ਇਨਕਲਾਬੀ ਸਿਧਾਂਤ ਨਾਲ ਲੈਸ ਨੇ ਤੇ ਇੱਕ ਉਹ ਲੋਕ ਨੇ ਜਿਹੜੇ ਜਥੇਬੰਦ ਹੋ ਕੇ ਲੜ ਰਹੇ ਨੇ, ਸੜਕਾਂ ’ਤੇ ਜੂਝ ਰਹੇ ਨੇ। ਉਹਨਾਂ ’ਚ ਇੱਕ ਚੇਤਨਾ ਆਈ ਹੋਈ ਏ। ਪਰ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਦਾਇਰੇ ਚੋਂ ਬਾਹਰ ਐ। ਉਹ ਜਿਉਂ ਰਿਹੈ। ਉਹ ਆਪਣੀ ਰੋਜ਼ ਦੀ ਜ਼ਿੰਦਗੀ ’ਚ ਦੱਸ ਰਿਹੈ ਕਿ ਅਸੀਂ ਕੀ ਆਂ? ਕਿਰਤੀ ਲੋਕ ਜਦੋਂ ਨਾਹਰੇ ਨਹੀਂ ਵੀ ਲਾਉਂਦੇ। ਜਦੋਂ ਇਨਕਲਾਬ ਜਿੰਦਾਬਾਦ ਨਹੀਂ ਵੀ ਕਹਿੰਦੇ। ਉਦੋਂ ਵੀ ਉਹਨਾਂ ਦੀ ਆਤਮਾ ਕਿਹੋ ਜੀ ਆ? ਉਹਦੀ ਜ਼ਿੰਦਗੀ ਨੂੰ ਚੰਗੀ ਬਣਾਉਣ ਦੀ ਜੂਝਣ ਦੀ ਸਮਰੱਥਾ ਕਿੱਡੀ ਐ? ਉਹ ਔਕੜਾਂ ਨਾਲ ਮੱਥਾ ਲਾਉਣ ਦੀ ਤਾਕਤ ਕਿੱਡੀ ਐ? ਉਹ ਕਿਹੋ ਜਿਹੀਆਂ ਹਾਲਤਾਂ ਦੇ ਵਿੱਚ ਆਪਣਾ, ਜਿਵੇਂ ਕਹਿੰਦੇ ਨੇ, ਕਿ ਲੋਹੇ ਦੇ ਗੱਡੇ ਦੀ ਕਾਠੀ ਵਾਂਗੂੰ ਖੜ੍ਹਨ ਦਾ ਜਿਗਰਾ ਕਰ ਸਕਦੇ ਨੇ ਉਹ ਲੋਕ। ਜਦੋਂ ਉਹ ਲੋਕ ਨਜਰ ਆਉਂਦੇ ਨੇ ਤਾਂ ਲੋਕਾਂ ਦੀ ਸ਼ਕਤੀ ’ਚ ਯਕੀਨ ਤਕੜਾ ਹੁੰਦੈ, ਵਿਸ਼ਵਾਸ਼ ਤਕੜਾ ਹੁੰਦੈ। ਮੈਂ ਜਦੋਂ ਗੁਰਦਿਆਲ ਸਿੰਘ ਦੇ ਨਾਵਲ ਪੜ੍ਹੇ ਤਾਂ ਮੈਨੂੰ ਇਹ ਲੱਗਿਆ ਕਿ ਜੇ ਇਸ ਧਰਤੀ ’ਤੇ ਰੌਣਕੀ ਐ, ਜੇ ਇਸ ਧਰਤੀ ਤੇ ਮੋਦਨ ਐ। ਉਹ ਅੱਜ ਇਨਕਲਾਬ ਨੂੰ ਨਹੀਂ ਜਾਣਦਾ। ਉਹ ਜਥੇਬੰਦੀ ਬਣਾਉਂਣੀ, ਯੂਨੀਅਨ ਬਣਾਉਂਣੀ ਨਹੀ ਜਾਣਦਾ। ਪਰ ਜੇ ਇਸ ਧਰਤੀ ਤੇ ਰੌਣਕੀ ਐ, ਜੋ ਇਸ ਧਰਤੀ ’ਤੇ ਮੋਦਨ ਐ ਤਾਂ ਇਨਕਲਾਬ ਨੂੰ ਆਉਣੋ, ਇਸ ਧਰਤੀ ਦੀ ਕਿਸਮਤ ਬਦਲਣੋ ਕੋਈ ਨਹੀਂ ਰੋਕ ਸਕਦਾ। ਜਨ ਸਾਧਾਰਨ ’ਚ ਯਕੀਨ, ਇਨਕਲਾਬ ਏਸ ਯਕੀਨ ਦੇ ਸਿਰ ’ਤੇ ਲੜੇ ਜਾਂਦੇ ਨੇ। ਨਹੀਂ ਇਹ ਵਿਸ਼ਵਾਸ਼ ਵਿਚਾਲੇ ਟੁੱਟ ਜਾਂਦੇ ਨੇ। ਪੰਜਾਬ ’ਚ ਇਹ ਦੁਖਾਂਤ ਵਾਪਰਿਐ। ਅਸੀਂ ਸਾਹਿਤਕਾਰਾਂ ਨੂੰ ਜਿੰਨ੍ਹਾਂ ਦੀ ਜੀਵਨ ’ਤੇ ਪਕੜ ਪਤਲੀ ਸੀ। ਉਹਨਾਂ ਨੂੰ ਅਸੀਂ ਪਰਖ ਦੇ ਦੌਰਾਂ ’ਚ ਉਲਟ ਕੇ ਡਿੱਗਦੇ ਦੇਖਿਐ। ਲੋਕ ਤਾਂ ਮਾੜੀਆਂ ਗੱਲਾਂ ਦੇ ਧੋਣੇ ਧੋਂਦੇ ਹੁੰਦੇ ਨੇ, ਪਰ ਇਥੇ ਅਸੀਂ ਸਾਹਿਤਕਾਰ ਚੰਗਿਆਈਆਂ ਦੇ ਧੋਣੇ ਧੋਂਦੇ ਦੇਖੇ ਨੇ। ਸਾਡੇ ਸਾਹਿਤਕਾਰਾਂ ਨੂੰ, ਜਿੰਨਾਂ ਨੂੰ ਕਦੇ ਪੰਜਾਬ ਦੀ ਧਰਤੀ ’ਤੇ ਬਲਰਾਜ ਸਾਹਨੀ ਹਲ ਵਾਹੁੰਦਾ ਪ੍ਰੇਰਿਤ ਕਰਦਾ ਸੀ, ਪ੍ਰਭਾਵਿਤ ਕਰਦਾ ਸੀ, ਉਹਦਾ ਆਪਦਾ ਧਰਮ ਹਿੰਦੂ ਸੀ, ਉਹ ਪੰਜਾਬ ਦੇ ਸਾਹਿਤਕਾਰ ਦੇ ਪਿੰਡ, ਜਿੱਥੋਂ ਦਾ ਸੀ ਹਲ ਚਲਾਉਂਦਾ ਸੀ। ਉਸ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਸੀ। ਉਸੇ ਧਰਤੀ ਤੋਂ ਇਹ ਆਵਾਜ਼ਾਂ ਉੱਠੀਆਂ ਇਹ ਭਈਏ ਪੰਜਾਬ ’ਚ ਆ ਰਹੇ ਨੇ। ਇਹ ਪੰਜਾਬ ਦਾ ਸੱਭਿਆਚਾਰ ਤਬਾਹ ਕਰ ਦੇਣਗੇ। ਬੋਲੀ ਖ਼ਰਾਬ ਕਰ ਦੇਣਗੇ। ਇਹ ਤਬਾਹ ਕਰ ਦੇਣਗੇ। ਉਦੋਂ ਵੀ ਇਥੇ ਜਿਉਂਦੀ ਸੰਵੇਦਨਾ ਮੌਜੂਦ ਸੀ। ਅਸੀਂ ਸਾਹਿਤਕਾਰਾਂ ਕੋਲੋਂ, ਇਥੋਂ ਦੇ ਜਿਉਂਦੇ ਸੰਵੇਦਨਸ਼ੀਲ ਸਾਹਿਤਕਾਰਾਂ ਦੀ ਇਹ ਆਵਾਜ਼ ਸੁਣੀ - ਕੋਈ ਖ਼ਤਰਾ ਨੀ ਪੰਜਾਬੀ ਨੂੰ ਯੂ.ਪੀ. ਜਾਂ ਬਿਹਾਰ ਤੋਂ ਆਉਂਦੇ ਮਜ਼ਦੂਰ ਭਰਾਵਾਂ ਤੋਂ। ਉਹ ਧਰਤੀ ’ਤੇ ਉਥੋਂ ਇੱਕ ਨੰਦ ਕਿਸ਼ੋਰ ਨਾਂ ਦਾ ਕਿਰਤੀ ਇਸ ਧਰਤੀ ’ਤੇ ਆਇਆ। ਸੁਰਜੀਤ ਪਾਤਰ ਨੇ ਤੁਲਨਾ ਕੀਤੀ.......
ਊੜਾ ਆੜਾ ਲਿਖ ਰਹੀ,
ਬੇਟੀ ਨੰਦ ਕਿਸ਼ੋਰ ਦੀ
ਔਰ ਏ.ਬੀ.ਸੀ.ਡੀ. ਸਿੱਖਦੇ,
ਪੋਤੇ ਅੱਛਰ ਸਿੰਘ ਦੇ।
ਪੰਜਾਬੀ ਕੱਲੇ ਅੱਛਰ ਸਿੰਘ ਦੀ ਜਾਇਦਾਦ ਨੀ, ਪੰਜਾਬੀ ’ਕੱਲੇ ਅੱਛਰ ਸਿੰਘ ਦੇ ਪੋਤਿਆਂ ਦੀ ਜਾਇਦਾਦ ਨੀ, ਉਹ ਤਾਂ ਅੰਗਰੇਜ਼ੀ ਮਗਰ ਤੁਰੇ ਫਿਰਦੇ ਐ। ਇਹ ਸਮਾਜ ਦੀ ਅਸਲੀਅਤ ਐ ਜਿਹੜੀ ਸਾਹਿਤਕਾਰ ਦੇ ਮਨ ’ਚ ਉੱਤਰੀ ਤੇ ਪ੍ਰਗਟ ਹੋਈ। ਉਹ ਅਸਲੀਅਤ ਸਾਡੇ ਲਈ ਵੱਧ ਮਹੱਤਵਪੂਰਨ ਐ। ਇਹ ਅਸੀ ਗੱਲਾਂ ਕੀਤੀਆਂ 1947 ’ਚ ਕੀ ਹੋਇਆ ਸੀ। ਆਜ਼ਾਦੀ ਆਈ ਸੀ ਜਾਂ ਨਹੀਂ ਆਈ ਸੀ। ਨਿਰਣੇ ਹੁੰਦੇ ਨੇ, ਕੀ ਹੋਇਆ, ਅਸੀਂ ਕਈ ਵਾਰ ਕਹਿਨੇ ਆਂ ਗੋਰੇ ਅੰਗਰੇਜ਼ ਚੱਲੇ ਗਏ ਕਾਲੇ ਆ ਗਏ। ਪ੍ਰਚਾਰ ’ਚ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਪਰ ਹੋਇਆ ਕਿ ਐ? ਦੋ ਰਚਨਾਵਾਂ ਨੇ ਮੇਰੇ ਨਾਲ । ਜਦੋਂ ਅਸੀਂ ਕਾਲਜਾਂ ’ਚ ਪੜ੍ਹਦੇ ਸੀ, ਸਾਡੇ ਮਨਾਂ ’ਤੇ ਪ੍ਰਭਾਵ ਪਾਉਂਦੀਆਂ ਸੀ। ਇਕ ਵਰਿਆਮ ਸੰਧੂ ਦੀ ਕਹਾਣੀ ਸੀ ‘‘ਅੱਖਾਂ ’ਚ ਮਰ ਗਈ ਖੁਸ਼ੀ’’, ਇਕ ਕਾਂਗਰਸੀ ਵਰਕਰ, ਜਦੋਂ ਯੂਨੀਅਨ ਜੈਕ ਲਹਿੰਦਾ ਅੰਗਰੇਜ਼ਾਂ ਦਾ ਝੰਡਾ, ਤੇ ਤਿਰੰਗਾ ਉੱਚਾ ਖੜ੍ਹਾ ਹੁੰਦਾ, ਉਹਦੀਆਂ ਨਜਰਾਂ ’ਚ ਜਿਹੜੀ ਚਮਕ ਆਉਂਦੀ ਐ, ਪਰ ਚਮਕ ਕਿਵੇਂ ਮਰਦੀ ਐ, ਇਹ ਤਸਵੀਰ ਵਰਿਆਮ ਸੰਧੂ ਦੀ ਕਹਾਣੀ ’ਚ ਸੀ, ਤੇ ਦੂਜੀ ਗੱਲ ਮੈ ਦੇਖੀ ‘‘ਤਿਰੰਗਾ ਊਚਾ ਰਹੇ ਹਮਾਰਾ’’ ਅਸੀਂ ਗੀਤ ਸੁਣਦੇ ਆਂ, ਪਰ ਉਸ ਤਿਰੰਗੇ ਬਾਰੇ, ਸਭ ਤੋਂ ਪਿਆਰੀ ਸਤਰ ਦਿਲ ਨੂੰ ਹਿਲਾ ਦੇਣ ਵਾਲੀ ਸਤਰ ਸੁਰਜੀਤ ਪਾਤਰ ਨੇ ਲਿਖੀ। ਜਿਹੜੇ ਅਸੀਂ ਇਕ ਥਾਂ ਤੋਂ ਦੂਜੀ ਥਾਂ ਰੁਜ਼ਗਾਰ ਲਈ ਭਟਕਦੇ ਫਿਰਦੇ ਹਾਂ, ਉਹ ਤਸਵੀਰ ਨੂੰ ਪੇਸ਼ ਕਰਦੇ ਹੋਏ ਲਿਖੀ।
ਕਿੱਥੋਂ ਦਿਆਂ ਪੰਛੀਆਂ ਨੂੰ
ਕਿਥੇ ਚੋਗ ਲੱਭਿਆ
ਧੀਆਂ ਦੇ ਵਸੇਬੇ ਲਈ
ਬਾਪੂ ਦੇਸ਼ ਛੱਡਿਆ।
ਕਿੱਡਾ ਹੈ ਮਹਾਨ ਦੇਸ਼
ਉਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ’ਚ
ਤਿਰੰਗਾ ਗਿਆ ਗੱਡਿਆ
ਝੁੱਲ ਓਏ ਤਿਰੰਗਿਆ
ਤੂੰ ਝੁੱਲ ਸਾਡੀ ਖੈਰ ਏ!
ਇਹ ਰਿਸ਼ਤਾ ਪੰਜਾਬ ਦੇ, ਹਿੰਦੁਸਤਾਨ ਦੇ ਲੋਕਾਂ ਦਾ ਮਾਨਸਿਕ ਰਿਸਤਾ, ਤਿਰੰਗੇ ਨਾਲ ਬਦਲ ਰਿਹਾ ਮਾਨਸਿਕ ਰਿਸ਼ਤਾ ਸਾਹਿਤਕਾਰ ਦੀ ਪਕੜ ’ਚ ਆਇਆ, ਤੇ ਇਹਦਾ ਬਹੁਤ ਵੱਡਾ ਮੁੱਲ ਐ, ਸਾਨੂੰ ਇਹ ਮੁੱਲ ਸਮਝਣਾ, ਸਿੱਖਣਾ ਚਾਹੀਦਾ। ਸਾਹਿਤਕਾਰ ਗੱਲ ਕਿਵੇਂ ਕਰਦਾ, ਕਲਾਕਾਰ ਗੱਲ ਕਿਵੇਂ ਕਰਦਾ, ਰਾਜਨੀਤੀਵਾਨ ਗੱਲ ਕਿਵੇਂ ਕਰਦਾ, ਇੱਕ ਲੋਕਾਂ ਦਾ ਜਿਹੜਾ ਮਾਰਕਸੀ ਲੀਡਰ ਐ, ਉਹ ਗੱਲ ਕਿਵੇਂ ਕਰਦਾ, ਕਿੱਥੇ ਫ਼ਰਕ ਕੀ ਹੈ? ਤੇ ਏਸ ਗੱਲ ਦੀ ਸਾਡੇ ਵੱਲੋਂ ਕੋਸ਼ਿਸ਼ ਐ। ਸ਼ਾਇਦ ਸਾਡੇ ’ਤੇ ਗਿਲੇ ਹੋਣਗੇ। ਇਨਕਲਾਬੀ ਲਹਿਰ ’ਤੇ ਗਿਲਾ ਹੋਣਗੇ। ਸਾਡੇ ਵੀ ਗਿਲੇ ਹੈਗੇ। ਉਹਨਾਂ ਦੀਆਂ ਗੱਲਾਂ ਵੀ ਕਰਾਂਗੇ, ਪਰ ਜਿਹੜੇ ਸਾਹਿਤਕਾਰਾਂ ਦੇ ਗਿਲੇ ਨੇ, ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ, ਉਹਨਾਂ ਗਿਲਿਆਂ ਨੂੰ ਅਸੀਂ ਸਮਝਦੇ ਆਂ। ਸਲਾਮ ਕਾਫ਼ਲਾ ਉਹਨਾਂ ਗਿਲਿਆਂ ਨੂੰ ਦੂਰ ਕਰਨ ਲਈ ਹੋਂਦ ’ਚ ਆਇਐ। ਇਸ ਲਹਿਰ ਦੀ ਜੱਫ਼ੀ ਨੂੰ ਵੱਡੀ ਕਰਨ ਵਾਸਤੇ ਆਇਆ, ਜਿਹੜਾ ਦਿਲ ਲੋਕਾਂ ਦੇ ਦਰਦ ਨਾਲ ਧੜਕਦੈ, ਉਹਨਾਂ ਨੂੰ ਹਿੱਕ ਨਾਲ ਲਾਉਣ ਵਾਸਤੇ ਹੋਂਦ ਵਿੱਚ ਆਇਐ। ਉਹਦੇ ਮਾਣ ਨੂੰ ਉੱਚਾ ਕਰਨ ਵਾਸਤੇ ਹੋਂਦ ਵਿੱਚ ਆਇਐ। ਸਾਹਿਤਕਾਰਾਂ ਦੇ ਆਪੋ-ਆਪਣੇ ਢੰਗ ਨੇ ਆਪੋ-ਆਪਣੇ ਅੰਦਾਜ਼ ਨੇ। ਹਰ ਕੋਈ ਸੱਚੈ। ਕਿਰਤੀ ਵੀ ਸੁੱਚੇ ਨੇ ਦਲਿਤ ਵੀ ਸੱਚੈ, ਕਿਸਾਨ ਵੀ ਸੱਚੈ, ਸਾਹਿਤਕਾਰ ਵੀ ਸੱਚੈ। ਔਰ ਸਾਹਿਤਕਾਰ ਹਰ ਅਲੱਗ-ਅਲੱਗ ਆਪੋ-ਆਪਣੀ ਥਾਂ ’ਤੇ ਸੱਚੇ ਨੇ। ਪਾਸ਼ ਨੇ ਬਹੁਤ ਮਾਣਵੇਂ ਢੰਗ ਨਾਲ ਗੱਲ ਕਰੀ ਸੀਗੀ। ਔਰ ਉਸਨੇ ਇਹ ਵੀ ਦੱਸਿਆ ਸੀ ਕਿ ਸਾਡੀ ਸਾਂਝ ਕਿੱਡੀ ਐ ਤੇ ਸਾਡੇ ਅੰਦਾਜ਼ ਕਿਵੇਂ ਵੱਖਰੇ ਨੇ। ਉਹਨੇ ਪਾਤਰ ਬਾਰੇ ਗੱਲ ਕਰਦੇ ਹੋਏ ਕਿਹਾ-
ਤੈਂ ਉਸ ਚਿੜੀਆਂ ਦੇ ਜਖਮ ਪਲੋਸੇ
ਮੈਂ ਪਾਈ ਥਾਹ ਬਾਜਾਂ ਦੀ
ਮੈਂ ਗਾਲਾਂ ਦੀ ਡਿਗਰੀ ਕੀਤੀ
ਤੇ ਉਸ ਕੀਤੀ ਰਾਗਾਂ ਦੀ।
ਇਹ ਤਾਂ ਸਾਡੇ ਅੰਦਾਜ਼ ਦਾ ਵਖਰੇਵਾਂ। ਸਾਡੇ ਗੱਲ ਨੂੰ ਪੇਸ਼ ਦਰਨ ਦਾ ਵਖਰੇਵਾਂ। ਪਰ ਇਸ ਨਿਜ਼ਾਮ ਨੇ ਕੀਤੀ ਕੀ? ਵੁਹ ਕਹਿੰਦਾ ਰੁਲਦੇ-ਰੁਲਦੇ ਰੁਲ ਗਏ ਦੋਹੇਂ, ਮੈਂ ਤੇ ਪਾਤਰ ਸਕੇ ਭਰਾ। ਜੇ ਪਾਸ਼ ਕਹਿੰਦਾ ਮੈਂ ਤੇ ਪਾਤਰ ਸਕੇ ਭਰਾ। ਪਾਸ਼ ਤਾਂ ਸ਼ਹੀਦ ਹੋ ਚੁੱਕਿਆ। ਉਹ ਤਾਂ ਗੱਲ ਹੀ ਅੱਗੇ ਚਲੀ ਗਈ। ਅਸੀਂ ਨਾ ਪਾਸ਼ ਨੂੰ ਰੁਲਣ ਦਿਆਂਗੇ, ਨਾ ਪਾਤਰ ਨੂੰ ਰੁਲਣ ਦਿਆਂਗੇ। ਇਹ ਧਰਤੀ ਆਪਣੇ ਸਰਮਾਏ ਨੁੰ ਸਾਂਭ ਕੇ ਰੱਖੂਗੀ। ਔਰ ਅੱਜ ਮੈਂ ਟਾਈਮ ਦੇ ਲਿਹਾਜ਼ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬੀ, ਪੰਜਾਬ ਦੀ, ਮੁਲਕ ਦੀ ਅੱਜ ਹਾਲਤ ਕਿੱਥੇ ਜਾ ਪਹੁੰਚੀ। ਗੁਰਦਿਆਲ ਸਿੰਘ ਨੇ ਜੋ ਤਸਵੀਰ ਖਿੱਚੀ ਐ ਸਾਡੇ ਜੀਵਨ ਦੀ ਉਹਦਾ ਮੁੱਲ ਵਧਦਾ ਜਾ ਰਿਹੈ। ਬਹੁਤ ਵਧਦਾ ਜਾ ਰਿਹੈ। ਜੋ ਗੱਲ ’ਮੜ੍ਹੀ ਦਾ ਦੀਵਾ’ ’ਚ ਆਈ ਤੇ ਜੋ ਗੱਲ ’ਅੰਨ੍ਹੇ ਘੋੜੇ ਦਾ ਦਾਨ’ ’ਚ ਆਈ, ਉਹ ਤਸਵੀਰ ਹੋਰ ਵੀ ਭਿਆਨਕ ਹੋ ਕੇ ਸਾਡੇ ਸਾਹਮਣੇ ਆ ਰਹੀ ਆ। ’ਅੰਨੇ ਘੋੜੇ ਦਾ ਦਾਨ’ ’ਚ ਕੀ ਵਾਪਰਦੈ? ਇੱਕ ਪਾਤਰ ਐ, ਉਹ ਪਿੰਡ ਤੋਂ ਸ਼ਹਿਰ ਜਾਂਦੈ ਮੇਲੂ। ਸ਼ਹਿਰ ਉਹਨੂੰ ਝੱਲਦਾ ਨੀ। ਇਸ ਧਰਤੀ ਦਾ ਜਿਹੜਾ ਪੂੰਜੀਵਾਦ ਆ, ਕਮਜ਼ੋਰ ਜਾ, ਹਾਰਿਆ, ਟੁੱਟਿਆ ਜਾ, ਮਸੀਂ ਮਸੀਂ ਤੁਰਦਾ ਪੂੰਜੀਵਾਦ, ਉਹਨੂੰ ਕਲਾਵੇ ’ਚ ਨੀ ਲੈ ਸਕਦਾ। ਉਹਨੂੰ ਕੋਈ ਰੁਜ਼ਗਾਰ ਨੀ ਦੇ ਸਕਦਾ। ਉਹ ਸ਼ਹਿਰ ਤੋਂ ਘਰ ਨੂੰ ਪਰਤ ਰਿਹੈ। ਮੇਲੂ ਕੋਲ ਕੋਈ ਸ਼ਹਿਰ ’ਚ ਥਾਂ ਹੈਨੀਂ। ਉਹਦੇ ਪਿੰਡ ’ਚ ਤਾਂਡਵ ਵਰਤ ਰਿਹਾ ਐ। ਉਹਦੇ ਪਿੰਡ ’ਚ, ਪਰਿਵਾਰ ’ਚ, ਚਰਚਾ ਹੋ ਰਹੀ ਆ। ਸਾਡੇ ਜਿਉਣ ਵਾਸਤੇ ਇਥੇ ਕੀ ਆ, ਆਪਾਂ ਸ਼ਹਿਰ ਨੂੰ ਚੱਲੀਏ। ਉਹ ਕਹਿੰਦੇ ਨੇ ਸਾਡੇ ਕੋਲ ਪਿੰਡ ’ਚ ਕੁਝ ਨੀ, ਬੇਸਹਾਰਾ ਨੇ ਉਹ, ਤੇ ਉਧਰੋਂ ਮੇਲੂ ਕੋਲ ਸ਼ਹਿਰ ’ਚ ਕੁਝ ਨੀ, ਉਹ ਪਿੰਡ ਨੂੰ ਪਰਤ ਰਿਹੈ। ਉਦੋਂ ਖੇਤ ਕੱਟੀ ਚਰਨ ਜਾਂਦੀ ਆ ਇੱਕ ਦਲਿਤ ਪਰਿਵਾਰ ਦੀ, ਉਹ ਕੱਟੀ ਜਖ਼ਮੀ ਹੁੰਦੀ ਆ, ਉਸ ਪਰਿਵਾਰ ਦਾ ਬੱਚਾ ਜਖ਼ਮੀ ਹੁੰਦੈ। ਇਹਨਾਂ ਸਥਿਤੀਆਂ ’ਚ ਉਹ ਨਾਵਲ ਦਾ ਅੰਤ ਹੁੰਦੈ। ਇਹ ਉਹ ਤਸਵੀਰ ਐ। ਜੀਹਦਾ ਰੋਜ਼ ਹਿੰਦੁਸਤਾਨ ’ਚ ਸਾਹਮਣਾ ਹੋ ਰਿਹੈ। ਅਸੀਂ ਵੇਖਿਐ ਬਠਿੰਡੇ ਦੀ ਕਤਾਈ ਮਿੱਲ। ਟਰਾਈਡੈਂਟ ਵਾਲਿਆਂ ਨੇ ਉਹ ਕਤਾਈ ਮਿੱਲ ਲਾਈ। ਫੈਕਟਰੀਆਂ ਨੀ ਸੀ ਚਲਾਉਣੀਆਂ। ਪੂੰਜੀਵਾਦ ਕੁਛ ਨੀ ਸੀਗਾ। ਉਹਨਾਂ ਨੇ ਕਬਜ਼ੇ ਲਏ, ਹੜੱਪੇ ਤੇ ਹਜ਼ਮ ਕੀਤੇ ਤੇ ਸੈਂਕੜੇ ਹਜ਼ਾਰਾਂ ਮਜ਼ਦੂਰਾਂ ਨੂੰ ਸੜਕਾਂ ’ਤੇ ਸੁੱਟਿਆ। ਉਹ ਜਾਂਦੇ ਨੇ, ਉਹ ਮਜ਼ਦੂਰ ਇਧਰ ਖਿੰਡ ਗਏ ਓਧਰ ਖਿੰਡ ਗਏ। ਮੁੜ ਕੇ ਪਿੰਡਾਂ ’ਚ ੳਸੇ ਜਗੀਰੂ ਕਿਸਮ ਦੇ ਦਾਬੇ ਦੀ। ਜਿੱਥੇ ਗਾਲ੍ਹਾਂ ਪੈਂਦੀਆਂ ਨੇ, ਡਾਂਗ ਚੱਲਦੀ ਆ। ਜਿੱਥੇ ਜ਼ਮਹੂਰੀਅਤ ਨੀ ਯੂਨੀਅਨ ਬਣਾਉਣ ਦੀ। ਪੂੰਜੀਵਾਦ ’ਚ ਹੱਕ ਹੁੰਦੇ ਨੇ। ਜਿੱਥੇ ਯੂਨੀਅਨ ਬਣਾ ਲੋ, ਤਾਂ ਹੱਕ ਨੀ, ੳਥੇ ਡਾਂਗ ਪੈਂਦੀ ਆ। ਜਿੱਥੇ ਧੌਂਸ ਨਾਲ ਦਬਾਇਆ ਜਾਂਦਾ। ਉਸ ਜ਼ਿੰਦਗੀ ’ਚ, ਉਹ ਜਿਹੜੇ ਪਾਤਰ ਨੇ, ਉਹ ਵਾਪਸ ਮੁੜਨ ਲਈ ਮਜ਼ਬੂਰ ਹੁੰਦੇ ਨੇ, ਸੋ ਇਹ ਜਿਹੜੀ ਸਾਡੀ ਹਾਲਤ ਐ, ਕਿਸੇ ਅਰਥ ਸ਼ਾਸ਼ਤਰੀ ਨੇ ਟਿੱਪਣੀ ਕੀਤੀ। ਉਹ ਕਹਿੰਦਾ... ਬੰਬੇ ਜੋ ਹੜਤਾਲਾਂ ਹੋਈਆਂ, ਫੈਕਟਰੀਆਂ ਖ਼ਾਲੀ ਹੋ ਗਈਆਂ, ਮਜ਼ਦੂਰ ਪਿੰਡਾਂ ਨੂੰ ਪਰਤ ਗਏ। ਇਥੇ ਵੀ ਸਾਡੀ ਸ਼ਰਨ ਓਥੇ ਹੀ ਹੈ। ਉਹ ਭਾਵੇਂ ਸੂਦਖ਼ੋਰ ਐ। ਕਾਲ ਪੈ ਜਾਂਦੈ। ਉਹਨੇ ਅਨਾਜ ਉਧਾਰ ਲੈ ਕੇ ਖਾਣੈ। ਉਹ ਬੰਧੂਆ ਗੁਲਾਮੀ ਵਾਸਤੇ ਮਜ਼ਬੂਰ ਹੋ ਜਾਂਦੈ। ਹੋਰ ਕੀ ਵਾਪਰਦੈ? ਇਹ ਨੋਟਬੰਦੀ ਆਈ। ਤੁਸੀਂ ਦੇਖੋ ਇਹ ਪੂੰਜੀਵਾਦ ਦੇ ਕੀ ਰੰਗ ਨੇ। ਨੋਟਬੰਦੀ ਆਈ। ਪਿੰਡਾਂ ’ਚ ਨੋਟ ਹੈਨੀਂ। ਉਹ ਅਨਾਜ ਲੈ ਰਹੇ ਨੇ। ਕਰਜੇ ’ਤੇ ਲੈ ਰਹੇ ਨੇ। ਉਹ ਕਹਿੰਦੇ ਨੇ ਦਿਹਾੜੀਆਂ ਫਰੀ ਲਾਉਣੀਆਂ ਹੋਣਗੀਆਂ ਖੇਤਾਂ ’ਚ। ਇਹ ਐ ਜੋ ਮਜ਼ਦੂਰਾਂ ਨਾਲ ਵਾਪਰ ਰਿਹੈ। ਇਹ ਉਹ ਸਥਿਤੀ ਆ ਜਿਹਦਾ ਜ਼ਿਕਰ ਅੰਨੇ ਘੋੜੇ ਦਾ ਦਾਨ ’ਚ ਆਉਂਦਾ ਆ। ਅਰਥ ਸ਼ਾਸ਼ਤਰੀਆਂ ਨੇ ਕਿਹਾ ਕਿ ਜਦੋਂ ਪਿੰਡ ਜਾਂਦਾ ਮਜ਼ਦੂਰ --- ਬੜੀ ਸੋਹਣੀ ਟਿੱਪਣੀ ਆ ਇੱਕ। ਕਹਿੰਦੇ -- ਦਿਲਚਸਪ ਗੱਲ ਐ -- ਸੁਣਨ ਵਾਲੀ ਐ। ਕਹਿੰਦੇ ਜਦੋਂ ਪਿੰਡ ਚਲਿਆ ਜਾਂਦਾ ਨਾ ਮਜ਼ਦੂਰ। ਕਮ ਸੇ ਕਮ ਉਹਦੀ ਮੜ੍ਹੀ ’ਤੇ ਦੀਵਾ ਜਗ ਪੈਂਦਾ। ਸ਼ਹਿਰ ’ਚ ਤਾਂ ਉਹਦੀ ਇਹ ਪਛਾਣ ਵੀ ਹੈਨੀਂ। ਔਰ ਉਥੋਂ ਮੜ੍ਹੀ ਦੇ ਦੀਵੇ ਦਾ ਮਹੱਤਵ ਯਾਦ ਆਇਆ। ਤੇ ਉਹ ਅਰਥ ਸਮਝ ਆਏ ਜਿੰਨ੍ਹਾਂ ਅਰਥਾਂ ਨੂੰ ਸ਼ਾਇਦ ਸਭਨਾਂ ਪੰਜਾਬੀ ਅਲੋਚਕਾ ਨੇ ਉਸ ਢੰਗ ਨਾਲ ਨਹੀਂ ਸਮਝਿਆ ਕਿ ਪਿੰਡ ਦੇ ਸਮਾਜ ’ਚ ਇਹ ਜਗੀਰੂ ਸਮਾਜ ਦੀ ਤਾਕਤ ਐ, ਉਹਨੂੰ ਧੱਕਾ ਨੀ ਵੱਜਿਆ ਅਜੇ ਵੀ। ਜਗਸੀਰ ਨੂੰ ਜੇ ਪੂੰਜੀਵਾਦ ਬਚਾ ਸਕਦਾ ਹੁੰਦਾ, ਉਹ ਮਰਦਾ ਨੀ ਸੀ। ਇਸ ਕਰਕੇ ਅੱਜ ਅਸੀਂ ਜੋ ਗੁਰਦਿਆਲ ਸਿੰਘ ਦੇ ਨਾਵਲਾਂ ਤੋਂ ਤਸਵੀਰ ਝਲਕਦੀ ਐ, ਉਸ ਤੋਂ ਪ੍ਰਰੇਣਾ ਲੈਣ ਦੇ ਰਸਤੇ ’ਤੇ ਤੁਰੀਏ। ਏਥੇ ਨਾਟਕ ਪੇਸ਼ ਹੋਊਗਾ ਥੋਡੇ ਸਾਹਮਣੇ ਥੋੜ੍ਹੀ ਦੇਰ ਬਾਅਦ ਉਸ ਨਾਟਕ ’ਚ ਵੀ ਇਹ ਗੱਲ ਆਉਂਦੀ ਐ। ਮੜ੍ਹੀ ਦਾ ਦੀਵਾ ’ਚ ਇਹ ਗੱਲ ਆਉਂਦੀ ਐ ਕਿ ਜਿਹੜੀ ਇਹ ਧਰਤੀ ਦੇ ਸਕਤੇ ਲੋਕ ਨੇ ਉਹ ਆਪਦਾ ਲੇਖਾ ਦੇਣ ਵਾਸਤੇ ਤਿਆਰ ਨਹੀਂ। ਉਹਨਾਂ ਨੇ ਬਹੁਤ ਗੁਨਾਹ ਕੀਤੇ ਨੇ। ਧਰਤੀ ਦੇ ਲੋਕਾਂ ਨੇ ਬਹੁਤ ਤਾੜਿਆ। ਪਰ ਰੌਣਕੀ ਮੜ੍ਹੀ ਦਾ ਦੀਵਾ ’ਚ ਸਵਾਲ ਕਰਦੈ ਕਿ ਏਥੇ ਚੱਲਦੀਆਂ ਨੇ ਗੱਲਾਂ ਕਿ ਉੱਪਰ ਜਾ ਕੇ ਰੱਬ ਕੋਲ਼ ਲੇਖਾ ਦੇਣਾ। ਇਹ ਸਾਥੋਂ ਲੇਖਾ ਲੈਣਗੇ ਈ? ਕੋਈ ਆਪਦਾ ਲੇਖਾ ਵੀ ਦੇਣਗੇ। ਉਪਰਲੇ ਵੀ ਲੇਖਾ ਦੇਣਗੇ ਧਰਤੀ ’ਤੇ ਜਿਹੜਾ ਕਹਿਰ ਵਾਪਰ ਰਿਹੈ। ਉਹ ਕਹਿੰਦਾ, ਜਦੋਂ ਇਥੋਂ ਵਾਲੇ ਲੇਖਾ ਨੀ ਦਿੰਦੇ, ਤਾਂ ਲੇਖਾ ਕਿਸੇ ਨੇ ਉਪਰ ਵੀ ਨੀਂ ਦੇਣਾ। ਇਹ ਵਿਸ਼ਵਾਸ਼ ਟੁੱਟ ਰਿਹੈ। ਰੌਣਕੀ ਦਾ ਵੀ ਵਿਸ਼ਵਾਸ਼ ਟੁੱਟ ਰਿਹੈ। ਤੇ ਉਹ ਏਸ ਕਰਕੇ ਸਾਡੇ ਵਾਸਤੇ ਕੀਮਤੀ ਐ ਰੌਣਕੀ, ਕਿ ਇਹ ਸਿਸਟਮ ਤੋਂ ਅੱਕੇ ਲੋਕ, ਸਤੇ ਲੋਕ ਸੰਤਾਂ ਬਾਬਿਆਂ ਮਗਰ, ਰੱਬ ਦੀ ਸ਼ਰਨ ਵੱਲ ਨੂੰ ਤੁਰੇ ਜਾਂਦੇ ਨੇ। ਤੇ ਉਦੋਂ ਸਾਨੂੰ ਲੱਗਦੈ ਕਿ ਸ਼ਾਇਦ ਉਹ ਇਨਕਲਾਬ ਦੀ ਬੁੱਕਲ ’ਚ ਨੀ ਆਉਣਗੇ, ਪਰ ਜਦ ਅਸੀਂ ਵੇਖਦੇ ਆਂ ਰੌਣਕੀ ਨੂੰ ਵੇਖਦੇ ਆਂ, ਜੀਹਦਾ ਨਾ ਧਰਤੀ ਦੇ ਮਾਲਕਾਂ ਬਾਰੇ ਭੁਲੇਖਾ। ਨਾ ਉਪਰ ਧਰਤੀ ਦੇ ਮਾਲਕਾਂ ਵੱਲ ਵੇਖ ਕੇ, ਉਪਰ ਵੱਲ ਨੂੰ ਜਿਹੜਾ ਵਿਸ਼ਵਾਸ਼ ਜਾਂਦੈ। ਉਹ ਰੌਣਕੀ ਰਾਹੀਂ ਦੀਹਦਾ ਸਾਥੀਓ। ਜੇ ਇਨਕਲਾਬ ਦਾ ਸੁਨੇਹਾ ਉਹਦੇ ਤੱਕ ਚੰਗੀ ਤਰ੍ਹਾਂ ਪਹੁੰਚੂਗਾ। ਜੇ ਉਹਨੂੰ ਠੀਕ ਢੰਗ ਨਾਲ ਜਥੇਬੰਦ ਕੀਤਾ ਜਾਊਗਾ। ਰੌਣਕੀ ਕਿਤੇ ਨੀਂ ਜਾਂਦਾ। ਉਹ ਸਾਡੀ ਉਮੀਦ ਆ, ਉਹ ਸਾਡੀ ਇਹ ਆਸ ਦਾ ਦੀਵਾ ਐ, ਜਿਹੜਾ ਗੁਰਦਿਆਲ ਸਿੰਘ ਦੇ ਨਾਵਲਾਂ ’ਚ ਜਗ ਰਿਹੈ। ਤੇ ਉਸ ਆਸ ਦੇ ਦੀਵੇ ਤੋਂ ਸਾਨੂੰ ਪ੍ਰਰੇਣਾ ਲੈ ਕੇ ਚੱਲਣ ਦੀ ਲੋੜ ਐ। ਉਹਦੇ ਨਾਟਕ ’ਚ ਵੀ ਤੁਸੀਂ ਦੇਖੋਗੇ। ਇੱਕ ਛੋਟਾ ਕਿਸਾਨ ਦਰੜਿਆ ਜਾਂਦੈ। ਕਿਉਂ ਦਰੜਿਆ ਜਾਂਦੈ? ਉਹ ਸਿਸਟਮ ਨਾਲ ਕੱਲਿਆਂ ਈ ਟਕਰਾਉਂਦਾ। ਕੱਲਿਆਂ ਟਕਰਾ ਕੇ ਜੋ ਹਸ਼ਰ ਹੁੰਦੈ, ਉਹ ਹਸ਼ਰ ਵੀ ਇਹਦੇ ’ਚ ਸਾਹਮਣੇ ਆਉਂਦੈ। ਉਹ ਪੂਰੀ ਬਿਗਦੳ ਨਾਲ ਜੂਝਦੈ। ਤੇ ਲਗਦੈ ਕਿ ਉਹ ਰੱਬ ਦੇ ਏਜੰਟ ਜਦੋਂ ਏਸ ਧਰਤੀ ’ਤੇ ਆਉਂਦੇ ਆ ਤਾਂ ਅਸੀਂ ਕਹਿਨੇ ਹਾਂ ਅਸੀਂ ਲੇਖਾ ਦੇਣਾ, ਅਸੀਂ ਰੱਬ ਦੀ ਦਰਗਾਹ ’ਚ ਸ੍ਹਾਬ ਕਿਤਾਬ ਦੇਣਾ। ਪਰ ਉਹ ਰੱਬ ਦੇ ਏਜੰਟ ਤੁਸੀਂ ਨਾਟਕ ’ਚ ਦੇਖੋਗੇ ਧਰਤੀ ’ਤੇ ਆਉਣਗੇ, ਜਦੋਂ ਮੋਦਨ ਮਰ ਰਿਹੈ ਤੇ ਉਹ ਧਰਤੀ ਤੇ ਆ ਕੇ ਬੌਂਦਲ ਜਾਵੇਗਾ। ਕਿ ਐਡਾ ਵੱਡਾ ਸੰਤਾਪ ਜਿਹੜਾ ਧਰਤੀ ਝੱਲ ਰਹੀ ਆ, ਉਸ ਦੰਡ ਦਾ ਲੇਖਾ ਉਪਰ ਕੌਣ ਦਿਊਗਾ, ਲੈ ਕੇ ਕੌਣ ਦਿਊਗਾ? ਉਦੋਂ ਬੇੜੀ ਮਾਰ ਪਈ ਕੁਰਲਾੲੈ, ਤੋ ਕੀ ਦਰਦ ਨਾ ਆਇਆ ਦੀ ਆਵਾਜ਼ ਉੱਠਦੀ ਐ, ਜਿਹੜੀ ਗੁਰੂ ਨਾਨਕ ਨੇ ਉੱਚੀ ਕੀਤੀ ਸੀ, ਉਸ ਆਵਾਜ਼ ਨੂੰ ਗੁਰਦਿਆਲ ਸਿੰਘ ਨੇ, ਅਜਮੇਰ ਔਲਖ ਨੇ ਸਾਂਭਿਐ। ਕਿ ਜਿਹੜੀ ਧਰਤੀ ’ਤੇ ‘ਏਤੀ ਮਾਰ ਪਈ ਕੁਰਲਾਣੈ’ ਦੀ ਆਵਾਜ਼ ਉੱਠ ਪੈਂਦੀ ਐ, ਧੁਨੀ ਉੱਠ ਪੈਂਦੀ ਐ, ਉਹਨਾਂ ਧਰਤੀ ਦੇਰ ਸਵੇਰ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਨੂੰ ਵੀ ਦਿਲ ’ਚ ਵਸਾ ਲੈਂਦੀ ਐ। ਤੇ ਜ਼ਿੰਦਗੀ ਨੂੰ ਚੰਗੇ ਭਵਿੱਖ ਵੱਲ ਲੈ ਜਾਂਦੀ ਐ। ਆਪਾਂ ਅੱਜ ਦਾ ਇਹ ਜਸ਼ਨ ਅੱਜ ਦਾ ਜਨਮ ਦਿਨ, ਗੁਰਦਿਆਲ ਸਿੰਘ ਦੀ ਉਸ ਮਹਾਨਤਾ ਨੂੰ, ਉਹਦੇ ਮਹੱਤਵ ਨੂੰ ਤੇ ਪੰਜਾਬੀ ਸਾਹਿਤਕਾਰ ਦੀ ਮਹਾਨਤਾ ਨੂੰ ਪਛਾਣਨ ਦਾ ਦਿਨ ਐ। ਅਸੀਂ ਇਹਨੂੰ ਪਛਾਣ ਕੇ ਅੱਗੇ ਤਰਾਂਗੇ। ਅਸੀਂ ਕਲਾਕਾਰਾਂ ਦੀ, ਸਾਹਿਤਕਾਰਾਂ ਦੀ ਤੇ ਮੈਦਾਨ ’ਚ ਜੂਝਣ ਵਾਲੇ ਸੰਗਰਾਮੀ ਲੋਕਾਂ ਦੀ ਏਸ ਜੋਟੀ ਨੂੰ ਹੋਰ ਗੂੜ੍ਹੀ ਕਰਾਂਗੇ। ਸੂਹੇ ਸੁਰਖ ਵੱਲ ਅੱਗੇ ਵਧਾਂਗੇ। ਜੈ ਜਨਤਾ, ਜੈ ਸੰਘਰਸ਼, ਜੈ ਕਲਾ, ਜੈ ਕਿਰਤ।
No comments:
Post a Comment