ਆਦਿਵਾਸੀ ਭਾਰਤ ਵਿਚ
ਆਰ.ਐਸ.ਐਸ. ਅਤੇ ਕਾਰਪੋਰੇਟਾਂ ਦੀ ਗੰਢ-ਤੁੱਪ
- ਅਰਚਨਾ ਪ੍ਰਸਾਦ
ਆਰ ਐਸ ਐਸ ਅਤੇ ਵੱਡੀ ਪੂੰਜੀ ਵਿਚਕਾਰਲੀ ਗੰਢ-ਤੁੱਪ ਚਿਰੋਕਣੀ ਹੈ। 2002 ’ਚ ਪ੍ਰਕਾਸ਼ਤ ਹੋਈ ਰਿਪੋਰਟ ‘ਨਫਰਤ ਦੀ ਬਿਜਾਂਦ, ਫੰਡਾਂ ਦੀ ਸਿੰਜਾਈ’ ਵਿੱਚ ਆਰ. ਐਸ. ਐਸ., ਇਸ ਨਾਲ ਸਬੰਧਤ ਜਥੇਬੰਦੀਆਂ ਤੇ ਵਿਦੇਸ਼ੀ ਫੰਡ ਸਪਲਾਈ ਵਿਚਕਾਰ ਰਿਸ਼ਤੇ ਨੂੰ ਸਪਸ਼ਟ ਰੂਪ ਵਿਚ ਦਰਸਾਇਆ ਗਿਆ ਹੈ। ਇੰਡੀਆ ਡਿਵੈਲਪਮੈਂਟ ਅਂੈਡ ਰਿਲੀਫ ਫੰਡ (ਵਿਕਾਸ ਅਤੇ ਰਾਹਤ ਫੰਡ-ਭਾਰਤ) ਅਤੇ ਸੇਵਾ ਭਾਰਤੀ ਇੰਟਰਨੈਸ਼ਨਲ ਅਜਿਹੇ ਦੋ ਮੁੱਖ ਮਾਧਿਅਮ ਹਨ, ਜਿਨ੍ਹਾਂ ਰਾਹੀਂ ਵਨਵਾਸੀ ਕਲਿਆਣ ਆਸ਼ਰਮ ਅਤੇ ਏਕਲ ਵਿਦਿਆਲਿਆ ਇਨ੍ਹਾਂ ਫੰਡਾਂ ਨੂੰ ਪ੍ਰਾਪਤ ਕਰਦੇ ਹਨ। ਅਸਲ ’ਚ ਜਸ਼ਪੁਰ ’ਚ ਸਥਿਤ ਅਖਿਲ ਭਾਰਤੀ ਵਨਵਾਸੀ ਕਲਿਆਣ ਆਸ਼ਰਮ ਦੇ ਫੇਸਬੁੱਕ ਪੰਨੇ ਦੇ ਕਹਿਣ ਅਨੁਸਾਰ ਇਸ ਨੂੰ ਸਾਰੇ ਚੈੱਕ ਅਤੇ ਦਾਨ ਰਾਸ਼ੀਆਂ ਸੇਵਾ ਭਾਰਤੀ ਜਾਂ ਸੇਵਾ ਭਾਰਤੀ ਇੰਟਰਨੈਸ਼ਨਲ ਦੇ ਰਾਹੀਂ ਭੇਜੀਆਂ ਜਾਣ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਜਥੇਬੰਦੀਆਂ ਦੇ ਵੈਬਸਾਈਟ ਫੰਡ ਸਪਲਾਈ ਦੇ ਆਪਣੇ ਸਰੋਤਾਂ ਬਾਰੇ ਚੁੱਪ ਹਨ। ਨਾ ਇਹਨਾਂ ਵੈਬਸਾਈਟਾਂ ’ਤੇ ਇਹਨਾਂ ਜਥੇਬੰਦੀਆਂ ਵੱਲੋਂ ਮਨਜ਼ੂਰ ਕੀਤੇ ਪਿਛਲੇ ਤਿੰਨ ਸਾਲਾਂ ਦੇ ਤੇ ਨਾ ਹੀ ਉਸ ਤੋਂ ਪਹਿਲਾਂ ਦੇ ਪ੍ਰੋਜੈਕਟਾਂ ਬਾਰੇ ਕੋਈ ਜਾਣਕਾਰੀ ਹੈ। ਪਿਛਲੇ ਤਿੰਨ ਸਾਲਾਂ ’ਚ ਜਾਂ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਮਨਜੂਰ ਕੀਤੇ ਪ੍ਰੋਜੈਕਟਾਂ ’ਤੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ। ਤਾਂ ਵੀ ਉਹਨਾਂ ਦੇ ਅਮਰੀਕੀ ਭਾਈਵਾਲ - ਵਿਕਾਸ ਅਤੇ ਰਾਹਤ ਫੰਡ ਭਾਰਤ - ਵੱਲੋਂ ਮੁਹੱਈਆ ਕੀਤੇ ਅੰਕੜੇ ਇਸ ਗੱਲ ਦੀ ਕੁਝ ਥਹੁ ਦਿੰਦੇ ਹਨ ਕਿ ਵਨਵਾਸੀ ਕਲਿਆਣ ਆਸ਼ਰਮ ਨੂੰ ਕਿਸ ਪੱਧਰ ’ਤੇ ਫੰਡ ਭੇਜੇ ਜਾਂਦੇ ਹਨ। ਉਦਾਹਰਣ ਵਜੋਂ ਆਈ. ਡੀ.ਆਰ.ਐਫ ਨੇ ਆਦਿਵਾਸੀ ਵਿਦਿਆਰਥੀਆਂ ਦੀ ਵਿਦਿਆ, ਹੋਸਟਲਾਂ ਅਤੇ ਵਜੀਫਿਆਂ ਲਈ, ਜਿਆਦਾਤਰ ਵਨਵਾਸੀ ਕਲਿਆਣ ਆਸ਼ਰਮਾਂ ਰਾਹੀਂ, 3.56 ਕਰੋੜ ਰੁ. ਭੇਜੇ। ਇਸ ਵਿਚੋਂ ਲਗਭਗ 3.16 ਕਰੋੜ ਮੋਦੀ ਸਰਕਾਰ ਦੇ ਆਉਣ ਮਗਰੋਂ ਮਨਜੂਰ ਕੀਤੇ ਗਏ ਹਨ।
ਅਜਿਹੀ ਜਾਣਕਾਰੀ ਕਾਰਪੋਰੇਟਾਂ ਦੀ ਸਮਾਜਕ ਜੁੰਮੇਵਾਰੀ ਸਬੰਧੀ ਕਈ ਸਾਰੀਆਂ ਵੈਬਸਾਈਟਾਂ ਨੂੰ ਗਹੁ ਨਾਲ ਦੇਖਣ- ਪਰਖਣ ਤੋਂ ਵੀ ਪ੍ਰਾਪਤ ਹੋ ਜਾਂਦੀ ਹੈ। ਉਦਾਹਰਣ ਵਜੋਂ ਡਾਂਗਜ਼ (ਗੁਜਰਾਤ) ਵਿਚ ਡਾ.ਅੰਬੇਦਕਰ ਵਨਵਾਸੀ ਕਲਿਆਣ ਟਰੱਸਟ ਦਾ ਪ੍ਰਧਾਨ, ਤੁਲਸੀ ਭਾਈ ਮਵਾਨੀ ਇੱਕ ਪੂੰਜੀਪਤੀ ਹੈ,ਜਿਹੜਾ ਵੱਡੀਆਂ ਨਿਵੇਸ਼ਕ ਕੰਪਨੀਆਂ ਦਾ ਮਾਲਕ ਹੈ। ਜੀ ਨਿਉੂਜ਼ ਅਤੇ ਐਸ ਐਲ ਗਰੁੱਪ ਦੀਆਂ ਕੰਪਨੀਆਂ ਦਾ ਮਾਲਕ ਸੁਭਾਸ਼ ਚੰਦਰਾ ਏਕਲ ਵਿਦਿਆਲਿਆ ਗਲੋਬਲ ਦਾ ਮੁਖੀ ਹੈ। ਗੁਜਰਾਤੀ ਵਪਾਰੀ, ਰਮੇਸ਼ ਮਹਿਤਾ ਰਾਸ਼ਟਰੀ ਸੇਵਾ ਭਾਰਤੀ ਟਰੱਸਟ ਦਾ ਮੁਖੀ ਹੈ, ਜਿਸ ਦੀ ਕਬਾਇਲੀਆਂ ਅਤੇ ਦਲਿਤਾਂ ਦੇ ਲਗਭਗ 70000 ਪ੍ਰੋਜੈਕਟਾਂ ’ਚ ਪੂੰਜੀ ਲੱਗੀ ਹੋਈ ਹੈ। ਵਨਵਾਸੀ ਕਲਿਆਣ ਵਿਦਿਆਲਿਆਂ ਨੂੰ ‘ਕਬਾਇਲੀਆਂ ਦੀ ਦੋਸਤ’ ਨਾਂਅ ਦੀ ਸੁਸਾਇਟੀ ਰਾਹੀਂ ਵੀ ਫੰਡ ਪ੍ਰਾਪਤ ਹੁੰਦੇ ਹਨ, ਜਿਹੜੀ ਕਿ ਆਰ. ਐਸ. ਐਸ. ਦੀ ਇਕ ਹੋਰ ਫਰੰਟ ਜਥੇਬੰਦੀ ਹੈ, ਜਿਸ ਦੇ ਟਰੱਸਟੀਆਂ ਵਿਚ ਵੱਖ ਵੱਖ ਕਾਰਪੋਰੇਟ ਸ਼ਾਮਲ ਹਨ। ਏਕਲ ਵਿਦਿਆਲੇ ਆਪਣੀ ਕੁਝ ਬੁਨਿਆਦੀ ਫੰਡ ਰਾਸ਼ੀ ਏਕੱਲ ਵਿਦਿਆਲਿਆ ਫਾਊਂਂਡੇਸ਼ਨ (ਯੂ. ਐਸ. ਏ) ਤੋਂ ਵੀ ਪ੍ਰਾਪਤ ਕਰਦੇ ਹਨ। 2001-12 ਦੇ ਸਮੇਂ ਦੌਰਾਨ ਇਸ ਸੰਸਥਾ ਨੂੰ 2.7 ਕਰੋੜ ਅਮਰੀਕਨ ਡਾਲਰ ਪ੍ਰਾਪਤ ਹੋਏ। ਪਰ ਮੋਦੀ ਦੇ ਤਾਕਤ ਵਿਚ ਆਉਣ ਮਗਰੋਂ ਦੋ ਸਾਲਾਂ ਵਿਚ ਹੀ ਇਹ ਸੰਸਥਾ ਕੇ 1.4 ਕਰੋੜ ਡਾਲਰ ਪ੍ਰਾਪਤ ਕਰ ਚੁੱਕੀ ਹੈ। ਆਰ ਐਸ ਐਸ ਨਾਲ ਸਬੰਧਤ ਸਰਸਵਤੀ ਸ਼ਿਸ਼ੂ ਮੰਦਰ ਨਾਮੀਂ ਸਕੂਲਾਂ ਦੇ ਇੱਕ ਹੋਰ ਤਾਣੇਬਾਣੇ ਨੂੰ ਵੀ ਇਸੇ ਤਰ੍ਹਾਂ ਫੰਡ ਪ੍ਰਾਪਤ ਹੁੰਦੇ ਹਨ। ਵੱਖ ਵੱਖ ਐਨ ਜੀ ਓਜ਼ ਦੇ ਨਾਵਾਂ ਹੇਠ ਵਿਦਿਆ ਭਾਰਤੀ ਸਿਖਸ਼ਾ ਸੰਸਥਾਨ ਦੀਆਂ ਸੂਬਾ ਪੱਧਰ ਦੀਆਂ ਸ਼ਾਖਾਵਾਂ ’ਚ ਧਨ ਤਬਦੀਲ ਕਰਵਾਉਣ ਵਾਲੀ ਆਈ. ਡੀ. ਆਰ. ਐਫ. ਇਹਨਾਂ ਸਕੂਲਾਂ ਨੂੰ ਫੰਡ ਮੁਹੱਈਆ ਕਰਵਾਉਣ ਵਾਲੀਆਂ ਮੁੱਖ ਸੰਸਥਾਵਾਂ ’ਚੋਂ ਇੱਕ ਹੈ।
ਫੰਡਾਂ ਦਾ ਜਾਲ ਅਤੇ ਸ਼ਨਾਖਤ ਦੀ ਰਾਜਨੀਤੀ
13 ਜਨਵਰੀ 2017 ਦੇ ਇੰਡੀਅਨ ਐਕਸਪ੍ਰੈੱਸ ਵਿਚ ਆਰ ਐਸ ਐਸ ਦੇ ਇਕ ਸਿਧਾਂਤਕਾਰ ਰਮੇਸ਼ ਸਿਨਾਹ ਵੱਲੋਂ ਲਿਖੀ ‘ਕੇਸਰੀ ਇੰਦਰਧਨੁੱਸ਼’ ਨਾਂ ਦੀ ਲਿਖਤ ਵਿਚ ਇਹ ਮੁੱਖ ਦਾਅਵਾ ਕੀਤਾ ਗਿਆ ਹੈ ਕਿ ਸੰਘ ਪ੍ਰਵਾਰ ਦੀਆਂ ਜਥੇਬੰਦੀਆਂ ਵਿਭਿੰਨਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਤ ਕਰਦੀਆਂ ਹਨ। ਪਰ ਏਕੱਲ ਵਿਦਿਆਲਿਆ ਅਤੇ ਸਰਸਵਤੀ ਸਿਖਸ਼ਾ ਸੰਸਥਾਨ ਵੱਲੋਂ ਚਲਾਏ ਜਾਂਦੇ ਸਕੂਲਾਂ ਦੇ ਉਦੇਸ਼ਾਂ ਦੀ ਨੁਹਾਰ ਤੋਂ ਦਿਖਾਈ ਦਿੰਦਾ ਹੈ ਕਿ ਇਹਨਾਂ ਦਾ ਮੁੱਖ ਨਿਸ਼ਾਨਾ ਕੌਮ ਦੇ ਹਿੰਦੂਤਵੀ ਸੰਕਲਪ ’ਤੇ ਆਧਾਰਤ ਕੌਮਪ੍ਰਸਤੀ ਦੀ ਭਾਵਨਾ ਭਰਨਾ ਹੈ। ਬਕਾਇਦਾ ਸਕੂਲੀ ਸਿਲੇਬਸ ਤੋਂ ਇਲਾਵਾ ਕੁਰਬਾਨੀ, ਜਬਤ ਅਤੇ ਦੇਸ਼ ਭਗਤੀ ਦੀ ਭਾਵਨਾ ਉਹ ਪ੍ਰਮੁੱਖ ਇਖ਼ਲਾਕੀ ਮੁੱਲ ਹਨ ਜਿਨ੍ਹਾਂ ਦੀ ਸਿੱਖਿਆ ਦਿੱਤੀ ਜਾਣੀ ਹੈ ਵਿਸ਼ੇਸ਼ ਕਰਕੇ ਮੁੱਖ ਧਾਰਾਈ ਸਿੱਖਿਆ ਪ੍ਰਣਾਲੀ ਨਾਲ ਪੂਰੀ ਤਰ੍ਹਾਂ ਜੁੜ ਚੁੱਕੇ ਸ਼ਿਸ਼ੂ ਮੰਦਰਾਂ ’ਚ। ਸਦਾਚਾਰਕ ਵਿਗਿਆਨ ਅਤੇ ਕੌਮਪਰਸਤੀ ਦਾ ਇਹ ਵਧਵਾਂ ਸਿਲੇਬਸ ਹੀ ਹੈ, ਜਿਹੜਾ ਮੁੱਖ ਉਦੇਸ਼ਾਂ ਦਾ ਪਰਦਾ ਫਾਸ਼ ਕਰਦਾ ਹੈ - ਯਾਨੀ ਕਿ ਬੱਚਿਆਂ ’ਚ ਹਿੰਦੂਤਵ ਦੇ ਬੋਧ ਦਾ ਸੰਚਾਰ ਕਰਨਾ। ਜਿਵੇ ਕਿ ਮਾਂ ਜਥੇਬੰਦੀ ਵਿੱਦਿਆ ਭਾਰਤੀ ਦੇ ਉਦੇਸ਼ਾਂ ’ਚ ਬਿਆਨਿਆ ਗਿਆ ਹੈ ਕਿ ਇਹ ਜਥੇਬੰਦੀ ਵਚਨਬੱਧ ਹੈ: (1) ਹਿੰਦੂਤਵ ਨੂੰ ਪ੍ਰਣਾਏ ਅਤੇ ਦੇਸ਼ ਭਗਤੀ ਦੀ ਧੁਨ ’ਚ ਲਬਰੇਜ਼ ਆਦਮੀਆਂ ਤੇ ਔਰਤਾਂ ਦੀ ਪੀੜ੍ਹੀ ਦਾ ਨਿਰਮਾਣ ਕਰਨ ’ਚ ਸਹਾਈ ਹੋਣ ਵਾਲੇ ਸਿੱਖਿਆ ਦੇ ਕੌਮੀ ਢਾਂਚੇ ਨੂੰ ਵਿਕਸਤ ਕਰਨ ਲਈ; (2) ਅਜਿਹੀ ਪੀੜ੍ਹੀ ਦੇ ਨਿਰਮਾਣ ਲਈ ਜੋ ਜਿਸਮਾਨੀ, ਰੂਹਾਨੀ, ਮਾਨਸਿਕ ਅਤੇ ਆਤਮਿਕ ਤੌਰ ’ਤੇ ਪੂਰੀ ਤਰ੍ਹਾਂ ਵਿਕਸਤ ਹੋਵੇ ਅਤੇ ਰੋਜ ਦਿਹਾੜੀ ਦੀਆਂ ਜੀਵਨ ਹਾਲਤਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਵੇ; (3) ਜੋ ਪਿੰਡਾਂ ਜੰਗਲਾਂ, ਗੁਫਾਵਾਂ ਅਤੇ ਝੌਂਪੜ-ਪੱਟੀਆਂ ’ਚ ਰਹਿੰਦੇ, ਹਾਸ਼ੀਏ ਤੋਂ ਬਾਹਰ ਧੱਕੇ ਹੋਏ ਅਤੇ ਮੁਥਾਜ, ਸਾਡੇ ਉਹਨਾਂ ਭਰਾਵਾਂ ਤੇ ਭੈਣਾਂ ਦੀ ਸੇਵਾ ਲਈ ਸਮਰਪਤ ਹੋਵੇ, ਤਾਂ ਜੋ ਉਹਨਾਂ ਨੂੰ ਸਮਾਜਕ ਬੁਰਿਆਈਆਂ ਅਤੇ ਅਨਿਆਂ ਦੇ ਬੰਧਨਾਂ ਤੋਂ ਮੁਕਤ ਕੀਤਾ ਜਾ ਸਕੇ। (4) ਤਾਂ ਜੋ ਅਜਿਹੀ ਭਾਵਨਾ ਨਾਲ ਸਮਰਪਤ ਹੁੰਦਿਆਂ ਉਹ ਆਪਸੀ ਸੁਰਮੇਲ ਵਾਲੀ, ਖੁਸ਼ਹਾਲ ਤੇ ਸੱਭਿਆਚਾਰਕ ਤੌਰ ’ਤੇ ਅਮੀਰ ਕੌਮ ਦੀ ਉਸਾਰੀ ਕਰਨ ’ਚ ਯੋਗਦਾਨ ਪਾ ਸਕਣ।
ਇਸ ਸਿੱਖਿਆ ਦਾ ਦੂਰਰਸ ਅਸਰ ਆਦਿਵਾਸੀ ਸ਼ਨਾਖਤ ਦੇ ਬਦਲ ਰਹੇ ਖਾਸੇ ਅਤੇ ਧਾਰਮਿਕ ਪਾਲਾਬੰਦੀ ਉਪਰ ਇਸ ਦੇ ਪ੍ਰਭਾਵ ’ਚ ਦਿਖਾਈ ਦਿੰਦਾ ਹੈ। ਪਹਿਲਾਂ ਪਹਿਲ ਇਸ ਦਾ ਅਸਰ ਆਜ਼ਾਦੀ ਤੋਂ ਤੁਰੰਤ ਬਾਅਦ ਮੱਧ ਪ੍ਰਦੇਸ਼ ’ਚ ਦਿਖਾਈ ਦਿੱਤਾ, ਜਦ ਸੰਘ ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਨੇ ਇਹ ਯਕੀਨੀ ਕੀਤਾ ਕਿ ਕੋਈ ਵੀ ਇਸਾਈ ਧਰਮ ਪ੍ਰਚਾਰਕ 5ਵੀਂ ਸੂਚੀ ’ਚ ਦਰਜ ਆਦਿਵਾਸੀ ਖੇਤਰਾਂ ’ਚ ਆਪਣਾ ਕਾਰਵਿਹਾਰ ਨਾ ਚਲਾ ਸਕੇ। ਇਸ ਤੋਂ ਮਗਰੋਂ ‘ਘਰ ਵਾਪਸੀ’ ਮੁਹਿੰਮ ਦਾ ਅਧਾਰ ਤਿਆਰ ਕਰਨ ਲਈ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ ਦਾ ਹੜ੍ਹ ਲਿਆਂਦਾ ਗਿਆ। ਇਸ ਨਾਲ ਲੜਾਈ-ਝਗੜੇ ਤੇ ਟਕਰਾਅ ਦੀਆਂ ਹਾਲਤਾਂ ਵੀ ਪੈਦਾ ਹੋਈਆਂ, ਜਦ ਆਦਿਵਾਸੀਆਂ ਦੇ ਇੱਕ ਹਿੱਸੇ ਨੇ ਧਰਮ ਤਬਦੀਲ ਕਰ ਚੁੱਕੇ ਆਦਿਵਾਸੀਆਂ ਨੂੰ ‘ਆਦਿਵਾਸੀ’ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਨੇ, ਖਾਸ ਕਰਕੇ ਨਵ-ਉਦਾਰਵਾਦੀ ਸੁਧਾਰਾਂ ਦੇ ਦੌਰ ਤੋਂ ਬਾਅਦ, ਫਿਰਕੂ ਪਾਲਾਬੰਦੀ ਦੇ ਰੁਝਾਣ ਨੂੰ ਵਧਾਉਣ ਦਾ ਕੰਮ ਕੀਤਾ। ਕੌਮਪ੍ਰਸਤੀ ਨੂੰ ਇੱਕ ਅਜਿਹੀ ਇੱਕਸਾਰ ਸ਼ਨਾਖਤ ਦੇ ਅਰਥਾਂ ’ਚ ਪ੍ਰੀਭਾਸ਼ਤ ਕੀਤਾ ਗਿਆ, ਜਿਹੜੀ ਹਾਕਮ ਜਮਾਤਾਂ ਦੀ ਤਾਬਿਆਦਾਰ ਹੋਵੇ ਅਤੇ ਉਹਨਾਂ ਪ੍ਰਤੀ ਸ਼ਰਧਾਭਾਵ ਰੱਖਦੀ ਹੋਵੇ। ਇਸ ਤਰ੍ਹਾਂ ਹਿੰਦੂ ਕੌਮਪ੍ਰਸਤੀ ਦੇ ਸੰਕਲਪ ਤਹਿਤ ਸਦਾ ਹੀ ਇਹ ਟੀਚਾ ਰਿਹਾ ਹੈ ਕਿ ਇਸ ਦੇ ਕਲਾਵੇ ’ਚ ਹਾਕਮ ਜਮਾਤਾਂ ਨੂੰ ਅਤੇ ਭਾਈਚਾਰੇ ਦੇ ਵੱਡ ਵਡੇਰਿਆਂ ਨੂੰ ਵੀ ਸਮੋਇਆ ਜਾਵੇ ਤਾਂ ਜੋ ਹਰ ਤਰ੍ਹਾਂ ਦੇ ਬਾਗੀ ਸੁਰ ਖਿਲਾਫ਼ ਸਰਵ-ਸਹਿਮਤੀ ਬਣਾਈ ਜਾ ਸਕੇ।
ਅਜਿਹੀ ਸਰਵ ਸਹਿਮਤੀ ਆਦਿਵਾਸੀ ਖੇਤਰਾਂ ’ਚ ਕਾਰਪੋਰੇਟ ਹਿੱਤਾਂ ਖਾਤਰ ਰਾਹ ਪੱਧਰਾ ਕਰਨ ਲਈ ਵੀ ਲਾਜ਼ਮੀ ਹੈ। ਉਦਾਹਰਣ ਵਜੋਂ ਜੇ ਅਸੀਂ ਸਿਰਫ ਬਸਤਰ ਦੇ ਮਾਮਲੇ ’ਤੇ ਹੀ ਨਜ਼ਰ ਮਾਰੀਏ ਤਾਂ ਇਹ ਜਾਣੀ ਪਛਾਣੀ ਗੱਲ ਹੈ ਕਿ ਸੰਘ ਨੇ ਆਦਿਵਾਸੀਆਂ ’ਚ ਪਾੜੇ ਪਾ ਦਿੱਤੇ ਹਨ ਅਤੇ ਇਹ ਸੂਬੇ ’ਚ ਕਾਰਪੋਰੇਟ ਘਰਾਣਿਆਂ ਦੇ ਦਾਖਲੇ ਦੀ ਪੂਰੀ ਸਰਗਰਮੀ ਨਾਲ ਹਮਾਇਤ ਕਰ ਰਿਹਾ ਹੈ। ਅਸਲ ’ਚ ਇਹ, ਇਹਨਾਂ ਕਾਰਪੋਰੇਟਾਂ ਵੱਲੋਂ ਇਹਨਾਂ ਜਥੇਬੰਦੀਆਂ ’ਤੇ ਫੰਡਾਂ ਦੇ ਰੂਪ ’ਚ ਲਾਏ ਪੈਸਿਆਂ ਦਾ ਮੁੱਲ ਮੋੜ ਰਿਹਾ ਹੈ। ਇਕੱਲੇ ਬਸਤਰ ’ਚ ਹੀ ਟਾਟਾ ਸਟੀਲ, ਅਦਾਨੀ ਅਤੇ ਪ੍ਰਕਾਸ਼ ਇੰਡਸਟਰੀਜ਼ ਦੇ ਘੱਟੋ ਘੱਟ 14 ਪ੍ਰੋਜੈਕਟ ਹਨ ਜਿੰਨਾਂ ਨੇ ਸਮਾਜਕ ਫ਼ਰਜ਼ ਨਿਭਾਉਣ ਦੀਆਂ ਸਰਗਰਮੀਆਂ ਹੱਥ ਲਈਆਂ ਹੋਈਆਂ ਹਨ ਅਤੇ ਜਿਹਨਾਂ ਨੂੰ ਖੇਤਰ ’ਚ ਵੱਡੀ ਮਾਤਰਾ ’ਚ ਨਿਵੇਸ਼ ਕਰਨ ਦਾ ਸਮਰਥਨ ਹਾਸਲ ਹੈ। ਸਮਾਜਕ ਫ਼ਰਜ਼ ਨਿਭਾਈ ਦੀਆਂ ਸਰਗਰਮੀਆਂ ਸਫਲ ਨਿਵੇਸ਼ ਨਾਲ ਬੱਝੀਆਂ ਹੋਈਆਂ ਹਨ। ਪਿੱਛੇ ਜਿਹੇ ਟਾਟਾ ਸਟੀਲ ਨੇ ਬਸਤਰ ਵਿਚ ਸਪੋਰਟਸ ਅਕੈਡਮੀ ਦੀ ਆਪਣੀ ਵਿਉਤ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਕਿਉਕਿ ਇਹ ਲੋਹਾਂਡੀਗੁੱਡਾ ਵਿਚ ਨਿਵੇਸ਼ ਤੋਂ ਪਿੱਛੇ ਹਟਣ ਬਾਰੇ ਸੋਚ ਰਿਹਾ ਹੈ। ਇਸੇ ਤਰ੍ਹਾਂ ਲੜਾਈਆਂ ਝਗੜਿਆਂ ਤੇ ਟਕਰਾਵਾਂ ਭਰਪੂਰ ਖੇਤਰ ਮੁੰਦਰਾ (ਗੁਜਰਾਤ) ਵਿਚ ਅਦਾਨੀ ਦੀ ਸਮਾਜਕ ਫਰਜ ਨਿਭਾਈ, ਇਸ ਖੇਤਰ ਦੀਆਂ ਬੰਦਰਗਾਹਾਂ ਵਿਚ ਉਸਦੇ ਨਿਵੇਸ਼ ਨਾਲ ਬੱਝੇ ਹੋਏ ਹਨ। ਦੋਹਾਂ ਕੇਸਾਂ ਵਿਚ ਆਦਿਵਾਸੀਆਂ ਦਾ ਇੱਕ ਹਿੱਸਾ, ਜਿਹੜਾ ਸਰਕਾਰ ਦੀਆਂ ਵਿਉਤਾਂ ਨਾਲ ਪੂਰੀ ਤਰ੍ਹਾਂ ਜੁੜ ਚੁੱਕਿਆ ਹੈ, ਨਿਵੇਸ਼ਕਾਂ ਦੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਤਾਂ ਜੋ ਸਮਾਜਕ ਫਰਜ ਨਿਭਾਉਣ ਦੀ ਵਚਨਬੱਧਤਾ ਜਾਰੀ ਰਹਿ ਸਕੇ।
ਕਾਰਪੋਰੇਟ ਨਿਵੇਸ਼ ਦੇ ਵਿਰੋਧ ਅਤੇ ਜੱਦੋਜਹਿਦਾਂ ਨੂੰ ਆਦਿਵਾਸੀ ਸਮਾਜ ਦੇ ਅੰਦਰ ਫਿਰਕੂ ਵਿਰੋਧ ਤਿੱਖੇ ਕਰਨ ਰਾਹੀਂ ਨਜਿੱਠਿਆ ਜਾਵੇਗਾ। ਕਾਰਪੋਰੇਟ ਜਬਰ ਖਿਲਾਫ ਇਕਜੁੱਟ ਵਿਰੋਧ ਜਥੇਬੰਦ ਕਰਨ ਦੀ ਬਜਾਏ, ਸੰਘ ਪ੍ਰਵਾਰ ਦਾ ਤਾਣਾ-ਬਾਣਾ ਦਰਅਸਲ ਅਜਿਹੇ ਜਬਰ ਤੋਂ ਧਿਆਨ ਪਾਸੇ ਹਟਾਉਦਾ ਹੈ। ਇਹ ਸੰਘ ਦੀਆਂ ਹਮਾਇਤੀ ਜਥੇਬੰਦੀਆਂ ਵੱਲੋਂ ‘ਕੌਮ-ਵਿਰੋਧੀ’ ਅਨਸਰਾਂ ਖਿਲਾਫ ਵਧ ਰਹੀ ਹਿੰਸਾ ਅਤੇ ਈਸਾਈ ਧਰਮ ਪ੍ਰਚਾਰ ਅਤੇ ਇਸਦੇ ਦੇ ਹਮਾਇਤੀਆਂ ਜਾਂ ਜਿਨ੍ਹਾਂ ਨੇ ਧਰਮ ਪਰਿਵਰਤਨ ਕਰ ਲਿਆ ਹੈ, ਖਿਲਾਫ਼ ਵਧ ਰਹੇ ਹਮਲਿਆਂ ਤੋਂ ਸਪਸ਼ਟ ਹੁੰਦਾ ਹੈ। 2008 ਦੇ ਕੰਧਮਾਲ ਫਸਾਦ ਇਸ ਦੀ ਸਪਸ਼ਟ ਮਿਸਾਲ ਹੈ, ਜਿਵੇਂ ਕਿ ਆਸਾਮ ਦਾ ਬੋਡੋ ਸੰਕਟ ਵੀ, ਜਿਸ ਵਿਚ ‘ਰਿਫਿਊਂਜੀ ਮੁਸਲਮਾਨਾਂ’ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅੰਤਮ ਤੌਰ ’ਤੇ ਇਸ ਸਿਆਸਤ ਦਾ ਮੰਤਵ ਕਾਰਪੋਰੇਟ ਕਾਰੋਬਾਰਾਂ ਦੀ ਆਮਦ ਖਾਤਰ ਇਕਜੁੱਟ ਵਿਰੋਧ ਨੂੰ ਭੰਨਣਾ ਹੈ। ਜਿਵੇਂ ਕਿ ਬਸਤਰ ਦੇ ਕੇਸ ’ਚ ਦਿਖਾਈ ਦਿੰਦਾ ਹੈ। ਸਲਵਾ ਜੁਡਮ ਜਿਹੀਆਂ ਜਥੇਬੰਦੀਆਂ ਰਾਹੀਂ ਆਦਿਵਾਸੀ ਏਕਤਾ ਨੂੰ ਨਿਸ਼ਾਨਾ ਬਣਾਇਆ ਜਾਣਾ ਅਤੇ ਸੰਘ ਵੱਲੋਂ ਹਮਾਇਤ ਪ੍ਰਾਪਤ ਇਨ੍ਹਾਂ ਜੁੰਡਲੀਆਂ ਦੀ ਸੁਰੱਖਿਆ ਬਲਾਂ ਵੱਲੋਂ ਹਿਫਾਜਤ ਕੀਤੀ ਜਾਣੀ ਕਾਰਪੋਰੇਟਾਂ ਵੱਲੋਂ ਇਸ ਖੇਤਰ ਵਿੱਚ ਜਮੀਨ ਹਥਿਆਉਣ ਦੀ ਪਿੱਠਭੂਮੀ ਬਣਦੀਆਂ ਹਨ।
(ਪੀਪਲਜ਼ ਡੈਮੋਕਰੇਸੀ ’ਚੋਂ ਸੰਖੇਪ ਅਨੁਵਾਦ)
No comments:
Post a Comment