ਅਪ੍ਰੇਸ਼ਨ ਗ੍ਰੀਨ ਹੰਟ: ਗੜ੍ਹਚਿਰੋਲੀ ’ਚ ਵਹਿਸ਼ੀ ਕਤਲਾਂ ਦੀ ਲੜੀ
ਆਂਧਰਾ,
ਛੱਤੀਸਗੜ੍ਹ ਅਤੇ ਮਹਾਂਰਾਸ਼ਟਰ ਦੀ ਤਿੰਨਕੋਣੀ (“)
’ਤੇ ਵਸਿਆ ਮਹਾਂਰਾਸ਼ਟਰ ਦਾ ਗੜ੍ਹਚਿਰੋਲੀ ਜਿਲ੍ਹਾ ਭਾਰਤੀ ਹਾਕਮਾਂ ਵੱਲੋਂ
ਲੋਕਾਂ ਖਿਲਾਫ ਵਿੱਢੀ ਨਿਹੱਕੀ ਜੰਗ ਦਾ ਵਹਿਸ਼ੀ ਅਖਾੜਾ ਬਣਿਆ ਹੋਇਆ ਹੈ। ਅਬੁਝਮਾੜ
ਇਲਾਕਾ-ਜੋ ਨੀਮ ਫੌਜੀ ਬਲਾਂ
ਅਨੁਸਾਰ ਨਕਸਲੀਆਂ ਦੀ ਅਭੇਦ ਅਤੇ ਸਭ ਤੋਂ ਸੁਰੱਖਿਅਤ ਛੁਪਣਗਾਹ ਹੈ, ਦੀ ਨਾਕੇਬੰਦੀ
ਲਈ ਮਹੱਤਵਪੂਰਨ, ਗੜ੍ਹਚਿਰੋਲੀ ਜਿਲ੍ਹੇ ’ਚ ਪੁਲਿਸ ਅਤੇ ਨੀਮ ਫੌਜੀ ਬਲਾਂ ਦੇ ਅਨੇਕਾਂ ਵੱਡੇ ਸਥਾਈ ਕੈਂਪ ਹਨ। ਮਹਾਂਰਾਸ਼ਟਰ ਦੀ ਬਦਨਾਮ ਸੀ-60 ਕਮਾਂਡੋ
ਫੋਰਸ ਨਿੱਤ ਨਿਰਦੋਸ਼ ਕਬਾਇਲੀ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਰਚਾਉਦੀ ਹੈ। ਅੱਜ (22 ਅਪ੍ਰੈਲ)
ਮਿਲੀਆਂ ਖਬਰਾਂ ਅਨੁਸਾਰ ਇਸ ਜਿਲ੍ਹੇੇ ’ਚ ਇਸ ਕਮਾਂਡੋ ਫੋਰਸ ਨੇ 16 ਮਾਓਵਾਦੀ
ਮਾਰ ਦੇਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਪੁਲਿਸ ਨੇ ਇਸੇ ਜਿਲ੍ਹੇ ’ਚ ਸਿਰਕੌਂਡਾ ਦੇ ਜੰਗਲਾਂ ’ਚ ਤਿੰਨ ਇਨਾਮੀ ਮਾਓਵਾਦੀਆਂ ਨੂੰ ਮੁਕਾਬਲੇ ’ਚ ਮਾਰ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ਘਟਨਾਵਾਂ ਦੇ ਮੁਕੰਮਲ ਵੇਰਵੇ ਮਿਲਣੇ ਅਜੇ ਬਾਕੀ
ਹਨ, ਕਿਉਕਿ ਦੂਰ ਦੁਰਾਡੇ ਇਸ ਜੰਗਲੀ
ਇਲਾਕੇ ’ਚ ਕਬਾਇਲੀ ਲੋਕਾਂ ਕੋਲ ਜਾਣਕਾਰੀ ਭੇਜਣ ਲਈ ਕੋਈ ਸੰਚਾਰ ਮਾਧਿਅਮ ਨਹੀਂ।
ਇਸੇ ਸਾਲ ਫਰਵਰੀ ਅਤੇ ਮਾਰਚ ਦੇ ਮਹੀਨਿਆਂ ’ਚ ਸੀ-60 ਕਮਾਂਡੋ ਫੋਰਸ
ਨੇ ਏਟਾਪੱਲੀ ਤਹਿਸੀਲ ਦੇ ਸੋਨਸੂ ਓਸੈਂਡੀ ਅਤੇ ਰਾਜ ਕੁਮਾਰ ਖੇਸੇ ਨੂੰ ਨਕਸਲੀ ਕਹਿ ਕੇ ਮਾਰ ਮੁਕਾਇਆ
ਸੀ। 21 ਵਰ੍ਹਿਆਂ ਦਾ ਨੌਜੁਆਨ ਰਾਜਕੁਮਾਰ ਖੇਸੇ ਆਪਣੇ
ਦੋਸਤ ਪ੍ਰੇਮਲਾਲ ਮਿੰਜ ਨਾਲ ਮਿਲ ਕੇ, ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਸ਼ਿਕਾਰ
ਕਰਨ ਲਈ ਗੜ੍ਹ ਚਿਰੋਲੀ ਦੇ ਜੰਗਲਾਂ ’ਚ ਗਿਆ ਸੀ। ਇੱਕ ਪੰਛੀ ਨੂੰ ਮਾਰਨ ਤੋਂ ਬਾਅਦ ਜਦੋਂ ਉਹ ਅਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਸਨ ਤਾਂ ਪੁਲਸ ਦੀ ਇੱਕ ਟੋਲੀ ਨੇ ਉਹਨਾਂ ਨੂੰ ਰੋਕ ਲਿਆ। ਪੁਲਸ ਨੇ ਉਹਨਾਂ ਦੋਹਾਂ ਨੂੰ ਵੱਖ ਵੱਖ ਕਰ ਲਿਆ। ਰਾਜਕੁਮਾਰ
ਨੂੰ ਪਹਿਲਾਂ ਦੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦਾ ਚਿਹਰਾ ਪੱਥਰ ਮਾਰ ਕੇ ਬੁਰੀ
ਤਰ੍ਹਾਂ ਫੇਹ ਕੇ ਲਾਸ਼ ਬੇ-ਪਛਾਣ ਕਰ ਦਿੱਤੀ। ਇਹ ਘਟਨਾ 5 ਫਰਵਰੀ
2018 ਦੀ ਹੈ।
ਜਦੋਂ ਸ਼ਾਮ ਤੱਕ ਦੋਵੇਂ ਨੌਜਵਾਨ ਵਾਪਸ ਨਾ ਆਏ ਤਾਂ ਉਨ੍ਹਾਂ ਦੇ ਪਰਿਵਾਰਾਂ
ਨੇ ਭਾਲ ਸ਼ੁਰੂ ਕੀਤੀ ਅਤੇ ਗੱਟਾ ਪੁਲਿਸ ਥਾਣੇ ’ਚ ਰਿਪੋਰਟ ਦਰਜ ਕਰਵਾਉਣ ਲਈ ਗਏ। ਪੁਲਸ ਨੇ ਰਿਪੋਰਟ ਦਰਜ ਕਰਨ ਦੀ ਥਾਂ ਉਹਨਾਂ ਨੂੰ ਦੋਹਾਂ ਵਿਅਕਤੀਆਂ ਦੀ ਜੰਗਲ ’ਚ ਭਾਲ ਕਰਨ ਲਈ ਕਿਹਾ। ਅਗਲੇ ਦਿਨ ਉਹਨਾਂ ਨੂੰ ਜੰਗਲ ’ਚੋਂ ਇੱਕ ਤਾਂ ਰਾਜਕੁਮਾਰ ਦਾ ਬੈਗ,
ਉਸ ਵੱਲੋਂ ਸ਼ਿਕਾਰ ਕੀਤਾ ਪੰਛੀ ਅਤੇ ਕਾਫੀ ਸਾਰਾ ਡੁਲ੍ਹਿਆ ਹੋਇਆ ਖੂਨ ਮਿਲਿਆ। 7 ਫਰਵਰੀ ਨੂੰ ਰਾਜ ਕੁਮਾਰ ਦੇ ਪਰਿਵਾਰ ਨੂੰ ਪਿੰਡ
ਦੇ 3-4 ਵਿਅਕਤੀਆਂ ਸਮੇਤ ਗੜ੍ਹਚਿਰੋਲੀ ’ਚ ਪੁਲਸ ਦੇ ਸਦਰ ਮੁਕਾਮ ’ਤੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਉਸ ਦੀ ਲਾਸ਼ ਮਿਲੀ - ਜਿਸ ’ਤੇ ਗੋਲੀਆਂ ਦੇ 2 ਨਿਸ਼ਾਨ ਸਨ
ਅਤੇ ਚਿਹਰਾ ਪੱਥਰ ਮਾਰ ਕੇ ਬੁਰੀ ਤਰ੍ਹਾਂ ਬੇਪਛਾਣ ਕੀਤਾ ਗਿਆ ਸੀ। ਪੁਲਸ ਨੇ ਧੱਕੇ ਨਾਲ ਰਾਜਕੁਮਾਰ ਦੇ ਪਿਤਾ ਸੁਪਾਰੀ ਖੇਸੇ ਦੇ ਕੋਰੇ ਕਾਗਜ਼ ’ਤੇ ਅੰਗੂਠੇ ਲਗਵਾ ਲਏ। ਇਨ੍ਹਾਂ ’ਚੋਂ ਇਕ ਕਾਗਜ ’ਤੇ ਪੁਲਸ ਨੇ ਲਿਖ ਲਿਆ ਕਿ ਰਾਜ ਕੁਮਾਰ ਪਿਛਲੇ ਤਿੰਨ ਸਾਲਾਂ ਤੋਂ ਸਰਗਰਮ ਨਕਸਲੀ ਸੀ ਅਤੇ ਹਥਿਆਰ
ਸੁੱਟਣ ਤੋਂ ਨਾਂਹ ਕਰਨ ’ਤੇ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ।
ਪਿੰਡ ਦੇ ਮੁਖੀਆ ਦਾ ਕਹਿਣਾ ਹੈੈ ਕਿ ,‘‘ ਰਾਜ ਕੁਮਾਰ ਨਕਸਲੀ ਨਹੀਂ ਸੀ। ਮੈਂ ਉਸ ਨੂੰ ਬਚਪਨ ਤੋਂ ਜਾਣਦਾ ਹਾਂ। ਪੁਲਸ ਨੇ ਉਸ ਨੂੰ ਬਿਨਾ ਵਜ੍ਹਾ ਹੀ ਮਾਰ ਦਿੱਤਾ ਹੈ। ਅਸੀਂ ਯਕੀਨਨ ਹੀ ਇਸ ਬੇਇਨਸਾਫੀ ਵਿਰੁੱਧ ਅਦਾਲਤ ’ਚ ਜਾਵਾਂਗੇ।’’
40 ਕੁ ਵਰ੍ਹਿਆਂ ਦਾ ਸੋਨਸੂ ਉਮੈਂਡੀ 30 ਮਾਰਚ
2018 ਨੂੰ ਲੱਗਭੱਗ ਸਾਢੇ ਗਿਆਰਾਂ ਵਜੇ ਆਪਣੇ ਘਰੋਂ ਗੁਮੜੀ ਦੇ ਜੰਗਲ ’ਚ ਸ਼ਿਕਾਰ ਖੇਡਣ ਗਿਆ। ਉਸ ਕੋਲ ਰੋਟੀ ਵਾਲਾ ਡੱਬਾ, ਕੁਲਹਾੜੀ, ਤੀਰਕਮਾਨ
ਅਤੇ ਪੰਛੀਆਂ ਨੂੰ ਫੜਨ ਲਈ ਇੱਕ ਜਾਲ ਸੀ। ਸ਼ਾਮ ਤੱਕ ਜਦੋਂ ਉਹ ਨਾ ਮੁੜਿਆ ਤਾਂ ਪਰਿਵਾਰ ਅਤੇ ਪਿੰਡ
ਦੇ 20-25 ਵਿਅਕਤੀ ਕੋਟਮੀ ਠਾਣੇ ’ਚ ਇਤਲਾਹ ਦੇਣ ਗਏ ਤਾਂ ਪੁਲਸ ਨੇ ਉਹਨਾਂ ਨੂੰ ਗੜ੍ਹਚਿਰੋਲੀ ਜਾ ਕੇ ਇੱਕ ਲਾਸ਼ ਦੀ ਸ਼ਨਾਖਤ ਕਰਨ
ਲਈ ਕਿਹਾ। ਇਹ ਲਾਸ਼ ਸੋਨਸੂ ਦੀ ਹੀ ਸੀ ਜਿਸ ਨੂੰ ਸੀ-60
ਕਮਾਂਡੋ ਫੋਰਸ ਨੇ ਨਕਸਲੀ ਕਹਿ ਕੇ ਮਾਰ ਦਿੱਤਾ ਸੀ।
ਏਟਾਪੱਲੀ ਦੇ ਇਕ ਸਥਾਨਕ ਆਗੂ ਮਹੇਸ਼ ਕੋਪੁਲਵਰ ਦਾ ਕਹਿਣਾ ਸੀ ਕਿ .‘‘ਉਹਨਾਂ ਨੇ ਉਸ ਨੂੰ ਨਿਰਦਈ ਢੰਗ ਨਾਲ ਕਤਲ ਕਰਕੇ , ਨਕਸਲੀ ਐਲਾਨ ਦਿੱਤਾ। ਉਹ ਨਕਸਲੀ ਨਹੀਂ ਸੀ ਅਤੇ ਨਾ ਹੀ ਉਸ ਦਾ ਨਕਸਲੀਆਂ ਨਾਲ ਕੋਈ ਸਬੰਧ ਸੀ। ਉਹ ਇਕ ਸਧਾਰਨ ਬਾਂਸ ਕੱਟਣ ਵਾਲਾ ਸੀ ਅਤੇ ਜੰਗਲ ਵਿਚ ਸ਼ਿਕਾਰ ਕਰਨ ਲਈ ਗਿਆ ਸੀ ਜੋ ਕਿ ਕਬਾਇਲੀਆਂ
ਦੀ ਰਵਾਇਤੀ ਜਿੰਦਗੀ ਦਾ ਹਿੱਸਾ ਹੈ। ਉਹਨੂੰ ਸੀ-60 ਕਮਾਂਡੋ ਫੋਰਸ ਨੇ ਕਤਲ ਕਰਕੇ ਉਸਦੀ ਲਾਸ਼ ਗੜ੍ਹਚਿਰੋਲੀ ਐਸ ਪੀ ਦਫਤਰ
ਲੈ ਗਏ ਜਿੱਥੇ ਉਹ 3 ਦਿਨ ਪਈ ਰਹਿਣ ਕਰਕੇ ਗਲ-ਸੜ
ਗਈ। ਇਹ ਨੰਗੇ ਚਿੱਟੇ ਰੂਪ ’ਚ ਪੁਲਿਸ ਦੀ ਬੇਇਨਸਾਫੀ ਹੈ।’’
ਇੱਕ ਹੋਰ ਸਥਾਨਕ ਕਬਾਇਲੀ ਅਮੋਲ ਮਰਕਵਰ ਨੇ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ
ਪਿੱਛੇ ਛੁਪੀ ਹਕੀਕਤ ਬਿਆਨ ਕਰਦਿਆਂ ਕਿਹਾ ਕਿ,
‘‘ਗੜ੍ਹਚਿਰੋਲੀ ’ਚ ਇਹ ਝੂਠੇ ਪੁਲਿਸ ਮੁਕਾਬਲੇ
ਇਸ ਕਰਕੇ ਕੀਤੇ ਜਾ ਰਹੇ ਹਨ ਕਿਉਕਿ ਕਬਾਇਲੀ ਲੋਕ ਖਣਿਜ ਪਦਾਰਥ ਕੱਢਣ ਲਈ ਲਾਏ ਜਾ ਰਹੇ ਪ੍ਰੋਜੈਕਟਾਂ
ਦਾ ਵਿਰੋਧ ਕਰ ਰਹੇ ਹਨ, ਕਿਉਕਿ ਇਹਨਾਂ
ਨਾਲ ਜੰਗਲ ਤਬਾਹ ਹੋ ਜਾਵੇਗਾ। ਨਿਰਦੋਸ਼ ਪੇਂਡੂ ਲੋਕਾਂ ਨੂੰ ਮਾਰਕੇ ਉਨ੍ਹਾਂ ’ਤੇ ਨਕਸਲੀ ਹੋਣ ਦੇ ਬਿੱਲੇ ਲਾ ਕੇ ਪੁਲਿਸ ਸਥਾਨਕ ਲੋਕਾਂ ਦੇ ਮਨਾਂ ’ਚ ਦਹਿਸ਼ਤ ਪਾਉਣਾ ਚਾਹੁੰਦੀ ਹੈ।’’
ਕੁੱਝ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਉੱਚ ਅਧਿਕਾਰੀਆਂ ਕੋਲ ਆਵਦੇ
ਨੰਬਰ ਬਣਾਉਣ ਲਈ ਸਾਧਾਰਨ ਕਬਾਇਲੀ ਲੋਕਾਂ ਨੂੰ ਨਕਸਲੀਆਂ ਵੱਲੋਂ ਆਤਮ ਸਮਰਪਣ ਕਰਨ ਲਈ ਮਜਬੂਰ ਕਰਨ ਵਾਸਤੇ
ਵੀ ਝੂਠੇ ਪੁਲਿਸ ਮਕਾਬਲਿਆਂ ਰਾਹੀਂ ਇਹ ਕਤਲ ਕਾਂਡ ਰਚਾ ਰਹੀ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਗੜ੍ਹਚਿਰੋਲੀ ਦੀ ਬਦਨਾਮ ਪੁਲਿਸ
ਹੀ ਸੀ ਜਿਸ ਨੇ ਇਕ ਝੂਠੀ ਕਹਾਣੀ ਰਚ ਕੇ ਪ੍ਰੋਫੈਸਰ ਸਾਈੰਂ ਬਾਬਾ ਅਤੇ ਉਸ ਦੇ ਸਾਥੀਆਂ ਨੂੰ ਦੇਸ਼ ਧਰੋਹ
ਅਤੇ ਹਕੂਮਤ ਖਿਲਾਫ ਜੰਗ ਛੇੜਨ ਦੇ ਝੂਠੇ ਦੋਸ਼ਾਂ ਹੇਠ,
ਉਮਰ ਕੈਦ ਦੀਆਂ ਸਜਾਵਾਂ ਦਿਵਾਈਆਂ ਹਨ।
(‘ਦੀ ਹਿੰਦੂ’ ਅਤੇ ‘ਸਕਲ ਟਾਈਮਜ਼’ ਅਖਬਾਰਾਂ ’ਚ ਛਪੀਆਂ ਰਿਪੋਰਟਾਂ ’ਤੇ ਆਧਾਰਤ)
No comments:
Post a Comment