ਥਰਮਲ ਠੇਕਾ ਕਾਮਿਆਂ ਦੇ ਸਿਦਕੀ ਟਾਕਰੇ ਦਾ ਮਹੱਤਵ
ਸਰਕਾਰੀ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੇ ਖਿਲਾਫ ਅਤੇ ਰੁਜ਼ਗਾਰ
ਬਚਾਉਣ ਲਈ ਥਰਮਲ ਦੇ ਠੇਕਾ ਕਾਮਿਆਂ ਵੱਲੋਂ ਸਿਦਕੀ ਤੇ ਸ਼ਾਨਦਾਰ ਸੰਘਰਸ਼ ਲੜਿਆ ਗਿਆ ਹੈ। ਉਝ ਤਾਂ ਪਿਛਲੇ ਦੋ-ਢਾਈ ਸਾਲਾਂ ਤੋਂ ਹੀ ਠੇਕਾ ਕਾਮੇ ਥਰਮਲ ਬੰਦ
ਕਰਨ ਦੇ ਹਕੂਮਤੀ ਮਨਸੂਬਿਆਂ ਖਿਲਾਫ ਡਟਦੇ ਆ ਰਹੇ ਸਨ ਤੇ ਉਸ ਨੂੰ ਪਛਾੜਦੇ ਆ ਰਹੇ ਸਨ ਪਰ ਹੁਣ ਥਰਮਲ
ਬੰਦ ਕਰਨ ਦੇ ਫੁਰਮਾਨਾਂ ਖਿਲਾਫ ਲਗਾਤਾਰ ਚਾਰ ਮਹੀਨੇ ਤੋਂ ਵੀ ਜ਼ਿਆਦਾ ਚੱਲੇ ਜ਼ੋਰਦਾਰ ਘੋਲ ’ਚ ਠੇਕਾ ਕਾਮੇ ਆਪਣਾ ਰੁਜ਼ਗਾਰ ਬਚਾਉਣ ’ਚ ਕਾਮਯਾਬ ਰਹੇ ਹਨ। ਵੱਡੇ ਨੀਤੀ ਹਮਲੇ ਖਿਲਾਫ਼ ਡਟੀ ਇੱਕ ਛੋਟੀ ਟੁਕੜੀ ਵੱਲੋਂ ਕੀਤੀ ਗਈ ਇਹ ਪ੍ਰਾਪਤੀ ਬਹੁਤ ਮਹੱਤਵਪੂਰਨ
ਹੈ।
ਕਾਂਗਰਸ ਹਕੂਮਤ ਨੇ ਸਰਕਾਰੀ ਥਰਮਲ ਬੰਦ ਕਰਨ ਦੇ ਅਕਾਲੀ-ਭਾਜਪਾ ਹਕੂਮਤ ਦੇ ਏਜੰਡੇ ਨੂੰ ਅੱਗੇ ਵਧਾਇਆ ਤੇ
ਹਰ ਹਾਲ ਲਾਗੂ ਕਰਨ ਦੇ ਇਸ ਸਿਆਸੀ ਇਰਾਦੇ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ ਸੀ। ਥਰਮਲ ਬੰਦ ਕਰਨ ਦੇ ਹਕੂਮਤੀ ਫੈਸਲੇ ਖਿਲਾਫ ਸੂਬੇ ਦੀ ਜਨਤਾ ’ਚ ਆਮ ਰੋਸ ਤਾਂ ਪੈਦਾ ਹੋਇਆ ਪਰ ਫੌਰੀ ਸੰਘਰਸ਼ ਮਸਲੇ ਵਜੋਂ ਇਹ ਸਿਰਫ ਸੀਮਤ ਤੇ ਚੇਤਨ ਪਰਤ ਦਾ ਸਰੋਕਾਰ ਹੀ ਬਣਿਆ। ਅੰਸ਼ਕ
ਤੇ ਫੌਰੀ ਹਿਤਾਂ ਤੱਕ ਸੀਮਤ ਰਹਿ ਰਹੀ ਘੋਲ ਚੇਤਨਾ ਦੀ ਜਨਤਕ ਜਮਹੂਰੀ ਲਹਿਰ ਦੀ ਆਮ ਰੂਪ ’ਚ ਪ੍ਰਗਟ ਹੁੰਦੀ ਸੀਮਤਾਈ ਏਸ ਮੁੱਦੇ ’ਤੇ ਵੀ ਪ੍ਰਗਟ ਹੋਈ ਅਤੇ ਇਹ ਫੈਸਲਾ
ਥਰਮਲ ਠੇਕਾ ਕਾਮਿਆਂ ਦੇ ਰੁਜ਼ਗਾਰ ਨਾਲ ਜੁੜ ਕੇ
, ਕਰੋ ਜਾਂ ਮਰੋ ਦਾ ਸਵਾਲ ਇਸ ਹਿੱਸੇ ਲਈ ਹੀ ਬਣ ਸਕਿਆ। ਚਾਹੇ ਜਨਤਕ ਜਮਹੂਰੀ ਲਹਿਰ ਦੀਆਂ ਜਥੇਬੰਦ ਟੁਕੜੀਆਂ ਖਾਸ ਕਰਕੇ ਕਿਸਾਨ, ਖੇਤ ਮਜ਼ਦੂਰ ਤੇ ਬਿਜਲੀ ਕਾਮਿਆਂ ਨੇ ਵੀ ਇਸ ਸੰਘਰਸ਼ ’ਚ ਹਿੱਸਾ ਪਾਇਆ ਤੇ ਡਟਵੀਂ ਹਮਾਇਤ ਵੀ ਕੀਤੀ ਪਰ ਇਹਨਾਂ ਤਬਕਿਆਂ ਦੀਆਂ ਜਥੇਬੰਦ ਪਰਤਾਂ ਚੋਂ
ਸਿਰਫ ਵਿਕਸਤ ਪਰਤਾਂ ਦਾ ਹੀ ਭਖਵਾਂ ਸਰੋਕਾਰ ਜਾਗਿਆ ਜਦ ਕਿ ਦਰਮਿਆਨੀਆਂ ਤੇ ਪਛੜੀਆਂ ਪਰਤਾਂ ਲਈ ਇਹ
ਮਸਲਾ ਫੌਰੀ ਹਿੱਤਾਂ ’ਤੇ ਸੱਟ ਨਾ ਮਾਰਦਾ ਹੋਣ ਕਰਕੇ ਜੋਰਦਾਰ ਸੰਘਰਸ਼ ਸਰੋਕਾਰ ਪੈਦਾ ਨਹੀਂ
ਕਰ ਸਕਿਆ। ਇਸ ਲਈ ਫੌਰੀ ਹਿੱਤਾਂ ਦੀ ਸੁਰੱਖਿਆ ਲਈ ਭਾਵ ਰੁਜ਼ਗਾਰ ਬਚਾਉਣ ਲਈ ਠੇਕਾ ਕਾਮੇ ਉਪਰੋਕਤ ਹਿੱਸਿਆਂ
ਦੀ ਹਮਾਇਤ ਸਦਕਾ ਪੂਰੇ ਜੀਅ ਜਾਨ ਨਾਲ ਤੇ ਸਿਦਕ ਨਾਲ ਜੂਝੇ ਤੇ ਕਾਮਯਾਬ ਹੋਏ ਹਨ।
ਲਗਭਗ
3 ਮਹੀਨੇ ਲਗਾਤਾਰ ਚੱਲੇ ਧਰਨੇ ਦੌਰਾਨ ਤੇ ਸਮੁੱਚੇ ਘੋਲ ਦੌਰਾਨ ਠੇਕਾ ਕਾਮਿਆਂ ਨੇ
ਜਿਸ ਦ੍ਰਿੜਤਾ ਤੇ ਸਿਦਕ ਦਿਲੀ ਦਾ ਸਬੂਤ ਦਿੱਤਾ ਹੈ ਉਹ ਮਜ਼ਦੂਰ ਜਮਾਤ ਦੇ ਤੌਰ ’ਤੇ ਉਹਨਾਂ ਦੇ ਹੋਣਹਾਰ ਲੱਛਣਾਂ ਨੂੰ ਉਘਾੜਦਾ ਹੈ। ਇੱਕ
ਵੱਡੇ ਨੀਤੀ ਹਮਲੇ ਮੂਹਰੇ ਇਸਦੀ ਬੇਮੇਚੀ ਟੱਕਰ ’ਚ ਜੇਕਰ ਇਹ ਬਹੁਤ ਨਿਗੂਣੀ ਤਾਕਤ ਬਣਦੀ ਟੁਕੜੀ ਦ੍ਰਿੜਤਾ ਨਾਲ ਘੋਲ ਜਾਰੀ ਰੱਖ ਸਕੀ ਹੈ, ਜਬਤ ਤੇ ਸਬਰ ਦਾ ਲੜ ਫੜ ਕੇ ਰੱਖ ਸਕੀ ਹੈ, ਰੁਜ਼ਗਾਰ ਖੁੱਸ ਜਾਣ
ਮਗਰੋਂ ਚੱੁੱਲ੍ਹੇ ਗਰਮ ਰੱਖਣ ਲਈ ਆਪਸੀ ਏਕਤਾ, ਭਰੋਸੇ ਤੇ ਸਹਿਯੋਗ ਸਦਕਾ
ਅੱਗੇ ਵਧ ਸਕੀ ਹੈ ਤਾਂ ਇਹ ਸਭ ਤੋਂ ਵੱਧ ਲੜਾਕੂ ਤੇ ਸੂਝਵਾਨ ਜਮਾਤ ਵਜੋਂ ਮਜ਼ਦੂਰ ਜਮਾਤ ਦੇ ਮੁੱਲਵਾਨ ਗੁਣਾਂ
ਸਦਕਾ ਸੰਭਵ ਹੋਇਆ ਹੈ। ਲੀਡਰਸ਼ਿਪ ਸਿਖਾਂਦਰੂ ਤੇ ਮੁੱਢਲੀ ਚੇਤਨਾ ਵਾਲੀ ਹੀ ਸੀ
ਪਰ ਜਮਾਤ ਦੇ ਤੌਰ ’ਤੇ ਚੇਤਨਾ ਗ੍ਰਹਿਣ ਕਰਨ ਦੀ ਉਸ ਦੀ ਤਕੜਾਈ ਹੀ ਇਸ ਖੱਪੇ ਨੂੰ ਪੂਰ ਸਕੀ ਹੈ। ਮੈਨੇਜਮੈਂਟ ਤੇ ਹਕੂਮਤ ਵੱਲੋਂ ਗੱਲਬਾਤ ਦੇ ਕਈ ਗੇੜ ਚੱਲੇ, ਕਈ ਭਰਮ ਭੁਲੇਖੇ ਪਾਉਣ ਤੇ ਛਲਾਵੇ ਦੇ ਯਤਨ ਹੋਏ,
ਹਕੂਮਤ ਵੱਲੋਂ ਆਪਣੇ ਫੈਸਲੇ ਤੋਂ ਭੋਰਾ ਨਾ ਥਿੜਕਣ ਦੀਆਂ ਸੁਣਾਉਣੀਆਂ ਕੀਤੀਆਂ ਗਈਆਂ
ਪਰ ਇਹਨਾਂ ਇਮਤਿਹਾਨਾਂ ’ਚੋਂ ਇੱਕ ਨਵੀਂ ਤੇ ਸਿਖਾਂਦਰੂ ਲੀਡਰਸ਼ਿਪ ਵੀ ਨਿਭ ਤੇ
ਪੁੱਗ ਤਾਂ ਹੀ ਸਕੀ, ਕਿਉਕਿ ਇੱਕ
ਅਗਾਂਹਵਧੂ ਜਮਾਤ ਦੇ ਤੌਰ ’ਤੇ ਸਮੂਹਿਕ ਵਿਚਾਰ ਵਟਾਂਦਰੇ ਤੇ ਸਮੂਹਿਕ ਸਿਆਣਪ ਵਾਲੇ
ਅੰਸ਼ ਵੀ ਹਰਕਤਸ਼ੀਲ ਸਨ। ਧੁਰ ਹੇਠਾਂ ਤੱਕ ਕਾਮਿਆਂ ਦਾ ਗੱਲਬਾਤ ਬਾਰੇ,
ਹਕੂਮਤੀ ਪੈਂਤੜਿਆਂ ਤੇ ਲੀਡਰਸ਼ਿਪ ਦੇ ਪੈਂਤੜਿਆਂ ਬਾਰੇ ਪ੍ਰਗਟ ਹੁੰਦਾ ਸਰੋਕਾਰ ਤੇ
ਭਖਵੀਂ ਸ਼ਮੂਲੀਅਤ ਹੀ ਸੀ ਜੋ ਲੀਡਰਸ਼ਿਪ ਤੇ ਜਨਤਾ ’ਚ ਸਰਗਰਮ ਦੁਵੱਲਾ ਰਾਬਤਾ ਸਜਿੰਦ
ਰੂਪ ’ਚ ਕਾਇਮ ਰੱਖ ਸਕੀ।
ਇਸ ਸਿਦਕੀ ਤੇ ਲੰਮੇ ਘੋਲ ਦੌਰਾਨ ਸਾਬਤ ਕਦਮੀ ਖੜ੍ਹੇ ਸੰਕਟ ’ਚ ਜਥੇਬੰਦ ਜਨਤਕ ਹਮਾਇਤ ਦਾ ਮਹੱਤਵਪੂਰਨ ਰੋਲ ਹੈ। ਵੱਖ
ਵੱਖ ਮੁਲਾਜ਼ਮ ਤਬਕਿਆਂ ਖੇਤ ਮਜ਼ਦੂਰਾਂ ਤੇ ਕਿਸਾਨੀ ਦੀਆਂ ਜਥੇਬੰਦੀਆਂ ਦੀ ਹਰ ਤਰ੍ਹਾਂ ਦੀ ਵਿਆਪਕ ਹਮਾਇਤ
ਨੇ ਅਹਿਮ ਹਿੱਸਾ ਪਾਇਆ। ਵਿਸ਼ੇਸ਼ ਕਰਕੇ ਠੇਕਾ ਕਾਮਿਆਂ ਦੀਆਂ ਕਈ ਵੰਨਗੀਆਂ ਨੇ ਘੋਲ ਨੂੰ ਆਪਣੇ ਘੋਲ ਵਾਂਗ ਲੈ ਕੇ ਸਰੋਕਾਰ
ਜੋੜਿਆ ਤੇ ਵੱਡੀ ਗਿਣਤੀ ’ਚ ਲਾਮਬੰਦੀ ਕੀਤੀ। ਇਸ ਘੋਲ ਦਾ ਪਸਾਰਾ ਕਰਨ, ਹੋਰਨਾਂ ਹਿੱਸਿਆਂ ਤੇ ਖੇਤਰਾਂ ’ਚ ਲੋਕਾਂ ਦੇ ਸਰੋਕਾਰ ਜੋੜਨ, ਹਕੂਮਤ ’ਤੇ ਸਾਂਝਾ ਦਬਾਅ ਬਨਾਉਣ’ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਝੰਡੇ
ਹੇਠ ਜੁੜੀ ਵਿਸ਼ਾਲ ਮੁਲਾਜ਼ਮ ਤਾਕਤ ਦਾ ਰੋਲ ਬਣਿਆ। ਖਾਸ
ਕਰਕੇ ਜੱਥੇਬੰਦ ਕਿਸਾਨੀ ਦੇ ਇਸ ਖਿੱਤੇ ’ਚ ਮੌਜੂਦਗੀ ਤੇ ਇਸ ਹਿੱਸੇ ਨਾਲ ਜਮਾਤ ਦੇ ਤੌਰ ’ਤੇ ਜੁੜੀਆਂ ਮਜ਼ਬੂਤ ਤੰਦਾਂ ਸਨ ਜਿਨ੍ਹਾਂ ਸਦਕਾ ਇਸ ਘੋਲ ਨੂੰ ਹਰ ਤਰ੍ਹਾਂ ਦੀ ਹਮਾਇਤ ਹਾਸਲ
ਹੋਈ। ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਜੱਥੇਬੰਦੀ ਦੇ ਤੌਰ ’ਤੇ ਘੋਲ ਦੀ ਹਰ ਤਰ੍ਹਾਂ ਦੀ ਹਮਾਇਤ
ਦੇ ਪੈਂਤੜੇ ਨੇ ਇੱਕ ਨਿੱਕੀ ਤਾਕਤ ਦੇ ਘਾਟੇਵੰਦੇ ਪੱਖ ਨੂੰ ਪੂਰ ਦਿੱਤਾ। ਠੇਕਾ
ਕਾਮਿਆਂ ਦਾ ਇੱਕ ਹਿੱਸਾ ਬਠਿੰਡਾ ਖੇਤਰ ਦੇ ਪਿੰਡਾਂ ’ਚੋਂ ਆਉਂਦਾ ਹੋਣ ਕਰਕੇ ਤੇ ਕਿਸਾਨੀ
ਪ੍ਰਵਾਰਾਂ ’ਚੋਂ ਹੋਣ ਕਰਕੇ ਕਿਸਾਨੀ ਦੀ ਹਮਾਇਤੀ ਢੋਈ ਸੁਭਾਵਿਕ ਬਣਦੀ ਸੀ। ਕਿਸਾਨੀ ਵੱਲੋਂ ਆਰਥਕ ਸਹਾਇਤਾ,
ਰਾਸ਼ਨ ਜੁਟਾਉਣ ਤੇ ਹੋਰ ਲੋੜਾਂ ਦੀ ਪੂਰਤੀ ਤੋਂ ਲੈ ਕੇ ਇੱਕਠਾਂ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਤੇ ਘੋਲ ਦੇ ਲੰਮਾਂ ਚਿਰ ਜਾਰੀ ਰਹਿਣ ਲਈ ਮਹੱਤਵਪੂਰਨ
ਰੋਲ ਨਿਭਾਇਆ। ਕਾਮਿਆਂ ਵੱਲੋਂ ਪਿੰਡਾਂ ’ਚ ਥਰਮਲ ਬੰਦ ਕਰਨ ਤੇ ਰੁਜ਼ਗਾਰ ਬਚਾਉਣ ਲਈ ਚਲਦੇ ਘੋਲ
ਦਾ ਪਸਾਰ ਕਰਨ ’ਚ ਇਹ ਜੱਥੇਬੰਦ ਕਿਸਾਨ ਹਿੱਸੇ ਅਹਿਮ ਸਾਧਨ ਬਣੇ ਤੇ ਪਿੰਡਾਂ ਵੱਲ
ਜਾਂਦੀਆਂ ਕਾਮਿਆਂ ਦੀਆਂ ਟੀਮਾਂ ਨੂੰ ਤਕੜਾਈ ਮਿਲੀ। ਇਸ ਘੋਲ ਦੌਰਾਨ ਕਿਸਾਨੀ ਦੀ ਹਮਾਇਤੀ ਢੋਈ ਦੀ ਭੂਮਿਕਾ
ਦਾ ਮਹੱਤਵ ਵਡੇਰੇ ਸੰਕੇਤ ਕਰਦਾ ਹੈ। ਮਜ਼ਦੂਰ ਜਮਾਤ ਦੇ ਘੋਲਾਂ ਦਾ ਜੱਥੇਬੰਦ ਕਿਸਾਨੀ ਨਾਲ
ਸਾਂਝਾ ਮੋਰਚਾ ਪਹੰੁਚ ਤੋਂ ਰਿਸ਼ਤਾ ਵਿਕਸਤ ਕਰਨ ਲਈ ਮੌਜੂਦ ਸੰਭਾਵਨਾਵਾਂ ਵੱਲ ਸੰਕੇਤ ਕਰਦਾ ਹੈ। ਖਾਸ ਕਰਕੇ ਸਾਡੇ ਮੁਲਕ ’ਚ ਕਿਸਾਨੀ ਪਿਛੋਕੜ ਤੋਂ ਵੀ ਅਗਾਂਹ, ਕਿਸਾਨੀ ਨਾਲ ਸਿੱਧੀਆਂ ਤੰਦਾਂ ਰਾਹੀਂ ਹੀ ਜੁੜੀ
ਹੋਈ ਮਜ਼ਦੂਰ ਜਮਾਤ ਦੀ ਮੌਜੂਦਗੀ ਸਾਂਝਾ ਮੋਰਚਾ ਪਹੁੰਚ ਤਹਿਤ ਘੋਲ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਸਮੋਈ
ਬੈਠੀ ਹੈ। ਛੋਟੇ ਪੈਮਾਨੇ ’ਤੇ ਹੋਇਆ ਇਹ ਘੋਲ ਇਸ ਪਹੁੰਚ ਨੂੰ ਲਾਗੂ ਕਰਨ ਲਈ ਵੱਡੇ ਸੰਕੇਤ ਮੁਹੱਈਆ
ਕਰਦਾ ਹੈ। ਸਾਂਝਾ ਮੋਰਚਾ ਉਸਾਰਨ ਪੱਖੋਂ ਸਾਂਝੀਆਂ ਮੰਗਾਂ ’ਤੇ ਮਜ਼ਦੂਰ ਕਿਸਾਨ ਗੱਠਜੋੜ ਲਈ
ਮੌਜੂਦ ਸੰਭਾਵਨਾਵਾਂ ’ਤੇ ਝਾਤ ਪੁਆਉਦਾ ਹੈ। ਜੱਥੇਬੰਦ
ਮਿਹਨਤਕਸ਼ ਪੇਂਡੂ ਜਮਾਤਾਂ ਦੀ ਹਮਾਇਤੀ ਢੋਈ ਮਜ਼ਦੂਰ ਜਮਾਤ ਦੀਆਂ ਛੋਟੀਆਂ ਟੁਕੜੀਆਂ ਨੂੰ ਵੀ ਵੱਡੀ ਚੋਟ
ਸਮਰੱਥਾ ਮੁਹੱਈਆ ਕਰ ਸਕਦੀ ਹੈ। ਖਾਸ ਕਰ ਜਦੋਂ ਉਹ ਰਾਜ ਪ੍ਰਬੰਧ ਚਲਾਉਣ ਪੱਖੋਂ ਅਹਿਮ
ਬਣਦੀਆਂ ਸਨੱਅਤਾਂ ’ਚ ਮੌਜੂਦ ਹੋਣ ਤਾਂ ਇਸ ਜੋਟੀ ਦਾ ਹੋਰ ਵੀ ਮਹੱਤਵ ਬਣ ਜਾਂਦਾ ਹੈ।
ਇਸ ਸੰਘਰਸ਼ ਦੌਰਾਨ ਕਾਂਗਰਸ ਹਕੂਮਤ ਦਾ ਪ੍ਰਗਟ ਹੋਇਆ ਰਵੱਈਆ ਜ਼ਾਹਰ
ਕਰਦਾ ਹੈ ਕਿ ਨਵੀਆਂ ਆਰਥਕ ਨੀਤੀਆਂ ਦੀ ਧੁੱਸ
ਤਹਿਤ ਬਿਜਲੀ ਖੇਤਰ ਨਿੱਜੀਕਰਨ ਦੇ ਰਾਹ ਅੱਗੇ ਵੱਧਣ ਲਈ ਉਹ ਕਿਸ ਹੱੱੱਦ ਤੱਕ ਜਾਣ ਦਾ ਇਰਾਦਾ ਰੱਖਦੀ
ਹੈ ਤੇ ਸਿਆਸੀ ਨੁਕਸਾਨ ਪੱਖੋਂ ਕਾਫੀ ਜੇਰਾ ਪ੍ਰਗਟਾ ਰਹੀ ਹੈ। ਬਿਜਲੀ
ਖੇਤਰ ’ਚ ਬਾਕੀ ਸਰਕਾਰੀ ਥਰਮਲ ਪਲਾਂਟਾਂ ਦੀ ਸਫ ਵਲੇ੍ਹਟਣ ਅਤੇ ਗਰਿਡਾਂ ਤੋਂ
ਲੈ ਕੇ ਹਰ ਖੇਤਰ ਨੂੰ ਨਿੱਜੀ ਕੰਪਨੀਆਂ ਹਵਾਲੇ ਕਰਨ ਦੇ ਕਦਮ ਚੁੱਕਣ ਲਈ ਇਸ ਨੇ ਆਪਣੇ ਸਿਆਸੀ ਇਰਾਦਿਆਂ
ਦੀ ਨੁਮਾਇਸ਼ ਲਾ ਦਿੱਤੀ ਹੈ। ਇਨ੍ਹਾਂ ਵੱਡੇ ਹਮਲਿਆਂ ਖਿਲਾਫ ਟਾਕਰੇ ਲਈ ਬਿਜਲੀ ਮੁਲਾਜ਼ਮ ਲਹਿਰ ਤਾਂ ੳੂਣੀ ਹੈ ਹੀ ਪਰ ਸਮੁੱਚੀ
ਜਨਤਕ ਲਹਿਰ ਦੀ ਕਮਜ਼ੋਰੀ ਵੀ ਅਜੇ ਇਹ ਹਮਲੇ ਠੱਲ੍ਹਣ ਜੋਗੀ ਨਹੀਂ ਹੈ। ਇਸ
ਲਈ ਸਮੁੱਚੀ ਜਨਤਕ ਲਹਿਰ ਦਾ ਪੱਧਰ ਨੀਤੀ ਮੁੱਦਿਆਂ ਤੱਕ ਲੈ ਕੇ ਜਾਣ ਦੀ ਜਰੂਰਤ ਹੋਰ ਵਧੇਰੇ ਅਣਸਰਦੀ
ਲੋੜ ਵਜੋਂ ਪੇਸ਼ ਹੋ ਰਹੀ ਹੈ ਤੇ ਇਨਕਲਾਬੀ ਸ਼ਕਤੀਆਂ ਲਈ ਇਸ ਦਿਸ਼ਾ ’ਚ ਯਤਨ ਜੁਟਾਉਣ ਦੀ ਲੋੜ ਉਭਾਰ ਰਹੀ ਹੈ। ਅਹਿਮ ਨੀਤੀ ਮੁੱਦੇ ਹੀ ਮਿਹਨਤਕਸ਼ ਜਨਤਾ ਦੀ ਵਿਸ਼ਾਲ ਏਕਤਾ
ਲਈ ਹਵਾਲਾ ਬਣ ਸਕਦੇ ਹਨ। ਇਸ ਲਈ ਜਨਤਾ ਦੀਆਂ ਘੋਲ ਸਰਗਰਮੀਆਂ ਦੌਰਾਨ ਵਿਕਸਿਤ ਚੇਤਨਾ ਵਾਲੇ ਮੰਚਾਂ ਤੇ ਪਲੇਟਫਾਰਮਾਂ
ਨੂੰ ਹੋਰ ਵਧੇਰੇ ਸਰਗਰਮ ਹੋਣ ਦੀ ਜਰੂਰਤ ਹੈ । ਇਸ ਪੱਖੋਂ ਇਸ ਘੋਲ ਦੌਰਾਨ ਵੀ ਪੰਜਾਬ ਦੇ ਮੁਲਾਜ਼ਮਾਂ
’ਚ ਸਰਗਰਮ ਵਰਗ ਚੇਤਨਾ ਮੰਚ ਵੱਲੋਂ ਅਜਿਹੇ ਯਤਨ ਦਿਖੇ ਹਨ। ਇਸ ਮੰਚ ਵੱਲੋਂ ਜਥੇਬੰਦ ਹਿੱਸਿਆਂ ਦੀਆਂ ਵੱਖ ਵੱਖ ਪਰਤਾਂ ਤੱਕ ਬਿਜਲੀ ਕਨੂੰਨ 2003 ਬਾਰੇ ਤੇ ਪ੍ਰਾਈਵੇਟ ਥਰਮਲਾਂ ਨਾਲ ਹੋਏ ਸਮਝੌਤਿਆਂ
ਬਾਰੇ ਸੋਝੀ ਵਿਕਸਿਤ ਕਰਨ ਤੇ ਪ੍ਰਚਾਰ ਲਿਜਾਣ ਲਈ ਛੋਟੇ ਪਰ ਗੰਭੀਰ ਉੱਦਮ ਜੁਟਾਏ ਗਏ ਹਨ। ਪਰ ਜਰੂਰਤ ਪੱਖੋਂ ਇਹ ਯਤਨ ਟੁੁੱਟਵੇਂ ਤੇ ੳੂਣੇ ਹਨ। ਇਹਨਾਂ
ਨੂੰ ਹੋਰ ਵਧਾਉਣ ਤੇ ਲਗਾਤਾਰਤਾ ਬਖਸ਼ਣ ਦੀ ਜਰੂਰਤ ਹੈ ਜਿਹੜੀ ਇਨਕਲਾਬੀ ਕਾਰਕੁੰਨਾਂ ’ਚ ਇਸ ਕਾਰਜ ਦੇ ਮਹੱਤਵ ’ਤੇ ਪਕੜ ਬਣਾਉਣ ਦੀ ਲੋੜ ਉਭਾਰਦੀ ਹੈ। ਘੋਲਾਂ ਦੀਆਂ ਪਦਾਰਥਕ ਪ੍ਰਾਪਤੀਆਂ ਦੇ ਨਾਲ ਨਾਲ ਸਿਆਸੀ ਪ੍ਰਾਪਤੀਆਂ ਅੰਗਣ ਵੇਲੇ ਅਹਿਮ ਨੀਤੀ
ਮੁੱਦਿਆਂ ਬਾਰੇ ਲੋਕਾਂ ਦੀ ਚੇਤਨਾ ਦੇ ਵਿਕਾਸ ਨੂੰ ਵੀ ਪੈਮਾਨਾ ਬਣਾਉਣਾ ਚਾਹੀਦਾ ਹੈ।
ਥਰਮਲ ਸੰਘਰਸ਼ ਦੀਆਂ ਹੋਰਨਾਂ ਪਦਾਰਥਕ ਤੇ ਸਿਆਸੀ ਪ੍ਰਾਪਤੀਆਂ ਦੇ ਨਾਲ ਨਾਲ ਵੱਖ ਵੱਖ ਮਿਹਨਤਕਸ਼ ਤਬਕਿਆਂ ਦੀ ਆਪਸੀ ਸਾਂਝ ਵਿਕਸਿਤ ਹੋਣ ਵੱਲ ਵਧਣ ਦੀ ਪ੍ਰਾਪਤੀ
ਸਭ ਤੋਂ ਅਹਿਮ ਤੇ ਉਭਰਵੀਂ ਹੈ, ਖਾਸ ਕਰਕੇ ਨਿੱਜੀਕਰਨ ਦੀਆਂ ਨੀਤੀਆਂ ਦੇ
ਹਮਲੇ ਦੌਰਾਨ ਸਭਨਾਂ ਤਬਕਿਆਂ ਦੀ ਸਾਂਝ ਵਾਲੇ ਸੰਘਰਸ਼ਾਂ ਦਾ ਮਹੱਤਵ ਉਘਾੜਨ ਪੱਖੋਂ ਇਸ ਘੋਲ ਨੇ ਅਹਿਮ
ਯੋਗਦਾਨ ਪਾਇਆ ਹੈ।
No comments:
Post a Comment