ਥਰਮਲ ਠੇਕਾ ਕਾਮਿਆਂ ਦੇ ਸਿਦਕ ਤੇ ਸਿਰੜ ਨੂੰ ਮਿਲੀ
ਕਾਮਯਾਬੀ !
ਥਰਮਲ ਕਾਮਿਆਂ ਲਈ ਪ੍ਰਾਪਤੀਆਂ ਤੇ ਹੋਰਾਂ ਲਈ ਸਬਕ!
ਨਿਗੂਣੇ ਠੇਕਾ ਰੁਜ਼ਗਾਰ ’ਤੇ ਵੀ ਝੁਪੱਟ-ਮਾਰੂ ਹਕੂਮਤੀ-ਹੱਲੇ ਖਿਲਾਫ਼ ਪੱਕਾ ਮੋਰਚਾ ਲਾ ਕੇ ਲਗਾਤਾਰ ਤਿੰਨ ਮਹੀਨੇ ਡਟੇ ਰਹੇ ਠੇਕਾ ਕਾਮਿਆਂ ਦੇ ਸੰਘਰਸ਼,
ਸਿਦਕ ਤੇ ਸਿਰੜ ਨੂੰ ਸਲਾਮਾਂ ਹੋ ਰਹੀਆਂ ਹਨ। ਰੁਜ਼ਗਾਰ
ਬਚਾ ਲੈਣ ਦੀਆਂ ਵਧਾਈਆਂ ਮਿਲ ਰਹੀਆਂ ਹਨ।
ਵਧਾਈਆਂ ਦੇ ਹੱਕਦਾਰ
ਜਿਹੜੇ ਅਜੇ ਜਥੇਬੰਦੀ ਚਲਾਉਣ ਤੇ ਸੰਘਰਸ਼ ਕਰਨ ਵਿਚ ਪੂਰੇ
ਸਿੱਖਿਅਤ ਨਾ ਹੋਣ, ਜਿੰਨ੍ਹਾਂ ਨੂੰ ਧਰਨੇ
ਮਾਰਨੇ ਤਾਂ ਆਉਂਦੇ ਹੋਣ ਪਰ ਪੱਕੇ ਮੋਰਚੇ ਲਾਉਣ-ਚਲਾਉਣ ਤੇ ਲੰਮੇ ਘੋਲ ਲੜਨ
ਦਾ ਵੱਲ ਤੇ ਸੋਝੀ ਨਾ ਹੋਵੇ, ਜਿਹੜੇ ਚੋਣਾਂ ਵਿਚ ਪਾਰਟੀਆਂ ਦੀ ਲੋਕ-ਦੋਖੀ ਖਸਲਤ ਨੂੰ ਫੜ ਨਾ ਸਕਦੇ ਹੋਣ, ਜਿੰਨ੍ਹਾਂ ਦੀ ਆਵਦੀ ਕੁੱਲ
ਗਿਣਤੀ ਘੱਟ ਹੋਵੇ ਤੇ ਅੱਗੋਂ ਘੋਲ ਵਿਚ ਹੋਰ ਵੀ ਘੱਟ ਹਾਜ਼ਰ ਹੁੰਦੇ ਹੋਣ, ਜਿੰਨ੍ਹਾਂ ਨੂੰ ਅਜੇ ਅਫ਼ਸਰੀ-ਚਾਲਾਂ ਤੇ ਸਰਕਾਰ ਦੀ ਚੁੱਪੀ ਦਾ ਬੋਧ
ਨਾ ਹੋਵੇ, ਜਿੰਨ੍ਹਾਂ ਨੂੰ ਲੋਕਾਂ ਵੱਲੋਂ ਮਿਲ ਸਕਦੀ ਹਮਾਇਤ ਦਾ ਗਿਆਨ ਨਾ
ਹੋਵੇ, ਜਿੰਨ੍ਹਾਂ ਦੀ ਸੰਘਰਸ਼ ਵਿਚ ਚੱਤੋ ਪਹਿਰ ਰਹਿਣ ਦੀ ਲੋੜ ਨੂੰ ਘਰ ਦੀ
ਗਰੀਬੀ ਰੋਕਦੀ ਹੋਵੇ, ਜਿਹੜੇ ਬੀਮਾਰ ਜੀਆਂ ਦੀ ਦਵਾਈ ਨਾ ਦਿਵਾ ਸਕਣ ਤੇ ਇਮਤਿਹਾਨਾਂ
ਦੇ ਦਿਨਾਂ ਵਿਚ ਬੱਚਿਆਂ ਦੀ ਫੀਸ ਨਾ ਭਰ ਸਕਣ ਕਰਕੇ ਘਰ ਵਿਚ ਪੈਦਾ ਹੁੰਦੇ ਰਹਿੰਦੇ ਤਣਾਅ ਤੇ ਕਲੇਸ਼
ਦੇ ਹੁੰਦਿਆਂ ਵੀ ਮੋਰਚੇ ਵਿਚ ਡਟੇ ਰਹੇ ਹੋਣ, ਜਿੰਨ੍ਹਾਂ ’ਤੇ ਪ੍ਰਸ਼ਾਸ਼ਨ ਵੱਲੋਂ ਪੁਲਸ ਕੇਸ ਪਾਏ ਗਏ ਹੋਣ, ਜਿੰਨ੍ਹਾਂ ਨੂੰ ਮੈਨੇਜਮੈਂਟ ਵਾਰ ਵਾਰ ਸਬਜ਼ ਬਾਗ ਵਿਖਾ ਕੇ ਮੁੱਕਰ ਜਾਂਦੀ
ਰਹੀ ਹੋਵੇ, ਜਿੰਨ੍ਹਾਂ ਨੂੰ ਮੁੱਖ ਮੰਤਰੀ ਬੁਲਾ ਕੇ ਗੱਲ ਸੁਣਨ ਦੀ ਥਾਂ ਅਖਬਾਰਾਂ
ਰਾਹੀਂ ਧਮਕਾਉਂਦਾ ਹੋਵੇ, ਜਿੰਨ੍ਹਾਂ ਦੀਆਂ ਮੰਗਾਂ ਨੂੰ ਗਲਤ ਕਰਾਰ ਦੇਣ ਲਈ
ਵਿੱਤ ਮੰਤਰੀ ਝੂਠੇ ਤੱਥਾਂ ਤੇ ਅੰਕੜਿਆਂ ਨੂੰ ਸਰਕਾਰੀ ਮੀਡੀਏ ਰਾਹੀਂ ਪਰਚਾਰਦਾ ਰਿਹਾ ਹੋਵੇ,
ਇਸ ਸਭ ਦੇ ਬਾਵਜੂਦ, ਜਿਹੜੇ ‘‘ਪਾਣੀ ਵਿਚ ਵੜ ਕੇ ਹੀ, ਤੈਰਨਾ ਸਿਖਿਆ
ਜਾ ਸਕਦਾ ਹੈ’’ ਨੂੰ ਮੰਨ ਕੇ ਸੰਘਰਸ਼ ਦੇ ਅਖਾੜੇ ਵਿਚ ਕੁੱਦੇ ਹੋਣ
ਤੇ ਤਿੰਨ ਮਹੀਨੇ ਘੋਲ ਨੂੰ ਚਲਾਉਂਦੇ ਰਹੇ ਹੋਣ ਅਤੇ ਜਿੱਤ ਪ੍ਰਾਪਤ ਕਰ ਕੇ ਉੱਠੇ ਹੋਣ, ਉਹਨਾਂ ਨੂੰ ਵਧਾਈਆਂ ਤਾਂ ਮਿਲਦੀਆਂ ਹੀ ਹਨ।
ਮੰਗਾਂ
: ਪਹਿਲੀ ਤੋਂ ਜਵਾਬ, ਦੂਜੀ ਮੰਨੀ। ਪਹਿਲੀ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਇਸ ਸੰਘਰਸ਼ ਦੀਆਂ ਦੋ ਮੰਗਾਂ ਸਨ। ਜਿੰਨ੍ਹਾਂ
ਵਿਚੋਂ ਸਰਕਾਰ ਨੇ ਇੱਕ ਮੰਨ ਲਈ ਹੈ ਤੇ ਇੱਕ ਨੂੰ ਮੰਨਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਜਿਸ ਮੰਗ ਨੂੰ ਮੰਨਣ ਤੋਂ ਕੋਰਾ ਜਵਾਬ ਦਿੱਤਾ ਹੈ। ਇਹ
ਮੰਗ, ਕਾਰਪੋਰੇਟ ਵਿਕਾਸ
ਮਾਡਲ ਦੀ ਦਿਸ਼ਾ-ਸੇਧ ਵਿਚ ਸਰਕਾਰ ਵੱਲੋਂ ਬਠਿੰਡਾ ਥਰਮਲ ਬੰਦ ਕਰਨ ਦੇ ਕੀਤੇ
ਫੈਸਲੇ ਨੂੰ ਵਾਪਸ ਕਰਵਾਉਣ ਦੀ ਮੰਗ ਹੈ। ਇਹ ਮੰਗ ਮੰਨਵਾਉਣ ਪੱਖੋਂ ਥਰਮਲਾਂ ਦੇ ਠੇਕਾ ਕਾਮਿਆਂ
ਦੀ ਸਮਰੱਥਾ ਗਿਣਤੀ ਪੱਖੋਂ ਵੀ ਤੇ ਗੁਣ ਪੱਖੋਂ ਵੀ ਬਹੁਤ ਛੋਟੀ ਹੈ। ਹਮਾਇਤ
ਦਾ ਘੇਰਾ ਤਾਂ ਕਾਫ਼ੀ ਵੱਡਾ ਬਣਿਆ, ਰਾਸ਼ਨ-ਫੰਡ ’ਚ ਕੋਈ ਕਸਰ ਨਹੀਂ ਰਹਿਣ ਦਿੱਤੀ। ਪਰ
ਉਹ ਘੋਲ ਵਿਚ ਨਹੀਂ ਆਇਆ। ਮੁਲਾਜ਼ਮ ਲਹਿਰ, ਬਿਜਲੀ ਮੁਲਾਜ਼ਮ
ਲਹਿਰ ਵੀ ਵੰਡੀ-ਪਾਟੀ ਹੋਣ ਕਰਕੇ ਇਸ ਘੋਲ ਨੂੰ ਸਫ਼ਲਤਾ ਤੱਕ ਲਿਜਾਣ ਤੇ ਇਹ
ਮੰਗ ਮੰਨਵਾ ਲੈਣ ਵਿਚ ਬਣਦਾ ਹਿੱਸਾ ਨਹੀਂ ਪਾ ਸਕੀ। ਸਰਕਾਰ
ਤੇ ਮੈਨੇਜਮੈਂਟ ਨੇ ਇਹ ਮੰਗ ਨਾ ਮੰਨੀ, ਜ਼ਿਲ੍ਹਾ ਪ੍ਰਸ਼ਾਸ਼ਨ
ਵੀ ਇਹ ਮੰਗ ਛੱਡ ਦੇਣ ਲਈ ਦਬਾਅ ਪਾਉਂਦਾ ਰਿਹਾ। ਇਹਨਾਂ
ਕਾਮਿਆਂ ਵੱਲੋਂ ਇਸ ਮੰਗ ਨੂੰ ਆਵਦੇ ਸੰਘਰਸ਼ ਦੀ ਪਹਿਲੀ ਮੰਗ ਬਣਾ ਕੇ ਲਿਖਤੀ ਤੇ ਜ਼ਬਾਨੀ ਪ੍ਰਚਾਰਦੇ ਤੇ
ਉਭਾਰਦੇ ਰਹਿਣਾ, ਸਰਕਾਰ ਦੀ ਕਾਰਪੋਰੇਟਾਂ
ਪੱਖੀ ਅੜੀ ਨੂੰ ਵੇਖਦਿਆਂ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ’ਤੇ ਮੈਨੇਜਮੈਂਟ ਨੂੰ ਸਹਿਮਤ ਕਰਵਾ ਲੈਣਾ ਤੇ ਮੋਰਚੇ ਦੀ ਸਟੇਜ਼ ਤੋਂ ਸਮਝੌਤੇ
ਦਾ ਐਲਾਨ ਕਰਨ ਵੇਲੇ ਮੈਨੇਜਮੈਂਟ ਤੇ ਭਰਾਤਰੀ ਜਥੇਬੰਦੀਆਂ ਦੀ ਹਾਜ਼ਰੀ ਵਿਚ ਇਸ ਮੰਗ ’ਤੇ ਸੰਘਰਸ਼ ਨੂੰ ਬਦਲਵੀਆਂ ਸ਼ਕਲਾਂ ਵਿਚ ਜਾਰੀ ਰੱਖਣ ਦਾ ਐਲਾਨ ਕਰਨਾ, ਇਹਨਾ ਠੇਕਾ ਕਾਮਿਆਂ ਦਾ ਸ਼ਲਾਘਾਯੋਗ ਕਦਮ ਹੈ।
ਦੂਜੀ ਮੰਗ,
ਠੇਕਾ ਕਾਮਿਆਂ ਦਾ ਰੁਜ਼ਗਾਰ ਬਚਾਉਣ ਦੀ ਸੀ। ਸਰਕਾਰ
ਨੇ ਥਰਮਲ ਬੰਦ ਕਰਨ ਦਾ ਫੈਸਲਾ ਕਰਨ ਸਮੇਂ ਕੀਤੇ ਨੋਟੀਫੀਕੇਸ਼ਨ ਵਿਚ ਦਰਜ ਕੀਤਾ ਹੋਇਆ ਸੀ ਕਿ ਠੇਕਾ ਕਾਮਿਆਂ
ਨੂੰ ਰੁਜ਼ਗਾਰ ਤੋਂ ਕੱਢਿਆ ਨਹੀਂ ਜਾਵੇਗਾ। ਪਰ ਨੋਟੀਫੀਕੇਸ਼ਨ ਵਿਚ ਇਹ ਨਹੀਂ ਲਿਖਿਆ ਹੋਇਆ ਸੀ ਕਿ
ਰੱਖਣਾ ਕਿੱਥੇ ਹੈ। ਵਿੱਤ ਮੰਤਰੀ ਤੇ ਸਿਹਤ ਮੰਤਰੀ ਨਾਲ ਵੱਖ ਵੱਖ ਹੋਈਆਂ ਮੀਟਿੰਗਾਂ ਸਮੇਂ ਵੀ ਕਿੱਥੇ ਰੱਖਣਾ ਹੈ, ਕਿਸੇ ਨੇ ਨਹੀਂ ਦੱਸਿਆ। ਥਰਮਲ ਬੰਦ ਹੋ ਜਾਣ ਨਾਲ ਰੁਜ਼ਗਾਰ ਨੂੰ ਖੜ੍ਹੇ ਹੋਏ ਖਤਰੇ ਅਤੇ ਥਰਮਲ ਮੈਨੇਜਮੈਂਟ ਵੱਲੋਂ ਠੇਕਾ
ਕਾਮਿਆਂ ਦੀ ਛਾਂਟੀ ਕਰਨ ਲਈ ਬਣਾਈ 28 ਵਰਕਰਾਂ
ਦੀ ਲਿਸਟ ਨੂੰ ਵੇਖਦਿਆਂ, ਰੁਜ਼ਗਾਰ ਬਚਾਉਣ ਦੀ ਮੰਗ ਮੁੱਖ ਮੰਗ ਬਣ ਗਈ।
ਮੈਨੇਜਮੈਂਟ ਵੀ ਸਰਕਾਰ ਵਾਂਗ ਸਿਦਕ ਪਰਖਦੀ ਰਹੀ !
ਰੁਜ਼ਗਾਰ ਬਚਾਉਣ ਦੀ ਮੰਗ ਨੂੰ ਵੀ ਸਰਕਾਰ ਸੁਣਨ ਲਈ ਤਿਆਰ ਨਾ ਹੋਈ। ਵਿੱਤ ਮੰਤਰੀ ਨੇ ਮੀਟਿੰਗ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ। ਮੈਨੇਜਮੈਂਟ
ਰੁਜ਼ਗਾਰ ਬਚਾਉਣ ਤੋਂ ਅਗਾਂਹ, ਰੁਜ਼ਗਾਰ ਵਧਾਉਣ,
ਇੱਕ ਵਾਰ ਡੇਲੀ ਵੇਜ਼ ’ਤੇ ਰੱਖ ਕੇ ਵਰਕਚਾਰਜ ਬਣਾਉਣ
ਤੇ 20000 ਤਨਖਾਹ ਦੇਣ ਦੀ ਤਜਵੀਜ਼ ਲਿਆਈ
ਅਤੇ ਦੂਜੀ ਵਾਰ, ਮਹਿਕਮੇ ਵਿਚ ਠੇਕੇ ’ਤੇ ਲੈਣ ਦੀ ਤਜਵੀਜ਼ ਲਿਆਈ। ਦੋਵੇਂ ਵਾਰ ਮੁੱਕਰ ਗਈ। ਵਰਕਰਾਂ
ਨੂੰ ਪਤਿਆ ਕੇ ਮੋਰਚਾ ਉਠਾਉਣ ਲਈ ਪੱਤਾ ਖੇਡਿਆ,
ਪਰ ਕਾਮਯਾਬੀ ਨਾ ਮਿਲੀ।
ਸਾਂਝੇ ਘੋਲ ਦੀ ਜਿੱਤ
ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ --ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ,
ਪਾਵਰਕਾਮ ਦੇ ਠੇਕਾ ਕਾਮਿਆਂ ਦੀ ਜਥੇਬੰਦੀ ਤੇ ਸਰਕਾਰੀ ਥਰਮਲਾਂ ਦੇ ਠੇਕਾ ਕਾਮਿਆਂ
ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਾਂਝੀ ਮੰਗ ਬਣਾ ਕੇ 15 ਮਾਰਚ ਨੂੰ ਮੁੱਖ
ਦਫਤਰ ਮੂਹਰੇ ਰੈਲੀ ਕੀਤੀ ਗਈ। ਰੈਲੀ ਵਿਚ ਸੱਤ ਹਜ਼ਾਰ ਦੇ ਲੱਗਭੱਗ ਮੁਲਾਜ਼ਮਾਂ ਦਾ ਇਕੱਠ
ਹੋਇਆ। ਇਸ ਇਕੱਠ ਵਿਚ ਇਥੋਂ ਵਰਕਰ ਤੇ ਪਰਿਵਾਰ ਦਸ ਵੱਡੀਆਂ ਬੱਸਾਂ ਤੇ ਟਰੇਨ ਰਾਹੀਂ ਪਹੁੰਚੇ। ਇਸ ਰੋਹ ਭਰਪੂਰ ਕੱਠ ਨੇ ਮੈਨੇਜਮੈਂਟ ਨੂੰ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੇ ਮੰਗਾਂ ਮੰਨਣ
ਲਈ ਮਜਬੂਰ ਕਰਨ ਪੱਖੋਂ ਫੈਸਲਾਕੰੁਨ ਸੱਟ ਮਾਰੀ।
ਮੰਗ ਮੰਨੀ ਗਈ
ਮੀਟਿੰਗ ਵਿਚ ਮੈਨੇਜਮੈਂਟ ਤੇ ਵਰਕਰਾਂ ਦੀਆਂ ਦੋਵਾਂ ਧਿਰਾਂ ਵਿਚ ਬਣੀ
ਸਹਿਮਤੀ ਨੂੰ ਇਕਰਾਰਨਾਮੇ ਦੇ ਰੂਪ ਵਿਚ ਅਸ਼ਟਾਮ ਪੇਪਰ ’ਤੇ ਲਿਖਿਆ ਗਿਆ ਹੈ। ਸਹਿਮਤੀ ਬਣੀ ਕਿ ਵਰਕਰ ਜਿਵੇਂ ਪਹਿਲਾਂ ਠੇਕੇਦਾਰ ਰਾਹੀਂ ਥਰਮਲ ਵਿਚ ਕੰਮ ਕਰਦੇ ਸਨ ਹੁਣ ਉਸੇ
ਤਰ੍ਹਾਂ ਪਾਵਰਕਾਮ ਦੀ ਜੁੰਮੇਵਾਰੀ ਵਿਚ ਪੈਸਕੋ ਰਾਹੀਂ ਪਾਵਰਕਾਮ ਦੇ ਪੱਛਮ ਜ਼ੋਨ ਬਠਿੰਡਾ ਦੇ ਦਫਤਰਾਂ/ ਕਾਰਜਾਂ/ ਸਬ ਸਟੇਸ਼ਨਾਂ
’ਤੇ ਐਡਜਸਟ ਹੋਣਗੇ। ਇਹ ਪੈਸਕੋ (ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ) ਸਰਕਾਰੀ
ਰਿਕਾਰਡ ਵਿਚ ਆਊਟ ਸੋਰਸਿੰਗ ਏਜੰਸੀ ਗਿਣੀ ਜਾਂਦੀ ਹੈ। ਸਾਲ 2016 ਵਿਚ ਆਊਟ ਸੋਰਸਿੰਗ ਸਟਾਫ਼ ਨੂੰ ਵਿਭਾਗਾਂ
ਵਿਚ ਲੈਣ ਦੇ ਬਣੇ ਕਾਨੂੰਨ ਦਾ ਇਹਨਾਂ ਵਰਕਰਾਂ ਨੂੰ ਲਾਭ ਮਿਲੇਗਾ। ਪਹਿਲਾਂ ਮਿਲਦੀ ਤਨਖਾਹ ਸੁਰੱਖਿਅਤ ਰਹੇਗੀ ਤੇ ਉਸ ਨਾਲ 500 ਰੁਪਏ ਦਾ ਜਨਰਲ ਭੱਤਾ ਮਿਲੇਗਾ। ਸਰਕਾਰ ਤੇ ਕਿਰਤ ਵਿਭਾਗ ਵੱਲੋਂ ਠੇਕਾ ਕਾਮਿਆਂ ਦੀ ਤਨਖਾਹ ਵਿਚ ਕੀਤਾ ਜਾਣ ਵਾਲਾ ਵਾਧਾ ਇਹਨਾ
ਵਰਕਰਾਂ ’ਤੇ ਲਾਗੂ ਹੋਵੇਗਾ। ਮਾਰਚ ਮਹੀਨੇ ਵਿਚ ਜਿੰਨ੍ਹਾਂ ਵਰਕਰਾਂ ਦਾ ਕਿਸੇ ਥਾਂ
ਈ.ਪੀ.ਐਫ.
ਨਹੀਂ ਕੱਟਿਆ ਗਿਆ, ਉਹਨਾਂ ਨੂੰ ਤਨਖਾਹ ਮਿਲੇਗੀ। ਚਾਹੇ ਇਸ ਲਿਖਤ ਵਿਚ ਇਹ ਗੱਲ ਲਿਖੀ ਹੋਈ ਹੈ ਕਿ ਇਹਨਾਂ ਵਰਕਰਾਂ ਨੂੰ ਰੈਗੂਲਰ ਕਰਨ ਦੀ ਮੰਗ
ਕਰਨ ਦਾ ਹੱਕ ਨਹੀਂ ਹੈ ਪਰ ਨਾਲ ਹੀ ਇਹ ਵੀ ਲਿਖਿਆ ਹੋਇਆ ਹੈ ਕਿ ਸਾਲ 2016 ਦਾ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੇ
ਮਹਿਕਮਿਆਂ ਵਿਚ ਲੈਣ ਵਾਲਾ ਐਕਟ, ਜੇ ਸਰਕਾਰ ਨੇ ਲਾਗੂ ਕੀਤਾ ਤਾਂ ਇਹਨਾਂ
ਵਰਕਰਾਂ ’ਤੇ ਵੀ ਲਾਗੂ ਹੋਵੇਗਾ।
ਪ੍ਰਾਪਤੀਆਂ ਹੋਰ ਵੀ ਹਨ
ਤਿੰਨ ਮਹੀਨੇ ਲਗਾਤਾਰ ਚੱਲੇ ਇਸ ਸੰਘਰਸ਼ ਨੇ ਜਿਥੇ ਰੁਜ਼ਗਾਰ
ਬਚਾਇਆ ਹੈ, ਉਥੇ ਜਥੇਬੰਦੀ ਤੇ
ਸੰਘਰਸ਼ ਨਾਲ ਜੁੜ ਕੇ ਹੋਰ ਵੀ ਕਈ ਕੁਝ ਸਿਖਾਇਆ ਹੈ, ਝੋਲੀ ਪਾਇਆ ਹੈ।
ਦਸੰਬਰ ਮਹੀਨੇ ਵਿਚ ਥਰਮਲ ਚੀਫ ਵੱਲੋਂ ਅਤੇ ਪਟਿਆਲਾ ਮੁੱਖ ਦਫਤਰ ਵੱਲੋਂ
ਵਰਕਰਾਂ ਨੂੰ ਪੈਸਕੋ ਨੂੰ ਸਿੱਧੇ ਖੁਦ ਜਾ ਕੇ ਕੰਮ ਲਈ ਅਰਜ਼ੀ ਦੇਣ ਦਾ ਕਿਹਾ ਜਾ ਰਿਹਾ ਸੀ, ਜਿਸ ਨੂੰ ਸੰਘਰਸ਼ ਨੇ ਹੁਣ ਵਾਲਾ ਫੈਸਲਾ ਬਣਾ ਦਿੱਤਾ
ਹੈ।
ਤਿੰਨ ਮਹੀਨੇ ਲੰਮੇ ਚੱਲੇ ਇਸ ਘੋਲ ਨੇ ਜਿਥੇ, ਸਰਕਾਰ, ਮੈਨੇਜਮੈਂਟ
ਤੇ ਜਿਲਾ ਪ੍ਰਸ਼ਾਸ਼ਨ ਦਾ ‘‘ਬੱਸ ਇੱਕ ਦੋ ਦਿਨਾਂ ਵਿਚ ਉੱਠ ਜਾਣਗੇ’’ ਦਾ ਭਰਮ ਤੋੜਿਆ ਹੈ। ਉਥੇ,
ਇਹਨਾਂ ਵਰਕਰਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਸੋਝੀ, ਜਾਚ
ਤੇ ਤਾਕਤ ਬਖਸ਼ੀ ਹੈ। ਉਹਨਾਂ ਵੱਲੋਂ ਕਾਫ਼ੀ ਕੁਝ ਸਿੱਖੇ ਹੋਣ ਦੇ ਝਲਕਾਰੇ ਦਿਖਾਈ
ਦੇ ਰਹੇ ਹਨ।
ਉਹਨਾਂ ਨੇ ਹਮਾਇਤ ਲੈਣੀ ਤੇ ਦੇਣੀ ਸਿੱਖ ਲਈ ਸੀ। ਜਦੋਂ ਸ਼ਹਿਰ ਵਿਚ ਵੱਡਾ ਮੁਜ਼ਾਹਰਾ ਕਰਨਾ ਹੁੰਦਾ ਤਾਂ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਸੱਦ ਲੈਂਦੇ। ਭਰਾਤਰੀ ਜਥੇਬੰਦੀਆਂ ਵੀ ਝੱਟ ਆ ਕੰਨ੍ਹਾਂ ਲਾਉਂਦੀਆਂ। ਸਕੱਤਰੇਤ
ਮੂਹਰੇ ਧਰਨਾ ਮਾਰਨ ਆਈ ਹਰ ਜਥੇਬੰਦੀ ਦੇ ਧਰਨੇ ਵਿਚ ਸ਼ਾਮਲ ਹੁੰਦੇ ਰਹੇ ਹਨ। ਚਾਹ-ਰੋਟੀ ਦੀ ਸੇਵਾ ਕਰਦੇ
ਰਹੇ ਹਨ।
ਮਹਾਂਰਾਸ਼ਰ ਦੇ ਭੀਮਾ-ਕੋਰੇਗਾਂਓ ਵਿਖੇ ਦਲਿਤਾਂ ਖਿਲਾਫ਼ ਭੜਕਾਹਟਾਂ ਭੜਕਾਉਣ ਵਾਲੇ ਭਾਜਪਾ ਦੇ ਮੰਨੂਵਾਦੀ
ਕੱਟੜਪ੍ਰਸਤਾਂ ਦੇ ਵਿਰੁੱਧ ਅਤੇ ਦਲਿਤ ਭਾਈਚਾਰੇ ਦੇ ਹੱਕ ਵਿਚ ਮਤਾ ਪਾਸ ਕਰਨਾ ਤੇ ਭਾਜਪਾ ਦੇ ਕੱਟੜਪ੍ਰਸਤਾਂ
ਵੱਲੋਂ ਕੇਂਦਰ ਵਿੱਚ ਬਣੀ ਭਾਜਪਾ ਸਰਕਾਰ ਦੇ ਥਾਪੜੇ ਨਾਲ ਪਹਿਲਾਂ ਮੁਸਲਮ ਫਿਰਕੇ ਖਿਲਾਫ ਅਤੇ ਹੁਣ ਦਲਿਤ
ਭਾਈਚਾਰੇ ਖਿਲਾਫ ਆਪਣੀ ਫਿਰਕੂ ਸੋਚ ਦੇ ਕੀਤੇ ਜਾਂਦੇ ਪ੍ਰਗਟਾਵੇ ਦੇ ਵਿਰੋਧ ਵਿਚ ਮੁਸਲਮ ਤੇ ਦਲਿਤ ਭਾਈਚਾਰੇ
ਨਾਲ ਖੜ੍ਹਨ ਦਾ ਐਲਾਨ ਕਰਨਾ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜੇ ਮਾਫੀ ਦੇ ਡਰਾਮੇ ਨੂੰ ਕਿਸਾਨਾਂ
ਪ੍ਰਤੀ ਬਦਨੀਤ ਦਾ ਪ੍ਰਗਟਾਵਾ ਕਹਿਣਾ ਤੇ ਕਿਸਾਨਾਂ ਵਿੱਚ ਉਠ ਰਹੇ ਰੋਸ ਅਤੇ ਸੰਘਰਸ਼ ਨੂੰ ਬੁਲੰਦ ਕਰਨਾ,
ਵਰਕਰਾਂ ਅੰਦਰ ਭਾਈਚਾਰਕ ਤੇ ਜਮਾਤੀ ਸਾਂਝ ਦੀ ਵਿਕਸਿਤ ਹੋ ਰਹੀ ਸੋਝੀ ਦਾ ਇਜ਼ਹਾਰ ਹੈ।
ਰਾਸ਼ਨ ਤੇ ਫੰਡ ਲੋਕਾਂ ਵਿਚੋਂ ਇੱਕਠਾ ਕੀਤਾ ਜਾਂਦਾ ਰਿਹਾ ਹੈ। ਤਿੰਨ ਮਹੀਨੇ ਨਾ ਲੰਗਰ ’ਚ ਰਾਸ਼ਨ ਦੀ ਤੋਟ ਆਈ ਤੇ ਨਾ ਫੰਡ ਦਾ ਕਸਾਅ ਪਿਆ।
ਵਰਕਰਾਂ ਨੂੰ ਪ੍ਰੇਰਨਾ ਸਿੱਖ ਲਿਆ ਹੈ। ਮੋਰਚੇ
ਵਿਚ ਹਾਜ਼ਰੀ ਵਧਾਉਣ ਲੱਗ ਪਏ। ਪਰਿਵਾਰਾਂ ਤੇ ਬੱਚਿਆਂ ਨੂੰ ਨਾ ਸਿਰਫ਼ ਰੈਲੀਆਂ ਮੁਜ਼ਾਹਰਿਆਂ
ਵਿਚ ਲਿਆਉਣ ਲੱਗ ਪਏ, ਰਾਤਾਂ ਨੂੰ
ਵੀ ਉਥੇ ਰੱਖਣ ਲੱਗ ਪਏ। ਪਰਿਵਾਰਾਂ ਤੇ ਬੱਚਿਆਂ ਨੂੰ ਨਾਹਰੇ ਲਾਉਣ-ਲਵਾਉਣ ਤੋਂ ਅੱਗੇ ਭਾਸ਼ਣ ਕਰਨ ਵੀ ਲਾ ਲਿਆ ਗਿਆ
ਹੈ।
ਨਿੱਤ ਦਿਨ ਸ਼ਹਿਰ ਵਿਚ, ਕਦੇ ਕਿਸੇ ਮੁਹੱਲੇ, ਕਦੇ ਕਿਸੇ ਬਾਜ਼ਾਰ ਵਿਚ ਨਵੀਆਂ ਨਵੀਆਂ ਸ਼ਕਲਾਂ ਰਾਹੀਂ ਪ੍ਰਚਾਰ ਲਿਜਾਣਾ ਵੀ ਸਿੱਖ ਲਿਆ। ਪਿੰਡਾਂ ਵਿਚ ਜਾ ਕੇ ਰੈਲੀਆਂ ਵੀ ਕੀਤੀਆਂ ਗਈਆਂ ਹਨ।
ਵਿੱਤ ਮੰਤਰੀ ਬਠਿੰਡੇ ਸ਼ਹਿਰ ਦਾ ਐਮ.ਐਲ.ਏ. ਹੈ ਤੇ ਵੋਟਾਂ ਵੇਲੇ ਇਸਨੇ ਥਰਮਲ ਚਲਦਾ ਰੱਖਣ ਦੇ ਵਾਅਦੇ ਤੇ ਐਲਾਨ ਕੀਤੇ ਸਨ। ਏਸੇ ਕਰਕੇ ਵਾਅਦੇ ਦੇ ਉਲਟ ਫੈਸਲਾ ਕਰਨ ਤੇ ਪ੍ਰਚਾਰ ਕਰਨ ਵਾਲੇ ਇਸ ਮੰਤਰੀ ਦਾ ਇਹਨਾਂ ਠੇਕਾ
ਕਾਮਿਆਂ ਨੇ ਸ਼ਹਿਰ ਵਿਚ ਵੜਨਾ ਤੇ ਦਫਤਰ ਖੋਲਣਾ ਮੁਹਾਲ ਕਰ ਦਿੱਤਾ। ਚੋਰ
ਮੋਰੀਆਂ ਥਾਣੀਂ ਟੱਪਣ ਲਈ ਮੰਤਰੀ ਮਜ਼ਬੂਰ ਹੁੰਦਾ ਰਿਹਾ ਹੈ। ਤਿੰਨ
ਮਹੀਨੇ ਇਹ ਮੰਤਰੀ ਸ਼ਹਿਰ ਵਿਚ ਬਕਾਇਦਾ ਸਟੇਜ ਨਹੀਂ ਲਾ ਸਕਿਆ।
ਮੈਨੇਜਮੈਂਟ ਨੂੰ ਬਠਿੰਡੇ ਆਉਣ ਤੇ ਜਥੇਬੰਦੀ ਨਾਲ ਮੀਟਿੰਗ ਕਰਨ ਲਈ
ਮਜਬੂਰ ਕਰਦੇ ਰਹੇ ਹਨ। ਅਫਸਰਸ਼ਾਹੀ ਦੀਆਂ ਮੋਹ ਤੇ ਮਿਠਾਸ ਵਿਚ ਲਪੇਟੀਆਂ ਚਾਲਾਂ ਫੜਨ ਤੇ ਕੁੱਟਣ ਲੱਗ ਪਏ ਹਨ। ਸਰਕਾਰ ਦੀਆਂ ਗੁੱਝੀਆਂ ਧਮਕੀਆਂ ਨੂੰ ਬੇਨਕਾਬ ਕਰਦੇ ਰਹੇ ਹਨ। ਪੰਜਾਬ
ਸਰਕਾਰ ਖਿਲਾਫ਼ ਮੁਜ਼ਾਹਰਿਆਂ ਦੌਰਾਨ ਮੁੱਖ ਮੰਤਰੀ,
ਬਿਜਲੀ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਸਾੜਦੇ ਰਹੇ ਹਨ। ਵੋਟ ਪਾਰਟੀਆਂ ਦੀ ਮਾਰ ਤੋਂ ਮੋਰਚੇ ਨੂੰ ਬਚਾ ਕੇ ਰੱਖਣ ਵਿਚ ਸਫ਼ਲ ਰਹੇ ਹਨ।
ਕਿਸੇ ਸਰਕਾਰੀ ਦਲਾਲ ਰਾਹੀਂ ਸਰਕਾਰ ਤੱਕ ਪਹੁੰਚ ਕਰਨ, ਸਰਕਾਰ ਦੇ ਚਰਨੀਂ ਲੱਗ ਜਾਣ ਜਾਂ ਅਦਾਲਤੀ ਸਹਾਰਾ
ਲੈਣ, ਮਾਅਰਕੇਬਾਜ਼ੀ ਦੇ ਰਾਹ ਤਿਲਕ ਜਾਣ, ਵਿਅਕਤੀਵਾਦੀ
ਸੂਰਮਤਾਈ ਦੀ ਥਾਂ ਆਪਦੇ ਵਰਕਰਾਂ, ਪਰਿਵਾਰਾਂ, ਬੱਚਿਆਂ ਤੇ ਭਰਾਤਰੀ ਜਥੇਬੰਦੀਆਂ ਉੱਤੇ ਟੇਕ ਰੱਖ ਕੇ ਸਮੂਹਿਕ ਜਥੇਬੰਦਕ ਸੰਘਰਸ਼ ’ਤੇ ਹੀ ਭਰੋਸਾ ਕਰਦੇ ਰਹੇ ਹਨ।
ਨਿੱਜੀ ਥਰਮਲ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਤੇ ਬਿਜਲੀ
ਐਕਟ - 2003 ਅਤੇ ਸਰਕਾਰ
ਦੀ ਮਹਿਕਮੇ ਤੇ ਮੁਲਾਜ਼ਮ ਘਟਾਉਣ ਦੀਆਂ ਨੀਤੀ-ਚਾਲਾਂ ਦਾ ਵਿਰੋਧ ਕਰਦੇ ਰਹੇ
ਹਨ।
ਇਸ ਰਾਹ ਚੱਲਦਿਆਂ ਹੀ ਸੰਘਰਸ਼ ਦੇ ਬਣੇ ਦਬਾਅ ਮੂਹਰੇ ਮੈਨੇਜਮੈਂਟ ਨੇ
ਇਹਨਾਂ ਨਾਲ ਮੀਟਿੰਗ ਕੀਤੀ ਹੈ ਤੇ ਰੁਜ਼ਗਾਰ ਜਾਰੀ ਰੱਖਣ ਦਾ ਅਸ਼ਟਾਮ ਪੇਪਰ ’ਤੇ ਲਿਖਤੀ ਭਰੋਸਾ ਦਿੱਤਾ ਹੈ।
ਮਦਦਗਾਰਾਂ ਦੀ ਲਿਸਟ ਵੀ ਲੰਮੀ ਹੈ!
ਬਠਿੰਡਾ,
ਲਹਿਰਾ ਤੇ ਰੋਪੜ ਥਰਮਲ ਦੇ ਠੇਕਾ ਕਾਮਿਆਂ ਦੀ ਬਣੀ ਸਾਂਝੀ ਕਮੇਟੀ ਇਸ ਘੋਲ ਵਿਚ ਮੋਹਰੀ
ਰੋਲ ਦਿੰਦੀ ਰਹੀ ਹੈ। ਇਸ ਘੋਲ ਨੂੰ ਆਪਣਾ ਘੋਲ ਮੰਨ ਕੇ ਲਹਿਰਾ ਤੇ ਰੋਪੜ ਥਰਮਲ
ਦੇ ਠੇਕਾ ਕਾਮਿਆਂ ਨੇ ਵੱਧ ਚੜ੍ਹ ਕੇ ਮਦਦ ਕੀਤੀ। ਲਹਿਰਾ ਥਰਮਲ ਵਾਲਿਆਂ ਨੇ ਆਵਦੇ ਆਗੂ ਤੇ ਸਾਂਝੀ ਕਮੇਟੀ
ਦੇ ਕਨਵੀਨਰ ਨੂੰ ਇਸ ਘੋਲ ਲਈ ਸਥਾਨਕ ਜੁੰਮੇਵਾਰੀਆਂ ਤੋਂ ਵੇਹਲਿਆਂ ਕਰ ਦਿੱਤਾ। ਉਸ ਨੇ ਆਵਦੀ ਪੂਰੀ ਸਮਰੱਥਾ ਲਾਈ। ਮੋਰਚਾ ਚਲਾਉਣ ਵਿਚ ਵੱਡਾ ਯੋਗਦਾਨ ਪਾਇਆ।
ਰੋਪੜ ਥਰਮਲ ਦੇ ਠੇਕਾ ਕਾਮਿਆਂ ਨੂੰ ਰੋਪੜ - ਬਠਿੰਡਾ ਨਾ ਵੱਖ ਲੱਗਦਾ, ਨਾ ਦੂਰ ਲੱਗਦਾ। ਗੇੜਾ ਮਾਰਦੇ ਰਹਿੰਦੇ। ਖੁਦ
ਉਥੇ ਵੀ ਮੋਰਚਾ ਭਖਾਈ ਰੱਖਦੇ। ਆਈ ਮੈਨੇਜਮੈਂਟ ਨੂੰ ਘੇਰਦੇ ਰਹਿੰਦੇ। ਮੰਗ ਮੰਨੇ ਜਾਣ ਲਈ ਦਬਾਅ ਬਣਾਉਂਦੇ ਰਹਿੰਦੇ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੇ ਉਂਗਲ ਆ ਫੜੀ। ਮੋਰਚਾ ਚਲਾਉਣ ਵਿਚ ਅਗਵਾਈ ਕਰਦੇ ਰਹੇ ਤੇ ਮਦਦ ਦਾ ਹੱਥ ਵੀ ਰੱਖਿਆ। ਕਈ ਆਗੂ ਲਗਾਤਾਰ ਮੋਰਚੇ ਵਿਚ ਹਾਜ਼ਰੀ ਲਵਾਉਂਦੇ ਰਹੇ ਹਨ। ਥਰਮਲ
ਵਰਕਰਾਂ ਨੂੰ ਪ੍ਰੇਰ ਕੇ ਮੋਰਚੇ ਵਿਚ ਸ਼ਾਮਲ ਕਰਵਾਉਂਦੇ ਰਹੇ ਹਨ। ਫੰਡ
ਪੱਖੋਂ ਵੀ ਹਿੱਸਾ ਪਾਉਂਦੇ ਰਹੇ ਹਨ।
ਕਿਸਾਨ,
ਮਜ਼ਦੂਰ, ਮੁਲਾਜ਼ਮ ਤੇ ਅਧਿਆਪਕ, ਨੌਜਵਾਨਾਂ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਲਗਾਤਾਰ ਵਾਂਗੂੰ ਹੀ
ਹਾਜ਼ਰ ਰਹਿੰਦੀਆਂ ਰਹੀਆਂ ਹਨ। ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਅਧਿਆਪਕ ਆਗੂ ਆਪਣੇ ਅਸਰ
ਵਾਲੀਆਂ ਥਾਵਾਂ ਤੋਂ ਫੰਡ ਤੇ ਰਾਸ਼ਨ ਇੱਕਠਾ ਕਰਵਾਉਂਦੇ ਰਹੇ ਹਨ। ਭਾਰਤੀ
ਕਿਸਾਨ ਯੂਨੀਅਨ ਉਗਰਾਹਾਂ ਨੇ ਮੋਰਚੇ ਦੀ ਮਦਦ ਵਿਚ ਟੈਂਟ, ਭੱਠੀਆਂ, ਭਾਂਡੇ ਤੇ ਵੱਡੇ ਪੱਖੇ ਦਿੱਤੇ ਤੇ
ਲਗਾਤਾਰ ਦੁੱਧ ਭੇਜਦੇ ਰਹੇ ਹਨ। ਵੱਡੇ ਇੱਕਠਾਂ ਵਿਚ ਬੰਦੇ ਭੇਜਦੇ ਰਹੇ ਹਨ।
ਪਿੰਡਾਂ ਤੇ ਸ਼ਹਿਰਾਂ ਵਿਚੋਂ ਮਦਦ ਦੇ ਅੰਬਾਰ ਲੱਗੇ ਹਨ। ਉਥੋਂ ਲੰਘੇ ਜਾਂਦੇ ਵੀ ਮਦਦ ਕਰਕੇ ਜਾਂਦੇ ਰਹੇ ਹਨ। ਫੰਡ
ਬਾਰੇ ਪਤਾ ਲੱਗਿਆ ਹੈ ਕਿ ਅੱਠ ਸਾਢੇ ਅੱਠ ਲੱਖ ਰੁਪਈਆ ਇੱਕਠਾ ਕੀਤਾ ਹੈ ਤੇ ਏਨਾ ਹੀ ਖਰਚਾ ਹੋਇਆ ਹੈ।
ਸਾਬਕਾ ਥਰਮਲ ਮੁਖੀਆਂ ਤੇ ਇੰਜਨੀਅਰਾਂ ਦੀਆਂ ਜਥੇਬੰਦੀਆਂ ਵੱਲੇਂ ਪੇਸ਼
ਕੀਤੇ ਅੰਕੜੇ ਤੇ ਤੱਥ ਮੋਰਚੇ ਦੀ ਚੰਗੀ ਮਦਦ ਕਰਦੇ ਰਹੇ ਹਨ। ਇੰਨਾਂ
ਦੇ ਆਸਰੇ ਸਰਕਾਰ ਦੇ ਝੂਠ ਨੂੰ ਕੱਟਿਆ ਗਿਆ ਹੈ। ਇੰਜਨੀਅਰਾਂ ਤੇ ਰੈਗੂਲਰ ਮੁਲਾਜ਼ਮਾਂ ਵੱਲੋਂ ਫੰਡ ਵਿਚ
ਵੀ ਹਿੱਸਾ ਪਾਇਆ ਗਿਆ ਹੈ।
ਮੈਡੀਕਲ ਪ੍ਰੈਕੀਟੀਸ਼ਨਰ ਐਸੈਸੀਏਸ਼ਨ ਪੰਜਾਬ ਵੱਲੋਂ ਮੋਰਚੇ ਵਿਚ ਲਗਾਤਾਰ
ਆਵਦੇ ਡਾਕਟਰ ਭੇਜ ਕੇ ਤੇ ਦਵਾਈਆਂ ਦੇ ਕੇ ਮੋਰਚੇ ਨੂੰ ਤਕੜਾ ਕਰੀ ਰੱਖਣ ਵਿਚ ਮੋਰਚੇ ਦੀ ਮਦਦ ਕੀਤੀ
ਹੈ।
ਨਾਟਕ ਮੰਡਲੀਆਂ,
ਇਹਨਾਂ ਦੇ ਆਗੂਆਂ ਦੇ ਬੋਲਣ ਤੋਂ ਪਹਿਲਾਂ ਲੋਕਾਂ ਨੂੰ ਇੱਕਠੇ ਕਰਨ ਵਿਚ ਹਿੱਸਾ ਪਾ
ਕੇ ਮੋਰਚੇ ਦੀ ਮਦਦ ਕਰਦੇ ਰਹੇ ਹਨ।
ਚੌਕਸੀ ਰੱਖਣਾ ਤੇ ਸੰਘਰਸ਼ਾਂ ਨਾਲ ਜੁੜੇ ਰਹਿਣਾ ਜਰੂਰੀ
ਸੰਘਰਸ਼ ਦੇ ਜ਼ੋਰ ਹਾਸਲ ਕੀਤੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਨੂੰ ਲਾਗੂ
ਕਰਵਾਉਣ ਤੇ ਬਚਾ ਕੇ ਰੱਖਣ ਲਈ ਚੌਕਸੀ ਬਰਕਰਾਰ ਰੱਖਣ ਤੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣ ਦੀ ਜ਼ਰੂਰਤ
ਹੁੰਦੀ ਹੈ। ਸਰਕਾਰਾਂ ਤੇ ਮੈਨੇਜਮੈਂਟਾਂ ਦੀਆਂ ਮਿੱਠੀਆਂ ਤੇ ਚਿਕਨੀਆਂ ਚੋਪੜੀਆਂ ਗੱਲਾਂ ਵਿਚ ਆ ਕੇ ਸੰਘਰਸ਼
ਤੇ ਚੌਕਸੀ ਦਾ ਪੱਲਾ ਸੁੱਟ ਜਾਣ ਨਾਲ ਸਫਲਤਾਵਾਂ ਤੇ ਪ੍ਰਾਪਤੀਆਂ ਨੂੰ ਖਤਰਾ ਖੜ੍ਹਾ ਹੋ ਸਕਦਾ ਹੁੰਦਾ
ਹੈ। ਉਹ ਸੰਘਰਸ਼ਾਂ ਤੋਂ ਤ੍ਰਹਿੰਦੇ ਹਨ ਏਸੇ ਕਰਕੇ ਵਰਕਰਾਂ ਨੂੰ ਸੰਘਰਸ਼ਾਂ ਤੋਂ ਦੂਰ ਕਰਨਾ ਉਹਨਾਂ
ਦੀ ਲੋੜ ਹੁੰਦੀ ਹੈ। ਸੰਘਰਸ਼ ਦੇ ਜ਼ੋਰ ਪ੍ਰਾਪਤੀਆਂ ਕੀਤੀਆਂ ਹਨ,
ਸੰਘਰਸ਼ ਦਾ ਜ਼ੋਰ ਬਣਾ ਕੇ ਰੱਖਣਾ, ਵਰਕਰਾਂ ਦੀ ਲੋੜ ਹੁੰਦੀ
ਹੈ। ਇਹ ਜ਼ੋਰ ਆਵਦੀਆਂ ਸਰਗਰਮੀਆਂ ਨਾਲ ਵੀ ਬਣਦਾ ਹੈ ਤੇ ਹੋਰ ਸੰਘਰਸ਼ਸ਼ੀਲ ਹਿੱਸਿਆਂ ਨਾਲ ਸੰਘਰਸ਼ਾਂ
ਦੀ ਜੋਟੀ ਪਾ ਕੇ ਵੀ ਬਣਦਾ ਹੈ।
No comments:
Post a Comment