ਲਾਗੀ
ਸਾਡੀ ਗੱਡੀ ਜਦੋਂ ਸੰਧੂ ਸਾਹਿਬ ਦੇ ਘਰ
ਦੇ ਅੱਗੇ ਜਾ ਕੇ ਰੁਕੀ ਤਾਂ ਮਾਨੋ ਘਰ ਵਾਲਿਆਂ ਨੂੰ ਚਾਅ ਚੜ੍ਹ ਗਿਆ।
ਬਹੁਤ ਵੱਡੀ ਕੋਠੀ ਸੜਕ ਦੇ ਉੱਪਰ, ਵੱਡਾ ਸਾਰਾ ਗੇਟ,
ਕਾਰ ਅੰਦਰ ਤੱਕ ਚਲੀੇ ਗਈ ਸੀ। ਇਹ ਬਲਕਾਰ ਦੇ ਸਹੁਰਿਆਂ ਦਾ ਘਰ ਸੀ। ਬਲਕਾਰ ਮੇਰੇ ਪਿੰਡ ਦੇ ਲੰਬੜਦਾਰ ਕਰਮ
ਸਿੰਘ ਢਿੱਲੋਂ ਦਾ ਮੁੰਡਾ ਸੀ। ਮੇਰਾ ਪਹਿਲੀ ਤੋਂ ਲੈ ਕੇ ਐੱਮ. ਏ. ਤੱਕ ਦਾ ਜਮਾਤੀ ਸੀ। ਅਸੀਂ ਇਕੱਠੇ ਪੜ੍ਹੇ, ਇਕੱਠੇ ਵੱਡੇ ਹੋਏ। ਮੈਂ ਬੈਂਕ ਦੀ ਨੌਕਰੀ ਵਿੱਚ ਆ ਗਿਆ। ਉਸ ਦਾ ਪਿਉ ਸਿਆਸਤ ਵਿੱਚ ਸੀ। ਉਸ ਨੂੰ ਨੌਕਰੀ ਦੀ ਜ਼ਰੂਰਤ ਨਹੀਂ ਸੀ। ਉਸ ਨੇ ਕਦੀ ਨੌਕਰੀ ਵਾਸਤੇ ਕੋਸ਼ਿਸ਼ ਵੀ
ਨਹੀਂ ਸੀ ਕੀਤੀ। ਚੋਖੀ
ਜ਼ਮੀਨ, ਜੱਟ ਦਾ ਇਕੱਲਾ
ਮੁੰਡਾ। ‘‘ਕਿਉਂ ਕਰਨੀ ਗੁਲਾਮੀ’’ ਉਸ ਦਾ ਵਿਚਾਰ ਸੀ।
ਫਿਰ ਪੱਚੀ ਛੱਬੀ ਸਾਲ ਦਾ ਹੋਇਆ ਤਾਂ ਉਸ
ਦੀ ਸ਼ਾਦੀ ਕਰ ਦਿੱਤੀ ਗਈ। ਉਸ ਦੇ ਸਹੁਰਿਆਂ ਦਾ ਪਿੰਡ ਫਤੇਹਪੁਰ ਸਾਡੇ ਪਿੰਡ ਤੋਂ ਬਾਰਾਂ ਕੁ ਮੀਲ ਹੋਵੇਗਾ। ਉਸ ਦੀ ਸ਼ਾਦੀ ਜਿਸ ਘਰ ਹੋਈ ਉਹ ਸਾਡੇ
ਲਈ ਨਵਾਂ ਨਹੀਂ ਸੀ। ਉਹ
ਕੁੜੀ ਵੀ ਸਾਡੀ ਜਮਾਤਣ ਹੀ ਸੀ ਤੇ ਦੋਵੇਂ ਇੱਕੋ ਬਰਾਦਰੀ ਦੇ ਹੋਣ ਕਰਕੇ ਰਿਸ਼ਤਾ ਹੋਣ ’ਚ ਕੋਈ ਦਿੱਕਤ ਨਹੀਂ ਸੀ ਆਈ। ਕੋਈ ਵਿੱਚ ਪਿਆ, ਗੱਲਬਾਤ ਹੋਈ,
ਦੋਵੇਂ ਧਿਰਾਂ ਨੂੰ ਰਿਸ਼ਤਾ ਮਨਜ਼ੂਰ ਹੋ ਗਿਆ। ਜ਼ਮੀਨ ਜਾਇਦਾਦ ਦੋਵਾਂ ਪਰਿਵਾਰਾਂ ਪਾਸ
ਚੰਗੀ ਸੀ ਤੇ ਰਿਸ਼ਤਾ ਹੋ ਗਿਆ। ਅਸੀਂ ਬਰਾਤ ਵਿੱਚ ਗਏ ਸਾਂ। ਬਹੁਤ ਵੱਡਾ ਵਿਆਹ ਸੀ। ਦਾਜ ਦਹੇਜ, ਰੋਟੀ ਪਾਣੀ ਤੇ ਬਰਾਤ
ਦਾ ਸਵਾਗਤ, ਇਲਾਕੇ ਵਿੱਚ ਧੁੰਮ ਪੈ ਗਈ ਸੀ।
ਵਿਆਹ ਤੋਂ ਬਾਅਦ ਉਸਦਾ ਸਹੁਰਾ ਸੰਧੂ ਕਈ
ਵਾਰ ਸਾਡੇ ਪਿੰਡ ਆਇਆ। ਬਲਕਾਰ
ਨੇ ਮੈਨੂੰ ਵੀ ਉਸ ਨਾਲ ਮਿਲਾਇਆ ਸੀ। ਭਾਪਾ ਜੀ ਇਹ ਮੇਰੇ ਬਚਪਨ ਦਾ ਦੋਸਤ ਹੈ, ਅੱਜ ਕੱਲ੍ਹ ਤਾਂ
ਬੈਂਕ ਵਿੱਚ ਮੈਨੇਜਰ ਹੈ। ਉਹ ਮੇਰੇ ਵੱਲ ਵੇਖ ਮੈਨੂੰ ਸ਼ਰਮਿੰਦਾ
ਜਿਹਾ ਕਰ ਗਿਆ। ਜਦੋਂ
ਇਨ੍ਹਾਂ ਦੀ ਬੈਂਕ ਜਾਓ ਇਹ ਗੱਲ ਨਹੀਂ ਕਰਦੇ। ਇਹ ਕਹਿ ਉਹ ਫਿਰ ਮੁਸਕਰਾਇਆ। ਹਾਂ ਭਾਪਾ ਜੀ ਇਹ ਮੇਰੇ ਦੋਸਤ ਵੀ ਨੇ
ਭਰਾ ਵੀ ਤੇ ਮੇਰੇ ਦੁੱਖ ਸੁੱਖ ਦੇ ਸਾਂਝੀ ਵੀ। ਜੇ ਕਰ ਅੱਜ ਦੁਨੀਆਂ ਵਿਚ ਮੈਂ ਹਾਂ ਤਾਂ ਸਿਰਫ ਇਸ ਆਦਮੀ ਕਰਕੇ। ਮੇਰਾ ਇਕ ਵਾਰ ਬਹੁਤ ਭਿਆਨਕ ਐਕਸੀਡੈਂਟ
ਹੋ ਗਿਆ ਸੀ । ਮੈਂ
ਕਈ ਦਿਨ ਬੇਹੋਸ਼ ਰਿਹਾ। ਇਹ
ਇਕ ਆਦਮੀ ਸੀ ਜੋ ਸਮੇਂ ਸਿਰ ਮੈਨੂੰ ਹਸਪਤਾਲ ਲੈ ਗਿਆ ਤੇ ਦਾਖਲ ਕਰਵਾਇਆ। ਖੂਨ ਮੇਰਾ ਸਾਰਾ ਨਿੱਕਲ ਗਿਆ ਸੀ, ਇਸ ਨੇ ਆਪਣਾ ਖੂਨ
ਦੇ ਕੇ ਮੇਰੀ ਜਾਨ ਬਚਾਈ । ਮੈਨੂੰ ਬਚਾ ਲਿਆ, ਮੈਂ ਇਸ ਆਦਮੀ ਦਾ
ਕਰਜ਼ਾਈ ਹਾਂ । ਸਭ
ਜਾਤਾਂ-ਪਾਤਾਂ ਭੁੱਲ
ਕੇ ਉਸ ਦਿਨ ਤੋਂ ਸਾਡਾ ਤਾਂ ਹੁਣ ਖੂਨ ਦਾ ਰਿਸ਼ਤਾ ਬਣ ਚੁੱਕਾ ਹੈ। ਬਹੁਤ ਭਾਵਕ ਹੋ ਕੇ ਉਸ ਨੇ ਮੇਰੀ ਜਾਣ-ਪਛਾਣ ਆਪਣੇ ਸਹੁਰੇ
ਨਾਲ ਕਰਾਈ ਸੀ। ਮੈਨੂੰ ਤਾਂ ਇਹ ਸਾਰਾ ਕੁੱਝ ਯਾਦ ਵੀ ਨਹੀਂ ਸੀ। ਹਾਂ ਉਸ ਦਾ ਐਕਸੀਡੈਂਟ ਹੋਇਆ ਸੀ ਤੇ
ਬਲਕਾਰ ਨੂੰ ਮੇਰਾ ਖੂਨ ਦਿੱਤਾ ਗਿਆ ਸੀ। ਉਹ ਜੱਟਾਂ ਦਾ ਮੁੰਡਾ ਤੇ ਮੈਂ ਜੁੱਤੀਆਂ
ਗੰਢਣ ਵਾਲਿਆਂ ਦਾ।
ਬਲਕਾਰ ਦੇ ਸਹੁਰੇ ਨੂੰ ਸਾਡੀ ਦੋਸਤੀ
ਦਾ ਪਤਾ ਲੱਗ ਗਿਆ ਸੀ। ਬਹੁਤ
ਸੁਲਝਿਆ ਹੋਇਆ ਵਿਅਕਤੀ ਸੀ ਉਹ। ਜਦੋਂ ਵੀ ਆਉਦਾ ਮਿਲਦਾ ਤੇ ਕਹਿੰਦਾ ‘‘ਫਿਰ ਮੈਨੇਜਰ ਸਾਹਿਬ ਕਦੇ ਆਓ ਨਾ ਗਰੀਬਖਾਨੇ
ਵੀ ।’’ ਉਹ ਆਪਣੇ ਘਰ ਨੂੰ
ਗਰੀਬ ਖਾਨਾ ਹੀ ਦਸਦਾ। ਮਜਾਕ ਨਾਲ ਜਾਂ ਨਿਮਰਤਾ ਨਾਲ । ਫਿਰ ਇਕ ਦਿਨ ਸਾਡਾ ਪ੍ਰੋਗਰਾਮ ਬਣ ਹੀ
ਗਿਆ। ਮੈਂ ਤੇ ਬਲਕਾਰ ਮਾਰੂਤੀ ਕਾਰ ਵਿਚ ਫਤੇਹਪੁਰ
ਉਸ ਦੇ ਸਹੁਰੀਂ ਗਏ।
ਘਰ ਵਾਲਿਆਂ ਨੂੰ ਏਨਾ ਚਾਅ ਚੜ੍ਹਿਆ ਕਿ
ਉਹ ਮਾਨੋ ਜਿਵੇਂ ਪਹਿਲੀ ਵਾਰ ਉਥੇ ਗਿਆ ਹੋਵੇ। ਉਸ ਦੀ ਸੱਸ ਨੇ ਉਸ ਨੂੰ ਜੱਫੀ ਵਿਚ ਲੈ
ਕੇ ਪਿਆਰ ਦਿੱਤਾ। ਸਹੁਰੇ
ਨੇ ਵੀ ਬੜਾ ਲਾਡ ਕੀਤਾ,
‘‘ਲਓ ਬਈ ਅੱਜ ਤੇ ਸੂਰਜ ਉਲਟਾ ਨਿੱਕਲਿਆ, ਮੈਨੇਜਰ ਸਾਹਿਬ ਕਿੱਧਰੋਂ
ਰਾਹ ਲੱਭ ਗਿਆ’’, ਸੰਧੂ ਸਾਹਿਬ,
ਬਲਕਾਰ ਦਾ ਸਹੁਰਾ ਬੇਹੱਦ ਖੁਸ਼ ਸੀ। ਉਹ ਸਿੱਧਾ ਸਾਨੂੰ ਸਾਹਮਣੇ ਵਾਲੀ ਬੈਠਕ
ਵਿਚ ਲੈ ਗਿਆ। ਇੱਕ
ਨੌਕਰ ਕਿਸਮ ਦਾ ਆਦਮੀ ਪੈਪਸੀ ਲੈ ਕੇ ਹਾਜ਼ਰ ਹੋ ਗਿਆ। ਉਸ ਫਟਾਫਟ ਪੱਖਾ ਚਲਾਇਆ। ਏ. ਸੀ. ਵੀ ਆਨ ਕਰ ਦਿੱਤਾ। ਲਓ ਬਈ ਪਹਿਲਾਂ ਤਾਂ ਨਹਾ ਲਓ। ਆਓ ਮੈਨੇਜਰ ਸਾਹਿਬ ਇਹ ਦੇਖੋ ਬਾਥ ਰੂਮ , ਸਾਬਣ ਤੇਲ,
ਤੁਸੀਂ ਪਹਿਲਾਂ ਤਾਂ ਨਹਾ ਲਓ। ਫਿਰ ਬੈਠਦੇ ਹਾਂ ਘੜੀ ਗੱਪ ਸ਼ੱਪ ਮਾਰਾਂਗੇ। ਮੈਂ ਤੇ ਬਲਕਾਰ ਨੇ ਨਹਾ ਲਿਆ ਸੀ। ‘‘ਆਓ ਮੈਨੇਜਰ ਸਾਹਿਬ ਘਰ ਦਿਖਾਈਏ ਤੁਹਾਨੂੰ। ਫਿਰ ਆਪਾਂ।’’ ਪੁੂਰੇ ਏਕੜ ਵਿਚ ਕੋਠੀ ਸੀ। ਬਾਗ ਬਗੀਚਾ, ਪੰਦਰਾਂ ਵੀਹ ਕਮਰੇ,
ਹਰ ਕਮਰੇ ਦੇ ਨਾਲ ਬਾਥਰੂਮ। ਪੱਖੇ, ਗੀਜ਼ਰ, ਰੂਮ-ਹੀਟਰ, ਏ. ਸੀ. ਬੈਠਕਾਂ ਵਿਚ ਬੈਡ-ਪੀਹੜੇ ਸਭ ਪੱਛਮੀ
ਸਟਾਈਲ ਦੇ ।
‘‘ਬਹੁਤ ਵਧੀਆ ਬਹੁਤ ਵਧੀਆ’’, ਕਹਿ ਮੈਂ ਪਿੱਛੇ ਪਿੱਛੇ ਜਾ ਰਿਹਾ ਸੀ। ਅਖੀਰ ’ਤੇ ਇਕ ਬਹੁਤ ਵੱਡਾ ਹਾਲ ਕਮਰਾ ਸੀ, ਜਿੱਥੇ ਜਾ ਕੇ ਅਸੀਂ
ਬੈਠੇ ਸਾਂ। ਇਹ
ਡਰਾਇੰਗ ਰੂਮ ਸੀ। ਇੱਕ
ਕੋਨੇ ਵਿਚ ਇਸਦੇ ਬਾਰ ਬਣਾਇਆ ਹੋਇਆ ਸੀ। ਹਰ ਤਰ੍ਹਾਂ ਦੀ ਵਿਸਕੀ ਸ਼ੀਸ਼ੇ ਦੇ ਸ਼ੋਅ ਰੂਮ ਵਿਚ ਮੌਜੂਦ ਸੀ। ਲੈ ਬਈ ਬਲਕਾਰ ਪੁੱਛ ਲੈ ਮੈਨੇਜਰ ਸਾਹਿਬ
ਨੂੰ ਕਿਹੜੀ ਪਸੰਦ ਕਰਦੇ ਨੇ। ਉਸ ਫਰਿੱਜ ਵਿੱਚੋਂ ਸੋਢੇ ਦੀਆਂ ਬੋਤਲਾਂ ਕੱਢਕੇ ਰੱਖ ਦਿੱਤੀਆਂ। ਉਸ ਨੌਕਰਨੁਮਾ ਆਦਮੀ ਨੇ ਤੁਰੰਤ ਨਮਕੀਨ
ਲਿਆ ਰੱਖਿਆ ਸੀ। ‘‘ਉਏ ਲੈ ਜਾ ਨਮਕੀਨ ਚੱਕ ਕੇ । ਜਾਹ ਬੀਬੀ ਜੀ ਕੋਲੋਂ ਕਾਜੂ ਬਦਾਮ ਲੈ
ਕੇ ਆ। ’’ ਉਸ ਦੇ ਜੁਆਈ ਨੇ ਕਿਹੜਾ
ਰੋਜ਼ ਰੋਜ਼ ਆਉਣਾ ਸੀ, ਉਸ ਦਾ ਇਹੀ ਮਤਲਬ ਸੀ।
ਦਾਰੂ ਲਈ ਮੈਂ ਨਾਂਹ ਕਰ ਦਿੱਤੀ ਸੀ। ‘‘ਨਾ ਅੰਕਲ ਜੀ ਮੈਂ ਪੀਂਦਾ ਹੀ ਨਹੀਂ।’’
‘‘ਮੈਨੂੰ ਸਭ ਕੁੱਝ ਤੇਰੇ ਬਾਰੇ ਬਲਕਾਰ ਨੇ ਦੱਸਿਆ ਹੋਇਆ ਹੈ, ਅੱਜ ਤਾਂ ਮੇਰਾ ਮਨ
ਬਹੁਤ ਖੁਸ਼ ਹੈ, ਮੈਨੂੰ ਬਹੁਤੀ ਖੁਸ਼ੀ ਹੋਈ ਹੈ, ਮੈਨੂੰ ਬਲਕਾਰ ਦੇ ਉਹ ਬੋਲ ਯਾਦ ਹਨ ਕਿ ਬਲਕਾਰ ਅਗਰ ਦੁਨੀਆਂ ਵਿਚ ਹੈ ਤਾਂ ਤੇਰੇ ਕਰਕੇ,
ਤੂੰ ਉਸ ਦੀ ਜਾਨ ਬਚਾਈ।’’ ਇਹ ਕਹਿ ਉਹ ਭਾਵੁਕ ਹੋ ਗਿਆ ਸੀ। ਅਸੀਂ ਸਾਰੇ ਭਾਵੁਕ ਹੋ ਗਏ ਸੀ। ਬਲਕਾਰ ਦਾ ਇੱਕੋ ਇੱਕ ਸਾਲਾ ਅਮਰੀਕਾ
ਵਿਚ ਸੀ। ਸੰਧੂ
ਸਾਹਿਬ ਨੇ ਖੁਦ ਵਿਸਕੀ ਕੱਢੀ ਤੇ ਉਹ ਪੈੱਗ ਬਣਾਉਣ ਲੱਗ ਪਿਆ।
ਮੈਂ ਉਸ ਦੀ ਬੈਠਕ ਵੱਲ ਧਿਆਨ ਮਾਰਿਆ
ਤਾਂ ਕਮਰਾ ਅਲੱਗ ਅਲੱਗ ਤਰ੍ਹਾਂ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਸੀ। ਇੰਦਰਾ ਗਾਂਧੀ ਦੀ ਤਸਵੀਰ ਵੀ ਸੀ । ਉਸ ਦੀਆਂ ਕੁੱਝ ਤਸਵੀਰਾਂ ਜਗਜੀਵਨ ਰਾਮ
ਨਾਲ ਸਨ, ਫਿਰ ਬੂਟਾ
ਸਿੰਘ ਨਾਲ , ਗਿਆਨੀ ਜ਼ੈਲ ਸਿੰਘ ਨਾਲ, ਲਗਦਾ ਸੀ
ਕਿ ਉਸ ਦੇ ਸਬੰਧ ਕਾਂਗਰਸੀਆਂ ਨਾਲ ਰਹੇ ਹਨ। ਦੁੂਸਰੇ ਪਾਸੇ ਦੇਖਿਆ ਤਾਂ ਅਕਾਲੀ ਲੀਡਰਾਂ
ਨਾਲ ਵੀ ਕੁੱਝ ਤਸਵੀਰਾਂ ਸਨ। ਅਸੀਂ ਇੱਕ-ਇਕ ਦੋ-ਦੋ ਪੈੱਗ ਲੈ ਚੁੱਕੇ ਸਾਂ।
ਮੈਂ ਅਚਾਨਕ ਹੀ ਸੁਆਲ ਪੁੱਛ ਬੈਠਾ,‘‘ਕੀ ਗੱਲ ਇੱਧਰ ਕਾਂਗਰਸੀ ਲੀਡਰ ਹਨ ਤ
ੇਦੂਜੇ ਪਾਸੇ ਅਕਾਲੀ।’’
‘‘ਹਾਂ ਸਹੀ ਪੁੱਛਿਆ, ਇਹ ਗੱਲ ਬਹੁਤ ਲੋਕਾਂ ਨੇ ਪੁੱਛੀ ਹੈ ਮੈਨੂੰ। ਅਸਲ ਵਿਚ ਆਹ ਜਗਜੀਵਨ ਰਾਮ ਬਹੁਤ ਵਧੀਆ
ਲੀਡਰ ਸੀ ਕਾਂਗਰਸ ਕੋਲ,
ਅਸੀਂ ਬਹੁਤ ਸਾਲ ਕਾਂਗਰਸ ਨਾਲ ਰਹੇ। ਕਾਂਗਰਸ ਹੌਲੀ ਹੌਲੀ ਬਦਨਾਮ ਹੋ ਗਈ। ਫਿਰ ਜਦ ਬਲਕਾਰ ਦਾ ਵਿਆਹ ਹੋਇਆ, ਇਹਨਾਂ ਦਾ ਝੁਕਾਅ
ਕਾਂਗਰਸ ਦੇ ਖਿਲਾਫ ਸੀ ਅਤੇ
ਅਕਾਲੀਆਂ ਵੱਲ ਸੀ। ਫਿਰ ਤੈਨੂੰ ਪਤਾ ਕੁੜਮ ਦੀ ਨਾਂ ਮੰਨੋ ਤਾਂ।’’ ਸੱਚਮੁੱਚ ਅੱਜ ਸੰਧੂ ਸਾਹਿਬ ਬਹੁਤ ਖੁਸ਼ ਸਨ। ਉਹ ਸਿਆਸਤ ਤੋਂ ਹਟ ਕੇ ਹੋਰ ਵੀ ਬਹੁਤ
ਸਾਰੀਆਂ ਗੱਲਾਂ ਕਰਦੇ ਰਹੇ। ਸਮਾਜ ਭਲਾਈ ਦੀਆਂ,
ਧਾਰਮਕ ਵਿਸ਼ਿਆਂ ’ਤੇ,
ਇਸ ਤੋਂ ਇਲਾਵਾ ਕੁਰੱਪਸ਼ਨ’ਤੇ,
ਦੇਸ਼ ਦੀ ਗਰੀਬੀ ਤੇ ਹੋਰ ।
ਫਿਰ ਉਸ ਨੇ ਮੇਰੇ ਤੋਂ ਪੁੱਛਿਆ,‘‘ਬੈਂਕਾਂ ਵਿਚ ਕਰਜ਼ਾ ਕਿਵੇਂ ਦਿੰਦੇ ਹੋ। ਵਿਆਜ ਦੀ ਦਰ ਕੀ ਹੈ।’’ ਵਗੈਰਾ ਵਗੈਰਾ। ਉਹ ਸਾਰੀ ਰਾਤ ਜਾਗਣਾ ਚਾਹੁੰਦੇ ਸੀ ਤੇ
ਗੱਲਾਂ ਕਰੀ ਜਾਣੀਆਂ ਚਾਹੁੰਦੇ ਸੀ। ਮੈਂ ਸੌਂ ਜਾਣਾ ਚਾਹੁੰਦਾ ਸੀ। ਸਵੇਰੇ ਉੱਠ ਕੇ ਡਿਉਟੀ ’ਤੇ ਜਾਣ ਦਾ ਫਿਕਰ ਸੀ। ਬੜੀ ਮੁਸ਼ਕਲ ਨਾਲ ਖਾਣਾ ਖਾਧਾ ਅਤੇ ਸੌਂ
ਗਏ।
ਅਗਲੀ ਸਵੇਰ ਜਲਦੀ ੳੱੁਠ ਕੇ ਤਿਆਰ ਹੋ
ਕੇ ਡਿੳੂਟੀ ’ਤੇ ਜਾਣਾ ਸੀ। ਨਹਾ ਧੋ ਕੇ ਤਿਆਰ ਹੋ ਗਏ ਸਾਂ। ਨਾਸ਼ਤੇ ਵਾਸਤੇ ਪਰੌਂਠੇ ਬਣਾ ਕੇ ਟੇਬਲ
’ਤੇ ਲਗਾ ਦਿੱਤੇ ਗਏ ਸਨ। ਅਸੀਂ ਬੈਠੇ ਸੀ ਖਾਣ ਵਾਸਤੇ। ਖਾਣ ਦੀ ਏਨੀ ਇੱਛਾ ਨਹੀਂ ਸੀ। ਰਾਤ ਦਾ ਖਾਣਾ ਹੇਠਾਂ ਹੋਇਆ ਹੀ ਨਹੀਂ ਸੀ। ਫਿਰ ਵੀ ਥੋੜ੍ਹਾ ਥੋੜ੍ਹਾ ਖਾ ਕੇ ਮੁਕਤ
ਹੋ ਗਏ ਸੀ।
‘‘ਚੰਗਾ ਜੀ ਸੱਤ ਸ੍ੀ ਅਕਾਲ ਹੁਣ ਤੁਸੀਂ ਕਦੇ ਚੱਕਰ ਮਾਰਿਓ। ਬੈਂਕ ਦੀ ਕੋਈ ਸੇਵਾ ਹੋਵੇ ਤਾਂ ਦੱਸਣਾ।’’
ਏਨਾ ਕਹਿ ਕੇ ਮੈ ਗੱਡੀ ਵੱਲ ਨੂੰ ਬੈਠਣ
ਵਾਸਤੇ ਤੁਰਿਆ।
‘‘ਮੈਂ ਆਖਿਆ ਕੀ ਕਰੀ ਜਾਂਦੇ ਹੋ। ਰੋਕੋ ਪ੍ਰਾਹੁਣਿਆਂ ਨੂੰ ਕੀ ਜਲਦੀ ਪਾਈ
ਜਾਂਦੇ ਹੋ, ਬਲਕਾਰ ਰੁਕੋ
ਜ਼ਰਾ, ਆਹ ਇਹਨਾਂ ਦੀਆਂ ਸਰਦਾਰੀਆਂ ਤਾਂ ਦਿਓ। ਇਹ ਪਹਿਲੀ ਵਾਰ ਆਏ ਹਨ’’ ਇਹ ਬਲਕਾਰ ਦੀ ਸੱਸ
ਦੀ ਆਵਾਜ਼ ਸੀ। ਉਹ
ਸੰਧੂ ਸਾਹਿਬ ਨੂੰ ਆਖ ਰਹੀ ਸੀ। ਉਸਦੇ ਹੱਥ ਵਿਚ ਕੰਬਲ ਫੜਿਆ ਹੋਇਆ ਸੀ
ਤੇ ਹੱਥ ਵਿਚ ਸੌ ਸੌ ਦੇ ਨੋਟ।
ਉਹ ਤੇਰਿਆਂ ਦੀ, ਮੈਂ ਤਾਂ ਭੁੱਲ ਹੀ
ਗਿਆ ਸੀ। ‘‘ਹਾਂ ਜੀ ਠਹਿਰੋ ਮੈਨੇਜਰ ਸਾਹਿਬ, ਬਲਕਾਰ ਸਿਆਂ ਗੱਲ
ਸੁਣ ਬਈ’’, ਸੰਧੂ ਸਾਹਿਬ ਬੋਲੇ।
‘‘ਮੈਂ ਆਖਿਆ ਕੀ ਕਰੀ ਜਾਂਦੇ ਹੋ ਬੇਬੇ ਨੂੰ ਆਵਾਜ਼ ਮਾਰੋ ਨਾ ਫਿਰ ਆਖੇਗੀ
ਮੈਨੂੰ ਤਾਂ ਦੱਸਿਆ ਹੀ ਨਹੀਂ।’’ ਬਲਕਾਰ ਦੀ
ਸੱਸ ਫਿਰ ਆਖ ਰਹੀ ਸੀ। ਉਹ ਫਿਰ ਆਪ ਹੀ ਬੇਬੇ ਨੂੰ ਬੁਲਾਉਣ ਚਲੀ
ਗਈ। ਬੇੇਬੇ, ਬਲਕਾਰ ਦੀ ਵਹੁਟੀ
ਦੀ ਦਾਦੀ ਸੀ।
‘‘ਲਓ ਮੈਨੇਜਰ ਸਾਹਿਬ ਏਨੀਆਂ ਗੱਲਾਂ ਰਾਤੀਂ ਮਾਰੀਆਂ, ਤੁਹਾਨੂੰ ਇੱਕ ਗੱਲ
ਦੱਸਣੀ ਤਾਂ ਭੁੱਲ ਹੀ ਗਏ।’’
‘‘ਹਾਂ ਦੱਸੋ ਅੰਕਲ ਜੀ’’ ਮੈਂ ਥੋੜ੍ਹਾ ਉਤਾਵਲਾ ਹੋਇਆ।
‘‘ਐਤਕਾਂ ਪੰਚਾਇਤ ਦੀਆਂ ਚੋਣਾਂ ਹੋਈਆਂ ਸਾਡੇ ਪਿੰਡ ਵਿਚ, ਸਰਕਾਰ ਕਹਿੰਦੀ ਸਰਪੰਚ
ਕਿਸੇ ਬੀਬੀ ਨੂੰ ਬਣਾਉ। ਯਾਨੀ ਬੀਬੀ ਵਾਸਤੇ ਰਿਜ਼ਰਵ ਕਰ ਦਿੱਤੀ
ਸਰਪੰਚੀ । ਫਿਰ
ਕੀ ਸੀ ਅਸੀਂ ਫਿਰ ਆਪਣੀ ਬੇਬੇ ਨੂੰ ਪਿੰਡ ਦੀ ਸਰਪੰਚ
ਬਣਾ ਦਿੱਤਾ। ਘਰ
ਵਾਲੀ ਨੂੰ ਕਿਹਾ ਸੀ ਬਈ ਤੂੰ ਬਣ ਜਾ। ਬਾਹਰਲਾ ਕੰਮ ਤਾਂ ਅਸੀਂ ਕਰੀ ਜਾਣਾ, ਤੁਹਾਡੀ ਕਿਰਪਾ ਨਾਲ
ਏਥੇ ਪਿੰਡ ਦਾ ਘਰ ਦਾ ਹੀ ਹੈ ਮਾੜਾ ਮੋਟਾ। ਫਿਰ ਰਲ ਮਿਲ ਕੇ ਅਸੀਂ ਬੇਬੇ ਨੂੰ ਪਿੰਡ
ਦੀ ਸਰਪੰਚ ਬਣਾ ਦਿੱਤਾ।’’
‘‘ਲਓ ਜੀ ਆ ਗਈ ਬੀਬੀ ਬਲਵੰਤ ਕੌਰ ਸੰਧੂ ਸਰਪੰਚ ਪਿੰਡ ਫਤੇਹ ਪੁਰ।’’ ਸਾਹਮਣੇ ਤੋਂ ਬੇਬੇ
ਤੇ ਬਲਕਾਰ ਦੀ ਸੱਸ ਆ ਰਹੀਆਂ ਸਨ। ਸੰਧੂ ਸਾਹਿਬ ਆਪਣੀ ਮਾਂ ਨੂੰ ਆਉਦਿਆਂ
ਦੇਖ ਕੇ ਖੁਸ਼ ਹੋ ਰਹੇ ਸਨ। ਵਿਅੰਗ ਜਿਹਾ ਵੀ ਕਰ ਰਹੇ ਸਨ।
‘‘ਬੇਬੇ ਆਹ ਸਰਦਾਰੀ ਫੜਾ ਬਲਕਾਰ ਨੂੰ ਤੇ ਉਹਦੇ ਦੋਸਤ ਨੂੰ .. ..।’’
ਸੰਧੂ ਸਾਹਿਬ ਬੋਲੇ,‘‘ਅੱਛਾ ਆਹ ਤਾਂ ਬਲਕਾਰ ਦਾ ਹੈ ਤੇ ਆਹ
ਨਾਲ ਦੇ ਪ੍ਰਾਹੁਣੇ ਦਾ..
..।’’ ਬੇੇਬੇ ਕੰਬਲਾਂ ਵੱਲ
ਦੇਖਦੀ ਬੋਲੀ।
‘‘ਆਹੋ’’ ਬਲਕਾਰ ਦੀ
ਸੱਸ ਬੋਲੀ।
ਮੈਂ ਨਾਂਹ ਕਰ ਰਿਹਾ ਸੀ ਇਹ ਕੰਬਲ ਨਹੀਂ
ਲੈ ਕੇ ਜਾਣਾ
‘‘ਮੈਨੂੰ ਪਹਿਲਾਂ ਏਹ ਦੱਸੋ ਇਹ ਨਾਲ ਦਾ ਮੁੰਡਾ ਹੈ ਕਿੱਥੋਂ।’’ ਬੇਬੇ ਬੋਲੀ।
‘‘ਇਹ ਮੁੰਡਾ ਬਲਕਾਰ ਸਿਓਂ ਦੇ ਪਿੰਡੋਂ ਹੀ ਹੈ ਉਸਦਾ ਦੋਸਤ ਹੈ .. ..।’’
‘‘ਕਿਨ੍ਹਾਂ ਦਾ ? ਜੱਟਾਂ ਦਾ ਮੁੰਡਾ?’’ ਉਹ ਮੈਨੂੰ ਕਲੀਨ ਸ਼ੇਵ
ਦੇਖ ਕੇ ਬੋਲੀ ਸੀ।
‘‘ਨਹੀਂ’’
‘‘ਫਿਰ ਬ੍ਰਾਹਮਣਾਂ ਦਾ ਮੁੰਡਾ।’’
‘‘ਨਹੀਂ ਬੇਬੇ ਤੂੰ ਕੀ ਲੈਣੈ ਇਨ੍ਹਾਂ ਗੱਲਾਂ ਤੋਂ, ਇਹ ਸਰਦਾਰੀ ਇਨ੍ਹਾਂ
ਦੀ ਫੜਾ ਇਹ ਜਾਣ, ਇਹ ਮੁੰਡਾ ਬੈਂਕ ’ਚ ਮੈਨੇਜਰ ਹੈ।’’ ਸੰਧੂ ਸਾਹਿਬ ਬੋਲੇ
‘‘ਨਾ ਇਹ ਤਾਂ ਠੀਕ ਹੈ ਬਲਕਾਰ ਸਿਉ ਦੇ ਪਿੰਡੋਂ ਹੈ ਪਰ ਮੁੰਡਾ ਕਿੰਨ੍ਹਾਂ
ਦਾ ਹੈ।’’ ਬੁੱਢੀ ਮੇਰੇ ਬਾਰੇ ਜਾਣ ਲੈਣਾ ਚਾਹੁੰਦੀ ਸੀ।
‘‘ਬੇਬੇ ਇਹ ਮੁੰਡਾ ਤਾਂ ਚਮਾਰਾਂ ਦਾ ਹੈ ਅਦਿਧਰਮੀਆਂ ’ਚੋਂ। ਓਦਾਂ ਤਾਂ ਪੜ੍ਹਿਆ-ਲਿਖਿਆ ਬੈਂਕ ’ਚ ਮੁਲਾਜ਼ਮ ਹੈ, ਬਲਕਾਰ ਦਾ ਦੋਸਤ
ਹੈ।’’ ਬਲਕਾਰ ਦੀ
ਸੱਸ ਨੇ ਹੌਲੀ ਜਿਹੀ ਉਹਦੇ ਕੰਨ ਵਿਚ ਦੱਸਿਆ।
‘‘ਫਿਰ ਐਓਂ ਆਖੋ ਨਾ, ਇਹ ਤੇ ਫਿਰ ਪਿੰਡ ਦਾ ਲਾਗੀ ਹੋਇਆ। ਲੈ ਬਈ ਫ਼ੜ ਜੁਆਨਾ, ਤੂੰ ਤੇ ਸਾਡੇ ਪਿੰਡ
ਦਾ ਲਾਗੀ ਹੋਇਆ, ਤੇਰਾ ਤਾਂ ਬਈ ਬਣਦਾ ਈ ਹੈ, ਕੀ
ਅਖੇਂਗਾ। ਪਿੰਡ
ਜਾ ਕੇ ਫਤੇਹਪੁਰੋਂ ਸੰਧੂਆਂ ਨੇ ‘ਲਾਗੀ’ ਨੂੰ ਖਾਲੀ ਹੱਥੀਂ
ਤੋਰਿਆ..’’
ਉਹ ਬੇਬੇ ਹੱਥ ਵਿਚ ਫੜਿਆ ਹੋਇਆ ਕੰਬਲ
ਮੇਰੇ ਵੱਲ ਨੂੰ ਧੱਕਣ ਲੱਗੀ,
ਸੌ ਦਾ ਨੋਟ ਵੀ ਮੇਰੀ ਜੇਬ ਵਿਚ ਪਾਉਣ ਲਈ ਆਈ।
‘‘ਕੋਈ ਲਾਗੀਆਂ ਨੂੰ ਖਾਲੀ ਹੱਥੀਂ ਥੋੜ੍ਹਾ ਤੋਰਦੈ।’’
‘‘ਲਾਗੀਆਂ ਨੂੰ ਖਾਲੀ ਹੱਥੀਂ ਭੁੱਖੇ ਨੰਗੇ ਤੋਰਦੇ ਹਨ। ਇਥੋਂ ਕਦੀ ਕੋਈ ਲਾਗੀ ਖਾਲੀ ਹੱਥੀਂ ਨਹੀਂ
ਗਿਆ। ਇੱਥੇ ਕਿਸੇ ਗੱਲ ਦੀ ਕੋਈ ਤੋਟ ਏ, ਰੱਬ ਨੇ ਭਾਗ ਲਾਏ
ਹੋਏ ਨੇ..’’ ਸਰਪੰਚ ਬੀਬੀ ਬੋਲੀ
ਜਾ ਰਹੀ ਸੀ।
ਸੰਧੂ ਸਾਹਿਬ ਚੁੱਪ ਖੜ੍ਹੇ ਸਨ।
ਮੇਰੀ ਮੈਨੇਜਰੀ ਮੇਰੇ ਮੱਥੇ ਤੋਂ ਬਹੁਤ
ਦੇਰ ਦੀ ਲੱਥ ਕੇ ਜਮੀਨ ’ਤੇ
ਡਿੱਗ ਪਈ ਸੀ। ਲਾਗੀ
ਸ਼ਬਦ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ। ਕੰਬਲ
ਕਦੋਂ ਦਾ ਕਿਸੇ ਨੇ ਮਾਰੂਤੀ ਕਾਰ ਵਿਚ ਰੱਖ ਦਿੱਤਾ ਸੀ।
ਸੰਧੂ ਸਾਹਿਬ ਦਾ ਰੰਗ ਉੱਡ ਗਿਆ ਸੀ, ਮੁਸਕਰਾਹਟ ਗਾਇਬ
ਹੋ ਗਈ ਸੀ। ਅਸੀਂ
ਚੁੱਪ-ਚਾਪ ਗੱਡੀ
ਵਿਚ ਬੈਠ ਗਏ ਸਾਂ।
‘‘ਫਿਰ ਵੀ ਚੱਕਰ ਮਾਰਿਓ’’ ਸੰਧੂ ਸਾਹਿਬ ਨੇ ਤੁਰਨ ਲੱਗਿਆਂ ਆਖਿਆ ਸੀ। ਮਾਰੂਤੀ ਨੇ ਸਪੀਡ ਫੜ ਲਈ ਸੀ। ਉਡਦੀ ਧੂੜ ’ਚੋਂ ਸੰਧੂ ਸਾਹਿਬ ਦੀ ਕੋਠੀ ਨਜ਼ਰ ਆਉਣੋਂ
ਹਟ ਗਈ ਸੀ।
No comments:
Post a Comment