ਯੂ. ਪੀ. ’ਚ ਦਲਿਤ ਆਗੂ ’ਤੇ ਜਬਰ - ਰਾਜ ਦੇ ਵਹਿਸ਼ੀ
ਕਿਰਦਾਰ ਦੀ ਨੁਮਾਇਸ਼
ਯੂ. ਪੀ. ਦੇ ਸਹਾਰਨਪੁਰ ਖੇਤਰ ’ਚ ਉੱਭਰੀ ਦਲਿਤ ਜਥੇਬੰਦੀ ਭੀਮ ਸੈਨਾ ਦਾ ਮੁੱਖ ਆਗੂ ਚੰਦਰ ਸ਼ੇਖਰ ਅਜ਼ਾਦ ਜੂਨ 2017 ਤੋਂ ਜੇਲ ’ਚ ਡੱਕਿਆ ਹੋਇਆ ਹੈ। ਬੀਤੇ ਵਰੇ ਸਹਾਰਨਪੁਰ ’ਚ ਅਖੌਤੀ ਉੱਚ ਜਾਤੀ ਰਾਜਪੂਤਾਂ ਵੱਲੋਂ
ਦਲਿਤਾਂ ’ਤੇ ਹਿੰਸਕ ਹਮਲੇ ਕੀਤੇ ਗਏ ਸਨ ਜਿਸਦਾ
ਟਾਕਰਾ ਦਲਿਤਾਂ ਵੱਲੋਂ ਭੀਮ ਆਰਮੀ ਦੀ ਅਗਵਾਈ ’ਚ ਜਥੇਬੰਦ ਹੋ ਕੇ ਕੀਤਾ ਗਿਆ ਸੀ। ਉੱਚ ਜਾਤੀ ਹੰਕਾਰ ਖਿਲਾਫ਼ ਉੱਠ ਖੜੇ ਹੋਏ
ਦਲਿਤਾਂ ਨੂੰ ਯੂ. ਪੀ.
ਦੀ ਯੋਗੀ ਹਕੂਮਤ ਨੇ ਸਬਕ ਸਿਖਾਉਣ ਦਾ ਰਾਹ ਚੁਣਿਆ ਸੀ। ਇਸ ਮਗਰੋਂ ਯੂ. ਪੀ. ਪੁਲਿਸ ਵੱਲੋਂ ਦਲਿਤਾਂ ਖਿਲਾਫ਼ ਹੀ ਥੋਕ ’ਚ ਝੂਠੇ ਕੇਸ ਦਰਜ ਕੀਤੇ ਗਏ ਸਨ। ਚੰਦਰ ਸ਼ੇਖਰ ਨੂੰ ਕਈ ਝੂਠੇ ਕੇਸਾਂ ’ਚ ਫਸਾਇਆ ਗਿਆ ਸੀ ਤੇ ਰਾਜਪੂਤਾਂ ਵੱਲੋਂ
ਉੱਚ ਜਾਤੀ ਹਿੰਸਾ ਲਈ ਚੰਦਰ ਸ਼ੇਖਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਨਵੰਬਰ 2017 ’ਚ ਅਲਾਹਾਬਾਦ ਹਾਈਕੋਰਟ ਵੱਲੋਂ ਚੰਦਰ
ਸ਼ੇਖਰ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਕਿਉਂਕਿ ਪੁਲਿਸ ਇਹਨਾਂ ਕੇਸਾਂ ਦੇ ਕੋਈ ਠੋਸ ਸਬੂਤ ਅਦਾਲਤ ’ਚ ਪੇਸ਼ ਨਹੀਂ ਕਰ ਸਕੀ ਸੀ। ਪਰ ਪੁਲਿਸ ਨੇ ਚੰਦਰ ਸ਼ੇਖਰ ਨੂੰ ਰਿਹਾਅ
ਕਰਕੇ ਮਗਰੋਂ ਨੈਸ਼ਨਲ ਸਕਿਉਰਟੀ ਐਕਟ (ਐਨ. ਐਸ. ਏ.)
ਨਾਂਅ ਦਾ ਜਾਬਰ ਕਾਨੂੰਨ ਮੜਕੇ ਜੇਲ ’ਚ ਡੱਕ ਦਿੱਤਾ ਜਿਸ ਤਹਿਤ ਸਾਲ ਭਰ ਜ਼ਮਾਨਤ
ਹੀ ਨਹੀਂ ਹੁੰਦੀ। ਐਨ. ਐਸ. ਏ. ਮੁਲਕ ਦੇ ਹੋਰਨਾਂ ਬਦਨਾਮ ਜਾਬਰ ਕਾਨੂੰਨਾਂ ਯੂ. ਏ. ਪੀ. ਏ. ਤੇ ਅਫਸਪਾ ਵਰਗਾ ਹੀ ਹੈ ਜੋ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਹਕੂਮਤਾਂ ਦੇ ਹਥਿਆਰ
ਬਣੇ ਹੋਏ ਹਨ। ਚੰਦਰ
ਸ਼ੇਖਰ ਨੂੰ ਨਾ ਸਿਰਫ਼ ਸਾਲ ਭਰ ਤੋਂ ਜੇਲ ’ਚ ਰੱਖਿਆ ਗਿਆ ਹੈ ਸਗੋਂ ਉਸ ਉੱਤੇ ਅੰਨਾ ਤਸ਼ੱਦਦ ਢਾਹਿਆ ਗਿਆ ਹੈ, ਮਾਨਸਿਕ ਤਸੀਹੇ ਦੇ
ਕੇ ਉਸਦੇ ਮਨੋਬਲ ਨੂੰ ਤੋੜਨ ਲਈ ਯਤਨ ਕੀਤੇ ਜਾ ਰਹੇ ਹਨ। ਮੁਲਕ ਭਰ ’ਚ ਚੰਦਰ ਸ਼ੇਖਰ ਅਜ਼ਾਦ ਦੀ ਰਿਹਾਈ ਲਈ ਇੱਕ
ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਲੇਖਕ, ਵਿਦਿਆਰਥੀ, ਬੁੱਧੀਜੀਵੀ,
ਫਿਲਮਕਾਰ, ਸਮਾਜਿਕ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਸ਼ਾਮਲ
ਹਨ।
ਚੰਦਰ ਸ਼ੇਖਰ ਅਜ਼ਾਦ ਦੀ ਅਗਵਾਈ ’ਚ ਉੱਭਰੀ ਭੀਮ ਸੈਨਾ ਇੱਕ ਅਜਿਹੀ ਜਥੇਬੰਦੀ
ਹੈ ਜਿਸਨੇ ਦਲਿਤ ਨੌਜਵਾਨਾਂ ਨੂੰ ਬਹੁਜਨ ਸਮਾਜ ਪਾਰਟੀ ਜਾਂ ਇਸ ਵਰਗੀਆਂ ਹੋਰ ਮੌਕਾਪ੍ਰਸਤ ਪਾਰਟੀਆਂ
ਦੇ ਲੜ ਲਾਉਣ ਦੀ ਥਾਂ ਵੱਖਰੇ ਤੌਰ ’ਤੇ
ਜਥੇਬੰਦ ਕੀਤਾ ਹੈ। ਇਸ
ਦੀ ਅਗਵਾਈ ’ਚ ਜਥੇਬੰਦੀ ਹੋਏ ਨੌਜਵਾਨਾਂ ਨੇ ਦਲਿਤ
ਭਾਈਚਾਰੇ ਲਈ ਯੂ. ਪੀ.
’ਚ 300 ਸਿੱਖਿਆ ਕੇਂਦਰ
ਖੋਲੇ ਹਨ। ਉੱਚ
ਜਾਤੀ ਹਿੰਸਾ ਦੇ ਟਾਕਰੇ ਲਈ ਦਲਿਤਾਂ ਨੂੰ ਜਥੇਬੰਦ ਕੀਤਾ ਹੈ ਤੇ ਸਵੈ-ਰੱਖਿਆ ਟੀਮਾਂ ਵੀ
ਉਸਾਰੀਆਂ ਹਨ ਤੇ ਰਾਜਪੂਤਾਂ ਵੱਲੋਂ ਕੀਤੇ ਹਿੰਸਕ ਹਮਲਿਆਂ ਦਾ ਟਾਕਰਾ ਕੀਤਾ ਹੈ।
ਦਲਿਤ ਨੌਜਵਾਨਾਂ ਦਾ ਇਉਂ ਮੌਕਾਪ੍ਰਸਤ
ਵੋਟ ਪਾਰਟੀਆਂ ਦੇ ਪਰਾਂ ’ਚੋਂ
ਨਿਕਲ ਕੇ, ਆਪ ਜਥੇਬੰਦ
ਹੋ ਕੇ ਟਾਕਰੇ ਦੇ ਰਾਹ ਪੈਣਾ ਭਾਰਤੀ ਰਾਜ ਪ੍ਰਬੰਧ ਨੂੰ ਕਿਸੇ ਹਾਲਤ ਮਨਜ਼ੂਰ ਨਹੀਂ ਹੈ ਤੇ ਇਸਦੀ ਰਗ
ਰਗ ’ਚ ਦੌੜਦਾ ਉੱਚ ਜਾਤੀ ਹੰਕਾਰ ਤਿਲਮਿਲਾ
ਉੱਠਿਆ ਹੈ। ਯੂ. ਪੀ. ਹਕੂਮਤ ਸਮੇਤ ਪੁਲਿਸ ਤੇ ਅਦਾਲਤੀ ਪ੍ਰਬੰਧ ’ਚ ਕਾਬਜ਼ ਉੱਚ ਜਾਤੀ ਹੰਕਾਰ ਨੇ ਜਬਰ ਦਾ ਝੱਖੜ ਝੁਲਾ ਦਿੱਤਾ ਹੈ ਤੇ
ਸਦਾ ਕੁਚਲੇ ਰਹਿਣ ਦੀ ‘ਔਕਾਤ’ ਯਾਦ ਕਰਵਾਉਣ ’ਤੇ ਤੁਲ ਗਿਆ ਹੈ। ਇਹ ਜਾਬਰ ਭਾਰਤੀ ਰਾਜ ਹਰ ਨਾਬਰੀ ਨਾਲ
ਇਉਂ ਹੀ ਨਜਿੱਠਦਾ ਆਇਆ ਹੈ। ਦਲਿਤਾਂ ਲਈ ਇਹਦੇ ’ਚ
ਕੁੱਝ ਵੀ ਨਵਾਂ ਨਹੀਂ ਹੈ। ਉਹ ਸਦੀਆਂ ਤੋਂ ਉੱਚ ਜਾਤੀ ਹਿੰਸਾ ਨੂੰ ਪਿੰਡੇ ’ਤੇ ਹੰਢਾਉਂਦੇ ਆ ਰਹੇ ਸਨ। ਰਣਬੀਰ ਸੈਨਾ ਵੱਲੋਂ ਰਚੇ ਦਲਿਤਾਂ ਦੇ
ਕਤਲੇਆਮਾਂ ਦੇ ਕਿੱਸੇ ਦਲਿਤਾਂ ਦੇ ਚੇਤਿਆਂ ’ਚੋਂ ਮਿਟੇ ਨਹੀਂ ਹਨ। ਅਜਿਹੇ ਅਨੇਕਾਂ ਕਾਂਡ ਦਲਿਤਾਂ ਦੀ ਰੋਜ਼
ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ।
ਜੋ ਨਵਾਂ ਹੈ ਉਹ ਇਹ ਕਿ ਸਮਾਜਿਕ ਨਾ-ਬਰਾਬਰੀ ਤੇ ਮਾਣ ਸਨਮਾਨ
ਭਰੀ ਜ਼ਿੰਦਗੀ ਦੀ ਸਿੱਕ ਲੈ ਉੱਠਦੇ ਦਲਿਤ ਨੌਜਵਾਨਾਂ ਨੂੰ ਭਾਰਤੀ ਸੰਵਿਧਆਨ ਤੇ ਕਾਨੂੰਨ ਦੀਆਂ ਲਛਮਣ
ਰੇਖਾਵਾਂ ਹੋਰ ਵਧੇਰੇ ਉੱਘੜ ਕੇ ਦਿਖ ਰਹੀਆਂ ਹਨ। ਇਹਦੇ ਰਾਹੀਂ ਕੁੱਝ ਬਿਹਤਰ ਹੋ ਸਕਣ ਦੀਆਂ
ਆਸਾਂ ਹੋਰ ਬੁਰੀ ਤਰਾਂ ਟੁੱਟਦੀਆਂ ਹਨ। ਟਾਕਰੇ ਲਈ ਆਪਣੀ ਸਵੈਨਿਰਭਰ ਜਥੇਬੰਦਕ
ਤਾਕਤ ਦਾ ਵਿਚਾਰ ਹੋਰ ਮਕਬੂਲ ਹੋ ਰਿਹਾ ਹੈ। ਸਭਨਾਂ ਜਮਹੂਰੀ ਸ਼ਕਤੀਆਂ ਨੂੰ ਚੰਦਰ ਸ਼ੇਖਰ
ਦੀ ਰਿਹਾਈ ਲਈ ਅਵਾਜ਼ ਉਠਾਉਣੀ ਚਾਹੀਦੀ ਹੈ। ਭੀਮ ਆਰਮੀ ਵੱਲੋਂ ਦਲਿਤਾਂ ਨੂੰ ਜਥੇਬੰਦ
ਕਰਨ ਤੇ ਟਾਕਰਾ ਕਰਨ ਦੇ ਲਏ ਪੈਂਤੜੇ ਤੇ ਅਖ਼ਤਿਆਰ ਕੀਤੇ ਰਾਹ ਤੇ ਤਰੀਕਾਕਾਰ ਬਾਰੇ ਵਖਰੇਵਾਂ ਰੱਖਦੇ
ਹਿੱਸਿਆਂ ਨੂੰ ਆਪਣੇ ਵਖਰੇਵੇਂ ਨੂੰ, ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੀ ਰਾਖੀ ਲਈ ਖੜ੍ਹਨ ਦੇ ਆੜੇ ਨਹੀਂ ਆਉਣ
ਦੇਣਾ ਚਾਹੀਦਾ ਤੇ ਜਾਬਰ ਭਾਰਤੀ ਰਾਜ ਦੇ ਵਹਿਸ਼ੀ ਕਿਰਦਾਰ ਨੂੰ ਉਘਾੜਦਿਆਂ ਦਲਿਤਾਂ ਦੇ ਹੱਕ ’ਚ ਡਟਣਾ ਚਾਹੀਦਾ ਹੈ। ਤੇ ਦਲਿਤਾਂ ’ਤੇ ਜਬਰ ਖਿਲਾਫ਼ ਇੱਕਜੁੱਟ ਵਿਰੋਧ ਉਭਾਰਨਾ
ਚਾਹੀਦਾ ਹੈ। ਸੰਵਿਧਾਨਕ
ਹੱਕਾਂ ਤੋਂ ਅਗਾਂਹ ਆਪਣੀ ਜ਼ਿੰਦਗੀ ’ਚ
ਤਬਦੀਲੀ ਲਈ ਤੇ ਹਿੰਸਾ ਦੇ ਟਾਕਰੇ ਲਈ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਅਧਿਕਾਰ ਨੂੰ ਬੁਲੰਦ ਕਰਨਾ
ਚਾਹੀਦਾ ਹੈ।
No comments:
Post a Comment