Thursday, April 26, 2018

‘‘ਫਿਰਕੂ ਫਾਸ਼ੀਵਾਦ ਤੇ ਜਲੰਧਰ ’ਚ ਸੈਮੀਨਾਰ



‘‘ਫਿਰਕੂ ਫਾਸ਼ੀਵਾਦ ਤੇ ਅਜੋਕਾ ਸਮਾਂ’’ ਵਿਸ਼ੇ ਤੇ ਜਲੰਧਰ ਚ ਸੈਮੀਨਾਰ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਲੰਧਰ ਇਕਾਈ ਵੱਲੋਂ 8 ਅਪ੍ਰੈਲ 2018 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਫਿਰਕੂ ਫਾਸ਼ੀਵਾਦ ਅਤੇ ਅਜੋਕਾ ਸਮਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਚ ਵੱਡੀ ਗਿਣਤੀ ਚ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਰਗਰਮ ਲੋਕਾਂ ਨੇ ਸ਼ਮੂਲੀਅਤ ਕੀਤੀ ਪ੍ਰਧਾਨਗੀ ਮੰਡਲ ਚ ਸਭਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ, ਪ੍ਰੋ. ਸੇਵਾ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾ. ਗੁਰਮੀਤ ਸ਼ੁਸ਼ੋਬਿਤ ਸਨ ਸੈਮੀਨਾਰ ਦੇ ਸ਼ੁਰੂ ਵਿੱਚ ਕਾ. ਗੰਧਰਵ ਸੇਨ ਕੋਛੜ ਅਤੇ ਸੁਖਦੇਵ ਬਿਲਗਾ ਨੂੰ ਸ਼ਰਧਾਂਜਲੀ ਵਜੋਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ
ਸੈਮੀਨਾਰ ਦੇ ਮੁੱਖ ਬੁਲਾਰੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਐਨ.ਕੇ.ਜੀਤ ਨੇ ਜਰਮਨੀ ਅਤੇ ਇਟਲੀ ਵਿੱਚ ਲੋਕਾਂ ਵੱਲੋਂ ਹੰਢਾਏ ਫਾਸ਼ੀਵਾਦ ਦੇ ਤਜ਼ਰਬਿਆਂ, ਤਸੀਹਾ ਕੇਂਦਰਾਂ, ਜਬਰੀ ਕਿਰਤ ਕੈਂਪਾਂ, ਵੱਡੀ ਪੱਧਰ ਤੇ ਲੋਕਾਂ ਨੂੰ ਮਾਰ ਮੁਕਾਉਣ ਵਾਲੇ ਗੈਸ ਚੈਂਬਰਾਂ ਅਤੇ ਦੂਜੀ ਸੰਸਾਰ ਜੰਗ ਦੀ ਭਿਆਨਕ ਤਬਾਹੀ ਦਾ ਜ਼ਿਕਰ ਕਰਦਿਆਂ ਫਾਸ਼ੀਵਾਦ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਤੇ ਅੱਤ ਦਾ ਵਹਿਸ਼ੀ ਹਮਲਾ ਅਤੇ ਜਬਰ ਦਾ ਅੱਤ ਕਰੂਰ ਰੂਪ ਦੱਸਿਆ ਯੂਰਪ ਦੇ ਫਾਸ਼ੀਵਾਦੀਆਂ-ਹਿਟਲਰ ਅਤੇ ਮੁਸੋਲਿਨੀ ਦੀ ਵਿਚਾਰਧਾਰਾ ਦੇ ਪ੍ਰਮੁੱਖ ਪੱਖਾਂ ਨੂੰ ਉਭਾਰਦਿਆਂ, ਉਸ ਨੇ ਭਾਰਤ ਅੰਦਰ ਸੰਘ ਪਰਿਵਾਰ ਦੇ ਝੰਡੇ ਹੇਠ ਇਕੱਠੇ ਹੋਏ ਹਿੰਦੂ ਫਿਰਕੂ ਫਾਸ਼ੀਆਂ ਦੇ ਲੱਛਣਾਂ ਅਤੇ ਕਾਰਵਾਈਆਂ ਚ ਸਮਾਨਤਾਵਾਂ ਦਾ ਜ਼ਿਕਰ ਕੀਤਾ ਭਾਰਤ ਦੀਆਂ ਹਾਲਤਾਂ ਦੀ ਵਿਸ਼ੇਸ਼ਤਾ ਨੂੰ ਨੋਟ ਕਰਦਿਆਂ ਮੁੱਖ ਬੁਲਾਰੇ ਨੇ ਕਿਹਾ ਕਿ ਹਿੰਦੂ ਫਿਰਕੂ ਫਾਸ਼ੀਵਾਦ ਮੁੱਖ ਤੌਰ ਤੇ ਮੁਸਲਮਾਨਾਂ, ਔਰਤਾਂ, ਦਲਿਤਾਂ, ਕਬਾਇਲੀਆਂ ਅਤੇ ਇਸਾਈਆਂ ਖਿਲਾਫ ਸੇਧਤ ਹੈ ਚਾਹੇ ਹਿੰਦੂ ਸ਼ਾਵਨਵਾਦੀ ਅੰਨ੍ਹੀਂ ਕੌਮਪ੍ਰਸਤੀ ਦਾ ਪ੍ਰਚਾਰ ਕਰਦੇ ਹਨ ਪਰ ਨਾਲ ਹੀ ਸਾਮਰਾਜ ਪੱਖੀ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੀ ਨਾ ਸਿਰਫ ਅੰਨ੍ਹੀਂ ਵਕਾਲਤ ਕਰਦੇ ਹਨ ਸਗੋਂ ਹਕੂਮਤੀ ਜਬਰ ਦੇੇ ਜੋਰ ਇਹਨਾਂ ਨੂੰ ਬੇਕਿਰਕੀ ਨਾਲ ਲਾਗੂ ਵੀ ਕਰ ਰਹੇ ਹਨ ਜਿੱਥੇ ਇਟਲੀ ਤੇ ਜਰਮਨੀ ਚ ਫਾਸ਼ੀਵਾਦੀਆਂ ਨੇ ਸੱਤਾ ਤੇ ਕਾਬਜ਼ ਹੋਣ ਲਈ ਪਹਿਲਾਂ ਉਥੋਂ ਦੀਆਂ ਜਮਹੂਰੀ ਸੰਸਥਾਵਾਂ ਨੂੰ ਵਰਤਿਆ ਸੀ ਅਤੇ ਸਿਖਰ ਤੇ ਪਹੁੰਚ ਕੇ ਆਵਦੀ ਡਿਕਟੇਟਰਸ਼ਿੱਪ ਸਥਾਪਤ ਕਰ ਲਈ ਸੀ, ੳੱੁਥੇ ਭਾਰਤ ਵਿੱਚ ਪਹਿਲਾਂ ਹੀ ਪਾਰਲੀਮੈਂਟਰੀ ਵਿਵਸਥਾ ਦੇ ਪਰਦੇ ਹੇਠ ਜਾਬਰ ਅਤੇ ਆਪਾਸ਼ਾਹ ਰਾਜਸੀ ਢਾਂਚਾ ਕੰਮ ਕਰ ਰਿਹਾ ਹੈ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾ ਕੇ ਲੋਕਾਂ ਦੇ ਸਾਰੇ ਸੰਵਿਧਾਨਕ ਹੱਕਾਂ ਨੂੰ ਮੁੱਢੋਂ-ਸੁੱਢੋਂ ਰੱਦ ਕੀਤੇ ਜਾਣਾ ਅਤੇ ਸਰਵੳੱੁਚ ਅਦਾਲਤ ਵੱਲੋਂ ਇਸ ਤੇ ਸਹੀ ਪਾਉਣਾ, ਇਸ ਗੱਲ ਦਾ ਸਪੱਸ਼ਟ ਸੂਚਕ ਹੈ ਕਿ ਪਾਰਲੀਮੈਂਟਰੀ ਰਾਜ ਦਾ ਪੜਦਾ ਬਹੁਤ ਮਹੀਨ ਅਤੇ ਕਮਜ਼ੋਰ ਹੈ ਜਿਸ ਨੂੰ ਪੈੱਨ ਦੀ ਨੋਕ ਨਾਲ ਜਦੋਂ ਮਰਜ਼ੀ ਵਗਾਹ ਕੇ ਸੁੱਟਿਆ ਜਾ ਸਕਦਾ ਹੈ ਇਸ ਹਾਲਤ ਨਾਲ ਮੜਿੱਕਣ ਲਈ ਉਹਨਾਂ ਸਾਰੇ ਲੋਕਾਂ ਦੇ ਏਕੇ ਅਤੇ ਵਿਸ਼ਾਲ ਲਾਮਬੰਦੀ ਦੀ ਲੋੜ ਹੈ ਜੋ ਹਿੰਦੂ ਫਿਰਕੂ ਫਾਸ਼ੀਵਾਦੀਆਂ ਦੀ ਮਾਰ ਹੇਠ ਆਏ ਹੋਏ ਹਨ- ਜਿਵੇਂ ਕਿਸਾਨ, ਮਜ਼ਦੂਰ, ਔਰਤਾਂ, ਦਲਿਤ, ਲੇਖਕ, ਬੁੁੱਧੀਜੀਵੀ, ਨੌਜਵਾਨ ਆਦਿ
ਇਸ ਤੋਂ ਬਾਅਦ ਚੱਲੀ ਬਹਿਸ ਵਿਚ ਮਸਲੇ ਦੇ ਕਈ ਪੱਖਾਂ ਤੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਹਰਵਿੰਦਰ ਭੰਡਾਲ, ਜੱਸ ਮੰਡ, ਦੇਸ ਰਾਜ ਕਾਲੀ, ਤਸਕੀਨ, ਡਾ. ਸੈਲੇਸ਼, ਪ੍ਰੋ. ਸੁਰਜੀਤ ਜੱਜ, ਸੀਤਲ ਸੰਘਾ, ਡਾ. ਤੇਜਪਾਲ, ਕਸਤੂਰੀ ਲਾਲ ਅਤੇ ਪ੍ਰੋ. ਸੇਵਾ ਸਿੰਘ ਨੇ ਆਪਣੇ ਆਪਣੇ ਵਿਚਾਰ ਰੱਖੇ ਐਡਵੋਕੇਟ ਐਨ.ਕੇ.ਜੀਤ ਨੇ ਇਸ ਵਿਚਾਰ-ਚਰਚਾ ਦੌਰਾਨ ਉਭਾਰੇ ਗਏ ਸਵਾਲਾਂ ਅਤੇ ਵਿਸ਼ੇ ਦੇ ਸਬੰਧਤ ਪੱਖਾਂ ਤੇ ਸਪੱਸ਼ਟੀਕਰਨ ਦਿੱਤੇ
ਅੰਤ ਵਿਚ ਸਭਾ ਦੀ ਜਲੰਧਰ ਇਕਾਈ ਦੇ ਪਧਾਨ ਜਸਵਿੰਦਰ ਸਿੰਘ ਨੇ ਹਿੰਦੂ ਫਿਰਕੂ ਫਾਸ਼ੀਵਾਦ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ, ਇਸ ਸੈਮੀਨਾਰ ਚ ਸ਼ਾਮਲ ਹੋਈਆਂ ਜਨਤਕ-ਜਮਹੂਰੀ ਜੱਥੇਬੰਦੀਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ 8 ਅਪ੍ਰੈਲ ਦੇ ਇਤਿਹਾਸਕ ਦਿਨ ਤੇ, ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਬਰਤਾਨਵੀ ਸਾਮਰਾਜੀ ਹਕੂਮਤ ਵੱਲੋਂ, ਭਾਰਤੀ ਲੋਕਾਂ-ਵਿਸ਼ੇਸ਼ ਤੌਰ ਤੇ ਕਿਰਤੀਆਂ ਖਿਲਾਫ ਲਿਆਂਦੇ ਦੋ ਕਾਲੇ ਕਾਨੂੰਨਾਂ ਤੇ ਵਿਰੋਧ ਜਤਾਉਣ ਲਈ ਅਤੇ ਬਰਤਾਨਵੀ ਹਾਕਮਾਂ ਦੇ ਬੋਲੇ ਕੰਨਾਂ ਤੱਕ ਭਾਰਤੀ ਲੋਕਾਂ ਦੀ ਆਵਾਜ਼ ਪੁਚਾਉਣ ਲਈ, ਅਸੰਬਲੀ ਦੇ ਕੇਂਦਰੀ ਹਾਲ ਚ ਬੰਬ ਸੁੱਟਿਆ ਸੀ, ਇਹ ਸੈਮੀਨਾਰ ਕਰਵਾਏ ਜਾਣ ਦੇ ਮਹੱਤਤਾ ਦਾ ਵਿਸ਼ੇਸ਼ ਤੌਰ ਤੇ ਵਰਨਣ ਕੀਤਾ

No comments:

Post a Comment