Thursday, April 26, 2018

ਫਿਰਕਾਪ੍ਰਸਤੀ ਵਿਰੋਧੀ ਸੰਘਰਸ਼



ਫਿਰਕਾਪ੍ਰਸਤੀ ਵਿਰੋਧੀ ਸੰਘਰਸ਼ ਦੇ ਪ੍ਰਤੀਕ ਵਜੋਂ ਮਨਾਇਆ
ਸੇਵੇਵਾਲਾ ਕਾਂਡ ਬਰਸੀ ਸਮਾਗਮ
9 ਅਪ੍ਰੈਲ 1991 ਨੂੰ ਸੇਵੇਵਾਲਾ ਵਿਖੇ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੇ ਸਮਾਗਮ ਤੇ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਬਾਰੂਦੀ ਵਾਛੜ ਕਰਕੇ ਅਠਾਰਾਂ ਯੋਧਿਆਂ ਨੂੰ ਸ਼ਹੀਦ ਕਰਕੇ, ਬਾਈ ਹੋਰਾਂ ਨੂੰ ਜ਼ਖਮੀ ਕਰ ਦਿੱਤਾ ਸੀ ਫਿਰਕੂ ਦਹਿਸ਼ਤਗਰਦਾਂ ਨੇ ਭਰਮ ਪਾਲਿਆ ਸੀ ਕਿ ਹੁਣ ਉਨ੍ਹਾਂ ਖਿਲਾਫ਼ ਕੋਈ ਜਥੇਬੰਦਕ ਆਵਾਜ਼ ਨਹੀਂ ਉਠੇਗੀ ਇਸ ਗੱਲ ਨੂੰ ਪੱਕਾ ਕਰਨ ਲਈ ਜਿਹੜੀ ਹੱਥ ਲਿਖਤ ਚਿੱਠੀ ਦਹਿਸ਼ਤਗਰਦ ਸੁੱਟਕੇ ਗਏ ਸਨ ਉਸ ਵਿੱਚ ਵਿਹੜੇ ਵਾਲਿਆਂ (ਖੇਤ-ਮਜ਼ਦੂਰਾਂ) ਨੂੰ ਸਖ਼ਤ ਸੁਣਾਉਣੀ ਕਰਕੇ ਗਏ ਸਨ ਕਿ ਫਰੰਟ ਦੇ ਪਿੱਛੇ ਲੱਗਣ ਤੋਂ ਬਾਜ ਆਉਣ ਪਰ ਸੇਵੇਵਾਲਾ ਕਾਂਡ ਤੋਂ ਤੁਰੰਤ ਬਾਅਦ ਤੇ ਅੱਜ ਤੱਕ ਸੇਵੇਵਾਲਾ ਸ਼ਹੀਦਾਂ ਦੀ ਯਾਦ ਵਿੱਚ ਲਗਾਤਾਰ ਸਮਾਗਮ ਕੀਤੇ ਜਾ ਰਹੇ ਹਨ ਇਹਨਾਂ ਸਮਾਗਮਾਂ ਵਿੱਚ ਆਮ ਲੋਕ, ਸ਼ਹੀਦ ਪਰਿਵਾਰ ਅਤੇ ਕਾਂਡ ਵੇਲੇ ਜ਼ਖਮੀ ਹੋਏ ਸਾਥੀ ਲਗਾਤਾਰ ਸ਼ਾਮਲ ਹੋ ਰਹੇ ਹਨ ਹਰ ਸਾਲ ਸਮਾਗਮ ਕਰਨ ਲਈ ਸੇਵੇਵਾਲਾ ਕਾਂਡ ਸ਼ਹੀਦੀ ਯਾਦਗਾਰ ਕਮੇਟੀ ਬਣੀ ਹੋਈ ਹੈ
ਸ਼ਹੀਦੀ ਯਾਦਗਾਰ ਕਮੇਟੀ ਵੱਲੋਂ 9 ਅਪ੍ਰੈਲ 2018 ਨੂੰ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਸ਼ਤਿਹਾਰ ਛਪਵਾਕੇ, ਸੇਵੇਵਾਲਾ, ਭਗਤੂਆਣਾ ਤੇ ਨੇੜਲੇ ਪਿੰਡਾਂ ਵਿੱਚ ਲਾਇਆ ਗਿਆ ਤਿਆਰੀ ਲਈ ਸੇਵੇਵਾਲਾ ਦੇ ਖੇਤ-ਮਜ਼ਦੂਰ ਵਿਹੜੇ ਵਿੱਚ ਘਰ ਘਰ ਸੁਨੇਹਾ ਦੇਣ ਲਈ ਅਤੇ ਫੰਡ ਲਈ ਅਪੀਲ ਕੀਤੀ ਗਈ ਯਾਦਗਾਰ ਕਮੇਟੀ ਵੱਲੋਂ ਜੈਤੋ ਵਿਖੇ ਕਿਸਾਨਾਂ, ਮਜ਼ਦੂਰਾਂ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਤੇ ਵਰਕਰਾਂ ਦੀ ਮੀਟਿੰਗ ਕਰਵਾਈ ਗਈ ਫੂਡ ਐਂਡ ਅਲਾਈਡ ਯੂਨੀਅਨ ਦੇ ਵਰਕਰਾਂ ਦੀ ਚੰਗੀ ਭਰਵੀਂ ਮੀਟਿੰਗ ਹੋਈ
ਸਮਾਗਮ ਦੇ ਸ਼ੁਰੂ ਵਿੱਚ ਹੀ ਜਦੋਂ ਸ਼ਹੀਦ ਦੀ ਬੇਟੀ ਹਰਿੰਦਰ ਕੌਰ ਬਿੰਦੂ ਨੇ, ਸ਼ਹੀਦ ਪਰਿਵਾਰਾਂ, ਜਖਮੀਆਂ ਅਤੇ ਯਾਦਗਾਰ ਕਮੇਟੀ ਦੇ ਆਗੂਆਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤਾਂ ਪੰਡਾਲ ਇਨਕਲਾਬੀ ਨਾਹਰਿਆਂ ਨਾਲ ਗੂੰਜ ਉੱਠਿਆ ਕਿ ‘‘ਅਠਾਰਾਂ ਖੋਹ ਕੇ ਲਾ ਲਿਆ ਜ਼ੋਰ  ਅਠਾਰਾਂ ਦੇ ਵਾਰਸ ਲੱਖਾਂ ਹੋਰ’’ ਇਸ ਮੌਕੇ ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਐਨ. ਕੇ. ਜੀਤ ਵੱਲੋਂ ਪੇਸ਼ ਕੀਤਾ ਗਿਆ ਗੀਤ ‘‘ਲੱਖ ਲਾਲ ਸਲਾਮਾਂ ਨੇ, ਇਹੋ ਜਿਹੇ ਸ਼ੇਰਾਂ ਨੂੰ’’ ਸ਼ਹੀਦਾਂ ਦੀ ਵਿਰਾਸਤ ਦੇ ਰੰਗ ਨੂੰ ਹੋਰ ਗੂੜ੍ਹਾ ਕਰ ਗਿਆ
ਬੁਲਾਰਿਆਂ ਵਿੱਚ ਹਰਿੰਦਰ ਕੌਰ ਬਿੰਦੂ, ਬੂਟਾ ਸਿੰਘ ਫਰੀਦਕੋਟ, ਲਛਮਣ ਸਿੰਘ ਸੇਵੇਵਾਲਾ ਅਤੇ ਐਨ. ਕੇ. ਜੀਤ ਸਨ ਬੁਲਾਰਿਆਂ ਨੇ ਕਿਹਾ ਕਿ ਸੇਵੇਵਾਲਾ ਕਾਂਡ ਦੇ ਸ਼ਹੀਦ ਸਿਰਫ਼ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਲਹਿਰ ਦੇ ਹੀ ਸ਼ਹੀਦ ਨਹੀਂ ਹਨ ਸਗੋਂ ਇਸ ਤੋਂ ਵਧ ਕੇ ਉਹ ਇਨਕਲਾਬੀ ਲਹਿਰ ਦੇ ਸ਼ਹੀਦ ਵੀ ਹਨ ਕਿਉਂਕਿ 9 ਅਪ੍ਰੈਲ 1991 ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੀਆਂ ਵੱਡੀਆਂ ਜਨਤਕ ਲਹਿਰਾਂ ਉੱਠੀਆਂ ਸਨ ਤਾਂ ਇਹਨਾਂ ਸ਼ਹੀਦਾਂ ਵਿੱਚੋਂ ਮੁੱਖ ਆਗੂ ਆਪੋ ਆਪਣੀਆਂ ਜਨਤਕ ਜਥੇਬੰਦੀਆਂ ਰਾਹੀਂ ਬਣਦਾ ਰੋਲ ਨਿਭਾਉਂਦੇ ਰਹੇ ਹਨ
ਖਾਲਿਸਤਾਨੀਆਂ ਵੱਲੋਂ ਲੋਕਾਂ ਤੇ ਆਪਣੀ ਪਿਛਾਂਹਖਿੱਚੂ ਰਜ਼ਾ ਧਕੇ ਨਾਲ ਥੋਪਣ ਅਤੇ ਲੋਕਾਂ ਦੇ ਜਥੇਬੰਦਕ ਘੋਲਾਂ ਨੂੰ ਪਿਛਲ-ਮੋੜਾ ਦਿੱਤਾ ਜਾ ਰਿਹਾ ਸੀ ਜਿਸ ਦੇ ਵਿਰੋਧ ਵਿੱਚ ਅਤੇ ਲੋਕਾਂ ਦੇ ਪੱਖ ਵਿੱਚ ‘‘ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ’’ ਦੇ ਸੰਘਰਸ਼ਸ਼ੀਲ ਮੰਚ ਤੇ ਆਉਂਦਾ ਹੈ ਫਰੰਟ ਖਾਲਿਸਤਾਨੀ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਵਿਰੋਧ ਦਾ ਐਲਾਨ ਕਰਦਾ ਹੈ ਅਤੇ ਲੋਕਾਂ ਨੂੰ ਆਪਣੀ ਰਾਖੀ ਲਈ ਆਪ ਜਥੇਬੰਦ ਹੋਣ ਦਾ ਸੱਦਾ ਦਿੰਦਾ ਹੈ ਜਗਪਾਲ ਫਰੰਟ ਦਾ ਸੂਬਾਈ ਅਤੇ ਮੇਘਰਾਜ ਇਲਾਕਾ ਜੈਤੋ ਦੇ ਆਗੂ ਸਨ
ਮੌਜੂਦਾ ਹਾਲਤ ਵਿੱਚ ਕੱਟੜ ਹਿੰਦੂ ਜਨੂੰਨੀ ਤਾਕਤਾਂ ਵੱਲੋਂ ਪੂਰੇ ਮੁਲਕ ਅੰਦਰ ਦਲਿਤਾਂ, ਮੁਸਲਮਾਨਾਂ, ਇਸਾਈਆਂ ਅਤੇ ਕੱਟੜ ਹਿੰਦੂਤਵ ਦਾ ਵਿਰੋਧ ਕਰਨ ਵਾਲੇ ਲੇਖਕਾਂ, ਤਰਕਸ਼ੀਲਾਂ ਅਤੇ ਪੱਤਰਕਾਰਾਂ ਨੂੰ ਪਿਛਲੇ ਸਮੇਂ ਤੋਂ ਆਪਣੇ ਕਾਤਲੀ ਨਿਸ਼ਾਨੇ ਤੇ ਲਿਆ ਹੋਇਆ ਹੈ ਧੱਕੇ ਨਾਲ ਲੋਕਾਂ ਤੇ ਹਿੰਦੂਤਵੀ ਵਿਚਾਰਧਾਰਾ ਮੜ੍ਹਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਹਰ ਕਿਸਮ ਦੀ ਫਿਰਕਾਪ੍ਰਸਤੀ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਦੀ ਹੈ ਅਤੇ ਉਹਨਾਂ ਦੇ ਹੱਕੀ ਘੋਲਾਂ ਨੂੰ ਪਿੱਛੇ ਧੱਕਦੀ ਹੈ ਹਰ ਕਿਸਮ ਦੀ ਫਿਰਕਾਪ੍ਰਸਤੀ ਦਾ ਦੌਰ ਹਾਕਮਾਂ ਲਈ ਵਰਦਾਨ ਹੁੰਦਾ ਹੈ ਤੇ ਅਜਿਹੇ ਸਮੇਂ ਉਹ ਲੋਕਾਂ ਨੂੰ ਲੁੱਟਣ ਅਤੇ ਕੁੱਟਣ  ਲਈ ਨੀਤੀਆਂ ਅਤੇ ਕਾਨੂੰਨ ਘੜਦੇ ਹਨ ਅਤੇ ਜ਼ੋਰ ਸ਼ੋਰ ਨਾਲ ਲਾਗੂ ਕਰਦੇ ਹਨ
ਬੁਲਾਰਿਆਂ ਨੇ ਇਹ ਗੱਲ ਜ਼ੋਰ ਨਾਲ ਉਭਾਰੀ ਕਿ ਲੋਕ ਵਿਰੋਧੀ ਮੌਜੂਦਾ ਸਿਸਟਮ ਦੇ ਮੁਕਾਬਲੇ ਵਿੱਚ ਹਰ ਪੱਧਰ ਤੇ ਇਨਕਲਾਬੀ ਬਦਲ ਲੋਕਾਂ ਵੱਲੋਂ ਉਭਾਰਿਆ ਜਾਣਾ ਸਮੇਂ ਦੀ ਮਹੱਤਵਪੂਰਨ ਲੋੜ ਹੈ ਸਟੇਜ ਦੀ ਕਾਰਵਾਈ ਕਰਮਜੀਤ ਸਿੰਘ ਸੇਵੇਵਾਲਾ ਨੇ ਨਿਭਾਈ ਅਤੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਨੇ ਜਗਸੀਰ ਜੀਦਾ ਦੀ ਅਗਵਾਈ ਹੇਠ ਇਨਕਲਾਬੀ ਗੀਤਾਂ ਰਾਹੀਂ ਇਸ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਪਿੰਡ ਭਗਤੂਆਣਾ ਵਿਖੇ ਬਣੀ ਯਾਦਗਾਰ ਤੇ ਵੀ ਰੰਗ ਰੋਗਨ ਕੀਤਾ ਗਿਆ ਅਤੇ ਹਰ ਸਾਲ ਵਾਂਗ ਇੱਥੇ ਵੀ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਲਹਿਰਾਇਆ ਗਿਆ ਸਮਾਗਮ ਦੇ ਅੰਤ ਵਿੱਚ ‘‘ਸ਼ਹੀਦੋ ਥੋਡੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ’’ ਦੇ ਨਾਹਰੇ ਗੁੰਜਾਉਂਦਾ ਹੋਇਆ ਪੰਡਾਲ ਅਗਲੇ ਸਾਲ ਇਸ ਦਿਨ ਫਿਰ ਮੁੜ ਮਿਲਣ ਦਾ ਸੰਕਲਪ ਦੁਹਰਾਉਂਦਾ ਹੋਇਆ ਵਿਦਾ ਹੋਇਆ

‘‘ਫਿਰਕੂ ਫਾਸ਼ੀਵਾਦ ਤੇ ਅਜੋਕਾ ਸਮਾਂ’’ ਵਿਸ਼ੇ ਤੇ ਜਲੰਧਰ ਚ ਸੈਮੀਨਾਰ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਲੰਧਰ ਇਕਾਈ ਵੱਲੋਂ 8 ਅਪ੍ਰੈਲ 2018 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਫਿਰਕੂ ਫਾਸ਼ੀਵਾਦ ਅਤੇ ਅਜੋਕਾ ਸਮਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਚ ਵੱਡੀ ਗਿਣਤੀ ਚ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਰਗਰਮ ਲੋਕਾਂ ਨੇ ਸ਼ਮੂਲੀਅਤ ਕੀਤੀ ਪ੍ਰਧਾਨਗੀ ਮੰਡਲ ਚ ਸਭਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ, ਪ੍ਰੋ. ਸੇਵਾ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾ. ਗੁਰਮੀਤ ਸ਼ੁਸ਼ੋਬਿਤ ਸਨ ਸੈਮੀਨਾਰ ਦੇ ਸ਼ੁਰੂ ਵਿੱਚ ਕਾ. ਗੰਧਰਵ ਸੇਨ ਕੋਛੜ ਅਤੇ ਸੁਖਦੇਵ ਬਿਲਗਾ ਨੂੰ ਸ਼ਰਧਾਂਜਲੀ ਵਜੋਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ
ਸੈਮੀਨਾਰ ਦੇ ਮੁੱਖ ਬੁਲਾਰੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਐਨ.ਕੇ.ਜੀਤ ਨੇ ਜਰਮਨੀ ਅਤੇ ਇਟਲੀ ਵਿੱਚ ਲੋਕਾਂ ਵੱਲੋਂ ਹੰਢਾਏ ਫਾਸ਼ੀਵਾਦ ਦੇ ਤਜ਼ਰਬਿਆਂ, ਤਸੀਹਾ ਕੇਂਦਰਾਂ, ਜਬਰੀ ਕਿਰਤ ਕੈਂਪਾਂ, ਵੱਡੀ ਪੱਧਰ ਤੇ ਲੋਕਾਂ ਨੂੰ ਮਾਰ ਮੁਕਾਉਣ ਵਾਲੇ ਗੈਸ ਚੈਂਬਰਾਂ ਅਤੇ ਦੂਜੀ ਸੰਸਾਰ ਜੰਗ ਦੀ ਭਿਆਨਕ ਤਬਾਹੀ ਦਾ ਜ਼ਿਕਰ ਕਰਦਿਆਂ ਫਾਸ਼ੀਵਾਦ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਤੇ ਅੱਤ ਦਾ ਵਹਿਸ਼ੀ ਹਮਲਾ ਅਤੇ ਜਬਰ ਦਾ ਅੱਤ ਕਰੂਰ ਰੂਪ ਦੱਸਿਆ ਯੂਰਪ ਦੇ ਫਾਸ਼ੀਵਾਦੀਆਂ-ਹਿਟਲਰ ਅਤੇ ਮੁਸੋਲਿਨੀ ਦੀ ਵਿਚਾਰਧਾਰਾ ਦੇ ਪ੍ਰਮੁੱਖ ਪੱਖਾਂ ਨੂੰ ਉਭਾਰਦਿਆਂ, ਉਸ ਨੇ ਭਾਰਤ ਅੰਦਰ ਸੰਘ ਪਰਿਵਾਰ ਦੇ ਝੰਡੇ ਹੇਠ ਇਕੱਠੇ ਹੋਏ ਹਿੰਦੂ ਫਿਰਕੂ ਫਾਸ਼ੀਆਂ ਦੇ ਲੱਛਣਾਂ ਅਤੇ ਕਾਰਵਾਈਆਂ ਚ ਸਮਾਨਤਾਵਾਂ ਦਾ ਜ਼ਿਕਰ ਕੀਤਾ ਭਾਰਤ ਦੀਆਂ ਹਾਲਤਾਂ ਦੀ ਵਿਸ਼ੇਸ਼ਤਾ ਨੂੰ ਨੋਟ ਕਰਦਿਆਂ ਮੁੱਖ ਬੁਲਾਰੇ ਨੇ ਕਿਹਾ ਕਿ ਹਿੰਦੂ ਫਿਰਕੂ ਫਾਸ਼ੀਵਾਦ ਮੁੱਖ ਤੌਰ ਤੇ ਮੁਸਲਮਾਨਾਂ, ਔਰਤਾਂ, ਦਲਿਤਾਂ, ਕਬਾਇਲੀਆਂ ਅਤੇ ਇਸਾਈਆਂ ਖਿਲਾਫ ਸੇਧਤ ਹੈ ਚਾਹੇ ਹਿੰਦੂ ਸ਼ਾਵਨਵਾਦੀ ਅੰਨ੍ਹੀਂ ਕੌਮਪ੍ਰਸਤੀ ਦਾ ਪ੍ਰਚਾਰ ਕਰਦੇ ਹਨ ਪਰ ਨਾਲ ਹੀ ਸਾਮਰਾਜ ਪੱਖੀ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੀ ਨਾ ਸਿਰਫ ਅੰਨ੍ਹੀਂ ਵਕਾਲਤ ਕਰਦੇ ਹਨ ਸਗੋਂ ਹਕੂਮਤੀ ਜਬਰ ਦੇੇ ਜੋਰ ਇਹਨਾਂ ਨੂੰ ਬੇਕਿਰਕੀ ਨਾਲ ਲਾਗੂ ਵੀ ਕਰ ਰਹੇ ਹਨ ਜਿੱਥੇ ਇਟਲੀ ਤੇ ਜਰਮਨੀ ਚ ਫਾਸ਼ੀਵਾਦੀਆਂ ਨੇ ਸੱਤਾ ਤੇ ਕਾਬਜ਼ ਹੋਣ ਲਈ ਪਹਿਲਾਂ ਉਥੋਂ ਦੀਆਂ ਜਮਹੂਰੀ ਸੰਸਥਾਵਾਂ ਨੂੰ ਵਰਤਿਆ ਸੀ ਅਤੇ ਸਿਖਰ ਤੇ ਪਹੁੰਚ ਕੇ ਆਵਦੀ ਡਿਕਟੇਟਰਸ਼ਿੱਪ ਸਥਾਪਤ ਕਰ ਲਈ ਸੀ, ੳੱੁਥੇ ਭਾਰਤ ਵਿੱਚ ਪਹਿਲਾਂ ਹੀ ਪਾਰਲੀਮੈਂਟਰੀ ਵਿਵਸਥਾ ਦੇ ਪਰਦੇ ਹੇਠ ਜਾਬਰ ਅਤੇ ਆਪਾਸ਼ਾਹ ਰਾਜਸੀ ਢਾਂਚਾ ਕੰਮ ਕਰ ਰਿਹਾ ਹੈ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾ ਕੇ ਲੋਕਾਂ ਦੇ ਸਾਰੇ ਸੰਵਿਧਾਨਕ ਹੱਕਾਂ ਨੂੰ ਮੁੱਢੋਂ-ਸੁੱਢੋਂ ਰੱਦ ਕੀਤੇ ਜਾਣਾ ਅਤੇ ਸਰਵੳੱੁਚ ਅਦਾਲਤ ਵੱਲੋਂ ਇਸ ਤੇ ਸਹੀ ਪਾਉਣਾ, ਇਸ ਗੱਲ ਦਾ ਸਪੱਸ਼ਟ ਸੂਚਕ ਹੈ ਕਿ ਪਾਰਲੀਮੈਂਟਰੀ ਰਾਜ ਦਾ ਪੜਦਾ ਬਹੁਤ ਮਹੀਨ ਅਤੇ ਕਮਜ਼ੋਰ ਹੈ ਜਿਸ ਨੂੰ ਪੈੱਨ ਦੀ ਨੋਕ ਨਾਲ ਜਦੋਂ ਮਰਜ਼ੀ ਵਗਾਹ ਕੇ ਸੁੱਟਿਆ ਜਾ ਸਕਦਾ ਹੈ ਇਸ ਹਾਲਤ ਨਾਲ ਮੜਿੱਕਣ ਲਈ ਉਹਨਾਂ ਸਾਰੇ ਲੋਕਾਂ ਦੇ ਏਕੇ ਅਤੇ ਵਿਸ਼ਾਲ ਲਾਮਬੰਦੀ ਦੀ ਲੋੜ ਹੈ ਜੋ ਹਿੰਦੂ ਫਿਰਕੂ ਫਾਸ਼ੀਵਾਦੀਆਂ ਦੀ ਮਾਰ ਹੇਠ ਆਏ ਹੋਏ ਹਨ- ਜਿਵੇਂ ਕਿਸਾਨ, ਮਜ਼ਦੂਰ, ਔਰਤਾਂ, ਦਲਿਤ, ਲੇਖਕ, ਬੁੁੱਧੀਜੀਵੀ, ਨੌਜਵਾਨ ਆਦਿ
ਇਸ ਤੋਂ ਬਾਅਦ ਚੱਲੀ ਬਹਿਸ ਵਿਚ ਮਸਲੇ ਦੇ ਕਈ ਪੱਖਾਂ ਤੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਹਰਵਿੰਦਰ ਭੰਡਾਲ, ਜੱਸ ਮੰਡ, ਦੇਸ ਰਾਜ ਕਾਲੀ, ਤਸਕੀਨ, ਡਾ. ਸੈਲੇਸ਼, ਪ੍ਰੋ. ਸੁਰਜੀਤ ਜੱਜ, ਸੀਤਲ ਸੰਘਾ, ਡਾ. ਤੇਜਪਾਲ, ਕਸਤੂਰੀ ਲਾਲ ਅਤੇ ਪ੍ਰੋ. ਸੇਵਾ ਸਿੰਘ ਨੇ ਆਪਣੇ ਆਪਣੇ ਵਿਚਾਰ ਰੱਖੇ ਐਡਵੋਕੇਟ ਐਨ.ਕੇ.ਜੀਤ ਨੇ ਇਸ ਵਿਚਾਰ-ਚਰਚਾ ਦੌਰਾਨ ਉਭਾਰੇ ਗਏ ਸਵਾਲਾਂ ਅਤੇ ਵਿਸ਼ੇ ਦੇ ਸਬੰਧਤ ਪੱਖਾਂ ਤੇ ਸਪੱਸ਼ਟੀਕਰਨ ਦਿੱਤੇ
ਅੰਤ ਵਿਚ ਸਭਾ ਦੀ ਜਲੰਧਰ ਇਕਾਈ ਦੇ ਪਧਾਨ ਜਸਵਿੰਦਰ ਸਿੰਘ ਨੇ ਹਿੰਦੂ ਫਿਰਕੂ ਫਾਸ਼ੀਵਾਦ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ, ਇਸ ਸੈਮੀਨਾਰ ਚ ਸ਼ਾਮਲ ਹੋਈਆਂ ਜਨਤਕ-ਜਮਹੂਰੀ ਜੱਥੇਬੰਦੀਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ 8 ਅਪ੍ਰੈਲ ਦੇ ਇਤਿਹਾਸਕ ਦਿਨ ਤੇ, ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਬਰਤਾਨਵੀ ਸਾਮਰਾਜੀ ਹਕੂਮਤ ਵੱਲੋਂ, ਭਾਰਤੀ ਲੋਕਾਂ-ਵਿਸ਼ੇਸ਼ ਤੌਰ ਤੇ ਕਿਰਤੀਆਂ ਖਿਲਾਫ ਲਿਆਂਦੇ ਦੋ ਕਾਲੇ ਕਾਨੂੰਨਾਂ ਤੇ ਵਿਰੋਧ ਜਤਾਉਣ ਲਈ ਅਤੇ ਬਰਤਾਨਵੀ ਹਾਕਮਾਂ ਦੇ ਬੋਲੇ ਕੰਨਾਂ ਤੱਕ ਭਾਰਤੀ ਲੋਕਾਂ ਦੀ ਆਵਾਜ਼ ਪੁਚਾਉਣ ਲਈ, ਅਸੰਬਲੀ ਦੇ ਕੇਂਦਰੀ ਹਾਲ ਚ ਬੰਬ ਸੁੱਟਿਆ ਸੀ, ਇਹ ਸੈਮੀਨਾਰ ਕਰਵਾਏ ਜਾਣ ਦੇ ਮਹੱਤਤਾ ਦਾ ਵਿਸ਼ੇਸ਼ ਤੌਰ ਤੇ ਵਰਨਣ ਕੀਤਾ

No comments:

Post a Comment