ਬਲਾਤਕਾਰ ਦੀਆਂ ਘਟਨਾਵਾਂ ਖਿਲਾਫ਼ ਲੋਕ ਰੋਹ ਦਾ ਉਭਾਰ
ਸਾਡਾ ਭਾਰਤ ‘ਮਹਾਨ’ ਜਿੱਥੇ ਨੈਸ਼ਨਲ ਕਰਾਈਮ ਰਿਕਾਰਡਜ ਬਿੳੂਰੋ ਦੇ ਅੰਕੜਿਆਂ ਅਨੁਸਾਰ ਔਰਤਾਂ ਪ੍ਰਤੀ ਜੁਰਮ ਦੇ ਹਰ
ਰੋਜ ਲਗਭਗ ਹਜ਼ਾਰ (ਸਾਲ 2016 ’ਚ ਕੁੱਲ 338954) ਅਤੇ ਔਰਤਾਂ
ਨਾਲ ਬਲਾਤਕਾਰ ਦੇ ਹਰ ਰੋਜ਼ ਲਗਭਗ ਸੌ ਤੋਂ ਉੱਪਰ ਮਾਮਲੇ ਵਾਪਰਦੇ ਹਨ, ਉੱਥੇ
ਬਲਾਤਕਾਰ ਕੋਈ ਚਰਚਾ ਦੀ ਮੁਥਾਜ ਕੋਈ ਅਲੋਕਾਰੀ ਘਟਨਾ ਨਹੀਂ ਸਮਝੀ ਜਾਂਦੀ। ਪਰ ਪਿਛਲੇ ਦਿਨਾਂ ’ਚ ਭਾਰਤੀ ਮੀਡੀਆ ’ਚ ਵਿਆਪਕ ਚਰਚਾ ਦਾ ਵਿਸ਼ਾ ਬਣੀਅਾਂ ਬਲਾਤਕਾਰ ਦੀਅਾਂ ਦੋ ਹੌਲਨਾਕ ਘਟਨਾਵਾਂ ਨੇ ਕਈ ਸਾਲ ਪਹਿਲਾਂ
ਵਾਪਰੇ ਦਿੱਲੀ ਦੇ ਨਿਰਭੈ ਕਾਂਡ ਤੋਂ ਬਾਅਦ ਮੁਲਕ ਪੱਧਰ ’ਤੇ ਧਿਆਨ ਖਿੱਚਿਆ ਹੈ ਤੇ ਤਿੱਖੇ
ਰੋਸ, ਚਿੰਤਾ ਤੇ ਮਜਲੂਮ
ਧਿਰ ਨਾਲ ਗਹਿਰੀ ਹਮਦਰਦੀ ਤੇ ਹਮਾਇਤ ਦੀ ਲਹਿਰ ਖੜੀ ਕੀਤੀ ਹੈ।
ਜਿਕਰ ਅਧੀਨ ਦੋ ਮਾਮਲਿਅਾਂ ’ਚੋਂ ਇਕ ਘਟਨਾ ਜੰਮੂ ਕਸ਼ਮੀਰ ਰਾਜ ਨਾਲ ਸੰਬੰਧਤ ਹੈ। ਹਿਜਰਤੀ
ਚਰਵਾਹਾਗਿਰੀ ਕਰਨ ਵਾਲੇ ਬਕਰਵਾਲ ਕਬੀਲੇ ਦੇ ਮੁੁਸਲਮ ਪਰਿਵਾਰ ਦੀ ਅੱਠ ਸਾਲਾ ਮਾਸੂਮ ਬਾਲ਼ੜੀ ਨੂੰ ਮਨੁੱਖੀ
ਜਾਮੇ ’ਚ ਛੁਪੇ ਕੁੱਝ ਵਹਿਸ਼ੀ ਦਰਿੰਦਿਅਾਂ ਨੇ ਅਗਵਾ ਕਰਕੇ ਤੇ ਕਠੂਆ ਲਾਗੇ
ਇਕ ਮੰਦਰ ’ਚ ਰੱਖ ਕੇ ਉਸ ਨਾਲ ਲਗਾਤਾਰ ਹਫਤਾ ਭਰ ਬਲਾਤਕਾਰ ਕੀਤਾ ਤੇ ਫਿਰ ਉਸਨੂੰ
ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਸੁੱਟ ਦਿੱਤਾ। ਜਿਨਸੀ ਹਵਸ ਪੂਰਤੀ ਦਾ ਇਸ ਅਤਿ ਨੀਚ ਤੇ ਘਿਨਾਉਣੀ ਘਟਨਾ
ਪਿੱਛੇ ਬਕਰਵਾਲ ਕਬੀਲੇ ਦੇ ਮੁਸਲਮ ਭਾਈਚਾਰੇ ’ਚ ਦਹਿਸ਼ਤ ਪਾਕੇ ਉਹਨਾਂ ਨੂੰ ਕਠੂਆ
ਖੇਤਰ ’ਚੋਂ ਹਿਜਰਤ ਲਈ ਮਜਬੂਰ ਕਰਨ ਤੇ ਫਿਰ ਉਹਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਦਾ ਨਾਪਾਕ ਤੇ ਗੁੱਝਾ ਮਨੋਰਥ ਦੱਸਿਆ ਜਾ ਰਿਹਾ ਹੈ। ਦੂਜੀ ਘਟਨਾ ਯੂ.ਪੀ.
ਦੇ ਉਨਾਓ ਜ਼ਿਲ੍ਹੇ ਦੀ ਹੈ ਜਿੱਥੇ ਲਗਭਗ ਸਾਲ ਪਹਿਲਾਂ ਭਾਜਪਾ ਦੇ ਸਥਾਨਕ ਵਿਧਾਇਕ ਨੇ
ਇਕ 17 ਸਾਲਾ ਲੜਕੀ ਨਾਲ ਜਬਰਦਸਤੀ ਕੀਤੀ ਸੀ। ਸਾਲ ਭਰ ਰਾਜ ਭਾਗ ਦੇ ਹਰ ਪੱਧਰ ’ਤੇ ਕੀਤੀ ਦਾਦ ਫਰਿਆਦ ਦੀ ਕਿਧਰੇ
ਵੀ ਸੁਣਵਾਈ ਨਾ ਹੋਈ ਤਾਂ ਮਜ਼ਲੂਮ ਲੜਕੀ ਨੇ ਮੁੱਖ ਮੰਤਰੀ ਦੇ ਦਫਤਰ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼
ਕੀਤੀ । ਇਸ ਦੇ ਬਾਵਜੂਦ ਦੋਸ਼ੀ ਵਿਧਾਇਕ ਵਿਰੁੱਧ ਕੋਈ ਕਾਰਵਾਈ ਕਰਨ ਦੀ ਥਾਂ ਪੁਲਿਸ ਨੇ ਉਲਟਾ ਪੀੜਤ
ਲੜਕੀ ਦੇ ਪਿਤਾ ਨੂੰ ਹੀ ਸੰਗੀਨ ਦੋਸ਼ਾਂ ’ਚ ਗਿਰਫਤਾਰ ਕਰ ਲਿਆ । ਵਿਧਾਇਕ
ਦੇ ਭਰਾ ਤੇ ਗੁੰਡਿਅਾਂ ਵੱਲੋਂ ਉਸਦਾ ਏਨੀ ਬੇਰਹਿਮੀ ਨਾਲ ਕੁਟਾਪਾ ਕੀਤਾ ਗਿਆ ਕਿ ਉਹ ਸੱਟਾਂ ਦੀ ਤਾਬ
ਨਾ ਝੱਲਦਾ ਹੋਇਆ ਪੁਲਿਸ ਹਿਰਾਸਤ ’ਚ ਹੀ ਦਮ ਤੋੜ ਗਿਆ। ਅਜਿਹੀਅਾਂ
ਹੌਲਨਾਕ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਯੋਗੀ ਅਦਿੱਤਿਆ ਨਾਥ ਦੀ ਮਹਾਂ ਢੋਂਗੀ ਤੇ ਨਿਰਲੱਜ ਸਰਕਾਰ
ਪੜਤਾਲ ਦੇ ਬਹਾਨੇ ਵਿਧਾਇਕ ਨੂੰ ਬਚਾਉਣ ਦਾ ਆਹਰ ਕਰਦੀ ਰਹੀ। ਹਾਈ
ਕੋਰਟ ਦੇ ਦਖਲ ਤੋਂ ਬਾਅਦ ਹੀ ਉਸਦੀ ਗਿਰਫਤਾਰੀ ਸੰਭਵ ਹੋ ਸਕੀ।
ਲੂੰ ਕੰਡੇ ਖੜੇ ਕਰਨ ਵਾਲੀਆਂ ਇਹ ਦੋਵੇਂ ਘਟਨਾਵਾਂ ਵੇਲਾ ਵਿਹਾਅ ਚੁੱਕੇ
ਤੇ ਗੰਭੀਰ ਸੰਕਟਾਂ ’ਚ ਫਸੇ ਭਾਰਤ ਦੇ ਜਗੀਰੂ ਸਾਮਰਾਜੀ ਪ੍ਰਬੰਧ ਅੰਦਰ ਮਨੁੱਖ ਦੀ ਰੋਗੀ
ਮਾਨਸਿਕਤਾ ਤੇ ਉਸਦੇ ਨਿਘਾਰ ਦੀਆਂ ਹੱਦਾਂ ਨੂੰ ਤਾਂ ਰੂਪਮਾਨ ਕਰਦੀ ਹੀ ਹੈ, ਉਸਦੇ ਨਾਲ ਹੀ ਇਹ ਵੇਲੇ ਦੇ ਹਾਕਮਾਂ ਵੱਲੋਂ ਅਜਿਹੇ
ਘਿਨਾਉਣੇ ਕੁਕਰਮਾਂ ਨੂੰ ਵੋਟਾਂ ਦੀ ਤੱਕੜੀ ਨਾਲ ਤੋਲਕੇ ਆਪਣਾ ਰਵੱਈਆ ਤਹਿ ਕਰਨ ਅਤੇ ਇਹੋ ਜਿਹੇ ਘਿਨਾਉਣੇ
ਜੁਰਮਾਂ ’ਚੋਂ ਵੀ ਹੱਥ ਰੰਗਣ ਦੀ ਮਾਨਸਿਕਤਾ ਦੇ ਦੀਦਾਰ ਕਰਵਾਉਂਦੀ ਹੈ। ਦਿਲ ਦਹਿਲਾ ਦੇਣ ਵਾਲੇ ਕਠੂਆ ਕਾਂਡ ਦੌਰਾਨ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਭਾਜਪਾ ਵਲੋਂ ਇਸ
ਨੂੰ ਹਿੰਦੂ-ਮੁਸਲਿਮ ਵੰਡ ਦੀ ਰੰਗਤ
ਦੇਣ ਤੇ ਮਾਸੂਮ ਬਾਲੜੀ ਦੇ ਕਾਤਲਾਂ ਨੂੰ ਲਾਹਣਤਾਂ ਪਾਉਣ ਦੀ ਥਾਂ ਉਹਨਾਂ ਨੂੰ ਬਚਾਉਣ ਲਈ ਆਪਣੇ ਮੰਤਰੀਆਂ
ਤੱਕ ਨੂੰ ਸ਼ਰੇਆਮ ਬਲਾਤਕਾਰੀਆਂ ਦੇ ਹੱਕ ’ਚ ਝੋਕਦੇ ਵੇਖਿਆ ਗਿਆ ਹੈ। ਹਰ ਗੱਲ ਨੂੰ ਵੋਟ ਤੱਕੜੀ ਰਾਹੀਂ ਤੋਲਣ ਦੀ ਇਸੇ ਬਿਰਤੀ ਕਰਕੇ ਹਰ ਨਿੱਕੀ ਮੋਟੀ ਘਟਨਾ ’ਤੇ ਟਵੀਟ ਕਰਨ ਦੇ ਆਦੀ ਤੇ ਬੜਬੋਲੇ ਭਾਜਪਾ ਪ੍ਰਧਾਨ ਮੰਤਰੀ ਨੂੰ ਅਜੇਹੇ ਘਿਨੌਣੇ ਕਾਂਡਾਂ ਵੇਲੇ
ਮੂੰਹ ਸਿਉਂਈ ‘‘ਮੌਨੀ ਬਾਬੇ’’ ਬਣਿਆ ਦੇਖਿਆ ਜਾ ਸਕਦਾ
ਹੈ। ਦਿਲ-ਕੰਬਾਊ ਕਾਂਡਾਂ ਤੇ
ਮਗਰਮੱਛ ਦੇ ਹੰਝੂ ਵਹਾਉਂਦੀਆਂ ਵਿਰੋਧੀ ਧਿਰ ਦੀਆਂ ਪਾਰਲੀਮਾਨੀ ਪਾਰਟੀਆਂ ਦੇ ਰਾਜ ਭਾਗ ਦੇ ਦਿਨਾਂ ਵੇਲੇ
ਉਨ੍ਹਾਂ ਦੇ ਅਜੇਹੇ ਹੀ ਵਪਾਰੀ ਮਾਨਸਿਕਤਾ ਦੇ ਦੀਦਾਰ ਕੀਤੇ ਜਾ ਸਕਦੇ ਹਨ।
ਜਮਹੂਰੀ ਤੇ ਇਨਸਾਫ-ਪਸੰਦ ਲੋਕਾਂ ਲਈ ਇਹ ਬੜੀ ਹੀ ਤਸੱਲੀ ਤੇ ਉਤਸ਼ਾਹੀ ਗੱਲ ਹੈ ਕਿ ਸਮਾਜ ਦੇ ਵੱਖ ਵੱਖ ਖੇਤਰਾਂ
ਨਾਲ ਸਬੰਧਤ ਭਾਰਤ ਦੇ ਲੋਕਾਂ ਨੇ ਇਨ੍ਹਾਂ ਘਿਨੌਣੀਆਂ ਘਟਨਾਵਾਂ ਉਤੇ ਆਪਣੇ ਗਹਿਰੇ ਸਰੋਕਾਰ,
ਰੰਜ ਅਤੇ ਚਿੰਤਾ ਦਾ ਵਿਆਪਕ ਇਜ਼ਹਾਰ ਕੀਤਾ ਹੈ ਅਤੇ ਫਿਰਕਿਆਂ, ਮਜ੍ਹਬਾਂ ਤੇ ਜਾਤਾਂ ਦੇ ਸੌੜੇ ਵੰਡ-ਵਖਰੇਵਿਆਂ ਤੋਂ ਉੱਪਰ ਉੱਠ
ਕੇ ਪੀੜਤ ਪ੍ਰੀਵਾਰਾਂ ਨਾਲ ਆਪਣੀ ਹਮਦਰਦੀ ਤੇ ਯਕਯਹਿਤੀ ਦਾ ਭਰਪੂਰ ਪ੍ਰਗਟਾਵਾ ਕੀਤਾ ਹੈ। ਜਨਤਕ ਰੋਸ ਲਹਿਰ ਦੇ ਇਸ ਹੜ੍ਹ ਨੇ ਹੀ ਭਾਜਪਾ ਦੇ ਪਾਖੰਡੀ ਤੇ ਹੰਕਾਰੀ ਸਿਆਸਤਦਾਨਾਂ ਤੇ ਦੋਹਾਂ
ਰਾਜਾਂ ਵਿਚਲੇ ਉਨ੍ਹਾਂ ਦੇ ਹਾਕਮ ਕਰਤਿਆਂ-ਧਰਤਿਆਂ ਨੂੰ ਬਲਾਤਕਾਰੀਆਂ ਦੀ ਹਮਾਇਤ ਦੇ ਸ਼ੁਰੂਆਤੀ ਪੈਂਤੜੇ ਤੋਂ ਮੋੜਾ ਕੱਟਣ ਤੇ ਉਨ੍ਹਾਂ
ਦਾ ਵਿਰੋਧ ਕਰਨ ਵਾਲੇ ਪੈਂਤੜੇ ਨੂੰ ਅਪਨਾਉਣ ਲਈ ਮਜਬੂਰ ਕਰ ਦਿੱਤਾ ਹੈ। ਬਿਨਾ ਸ਼ੱਕ ਲੋਕਾਂ ਦੇ ਉਮੜੇ ਇਸ ਰੋਸ ਅੰਦਰ ਇਨ੍ਹਾਂ ਘਟਨਾਵਾਂ ਦੇ ਨਿਰਦਈਪੁਣੇ ਤੋਂ ਇਲਾਵਾ
ਲੋਕਾਂ ਦੇ ਮਨਾਂ ’ਚ ਹਾਕਮਾਂ ਪ੍ਰਤੀ ਮਨਾਂ ’ਚ ਖੌਲ ਰਹੇ ਆਮ ਰੋਹ ਦਾ ਵੀ ਅਹਿਮ
ਦਖਲ ਹੈ। ਕਦੇ ਕਦਾਈਂ ਅਤੇ ਝੰਜੋੜੂ ਵਾਰਦਾਤਾਂ ਵੇਲੇ ਆਪ ਮੁਹਾਰੇ ਫੁੱਟਣ ਵਾਲੇ ਅਜਿਹੇ ਰੋਹ ਫੁਟਾਰਿਆਂ
ਨੂੰ ਤਾਂ ਹੀ ਲਗਾਤਾਰ ਤੇ ਭਰਵੇਂ ਅਮਲ ’ਚ ਪਲਟਿਆ ਜਾ ਸਕਦਾ ਹੈ ਜੇਕਰ ਔਰਤ ਦੀ ਹੈਸੀਅਤ ਅਤੇ
ਹੱਕਾਂ ਨੂੰ ਲੋਕਾਂ ਦੀ ਜਨਚੇਤਨਾ ਦਾ ਹਿੱਸਾ ਬਣਾਉਣ ਦੀ ਦਿਸ਼ਾ ਨੂੰ ਪ੍ਰਣਾਈ ਜਮਹੂਰੀ ਹੱਕਾਂ ਦੀ ਅਸਰਦਾਰ
ਲਹਿਰ ਇਹਨਾਂ ਆਪ-ਮੁਹਾਰੇ ਫੁਟਾਰਿਆਂ
ਦੇ ਕੇਂਦਰ ’ਚ ਮੌਜੂਦ ਹੋਵੇ।
ਅਕਸਰ ਜਦ ਅਜਿਹੀਆਂ ਦਿਲ-ਹਿਲਾਊ ਘਟਨਾਵਾਂ ਵਿਆਪਕ ਰੋਸ ਨੂੰ ਜਨਮ ਦਿੰਦੀਆਂ ਹਨ ਤਾਂ ਹਾਕਮ ਭਵਿੱਖ
’ਚ ਇਹਨਾਂ ਦੀ ਰੋਕਥਾਮ ਕਰਨ ਦੇ ਅਨੇਕਾਂ ਦੰਭੀ ਦਾਅਵੇ ਕਰਦੇ ਹਨ। ਅਕਸਰ ਹੀ ਕਾਨੂੰਨ ਹੋਰ ਸਖਤ ਕਰ ਦਿੱਤੇ ਜਾਂਦੇ ਹਨ। ਬਹੁ-ਚਰਚਿਤ ਨਿਰਭੈ ਕਾਂਡ ਵੇਲੇ ਵੀ ਇਹੀ ਵਾਪਰਿਆ ਸੀ। ਹੁਣ ਫੇਰ 12 ਸਾਲ ਦੀ ਉਮਰ ਤੱਕ
ਦੀਆਂ ਬਾਲੜੀਆਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਵਾਲਿਆਂ ਲਈ ਫਾਂਸੀ ਦੀ ਸਜ਼ਾ ਦਾ ਆਰਡੀਨੈਂਸ ਜਾਰੀ
ਕਰਨ ਤੇ ਇਹਨਾਂ ਮੁਕੱਦਮਿਆਂ ਦੀ ਤੇਜ਼-ਰਫਤਾਰ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ
ਕਾਇਮ ਕਰਨ ਦੀ ਚਰਚਾ ਜੋਰਾਂ ਤੇ ਹੈ। ਅਜੇਹੇ ਕਦਮ ਲੋੜੀਂਦੇ ਹੋਣ ਦੇ ਬਾਵਜੂਦ ਵੀ ਕਿਸੇ ਨੂੰ
ਇਸ ਖੁਸ਼ਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿ ਇਹ ਬਲਾਤਕਾਰ ਦੀ ਵਬਾਅ ਮੂਹਰੇ ਠੱਲ੍ਹ ਬਣ ਸਕਦੇ
ਹਨ। ਮਰਦਾਵੀਂ ਧੌਂਸ ਤੇ ਜਬਰ ਤੇ ਅਧਾਰਤ ਮੌਜੂਦਾ ਸਾਮਰਾਜੀ-ਜਗੀਰੂ ਪ੍ਰਬੰਧ ਦੇ ਕਾਇਮ ਰਹਿੰਦਿਆਂ,
ਮੁਨਾਫਿਆਂ ਲਈ ਕਾਮ-ਉਕਸਾਊ ਲਿੰਗ ਪ੍ਰਚਾਰ ਦੇ ਕਾਇਮ ਰਹਿੰਦਿਆਂ,
ਕੋਈ ਸਖਤ ਤੋਂ ਸਖਤ ਕਾਨੂੰਨ ਵੀ ਇਸ ਬਿਰਤੀ ਨੂੰ ਨੱਥ ਨਹੀਂ ਮਾਰ ਸਕਦਾ। ਦੂਜੀ ਗੱਲ, ਜਮਾਤਾਂ ’ਚ ਵੰਡੇ ਸਮਾਜ ’ਚ ਕਾਨੂੰਨ ਦੇ ਹੱਥ ਆਮ ਲੋਕਾਂ ਲਈ ਹੀ ਲੰਮੇ ਹੁੰਦੇ ਹਨ। ਸਿਆਸੀ ਚੌਧਰੀਆਂ ਅਤੇ ਜੋਰਾਵਰ ਲੋਕਾਂ ਦੇ ਹੱਥ ਕਾਨੂੰਨ ਤੋਂ ਅਕਸਰ ਹੀ ਬਹੁਤ ਲੰਬੇ ਹੁੰਦੇ
ਹਨ। ਇਸੇ ਕਰਕੇ ਲੋਕਾਂ ਨਾਲ ਕਰੋੜਾਂ ਅਰਬਾਂ ਦੀ ਠੱਗੀ ਮਾਰਨ ਵਾਲੇ ਕਿਸੇ ਹਰਸ਼ਦ ਮਹਿਤਾ, ਮਾਲਿਆ ਜਾਂ ਨੀਰਵ ਮੋਦੀ ਦਾ ਕਾਨੂੰਨ ਕੁੱਝ ਨਹੀਂ
ਵਿਗਾੜ ਸਕਦਾ, ਹਜਾਰਾਂ ਲੋਕਾਂ ਦਾ ਕਤਲੇਆਮ ਰਚਾਉਣ ਦੇ ਮੁਜਰਿਮ ਮੁੱਖ ਮੰਤਰੀ
ਜਾਂ ਪ੍ਰਧਾਨ ਮੰਤਰੀ ਦੇ ਵਕਾਰੀ ਤੇ ਸਨਮਾਨਤ ਅਹੁਦਿਆਂ ਤੇ ਸ਼ੁਸ਼ੋਭਤ ਹੋ ਸਕਦੇ ਹਨ। ਬਲਾਤਕਾਰ ਦੀ ਸਮੱਸਿਆ ਦੇ ਬੁਨਿਆਦੀ ਹੱਲ ਲਈ ਉਸਦੀ ਜੰਮਣ ਭੋਂਇ ਦੇ ਖਾਤਮੇ ਦੀ ਲੋੜ ਹੈ। ਅਜਿਹਾ ਖਾਤਮਾ ਇਨਕਲਾਬ ਤੋਂ ਬਿਨਾ ਸੰਭਵ ਨਹੀਂ।
ਇਹਨਾਂ ਘਟਨਾਵਾਂ ਮਗਰੋਂ ਵਿਆਪਕ ਪੈਮਾਨੇ ਤੇ ਫੁੱਟਿਆ ਰੋਹ ਬਹੁਤ ਹਾਂ
ਪੱਖੀ ਵਰਤਾਰਾ ਹੈ ਪਰ ਨਾਲ ਹੀ ਇਹ ਸੀਮਤਾਈਆਂ ਗ੍ਰਸਿਆ ਵੀ ਹੈ। ਇਸ
ਉਭਾਰ ਤੋਂ ਉਤਸ਼ਾਹਤ ਹੁੰਦੇ ਹਿਸਿਆਂ ਨੂੰ ਨਾਲ ਹੀ ਇਹ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਪੱਕੇ
ਪੈਰੀਂ ਹੋਈ ਇਨਕਲਾਬੀ ਦਿਸ਼ਾ ਵਾਲੀ ਜਮਹੂਰੀ ਲਹਿਰ ਦੀ ਧੁਰੇ ਵਜੋਂ ਕਮਜੋਰੀ ਕਾਰਨ ਇਹ ਰੋਹ ਮੌਕੇ ਦੀ
ਹਕੂਮਤ ਖਿਲਾਫ ਤਾਂ ਸੇਧਤ ਹੁੰਦਾ ਹੈ ਪਰ ਔਰਤ ਵਿਰੋਧੀ ਮੌਜੂਦਾ ਜਗੀਰੂ ਤੇ ਲੁਟੇਰੇ ਨਿਜਾਮ ਵੱਲ ਸੇਧਤ
ਹੋਣ ਤੋਂ ਊਣਾ ਰਹਿ ਜਾਂਦਾ ਹੈ। ਇਸ ਧੁਰੇ ਦੀ ਕਮਜੋਰੀ ਕਾਰਨ ਹੀ ਇਹ ਰੋਹ ਅਚੇਤ ਹੀ ਮੌਕੇ
ਦੀ ਹਕੂਮਤ ਦੇ ਖਿਲਾਫ ਹੋਰਨਾਂ ਮੌਕਾਪ੍ਰਸਤ ਪਾਰਟੀਆਂ ਦੀ ਝੋਲੀ ਜਾ ਪੈਂਦਾ ਹੈ। ਪਿਛਲੀ ਵਾਰ ਦਿੱਲੀ ’ਚ ਬਲਾਤਕਾਰ ਵਿਰੁੱਧ ਉੱਠੇ ਲੋਕ ਉਭਾਰ ਦਾ ਲਾਹਾ ਆਖਰਕਾਰ
ਭਾਜਪਾ ਨੂੰ ਹੀ ਹੋਇਆ ਸੀ। ਹਾਕਮ ਜਮਾਤਾਂ ਦੀ ਇਕ ਜਾਂ ਦੂਜੀ ਪਾਰਟੀ ਇਸ ਰੋਹ ਦਾ ਲਾਹਾ ਲੈਣ ਲਈ ਤਿਆਰ ਖੜੀ ਹੁੰਦੀ ਹੈ। ਇਸ ਲਈ ਬਲਾਤਕਾਰ ਵਰਗੇ ਘਿਨਾਉਣੇ ਜੁਰਮਾਂ ਨੂੰ ਨੱਥ ਪਾਉਣ ਦੇ ਸੁਆਲ ਨੂੰ ਔਰਤ ਮੁਕਤੀ ਦੇ ਮਸਲੇ
ਨਾਲ ਜੋੜਕੇ ਉਭਾਰਨ ’ਤੇ ਜ਼ੋਰ ਲੱਗਣਾ ਚਾਹੀਦਾ ਹੈ ਤਾਂ ਕਿ ਇਸ ਰੋਹ ਨੂੰ ਬੁਨਿਆਦੀ ਤਬਦੀਲੀ
ਵੱਲ ਸੇਧਤ ਕੀਤਾ ਜਾ ਸਕੇ। ਲੋਕਾਂ ਅੰਦਰ ਪਨਪ ਰਹੇ ਰੋਹ ਨੂੰ ਸਹੀ ਰੁਖ ਨਿਕਾਸ ਦੇਣ ਲਈ ਯਤਨ ਤੇਜ਼ ਕਰਨ ਦੀ ਜਰੂਰਤ ਹੈ। ਅਜਿਹੇ ਅਣਥੱਕ ਤੇ ਸਿਰੜੀ ਯਤਨਾਂ ਦੇ ਲੰਮੇ ਅਮਲ ਮਗਰੋਂ ਹੀ ਉਹ ਵੇਲਾ ਸਿਰਜਿਆ ਜਾ ਸਕੇਗਾ ਜਦੋਂ
ਧੀਆਂ ਦੀਆਂ ਇੱਜਤਾਂ ਦੇ ਸਰੋਕਾਰਾਂ ਨੂੰ ਔਰਤ ਦੀ ਮੁਕਤੀ ਦੇ ਜਮਹੂਰੀ ਸਰੋਕਾਰਾਂ ਤੱਕ ਉੱਚਾ ਚੁੱਕਿਆ
ਜਾ ਸਕੇਗਾ ਤੇ ਵਾਰ ਵਾਰ ਉਬਾਲਾ ਖਾਂਦੇ ਇਸ ਰੋਹ ਨੂੰ ਸਮੁੱਚੀ ਕਿਰਤੀ ਜਮਾਤ ਦੇ ਚੇਤਨ ਉੱਦਮਾਂ ਦਾ ਅੰਗ
ਬਣਾਇਆ ਜਾ ਸਕੇਗਾ।
No comments:
Post a Comment