ਗੋਬਿੰਦਪੁਰਾ ਘੋਲ ਦੀ ਜਿੱਤ:
ਕਾਰਪੋਰੇਟ ਹੱਲੇ ਖਿਲਾਫ ਸੰਘਰਸ਼ ਪੌੜੀ ਦਾ ਅਗਲਾ ਡੰਡਾ
ਗੋਬਿੰਦਪੁਰਾ ਘੋਲ ਜਿੱਤ ਲਿਆ ਗਿਆ ਹੈ। ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਦੇ ਪਲੇਟਫਾਰਮ ਅਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਦੀ ਜਾਣਕਾਰੀ ਹਥਲੇ ਪਰਚੇ ਵਿੱਚ ਕਿਸਾਨ ਆਗੂਆਂ ਦੇ ਬਿਆਨ ਵਿੱਚ ਮੌਜੂਦ ਹੈ। ਟਰਾਈਡੈਂਟ ਘੋਲ ਤੋਂ ਬਾਅਦ ਇਹ ਕਿਸਾਨ ਘੋਲ ਦੀ ਇੱਕ ਹੋਰ ਅਹਿਮ ਪ੍ਰਾਪਤੀ ਹੈ। ਸਨਅੱਤੀਕਰਨ ਅਤੇ ਵਿਕਾਸ ਦੇ ਨਾਂ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਜੋ ਸਿਲਸਿਲਾ ਚੱਲਿਆ ਹੋਇਆ ਹੈ, ਉਸ ਨੂੰ ਚੁਣੌਤੀ ਦੇਣ ਪੱਖੋਂ ਕਿਸਾਨ ਸੰਘਰਸ਼ ਨੇ ਆਪਣੇ ਕਦਮ ਅੱਗੇ ਵਧਾਏ ਹਨ। ਚੁਣੌਤੀ ਦੇਣ ਦੀ ਆਪਣੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਵੱਧ ਵਿਕਸਤ ਕੀਤੀ ਹੈ। ਇਸ ਵਧੀ ਹੋਈ ਸਮਰੱਥਾ ਦਾ ਪ੍ਰਗਟਾਵਾ ਟਰਾਈਡੈਂਟ ਘੋਲ ਦੇ ਮੁਕਾਬਲੇ ਬੇਹਤਰ ਪ੍ਰਾਪਤੀ ਦੇ ਰੂਪ ਵਿੱਚ ਹੋਇਆ ਹੈ। ਟਰਾਈਡੈਂਟ ਘੋਲ ਨੇ ਮੁਆਵਜੇ ਦੀਆਂ ਅਤੇ ਹੋਰ ਸ਼ਰਤਾਂ ਬੇਹਤਰ ਬਣਾਉਣ 'ਚ ਸਫਲਤਾ ਹਾਸਲ ਕੀਤੀ ਸੀ। ਪਰ ਗੋਬਿੰਦਪੁਰਾ ਘੋਲ ਦਾ ਨਿਪਟਾਰਾ ਹੜੱਪੀ ਗਈ ਜ਼ਮੀਨ ਦੀ ਕਿਸਾਨਾਂ ਦੀ ਰਜ਼ਾ ਅਨੁਸਾਰ ਮੁੜ-ਵਾਪਸੀ ਦੇ ਰੂਪ ਵਿੱਚ ਹੋਇਆ ਹੈ। ਇਉਂ ਇਹ ਘੋਲ ਕਾਰਪੋਰੇਟ ਹਿੱਤਾਂ ਖਿਲਾਫ ਸੰਘਰਸ਼ ਪੌੜੀ ਦਾ ਅਗਲਾ ਡੰਡਾ ਹੋ ਨਿੱਬੜਿਆ ਹੈ। ਇਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਹੁਲਾਰਾ ਦੇਣ ਵਾਲੀ ਉਤਸ਼ਾਹੀ ਘਟਨਾ ਹੈ। ਇੱਕ ਹੋਰ ਬਹੁਤ ਮਹੱਤਵਪੂਰਨ ਪੱਖ ਉਹਨਾਂ ਸਭ ਗੈਰ ਕਿਸਾਨ ਪਰਿਵਾਰਾਂ ਲਈ ਮੁਆਵਜੇ ਅਤੇ ਨੌਕਰੀ ਦਾ ਹੱਕ ਤਸਲੀਮ ਕਰਵਾਉਣਾ ਹੈ, ਜਿਹਨਾਂ ਦਾ ਵੀ ਵਸੇਬਾ ਖੇਤੀ ਨਾਲ ਜੁੜਿਆ ਹੋਇਆ ਹੈ। ਤਹਿ ਹੋਏ ਪੈਮਾਨੇ ਅਨੁਸਾਰ ਸਰਕਾਰੀ ਨੌਕਰੀ ਤੋਂ ਸੱਖਣੇ ਹਰ ਬੇਜ਼ਮੀਨੇ ਪਰਿਵਾਰ ਨੂੰ ਨੌਕਰੀ ਦਾ ਹੱਕਦਾਰ ਗਿਣਿਆ ਗਿਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪ੍ਰਾਪਤੀ ਹਕੂਮਤ ਵੱਲੋਂ ਸਿਰੇ ਦਾ ਜ਼ੋਰ ਲਾ ਕੇ ਘੋਲ ਨੂੰ ਕੁਚਲ ਦੇਣ ਦੀਆਂ ਕੋਸ਼ਿਸ਼ਾਂ ਨੂੰ ਪਛਾੜ ਕੇ ਹਾਸਲ ਕੀਤੀ ਗਈ ਹੈ। ਪਤਿਆਉਣ ਅਤੇ ਭਰਮਾਉਣ ਦੀਆਂ ਚਾਲਾਂ ਨੂੰ ਨਾਕਾਮ ਕਰਕੇ ਹਾਸਲ ਕੀਤੀ ਗਈ ਹੈ। ਕਿਸਾਨਾਂ ਦੀ ਰਜ਼ਾਮੰਦੀ ਬਾਰੇ ਸਰਕਾਰੀ ਕੂੜ ਪ੍ਰਚਾਰ ਨੂੰ ਬੇਨਕਾਬ ਅਤੇ ਬੇਅਸਰ ਕਰਕੇ ਹਾਸਲ ਕੀਤੀ ਗਈ ਹੈ। ਇਸ ਪੱਖ ਤੋਂ ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਅਪ੍ਰੇਸ਼ਨ ਗਰੀਨ ਹੰਟ ਪਲੇਟਫਾਰਮ ਵੱਲੋਂ ਕੀਤੀ ਪ੍ਰਚਾਰ ਸਰਗਰਮੀ ਨੇ ਵੀ ਮਹੱਤਵਪੂਰਨ ਰੋਲ ਅਦਾ ਕੀਤਾ ਹੈ।
ਗੋਬਿੰਦਪੁਰਾ ਘੋਲ ਨੇ ਕਾਰਪੋਰੇਟ ਹਿੱਤਾਂ ਦੇ ਧਾਵੇ ਖਿਲਾਫ ਕਿਸਾਨ ਸੰਘਰਸ਼ ਦੇ ਉੱਚੇ ਹੋਏ ਪੱਧਰ ਨੂੰ ਦਰਸਾਇਆ ਹੈ। ਪਰ ਨਾਲ ਹੀ ਇਹ ਗੱਲ ਵੀ ਪ੍ਰਗਟ ਹੋਈ ਹੈ ਕਿ ਕਿਸਾਨ ਸੰਘਰਸ਼ਾਂ ਦੀ ਫੌਰੀ ਧਾਰ ਅਜੇ ਇਹਨਾਂ ਹਮਲਿਆਂ ਦੇ ਅੰਸ਼ਿਕ ਇਜ਼ਹਾਰਾਂ ਵੱਲ ਸੇਧੀ ਹੋਈ ਹੈ। ਇਹ ਗੱਲ ਪ੍ਰਚਾਰ ਵਿੱਚ ਤਾਂ ਕਾਫੀ ਜ਼ੋਰ ਨਾਲ ਆਈ ਹੈ ਕਿ ਕਿਵੇਂ ਇੰਡੀਆ ਬੁਲਜ਼ ਦਾ ਪ੍ਰੋਜੈਕਟ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਦੇ ਨਤੀਜੇ ਸਭਨਾਂ ਲਈ ਮਾੜੇ ਹੋਣਗੇ। ਅਰਥਚਾਰੇ 'ਤੇ ਅਸਰਾਂ ਪੱਖੋਂ ਵੀ ਅਤੇ ਵਾਤਾਵਰਣ 'ਤੇ ਅਸਰਾਂ ਪੱਖੋਂ ਵੀ। ਪਰ ਸੰਘਰਸ਼ ਖੋਹੀਆਂ ਜ਼ਮੀਨਾਂ ਦੀ ਵਾਪਸੀ 'ਤੇ ਕੇਂਦਰਤ ਰਿਹਾ ਹੈ।
ਇਹ ਸਥਿਤੀ ਇਨਕਲਾਬੀ ਸ਼ਕਤੀਆਂ ਲਈ ਮੌਜੂਦ ਅਹਿਮ ਚੁਣੌਤੀ ਨੂੰ ਸਾਹਮਣੇ ਲਿਆਉਂਦੀ ਹੈ। ਇਹ ਚੁਣੌਤੀ ਹੈ, ਲੋਕਾਂ ਦੇ ਸੰਘਰਸ਼ਾਂ ਨੂੰ ਅੰਸ਼ਿਕ ਇਜ਼ਹਾਰਾਂ ਖਿਲਾਫ ਲੜਾਈ ਤੋਂ ਅੱਗੇ ਅਹਿਮ ਅਤੇ ਬੁਨਿਆਦੀ ਮੁੱਦਿਆਂ 'ਤੇ ਲੜਾਈ ਵੱਲ ਸੇਧਤ ਕਰਨਾ। ਇਹ ਗੱਲ ਲੋਕਾਂ ਦੇ ਸੰਘਰਸ਼ਾਂ ਅੰਦਰ ਇਨਕਲਾਬੀ ਪ੍ਰਚਾਰ ਦੇ ਕੰਮ ਨੂੰ ਤੇਜ ਕਰਨ ਅਤੇ ਘੋਲ ਮੰਗਾਂ ਦਾ ਪੱਧਰ ਉੱਚਾ ਚੁੱਕਣ ਲਈ ਹੋਰ ਗੰਭੀਰ ਯਤਨ ਜੁਟਾਉਣ ਦੀ ਮੰਗ ਕਰਦੀ ਹੈ।
ਨਵੀਆਂ ਆਰਥਿਕ ਨੀਤੀਆਂ ਦੇ ਧਾਵੇ ਤੋਂ ਸੰਘਰਸ਼ ਰਾਹੀਂ ਆਪਣੇ ਹਿੱਤਾਂ ਦੀ ਰਾਖੀ ਦੇ ਮਾਮਲੇ ਵਿੱਚ ਲੋਕਾਂ ਦੇ ਵਿਸ਼ਵਾਸ਼ ਨੂੰ ਹੁਲਾਰਾ ਦੇਣ ਪੱਖੋਂ ਗੋਬਿੰਦਪੁਰਾ ਸੰਘਰਸ਼ ਨੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਹਾਸਲ ਹਾਲਤ ਵਿੱਚ ਲੋਕਾਂ ਦੇ ਵਿੱਤ, ਚੇਤਨਾ ਅਤੇ ਤਿਆਰੀ ਦੇ ਪੱਧਰ ਮੁਤਾਬਕ ਹੋਏ ਘੋਲ ਦੇ ਜੇਤੂ ਹਾਂ-ਪੱਖੀ ਨਿਪਟਾਰੇ ਨੂੰ ਆਰਥਿਕਵਾਦ ਕਹਿ ਕੇ ਭੰਡਣ ਵਾਲੀਆਂ ਆਵਾਜ਼ਾਂ ਵੀ ਇਸ ਵਾਰੀ ਖਾਮੋਸ਼ ਹੀ ਰਹੀਆਂ ਹਨ। ਟਰਾਈਡੈਂਟ ਘੋਲ ਵੇਲੇ ਇਹਨਾਂ ਆਵਾਜ਼ਾਂ ਦਾ ਸ਼ੋਰ ਕਾਫੀ ਉੱਚਾ ਸੀ। ਇਸ ਵਾਰ ਤਾਂ ਆਰਥਿਕਵਾਦ ਦੇ ਅਖੌਤੀ ਨੁਕਤਾਚੀਨ ਬਹੁਤ ਚਿਰ ਪਹਿਲਾਂ ਹੀ ਗੋਬਿੰਦਪੁਰਾ ਘੋਲ ਦਾ ਭੋਗ ਪਾ ਦੇਣ ਲਈ ਤਹੂ ਦਿਖਾਈ ਦਿੱਤੇ ਸਨ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਜਿੱਤ ਉਹਨਾਂ ਦੀਆਂ ਇਛਾਵਾਂ ਨੂੰ ਉਲੰਘ ਕੇ ਹਾਸਲ ਹੋਈ ਹੈ। ਹਕੂਮਤ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਕਰਨੀਆਂ ਪਈਆਂ ਹਨ। ਇਉਂ ਕਰਕੇ ਵੀ ਉਹ ਆਪਣੇ ਕਦਮ ਦਾ ਸਿਆਸੀ ਇਵਜਾਨਾ ਤਾਰਨ ਤੋਂ ਸੁਰਖਰੂ ਨਹੀਂ ਹੋ ਸਕੀ। ਗੋਬਿੰਦਪੁਰਾ ਘੋਲ ਦਾ ਤਜਰਬਾ ਹਕੂਮਤ ਦੀ ਖਸਲਤ ਅਤੇ ਰਵੱਈਏ ਦਾ ਇਸ਼ਤਿਹਾਰ ਹੋ ਨਿੱਬੜਿਆ ਹੈ। ਮੁੱਖ ਵਿਰੋਧੀ ਰਾਜਨੀਤਕ ਪਾਰਟੀ ਕਾਂਗਰਸ ਦੇ ਕਿਸਾਨਾਂ ਨਾਲ ਹੇਜ ਦੇ ਨਕਲੀ ਹੋਣ ਦਾ ਵੀ ਸਬੂਤ ਹੋ ਨਿੱਬੜਿਆ ਹੈ। ਹੋਰ ਸਭ ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਅਮਲੀ ਤੌਰ 'ਤੇ ਗੋਬਿੰਦਪੁਰਾ ਸੰਘਰਸ਼ ਤੋਂ ਫਾਸਲੇ 'ਤੇ ਰਹੀਆਂ ਹਨ।
ਘੋਲ ਸਰਗਰਮੀ ਦੌਰਾਨ ਇਹਨਾਂ ਪੱਖਾਂ ਦੀ ਅਹਿਮੀਅਤ ਨੂੰ ਜਨਤਾ ਦੇ ਪੱਲੇ ਪਾਉਣ ਦੇ ਸੁਚੇਤ ਯਤਨਾਂ ਨੇ ਇਸ ਘੋਲ ਨੂੰ ਸਿਆਸੀ ਚੇਤਨਾ ਵਧਾਰੇ ਦੀ ਚੰਗੀ ਮਸ਼ਕ ਬਣਾ ਦਿੱਤਾ ਹੈ। ਆਰਥਿਕਵਾਦ ਨਾਲੋਂ ਨਿਖੇੜੇ ਦੀਆਂ ਹਵਾਈ ਗੱਲਾਂ ਦੇ ਮੁਕਾਬਲੇ ਇਹ ਘੋਲ ਜਨਤਾ ਦੀ ਸਿਆਸੀ ਚੇਤਨਾ ਅਤੇ ਸਰੋਕਾਰਾਂ ਨੂੰ ਅੱਗੇ ਵਧਾਉਣ ਦਾ ਚੰਗਾ ਨਮੂਨਾ ਹੋ ਨਿੱਬੜਿਆ ਹੈ।