Wednesday, March 3, 2021

ਦੋ ਲੱਖ ਕਿਸਾਨ ਕਰਨਗੇ ਦਿੱਲੀ ਵੱਲ ਕੂਚ -ਉਗਰਾਹਾਂ

 

 

ਦੋ ਲੱਖ ਕਿਸਾਨ ਕਰਨਗੇ ਦਿੱਲੀ ਵੱਲ ਕੂਚ -ਉਗਰਾਹਾਂ

ਚੰਡੀਗੜ 24 ਨਵੰਬਰ- ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਜੁਰਮਾਨੇ ਵਾਲੇ ਆਰਡੀਨੈਂਸ ਨੂੰ ਰੱਦ ਕਰਾਉਣ ਵਰਗੀਆਂ ਮੰਗਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਦਿੱਲੀ ਚੱਲੋ ਮੋਰਚੇ ਤਹਿਤ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖਨੌਰੀ ਅਤੇ ਡੱਬਵਾਲੀ ਦੇ ਰਸਤੇ ਰਾਹੀਂ ਦੋ ਲੱਖ ਤੋਂ ਵਧੇਰੇ ਕਿਸਾਨ- ਮਜਦੂਰ ਮਰਦ ਔਰਤਾਂ ਦੇ ਕਾਫਲੇ ਦਿੱਲੀ ਵੱਲ ਕੂਚ ਕਰਨਗੇ। ਇਹ ਦਾਅਵਾ ਅੱਜ ਕਿਸਾਨ ਭਵਨ ਚੰਡੀਗੜ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਸ੍ਰੀ ਉਗਰਾਹਾਂ ਨੇ ਦਿੱਲੀ ਚੱਲੋ ਮੋਰਚੇ ਦੀਆਂ ਤਿਆਰੀਆਂ ਸਬੰਧੀ ਸੂਬਾ ਹੈਡਕੁਆਰਟਰ ਤੇ ਪੁੱਜੀਆਂ  ਰਿਪੋਰਟਾਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ 15 ਜ਼ਿਲਿਆਂ ਦੇ 800 ਪਿੰਡਾਂ ਵਿੱਚ ਔਰਤਾਂ ਵੱਲੋਂ ਮੁਜਾਹਰੇ ,ਜਾਗੋ ਮਾਰਚ ਅਤੇ  ਨੌਜਵਾਨਾਂ ਵੱਲੋਂ ਮਸਾਲ ਮਾਰਚ ਕਰਕੇ ਦਿੱਲੀ ਚੱਲੋ ਮੋਰਚੇ ਦੀਆਂ ਤਿਆਰੀਆਂ ਨੂੰ ਜਬਰਦਸਤ ਹੁਲਾਰਾ ਦੇ ਦਿੱਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਮੁਜਾਹਰਿਆਂ ਤੇ ਮਸਾਲ ਮਾਰਚਾ 3 ਲੱਖ ਤੋਂ ਵਧੇਰੇ ਔਰਤਾਂ,  ਨੌਜਵਾਨਾਂ ਤੇ ਕਿਸਾਨਾਂ- ਮਜਦੂਰਾਂ ਵੱਲੋਂ ਸਮੂਲੀਅਤ ਕੀਤੀ ਗਈ। ਉਹਨਾਂ ਦੱਸਿਆ ਕਿ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਹਨਾਂ ਦੋਹਾਂ ਰਸਤਿਆਂ ਰਾਹੀਂ ਦਿੱਲੀ ਵੱਲ ਕੂਚ ਕਰਨ ਲਈ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ 15 ਜ਼ਿਲਿਆਂ ਦੇ ਲੱਗਭਗ 1400 ਤੋਂ ਵਧੇਰੇ  ਪਿੰਡਾਂ ਚੋਂ ਔਰਤਾਂ, ਕਿਸਾਨਾਂ-ਮਜਦੂਰਾ ਤੇ ਨੌਜਵਾਨਾਂ ਦਾ ਹੜ ਦਿੱਲੀ ਵੱਲ ਰਵਾਨਾ ਹੋਵੇਗਾ। ਉਹਨਾਂ ਆਖਿਆ ਕਿ  ਤਿੰਨੇ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਦੇ ਜੁਰਮਾਨੇ ਵਾਲਾ ਆਰਡੀਨੈਂਸ ਰੱਦ ਕਰਨ, ਘੱਟੋ-ਘੱਟ ਸਮਰਥਨ ਦੇ ਕਾਨੂੰਨ ਤੇ ਸਮੁੱਚੇ ਭਾਰਤ ਵਿੱਚ ਸਮੂਹ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਦੀ ਮਜਬੂਤੀ ਆਦਿ ਮੰਗਾਂ ਦੀ ਪੂਰਤੀ ਲਈ ਉਹ ਆਪਣਾ ਸੰਘਰਸ ਜਾਰੀ ਰੱਖਣਗੇ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ 13 ਨਵੰਬਰ ਨੂੰ ਕੇਂਦਰੀ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਮੇਂ ਕੇਂਦਰ ਸਰਕਾਰ ਵੱਲੋਂ ਅਪਨਾਏ ਅੜੀਅਲ ਵਤੀਰੇ ਤੋਂ ਬਾਅਦ ਕਿਸਾਨਾਂ ਦਾ ਰੋਹ ਤੇ ਲਾਮਬੰਦੀ ਹੋਰ ਵੀ ਤੇਜ ਹੋ ਗਈ ਹੈਉਹਨਾਂ ਆਖਿਆ ਕਿ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਕੂਚ ਕਰਨਗੇ ਅਤੇ ਜੇਕਰ ਸਰਕਾਰ ਨੇ ਉਹਨਾਂ ਨੂੰ ਰੋਕਿਆ ਤਾਂ ਉਥੇ ਹੀ ਮੋਰਚੇ ਸੁਰੂ ਕਰ ਦਿੱਤੇ ਜਾਣਗੇ।ਉਹਨਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖ ਆਈਆਂ ਹਨ ਤੇ ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਹੈ ਅਤੇ ਉਸਨੂੰ ਇਹਨਾਂ ਦੇ ਜਵਾਬ ਵਿੱਚ ਠੋਸ ਤਜਵੀਜ ਭੇਜਣੀ ਚਾਹੀਦੀ ਹੈ। ਉਹਨਾਂ ਮੌਜੂਦਾ ਕਿਸਾਨ ਘੋਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਇਸ ਘੋਲ ਨੇ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਕੰਪਨੀਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸਮਣ ਹਕੂਮਤ ਵਜੋਂ ਸਰੇ ਬਾਜਾਰ ਨੰਗਾ ਕਰ ਦਿੱਤਾ ਹੈ।  ਯੂਨੀਅਨ ਦੇ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਦਿੱਲੀ ਮੋਰਚੇ ਚ ਸਾਮਲ ਹੋਣ ਲਈ ਔਰਤਾਂ ਤੇ ਬੱਚਿਆਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਅਤੇ ਸੈਂਕੜੇ ਪਿੰਡਾਂ ਚ ਔਰਤਾਂ ਵੱਲੋਂ ਜਾਗੋ ਮਾਰਚ ਕਰਕੇ ਘਰ ਘਰ ਜਾ ਕੇ ਰਾਸਨ ਵੀ ਇਕੱਠਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੋਰਚੇ ਚ ਖੁਦਕੁਸੀ ਪੀੜਤ ਤੇ ਜਮੀਨਾਂ ਤੋਂ ਵਾਂਝੇ ਹੋ ਚੁੱਕੇ ਪਰਿਵਾਰਾਂ ਦੀਆਂ ਔਰਤਾਂ ਵੀ ਵਿਸਾਲ ਗਿਣਤੀ ਵਿੱਚ ਸਾਮਲ ਹੋਣਗੀਆਂ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਦਿੱਲੀ ਚੱਲੋ ਮੋਰਚੇ ਦੇ ਨਾਲ ਨਾਲ ਭਾਜਪਾ ਆਗੂਆਂ ਦੇ ਘਰਾਂ ਅੱਗੇ ਅਤੇ ਟੋਲ ਪਲਾਜਿਆ ਤੇ ਸਾਪਿੰਗ ਮਾਲਜ ਅੱਗੇ ਚਲਦੇ ਪ੍ਰਦਰਸਨ ਵੀ ਜਾਰੀ ਰੱਖੇ ਜਾਣਗੇ। ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਭਗਤਾ ਭਾਈਕਾ ਵਿਖੇ ਡੇਰਾ ਪ੍ਰੇਮੀ ਦੇ ਕਤਲ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਜਾਤਾਂ ਤੇ ਧਰਮਾਂ ਦੇ ਵਖਰੇਵਿਆਂ ਕਾਰਨ ਕਤਲਾਂ ਦੀ ਸਿਆਸਤ ਨਿੰਦਣਯੋਗ ਹੈ ਅਤੇ ਇਸਦੇ ਪਿੱਛੇ ਚੱਲ ਰਹੇ ਮੌਜੂਦਾ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਦੀਆਂ ਚਾਲਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਸਮੂਹ ਕਿਸਾਨਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਉਹ ਕਿਸਾਨ ਘੋਲ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀਆਂ ਜਾਣ ਵਾਲੀਆਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਵਿਸਾਲ ਏਕਤਾ ਦੇ ਨਾਲ ਅਜਿਹੀਆਂ ਸਭ ਚਾਲਾਂ ਨੂੰ ਫੇਲ ਕਰਨ। ਉਹਨਾਂ ਹਰਿਆਣਾ ਸਰਕਾਰ ਵੱਲੋਂ ਦਿੱਲੀ ਮੋਰਚੇ ਦੀਆਂ ਤਿਆਰੀਆਂ ਵਿੱਚ ਜੁਟੇ ਕਿਸਾਨਾਂ ਨੂੰ ਗਿਰਫਤਾਰ ਕਰਨ ਦੀ ਨਿਖੇਧੀ ਕਰਦਿਆਂ ਆਖਿਆ ਕਿ ਭਾਜਪਾ ਹਕੂਮਤ ਦੀਆਂ ਜਾਬਰ ਚਾਲਾਂ ਕਿਸਾਨ ਸੰਘਰਸ ਨੂੰ ਕਮਜੋਰ ਕਰਨ ਦੀ ਥਾਂ ਹੋਰ ਭਖਾਉਣ ਦਾ ਸਾਧਨ ਬਣਨਗੀਆਂ।

No comments:

Post a Comment