ਸੱਚੀਓਂ ਪੰਜਾਬ ਦਿਆਂ ਪਿੰਡਾਂ ਸ਼ਹਿਰਾਂ ‘ਚ,ਆ ਗਿਆ ਭੂਚਾਲ ਜੀ
- ਮੇਜਰ ਦੂਲੋਵਾਲ
ਬੱਲੇ ਓਏ ਕਿਸਾਨਾਂ ਤੂੰ ਕਮਾਲ ਕਰਤੀ, ਹਨੇਰੀਆਂ ਲਿਆਤੀਆਂ।
ਤੇਰੇ ਸੰਗਰਾਮ ਨਾਲ ਗੂੰਜੀ ਧਰਤੀ, ਤੂੰ ਪੁਦੀੜਾਂ ਪਾਤੀਆਂ।
ਅੰਬਾਨੀਆਂ, ਅਡਾਨੀਆਂ ਤੇ ਮੋਦੀ ਲਾਣੇ ਦੀ
ਤੂੰ ਫੇਲ ਕੀਤੀ ਚਾਲ ਜੀ
ਸੱਚੀਓਂ ਪੰਜਾਬ ਦਿਆਂ ਪਿੰਡਾਂ ਸ਼ਹਿਰਾਂ ‘ਚ,
ਆ ਗਿਆ ਭੂਚਾਲ ਜੀ।
ਸ਼ਹਿਰ ਪਟਿਆਲੇ ਬਾਦਲਾਂ ਦੇ ਪਿੰਡ ‘ਚ, ਜੋ ਮੋਰਚੇ ਲਗਾਏ ਜੀ।
ਪੈ ਗਿਆ ਸੋਗ ਘਰੇ ਖੱਬੀ ਖਾਨਾਂ ਦੇ, ਜਲਵੇ ਦਿਖਾਏ ਜੀ।
ਪੈ ਗਈ ਵਜੀਰੀ ਬੀਬਾ ਜੀ ਨੂੰ ਛੱਡਣੀ, ਮਜਬੂਰੀ ਨਾਲ ਜੀ।
ਸੱਚੀਓਂ ਪੰਜਾਬ ਦਿਆਂ ਪਿੰਡਾਂ ਸ਼ਹਿਰਾਂ ‘ਚ,
ਆ ਗਿਆ ਭੂਚਾਲ ਜੀ।
ਨਿਕਲੇ ਅਕਾਲੀ ਫੇਰ ਐਨ. ਡੀ. ਏ. ਚੋਂ, ਹੋ ਕੇ ਲਾਚਾਰ ਜੀ।
ਨੌਂਹ ਨਾਲੋਂ ਸਾਥ ਟੁੱਟ ਗਿਆ ਮਾਸ ਦਾ, ਹੋਏ ਆਵਾਜਾਰ ਜੀ।
ਦਿੱਤੀ ਕੁਰਬਾਨੀ ਦਾ ਢਿੰਡੋਰਾ ਪਿੱਟਤਾ, ਬੈਂਡ ਵਾਜੇ ਨਾਲ ਜੀ।
ਸੱਚੀਓਂ ਪੰਜਾਬ ਦਿਆਂ ਪਿੰਡਾਂ ਸ਼ਹਿਰਾਂ ‘ਚ, ਆਗਿਆ ਭੂਚਾਲ ਜੀ।
ਮਾਰਕੇ ਪਲਾਥੀ ਬੈਠ ਗਏ ਟਰੈਕਾਂ ਤੇ, ਰੇਲਾਂ ਲਈਆਂ ਘੇਰ ਜੀ।
ਹਾਕਮਾਂ ਨੇ ਡੰਡ ਪਾਤੀ ਕੋਲਾਂ ਮੁੱਕਿਆ, ਹੋਜੂਗਾ ਹਨੇਰ ਜੀ।
ਲੱਖਾਂ ਕਿਰਸਾਨ ਬੈਠੇ ਰਹੇ ਲਾਇਨਾਂ ਤੇ, ਪੂਰੇ ਜੋਸ ਨਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਘੇਰ ਲਏ ਪੈਟਰੋਲ ਪੰਪ ਰਿਲਾਇੰਸ ਦੇ, ਦਿਓ ਕੱਦ ਮਾਲ ਜੀ।
ਟੋਲ ਪਲਾਜਅਿਾਂ ਨੂੰ ਜਿੰਦੇ ਮਾਰਤੇ, ਕੀਤੇ ਬੁਰੇ ਹਾਲ ਜੀ।
ਵਿਂਹਦੇ ਰਹੇ ਲੋਟੂ ਬੈਠੇ ਧਾਹਾਂ ਮਾਰਦੇ, ਕਿਰਤੀ ਨਿਹਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਖੋਹਣ ਲਈ ਜਮੀਨਾਂ ਫਿਰੋਲਾਲਾਂ ਸੁੱਟਦੇ, ਵੱਡੇ ਸਾਹੂਕਾਰ ਜੀ।
ਚੈਲੇਂਜ ਹੈ ਪਹਿਲੇ ਹੀ ਚਲਾਕੇ ਵੇਖ ਲੋ, ਲੋਟੂ ਕਾਰੋਬਾਰ ਜੀ।
ਵੱਟ ਉੱਤੇ ਚੜੇ ਬੜੀ ਕੁੱਟ ਖਾਓਗੇ, ਫਾਹੁੜਿਆਂ ਦੇ ਨਾਲ ਜੀ।
ਸੱਚੀਓਂ ਪੰਜਾਬ ਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਭਾਜਪਾ ਦੇ ਆਗੂਆਂ ਦੀਆਂ ਮਹਿਲ ਕੋਠੀਆਂ, ਜੇਲਾਂ ਸੀ ਬਣਾਤੀਆਂ
ਲੱਖਾਂ ਹੀ ਕਿਰਸਾਨਾਂ ਨੇ ਘਰ ਘੇਰ ਕੇ, ਗੱਲਾਂ ਕਰਵਾਤੀਆਂ।
ਘਰਾਂ ਚੋਂ ਨਿਕਲਣਾ ਬੰਦ ਕਰਤਾ, ਘਿਰਾਓ ਬੇਮਿਸਾਲ ਜੀ।
ਸੱਚੀਓਂ ਪੰਜਾਬ ਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਫੇਰ ਜਦੋਂ ਦਿੱਲੀ ਨੂੰ ਵਹੀਰਾਂ ਘੱਤੀਆਂ, ਕਾਫਲਾ ਕਿਸਾਨਾਂ ਦਾ।
ਹੌਂਸਲੇ ਬੁਲੰਦ ਜੋਸ ਠਾਠਾਂ ਮਾਰਦਾ, ਸੂਰਮੇ ਜਵਾਨਾਂ ਦਾ।
ਨਾਕਿਆਂ ਤੇ ਖੜੇ ਕਰ ਤੇ ਹਰਿਆਣਾ ਚ, ਪੁਲਸੀ ਚੰਡਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਅੜੇ ਨਹੀਂ ਸੰਗਲਾਂ ਦੇ ਬੈਰੀਕੇਡ ਜੀ, ਮਿੰਟਾਂ ਚ ਖੋਲਤੇ।
ਪਾਣੀ ਦੀਆਂ ਬੁਛਾੜਾਂ ਅੱਥਰੂ ਗੈਸ ਜੀ, ਪੈਰਾਂ ਵਿੱਚ ਰੋਲਤੇ।
ਖੱਟਰ ਦੀ ਹਿੱਕ ਉੱਤੇ ਪੈਰ ਰੱਖਕੇ, ਲੰਘੇ ਮਾਂ ਦੇ ਲਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਦਿੱਲੀ ਚਝੜੱਪ ਹੋਗੀ ਪੁਲਸ ‘ਨਾ, ਵੇਖਿਆ ਰਾਜਧਾਨੀ ਨੇ।
ਪੁਲਸੀ ਬਘਿਆੜਾਂ ਨੂੰ ਪਾਈਆਂ ਭਾਜੜਾਂ, ਅਣਖੀ ਕਿਰਸਾਨੀ ਨੇ।
ਮਿੰਟਾਂ ਚ ਦੋ ਬੈਰੀਕੇਡ ਭੰਨ ਤੇ, ਕਰਤੀ ਕਮਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਬਾਡਰਾਂ ਤੇ ਬੈਠ ਗਏ ਕਿਸਾਨ ਸੂਰਮੇ, ਓਥੇ ਈ ਡੇਰਾ ਲਾ ਲਿਆ।
ਘਰਾਂ ਵਾਂਗ ਬੈਠ ਗਈ ਕਿਸਾਨ ਜਨਤਾ, ਲੰਗਰ ਚਲਾ ਲਿਆ।
ਬੱਚਿਆਂ, ਬਜੁਰਗਾਂ, ਜਵਾਨਾਂ ਰਲਕੇ, ਔਰਤਾਂ ਦੇ ਨਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਤੇਰੀ ਅਗਵਾਈ ‘ਚ ਕਿਸਾਨ ਯੋਧਿਆ, ਉੱਠਿਆ ਤੂਫਾਨ ਜੀ।
ਦਿੱਲੀ ਵੱਲ ਤੁਰ ਪਏ ਵਹੀਰਾਂ ਘੱਤ ਕੇ, ਦੇਸ ਦੇ ਕਿਸਾਨ ਜੀ।
ਘੇਰ ਲਈ ਰਾਜਧਾਨੀ ਚਾਰੇ ਪਾਸਿਉਂ, ਜਜਬਾ ਕਮਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
ਪਹਿਲਾਂ ਹੀ ਜਿੱਤਾਂ ਸੰਗਰਾਮੀ ਘੋਲ ਦੀਆਂ, ਹੋਗੀਆਂ ਬਥੇਰੀਆਂ।
ਕਾਲੇ ਕਨੂੰਨ ਰੱਦ ਕਰਵਾ ਤੇ ਜੇ, ਫੇਰ ਨਹੀਉਂ ਰੀਸਾਂ ਤੇਰੀਆਂ
ਸੂਹੇ ਸੰਗਰਾਮ ਨੂੰ ਸਲਾਮ ਕਰਦਾ, ਕਵੀ ਦੁੱਲੋਵਾਲ ਜੀ।
ਸੱਚੀਓਂ ਪੰਜਾਬਦਿਆਂ ਪਿੰਡਾਂ ਸ਼ਹਿਰਾਂ ‘ਚ,
ਆਗਿਆ ਭੂਚਾਲ ਜੀ।
No comments:
Post a Comment