ਨਿਵੇਕਲੀ ਸ਼ਹਾਦਤ ਦੇ ਅਰਥ
ਪਾਵੇਲ ਕੁੱਸਾ
ਪੰਜਾਬ ਦੀ ਧਰਤੀ
ਤੋਂ ਉੱਠ ਕੇ ਮੁਲਕ ਭਰ ’ਚ ਫੈਲ ਰਹੇ ਕਿਸਾਨ
ਅੰਦੋਲਨ ਦੌਰਾਨ ਲੋਕ ਸਿਦਕ ਦੀ ਪਰਖ ਦੇ ਵੱਖ ਵੱਖ ਦੌਰਾਂ ’ਚੋਂ ਗੁਜ਼ਰ ਰਹੇ ਹਨ। ਹੋ ਰਹੀਆਂ ਕੁਰਬਾਨੀਆਂ ਦੇ ਵੱਖ
ਵੱਖ ਰੂਪ ਹਨ ਜਿਨਾਂ ਵਿੱਚ ਸ਼ਹਾਦਤਾਂ ਦੀ ਲੜੀ ਵੀ ਤੁਰੀ ਹੋਈ ਹੈ। ਦਿੱਲੀ ਮੋਰਚੇ ਵਿਚ ਹੀ ਹੁਣ ਤੱਕ
ਲਗਭਗ ਅੱਠ ਸ਼ਹਾਦਤਾਂ ਹੋ ਚੁੱਕੀਆਂ ਹਨ। ਸੰਘਰਸ਼ ਦੌਰਾਨ ਕੁਰਬਾਨ ਹੋਏ ਇਨਾਂ ਯੋਧਿਆਂ ਨੂੰ ਮੌਤ ਵੱਖ
ਵੱਖ ਢੰਗਾਂ ਨਾਲ ਟੱਕਰੀ ਹੈ। 28 ਨਵੰਬਰ ਨੂੰ ਹੋਈ
ਧਨੌਲੇ ਪਿੰਡ ਦੇ ਜਨਕ ਰਾਜ ਦੀ ਸ਼ਹਾਦਤ ਨਿਵੇਕਲੀ ਹੈ। ਨਿਵੇਕਲੀ ਇਸ ਕਰਕੇ ਨਹੀਂ ਕਿ ਉਹ ਇੱਕ ਗੱਡੀ ’ਚ ਸੁੱਤਾ ਹੋਇਆ
ਗੱਡੀ ਨੂੰ ਲੱਗੀ ਅੱਗ ਕਾਰਨ ਸੜ ਕੇ ਸ਼ਹੀਦ ਹੋ ਗਿਆ । ਇਸ ਲਈ ਨਹੀਂ ਕਿ ਸ਼ਹਾਦਤ ਦਾ ਇਹ ਰੂਪ ਦਰਦਨਾਕ
ਤੇ ਭਿਆਨਕ ਹੋ ਨਿਬੜਿਆ ਜਿਸ ਨੇ ਹਰ ਹਿਰਦੇ ਨੂੰ ਵਲੂੰਧਰ ਸੁੱਟਿਆ। ਇਸ ਕੁਰਬਾਨੀ ਦੀ ਵਿਲੱਖਣਤਾ ਇਸ
ਵਿੱਚ ਹੈ ਕਿ ਇਹ ਸੰਘਰਸ਼ ਅੰਦਰਲੀ ਤਾਕਤ ਦੇ ਅਜਿਹੇ ਪੱਖ ’ਤੇ ਝਾਤ ਪਵਾਉਂਦੀ ਹੈ ਜੋ ਸਾਡੇ ਸਮਾਜ ਦੇ ਕਿਰਤੀ ਲੋਕਾਂ
ਦੀ ਆਪਸੀ ਸਾਂਝ ਦੀਆਂ ਤੰਦਾਂ ਦੀ ਮਜ਼ਬੂਤੀ ਦਾ ਪੱਖ ਹੈ। ਇਹ ਕੁਰਬਾਨੀ ਇਸ ਸੰਘਰਸ਼ ਨੂੰ ਕਿਸਾਨੀ
ਮੰਗਾਂ ਤੋਂ ਅੱਗੇ ਸਮੁੱਚੇ ਸਮਾਜ ਦੀ ਸ਼ਮੂਲੀਅਤ ਵਾਲੇ ਅੰਦੋਲਨ ’ਚ ਵਟ ਜਾਣ ਦੇ
ਕਾਰਨਾਂ ਨੂੰ ਸਮਝਣ ’ਚ ਵੀ ਸਹਾਇਤਾ ਕਰਦੀ
ਹੈ। ਨਾਲ ਹੀ ਪੇਂਡੂ ਸਮਾਜ ਅੰਦਰ ਉੱਭਰ ਰਹੀ ਲੋਕਾਂ ਦੀ ਅਧਿਕਾਰ ਸ਼ਕਤੀ ਦੇ ਵਰਤਾਰੇ ਨੂੰ ਸਮਝਣ ਲਈ
ਵੀ ਸਹਾਈ ਹੁੰਦੀ ਹੈ । ਇਹ ਸ਼ਹਾਦਤ ਇਸ ਸੰਘਰਸ਼ ਨੂੰ ਕਿਸੇ ਵਿਸ਼ੇਸ਼ ਫਿਰਕੇ ਦੇ ਸੰਘਰਸ਼ ਵਜੋਂ ਉਭਾਰਨ
ਦੇ ਯਤਨਾਂ ਦੀ ਸ਼ਾਨਦਾਰ ਕਾਟ ਹੋ ਨਿੱਬੜਦੀ ਹੈ ਇਸ ਦੀ ਵਿਲੱਖਣਤਾ ਦੀ ਚਰਚਾ ਹੋਣੀ ਚਾਹੀਦੀ ਹੈ।
ਜਨਕ ਰਾਜ ਆਪਣੇ
ਪਿੰਡ ’ਚ ਸਾਈਕਲ ਮੁਰੰਮਤ
ਦੀ ਦੁਕਾਨ ਕਰਦਾ ਸੀ। ਉਹ ਅਗਰਵਾਲ ਪਰਿਵਾਰ ਚੋਂ ਸੀ ਤੇ ਹਰ ਤਰਾਂ ਦੀ ਜਾਇਦਾਦ ਤੋਂ ਵਿਹੂਣਾ ਸੀ।
ਸੱਚੀ ਸੁੱਚੀ ਕਿਰਤ ਦੇ ਸਿਰ ’ਤੇ ਗੁਜ਼ਾਰਾ
ਚਲਾਉਂਦਾ ਸੀ। ਮੌਜੂਦਾ ਕਾਨੂੰਨਾਂ ਨਾਲ ਉਸ ਦੀ ਕਿਸੇ ਜਾਇਦਾਦ ’ਤੇ ਖਤਰਾ ਨਹੀਂ ਸੀ
ਮੰਡਰਾਇਆ, ਉਹ ਇੱਕ ਗਰੀਬ
ਕਿਰਤੀ ਸੀ ਜਿਸ ਦੇ ਕਿੱਤੇ ਦਾ ਖੇਤੀ ਕਾਨੂੰਨਾਂ ਨਾਲ ਸਿੱਧਾ ਸਬੰਧ ਨਹੀਂ ਸੀ। ਉਸ ਨੇ ਫਸਲ ਮੰਡੀ
ਨਹੀਂ ਸੀ ਲਿਜਾਣੀ ਤੇ ਨਾ ਹੀ ਐੱਮ ਐੱਸ ਪੀ ਦੇ ਜਾਣ ਦਾ ਉਸ ਨੂੰ ਸਿੱਧਾ ਹਰਜਾ ਦਿਖਿਆ ਹੋਣਾ। ਇਹ
ਪਤਾ ਨਹੀਂ ਕਿ ਉਸਨੂੰ ਪੀ.ਡੀ. ਐਸ. ਦੇ ਹੱਕ ’ਤੇ ਲਟਕਦੀ ਤਲਵਾਰ
ਦਾ ਪਤਾ ਲੱਗ ਗਿਆ ਸੀ ਜਾਂ ਨਹੀਂ ਪਰ ਉਹ ਦਿੱਲੀ ਜਾਣ ਵਾਲੇ ਮੋਰਚੇ ’ਚ ਟਰੈਕਟਰਾਂ ਦੇ
ਮਕੈਨਿਕਾਂ ਵੱਲੋਂ ਸੇਵਾ ਨਿਭਾਉਣ ਵਾਲੀ ਟੀਮ ਦਾ ਹਿੱਸਾ ਬਣ ਕੇ ਗਿਆ ਸੀ। ਇਉਂ ਉਹ ਇਸ ਇਤਿਹਾਸਕ
ਸੰਘਰਸ਼ ’ਚ ਆਪਣੇ ਢੰਗ ਨਾਲ
ਹਿੱਸਾ ਪਾਉਣ ਗਿਆ ਸੀ। ਇਸ ਸੰਘਰਸ਼ ’ਚ ਹਿੱਸਾ ਪਾਉਣ ਦੀ ਇਹ ਭਾਵਨਾ ਕਿਸੇ ਫੌਰੀ ਜਾਤੀ ਜਾਂ ਤਬਕਾਤੀ ਹਿੱਤ
ਚੋਂ ਨਹੀਂ ਸੀ ਉਪਜੀ। ਨਾ ਹੀ ਇਹ ਸਮਾਜ ਨੂੰ ਬਦਲਣ ਦੇ ਕਿਸੇ ਮਹਾਨ ਉਦੇਸ਼ ਦੀ ਚੇਤਨਾ ’;ਚੋਂ ਉਪਜੀ ਸੀ। ਇਹ ਪੇਂਡੂ ਸਮਾਜ ਅੰਦਰ ਮੌਜੂਦ ਭਾਈਚਾਰਕ
ਸਾਂਝ ਦੀ ਡੂੰਘੀ ਸਮੋਈ ਭਾਵਨਾ ’ਚੋਂ ਉਪਜੀ ਸੀ। ਇਸ
ਸਾਂਝ ਦੀ ਭਾਵਨਾ ਦਾ ਅਧਾਰ ਸੱਚੀ ਸੁੱਚੀ ਕਿਰਤ ਨੂੰ ਪ੍ਰਣਾਏ ਕਿਰਤੀ ਲੋਕਾਂ ਦੀ ਜਿੰਦਗੀਆਂ ਦੀਆਂ
ਸਾਂਝੀਆਂ ਹਕੀਕਤਾਂ ਬਣਦੀਆਂ ਹਨ ਜੋ ਇਉਂ ਮੋਰਚਿਆਂ ’ਤੇ
ਜਾ ਕੇ ਸ਼ਹਾਦਤਾਂ ਦਾ ਜਾਮ ਪੀਣ ਨਾਲ ਹੋਰ ਡੂੰਘੀਆਂ ਹੁੰਦੀਆਂ ਹਨ। ਉਹ ਪਹਿਲੀ ਵਾਰ ਨਹੀਂ
ਸੀ ਗਿਆ, ਸਗੋਂ ਪਿਛਲੇ ਪੰਜ
ਸਾਲਾਂ ਤੋਂ ਲਗਾਤਾਰ ਜਾ ਰਿਹਾ ਸੀ। ਪੰਜ ਵਰੇ ਪਹਿਲਾਂ ਉਹ ਪਹਿਲੀ ਵਾਰ ਇਸ ਕਾਫਲੇ ਦਾ ਹਿੱਸਾ ਬਣਿਆ
ਸੀ। ਨਰਮੇ ਦੀ ਫ਼ਸਲ ਦੀ ਤਬਾਹੀ ਵੇਲੇ ਮੁਆਵਜ਼ਾ ਹੱਕਾਂ ਲਈ ਚੱਲੇ ਸੰਘਰਸ਼ ’ਚ ਵੀ ਉਹ ਬਠਿੰਡੇ
ਦੇ ਧਰਨੇ ’ਚ ਹਿੱਸਾ ਪਾਉਂਦਾ
ਰਿਹਾ ਸੀ । ਉਹਦਾ ਨਾ ਨਰਮਾ ਸੀ ਤੇ ਨਾ ਹੀ ਮੁਆਵਜ਼ੇ ਦਾ ਹੱਕ ਲੈਣਾ ਸੀ, ਪਰ ਉਹ ਤਾਂ ਪੇਂਡੂ
ਭਾਈਚਾਰੇ ਦੇ ਸਭਨਾਂ ਸੰਕਟਾਂ ਦਾ ਸਾਂਝੀ ਸੀ, ਇਨਾਂ ਸੰਕਟਾਂ ਦਾ ਹਿੱਸਾ ਸੀ।
ਜਨਕ ਰਾਜ ਦੀ ਸ਼ਹਾਦਤ
ਸਾਰੇ ਪੇਂਡੂ ਸਮਾਜ ’ਚ ਪਣਪ ਰਹੇ ਇੱਕ
ਹੋਰ ਹਾਂਦਰੂ ਵਰਤਾਰੇ ਦੀ ਵੀ ਪ੍ਰਤੀਕ ਬਣ ਕੇ ਉੱਭਰਦੀ ਹੈ। ਇਹ ਹਕੀਕਤ ਸਮਾਜ ਅੰਦਰ ਦਬਾਏ ਲਤਾੜੇ
ਹੋਏ ਪੇਂਡੂ ਕਿਰਤੀ ਹਿੱਸਿਆਂ ਵੱਲੋਂ ਲੋਕ ਸ਼ਕਤੀ ਦੇ ਉੱਭਰ ਰਹੇ ਪੋਲ ਨਾਲ ਜੁੜਨ ਦੀ ਫੈਲਦੀ ਤਾਂਘ
ਦੀ ਹੈ। ਪੰਜਾਬ ਦੀ ਕਿਸਾਨ ਲਹਿਰ ਪਿਛਲੇ ਅਰਸੇ ’ਚ ਪੇਂਡੂ ਸਮਾਜ ਅੰਦਰ ਅਜਿਹੇ ਤਾਕਤਵਰ ਪੋਲ ਵਜੋਂ ਉੱਭਰੀ ਹੈ । ਜਿਸਦਾ
ਮਹੱਤਵ ਕਿਸਾਨ ਮੁੱਦਿਆਂ ’ਤੇ ਸੰਘਰਸ਼ ਤੋਂ ਪਰੇ
ਤੱਕ ਹੈ। ਇਹ ਉੱਭਰ ਰਹੀ ਸ਼ਕਤੀ ਸਿਰਫ਼ ਕਿਸਾਨੀ ਦੇ ਸੰਘਰਸ਼ਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇੱਕ
ਅਜਿਹੀ ਜਮਹੂਰੀ ਸ਼ਕਤੀ ਹੈ ਜੋ ਲੋਕ ਰਜ਼ਾ ਦੇ ਪ੍ਰਗਟਾਵੇ ਦਾ ਜ਼ਰੀਆ ਬਣਦੀ ਹੈ। ਪੇਂਡੂ ਸਮਾਜ ਦੇ ਦੱਬੇ
ਕੁਚਲੇ ਲੋਕਾਂ ਲਈ ਇਹ ਸ਼ਕਤੀ ਇੱਕ ਅਜਿਹਾ ਆਸਰਾ ਹੈ,ਜਿਸ ਰਾਹੀਂ ਉਹ ਆਪਣੇ ਹੱਕਾਂ ਦੀ ਰਾਖੀ ਦੀ ਆਸ ਪਾਲਦੇ ਹਨ। ਕਿਸਾਨਾਂ
ਦੀ ਉੱਭਰਵੀਂ ਸ਼ਮੂਲੀਅਤ ਵਾਲੇ ਅਜਿਹੇ ਅਨੇਕਾਂ ਸੰਘਰਸ਼ ਪੰਜਾਬ ਦੀ ਧਰਤੀ ’ਤੇ ਲੜੇ ਗਏ ਹਨ
ਜਿਨਾਂ ’ਚ ਦਬਾਏ ਲਤਾੜੇ ਜਾ
ਰਹੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਜੂਝਿਆ ਗਿਆ ਹੈ। ਜਲੂਰ ਕਾਂਡ, ਫਰੀਦਕੋਟ ’ਚ ਨੌਜਵਾਨ ਲੜਕੀ ਦੀ
ਰੱਖਿਆ ਲਈ ਸੰਘਰਸ਼, ਗੰਧੜ ਕਾਂਡ ਵਰਗੇ
ਵੱਡੇ ਸੰਘਰਸ਼ਾਂ ਦੀ ਲੰਮੀ ਲੜੀ ਹੈ। ਪਿੰਡਾਂ ਅੰਦਰ ਜਗੀਰੂ ਸਮਾਜਿਕ ਸੱਤਾ ਦੇ ਲਤਾੜੇ ਹੋਏ, ਰਾਜਭਾਗ ਦੀਆਂ
ਪੁਲਸਾਂ ਕਚਹਿਰੀਆਂ ਦੇ ਧੱਕਿਆਂ ਦੇ ਸਿਕਾਰ ਤੇ ਗੁੰਡਾ-ਗਰੋਹਾਂ ਦੀਆਂ ਅਣਆਈਆਂ ਹੰਢਾਉਂਦੇ ਇਹ
ਕਿਰਤੀ ਹਿੱਸੇ ਆਪ ਜਥੇਬੰਦ ਹੋਣ ਲਈ ਜਥੇਬੰਦ ਕਿਸਾਨ ਸ਼ਕਤੀ ਦਾ ਆਸਰਾ ਲੈਂਦੇ ਹਨ। ਕਿਸੇ ਭੀੜ ਵੇਲੇ
ਇਸ ਸ਼ਕਤੀ ਦੇ ਲੜ ਲਗਦੇ ਹਨ। ਇਹ ਜਥੇਬੰਦ ਕਿਸਾਨ ਜਨਤਾ ਅਜਿਹੇ ਖਿੱਚ ਪਾਊ ਕੇਂਦਰ ਵਜੋਂ ਉੱਭਰੀ ਹੈ
ਜਿਸ ਨਾਲ ਬੇਜ਼ਮੀਨੇ ਕਿਰਤੀ ਤੇ ਸਮਾਜ ਅੰਦਰ ਹੋਰ ਵੱਖ ਵੱਖ ਤਰਾਂ ਦੇ ਕਿੱਤਿਆਂ ’ਚ ਜੁਟੇ ਲੋਕ ਜੁੜ
ਰਹੇ ਹਨ। ਇਸ ਦਾ ਅੰਗ ਬਣ ਕੇ ਫ਼ਖ਼ਰ ਮਹਿਸੂਸ ਕਰਦੇ ਹਨ। ਇਹ ਵਰਤਾਰਾ ਕਿਸਾਨ ਲਹਿਰ ਦੇ ਨਰੋਏ ਜਮਹੂਰੀ
ਕਿਰਦਾਰ ਦੀ ਵੀ ਗਵਾਹੀ ਬਣਦਾ ਹੈ।
ਦਿੱਲੀ ਕਿਸਾਨ
ਮੋਰਚੇ ਦੀ ਹਮਾਇਤ ’ਚ ਉਮੜ ਰਹੀ ਲੋਕਾਈ
ਇਨਾਂ ਡੂੰਘੀਆਂ ਸਾਂਝਾਂ ਦਾ ਸਿਰਨਾਵਾਂ ਬਣ ਰਹੀ ਹੈ, ਜਿਨਾਂ ਨੂੰ ਜਨਕ ਰਾਜ ਨੇ ਆਪਣੇ ਡੁੱਲੇ ਲਹੂ ਦੇ ਰੰਗ ਨਾਲ ਹੋਰ ਗੂੜਾ
ਕੀਤਾ ਹੈ। ਇਉਂ ਇਹ ਅੰਦੋਲਨ ਵੱਖ ਵੱਖ ਢੰਗਾਂ ਰਾਹੀਂ ਸਭਨਾਂ ਕਿਰਤੀ ਲੋਕਾਂ ਦੀਆਂ ਸਾਂਝਾਂ ਨੂੰ
ਹੋਰ ਡੂੰਘੀਆਂ ਕਰਨ ਦਾ ਇਤਿਹਾਸ ਸਿਰਜ ਰਿਹਾ ਹੈ।
08/12/2020
No comments:
Post a Comment