ਕਲਾ ਅਤੇ ਮੋਰਚੇ ਦੀ ਗਲਵੱਕੜੀ : ਮੇਲਾ ਗ਼ਦਰੀ ਬਾਬਿਆਂ ਦਾ
ਅਮੋਲਕ ਸਿੰਘ
ਕੌਮੀ ਆਜ਼ਾਦੀ ਦੀ ਤਵਾਰੀਖ਼ ’ਚ ਨਵਾਂ ਵਰਕਾ ਜੜਨ ਵਾਲੀ ਗ਼ਦਰ ਲਹਿਰ ਦੀ ਸਾਮਰਾਜਵਾਦ ਅਤੇ ਉਸਦੇ ਹਿੱਤ-ਪਾਲਕਾਂ ਤੋਂ ਨਾਬਰੀ ਦੀ ਵਿਰਾਸਤ ਦੀ ਅਜੋਕੇ ਸਮਿਆਂ ਦੇ ਬਲ਼ਦੇ ਸੁਆਲਾਂ ਨਾਲ ਸੁਰਤਾਲ ਮਿਲਾਉਣ ’ਚ ਸਫ਼ਲ ਰਿਹਾ, ਮੇਲਾ ਗ਼ਦਰੀ ਬਾਬਿਆਂ ਦਾ। ਪੰਜਾਬ ਦੇ ਮਘੇ ਕਿਸਾਨ ਮੋਰਚੇ ਨਾਲ ਜੋਟੀ ਪਾਉਂਦਿਆਂ ਇਹ ਕਲਾ ਅਤੇ ਸੰਗਰਾਮ ਦਾ ਨਵਾਂ ਤਿਓਹਾਰ ਜਾਪਿਆ।
ਮੇਲਿਆਂ ਦਾ ਸੂਬਾ ਕਰਕੇ ਜਾਣੇ ਜਾਂਦੇ ਪੰਜਾਬ ਅੰਦਰ ਲੱਗਦੇ ਵੰਨ-ਸੁਵੰਨੇ ਰਵਾਇਤੀ ਮੇਲਿਆਂ ਨਾਲੋਂ ਸਿਫ਼ਤੀ ਤੌਰ ’ਤੇ ਹੀ ਵਿਲੱਖਣ ਨੁਹਾਰ ਵਾਲਾ ਇਹ ਮੇਲਾ ਇਤਿਹਾਸ, ਲੋਕ-ਵਿਰਾਸਤ, ਅੱਜ ਅਤੇ ਆਉਣ ਵਾਲੇ ਕੱਲ ਦੇ ਤਿੱਖੜੇ ਸੁਆਲਾਂ ਦਾ ਸੰਗਮ ਪ੍ਰਤੀਤ ਹੋਇਆ।
ਗ਼ਦਰ ਲਹਿਰ ਦੀਆਂ ਅਗਲੀਆਂ ਕੜੀਆਂ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਆਜ਼ਾਦ ਹਿੰਦ ਫੌਜ, ਫੌਜੀ ਬਗ਼ਾਵਤਾਂ, ਜਲਿਆਂਵਾਲਾ ਬਾਗ਼ ਆਦਿ ਦੇ ਇਤਿਹਾਸਕ ਦੌਰਾਂ ਨੂੰ ਸਮੇਂ-ਸਮੇਂ ਸਮਰਪਤ ਹੰੁਦਾ ਆ ਰਿਹਾ ਇਸ ਵਾਰ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ 150ਵੀਂ ਜਨਮ ਵਰੇ ਗੰਢ ਨੂੰ ਸਮਰਪਤ ਹੋਣ ਕਾਰਨ ਉਹਨਾਂ ਦੇ ਜੀਵਨ ਸੰਗਰਾਮ ਨੂੰ ਅੱਜ ਚੱਲ ਰਹੇ ਕਿਸਾਨ ਅੰਦੋਲਨ ਨਾਲ ਕੜੀ ਜੋੜ ਕਰਦੇ ਹੋਏ ਚੜਦੀ ਜੁਆਨੀ ਅਤੇ ਪੁੰਗਰਦੀ ਪਨੀਰੀ ਲਈ ਨਾ ਉਮੀਦੀ ਭਰੇ ਭਵਿੱਖ਼ ਅੰਦਰ ਗ਼ਦਰ ਲਹਿਰ ਅਤੇ ਚੱਲ ਰਿਹਾ ਕਿਸਾਨ ਘੋਲ ਨਵੀਂ ਸਵੇਰ ਲਿਆਉਣ ਲਈ ਉਮੀਦ ਭਰੀ ਚਾਨਣ ਦੀ ਲੀਕ ਬਣ ਗਿਆ।
ਜੰਗਲ, ਜਲ, ਜਮੀਨ, ਕੁਦਰਤੀ ਅਨਮੋਲ ਖਜ਼ਾਨਿਆਂ ਦੀ ਰਾਖੀ, ਸਵੈ ਮਾਣ ਭਰੇ ਜੀਵਨ ਦੀ ਸੁਰੱਖਿਆ, ਆਪਣੀ ਬੋਲੀ, ਇਤਿਹਾਸ, ਸਾਹਿਤ, ਸਭਿਆਚਾਰ, ਕਲਾ ਅਤੇ ਉਪਜੀਵਕਾ ਦੇ ਸਰੋਤਾਂ ਉਪਰ ਬੋਲੇ ਜਾ ਰਹੇ ਧਾਵਿਆਂ ਦਾ ਕਹਿਰ ਹੰਢਾਉਂਦੇ ਲੋਕਾਂ ਨੂੰ ਕੱਚੀਆਂ ਗੜੀਆਂ ਦੀ ਵਿਰਾਸਤ ਦਾ ਪੱਲਾ ਫੜਕੇ ਅੱਗੇ ਤੁਰਨ ਦੀ ਗੁੜਤੀ ਦੇਣ ਦੀਆਂ ਨਵੀਆਂ ਪੈੜਾਂ ਪਾ ਗਿਆ, ਮੇਲਾ ਗ਼ਦਰੀ ਬਾਬਿਆਂ ਦਾ।
ਭੁੱਲੇ ਵਿਸਰੇ ਇਤਿਹਾਸ ਦੇ ਸਫ਼ਿਆਂ ਦੀ ਅਮੀਰੀ ਅਤੇ ਪਰਸੰਗਕਤਾ ਉਪਰ ਧਿਆਨ ਖਿਚਦੀਆਂ ਮੇਲੇ ਵਿੱਚ ਹੋਣ ਵਾਲੀਆਂ ਤਕਰੀਰਾਂ ਨੂੰ ਸਾਹ ਰੋਕ ਕੇ ਸੁਣਦਿਆਂ ਸਰੋਤਿਆਂ ਨੇ ਦਰਸਾ ਦਿੱਤਾ ਕਿ ਆਪਣੇ ਇਤਿਹਾਸ, ਵਿਰਾਸਤ, ਸਾਹਿਤ, ਸਭਿਆਚਾਰ ਨੂੰ ਵਕਤ ਦੀ ਤਰਜ਼ ਨਾਲ ਸੁਮੇਲਕੇ ਪੇਸ਼ ਕਰਦੇ ਹੋ ਤਾਂ ਲੋਕਾਂ ਵਿੱਚ ਜਾਨਣ ਦੀ ਬੇਸ਼ੁਮਾਰ ਉਤਸੁਕਤਾ ਦੀ ਸਰਗਮ ਛਿੜਦੀ ਹੈ।
ਆਦਿਵਾਸੀ ਖੇਤਰ, ਕਸ਼ਮੀਰ, ਐਨ.ਆਰ.ਸੀ., ਐਨ.ਪੀ.ਆਰ. ਮੁੱਦੇ ਉਪਰ ਮਿਸਾਲੀ ਜਨਤਕ ਉਭਾਰ, ਸ਼ਾਹੀਨ ਬਾਗ਼, ਪੰਜਾਬ ਅੰਦਰ ਨਵੇਂ ਮੁਕਾਮ ਸਿਰਜ ਰਿਹਾ ਕਿਸਾਨ ਘੋਲ, ਦਲਿਤ ਧੀਆਂ ਉਪਰ ਵਹਿਸ਼ੀਆਨਾ ਜ਼ੁਲਮ ਦੀ ਕਹਾਣੀ ਉਜਾਗਰ ਕਰਦਾ, ਖਾਮੋਸ਼ੀ ਤੋੜਨ ਦੀ ਵੰਗਾਰ ਬਣਿਆ ਮੇਲਾ। ਬੁੱਧੀਜੀਵੀਆਂ, ਲੇਖਕਾਂ, ਰੰਗ ਕਰਮੀਆਂ ਨੂੰ ਸੀਖਾਂ ਪਿੱਛੇ ਡੱਕਣ, ਜ਼ਿੰਦਗੀ ਦੀਆਂ ਲੋੜਾਂ ਅਤੇ ਧੜਕਣ ਨਾਲ ਜੁੜੇ ਕੌਮੀ ਅਦਾਰੇ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਕਰੋਨਾ ਦੇ ਓਹਲੇ ਓਹਲੇ ਸਨਅਤੀ, ਖੇਤੀ ਖੇਤਰ, ਰੁਜ਼ਗਾਰ, ਜਨਤਕ ਸੇਵਾਵਾਂ ਉਪਰ ਝਪਟਣ ਦੇ ਮਾਰੂ ਵਰਤਾਰਿਆਂ ਨੂੰ ਪਿਛਲ ਮੋੜਾ ਦੇਣ ਲਈ ਕਲਮ, ਕਲਾ ਅਤੇ ਮਿਹਨਤਕਸ਼ ਤਬਕਿਆਂ ਦੇ ਇੱਕ ਜਿੰਦ, ਇੱਕ ਜਾਨ ਜਨਤਕ ਸੰਗਰਾਮ ਦੇ ਹੋਕੇ ਦਾ ਲੋਕ ਗੀਤ ਬਣ ਗਿਆ, ਮੇਲਾ ਗ਼ਦਰੀ ਬਾਬਿਆਂ ਦਾ।
ਖੇਤੀ ਕਾਨੂੰਨ ਰੱਦ ਕਰਾਉਣ ਲਈ ਜੂਝਦੀ ਕਿਸਾਨ ਲਹਿਰ ਦੇ ਹੱਕ ’ਚ ਆਵਾਜ਼ ਉਠਾਉਣ, ਫਿਰੋਜ਼ਪੁਰ ਸ਼ਹਿਰ ’ਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦਗਾਰ ਸਥਾਪਤ ਕਰਨ ਅਤੇ ਗਿ੍ਰਫ਼ਤਾਰ ਵਿਦਵਾਨਾਂ, ਕਵੀਆਂ, ਲੇਖਕਾਂ ਅਤੇ ਰੰਗ ਕਰਮੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਾਉਣ ਲਈ ਨਿਰੰਤਰ ਆਵਾਜ਼ ਬੁਲੰਦ ਕਰਨ ਦਾ ਮੇਲੇ ’ਚ ਅਹਿਦ ਲੈਣਾ, ਨਵੇਂ ਇਤਿਹਾਸ ਦੇ ਠੁੱਕਦਾਰ ਸਿਰਨਾਵੇਂ ਵੱਲ ਤਿੱਖੀ ਸੈਨਤ ਕਰ ਗਿਆ।
ਖੇਤੀ ਕਾਨੂੰਨਾਂ ਦੀਆਂ ਅਦਿਖ ਪਰਤਾਂ ਉਪਰ ਰੌਸ਼ਨੀ ਪਾਉਂਦੇ ਹੋਏ ਵਿਦਵਾਨਾਂ ਨੇ ਜਿਥੇ ਮੋਦੀ ਹਕੂਮਤ ਦੇ ਲੁਭਾਣੇ, ਫਰੇਬੀ ਕੂੜ ਪ੍ਰਚਾਰ ਦੀ ਚੰਗੀ ਖੁੰਭ ਠੱਪੀ, ਉਥੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਕਿਸਾਨ ਲਹਿਰ ਨੇ ਜਾਣ ਲਿਆ ਹੈ ਕਿ ਉਹਨਾਂ ਲਈ ‘ਆਜ਼ਾਦੀ’ ਦੇ ਦਮਗਜ਼ੇ ਮਾਰਨ ਦਾ ਅਸਲ ਅਰਥ ਹੈ ਉਹਨਾਂ ਨੂੰ ਜ਼ਮੀਨਾਂ ਤੋਂ ਹੀ ‘ਆਜ਼ਾਦ’ ਭਾਵ ਬੇਦਖ਼ਲ ਕਰ ਦੇਣਾ। ਪੂਰੇ ਮੁਲਕ ਨੂੰ ਕੰਗਾਲੀ ਅਤੇ ਭੁੱਖਮਰੀ ਦੇ ਜਬਾੜਿਆਂ ’ਚ ਧੱਕ ਦੇਣਾ। ਸਥਾਪਤੀ ਦੀ ਨਜ਼ਰ ’ਚ ਕਿਸਾਨ ਨੂੰ ਇਹ ਆਜ਼ਾਦੀ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਵਿਚੋਂ ਕਿਸੇ ਦੇ ਵੀ ਪੰਜਿਆਂ ’ਚ ਜਕੜੇ ਜਾਣ ਲਈ ਆਜ਼ਾਦ ਹੋਏਗਾ। ਅਜੇਹੇ ਖੇਤੀ ਕਾਨੂੰਨਾਂ ਦੇ ਮੱਕੜ ਜਾਲ ਵਿਚ ਜਕੜੇ ਕਿਸਾਨ ਲਈ ਐਮ.ਐਸ.ਪੀ. ਹੋਣ ਜਾਂ ਨਾ ਹੋਣ ਦਾ ਕੋਈ ਅਰਥ ਨਹੀਂ।
ਬੀਤੇ 28 ਵਰੇ ਤਿੰਨ ਰੋਜ਼ਾ ਮੇਲੇ ’ਚ ਗਾਇਨ, ਭਾਸ਼ਣ, ਕੁਇਜ਼, ਚਿੱਤਰਕਲਾ ਮੁਕਾਬਲਿਆਂ ਵਿੱਚ ਪ੍ਰਤੀਯੋਗੀ, ਵਿਦਿਅਕ ਸੰਸਥਾਵਾਂ ਦੇ ਅਧਿਆਪਕ, ਪ੍ਰਤੀਯੋਗੀਆਂ ਦੇ ਮਾਪੇ ਅਤੇ ਸੰਗੀ-ਸਾਥੀ ਮਿਲਕੇ ਮੇਲੇ ਦੀ ਰੌਣਕ ਬਣੀ ਰਹਿਣ ਦਾ ਸਬੱਬ ਬਣਦੇ ਸੀ। ਇਸ ਵਾਰ ਵਿਦਿਅਕ ਸੰਸਥਾਵਾਂ ਬੰਦ ਹੋਣ ਕਰਕੇ, ਕਰੋਨਾ ਦੀ ਆੜ ਹੇਠ ਜਨਤਕ ਇਕੱਠਾਂ ਉਪਰ ਰੋਕਾਂ ਮੜੇ ਜਾਣ, ਕਿਸਾਨ ਮੋਰਚਿਆਂ ਤੇ ਲੱਗੀ ਸਮਾਂ ਸ਼ਕਤੀ ਅਤੇ ਨਾਟਕਾਂ ਭਰੀ ਰਾਤ ਨਾ ਹੋਣ ਕਰਕੇ ਇਹ ਧੁੜਕੂ ਹੋਣਾ ਸੁਭਾਵਕ ਸੀ ਕਿ ਇਕੱਠ ਉਪਰ ਅਸਰ ਪੈ ਸਕਦਾ ਹੈ। ਪਰ ਸਲਾਮ ਉਹਨਾਂ ਕਦਮਾਂ ਨੂੰ ਜਿਹੜੇ ਖੇਤੀ, ਕਿਰਤ, ਰੁਜ਼ਗਾਰ, ਤਰਕਸ਼ੀਲ, ਜਮਹੂਰੀ ਹੱਕਾਂ ਦੀ ਜਦੋ ਜਹਿਦ ’ਚ ਪੂਰੀ ਤਰਾਂ ਰੁਝੇ ਹੋਇਆ ਨੇ ਗ਼ਦਰੀ ਮੇਲੇ ਨੂੰ ਆਪਣੇ ਦੁੱਖਾਂ ਦੀ ਬਾਤ ਪਾਉਣ ਵਾਲਾ ਅਤੇ ਦਵਾ-ਦਾਰੂ ਕਰਨ ਵਾਲਾ ਮੇਲਾ ਮਨ ਚਿੱਤ ’ਚ ਧਾਰਕੇ, ਇੱਕ ਰਾਤ ਪਹਿਲਾਂ ਤੋਂ ਹੀ ਕਾਫ਼ਲੇ ਬੰਨ ਕੇ ਬਾਬਾ ਸੋਹਨ ਸਿੰਘ ਭਕਨਾ ਨਗਰ ਦੇ ਪੰਡਾਲ ’ਚ ਇਉਂ ਜੁੜਦੇ ਗਏ ਜਿਵੇਂ ਝਰਨੇ, ਨਦੀਆਂ, ਦਰਿਆ ਕਿਸੇ ਮਹਾਂਸਾਗਰ ਦਾ ਰੂਪ ਧਾਰ ਰਹੇ ਹੋਣ। ਮੇਲਾ, ਕਲਾ, ਰੰਗ ਮੰਚ ਅਤੇ ਮੋਰਚਿਆਂ ਦੀ ਗਲਵੱਕੜੀ ਹੋ ਨਿਬੜਿਆ।
ਮੇਲੇ ’ਚ ਫ਼ਿਲਮ ਸ਼ੋਅ ਨੇ ‘ਰਾਮ ਕੇ ਨਾਮ’ ਕੀਤੇ ਜਾ ਰਹੇ ਫ਼ਿਰਕੂ ਫਾਸ਼ੀ ਹੱਲਿਆਂ ਉਪਰ ਚਾੜੇ ਜਾ ਰਹੇ ਗਲਾਫ਼ ਲੀਰੋ ਲੀਰ ਕਰ ਸੁੱਟੇ। ਮੇਲੇ ਨੇ ਬਾਬਾ ਨਾਨਕ, ਬਾਬਾ ਬੰਦਾ ਸਿੰਘ ਬਹਾਦਰ, ਦੁੱਲੇ ਭੱਟੀ, ਕੱਚੀਆਂ ਗੜੀਆਂ ਦੀ ਮੁੜ ਅੰਗੜਾਈ, ਬਾਬਾ ਸੋਹਨ ਸਿੰਘ ਭਕਨਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਪ੍ਰੋ. ਬਰਕਤ ਉੱਲਾ, ਰਹਿਮਤ ਅਲੀ ਵਜੀਦਕੇ, ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਵੱਲੋਂ ਇਤਿਹਾਸ ਦੀ ਕਿਤਾਬ ਦੇ ਮੋੜੇ ਪੰਨੇ ਖੋਲਕੇ ਸਿੱਧੇ ਕਰਨ ਦੀ ਕਲਾ ਕਿਰਤਾਂ ਰਾਹੀਂ ਯੁਗਤ ਦਰਸਾਈ।
ਨਸ਼ਿਆਂ ਦੇ ਦਰਿਆਵਾਂ ’ਚ ਗੋਤੇ ਖਾਂਦੀ, ਖਪਤ, ਮਾਰੂ, ਹਿੰਸਕ, ਬਿਮਾਰ ਸਭਿਆਚਾਰ ਦੇ ਪੰਜਿਆਂ ’ਚ ਫਸੀ ਜੁਆਨੀ ਨੂੰ ਇਤਿਹਾਸ, ਵਿਰਾਸਤ, ਸੂਖ਼ਮ ਕਲਾ ਕਿਰਤਾਂ ਦਾ ਜਾਗ ਲੱਗਣ, ਜੋਟੀਆਂ ਪਾ ਕੇ ਆਏ ਗੱਭਰੂਆਂ ਅਤੇ ਮੁਟਿਆਰ ਧੀਆਂ ਵਿਚੀਂ ਅੱਜ ਦੇ ਭਗਤ ਸਰਾਭੇ ਅਤੇ ਗੁਲਾਬ ਕੌਰ ਦੀ ਵਿਰਾਸਤ ਦੇ ਮੁੜ ਖਿੜਦੇ ਸੂਹੇ ਫੁੱਲਾਂ ਦਾ ਪ੍ਰਭਾਵ ਡੁੱਲ ਡੁੱਲ ਪੈ ਰਿਹਾ ਸੀ।
ਸੈਂਕੜੇ ਕਲਾਕਾਰਾਂ ਵੱਲੋਂ ਸੱਤਪਾਲ ਪਟਿਆਲਾ ਦੀ ਨਿਰਦੇਸ਼ਨਾ ’ਚ ਪੇਸ਼ ਕੀਤਾ ਜਾਂਦਾ ਓਪੇਰਾ ਰੂਪੀ ਝੰਡੇ ਦਾ ਗੀਤ, ਬਾਬਾ ਸੋਹਨ ਸਿੰਘ ਭਕਨਾ, ਉਹਨਾਂ ਦੇ ਸੰਗੀ-ਸਾਥੀਆਂ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਵਰਗਿਆਂ ਦੀ ਜੀਵਨ ਕਹਾਣੀ ਦੀਆਂ ਝਲਕਾਂ ਪੇਸ਼ ਕਰਦਾ, ਕਿਸਾਨ ਮੋਰਚਿਆਂ, ਹਾਥਰਸ ਦੀ ਧੀ, ਕਰੋਨਾ ਦੀ ਆੜ ’ਚ ਜੋਰਾਵਰਾਂ ਵੱਲੋਂ ਆਪਣੇ ਹੀ ਦੇਸ਼ ’ਚ ਬੇਗ਼ਾਨੇ ਕਰ ਦਿੱਤੇ ਕਾਮਿਆਂ ਦੀ ਦਾਸਤਾਂ ਬਿਆਨ ਕਰਦਾ ਦਰਸਾ ਗਿਆ ਕਿ ਅਜੇਹੀ ਕਾਲੀ ਰੁੱਤ ਤੋਂ ਨਿਜ਼ਾਤ ਪਾਉਣ ਦਾ ਇਕੋ ਇੱਕ ਸੁਵੱਲੜਾ ਰਾਹ, ਲੋਕ ਸੰਘਰਸ਼ ਹੈ।
‘ਖੂਹ ਦੇ ਡੱਡੂ’, ‘ਜੇ ਅਸੀਂ ਹੁਣ ਵੀ ਨਾ ਬੋਲੇ’, ‘ਮਦਾਰੀ’, ‘ਅੱਗ ਦੀ ਜਾਈ ਦਾ ਗੀਤ’, ‘ਰੰਗ ਕਰਮੀ ਦਾ ਬੱਚਾ’ ਨਾਟਕ ਅਤੇ ‘ਹਾੜੀਆਂ-ਸਾਉਣੀਆਂ’ ਓਪੇਰਾ ਨੇ ਨਾਟਕਾਂ ਦੀ ਸ਼ਾਮ ਦਾ ਰੰਗ ਬੰਨਿਆਂ ਕਿ ਲੋਕਾਂ ਦੀ ਸੁੰਨ ਕੀਤੀ ਜਾ ਰਹੀ ਮਾਨਸਿਕਤਾ ਝੰਜੋੜੀ ਗਈ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਅਸਲੀ ਮਾਰਗ ਵੱਲ ਜਾਂਦੇ ਰਾਹ ਰੌਸ਼ਨ ਹੋਏ।
ਮੇਲੇ ’ਚ ਲੱਗਿਆ ਇੱਕ ਹੋਰ ਮੇਲਾ; ਪੁਸਤਕ ਮੇਲਾ ਹਰ ਵਰੇ ਨਵੇਂ ਵਰਕੇ ਜੋੜ ਰਿਹਾ ਹੈ। ਉਹਨਾਂ ਕਿਤਾਬਾਂ ਦੀ ਲੰਮੀ ਲਿਸਟ ਹੈ ਜੋ ਪਾਠਕ ਮਠਿਆਈਆਂ ਵਾਂਗ ਲਿਫ਼ਾਫੇ ਭਰਕੇ ਲੈ ਕੇ ਗਏ। ਦੋ ਦਿਨ ਪੁਸਤਕ ਮੇਲੇ ’ਚ ਨਾਨਕਾ ਅਤੇ ਦਾਦਕਾ ਮੇਲ਼ ਵਰਗੀ ਰੌਣਕ ਰਹੀ।
ਦੁੱਧ ਚੁੰਘਦੇ ਬਾਲਾਂ ਤੋਂ ਲੈ ਕੇ, ਗੱਭਰੂਆਂ, ਮੁਟਿਆਰਾਂ, ਬਜ਼ੁਰਗਾਂ ਤੱਕ ਹਰ ਉਮਰ, ਹਰ ਮਿਹਨਤਕਸ਼ ਵਰਗ, ਦੂਰ ਦੁਰੇਡੇ ਦੇ ਖੇਤਰਾਂ ਤੋਂ ਲੋਕ ਨਵੇਂ ਰੰਗ ਦੇ ਦੁਸਹਿਰੇ ਮਨਾਉਂਦੇ, ਜਾਗੋਆਂ, ਪ੍ਰਭਾਤ ਫੇਰੀਆਂ ਕੱਢਦੇ, ਟੋਲ ਪਲਾਜਿਆਂ, ਮਾਲ ਪਲਾਜ਼ਿਆਂ, ਪੈਟਰੋਲ ਪੰਪਾਂ, ਥਰਮਲਾਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਅਗੇ ਲਾਏ ਮੋਰਚਿਆਂ ਤੋਂ ਅਤੇ ਮੋਰਚਿਆਂ ਨਾਲ ਹੱਥ ਮਿਲਾ ਰਹੇ ਨਵੇਂ ਖੇਤਰਾਂ ਤੋਂ ਆਏ ਲੋਕ ਮੇਲੇ ਵਿਚੋਂ ਨਵੇਂ ਰੰਗ ’ਚ ਰੰਗੇ ਜਾਣ ਉਪਰੰਤ ਹਨੇਰੀ ਰਾਤ ਨੂੰ ਚੀਰਦੇ ਹੋਏ ਮੁੜ ਸੰਗਰਾਮੀ ਪਿੜਾਂ ਨੂੰ ਗੀਤ ਗਾਉਂਦੇ ਪਰਤ ਗਏ, ‘‘ਮਸ਼ਾਲਾਂ ਬਾਲ਼ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ...
No comments:
Post a Comment