Monday, March 8, 2021

ਜਗਮਗਾ ਪਿਆ ਆਸਾਂ ਦਾ ਮੀਨਾਰ

ਜਗਮਗਾ ਪਿਆ ਆਸਾਂ ਦਾ ਮੀਨਾਰ

 ਪਾਵੇਲ ਕੁੱਸਾ

 

            ਪੰਜਾਬ ਦੇ ਇੱਕ ਵੱਡੇ ਮਹਾਂਨਗਰ ਤੋਂ ਇੱਕ ਪਰਿਵਾਰ ਦਿੱਲੀ ਕਿਸਾਨ ਮੋਰਚੇ ਚ ਪਹੁੰਚਦਾ ਹੈ। ਪਰਿਵਾਰ ਚ ਇੱਕ ਔਰਤ ਜੱਜ ਵੀ ਸ਼ਾਮਲ ਹੈ। ਇਹ ਪਰਿਵਾਰ ਸੰਘਰਸ਼ ਚ ਡਟੇ ਲੋਕਾਂ ਦੀ ਸਹਾਇਤਾ ਲਈ ਗਰਮ ਕੱਪੜੇ ਤੇ ਹੋਰ ਸਮੱਗਰੀ ਲੈ ਕੇ ਪਹੁੰਚਿਆ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਮਿਲਣ ਲਈ ਉਤਾਵਲਾ ਹੈ। ਮਿਲਣੀ ਵੇਲੇ ਵਗਦੇ ਹੰਝੂਆਂ ਨਾਲ ਕਿਸਾਨ ਸੰਘਰਸ਼ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਕਿਸਾਨ ਆਗੂਆਂ ਤੋਂ ਸਿਰ ਪਲੋਸਣ ਦੀ ਮੰਗ ਰਾਹੀਂ ਅਸ਼ੀਰਵਾਦ ਮੰਗਿਆ ਜਾਂਦਾ ਹੈ, ਡਾਢੀ ਅਪਣੱਤ ਦੇ ਜ਼ੋਰ ਮੰਗਿਆ ਜਾਂਦਾ ਹੈ । ਕੋਈ ਇੱਕ ਦੂਜੇ ਨੂੰ ਪਹਿਲਾਂ ਨਹੀਂ ਜਾਣਦਾ, ਪਰ ਇਉਂ ਗੱਲਾਂ ਹੋ ਰਹੀਆਂ ਹਨ ਜਿਵੇਂ ਕੋਈ ਦਹਾਕਿਆਂ ਦੀਆਂ ਰਿਸ਼ਤੇਦਾਰੀਆਂ ਨਿਭਾਈਆਂ ਜਾ ਰਹੀਆਂ ਹੋਣ । ਮੈਂ ਇਸ ਦਿ੍ਰਸ਼ ਵਿੱਚ ਖੁੱਭ ਜਾਂਦਾ ਹਾਂ । ਅਜਿਹੀ ਅਪਣੱਤ ਦੀ ਵਰਖਾ ਚ ਭਿੱਜ ਗਏ ਕਿਸਾਨ ਆਗੂਆਂ ਦੇ ਵਲਵਲਿਆਂ ਤੱਕ ਪੁੱਜਣ ਦਾ ਯਤਨ ਕਰਦਾ ਹਾਂ। ਥਾਂ-ਥਾਂ ਦਿਖ ਰਹੇ ਅਜਿਹੇ ਦਿ੍ਰਸ਼ਾਂ ਦੀ ਯਾਦ ਮੇਰੀ ਸੋਚਾਂ ਦੀ ਲੜੀ ਨੂੰ ਛੇੜ ਦਿੰਦੀ ਹੈ । ਏਨੇ ਨੂੰ ਕਿਸਾਨ ਜਥੇਬੰਦੀ ਦਾ ਇੱਕ ਆਗੂ ਆ ਕੇ ਸਵਾਲ ਕਰਦਾ ਹੈ,;ਮੈਂ ਹੈਰਾਨ ਆਂ , ਭਲਾ ਅਸੀਂ ਅਜਿਹਾ ਕੀ ਕਰ ਦਿੱਤਾ ਹੈ ਕਿ ਲੋਕ ਪੂਜਣ ਦੀ ਹੱਦ ਤੱਕ ਮਾਣ ਦੇ ਰਹੇ ਹਨ। ਮੇਰੇ ਅੰਦਰ ਜਵਾਬ ਚਲਦਾ ਹੈ। ਸੱਚਮੁੱਚ ਪੰਜਾਬੀ ਸਮਾਜ ਚ ਕੁਝ ਨਵਾਂ ਨਰੋਆ ਵਾਪਰ ਰਿਹਾ ਹੈ। ਸ਼ਹਿਰਾਂ ਤੋਂ ਅਜਿਹੇ ਅਨੇਕਾਂ ਪਰਿਵਾਰ ਆ ਰਹੇ ਹਨ ਜੋ ਦਹਾਕਿਆਂ ਤੋਂ ਖੇਤੀ ਕਿੱਤੇ ਨਾਲੋਂ ਟੁੱਟ ਚੁੱਕੇ ਹਨ ਪਰ ਕਿਸਾਨਾਂ ਦਾ ਇਹ ਸੰਘਰਸ਼ ਉਨਾਂ ਨੂੰ ਚੁੰਬਕ ਵਾਂਗੂੰ ਖਿੱਚ ਰਿਹਾ ਹੈ। ਕਦੇ ਪੰਜਾਬ ਤੋਂ ਆਏ ਵਕੀਲਾਂ ਦਾ ਕੋਈ ਗਰੁੱਪ ਟੱਕਰਦਾ ਹੈ ਜੋ ਗਰਮ ਕੱਪੜਿਆਂ ਦੇ ਬੋਰੇ ਭਰ ਕੇ ਲਿਆ ਰਿਹਾ ਹੈ, ਕਦੇ ਡਾਕਟਰਾਂ ਦੀ ਕੋਈ ਟੀਮ ਤੇ ਕਦੇ ਅਧਿਆਪਕਾਂ  ਦੇ ਜੱਥੇ। ਇੱਕ ਦਿਨ ਅਚਾਨਕ ਇੱਕ ਨੌਜਵਾਨ ਕੁੜੀ ਇੱਕ ਬਜ਼ੁਰਗ ਕਿਸਾਨ ਆਗੂ ਸਾਹਮਣੇ ਹੱਥ ਜੋੜ ਖੜੀ ਹੁੰਦੀ ਹੈ। ਅੱਖਾਂ ਚੋਂ ਵਗਦੇ ਹੰਝੂਆਂ ਨਾਲ ਅਸ਼ੀਰਵਾਦ ਮੰਗਦੀ ਹੈ। ਕਿਸਾਨ ਆਗੂ ਮੋਢਾ ਪਲੋਸਦਾ ਹੈ ਤੇ ਉਹ ਝਟਪਟ ਪਰਤ ਜਾਂਦੀ ਹੈ । ਮੈਂ ਪੁੱਛਦਾ ਹਾਂ ਕਿ ਕੀ ਤੁਹਾਡੀ ਕੋਈ ਪੁਰਾਣੀ ਵਾਕਫ਼ੀਅਤ ਹੈ, ਤਾਂ ਜਵਾਬ ਮਿਲਦਾ ਹੈ ਕਿ ਨਹੀਂ, ਮੈਂ ਵੀ ਨਹੀਂ ਜਾਣਦਾ! ਹਰ ਕੋਈ ਇਸ ਜੱਗ ਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ।

            ਪੰਜਾਬ ਦੀ ਜਵਾਨੀ ਲਈ ਲੋਰ ਦਾ ਸੋਮਾ ਬਦਲ ਗਿਆ ਹੈ। ਨਸ਼ਿਆਂ ਦੀ ਘੂਕੀ ਸੰਘਰਸ਼ ਦੀ ਲੋਰ ਚ ਵਟ ਗਈ ਹੈ। ਪੰਜਾਬ ਤੋਂ ਸੁਨੇਹੇ ਆ ਰਹੇ ਹਨ ਕਿ ਕਿਸੇ ਚੀਜ਼ ਦੀ ਤੋਟ ਨਹੀਂ ਪੈਣ ਦਿਆਂਗੇ, ਬਸ ਡਟੇ ਰਹੋ! ਬਸ ਜਿੱਤ ਕੇ ਮੁੜਿਓ!! ਜਿਨਾਂ ਦਾ ਖੇਤੀ ਕਿੱਤੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਹ ਵੀ ਜਿੱਤ ਚਾਹੁੰਦੇ ਹਨ, ਦਿਲੋਂ ਚਾਹੁੰਦੇ ਹਨ , ਕਿਉਂਕਿ ਲੋਕਾਂ ਦੀ ਧਿਰ ਦਹਾਕਿਆਂ ਤੋਂ ਹਾਰਦੀ ਆਈ ਹੈ , ਵੱਖ ਵੱਖ ਤਰਾਂ ਦੇ ਤਰਸੇਵੇਂ ਹੰਢਾਉਂਦੀ ਆਈ ਹੈ , ਕਈ ਤਰਾਂ ਦੀ ਬੇਗਾਨਗੀ ਤੇ ਸਰਾਪੇ ਸੁਪਨਿਆਂ ਨਾਲ ਦੋ ਚਾਰ ਹੁੰਦੀ ਆ ਰਹੀ ਹੈ। ਜਾਪਦਾ ਹੈ ਜਿਵੇਂ ਇਸ ਜਿੱਤ ਰਾਹੀਂ ਹਰ ਕਿਰਤੀ ਪੰਜਾਬੀ ਆਪਣੀ ਹਸਤੀ ਦਰਸਾਉਣਾ ਚਾਹੁੰਦਾ ਹੈ, ਂਰਾਜ ਭਾਗ ਦੇ ਸਾਹਵੇਂ ਹਿੱਕ ਤਣ ਕੇ ਦਰਸਾਉਣਾ ਚਾਹੁੰਦਾ ਹੈ। ਜਿਵੇਂ ਕਿਸਾਨ ਆਗੂ ਪੰਜਾਬੀ ਸਮਾਜ ਵੱਲੋਂ ਹੰਢਾਏ ਜਾ ਰਹੇ ਇਸ ਮਾਣ ਦਾ ਪ੍ਰਗਟਾਵਾ ਹੋ ਗਏ ਹਨ। ਇਹ ਸਮੁੱਚਾ ਵਰਤਾਰਾ ਕੀ ਹੈ? ਇਹ ਸਮੁੱਚੇ ਪੰਜਾਬੀ ਸਮਾਜ ਅੰਦਰ ਕੁੱਝ ਚੰਗਾ ਵਾਪਰਨ ਦੀ ਪਣਪਦੀ ਆ ਰਹੀ ਤਾਂਘ ਦਾ ਸ਼ਾਨਦਾਰ ਇਜਹਾਰ ਹੈ। ਇਹ ਵਰਤਾਰਾ ਲੋਕਾਂ ਦੇ ਨਿੱਸਲ ਹੋ ਚੁੱਕੇ ਹੋਣ ਦੀਆਂ ਸਭ ਮਰਨਊ ਧਾਰਨਾਵਾਂ ਨੂੰ ਹੂੰਝ ਕੇ ਪਾਸੇ ਕਰ ਦੇਣ ਦਾ ਵਰਤਾਰਾ ਹੈ। ਇਹ ਵਰਤਾਰਾ ਦੱਸਦਾ ਹੈ ਕਿ ਲੋਕ ਕਦੇ ਨਿੱਸਲ ਨਹੀਂ ਹੋਏ ਹੁੰਦੇ, ਦਿਖ ਰਹੀ ਸਥਿਲਤਾ ਵਕਤੀ ਹੁੰਦੀ ਹੈ, ਉੱਪਰੋਂ ਦੇਖਣ ਨੂੰ ਲਗ ਰਹੀ ਹੁੰਦੀ ਹੈ। ਇਸ ਦਿਖਦੀ ਸਥਿਲਤਾ ਦੇ ਅੰਦਰ ਬਹੁਤ ਕੁਝ ਕਰਵਟ ਲੈਣ ਲਈ ਪਨਪ ਰਿਹਾ ਹੁੰਦਾ ਹੈ। ਜ਼ਿੰਦਗੀ ਦੀ ਬਿਹਤਰੀ ਦੀਆਂ ਆਸਾਂ ਭਲਾ ਕਦੇ ਦਮ ਤੋੜ ਸਕਦੀਆਂ ਹਨ ! ਇਹ ਤਾਂ ਜ਼ਿੰਦਗੀ ਦਾ ਸੱਚ ਹੈ। ਬੇ ਉਮੀਦੀ ਦੇ ਮੌਸਮਾਂ ਚ ਵੀ ਸੱਤ ਸਮੁੰਦਰ ਪਾਰ ਜਾ ਕੇ ਜੜਾਂ ਲਾ ਲੈਣ ਤੇ ਜ਼ਿੰਦਗੀ ਨੂੰ ਹਰਾ ਭਰਾ ਕਰ ਲੈਣ ਦੀ ਪੰਜਾਬੀ ਲੋਕਾਂ ਦੀ ਸਮਰੱਥਾ ਇਸੇ ਸੱਚ ਦਾ ਇਕ ਪ੍ਰਗਟਾਵਾ ਬਣਦੀ ਆ ਰਹੀ ਹੈ। ਸਾਡੀ ਧਰਤੀ ਤੇ ਫੈਲੇ ਅਜਿਹੇ ਹਨੇਰੇ ਸਮਿਆਂ ਚ ਵੀ ਕੁਝ ਜੁਗਨੂੰਆਂ ਵੱਲੋਂ ਲੋਕਾਂ ਦੇ ਦਿਲਾਂ ਚ ਸਵੇਰ ਹੋਣ ਦੀ ਆਸ ਧੜਕਦੀ ਰੱਖੀ ਜਾਂਦੀ ਹੈ। ਹਨੇਰੇ ਦੇ ਹੋਰ ਗੂਡਾ ਹੋਣ ਦੇ ਦੌਰ ਚ ਵੀ ਇਹ ਆਸਾਂ ਜਗਮਗਾ ਉਠਦੀਆਂ ਹਨ। ਪੰਜਾਬ ਅੰਦਰ ਹਰ ਤਰਾਂ ਦੇ ਝੱਖੜਾਂ ਦੇ ਦੌਰ ਅੰਦਰ ਇਹ ਆਸਾਂ ਜਗਦੀਆਂ ਰੱਖੀਆਂ ਗਈਆਂ ਹਨ। ਦਹਾਕਿਆਂ ਤੋਂ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਘੋਰ ਲੋਕ-ਵਿਰੋਧੀ ਸਿਆਸਤ ਦੇ ਮਾਰੂ ਅਸਰਾਂ ਦੀ ਝੰਬੀ ਲੋਕਾਈ ਨੂੰ ਇਸ ਸੰਘਰਸ਼ ਰਾਹੀਂ ਆਸ ਦੀ ਅਜਿਹੀ ਕਿਰਨ ਦਿਖਾਈ ਦਿੱਤੀ ਹੈ ਜਿਹੜੀ ਪਿਛਲੇ ਸਾਰੇ ਭੁਲਾਵਿਆਂ ਤੋਂ ਵੱਖਰੀ ਹੈ ਤੇ ਹਕੀਕੀ ਹੈ। ਲੋਕਾਂ ਦੀ ਆਪਣੀ ਸਮੂਹਕ ਕਰਨੀ ਦੇ ਠੋਸ ਧਰਾਤਲ ਚੋਂ ਉਪਜੀ ਹੈ। ਗੁਜ਼ਰੇ ਕੁਝ ਸਾਲਾਂ ਦੌਰਾਨ ਆਮ ਕਰਕੇ ਆਸ ਦੀ ਕਿਰਨ ਬੇ-ਨਕਸ਼ ਭਰਮਾਊ ਨਾਅਰਿਆਂ ਵਿੱਚੋਂ ਦੇਖੀ ਜਾਂਦੀ ਰਹੀ ਹੈ, ਇਹ ਨਾਅਰਾ ਰਾਜ ਭਾਗ ਦੀਆਂ ਪੌੜੀਆਂ ਦੇ ਕਿਸੇ ਨਾ ਕਿਸੇ ਟੰਬੇ ਤੇ ਬੈਠਾ ਕੋਈ ਸਖਸ਼ ਦਿੰਦਾ ਰਿਹਾ ਹੈ, ਸਥਾਪਤੀ ਦੇ ਅੰਦਰੋਂ ਕੋਈ ਜ਼ਰਾ ਕੁ ਬਦਲਵੀਂ ਸੁਰ ਨਾਲ ਭਰਮ ਪੈਦਾ ਕਰਦਾ ਰਿਹਾ ਹੈ, ਲੋਕਾਂ ਦੀ ਜ਼ਿੰਦਗੀ ਚ ਬਹੁਤ ਕੁਝ ਬਦਲ ਦੇਣ ਦੇ ਭਰੋਸੇ ਦੇ ਕੇ ਆਪਣੇ ਹੱਥ ਰਾਜਭਾਗ ਦੀ ਸ਼ਕਤੀ ਮੰਗਦਾ ਰਿਹਾ ਹੈ ਪਰ ਹੁਣ ਜਾਗੀਆਂ ਆਸਾਂ ਦੀ ਤਾਸੀਰ ਵੱਖਰੀ ਹੈ, ਇਹ ਆਸਾਂ ਜਗਾਉਣ ਵਾਲੀ ਕੋਈ ਜਾਣੀ ਪਹਿਚਾਣੀ ਰਾਜਨੀਤਕ ਹਸਤੀ ਨਹੀਂ ਹੈ, ਇਹ ਆਸਾਂ ਲੋਕਾਂ ਦੀ ਆਪਣੀ ਸਾਂਝੀ ਜੱਦੋਜਹਿਦ ਦੇ ਰੰਗਾਂ ਦੇ ਖਿੜਨ ਚੋਂ ਉਪਜੀਆਂ ਹਨ। ਕਿਸੇ ਹੋਰ ਬਿਗਾਨੀ ਸ਼ਕਤੀ ਤੋਂ ਕੁਝ ਚੰਗਾ ਹੋਣ ਦੀ ਆਸ ਪਾਲਣ ਦੀ ਥਾਂ ਲੋਕ ਮਨਾਂ ਚ ਆਪਣੀ ਤਾਕਤ ਰਾਹੀਂ ਨਰੋਈ ਤਬਦੀਲੀ ਵਾਪਰਨ ਦੀਆਂ ਆਸਾਂ ਜਾਗੀਆਂ ਹਨ। ਭਰਮਾਊ ਨਾਅਰਿਆਂ ਚੋਂ ਉਪਜਦੀਆਂ ਆਸਾਂ ਨਾਲੋਂ ਇਹ ਆਸਾਂ ਕਿਤੇ ਡੂੰਘੀਆਂ ਤੇ ਵਿਸ਼ਾਲ ਹਨ। ਇਹ ਸੁੱਚੀਆਂ ਤੇ ਸੱਜਰੀਆਂ ਆਸਾਂ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੂੰ ਪਲਕਾਂ ਤੇ ਬਿਠਾ ਲੈਣ ਦੀ ਭਾਵਨਾ ਚੋਂ  ਦਿਖਾਈ ਦਿੰਦੀਆਂ ਹਨ। ਇਹਨਾਂ ਆਗੂਆਂ ਦੇ ਬੋਲਾਂ ਚੋ ਪੰਜਾਬ ਦੇ ਭਵਿੱਖ ਦੀ ਤਲਾਸ਼ ਦੀਆਂ ਉਮੀਦਾਂ ਲਾਉਣ ਚ ਪ੍ਰਗਟ ਹੁੰਦੀਆਂ ਹਨ। ਇਹ ਉਮੀਦਾਂ ਮੌਜੂਦਾ ਸੰਕਟਮਈ ਹਾਲਾਤਾਂ ਦੇ ਬਦਲ ਦੀ ਤਾਂਘ ਚੋਂ ਉਪਜੀਆਂ ਹਨ, ਜ਼ਿੰਦਗੀ ਨੂੰ ਜਿਉਣ ਲਾਇਕ ਕਰਨ ਦੀ ਤਾਂਘ ਚੋਂ ਉਪਜੀਆਂ ਹਨ।

            ਪੰਜਾਬੀ ਸਮਾਜ ਦਾ ਇਹ ਸਮੁੱਚਾ ਰੋਹ ਸਿਰਫ਼ ਖੇਤੀ ਕਾਨੂੰਨਾਂ ਖਿਲਾਫ਼ ਸੇਧਿਤ ਹੀ ਨਹੀਂ ਹੈ ਇਹਦੇ ਅੰਦਰ ਦਹਾਕਿਆਂ ਤੋਂ ਲੁੱਟੀ ਪੁੱਟੀ ਜਾ ਰਹੀ ਲੋਕਾਈ ਦਾ ਸਾਰਾ ਦਰਦ ਸ਼ਾਮਲ ਹੈ, ਕਿਰਤੀ ਜਮਾਤਾਂ ਵੱਲੋਂ ਪੈਰ ਪੈਰ ਤੇ ਲਤਾੜੇ ਜਾਣ ਦੀ ਪੀੜ ਸ਼ਾਮਲ ਹੈ। ਸਮਾਜ ਅੰਦਰ ਆਰਥਿਕ ਤੇ ਸਮਾਜਿਕ ਤੌਰ ਤੇ ਮੁਕਾਬਲਤਨ ਸੌਖੇ ਤਬਕਿਆਂ ਦੇ ਸਮਾਜਿਕ ਸੱਭਿਆਚਾਰਕ ਸੰਕਟਾਂ ਦੀ ਹਾਲਤ ਦਾ ਅੰਸ਼ ਵੀ ਸ਼ਾਮਲ ਹੈ, ਜਿਹੜਾ ਉਨਾਂ ਨੂੰ ਇਸ ਅੰਦੋਲਨ ਵੱਲ ਖਿੱਚ ਰਿਹਾ ਹੈ। ਇਸ ਸੰਘਰਸ਼ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਇੱਕ ਤਬਕੇ ਦੀਆਂ ਮੰਗਾਂ ਤੋਂ ਅੱਗੇ ਸਮੁੱਚੇ ਪੰਜਾਬੀ ਸਮਾਜ ਦੇ ਡੂੰਘੇ ਸਰੋਕਾਰ ਦਾ ਮਸਲਾ ਬਣ ਗਿਆ ਹੈ। ਸਮੁੱਚੇ ਸਮਾਜ ਦੇ ਸਰੋਕਾਰਾਂ ਚੋਂ ਉਪਜੀਆਂ ਆਸਾਂ ਨੂੰ ਸਾਡੇ ਮਾਣਮੱਤੇ ਪੰਜਾਬੀ ਸ਼ਾਇਰ ਸੁਰਜੀਤ ਨੇ ਪਾਤਰ ਆਪਣੇ ਨਿਵੇਕਲੇ ਅੰਦਾਜ਼ ਚ ਇਉ ਜ਼ੁਬਾਨ ਦਿੱਤੀ ਹੈ।

            ਤੁਸੀਂ ਪਰਤੋ ਧਰਤੀ ਲਈ ਨਵੀਂ ਤਕਦੀਰ ਹੋ ਕੇ, ਹੁਣ ਨਵੇਂ ਅਹਿਸਾਸ, ਸੱਜਰੀ ਸੋਚ ਤੇ ਤਬਦੀਰ ਹੋ ਕੇ, ਹੁਣ ਮੁਹੱਬਤ, ਸਾਦਗੀ, ਅਪਣੱਤ ਦੀ ਤਾਸੀਰ ਹੋ ਕੇ,  ਹੁਣ ਲੋਕ ਸ਼ਕਤੀ ਦੇ ਅਜਿਹੇ ਜਲੌਅ ਦਾ ਇਹ ਪ੍ਰਗਟਾਵਾ ਲੋਕਾਂ ਨੂੰ ਜ਼ਿੰਦਗੀ ਅੰਦਰ ਨਵੀਆਂ ਸੰਭਾਵਨਾਵਾਂ ਦਿਖਾਉਂਦਾ ਹੈ। ਇਹ ਸੰਭਾਵਨਾਵਾਂ ਹਾਕਮ ਜਮਾਤਾਂ ਦੀਆਂ ਸਿਆਸੀ ਸ਼ਕਤੀਆਂ ਦੇ ਮੁਕਾਬਲੇ ਤੇ ਲੋਕ ਸ਼ਕਤੀ ਦਾ ਅਜਿਹਾ ਥੰਮ ਉੱਭਰ ਜਾਣ ਦੀਆਂ ਸੰਭਾਵਨਾਵਾਂ ਵੀ ਹਨ ਜਿਹੜਾ ਪੂਰੇ ਸਮਾਜ ਨੂੰ ਨਜ਼ਰੀਂ ਪੈਣ ਲੱਗ ਰਿਹਾ ਹੈ। ਲੋਕ ਸ਼ਕਤੀ ਦੇ ਅਜਿਹੇ ਥੰਮ ਨੂੰ ਲੋਕ ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਪੱਧਰ ਤੇ ਬਦਲਾਅ ਦੀ ਆਸ ਦੇ ਨੁਕਤੇ ਵਜੋਂ ਦੇਖਣ ਲੱਗ ਰਹੇ ਹਨ। ਇਹ ਵਰਤਾਰਾ ਸਿਰਫ਼ ਹਾਕਮ ਧੜਿਆਂ ਦੀ ਸਿਆਸਤ ਨੂੰ ਹੀ ਅਸਰਅੰਦਾਜ਼ ਨਹੀਂ ਕਰਨ ਜਾ ਰਿਹਾ ਸਗੋਂ ਇਹ ਲੋਕਾਂ ਦੀ ਆਪਣੀ ਅਸਲ ਸਿਆਸਤ ਦੇ ੳੱੁਭਰ ਆਉਣ ਲਈ ਅਧਾਰ ਵਿਛਾਈ ਕਰ ਰਿਹਾ ਹੈ। ਇਸ ਵਰਤਾਰੇ ਰਾਹੀਂ ਜੋ ਆਸਾਂ ਲੋਕਾਂ ਅੰਦਰ ਜਾਗ ਰਹੀਆਂ ਹਨ, ਇਹ ਕਿਸੇ ਮੌਕਾਪ੍ਰਸਤ ਸਿਆਸਤਦਾਨ ਦੇ 10 ਨੁਕਾਤੀ ਜਾਂ 20 ਨੁਕਾਤੀ ਪ੍ਰੋਗਰਾਮ ਨਾਲ ਪੂਰੀਆਂ ਹੋਣ ਵਾਲੀਆਂ ਨਹੀਂ ਹਨ। ਲਾਰਿਆਂ ਤੇ ਵਾਅਦਿਆਂ ਦੇ ਗੱਫਿਆਂ ਨਾਲ ਤਿ੍ਰਪਤ ਹੋਣ ਵਾਲੀਆਂ ਨਹੀਂ ਹਨ। ਅੰਦੋਲਨ ਦਾ ਇਹ ਨਿਵੇਕਲਾ ਵਰਤਾਰਾ ਸਿਆਸਤਦਾਨਾਂ ਦੇ ਵਾਅਦੇ ਪਰਖਣ ਲਈ ਲੋਕਾਂ ਨੂੰ ਇੱਕ ਨਵੀਂ ਪਰਖ ਕਸਵੱਟੀ ਵੀ ਮੁਹੱਈਆ ਕਰਵਾ ਰਿਹਾ ਹੈ। ਇਹ ਪਰਖ ਕਸਵੱਟੀ ਕਾਰਪੋਰੇਟਾਂ ਨਾਲ ਰਿਸ਼ਤੇ ਦੀ ਪਛਾਣ ਕਰਨ ਦਾ ਨੁਕਤਾ ਦੱਸ ਰਹੀ ਹੈ, ਲੋਕਾਂ ਦੇ ਸੰਘਰਸ਼ ਨਾਲ ਇਨਾਂ ਸਿਆਸਤਦਾਨਾਂ ਦੇ ਰਿਸ਼ਤੇ ਨੂੰ ਪਰਖਣ ਦਾ ਨੁਕਤਾ ਦੱਸ ਰਹੀ ਹੈ। ਇਹ ਸੰਘਰਸ਼ ਸਿਰਫ਼ ਰਾਜਨੀਤਕ ਨਾਅਰਿਆਂ ਤੇ ਹੀ ਵਕਤੀ ਅਸਰ ਨਹੀਂ ਪਾਉਣ ਜਾ ਰਿਹਾ, ਸਗੋਂ ਇਹ ਵਿਅਕਤੀ ਦੇ ਧੁਰ ਅੰਦਰ ਬਦਲਾਅ ਦੀਆਂ ਤਰੰਗਾਂ ਛੇੜ ਰਿਹਾ ਹੈ। ਰਾਜਨੀਤੀ ਦੇ ਖੇਤਰ ਚ ਬਦਲ ਉੱਭਰਨ ਤੋਂ ਪਹਿਲਾਂ ਬਦਲਾਅ ਦਾ ਅਮਲ ਲੋਕਾਂ ਦੇ ਅੰਦਰ ਤੁਰਦਾ ਹੈ। ਚੇਤਨਾ ਪਹਿਲਾਂ ਅੰਦਰ ਫੈਲਦੀ ਹੈ, ਜੋ ਆਖਿਰ ਨੂੰ ਸਮਾਜ ਦੇ ਵੱਖ ਵੱਖ ਖੇਤਰਾਂ ਅੰਦਰ ਬਦਲਾਅ ਦਾ ਕਾਰਨ ਬਣਦੀ ਹੈ। ਇਹ ਪੁਲਾਂਘਾਂ ਭਰ ਰਹੀ ਚੇਤਨਾ ਦਾ ਦੌਰ ਹੈ। ਚੇਤਨਾ ਦਾ ਜੋ ਵਿਕਾਸ ਪਿਛਲੇ ਕਈ ਦਹਾਕਿਆਂ ਚ ਹੋਇਆ ਸੀ ਉਹਤੋਂ ਕਿਤੇ ਵੱਡੀ ਛਾਲ ਹੁਣ ਇਨਾਂ ਦਿਨਾਂ ਚ ਵੱਜ ਰਹੀ ਹੈ। ਲੋਕ ਚੇਤਨਾ ਦੇ ਵਿਕਾਸ ਦਾ ਅਮਲ ਅਜਿਹਾ ਹੀ ਹੁੰਦਾ ਹੈ। ਇਹ ਲੋਕ ਸ਼ਕਤੀ ਦਾ ਜਲੌਅ ਹੈ, ਇਹ ਜੋ ਦਿੱਲੀ ਦੇ ਬਾਰਡਰਾਂ ਤੇ ਲਿਸ਼ਕ ਰਿਹਾ ਹੈ। ਇਹ ਲੋਕਾਂ ਵੱਲੋਂ ਜਮਹੂਰੀਅਤ ਦਾ ਪੜਿਆ ਜਾ ਰਿਹਾ ਪਾਠ ਹੈ। ਇਸ ਪਾਠ ਦਾ ਸਬਕ ਹੈ ਕਿ ਜਮਹੂਰੀਅਤ ਪਾਰਲੀਮੈਂਟਾਂ ਦੇ ਅੰਕੜਿਆਂ ਚ ਹੀ ਨਹੀਂ ਹੁੰਦੀ, ਕੈਬਨਿਟ ਕਮੇਟੀਆਂ ਦੇ ਮਤਿਆਂ ਤੱਕ ਹੀ ਸੀਮਤ ਨਹੀਂ ਹੁੰਦੀ ਹਕੀਕਤ ਚ ਕਿਰਤੀ ਲੋਕਾਂ ਦੀ ਸਾਂਝੀ ਰਜ਼ਾ ਹੀ ਜਮਹੂਰੀਅਤ ਹੁੰਦੀ ਹੈ। ਇਹ ਰਜ਼ਾ ਪਾਰਲੀਮੈਂਟ ਦੇ ਮਤਿਆਂ ਨਾਲ ਟਕਰਾਅ ਚ ਆ ਸਕਦੀ ਹੈ। ਕੈਬਨਿਟ ਦੇ ਫੈਸਲਿਆਂ ਨਾਲ ਟਕਰਾਅ ਚ ਆ ਸਕਦੀ ਹੈ। ਇਹ ਜ਼ਿੰਦਗੀ ਦੀ ਬਿਹਤਰੀ ਲਈ ਲੋਕ ਮਨਾਂ ਚ ਧੜਕਦੀਆਂ ਆਸਾਂ ਚੋਂ ਜਨਮਦੀ ਹੈ। ਇਹ ਆਸਾਂ ਦੇ ਜਗਮਗ ਕਰਨ ਦਾ ਦੌਰ ਹੈ ਤੇ ਇਹ ਲੋਕ ਸੰਘਰਸ਼ ਇਨਾਂ ਜਗਦੀਆਂ ਆਸਾਂ ਦਾ ਮੀਨਾਰ ਬਣ ਕੇ ਉੱਭਰ ਆਇਆ ਹੈ।                                                      24/12/2020


No comments:

Post a Comment