ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਵੱਲੋਂ ਜਾਰੀ ਪੋਸਟਰ
1) ਕੇਂਦਰ ਸਰਕਾਰ ਅਤੇ
ਭਾਰਤੀ ਜਨਤਾ ਪਾਰਟੀ ਦੇ ਹਮਲੇ ਦੀਆਂ ਦੋਹਾਂ
ਧਾਰਾਂ ਦੀ ਪਛਾਣ ਕਰੋ
ਇੱਕ ਧਾਰ ਜਬਰ ਦੀ
ਹੈ। ਪੁਲਸ, ਫੌਜ ਅਤੇ ਪ੍ਰਾਈਵੇਟ
ਲੱਠਮਾਰ ਟੋਲੇ ਦਿੱਲੀ ਬਾਰਡਰਾਂ ’ਤੇ ਪੁਰ-ਅਮਨ ਕਿਸਾਨ ਮੋਰਚਿਆਂ ਉੱਪਰ ਹਮਲੇ ਕਰ ਰਹੇ ਹਨ। ਇਹ ਹਮਲੇ
ਕਿਸਾਨ ਆਗੂਆਂ ਨੂੰ ਅਗਵਾ ਕਰਨ ਅਤੇ ਇਕੱਠਾਂ ਨੂੰ ਖਿੰਡਾਉਣ ਲਈ ਕੀਤੇ ਜਾ ਰਹੇ ਹਨ। ਇਸ ਮਕਸਦ ਲਈ
ਕਾਨੂੰਨਾਂ ਦੀ ਨਿਹੱਕੀ ਅਤੇ ਪੱਖਪਾਤੀ ਵਰਤੋਂ ਹੋ ਰਹੀ ਹੈ। ਕਿਸਾਨ ਆਗੂਆਂ ’ਤੇ ਝੂਠੇ ਕੇਸ ਦਰਜ
ਹੋ ਰਹੇ ਹਨ। ਬੀ. ਜੇ. ਪੀ. ਦੇ ਲੱਠਮਾਰ ਕਾਨੂੰਨ ਦੀ ਮਾਰ ਤੋਂ ਸੁਰੱਖਿਅਤ ਰੱਖੇ ਜਾ ਰਹੇ ਹਨ।
ਦੂਜੀ ਧਾਰ ਝੂਠੀ
ਦੇਸ਼-ਭਗਤੀ ਅਤੇ ਫਿਰਕੂ-ਕੌਮ ਹੰਕਾਰ ਦੀ ਹੈ। ਬੀ. ਜੇ. ਪੀ. ਦੇ ਹਾਕਮ ਲਾਣੇ ਵੱਲੋਂ ਤਿਰੰਗੇ ਨੂੰ
ਹਕੂਮਤੀ ਜਬਰ ਅਤੇ ਲੱਠਮਾਰ ਟੋਲਿਆਂ ਦੀ ਦਹਿਸ਼ਤਗਰਦੀ ਦਾ ਹਥਿਆਰ ਬਣਾਇਆ ਜਾ ਰਿਹਾ ਹੈ। ਕਿਸਾਨ
ਸੰਘਰਸ਼ ਖਿਲਾਫ ਤਿਰੰਗਾ ਫੜ ਕੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਦੁਸ਼ਮਣ ਸਾਬਤ ਕਰਨ ਦੀ ਕੋਸ਼ਿਸ਼
ਕੀਤੀ ਜਾ ਰਹੀ ਹੈ। ਧਰਮ ਦੇ ਨਾਂ ’ਤੇ ਨਫਰਤ ਦੀ ਲਕੀਰ ਖਿੱਚ ਕੇ ਦੂਜੇ ਸੂਬਿਆਂ ਦੇ ਕਿਸਾਨਾਂ ਨਾਲ ਪਾਟਕ
ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਸਰਬੱਤ ਦੋਖੀ ਅਨਸਰ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰਕੇ
ਬੀ. ਜੇ. ਪੀ. ਦੇ ਇਸ ਖਤਰਨਾਕ ਮਨਸੂਬੇ ’ਚ ਹੱਥ ਵਟਾ ਰਹੇ ਹਨ।
ਦੋਵੇਂ ਧਾਰਾਂ
ਖੁੰਢੀਆਂ ਕਰਨ ਲਈ ਪੂਰੇ ਜੋਰ ਨਾਲ ਹਰਕਤ ’ਚ ਆਓ
ਦਿੱਲੀ ਦੇ ਸੰਘਰਸ਼
ਮੋਰਚਿਆਂ ਦੀ ਰਾਖੀ ਕਰੋ। ਇਨਾਂ ਨੂੰ ਤਕੜੇ ਕਰੋ। ਪੁਲਸ ਕਾਰਵਾਈ ਖਿਲਾਫ ਥਾਂ-ਥਾਂ ਆਵਾਜ ਬੁਲੰਦ
ਕਰੋ।
ਤਿਰੰਗੇ ਦਾ ਸਤਿਕਾਰ
ਕਰਨ ਵਾਲੇ ਮੁਲਕ ਦੇ ਆਮ ਨਾਗਰਿਕਾਂ ਸਾਹਮਣੇ ਤਿਰੰਗਾਧਾਰੀ ਬੀ. ਜੇ. ਪੀ. ਲੱਠਮਾਰਾਂ ਦੇ
ਫਿਰਕੂ-ਕੌਮ ਹੰਕਾਰ ਅਤੇ ਝੂਠੀ ਦੇਸ਼-ਭਗਤੀ ਨੂੰ ਬੇਨਕਾਬ ਕਰੋ।
ਗੁਰਦੁਆਰਿਆਂ ਅਤੇ
ਹੋਰ ਧਾਰਮਿਕ ਸਮਾਗਮਾਂ ’ਚ ਨਿਸ਼ਾਨ ਸਾਹਿਬ
ਅੱਗੇ ਨਤਮਸਤਕ ਹੋਣ ਵਾਲੇ ਮੁਲਕ ਦੇ ਬੇਸ਼ੁਮਾਰ ਸਿੱਖ ਸ਼ਰਧਾਲੂ ਕਿਸਾਨ ਸੰਘਰਸ਼ ਦਾ ਹਿੱਸਾ ਹਨ। ਉਹਨਾਂ
ਸਾਹਮਣੇ, ਨਿਸ਼ਾਨ ਸਾਹਿਬ ਦੀ
ਓਟ ਲੈ ਕੇ ਕਿਸਾਨ ਸੰਘਰਸ਼ ’ਚ ਪਾਟਕ ਪਾਉਣ ਦੀ
ਕੋਸ਼ਿਸ਼ ਕਰ ਰਹੇ ਦੰਭੀ ਖੁਦਗਰਜ ਟੋਲਿਆਂ ਨੂੰ ਬੇਨਕਾਬ ਕਰੋ।
ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
2) ਕਿਸਾਨ ਸੰਘਰਸ਼ ਨੂੰ
ਕੁਚਲਣ ਲਈ ਕੇਂਦਰੀ ਹਕੂਮਤ ਦੇ ਫਾਸ਼ੀ ਵਾਰ ਦਾ
ਡਟਵਾਂ ਟਾਕਰਾ ਕਰੋ
-ਕਿਸਾਨ ਸੰਘਰਸ਼ ’ਤੇ ਖਾਲਿਸਤਾਨੀ
ਲੇਬਲ ਲਾਉਣ ਦੀ ਸਾਜਿਸ਼ ਨੂੰ ਲਾਹਣਤ ਪਾਓ।
-ਇਸ ਲੇਬਲ ਨੂੰ ਵਰਤ
ਕੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨਾਲ ਟਕਰਾਅ ਖੜਾ ਕਰਨ ਦੀ ਸਾਜਿਸ਼ ਨਾਕਾਮ ਬਣਾਓ।
-ਖਾਲਿਸਤਾਨੀ ਜੋਕਾਂ
ਦੀ ਘੁਸਪੈਠ ਤੋਂ ਕਿਸਾਨ ਸੰਘਰਸ਼ ਦੀ ਰਾਖੀ ਕਰੋ।
-ਧਰਮ-ਨਿਰਲੇਪ ਅਤੇ
ਜੁਝਾਰ ਕਿਸਾਨ ਸੰਘਰਸ਼ ਦਾ ਝੰਡਾ ਹੋਰ ਉੱਚਾ ਕਰੋ।
-ਘੋਲ ਦੀ ਧਾਰ
ਕਾਨੂੰਨਾਂ ਨਾਲ ਸਬੰਧਤ ਫੌਰੀ ਕਿਸਾਨ ਮੰਗਾਂ ’ਤੇ ਕੇਂਦਰਿਤ ਰੱਖੋ।
-ਸਿਆਸੀ ਪਾਰਟੀਆਂ
ਤੋਂ ਜਨਤਕ ਕਿਸਾਨ ਸੰਘਰਸ਼ ਦੀ ਆਜ਼ਾਦੀ ਦੀ ਰਾਖੀ ਕਰੋ।
-ਸਾਰੇ ਸੰਘਰਸ਼ਸ਼ੀਲ
ਪਲੇਟਫਾਰਮਾਂ ਦਾ ਤਾਲਮੇਲ ਅਤੇ ਏਕਾ ਮਜਬੂਤ ਕਰੋ।
-ਖਾਲਿਸਤਾਨੀ
ਘੁਸਪੈਠੀਆਂ ਨੂੰ ਨਿਖੇੜੋ। ਗੁਮਰਾਹ ਹੋਏ ਕਿਸਾਨਾਂ ਨੂੰ ਵਾਪਸ ਮੁੜਨ ਦਾ ਮੌਕਾ ਦਿਓ।
ਦਲੇਰੀ ਨਾਲ ਅੱਗੇ ਵਧੋ
-ਦਿੱਲੀ ਦੇ ਬਾਰਡਰਾਂ
’ਤੇ ਸਾਰੀਆਂ ਸੰਘਰਸ਼
ਚੌਂਕੀਆਂ ਮਜ਼ਬੂਤ ਕਰੋ। ਇਨਾਂ ਦੀ ਡਟਕੇ ਰਾਖੀ ਲਈ ਕਾਫਲੇ ਬੰਨ ਕੇ ਦਿੱਲੀ ਪੁੱਜੋ।
-ਸੂਬਿਆਂ ’ਚ ਹਮਾਇਤੀ ਲਲਕਾਰੇ
ਦੀ ਗੂੰਜ ਉੱਚੀ ਕਰੋ।
-ਪਿੰਡਾਂ ਸ਼ਹਿਰਾਂ ’ਚ ਲਾਮਬੰਦੀ ਦੀ ਢੋਈ
ਤਕੜੀ ਕਰੋ।
-ਆਗੂਆਂ ਅਤੇ ਕਿਸਾਨ
ਕਾਫਲਿਆਂ ਦੀ ਰਾਖੀ ਲਈ ਵਲੰਟੀਅਰ ਟੋਲੀਆਂ ਜਥੇਬੰਦ ਕਰੋ।
-ਝੂਠੇ ਕੇਸ ਰੱਦ ਕਰਨ, ਪੁਲਸ ਤੇ ਗੁੰਡਾ
ਧਾੜਾਂ ਹਟਾਉਣ ਅਤੇ ਬਿਜਲੀ-ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕਰੋ।
-ਬਾਰਡਰਾਂ ਤੇ
ਨਿਹੱਕੀ ਪੁਲਸ ਕਾਰਵਾਈ ਦਾ ਸੂਬਿਆਂ ’ਚ ਹੰਗਾਮੀ ਜਨਤਕ ਵਿਰੋਧ ਕਰੋ
ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ)
3) ਹਰ ਬੰਦੇ ਦੀ
ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰੋ
ਧਾਰਮਿਕ ਨਿਸ਼ਾਨਾਂ ਦੀ ਖੁਦਗਰਜ਼ ਵਰਤੋਂ ਦਾ ਵਿਰੋਧ ਕਰੋ
ਭਾਰਤੀ ਕਿਸਾਨ
ਯੂਨੀਅਨ ਵਿੱਚ ਕਿਸੇ ਵੀ ਧਰਮ ਨਾਲ ਸਬੰਧਤ ਕਿਸਾਨ ਸ਼ਾਮਲ ਹਨ, ਜਿਨਾਂ ਦਾ ਸਾਂਝਾ ਮਕਸਦ ਕਿਸਾਨਾਂ ਦੇ ਹਿੱਤਾਂ ਦੀ ਰਾਖੀ
ਕਰਨਾ ਹੈ। ਇਸ ਦੇ ਝੰਡੇ ਹੇਠ ਕਿਸਾਨ ਹਿੱਤਾਂ ਲਈ ਜੂਝਣ ਵਾਲੇ ਕਿਸਾਨਾਂ ਦੀ ਬਹੁ-ਗਿਣਤੀ ਨਿੱਜੀ
ਤੌਰ ’ਤੇ ਸਿੱਖ ਧਰਮ ਨੂੰ
ਮੰਨਣ ਵਾਲਿਆਂ ਦੀ ਹੈ। ਇਹ ਹਰ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰਦੀ ਹੈ। ਹਰ
ਬੰਦੇ ਦੀ ਧਾਰਮਿਕ ਆਜ਼ਾਦੀ ਦਾ ਬਰਾਬਰ ਸਤਿਕਾਰ ਕਰਦੀ ਹੈ। ਬਹੁ-ਗਿਣਤੀ ਧਰਮਾਂ ਦੇ ਲੋਕਾਂ ਦੀ ਆਜ਼ਾਦੀ
ਦਾ ਵੀ ਅਤੇ ਘੱਟ ਗਿਣਤੀ ਧਰਮ ਦੇ ਲੋਕਾਂ ਦੀ ਆਜ਼ਾਦੀ ਦਾ ਵੀ। ਸਿਰਫ ਸਤਿਕਾਰ ਹੀ ਨਹੀਂ ਕਰਦੀ, ਸਭਨਾਂ ਦੀ ਧਾਰਮਿਕ
ਆਜ਼ਾਦੀ ਦੇ ਹੱਕ ਲਈ ਡਟ ਕੇ ਸੰਘਰਸ਼ ਵੀ ਕਰਦੀ ਹੈ। ਕੁਝ ਅਰਸਾ ਪਹਿਲਾਂ ਹੀ ਮੁਸਲਿਮ ਭਾਈਚਾਰੇ ਨੇ
ਪੰਜਾਬ ਅਤੇ ਦਿੱਲੀ ’ਚ ਉਹਨਾਂ ਦੇ
ਧਾਰਮਿਕ ਹੱਕਾਂ ਦੀ ਹਮਾਇਤ ’ਚ ਵੱਡੇ ਕਿਸਾਨ
ਕਾਫਲਿਆਂ ਦਾ ਹਮਾਇਤੀ ਝੰਡਾ ਉੱਚਾ ਹੁੰਦਾ ਵੇਖਿਆ ਹੈ। ਪਰ ਅਸੀਂ ਕਦੇ ਵੀ ਨਿਸ਼ਾਨ ਸਾਹਿਬ ਜਾਂ ਹੋਰ
ਕਿਸੇ ਧਾਰਮਿਕ ਚਿੰਨ ਦੀ ਨਾਜਾਇਜ਼ ਵਰਤੋਂ ਨਹੀਂ ਕੀਤੀ। ਕਿਸੇ ਵੀ ਧਰਮ ਦੇ ਨਿਸ਼ਾਨ ਨੂੰ ਆਪਣੀ
ਜਥੇਬੰਦੀ ਦਾ ਨਿਸ਼ਾਨ ਨਹੀਂ ਬਣਾਇਆ। ਸਾਡੇ ਕਾਫਲੇ ’ਚ ਜੁੜੇ ਸਭ ਧਰਮਾਂ ਦੇ ਕਿਸਾਨਾਂ ਦੇ ਧਾਰਮਿਕ ਨਿਸ਼ਾਨ ਆਪੋ-ਆਪਣੇ ਹਨ।
ਪਰ ਕਿਸਾਨ ਜਥੇਬੰਦੀ ਦਾ ਝੰਡਾ ਸਭਨਾਂ ਕਿਸਾਨ ਜੁਝਾਰੂਆਂ ਦਾ ਸਾਂਝਾ ਝੰਡਾ ਹੈ।
ਇਸ ਨੀਤੀ ਦੀ
ਸਿੱਖਿਆ ਸਾਨੂੰ ਸਾਡੇ ਕਰਤਾਰ ਸਿੰਘ ਸਰਾਭੇ ਦੀ ਗਦਰ ਪਾਰਟੀ ਦੇ ਜੁਝਾਰ ਸ਼ਹੀਦਾਂ ਤੋਂ ਮਿਲੀ ਹੈ।
ਸਾਡੇ ਗਦਰੀ ਬਾਬਿਆਂ ’ਚ ਸਭ ਧਰਮਾਂ ਦੇ
ਆਜ਼ਾਦੀ ਘੁਲਾਟੀਏ ਅਤੇ ਸ਼ਹੀਦ ਸ਼ਾਮਲ ਸਨ। ਰੋਜ਼ਾਨਾ ਸਿੱਖੀ ਦੇ ਨਿਤਨੇਮ ’ਤੇ ਪਹਿਰਾ ਦੇਣ
ਵਾਲੇ ਸ਼ਾਮਿਲ ਸਨ। ਪਰ ਉਨਾਂ ਨੇ ਨਿਸ਼ਾਨ ਸਾਹਿਬ ਨੂੰ ਆਪਣੀ ਪਾਰਟੀ ਦਾ ਝੰਡਾ ਨਹੀਂ ਬਣਾਇਆ। ਗਦਰ
ਪਾਰਟੀ ਦੀਆਂ ਸਟੇਜਾਂ ਤੋਂ ਕਿਸੇ ਵੀ ਧਰਮ ਦੇ ਪ੍ਰਚਾਰ ਦੀ ਮਨਾਹੀ ਕੀਤੀ। ਉਹ ਗਦਰ ਪਾਰਟੀ ਦੇ
ਸਾਂਝੇ ਝੰਡੇ ਹੇਠ ਸਿਰ ਤਲੀ ’ਤੇ ਧਰ ਕੇ ਆਜ਼ਾਦੀ
ਲਈ ਸ਼ਹਾਦਤਾਂ ਦੇਣ ਖਾਤਰ ਨਿੱਤਰੇ। ਸ਼ਹੀਦ ਭਗਤ ਸਿੰਘ ਨੇ ਸਰਾਭੇ ਦੀ ਪਾਰਟੀ ਦੀ ਇਸ ਨੀਤੀ ਦੀ
ਜੋਰਦਾਰ ਪ੍ਰਸੰਸਾ ਕੀਤੀ।
ਅਸੀਂ ਸਭਨਾ
ਕਿਸਾਨਾਂ ਨੂੰ ਇਸ ਨੀਤੀ ’ਤੇ ਪਹਿਰਾ ਦੇਣ ਦੀ
ਅਪੀਲ ਕਰਦੇ ਹਾਂ। ਆਓ, ਹਰ ਬੰਦੇ ਦੀ
ਧਾਰਮਿਕ ਆਜਾਦੀ ਦਾ ਸਤਿਕਾਰ ਕਰੀਏ। ਕਿਸੇ ਵੀ ਧਾਰਮਿਕ ਨਿਸ਼ਾਨ ਦੀ ਗਲਤ ਵਰਤੋਂ ਤੋਂ ਪਰਹੇਜ਼ ਕਰੀਏ।
ਕਿਸੇ ਵੀ ਧਾਰਮਿਕ ਨਿਸ਼ਾਨ ਦੀ ਕਿਸਾਨੀ ਦੇ ਏਕੇ ਖਿਲਾਫ ਖੁਦਗਰਜ਼ ਵਰਤੋਂ ਦਾ ਵਿਰੋਧ ਕਰੀਏ।
ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
4) ਲਾਲ ਕਿਲੇ ’ਤੇ ਧਾਰਮਿਕ ਝੰਡਾ
ਝੁਲਾਉਣ ਵਾਲੇ ਅਸਲ ਸਾਜਿਸ਼ੀ ਕੌਣ ਹਨ...
ਇਹ ਕਾਰਵਾਈ
ਵਾਹਿਗੁਰੂ ’ਚ ਭਰੋਸਾ ਰੱਖਣ ਅਤੇ
ਨਿਸ਼ਾਨ ਸਾਹਿਬ ਦਾ ਸਤਿਕਾਰ ਕਰਨ ਵਾਲੇ ਸਾਦਾ ਦਿਲ ਸਿੱਖ ਸ਼ਰਧਾਲੂਆਂ ਨੇ ਨਹੀਂ ਕੀਤੀ। ਸਾਜਿਸ਼ੀਆਂ ਦੇ
ਜਾਲ ’ਚ ਫਸ ਕੇ ਲਾਲ ਕਿਲੇ
ਗਏ ਕਿਸਾਨਾਂ ਨੇ ਨਹੀਂ ਕੀਤੀ।
ਇਹ ਕਾਰਾ ਸਿੱਖੀ ਦੇ
ਭੇਸ ’ਚ ਛੁਪੇ ਖੁਦਗਰਜ਼
ਸਿਆਸੀ ਲਾਣੇ ਨੇ ਕੀਤਾ ਹੈ। ਇਹ ਸਾਜਿਸ਼ੀ ਲਾਣਾ ਨਿਸ਼ਾਨ ਸਾਹਿਬ ਦੀ ਓਟ ਲੈ ਕੇ ਆਪਣਾ ਉੱਲੂ ਸਿੱਧਾ
ਕਰਨਾ ਚਾਹੁੰਦਾ ਹੈ।
ਇਹ ਲਾਣਾ ਵੱਡੀਆਂ
ਜਾਇਦਾਦਾਂ ਅਤੇ ਕਾਰੋਬਾਰਾਂ ਦਾ ਮਾਲਕ ਹੈ। ਸਿੱਖੀ ਦੇ ਨਾਂ ਹੇਠ ਇਹ ਸਾਡੀ ਦਸਾਂ ਨਹੁੰਆਂ ਦੀ ਕਿਰਤ
ਨੂੰ ਚੂੰਡਣ ਦੇ ਵਿਸ਼ੇਸ਼ ਅਧਿਕਾਰ ਚਾਹੁੰਦਾ ਹੈ। ਇਹ ਅਡਾਨੀਆਂ-ਅੰਬਾਨੀਆਂ ਦੇ ਸਰਮਾਏ ਨਾਲ ਮਿਲ ਕੇ
ਪੰਜ ਪਿਆਰਿਆਂ ਦੀ ਧਰਤੀ ਦੀ ਕਿਰਤ ਲੁੱਟਣੀ ਚਾਹੁੰਦਾ ਹੈ।
ਇਸ ਮਕਸਦ ਲਈ
ਰਾਜਭਾਗ ’ਚ ਰਾਖਵੀਂ
ਹਿੱਸਾਪੱਤੀ ਚਾਹੁੰਦਾ ਹੈ ਤਾਂ ਜੋ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਜੋਕਾਂ ਨਾਲ ਸਿੱਧੀ ਸੌਦੇਬਾਜੀ
ਦਾ ਅਧਿਕਾਰ ਮਾਣ ਸਕੇ। ਖਾਲਿਸਤਾਨ ਦਾ ਨਾਅਰਾ ਇਸ ਮਕਸਦ ਨੂੰ ਪੂਰਾ ਕਰਨ ਦਾ ਸਾਧਨ ਹੈ।
ਕੁਝ ਦਹਾਕੇ ਪਹਿਲਾਂ
ਇਸ ਲਾਣੇ ਨੇ ਕੇਂਦਰੀ ਹਾਕਮਾਂ ਦੀ ਸ਼ਹਿ ਨਾਲ ਕਿਸਾਨ ਮੰਗਾਂ ਅਤੇ ਸੰਘਰਸ਼ਾਂ ਨੂੰ ਰੋਲ ਦੇਣ ਦਾ ਬੀੜਾ
ਚੁੱਕਿਆ ਸੀ। ਪੰਜਾਬ ਦੇ ਲੋਕਾਂ ਦੀ ਏਕਤਾ ਨੂੰ ਚੀਰਾ ਦਿੱਤਾ ਸੀ। “ਧੋਤੀ, ਟੋਪੀ ਜਮੁਨਾ ਪਾਰ” ਦੇ ਨਾਅਰੇ ਲਾ ਕੇ
ਮੁਲਕ ਦੇ ਕਿਸਾਨਾਂ ’ਚ ਨਫਰਤ ਦੀਆਂ
ਦੀਵਾਰਾਂ ਖੜੀਆਂ ਕੀਤੀਆਂ ਸਨ। ਫਿਰਕੂ ਹਿੰਸਾ ਅਤੇ ਨਫਰਤ ਦਾ ਮਾਹੌਲ ਬਣਾ ਕੇ ਰੋਟੀ ਰੋਜ਼ੀ ਅਤੇ
ਜ਼ਮੀਨਾਂ ਲਈ ਸੰਘਰਸ਼ ਦੇ ਜੜੀਂ ਤੇਲ ਦਿੱਤਾ ਸੀ।
ਬੀਤੇ ਦੋ ਢਾਈ
ਦਹਾਕਿਆਂ ’ਚ ਕਿਸਾਨ ਸੰਘਰਸ਼ਾਂ
ਦੀ ਸ਼ਾਨ ਇਨਾਂ ਦੇ ਪਰਛਾਵੇਂ ਤੋਂ ਮੁਕਤ ਹੋ ਕੇ ਬਹਾਲ ਕੀਤੀ ਗਈ ਹੈ।
ਖੂੰਜੇ ਲੱਗੇ ਇਹ
ਅਨਸਰ ਕਿਸਾਨ ਸੰਘਰਸ਼ ਦੀ ਸੁਲੱਖਣੀ ਹਵਾ ਨੂੰ ਮੁੜ ਪਲੀਤ ਕਰਨ ਲਈ ਸਰਗਰਮ ਹੋ ਗਏ ਹਨ। ਕਿਸਾਨ ਸੰਘਰਸ਼
ਨੂੰ ਅਗਵਾ ਕਰਨ ਅਤੇ ਆਪਣਾ ਫਿਰਕੂ ਸਿਆਸੀ ਅਜੰਡਾ ਥੋਪਣ ਦੇ ਸੁਪਨੇ ਲੈ ਰਹੇ ਹਨ।
ਸਾਰੇ ਧਰਮਾਂ ਦੇ
ਲੋਕ ਗੁਰਦੁਆਰਿਆਂ ’ਤੇ ਝੂਲਦੇ ਨਿਸ਼ਾਨ
ਸਾਹਿਬ ਦਾ ਭਾਈਆਂ ਦੇ ਘਰ ਝੂਲਦੇ ਪਵਿੱਤਰ ਨਿਸ਼ਾਨ ਵਜੋਂ ਸਤਿਕਾਰ ਕਰਦੇ ਹਨ। ਸਿੱਖਾਂ ਦਾ ਪਿਆਰਾ
ਅਤੇ ਸਤਿਕਾਰਿਆ ਨਿਸ਼ਾਨ ਸਾਹਿਬ ਖੋਟੇ ਸਿਆਸੀ ਮੰਤਵ ਲਈ ਆਪਣੇ ਜ਼ਰਖਰੀਦ ਚਹੇਤੇ ਦੇ ਹੱਥ ਫੜਾ ਕੇ ਬੀ.
ਜੇ. ਪੀ. ਹਕੂਮਤ ਨੇ ਇਸ ਦੇ ਅਦਬ ਨੂੰ ਅਤੇ ਕਿਸਾਨ ਸੰਘਰਸ਼ ਨੂੰ ਫੇਟ ਮਾਰਨ ਦੀ ਕੋਸ਼ਿਸ਼ ਕੀਤੀ ਹੈ।
-ਖਾਲਿਸਤਾਨੀ
ਘੁਸਪੈਠੀਆਂ ਨਾਲੋਂ ਨਿਖੇੜਾ ਕਰੋ
-ਬੀ. ਜੇ. ਪੀ.
ਹਕੂਮਤ ਦੀਆਂ ਪਾਟਕਪਾਊ ਚਾਲਾਂ ਨੂੰ ਨਾਕਾਮ ਬਣਾਓ
-ਧਰਮ ਨਿਰਪੱਖ ਸਾਂਝੇ
ਕਿਸਾਨ ਸੰਘਰਸ਼ ਨੂੰ ਅੱਗੇ ਵਧਾਓ
ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ)
No comments:
Post a Comment