Monday, March 8, 2021

ਦਿੱਲੀ ਮੋਰਚਾ : ਪੰਜਾਬ ਸਮਾਜ ਦੇ ਸਭਨਾਂ ਰੰਗਾਂ ਦਾ ਸੁਮੇਲ

 

ਦਿੱਲੀ ਮੋਰਚਾ :

ਪੰਜਾਬ ਸਮਾਜ ਦੇ ਸਭਨਾਂ ਰੰਗਾਂ ਦਾ ਸੁਮੇਲ

 ਪਾਵੇਲ ਕੁੱਸਾ

            ਦਿੱਲੀ ਮੋਰਚਾ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਦਾ ਸਾਂਝਾ ਮੋਰਚਾ ਬਣ ਚੁੱਕਿਆ ਹੈ। ਤਾਂ ਵੀ ਪੰਜਾਬੀ ਸਭ ਤੋਂ ਵੱਡੀ ਗਿਣਤੀ ਚ ਹਨ ਤੇ ਇਸ ਸੰਘਰਸ਼ ਦੀ ਪੰਜਾਬੀ ਰੰਗਤ ਸਭ ਤੋਂ ਗੂੜੀ ਹੈ। ਬੀਤੇ ਸਾਲਾਂ ਚ ਕਿਸਾਨੀ ਸੰਘਰਸ਼ਾਂ ਦਾ ਲੰਮਾਂ ਤਜਰਬਾ ਰੱਖਣ ਵਾਲੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦੌਰਾਨ ਅਗਵਾਨੂੰ ਸ਼ਕਤੀ ਵਜੋਂ ਨਿਭ ਰਹੀਆਂ ਹਨ। ਸੰਘਰਸ਼ ਅੰਦਰ ਅਜਿਹੀ ਭੂਮਿਕਾ ਪੰਜਾਬੀ ਸਮਾਜ ਤੇ ਹੋਰ ਵੱਡੀ ਜਿੰਮੇਵਾਰੀ ਪਾਉਂਦੀ ਹੈ। ਦਿੱਲੀ ਮੋਰਚੇ ਨਾਲ ਸਰੋਕਾਰ ਰੱਖਣ ਵਾਲੇ ਸਭਨਾਂ ਸੁਹਿਰਦ ਤੇ ਚੇਤਨ ਹਲਕਿਆਂ ਦਰਮਿਆਨ ਅਜਿਹੀ ਜ਼ਿੰਮੇਵਾਰੀ ਦੇ ਅਹਿਸਾਸ ਚੋਂ ਮੋਰਚੇ ਅੰਦਰ ਪੰਜਾਬੀਆਂ ਦੇ ਵਿਹਾਰ ਬਾਰੇ ਵੱਖ ਵੱਖ ਤਰਾਂ ਦੀ ਫ਼ਿਕਰਮੰਦੀ ੳੱੁਭਰਦੀ ਰਹਿੰਦੀ ਹੈ। ਇਹ ਫ਼ਿਕਰਮੰਦੀ ਵਾਲੇ ਸਰੋਕਾਰ ਚਾਹੇ ਮੋਰਚੇ ਦੀ ਚੜਦੀ ਕਲਾ ਤੇ ਸਫਲਤਾ ਦੀ ਭਾਵਨਾ ਚੋਂ  ਹੀ ਉਪਜਦੇ ਹਨ ਪਰ ਮੋਰਚੇ ਅੰਦਰ ਲੋਕਾਂ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਕਮਜ਼ੋਰੀਆਂ ਦੇ ਪ੍ਰਗਟਾਵੇ ਅਜਿਹੇ ਹਿੱਸਿਆਂ ਦੀਆਂ ਫਿਕਰਮੰਦੀਆਂ ਦਾ ਸਬੱਬ ਬਣਦੇ ਹਨ। ਇਹ ਫਿਕਰਮੰਦੀਆਂ ਵਾਜਬ ਹੁੰਦੀਆਂ ਹਨ ਪਰ ਇਨਾਂ ਨੂੰ ਠੋਸ ਹਕੀਕਤ ਦੀ ਧਰਾਤਲ ਤੇ ਟਿਕਾਉਣਾ ਵੀ ਲਾਜ਼ਮੀ ਹੁੰਦਾ ਹੈ। ਅਜਿਹੀ ਹਾਲਤ ਚ ਇਹ ਸਮਝਣਾ ਅਹਿਮ ਹੈ ਕਿ ਪੰਜਾਬੀ ਸਮਾਜ ਜਿਵੇਂ ਦਾ ਹੈ ਉਵੇਂ ਜਿਵੇਂ ਸਾਬਤਾ ਸਬੂਤਾ ਹੀ ਸੰਘਰਸ਼ ਵਿੱਚ ਹਾਜ਼ਰ ਹੈ। ਸੰਘਰਸ਼ ਅੰਦਰ ਇਸ ਦੀਆਂ ਸਾਰੀਆਂ ਤਕੜਾਈਆਂ ਤੇ ਕਮਜ਼ੋਰੀਆਂ ਹੋਰ ਤਿੱਖੀ ਤਰਾਂ ਉਘੜਦੀਆਂ ਦੇਖੀਆਂ ਜਾ ਸਕਦੀਆਂ ਹਨ। ਜਿਵੇਂ ਕਿ ਸੰਘਰਸ਼ ਰਾਹੀਂ ਇਸ ਦੀ ਏਕਤਾ ਅਗਲੇ ਪੜਾਅ ਤੇ ਪਹੁੰਚੀ ਹੈ। ਲੋਕਾਂ ਦੇ ਆਪਸੀ ਵਿਰੋਧ/ਵਖਰੇਵੇਂ ਮੱਧਮ ਪਏ ਹਨ। ਪੇਂਡੂ ਤੇ ਸ਼ਹਿਰੀ ਲੋਕਾਂ ਦੀਆਂ ਵਿੱਥਾਂ ਘਟੀਆਂ ਹਨ। ਇਲਾਕਿਆਂ, ਧਰਮਾਂ, ਜਾਤਾਂ, ਗੋਤਾਂ ਦੀਆਂ ਵੰਡੀਆਂ ਤੇ ਸੱਟ ਪੈ ਰਹੀ ਹੈ । ਲੋਕਾਂ ਅੰਦਰਲੀਆਂ ਨਕਲੀ ਜਾਂ ਦੋਮ ਦਰਜੇ ਦੀਆਂ ਵੰਡਾਂ ਮੱਧਮ ਪਈਆਂ ਹਨ ਤੇ ਅੰਦੋਲਨ ਦੀ ਤਿੱਖੀ ਲਿਸ਼ਕੋਰ ਸਮਾਜ ਦੀਆਂ ਹਕੀਕੀ ਜਮਾਤੀ ਵੰਡਾਂ ਤੇ ਪਈ ਹੈ । ਸਮਾਜ ਦੀਆਂ ਅਗਾਂਹਵਧੂ ਹਾਂਦਰੂ ਰਵਾਇਤਾਂ ਦੇ ਵਿਗਸਣ ਲਈ ਜ਼ਮੀਨ ਹੋਰ ਜਰਖੇਜ਼ ਹੋਈ ਹੈ।

            ਸੰਘਰਸ਼ ਅੰਦਰ ਨਿੱਤਰੀ ਕਿਸਾਨੀ ਚ ਚਾਹੇ ਜੱਟ ਹੋਣ ਦੇ ਹੰਕਾਰ ਦੇ ਝਲਕਾਰੇ ਉਵੇਂ ਹੀ ਦਿਖਦੇ ਹਨ, ਪਰ ਇਸ ਹੰਕਾਰ ਨੂੰ ਕਿਰਤ ਕਰਨ ਵਾਲਾ ਜੱਟ ਹੋਣ ਦੇ ਮਾਣ ਤੱਕ ਦਾ ਪਿਛਲ-ਖੁਰੀ ਸਫਰ ਤੈਅ ਕਰਨਾ ਪੈ ਰਿਹਾ ਹੈ। ਕਈ ਤਰਾਂ ਦੀਆਂ ਦਾਅਵੇਦਾਰੀਆਂ ਚ ਨਿਮਰਤਾ ਦੇ ਅੰਸ਼ ਆ ਗਏ ਹਨ।

            ਇਹ ਹਕੀਕਤ ਹੈ ਕਿ ਦਿੱਲੀ ਮੋਰਚੇ ਚ ਭੰਗੜੇ ਵੀ ਪੈ ਰਹੇ ਹਨ, ਸਿਖਰਾਂ ਦੇ ਉਤਸ਼ਾਹ ਦੇ ਬਾਵਜੂਦ ਕੁਝ ਕੁ ਘਟਨਾਵਾਂ ਖੁਦਕੁਸ਼ੀਆਂ ਦੀਆਂ ਵੀ ਹੋਈਆਂ ਹਨ, ਪਰ ਜ਼ਾਹਰ ਹੈ ਕਿ ਆਸ਼ਾਵਾਦੀ ਰੁਝਾਨ ਉੱਪਰ ਦੀ ਹੈ। ਖੇਤੀ ਸੰਕਟ ਦੀ ਮਾਰ ਹੰਢਾਉਂਦੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦਰਦਾਂ ਦਾ ਦਰਿਆ ਵੀ ਵਗਦਾ ਹੈ ਤੇ ਬੇਫਿਕਰੀ ਦੇ ਆਲਮ ਵਿੱਚ ਜਿਊਣ ਵਾਲੀ ਸਰਦੇ ਪੁੱਜਦੇ ਘਰਾਂ ਦੀ ਜਵਾਨੀ ਦੇ ਲਲਕਾਰੇ ਵੀ ਸੁਣਦੇ ਹਨ। ਜਸ਼ਨਾਂ ਦਾ ਮਾਹੌਲ ਵੀ ਹੈ ਤੇ ਗ਼ਮ ਦੇ ਸਾਏ ਵੀ ਹਨ, ਫ਼ਿਕਰਾਂ ਤੇ ਝੋਰਿਆਂ ਦੇ ਰਾਗ ਵੀ ਸੁਣਦੇ ਹਨ। ਔਰਤ ਮਰਦ ਹੈਸੀਅਤ ਦੇ ਵਖਰੇਵੇਂ ਵੀ ਦਿਖਦੇ ਹਨ, ਪਰ ਨਾਲ ਹੀ ਇਨਾਂ ਵਖਰੇਵਿਆਂ ਤੇ ਪੈ ਰਹੀ ਸੱਟ ਦੀ ਗੂੰਜ ਵੀ ਸੁਣੀ ਜਾ ਸਕਦੀ ਹੈ। ਧਾਰਮਿਕ ਸ਼ਰਧਾ ਦਾ ਖੁੱਲਮ ਖੁੱਲਾ ਪ੍ਰਗਟਾਵਾ ਵੀ ਹੋ ਰਿਹਾ ਹੈ ਤੇ ਤਰਕਸ਼ੀਲ ਚੇਤਨਾ ਦੇ ਸੰਚਾਰ ਲਈ ਯਤਨ ਵੀ ਹੋ ਰਹੇ ਹਨ। ਵੱਖ ਵੱਖ ਵਰਤਾਰਿਆਂ ਦੀ ਧਾਰਮਿਕ ਰੰਗਤ ਵੀ ਹੈ ਪਰ ਨਾਲ ਹੀ ਵਿਸ਼ੇਸ਼ ਧਾਰਮਿਕ ਰੰਗਤ ਨਾਲੋਂ ਧਰਮ ਨਿਰਪੱਖਤਾ ਦੀ ਪਹੁੰਚ ਦਾ ਹੱਥ ਉਪਰ ਰੱਖਣ ਲਈ ਗੰਭੀਰ ਯਤਨ ਵੀ ਦੇਖੇ ਜਾ ਸਕਦੇ ਹਨ।

            ਸੰਘਰਸ਼ ਅੰਦਰ ਮੋਹਰੀ ਭੂਮਿਕਾ ਕਾਰਨ ਪੰਜਾਬੀ ਕੌਮੀਅਤ ਵਜੋਂ ਕੀਤਾ ਜਾਂਦਾ ਮਾਣ ਹੋਰ ਡੂੰਘਾ ਹੋ ਰਿਹਾ ਹੈ ਪਰ ਨਾਲ ਹੀ ਹੋਰਨਾਂ ਸੂਬਿਆਂ ਦੇ ਲੋਕਾਂ ਪ੍ਰਤੀ ਬਣੇ ਤੁਅੱਸਬਾਂ ਨੂੰ ਖੋਰਾ ਪੈ ਰਿਹਾ ਹੈ। ਵੱਖ ਵੱਖ ਪ੍ਰਕਾਰ ਦੇ ਸਰੀਰਕ ਤੇ ਮਾਨਸਿਕ ਨਸ਼ਿਆਂ ਦੇ ਝਲਕਾਰੇ ਵੀ ਹਨ, ਪਰ ਨਾਲ ਹੀ ਇਸ ਤੋਂ ਛੁਟਕਾਰੇ ਦੇ ਹੋਕੇ ਵੀ ਸੁਣੇ ਜਾ ਸਕਦੇ ਹਨ। ਲੋਕਾਂ ਦੇ ਆਮ ਰੌਂਅ ਨਾਲੋਂ ਕੋਈ ਜ਼ਰਾ ਕੁ ਵੀ ਵੱਖਰਾ ਵਿਚਾਰ ਝੱਟ-ਪੱਟ ਤਰਥੱਲੀ ਮਚਾ ਦਿੰਦਾ ਹੈ, ਉਸ ਨੂੰ ਸੁਣਨ, ਸਮਝਣ ਤੇ ਜਜ਼ਬ ਕਰਨ ਲਈ ਲੋੜੀਂਦੇ ਅਰਸੇ ਤੋਂ ਪਹਿਲਾਂ ਹੀ ਪ੍ਰਤੀਕਰਮਾਂ ਦੀ ਝੜੀ ਲੱਗ ਜਾਂਦੀ ਹੈ, ਸ਼ਬਦੀ ਜੰਗ ਗਾਲਾਂ ਤੱਕ ਅੱਪੜ ਜਾਂਦੀ ਹੈ। ਕਿਸੇ ਨੂੰ ਝਟਪਟ ਗੱਦਾਰ ਕਰਾਰ ਦਿੱਤਾ ਜਾ ਸਕਦਾ ਹੈ ਤੇ ਕਿਸੇ ਨੂੰ ਬਿਨਾਂ ਬਹੁਤਾ ਜਾਣੇ ਪਲਕਾਂ ਤੇ ਬਿਠਾਇਆ ਜਾ ਸਕਦਾ ਹੈ। ਸਾਡੇ ਸਮਾਜੀ ਸੁਭਾਅ ਦੇ ਅਜਿਹੇ ਲੱਛਣ ਬਹੁਤ ਵਾਰੀ ਸੰਘਰਸ਼ ਦੀਆਂ ਮੌਕੇ ਦੀਆਂ ਜ਼ਰੂਰਤਾਂ ਨਾਲ ਭੇੜ ਵਿੱਚ ਆਉਂਦੇ ਹਨ ਤੇ ਸਾਨੂੰ ਸਬਰ, ਤਹੱਮਲ, ਸੰਤੋਖ ਤੇ ਜਾਬਤੇ ਨਾਲ ਚੱਲਣ ਦੀ ਜ਼ਰੂਰਤ ਪੇਸ਼ ਕਰਦੇ ਰਹਿੰਦੇ ਹਨ। ਇਹ ਸਭ ਮੌਜੂਦਾ ਪੰਜਾਬੀ ਸਮਾਜ ਦੇ ਰੰਗ ਹਨ ਜਿਨਾਂ ਦਾ ਝਲਕਾਰਾ ਮੋਰਚੇ ਦੇ ਵੱਖ ਵੱਖ ਕੋਨਿਆਂ ’;ਚੋਂ  ਪੈਂਦਾ ਹੈ। ਆਪਣੇ ਸਭਨਾਂ ਅੰਦਰੂਨੀ ਵਖਰੇਵਿਆਂ/ਵਿਰੋਧਾਂ ਸਮੇਤ ਪੰਜਾਬੀ ਸਮਾਜ ਮੋਰਚੇ ਵਿੱਚ ਜਿੱਤ ਦੀ ਤਾਂਘ ਨਾਲ ਡਟਿਆ ਹੋਇਆ ਹੈ। ਆਪਣੀਆਂ ਊਣਤਾਈਆਂ ਨੂੰ ਸਰ ਕਰਨ ਤੇ ਤਕੜਾਈਆਂ ਨੂੰ ਹੋਰ ਜਰਬਾਂ ਦੇਣ ਲਈ ਵੀ ਜੂਝਦਾ ਦੇਖਿਆ ਜਾ ਸਕਦਾ ਹੈ।

            ਅਹਿਮ ਗੱਲ ਇਹ ਹੈ ਕਿ ਜਦੋਂ ਸਮਾਜ ਦੀਆਂ ਕਮਜੋਰੀਆਂ ਸੰਘਰਸ਼ ਦੀਆਂ ਲੋੜਾਂ ਨਾਲ ਟਕਰਾਅ ਚ ਆਉਂਦੀਆਂ ਦਿਖਦੀਆਂ ਹਨ ਤਾਂ ਉਨਾਂ ਨੂੰ ਸਰ ਕਰਨ ਦੀ ਲੋੜ ਵੀ ਉੱਭਰਦੀ ਹੈ। ਇਨਾਂ ਨੂੰ ਸਰ ਕਰੇ ਬਿਨਾਂ ਸੰਘਰਸ਼ ਅੱਗੇ ਵਧਣਾ ਸੰਭਵ ਨਹੀਂ  ਹੁੰਦਾ। ਇਉਂ ਹਰ ਲੋਕ ਅੰਦੋਲਨ ਸਮਾਜ ਵਿਚਲੀਆਂ ਇਨਾਂ ਊਣਤਾਈਆਂ ਨੂੰ ਖੋਰਾ ਪਾਉਣ ਦਾ ਜ਼ਰੀਆ ਬਣਦਾ ਹੈ। ਕਮਜੋਰੀਆਂ ਨੂੰ ਖੋਰਾ ਪਾਉਣ ਦਾ ਇਹ ਅਮਲ ਸੰਘਰਸ਼ ਦਾ ਸੁਤੇ ਸਿੱਧ ਅਮਲ ਵੀ  ਹੁੰਦਾ ਹੈ, ਪਰ ਉਸ ਤੋਂ ਜ਼ਿਆਦਾ ਇਹ ਸੰਘਰਸ਼ ਦੀ ਅਗਵਾਈ ਕਰ ਰਹੀਆਂ ਲੀਡਰਸ਼ਿਪਾਂ ਵੱਲੋਂ ਚਲਾਇਆ ਜਾਣ ਵਾਲਾ ਸੁਚੇਤ ਅਮਲ ਵੀ ਬਣਦਾ ਹੈ। ਜਿਵੇਂ ਲੋਕ ਇੱਕ ਹੱਦ ਤੱਕ ਸੰਘਰਸ਼ ਅੰਦਰ ਨਿਭਾਅ ਦੀ ਮਾਨਸਿਕ ਤਿਆਰੀ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਨ, ਪਰ ਬਹੁਤ ਵਾਰ ਉਹ ਇਸਦੇ ਲਮਕਵੇਂ ਤੇ ਗੁੰਝਲਦਾਰ ਖ਼ਾਸੇ ਤੋਂ ਅਣਜਾਣ ਦਿਖਦੇ ਹਨ। ਜਾਂ ਕੁਰਬਾਨੀ ਦੀਆਂ ਕੁੱਝ ਖਾਸ ਕਿਸਮ ਦੀਆਂ ਸ਼ਕਲਾਂ ਦਾ ਮਹੱਤਵ ਦੇਖਦੇ ਹਨ ਤੇ ਕੁੱਝ ਲੋੜੀਂਦੀਆਂ ਸ਼ਕਲਾਂ ਤੋਂ ਅਣਜਾਣਤਾ ਜਾਹਰ ਕਰਦੇ ਹਨ। ਇਉਂ ਲੋਕਾਂ ਦੀ ਮਾਨਸਿਕ ਤਿਆਰੀ ਤੇ ਚੇਤਨਾ ਨੂੰ ਅਗਲੇ ਪੜਾਅ ਤੇ ਲੈ ਕੇ ਜਾਣ ਲਈ ਸੰਘਰਸ਼ ਦੇ ਦੌਰਾਨ ਹੀ ਲੀਡਰਸ਼ਿਪਾਂ ਇਸ ਕਾਰਜ ਨੂੰ ਵੀ ਸੰਬੋਧਤ ਹੁੰਦੀਆਂ ਹਨ। ਉਹ ਸਿਰਫ਼ ਮੁੱਦਿਆਂ ਬਾਰੇ ਤੇ ਮੰਗਾਂ ਬਾਰੇ ਚੇਤਨਾ ਤੇ ਸਪੱਸ਼ਟਤਾ ਵਧਾਉਣ ਦਾ ਕਾਰਜ ਹੀ ਨਹੀਂ ਕਰਦੀਆਂ, ਹਕੂਮਤ ਵੱਲੋਂ ਲਏ ਜਾ ਰਹੇ ਪੈਂਤੜਿਆਂ ਦਾ ਹੀ ਪਰਦਾਚਾਕ ਨਹੀਂ ਕਰਦੀਆਂ, ਸਗੋਂ ਸੰਘਰਸ਼ ਕਰ ਰਹੇ ਲੋਕਾਂ ਦੀਆਂ ਆਪਣੀਆਂ ਕਮਜ਼ੋਰੀਆਂ ਤੇ ਵੀ ਉਂਗਲ ਧਰਦੀਆਂ ਹਨ, ਉਨਾਂ ਨੂੰ ਸਰ ਕਰਨ ਦਾ ਮਹੱਤਵ ਉਭਾਰਦੀਆਂ ਹਨ । ਜਿਹੜੀਆਂ ਕਮਜ਼ੋਰੀਆਂ ਸੰਘਰਸ਼ ਨੂੰ ਫੌਰੀ ਰੂਪ ਚ ਗੰਭੀਰ ਹਰਜਾ ਕਰ ਸਕਦੀਆਂ ਹਨ ਉਨਾਂ ਤੇ ਤੇਜ਼ੀ ਨਾਲ ਕਾਬੂ ਪਾਉਣ ਦੀ ਲੋੜ ੳੱੁਭਰਦੀ ਹੈ , ਉਨਾਂ ਖ਼ਾਤਰ ਫੌਰੀ ਤੌਰ ਤੇ ਹੰਗਾਮੀ ਕਦਮ ਲਏ ਜਾਂਦੇ ਹਨ ਜਦ ਕਿ ਦੂਜੀ ਵੰਨਗੀ ਸਾਡੀਆਂ ਸਮਾਜਿਕ ਸੱਭਿਆਚਾਰਕ ਕਦਰ-ਪ੍ਰਬੰਧ ਚ ਮੌਜੂਦ ਖਾਮੀਆਂ ਦੀ ਹੈ ਜਿਨਾਂ ਤੇ ਇਕਦਮ ਕਾਬੂ ਪਾਉਣਾ ਸੰਭਵ ਨਹੀਂ ਹੁੰਦਾ, ਸਗੋਂ ਹਰ ਅੰਦੋਲਨ ਉਨਾਂ ਤੇ ਸੱਟ ਮਾਰਨ ਦਾ ਜ਼ਰੀਆ ਬਣਦਾ ਹੈ। ਅੱਗੇ ਵਾਸਤੇ ਉਨਾਂ ਨੂੰ ਕਮਜ਼ੋਰੀ ਵਜੋਂ ਲੋਕਾਂ ਅੰਦਰ ਫੋਕਸ ਕਰ ਦਿੰਦਾ ਹੈ। ਉਨਾਂ ਤੇ ਅੰਤਮ ਫਤਿਹ ਅੰਦੋਲਨ ਦਰ ਅੰਦੋਲਨ ਦੀ ਪ੍ਰਕਿਰਿਆ ਰਾਹੀਂ ਹੀ ਪੈਣੀ ਹੁੰਦੀ ਹੈ। ਆਖਰ ਨੂੰ ਰਾਜਨੀਤਕ, ਸਮਾਜਕ ਤੇ ਸੱਭਿਆਚਾਰਕ ਖੇਤਰ ਚ ਵਾਪਰਨ ਵਾਲੀ ਵੱਡੀ ਇਨਕਲਾਬੀ ਤਬਦੀਲੀ ਨਾਲ ਪੈਣੀ ਹੁੰਦੀ ਹੈ। ਮੌਜੂਦਾ ਅੰਦੋਲਨ ਅਜਿਹੀਆਂ ਤਬਦੀਲੀਆਂ ਵੱਲ ਅੱਗੇ ਵਧਣ ਲਈ ਇੱਕ ਕੜੀ ਵਜੋਂ ਆਪਣਾ ਰੋਲ ਅਦਾ ਕਰ ਰਿਹਾ ਹੈ ਤੇ ਸਾਡੇ ਸਮਾਜ ਦੀਆਂ ਪਿਛਾਖੜੀ ਤੇ ਨਕਾਰੀ ਰੁਚੀਆਂ ਤੇ ਕਾਬੂ ਪਾਉਣ ਦਾ ਅਮਲ ਚਲਾ ਰਿਹਾ ਹੈ। ਇਸ ਅਮਲ ਨੂੰ ਹੋਰ ਵਧੇਰੇ ਸਪੱਸ਼ਟਤਾ ਤੇ ਗਹਿਰਾਈ ਨਾਲ ਚਲਾਉਣ ਲਈ ਲੀਡਰਸ਼ਿਪਾਂ ਨੂੰ ਵਧੇਰੇ ਗੰਭੀਰ ਯਤਨ ਕਰਨ ਦੀ ਲੋੜ ਹੈ। ਕਾਨੂੰਨ ਵਾਪਸੀ ਜਾਂ ਹੋਰਨਾਂ ਮੰਗਾਂ ਦੀ ਪ੍ਰਾਪਤੀ ਦੇ ਨਾਲ ਨਾਲ ਅਜਿਹਾ ਅਮਲ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਜਾ ਰਿਹਾ ਹੈ।

 04/01/2021

No comments:

Post a Comment