Wednesday, March 3, 2021

ਜਨਤਕ ਜਥੇਬੰਦੀਆਂ ਦੀ ਸਾਂਝੀ ਸਰਗਰਮੀ ਦਾ ਮਸਲਾ

 

ਜਨਤਕ ਜਥੇਬੰਦੀਆਂ ਦੀ ਸਾਂਝੀ ਸਰਗਰਮੀ ਦਾ ਮਸਲਾ

ਸਾਂਝੀ ਇੱਕਜੁੱਟ ਅਗਵਾਈ ਬਨਾਮ-ਤਾਲਮੇਲਵੀਂ ਘੋਲ-ਸਰਗਰਮੀ

                (ਮੌਜੂਦਾ ਕਿਸਾਨ ਸੰਘਰਸ਼ ਅੰਦਰ ਸਾਂਝੇ ਸੰਘਰਸ਼ ਬਾਰੇ ਪਹੁੰਚ ਦੇ ਮਸਲੇ ਤੇ ਕਿਸਾਨ  ਜਥੇਬੰਦੀਆਂ ਚ ਗੰਭੀਰ ਵਖਰੇਵੇਂ ਪ੍ਗਟ ਹੋਏ ਹਨ। ਲੋਕਾਂ ਅੰਦਰ ਸਾਂਝੇ ਸੰਘਰਸ਼ਾਂ ਦੀ ਜੋਰਦਾਰ ਤਾਂਘ ਤੇ ਭਾਵਨਾ ਮੌਜੂਦ ਹੈ। ਪਰ ਨਾਲ ਹੀ ਵੱਖ-ਵੱਖ ਜਥੇਬੰਦੀਆਂ ਚ ਗੰਭੀਰ ਵਖਰੇਵੇਂ ਮੌਜੂਦ ਹਨ। ਇੱਕ ਪਾਸੇ ਸਾਂਝੇ ਸੰਘਰਸ਼ਾਂ ਦੀ ਜਰੂਰਤ ਹੈ ਤੇ ਦੂਜੇ ਪਾਸੇ ਇਹਨਾਂ ਗੰਭੀਰ ਵਖਰੇਵਿਆਂ ਨੂੰ ਨਜਿੱਠਣ ਦਾ ਮਸਲਾ ਮੌਜੂਦ ਹੈ। ਇਸ ਲਈ ਵਖਰੇਵਿਆਂ ਦੇ ਮੌਜੂਦ ਰਹਿੰਦਿਆਂ ਵੀ ਮੁੱਦਿਆਂ ਤੇ ਸੰਘਰਸ਼ ਦੀ ਸਾਂਝ ਨੂੰ ਸਾਕਾਰ ਕਰਨ ਲਈ ਸਹੀ ਪਹੁੰਚ ਨਾਲ ਚੱਲਣ ਦੀ ਜਰੂਰਤ ਹੈ। ਅਜਿਹੀ ਸਹੀ ਪਹੁੰਚ ਬਾਰੇ ਜਥੇਬੰਦੀਆਂ ਤੇ ਸੰਘਰਸ਼ ਅੰਦਰ ਸ਼ਾਮਲ ਲੋਕਾਂ ਚ ਸਾਂਝੀਆਂ ਸਰਗਰਮੀਆਂ ਬਾਰੇ ਸੰਕਲਪਕ ਸਪਸ਼ਟਤਾ ਦੀ ਜ਼ਰੂਰਤ ਹੈ।  ਆਮ ਕਰਕੇ ਸਾਂਝੇ ਸੰਘਰਸ਼ ਨੂੰ ਇੱਕਜੁੱਟ ਅਗਵਾਈ ਵਾਲੇ ਸਾਂਝੇ ਪਲੇਟਫਾਰਮ ਦੇ ਰੂਪ ਵਿੱਚ ਹੀ ਚਿਤਵਿਆ ਜਾਂਦਾ ਹੈ  ਜਦ ਕਿ ਹਕੀਕਤ ਇਹ ਹੈ ਕਿ ਸਾਂਝ ਨੂੰ ਸਾਕਾਰ ਕਰਨ ਦੀ ਇਹ ਸ਼ਕਲ ਛੋਟੇ ਵਖਰੇਵਿਆਂ ਦੀ ਹਾਲਤ ਚ ਹੀ ਸੰਭਵ ਹੁੰਦੀ ਹੈ ਜਦ ਕਿ ਸਾਂਝ ਨੂੰ ਸਾਕਾਰ ਕਰਨ ਲਈ ਹੋਰਨਾਂ ਸ਼ਕਲਾਂਢੰਗਾਂ ਦਾ ਵੀ ਮਹੱਤਵ ਹੁੰਦਾ ਹੈ। ਇਹ ਸ਼ਕਲਾਂ ਸਾਂਝ ਦੇ ਹਕੀਕੀ ਪੱਧਰ ਦੇ ਅਨੁਸਾਰੀ ਹੋਣੀਆਂ ਚਾਹੀਦੀਆਂ ਹਨ। ਜਨਤਕ ਜਥੇਬੰਦੀਆਂ ਦੀਆਂ ਸਾਂਝੀਆਂ ਸਰਗਰਮੀਆਂ ਦੇ ਵੱਖ ਵੱਖ ਪੱਖਾਂ ਬਾਰੇ ਅਸੀਂ 18 ਵਰੇ ਪਹਿਲਾਂ ਦੀ ਇਕ ਲਿਖਤ ਮੁੜ ਪ੍ਰਕਾਸ਼ਿਤ ਕਰ ਰਹੇ ਹਾਂ।   ਸੰਪਾਦਕ)

                                ਹਾਕਮ ਜਮਾਤਾਂ ਵੱਲੋਂ ਤੇਜ਼ ਹੋਏ ਆਰਥਿਕ ਹੱਲੇ ਦੇ ਅਸਰ ਹੇਠ ਲੋਕਾਂ ਦੇ ਵੱਖ ਵੱਖ ਹਿੱਸਿਆਂ ਵਿੱਚ ਬੇਚੈਨੀ, ਰੋਸ ਅਤੇ ਰੋਹ ਵਧ ਰਿਹਾ ਹੈ। ਸੰਘਰਸ਼ ਅਤੇ ਏਕਤਾ ਦੀ ਰੁਚੀ ਜੋਰ ਫੜ ਰਹੀ ਹੈ। ਸਾਂਝੇ ਸੰਘਰਸ਼ਾਂ ਦੀ ਭਾਵਨਾ ਦਾ ਪਸਾਰਾ ਹੋ ਰਿਹਾ ਹੈ। ਇਸ ਮਹੌਲ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਮੁੱਦਿਆਂ ਤੇ ਆਪਸੀ ਸੰਘਰਸ਼ਾਂ ਦਾ ਆਪਸੀ ਤਾਲਮੇਲ ਬਿਠਾਉਣ ਅਤੇ ਸਾਂਝੇ ਐਕਸ਼ਨ ਕਰਨ ਦੇ ਹਾਂ-ਪੱਖੀ ਯਤਨ ਹੋ ਰਹੇ ਹਨ। ਸਾਂਝੇ ਪਲੇਟਫਾਰਮ ਹੋਂਦ ਵਿੱਚ ਆ ਰਹੇ ਹਨ ਅਤੇ ‘‘ਸਾਂਝੇ ਸੰਘਰਸ਼ਾਂ’’ ਦੇ ਐਲਾਨ ਹੋ ਰਹੇ ਹਨ।

                ਹਾਕਮ ਜਮਾਤੀ ਹੱਲੇ ਖਿਲਾਫ ਸਾਂਝੇ ਮੁੱਦਿਆਂ ਤੇ ਲੋਕਾਂ ਦੇ ਵਿਸ਼ਾਲ ਹਿੱਸਿਆਂ ਦੀ ਸਾਂਝ ਅਤੇ ਏਕਤਾ ਨੂੰ ਉਭਾਰਨ ਪੱਖੋਂ ਇਹ ਯਤਨ ਲੋੜੀਂਦੇ ਅਤੇ ਸਾਰਥਕ ਹਨ। ਅੱਜ ਜਥੇਬੰਦ ਲੋਕ ਹਿੱਸਿਆਂ ਦੀ ਸਮੂਹਕ ਸ਼ਕਤੀ ਵੱਖ ਵੱਖ ਵੱਡੀਆਂ ਛੋਟੀਆਂ ਫਾਂਕਾਂ ਵਿੱਚ ਵੰਡੀ ਹੋਈ ਹੈ। ਇਸ ਵੰਡੀ ਹੋਈ ਸ਼ਕਤੀ ਦੇ ਬੱਝਵੇਂ ਇੱਕਜੁੱਟ ਝਲਕਾਰੇ ਸਮੂਹ ਲੋਕਾਂ ਦੀ ਸੰਘਰਸ਼ ਭਾਵਨਾ ਅਤੇ ਸੰਘਰਸ਼ ਸਮਰੱਥਾ ਨੂੰ ਉਗਾਸਾ ਦਿੰਦੇ ਹਨ। ਲੋਕਾਂ ਦੇ ਸਵੈ-ਵਿਸ਼ਵਾਸ਼ ਨੂੰ ਤਕੜਾਈ ਦਿੰਦੇ ਹਨ । ਵੱਖ ਵੱਖ ਜਥੇਬੰਦੀਆਂ ਦੀ ਆਪੋ ਆਪਣੀ ਸੰਘਰਸ਼ ਸਰਗਰਮੀ ਨੂੰ ਹੁਲਾਰਾ ਦਿੰਦੇ ਅਤੇ ਅੱਡੀ ਲਾਉਦੇ ਹਨ ਅਤੇ ਕੁੱਲ ਮਿਲਾ ਕੇ ਲੋਕਾਂ ਦੀ ਲੜਾਕੂ ਸ਼ਕਤੀ ਨੂੰ ਬਲ ਬਖਸ਼ਣ ਦਾ ਰੋਲ ਨਿਭਾਉਦੇ ਹਨ।

                ਤਾਂ ਵੀ ਸਾਂਝੇ ਸੰਘਰਸ਼ਾਂ ਅਤੇ ਸਾਂਝੇ ਪਲੇਟਫਾਰਮਾਂ ਦੇ ਸੁਆਲ ਤੇ ਸੰਕਲਪ ਅਤੇ ਪਹੁੰਚ ਬਾਰੇ ਕਾਫੀ ਘਚੋਲਾ ਮੌਜੂਦ ਹੈ। ਇਹ ਘਚੋਲਾ ਸੰਭਵ ਸਾਂਝੇ ਉੱਦਮਾਂ ਦੇ ਸਾਕਾਰ ਹੋਣ ਅਤੇ ਅਸਰਦਾਰ ਹੋਣ ਦੇ ਅਮਲ ਤੇ ਨਾਂਹ-ਪੱਖੀ ਅਸਰ ਪਾਉਦਾ ਹੈ। ਇਸ ਕਰਕੇ ਇਹਨਾਂ ਸਵਾਲਾਂ ਬਾਰੇ ਸਪੱਸ਼ਟਤਾ ਜਰੂਰੀ ਹੈ।                   ਇੱਕ ਕਾਫੀ ਵੱਡਾ ਨੁਕਤਾ ਇਹ ਹੈ ਕਿ ਵੱਖ ਵੱਖ ਜਥੇਬੰਦੀਆਂ ਦੀ ਸੰਘਰਸ਼ ਸਰਗਰਮੀ ਦੇ ਆਪਸੀ ਤਾਲਮੇਲ, ਸਮੇਂ ਸਮੇਂ ਕੀਤੇ ਜਾਣ ਵਾਲੇ ਸਾਂਝੇ ਐਕਸ਼ਨਾਂ,ਕਿਸੇ ਪੂਰੇ ਸੂਰੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਕਰਨ ਅਤੇ ਮੁਕਾਬਲਤਨ ਸਥਾਈ ਤੌਰ ਤੇ ਲਗਾਤਾਰ ਸੰਘਰਸ਼ ਦਰ ਸੰਘਰਸ਼ ਸਾਂਝੀ ਇੱਕਜੁੱਟ ਅਗਵਾਈ ਮੁਹੱਈਆ ਕਰਨ ਦੇ ਵੱਖੋ ਵੱਖਰੇ ਮਾਮਲਿਆਂ ਵਿੱਚ ਵਖਰੇਵਾਂ ਨਹੀਂ ਕੀਤਾ ਜਾਂਦਾ। ਸਾਂਝੇ ਉੱਦਮਾਂ ਦੀਆਂ ਇਹਨਾਂ ਵੱਖ ਵੱਖ ਕਿਸਮਾਂ ਦੇ ਮਕਸਦ ਦੇ ਅਧਾਰ ਅਤੇ ਲੋੜਾਂ ਨੂੰ ਰਲਗੱਡ ਕੀਤਾ ਜਾਂਦਾ ਹੈ। ਇਹਨਾਂ ਵੱਖੋ ਵੱਖਰੇ ਸਾਂਝੇ ਉੱਦਮਾਂ ਲਈ ਲੋੜੀਂਦੇ ਸਾਮਿਆਂ/ਪਲੇਟਫਾਰਮਾਂ ਵਿੱਚ ਨਿਖੇੜਾ ਨਹੀਂ ਕੀਤਾ ਜਾਂਦਾ। ਸਿੱਟੇ ਵਜੋਂ ਬਿਨਾ ਹਕੀਕੀ ਆਧਾਰ ਤੇ ਕਿਸੇ ਇੱਕ ਵੰਨਗੀ ਦੇ ਸਾਂਝੇ ਉੱਦਮ ਦੀਆਂ ਲੋੜਾਂ ਅਤੇ ਸ਼ਰਤਾਂ ਕਿਸੇ ਦੂਜੀ ਵੰਨਗੀ ਦੇ ਸਾਂਝੇ ਉੱਦਮ ਤੇ ਮੜੀਆਂ ਜਾਂਦੀਆਂ ਹਨ। ਜਾਂ ਕਿਸੇ ਇੱਕ  ਵੰਨਗੀ ਦੇ ਸਾਂਝੇ ਉੱਦਮ ਲਈ ਲੋੜੀਂਦਾ ਹੁੰਗਾਰਾ ਕਿਸੇ ਦੂਜੀ ਵੰਨਗੀ ਦੇ ਸਾਂਝੇ ਉੱਦਮ ਦੀਆਂ ਸੀਮਤ ਲੋੜਾਂ ਤੱਕ ਸੁੰਗੜ ਜਾਂਦਾ ਹੈ। ਸਾਂਝੇ ਉੱਦਮਾਂ ਅਤੇ ਪਲੇਟਫਾਰਮਾਂ ਦੇ ਪੱਧਰ, ਘੇਰੇ ਅਤੇ ਗੁੰਜਾਇਸ਼ਾਂ ਬਾਰੇ ਅਗਾਊਂ ਸਪੱਸ਼ਟ ਨਿਤਾਰਾ ਨਾ ਹੋਣ ਦੀ ਹਾਲਤ ਵਿੱਚ ਆਪਸੀ ਗਿਲੇ-ਸ਼ਿਕਵੇ ਅਤੇ ਕੁੜੱਤਣ ਜਨਮ ਲੈਂਦੀ ਹੈ, ਸਾਂਝੇ ਪਲੇਟਫਾਰਮਾਂ ਵਿੱਚ ਤਣਾਅ ਉੱਭਰ ਆਉਦੇ ਹਨ। ਇਹਨਾਂ ਦਾ ਸਾਂਝਾ ਵਜੂਦ ਖਤਰੇ ਮੂੰਹ ਆ ਜਾਂਦਾ ਹੈ ਅਤੇ ਕਈ ਵਾਰ ਬਿੱਖਰ ਜਾਂਦਾ ਹੈ। ਇਉ ਹਕੀਕੀ ਆਪਸੀ ਸਾਂਝ ਨੂੰ ਸਾਕਾਰ ਕਰਨ ਲਈ ਸ਼ੁਰੂ ਹੋਈਆਂ ਕੋਸ਼ਿਸ਼ਾਂ ਦਾ ਨਤੀਜਾ ਇਸ ਅਮਲ ਨੂੰ ਉਲਟਾ ਧੱਫਾ ਮਾਰਨ ਵਿੱਚ ਨਿੱਕਲਦਾ ਹੈ।

ਸਾਂਝੀ ਇੱਕਜੁੱਟ ਅਗਵਾਈ ਦਾ ਆਧਾਰ

                ਕਿਸੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਸਾਂਝੀ ਸਰਗਰਮੀ ਦੀ ਉਚੇਰੀ ਸ਼ਕਲ ਹੈ। ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਅਜਿਹੀ ਸਾਂਝੀ ਇੱਕਜੁੱਟ ਅਗਵਾਈ ਲਈ ਆਪਸੀ ਸਾਂਝ ਦਾ ਵਡੇਰਾ ਆਧਾਰ ਲੋੜੀਂਦਾ ਹੈ। ਇਸ ਖਾਤਰ ਸੰਘਰਸ਼ ਦੀਆਂ ਮੰਗਾਂ ਅਤੇ ਇਹਨਾਂ ਦੇ ਆਪਸੀ ਸਥਾਨ ਅਤੇ ਤਰਜੀਹਾਂ ਬਾਰੇ ਪ੍ਰਚਾਰ, ਮੰਗਾਂ ਅਤੇ ਫੌਰੀ ਘੋਲ ਮੰਗਾਂ ਦੇ ਵਖਰੇਵੇਂ ਬਾਰੇ, ਘੱਟੋ ਘੱਟ ਸਾਂਝੀ ਸਮਝ ਬਣਨੀ ਜਰੂਰੀ ਹੈ। ਸੰਘਰਸ਼ ਦੇ ਹੋਰਨਾਂ ਸਹਿਯੋਗੀਆਂ ਅਤੇ ਵੱਖ ਵੱਖ ਸ਼ਕਤੀਆਂ ਨੂੰ ਘੋਲ ਦੀ ਹਮਾਇਤ ਵਿੱਚ ਭੁਗਤਾਉਣ ਦੀਆਂ ਸੰਭਾਵਨਾਵਾਂ, ਇਸ ਦੇ ਢੰਗ ਤਰੀਕਿਆਂ ਅਤੇ ਸ਼ਕਲਾਂ ਬਾਰੇ ਘੱਟੋ ਘੱਟ ਸੰਮਤੀ ਜਰੂਰੀ ਹੈ। ਸੰਘਰਸ਼ ਦੀ ਗੁੰਜਾਇਸ਼, ਕਾਰਵਾਈ ਮਾਰਗ, ਪੈਂਤੜਿਆਂ ਅਤੇ ਸ਼ਕਲਾਂ ਆਦਿਕ ਬਾਰੇ ਆਪਸੀ ਸਹਿਮਤੀ ਜਰੂਰੀ ਹੈ। ਸੰਘਰਸ਼ ਦੀ ਸਾਂਝੀ ਇੱਕ ਜੁੱਟ ਅਗਵਾਈ ਦਾ ਅਰਥ ਕਿਉਕਿ ਇੱਕ ਦੋ ਸਾਂਝੇ ਸੱਦੇ ਦੇਣ ਅਤੇ ਐਕਸ਼ਨ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਸੰਘਰਸ਼ ਨੂੰ ਅੱਗੇ ਵਧਾਉਣ ਅਤੇ ਜਿੱਤ ਤੱਕ ਲਿਜਾਣ ਦੀ ਪੂਰੀ ਸੂਰੀ ਵਿਉਤ ਲਾਗੂ ਕਰਨ ਨਾਲ ਸਬੰਧਤ ਹੈ-ਇਸ ਕਰਕੇ ਘੱਟੋ ਘੱਟ ਸਾਂਝੀ ਪਹੁੰਚ ਦੇ ਆਧਾਰ ਤੇ ਸੰਘਰਸ਼ ਦੇ ਵਹਿਣ ਮਾਰਗ ਦੀ ਸੰਭਵ ਸਾਂਝੀ ਨਿਸ਼ਾਨਦੇਹੀ ਬਿਨਾਅਜਿਹੀ ਇੱਕਜੁੱਟ ਸਾਂਝੀ ਅਗਵਾਈ ਲਾਗੂ ਨਹੀਂ ਕੀਤੀ ਜਾ ਸਕਦੀ। ਅਸਲ ਅਰਥਾਂ ਵਿੱਚ ਸਾਂਝਾ ਸੰਘਰਸ਼ ਸਾਂਝੀ ਇੱਕਜੁੱਟ ਅਗਵਾਈ ਹੇਠ ਲੜੇ ਜਾ ਰਹੇ ਸੰਘਰਸ਼ ਨੂੰ ਹੀ ਕਿਹਾ ਜਾ ਸਕਦਾ ਹੈ। ਸੋ, ਕਿਸੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਦੇ ਗੰਭੀਰ ਯਤਨ ਕਿਸੇ ਵੀ ਜਨਤਕ ਜਥੇਬੰਦੀ ਕੋਲੋਂ ਗੰਭੀਰਤਾ ਨਾਲ ਅਜਿਹੀ ਅਗਵਾਈ ਦਾ ਸਾਂਝਾ ਆਧਾਰ ਫਰੋਲਣ ਅਤੇ ਨਿਤਾਰਨ ਦੀ ਮੰਗ ਕਰਦੇ ਹਨ। ਇਉ ਨਾ ਕਰਨ ਦਾ ਅਰਥ ਕਿਸੇ ਸਾਂਝੇ ਸੰਘਰਸ਼ ਪਲੇਟਫਾਰਮ ਦੇ ਅਮਲੀ ਨਿਭਾਅ ਨੂੰ ਪਹਿਲਾਂ ਹੀ ਅਨਿਸ਼ਚਤਤਾ ਦੇ ਹਵਾਲੇ ਕਰਨਾ ਹੈ। ਕਿਸੇ ਵੀ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਵੱਖ ਵੱਖ ਜਥੇਬੰਦੀਆਂ ਵੱਲੋਂ ਬੁਨਿਆਦੀ ਤੌਰ ਤੇ ਪਹਿਲਾਂ ਨਿਤਾਰੀ ਗਈ ਇੱਕਜੁੱਟ ਰਜ਼ਾ ਦੇ ਆਧਾਰ ਤੇ ਹੀ ਲਾਗੂ ਹੋ ਸਕਦੀ ਹੈ। ਅਜਿਹੀ ਸਾਂਝ ਇੱਕਜੁੱਟ ਰਜ਼ਾ ਦੇ ਤਸੱਲੀਬਖਸ਼ ਆਧਾਰ ਦੀ ਗੈਰ-ਮੌਜੂਦਗੀ ਵਿੱਚ, ਚਲਦੇ ਸੰਘਰਸ਼ ਦੌਰਾਨ ਪੈਂਤੜਿਆਂ, ਕਦਮਾਂ ਅਤੇ ਘੋਲ ਸ਼ਕਲਾਂ ਬਾਰੇ ਪਾਟਕ ਅਤੇ ਵਖਰੇਵੇਂ ਉੱਭਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਸਾਂਝੀ ਇੱਕਜੁੱਟ ਅਗਵਾਈ ਦੇ ਖੰਡਿਤ ਹੋ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਕਹਿਣ ਦੀ ਲੋੜ ਨਹੀਂ ਕਿ ਸੰਘਰਸ਼ ਦਰ ਸੰਘਰਸ਼ ਲਗਾਤਾਰ ਅਤੇ ਮੁਕਾਬਲਤਨ ਸਥਾਈ ਸਾਂਝੀ ਇੱਕਜੁੱਟ ਅਗਵਾਈ ਲਈ ਪਹੁੰਚ/ਸਮਝ ਅਤੇ ਅਮਲ ਦੀ ਇਸ ਤੋਂ ਵੀ ਕਿਤੇ ਵੱਧ ਪਾਏਦਾਰ ਸਾਂਝ ਲੋੜੀਂਦੀ ਹੈ।

ਸਾਂਝੀ ਵਚਨਵੱਧਤਾ ਬਨਾਮ ਅਜ਼ਾਦਾਨਾ ਸਰਗਰਮੀ

                ਸਾਂਝੀ ਇੱਕ ਜੁੱਟ ਅਗਵਾਈ ਦਾ ਆਧਾਰ ਮੌਜੂਦ ਹੋਣ ਅਤੇ ਨਿੱਤਰਿਆ ਹੋਣ ਦੀ ਹਾਲਤ ਵਿੱਚ ਵੀ ਅਜਿਹੀ ਸਾਂਝੀ ਇੱਕ ਜੁੱਟ ਅਗਵਾਈ ਕਤੱਈ ਨਹੀਂ ਹੁੰਦੀ। ਯਾਨੀ ਇਹ ਜਨਤਕ ਜਥੇਬੰਦੀਆਂ ਵੱਲੋਂ ਆਪੋ ਆਪਣੇ  ਪਲੇਟਫਾਰਮ ਤੋਂ ਅਜ਼ਾਦਾਨਾ ਸੰਘਰਸ਼ ਸਰਗਰਮੀ ਦੇ ਪੱਖ ਨੂੰ ਖਾਰਜ ਨਹੀਂ ਕਰਦੀ। ਕਿਉਕਿ ਇਹ ਘੱਟੋ ਘੱਟ ਆਪਸੀ ਸਾਂਝ ਅਤੇ ਸਹਿਮਤੀ ਦੇ ਆਧਾਰ ਤੇ ਟਿਕੀ ਹੁੰਦੀ ਹੈ। ਸਭਨਾਂ ਦੀ ਸਾਂਝੀ ਰਜ਼ਾ ਦੇ ਚੌਖਟੇ ਵਿੱਚ ਰਹਿ ਕੇ ਲਾਗੂ ਕੀਤੀ ਜਾਂਦੀ ਹੈ। ਸੋ ਇਹ ਵੱਖ ਵੱਖ ਜਥੇਬੰਦੀਆਂ ਦੀ ਸੰਘਰਸ਼ ਸੇਧ ਅਤੇ ਸੰਘਰਸ਼ ਵਿਉਤ ਦਾ ਪੂਰਾ ਇਜ਼ਹਾਰ ਨਹੀਂ ਹੁੰਦੀ। ਮੁਕਾਬਲਤਨਸੀਮਤ ਸਾਂਝਾ ਇਜ਼ਹਾਰਹੀ ਹੁੰਦੀ ਹੈ। ਇਸ ਕਰਕੇ ਸਾਂਝਾ ਸੰਘਰਸ਼ ਕਰ ਰਹੀਆਂ ਜਨਤਕ ਜਥੇਬੰਦੀਆਂ ਦੀ ਇਹ ਵਾਜਬ ਜਰੂਰੀ ਲੋੜ ਬਣ ਜਾਂਦੀ ਹੈ ਕਿ ਉਹਨਾਂ ਨੂੰ ਸਾਂਝੀ ਇੱਕ ਜੁੱਟ ਅਗਵਾਈ ਨੂੰ ਲਾਗੂ ਕਰਦਿਆਂ ਆਪਣੇ ਅਜ਼ਾਦਾਨਾ ਸੰਘਰਸ਼ ਕਦਮਾਂ ਦਾ ਇਸ ਨਾਲ ਸੁਮੇਲ ਕਰਨ ਦੀ ਗੁੰਜਾਇਸ਼ ਹਾਸਲ ਹੋਵੇ। ਸਾਂਝੀ ਇੱਕਜੁੱਟ ਅਗਵਾਈ ਨੂੰ ਤਨਦੇਹੀ ਨਾਲ ਲਾਗੂ ਕਰ ਰਹੀ ਕਿਸੇ ਜਨਤਕ ਜਥੇਬੰਦੀ ਤੇ ਆਪਣੀ ਸੰਘਰਸ਼ ਸਰਗਰਮੀ ਨੂੰ ਨਿਰੋਲ ਸਾਂਝੀ ਇੱਕਜੁੱਟ ਅਗਵਾਈ ਵਿੱਚਚੱਲ ਰਹੀ ਸਰਗਰਮੀ ਤੱਕ ਸੀਮਤ ਰਹਿਣ ਦੀ ਸ਼ਰਤ ਲਾਗੂ ਨਹੀਂ ਕੀਤੀ ਜਾ ਸਕਦੀ।

                ਹਾਂ, ਇਹ ਸ਼ਰਤ ਲਾਗੂ ਕਰਨੀ ਐਨ ਵਾਜਬ ਅਤੇ ਜਰੂਰੀ ਹੈ ਕਿ ਕਿਸੇ ਜਨਤਕ ਜਥੇਬੰਦੀ ਦੀ ਅਜ਼ਾਦਾਨਾ ਸੰਘਰਸ਼ ਸਰਗਰਮੀ ਸਾਂਝੀ ਇੱਕਜੁੱਟ ਅਗਵਾਈ ਵਿੱਚਚੱਲ ਰਹੀ ਸਰਗਰਮੀ ਵਿੱਚ ਵਿਘਨ ਪਾਉਣ, ਇਸ ਨੂੰ ਖੰਡਿਤ ਕਰਨ ਜਾਂ ਨੁਕਸਾਨ ਪਹੁੰਚਾਉਣ ਵਾਲੀ ਨਾ ਹੋਵੇ।ਘੱਟੋ ਘੱਟ ਸਾਂਝ ਦੇ ਆਧਾਰ ਤੇ ਸਾਂਝੀ ਇੱਕਜੁੱਟ ਅਗਵਾਈ ਲਾਗੂ ਕਰ ਰਹੀਆਂ ਜਨਤਕ ਜਥੇਬੰਦੀਆਂ ਦੀ ਅਜ਼ਾਦਾਨਾ ਜਨਤਕ ਸੰਘਰਸ਼ ਸਰਗਰਮੀ ਜੇ ਸਹੀ ਪਹੁੰਚ ਅਤੇ ਭਾਵਨਾ ਨਾਲ ਚਲਾਈ ਜਾਂਦੀ ਹੈ ਤਾਂ ਇਹ ਸਾਂਝੀ ਸੰਘਰਸ਼ ਸਰਗਰਮੀ ਦੀ ਪੂਰਕ ਬਣਦੀ ਹੈ। ਇਸ ਨੂੰ ਬਲ ਬਖਸ਼ਦੀ ਹੈ। ਘੱਟੋ ਘੱਟ ਇਸਦਾ ਹਰਜਾ ਨਹੀਂ ਕਰਦੀ। ਪਰ ਗਲਤ ਪਹੁੰਚ ਨਾਲ, ਸਾਂਝੇ ਸੰਘਰਸ਼ ਦੀਆਂ ਲੋੜਾਂ ਤੋਂ ਬੇਮੁੱਖ ਹੋ ਕੇ ਅਤੇ ਸਿੱਧੇ ਅਸਿੱਧੇ ਰੂਪ ਚ ਇਸਦੇ ਬਦਲ ਵਜੋਂ ਚਲਾਈ ਜਾਣ ਵਾਲੀ ਅਜ਼ਾਦਾਨਾ ਸੰਘਰਸ਼ ਸਰਗਰਮੀ, ਸਾਂਝੇ ਸੰਘਰਸ਼ਾਂ ਨੂੰ ਨੁਕਸਾਨ ਪਹੁੰਚਾਉਦੀ ਹੈ। ਅਜਿਹਾ ਵਿਹਾਰ ਸੰਕੇਤ ਕਰਦਾ ਹੈਕਿ ਸੰਬੰਧਤ ਜਥੇਬੰਦੀ ਲਈ ਸੰਬੰਧਤ ਸੰਘਰਸ਼ ਦਾ ਮੁੱਖ ਖੇਤਰ ਅਤੇ ਫੋਕਸ ਉਸ ਦੀ ਆਪਣੀ ਸੰਘਰਸ਼ ਸਰਗਰਮੀ ਬਣ ਰਹੀ ਹੈ। ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਦੇ ਲੜ ਦੀ ਅਹਿਮੀਅਤ ਖੁਰ ਰਹੀ ਹੈ।ਅਜਿਹੀ ਹਾਲਤ ਵਿੱਚ ਇਹ ਸ਼ਰਤ ਲਾਗੂ ਕਰਨੀ ਵਾਜਬ ਅਤੇ ਜਰੂਰੀ ਹੋ ਜਾਦੀ ਹੈ ਕਿ ਜਾਂ ਤਾਂ ਉਹ ਜਥੇਬੰਦੀ ਆਪਣੀ ਸੰਘਰਸ਼ ਸਰਗਰਮੀ ਨੂੰ ਸਾਂਝੇ ਸੰਘਰਸ਼ ਦੀਆਂ ਲੋੜਾਂ ਦੇ ਤਾਬੇ ਵਿੱਚ ਰੱਖ ਕੇ ਚੱਲੇ ਜਾਂ ਸਾਂਝੀ ਇੱਕਜੁੱਟ ਅਗਵਾਈ ਦੇ ਪਲੇਟਫਾਰਮ ਨਾਲ ਆਪਣਾ ਰਿਸ਼ਤਾ ਮੁੜ ਤਹਿ ਕਰੇ। ਅਜਿਹੀ ਹਾਲਤ ਨਾਲੋਂ ਤੋੜ ਕੇ ਆਮ ਰੂਪ ਵਿੱਚ ਜਨਤਕ ਜਥੇਬੰਦੀਆਂ ਦੀ ਅਜ਼ਾਦਾਨਾ ਸਰਗਰਮੀ ਤੇ ਰੋਕ ਲਾਉਣੀ ਨਾ ਸਿਰਫ ਗੈਰ-ਵਾਜਬ ਹੈ ਸਗੋਂ ਸੰਘਰਸ਼ ਦੇ ਹਿਤਾਂ ਅਤੇ ਹਾਸਲ ਸੰਭਾਵਨਾਵਾਂ ਦਾ ਹਰਜਾ ਕਰਦੀ ਹੈ।

ਤਾਲਮੇਲਵੀਂ ਸੰਘਰਸ਼ ਸਰਗਰਮੀ-ਵਿਸ਼ੇਸ਼ਤਾ ਅਤੇ ਸੀਮਤਾਈ

                ਉਪਰੋਕਤ ਚਰਚਾ ਕਿਸੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਦਾ ਲੋੜੀਂਦਾ ਆਧਾਰ ਮੌਜੂਦ ਹੋਣ ਦੀ ਹਾਲਤ ਨਾਲ ਸਬੰਧਤ ਹੈ। ਅਜਿਹੇ ਆਧਾਰ ਤੇ ਉੱਸਰੇ ਸਾਂਝੇ ਅਗਵਾਈ ਪਲੇਟਫਾਰਮ ਅਤੇ ਜਨਤਕ ਜਥੇਬੰਦੀਆਂ ਦੀ ਅਜ਼ਾਦਾਨਾ ਹੈਸੀਅਤ ਦੇ ਆਪਸੀ ਰਿਸ਼ਤੇ ਨਾਲ ਸਬੰਧਤ ਹੈ। ਪਰ ਕਿਸੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਦਾ ਲੋੜੀਂਦਾ ਆਧਾਰ ਉੱਸਰਿਆ ਨਾ ਹੋਣ ਦੀ ਹਾਲਤ ਵਿੱਚ ਵੀ ਸਮੇਂ  ਸਮੇਂ ਸਾਰਥਕ ਸਾਂਝੇ ਐਕਸ਼ਨ ਕਰਨ ਤੇ ਲਾਗੂ ਕਰਨ ਦੀ ਸੰਭਾਵਨਾ ਮੌਜੂਦ ਰਹਿੰਦੀ ਹੈਅਜਿਹੀ ਸੰਭਾਵਨਾ ਨੂੰ ਸਾਕਾਰ ਕਰਨ ਲਈਲੋੜੀਂਦੇ ਉੱਦਮ ਜੁਟਾਏ ਜਾਣੇ ਚਾਹੀਦੇ ਹਨ। ਪਰ ਸਮੇਂ ਸਮੇਂ ਕੀਤੇ ਜਾਣ ਵਾਲੇ ਇਹਨਾਂ ਸਾਂਝੇ ਸੰਘਰਸ਼ ਐਕਸ਼ਨਾਂ ਨੂੰ ਸਮੁੱਚੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਅਜਿਹੇ ਐਕਸ਼ਨਾਂ ਨੂੰ ਲਾਗੂ ਕਰਨ ਲਈ ਸਿਰਜੇ ਜਾਣ ਵਾਲੇ ਰਸਮੀ ਜਾਂ ਗੈਰਰਸਮੀ ਸਾਂਝੇ ਸਾਮਿਆਂਨੂੰ ਸਮੁੱਚੇ ਸੰਘਰਸ਼ ਦੀ ਸਾਂਝੀ ਇੱਕਜੁੱਟ ਅਗਵਾਈਲਈ ਲੋੜੀਂਦੇ ਸਾਂਝੇ ਪਲੇਟਫਾਰਮਾਂ ਨਾਲੋਂ ਵਖਰਿਆਇਆ ਜਾਣਾ ਚਾਹੀਦਾ ਹੈ। ਸਮੇਂ ਸਮੇਂ ਕੀਤੇ ਜਾਣ ਵਾਲੇ ਸੀਮਤ ਅਤੇ ਵਕਤੀ ਸਾਂਝੇ ਐਕਸ਼ਨਾਂ ਲਈ ਸਾਂਝੀ ਰਜ਼ਾਮੰਦੀ ਨੂੰ ਸੰਘਰਸ਼ ਦੀ ਸਾਂਝੀ ਅਗਵਾਈ ਲਈ ਰਜ਼ਾਮੰਦੀ ਦਾ ਰੁਤਬਾ ਨਹੀਂ ਦਿੱਤਾ ਜਾਣਾ ਚਾਹੀਦਾ। ਹਕੀਕਤ ਤੋਂ ਬੇਪ੍ਰਵਾਹ ਹੋ ਕੇ ਅੰਤਰਮੁਖੀ ਢੰਗ ਨਾਲ ਕੀਤੀ ਗਈ ਅਜਿਹੀ ਕੋਸ਼ਿਸ਼ ਇੱਛਤ ਸਿੱਟੇ ਨਹੀਂ ਕੱਢਦੀ-ਸਗੋਂ ਸਾਂਝੇ ਸੰਘਰਸ਼ ਦੀ ਲੋੜੀਂਦੀ ਆਪਸੀ ਸਹਿਮਤੀ ਦਾ ਆਧਾਰ ਸਿਰਜਣ ਦੇ ਕਾਰਜ ਨੂੰ ਗ੍ਰਹਿਣਦੀ ਹੈ। ਅਜਿਹੇ ਅਮਲ ਪਿੱਛੇ ਆਮ ਤੌਰ ਤੇ ਸਾਝੇ ਸੰਘਰਸ਼ ਦੀ ਹਕੀਕੀ ਉਸਾਰੀ ਦੇ ਸਰੋਕਾਰ ਦੀ ਬਜਾਏ ਵੱਡੇ ਜਨਤਕ ਸੰਘਰਸ਼ਾਂ ਦੀ ਅਗਵਾਈ ਦਾ ਫੋਕਾ ਦਾਅਵਾ ਜਤਲਾਉਣ ਦੀ ਲਾਲਸਾ ਕੰਮ ਕਰਦੀ ਹੈ।

                ਅਜਿਹੇ ਸਾਂਝੇ ਐਕਸ਼ਨ ਆਪਣੇ ਤੱਤ ਪੱਖੋਂ ਮੁੱਖ ਤੌਰ ਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਚੱਲ ਰਹੀ ਸੰਘਰਸ਼ ਸਰਗਰਮੀ ਦੇ ਤਾਲਮੇਲ ਅਤੇ ਸੰਭਵ ਸਾਂਝੇ ਪ੍ਰਗਟਾਵੇ ਦੀ ਹੀ ਰਤਾ ਉੱਚੀ ਸ਼ਕਲ ਬਣਦੇ ਹਨ। (ਰਤਾ ੳੱੁਚੀ ਸ਼ਕਲ ਇਸ ਕਰਕੇ ਕਿ ਸੰਘਰਸ਼ ਸਰਗਰਮੀ ਦਾ ਤਾਲਮੇਲ ਇਸ ਤੋਂ ਹੇਠਲੀਆਂ ਸ਼ਕਲਾਂ ਵਿੱਚ ਵੀ ਹੋ ਸਕਦਾ ਹੈ। ਆਪੋ ਆਪਣੇ ਅਜ਼ਾਦਾਨਾ ਐਕਸ਼ਨਾਂ ਨੂੰ ਢੁਕਵੇਂ  ਆਪਸੀ ਰਾਬਤੇ ਰਾਹੀਂ ਸੁਮੇਲਣ ਦੀ ਸ਼ਕਲ ਵਿੱਚ ਵੀ ਹੋ ਸਕਦਾ ਹੈ। ਮਿਸਾਲ ਵਜੋਂ ਜਨਤਕ ਜਥੇਬੰਦੀਆਂ ਕਿਸੇ ਸਾਂਝੇ ਐਕਸ਼ਨ ਦਾ ਸੱਦਾ ਦੇਣ ਦੀ ਬਜਾਏ ਆਪੋ ਆਪਣੇ ਐਕਸ਼ਨਾਂ ਨੂੰ ਆਪਸ ਵਿੱਚ ਮਿਥੇ ਹੋਏ ਸਾਂਝੇ ਦਿਨ ਤੇ ਲਾਗੂ ਕਰ ਸਕਦੀਆਂ ਹਨ)।

                ਬਿਨਾ ਸ਼ੱਕ ਆਪੋ ਆਪਣੀ ਸੰਘਰਸ਼ ਸਰਗਰਮੀ ਦੇ ਸੰਭਵ ਸਾਂਝੇ ਪ੍ਰਗਟਾਵੇ ਵਜੋਂ ਕੀਤੇ ਜਾਣ ਵਾਲੇ ਸਾਂਝੇ ਐਕਸ਼ਨਾਂ ਬਾਰੇ ਸੰਮਤੀ ਹਾਸਲ ਕਰਨ ਲਈ ਲੋੜੀਂਦਾ ਲਚਕਦਾਰ ਰਵੱਈਆ ਜਰੂਰੀ ਹੈ। ਇਹ ਰਵੱਈਆ ਮੰਗ ਕਰੇਗਾ ਕਿ ਐਕਸ਼ਨਾਂ ਦਾ ਸਾਂਝਾ ਸਰੂਪ ਤਹਿ ਕਰਨ ਸਮੇਂ ਆਪੋ ਆਪਣੀਆਂ ਤਜਵੀਜ਼ਾਂ ਨੂੰ ਹੂ-ਬਹੂ ਲਾਗੂ ਕਰਾਉਣ ਦੀ ਕੱਟੜਤਾ ਤੋਂ ਪ੍ਰਹੇਜ਼ ਕਰਦਿਆਂ ਵੱਧ ਤੋਂ ਵੱਧ ਸਾਰਥਕ ਅਤੇ ਸੰਭਵ ਹੱਦ ਤੱਕ ਅਸਰਦਾਰ ਸਾਂਝੇ ਐਕਸ਼ਨਾਂ ਨੂੰ ਸਾਕਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ।

                ਸਮੇਂ ਸਮੇਂ ਅਜਿਹੇ ਸਾਂਝੇ ਐਕਸ਼ਨ ਤਹਿ ਕਰਨ ਅਤੇ ਲਾਗੂ ਕਰਨ ਲਈ ਜਥੇਬੰਦਕ ਸਾਮੇ ਲੋੜ ਅਨੁਸਾਰ ਤਹਿ ਕੀਤੇ ਜਾ ਸਕਦੇ ਹਨ ਤਾਂ ਵੀ ਇਸ ਮਕਸਦ ਲਈ ਹੋਂਦ ਵਿੱਚ ਆਏ ਕਿਸੇ ਪਲੇਟਫਾਰਮ ਨੂੰ ਤਾਲਮੇਲ ਦਾ ਪਲੇਟਫਾਰਮ ਹੀ ਸਮਝਿਆ ਜਾਣਾ ਚਾਹੀਦਾ ਹੈ। ਸੰਘਰਸ਼ ਸਰਗਰਮੀਆਂ ਦਾ ਤਾਲਮੇਲ ਕਰਨ ਅਤੇ ਸਮੇਂ ਸਮੇਂ ਸਾਂਝੇ ਐਕਸ਼ਨਾਂ ਦੀ ਸੰਭਾਵਨਾ ਫਰੋਲਣ ਅਤੇ ਲਾਗੂ ਕਰਨ ਦੇ ਪਲੇਟਫਾਰਮ ਨੂੰ ਸੰਘਰਸ਼ ਦੀ ਸਾਂਝੀ ਅਗਵਾਈ ਦੇ ਪਲੇਟਫਾਰਮ ਵਜੋਂ ਸਮਝਣਾ ਅਤੇ ਉਭਾਰਨਾ ਦਰੁਸਤ ਨਹੀਂ ਹੋਵੇਗਾ। ਨਾ ਹੀ ਅਜਿਹੇ ਪਲੇਟਫਾਰਮ ਨੂੰ ਵੱਖ ਵੱਖ ਜਥੇਬੰਦੀਆਂ ਦੀ ਅਜ਼ਾਦਾਨਾ ਘੋਲ ਸਰਗਰਮੀ ਦੇ ਮੁਕਾਬਲੇ ਤੇ ਜਾਂ ਇਸਦੇ ਬਦਲ ਵਜੋਂ ਸਮਝਣਾ ਅਤੇ ਪੇਸ਼ ਕਰਨਾ ਦਰੁਸਤ ਹੋਵੇਗਾ।

ਸਾਂਝੀ ਪ੍ਰਚਾਰ ਤੇ ਐਜੀਟੇਸ਼ਨਲ ਸਰਗਰਮੀ ਦਾ ਪੱਖ

                ਘੋਲ ਸਰਗਰਮੀ ਤੋਂ ਇਲਾਵਾ ਸਾਂਝੀ ਸਰਗਰਮੀ ਦਾ ਇੱਕ ਹੋਰ ਪੱਖ ਵੀ ਹੈ। ਇਹ ਪੱਖ ਹੈ ਸਾਂਝੀਆਂ ਮੰਗਾਂ ਨੂੰ ਉਭਾਰਨ ਅਤੇ ਮਕਬੂਲ ਬਣਾਉਣ ਲਈ ਸਾਂਝੇ ਉੱਦਮ ਜੁਟਾਉਣ ਦਾ ਪੱਖ। ਇਹਨਾਂ ਨੂੰ ਕਿਸੇ ਤਬਕੇ ਜਾਂ ਜਮਾਤ ਦੇ ਵਿਸ਼ਾਲ ਹਿੱਸਿਆਂ ਦੇ ਸਰੋਕਾਰ ਵਜੋਂ ਪ੍ਰਚਾਰਨ, ਇਹਨਾਂ ਦੀ ਵਾਜਬੀਅਤ ਜਚਾਉਣ          ਅਤੇ ਵਜਾਹਤ ਕਰਨ ਦਾ ਪੱਖ। ਇਹਨਾਂ                                                           ਮੁੱਦਿਆਂ ਤੇ ਸੰਘਰਸ਼ ਖਾਤਰ ਲੋਕਾਂ ਨੂੰ ਉਭਾਰਨ, ਮਸਲਿਆਂ ਦੀ ਚੋਭ ਰੜਕਾਉਣ ਅਤੇ ਮੁੱਢਲੀ ਲਾਮਬੰਦੀ ਕਰਨ ਲਈ ਕੀਤੀ ਜਾਣ ਵਾਲੀ ਐਜੀਟੇਸ਼ਨਲ ਸਰਗਰਮੀ ਦਾ ਪੱਖ। ਅਜਿਹੀ ਸਰਗਰਮੀ ਦੇ ਘੇਰੇ ਵਿੱਚ ਵਿੱਚ ਕਿਸੇ ਤਬਕੇ ਜਾਂ ਜਮਾਤ ਦੀਆਂ ਅੰਸ਼ਕ ਫੌਰੀ ਮੰਗਾਂ ਤੋਂ ਲੈ ਕੇ, ਅਹਿਮ ਅਤੇ ਬੁਨਿਆਦੀ ਮੰਗਾਂ ਤੱਕ ਸ਼ਾਮਲ ਹੋ ਸਕਦੀਆਂ ਹਨ। ਮੰਗਾਂ ਸਬੰਧੀ ਸਾਂਝੀ ਸਮਝ ਅਤੇ ਪਹੁੰਚ ਦੇ ਆਧਾਰ ਤੇ ਵੱਖ ਵੱਖ ਜਥੇਬੰਦੀਆਂ ਇਸ ਮਕਸਦ ਲਈ ਢੁਕਵੀਆਂ ਸ਼ਕਲਾਂ ਵਿੱਚ ਸਾਂਝੇ ਉੱਦਮ ਜੁਟਾ ਸਕਦੀਆ ਹਨ। ਇਸ ਮਕਸਦ ਲਈ ਕਿਹਨਾਂ ਜਥੇਬੰਦੀਆਂ ਦੀ ਕਿਹਨਾਂ ਮੁੱਦਿਆਂ ਤੇ ਕਿਸ ਪੱਧਰ ਦੀ ਅਤੇ ਕਿੰਨੀ ਕੁ ਆਰਜ਼ੀ ਜਾਂ ਮੁਕਾਬਲਤਨ ਸਥਾਈ ਸਰਗਰਮੀ ਸੰਭਵ ਹੈ-ਇਹ ਸਬੰਧਤ ਜਥੇਬੰਦੀਆਂ ਦੀ ਸਮਝ, ਚੇਤਨਾ ਪੱਧਰ ਅਤੇ ਖਾਸੇ ਤੇ ਨਿਰਭਰ ਕਰਦਾ ਹੈ। ਅਜਿਹੀਆਂ ਸਾਂਝੀਆਂ ਸਰਗਰਮੀਆਂ ਮੰਗਾਂ ਵਿੱਚ ਵਿਆਪਕ ਮਹੌਲ ਬਣਾਉਣ ਵਿੱਚ ਚੰਗਾ ਰੋਲ ਅਦਾ ਕਰ ਸਕਦੀਆਂ ਹਨ ਤੇ ਅਜ਼ਾਦਾਨਾ ਜਾਂ ਸਾਂਝੀਆਂ ਸ਼ਕਲਾਂ ਵਿੱਚ ਕੀਤੀ ਜਾਣ ਵਾਲੀ ਘੋਲ ਸਰਗਰਮੀ ਦੀਆਂ ਪੂਰਕ ਬਣ ਸਕਦੀਆਂ ਹਨ ਪਰ ਅਜਿਹੇ ਮਕਸਦ ਲਈ ਬਣੇ ਪਲੇਟਫਾਰਮ ਵੀ ਬਕਾਇਦਾ ਸੰਘਰਸ਼ ਪਲੇਟਫਾਰਮਾਂ ਵਜੋਂ ਵਖਰਿਆਏ ਜਾਣੇ ਚਾਹੀਦੇ ਹਨ।

 

 

 

 


No comments:

Post a Comment