Sunday, March 7, 2021

ਅਰੁੰਧਤੀ ਰਾਏ- ਦਿੱਲੀ ਟਿੱਕਰੀ ਮੋਰਚੇ ’ਤੇ ਕੀਤੀ ਟਕਰੀਰ

 

 

ਕਿਸਾਨੀ ਅੰਦੋਲਨ ਨੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ-ਅਰੁੰਧਤੀ ਰਾਏ

(ਦਿੱਲੀ ਟਿੱਕਰੀ ਮੋਰਚੇ ਤੇ ਕੀਤੀ ਟਕਰੀਰ)

            ਇਨਕਲਾਬ ਜਿੰਦਾਬਾਦ!!ਮੈਨੂੰ ਇੱਥੇ ਬਹੁਤ ਦਿਨ ਪਹਿਲਾਂ ਆ ਜਾਣਾ ਚਾਹੀਦਾ ਸੀ, ਪਰ ਇੱਥੇ ਇਸ ਕਰਕੇ ਨਹੀਂ ਆਈ ਸੀ, ਇਹ ਸਰਕਾਰ ਤਰਾਂ ਤਰਾਂ ਦੀਆਂ ਦੂਸ਼ਣਬਾਜੀਆਂ ਲਾਉਂਦੀ ਰਹਿੰਦੀ ਹੈ ਕਿ ਇਹ ਅੱਤਵਾਦੀ ਹਨ, ਨਕਸਲਵਾਦੀ ਹਨ, ਮਾਓਵਾਦੀ ਹਨ। ਇਹ ਕੁੱਝ ਤਾਂ ਮੇਰੇ ਨਾਲ ਬਹੁਤ ਪਹਿਲਾਂ ਹੋ ਚੁੱਕਿਆ ਹੈ। ਇਸ ਲਈ ਮੈਂ ਨਹੀਂ ਚਾਹੁੰਦੀ ਸੀ ਕਿ ਜੋ ਕੁੱਝ ਮੇਰੇ ਨਾਲ ਹੋਇਆ ਹੈ, ਮੇਰੇ ਤੇ ਟੁਕੜੇ ਟੁਕੜੇ ਗੈਂਗ, ਮਾਓਵਾਦੀ, ਅੱਤਵਾਦੀ ਹੋਣ ਦੇ ਫਤਵੇ ਜਾਰੀ ਕੀਤੇ- ਮੈਂ ਨਹੀਂ ਸੀ ਚਾਹੁੰਦੀ ਕਿ ਇਹ ਫਤਵੇ ਤੁਹਾਡੇ ਲਈ ਵੀ ਜਾਰੀ  ਹੋਣ। ਇਹ ਕੁੱਝ ਤੁਹਾਡੇ ਉੱਪਰ ਵੀ ਥੋਪਿਆ ਜਾਣਾ ਸੀ। ਪਰ ਇਹ ਕੁੱਝ ਤਾਂ ਹੁਣ ਤੁਹਾਡੇ ਨਾਲ ਵੀ ਹੋ ਚੁੱਕਿਆ ਹੈ। ਤੁਹਾਨੂੰ ਵੀ ਇਹ ਨਾਮ ਮਿਲ ਗਿਆ ਹੈ। ਤੁਹਾਨੂੰ ਵੀ ਇਹ ਮੁਬਾਰਕ ਹੋਵੇ!

            ਤੁਸੀਂ ਇਹ ਅੰਦੋਲਨ ਹਾਰ ਨਹੀਂ ਸਕਦੇ, ਕਿਉਂਕਿ ਇਹ ਦਿਲ ਵਾਲਿਆਂ ਦਾ ਅੰਦੋਲਨ ਹੈ। ਤੁਸੀਂ ਹਾਰ ਨਹੀਂ ਸਕਦੇ- ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਪੂਰੇ ਦੇਸ਼ ਦੀਆਂ ਉਮੀਦਾਂ ਤੁਹਾਡੇ ਨਾਲ ਹਨ। ਤੁਸੀਂ ਲੜਨ ਵਾਲੇ ਆ ਗਏ ਦਿੱਲੀ ਤੱਕ। ਤੁਸੀਂ ਲੋਕ ਹਾਰਨ ਵਾਲੇ ਲੋਕ ਨਹੀਂ ਹੋ। ਇਸ ਲਈ ਤੁਹਾਨੂੰ ਵਧਾਈਆਂ!

            ਮੈਨੂੰ ਜ਼ਿਆਦਾ ਲੋਕਾਂ ਦੇ ਇਕੱਠ ਵਿੱਚ ਭਾਸ਼ਣ ਕਰਨ ਦੀ ਆਦਤ ਨਹੀਂ ਹੈ। ਪਰ ਅਸੀਂ ਪਿਛਲੇ 20 ਸਾਲਾਂ ਤੋਂ ਲਿਖਦੇ ਆ ਰਹੇ ਸੀ, ਜੋ ਕੁੱਝ ਅਸੀਂ ਕਿਤਾਬਾਂ ਵਿੱਚ ਪੜਦੇ ਸੀ, ਜੋ ਕੁਝ ਅਸੀਂ ਅਖਬਾਰਾਂ ਵਿੱਚ ਪੜਦੇ ਸੀ, ਇਸ ਅੰਦੋਲਨ ਨੇ ਉਸ ਸਭ ਕੁੱਝ ਨੂੰ ਇੱਕ ਜ਼ਮੀਨੀ ਹਕੀਕਤ ਬਣਾ ਦਿੱਤਾ ਹੈ। ਇਸ ਅੰਦੋਲਨ ਨੇ ਹਰ ਮਰਦ-ਔਰਤ ਨੂੰ, ਹਰ ਇੱਕ ਨੂੰ ਸਮਝਾ ਦਿੱਤਾ ਕਿ ਦੇਸ਼ ਵਿੱਚ ਹੋ ਕੀ ਰਿਹਾ ਹੈ। ਹਰ ਚੋਣ ਤੋਂ ਪਹਿਲਾਂ ਇਹ ਲੋਕ ਤੁਹਾਡੇ ਕੋਲ ਆਉਂਦੇ ਹਨ, ਤੁਹਾਥੋਂ ਵੋਟਾਂ ਮੰਗਦੇ ਹਨ। ਅਤੇ ਫੇਰ ਇਲੈਕਸ਼ਨ ਤੋਂ ਬਾਅਦ ਸਿੱਧਾ ਅੰਬਾਨੀ-ਅਡਾਨੀ  ਪਤੰਜਾਲੀ ਤੇ ਬਾਹਰ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਕੋਲ ਚਲੇ ਜਾਂਦੇ ਹਨ।

            ਆਪਣੇ ਦੇਸ਼ ਦਾ ਇਤਿਹਾਸ ਦੇਖੋ, ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਤੋਂ ਬਾਅਦ ਵਿੱਚ 1960ਵਿਆਂ ਵਿੱਚ ਲੋਕ ਅੰਦੋਲਨ ਕਰ ਰਹੇ ਸਨ। ਉਹ ਲੜੇ ਸੀ ਕਿ ਜਾਗੀਰਦਾਰੀ ਖਤਮ ਹੋਵੇ, ਮਜ਼ਦੂਰਾਂ ਨੂੰ ਹੱਕ ਮਿਲਣ। ਹਾਕਮਾਂ ਨੇ ਉਹ ਸਭ ਕੁਚਲ ਦਿੱਤਾ। ਫੇਰ 1980 ਤੋਂ ਬਾਅਦ ਵਿੱਚ ਲੋਕ ਲੜੇ ਸੀ ਕਿ ਉਜਾੜਾ ਨਾ ਹੋਵੇ, ਜੋ ਕੁੱਝ ਉਹਨਾਂ ਨਾਲ ਹੋਇਆ ਉਹ ਕੁੱਝ ਹੁਣ ਤੁਹਾਡੇ ਨਾਲ ਕਰਨਾ ਚਾਹੁੰਦੇ ਹਨ। ਇਹ ਕੁੱਝ ਗਰੀਬ ਆਦਿਵਾਸੀਆਂ ਦੇ ਨਾਲ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ। ਜਿਵੇਂ ਬਸਤਰ ਵਿੱਚ ਹੈ, ਉਥੇ ਨਕਸਲੀ ਕੀ ਕਰਦੇ ਹਨ? ਮਾਓਵਾਦੀ ਕੀ ਕਰਦੇ ਹਨ? ਜੋ ਕੁੱਝ ਉਹ ਕਰ ਰਹੇ ਹਨ, ਕਿਉਂ ਕਰ ਰਹੇ ਹਨ? ਉਹ ਇਸ ਲਈ ਕਰ ਰਹੇ ਹਨ ਕਿ ਆਦਿਵਾਸੀਆਂ ਦੀ ਜ਼ਮੀਨ, ਆਦਿਵਾਸੀਆਂ ਦੇ ਪਹਾੜ ਆਦਿਵਾਸੀਆਂ ਦੀਆਂ ਨਦੀਆਂ, ਵੱਡੀਆਂ ਵੱਡੀਆਂ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਉਹਨਾਂ ਦੇ ਘਰ ਸਾੜ ਦਿੱਤੇ ਗਏ, ਉਹਨਾਂ ਨੂੰ ਪਿੰਡਾਂ ਵਿੱਚੋਂ ਕੱਢ ਦਿੱਤਾ ਗਿਆ । ਵੱਡੇ ਵੱਡੇ ਡੈਮ ਬਣਾ ਦਿੱਤੇ ਗਏ, ਜਿਵੇਂ ਨਰਮਦਾ ਦੀ ਲੜਾਈ ਸੀ। ਪਿੰਡਾਂ ਦੇ ਪਿੰਡ ਖਾਲੀ ਕਰਵਾ ਲਏ। ਹੁਣ ਉਹ ਵੱਡੇ ਕਿਸਾਨਾਂ ਦੇ ਨਾਲ ਵੀ ਓਹੀ ਕੁੱਝ ਕਰਨ ਜਾ ਰਹੇ ਹਨ। ਅੱਜ ਮੈਨੂੰ ਪਤਾ ਹੈ ਕਿ ਇਸ ਲੜਾਈ ਵਿੱਚ ਮਜ਼ਦੂਰ ਵੀ ਹਨ, ਕਿਸਾਨ ਵੀ ਹਨ, ਸਾਰੇ ਇੱਕਜੁੱਟ ਹੋ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਅੰਦੋਲਨ ਨੇ ਸਭਨਾਂ ਨੂੰ ਏਕਤਾ ਦਾ ਮਹੱਤਵ ਸਮਝਾ ਦਿੱਤਾ ਹੈ।

            ਇਹ ਸਰਕਾਰ ਦੋ ਤਰਾਂ ਦੇ ਹਥਕੰਡੇ ਵਰਤ ਰਹੀ ਹੈ, ਇੱਕ ਹੈ ਲੋਕਾਂ ਨੂੰ ਪਾੜ ਕੇ ਰੱਖਣਾ ਅਤੇ ਦੂਸਰਾ ਹੈ ਇਸ ਅੰਦੋਲਨ ਨੂੰ ਕੁਚਲਣਾ। ਇਸ ਸਬੰਧੀ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਹਨ, ਇਸ ਅੰਦੋਲਨ ਨੂੰ ਤੋੜਨ, ਪਾਟਣ ਖਰੀਦਣ ਦੀਆਂ। ਸਰਕਾਰ ਨੇ ਤਾਂ ਕਹਿ ਦਿੱਤਾ ਹੈ ਕਿ ਉਹ ਕਾਨੂੰਨ ਵਾਪਸ ਨਹੀਂ ਲਵੇਗੀ। ਤੁਸੀਂ ਆਪਣਾ ਇਰਾਦਾ ਦੱਸ ਦਿੱਤਾ ਹੈ ਕਿ ਤੁਸੀਂ ਵਾਪਸ ਕਰਵਾਏ ਬਿਨਾ ਨਹੀਂ ਜਾਵੋਗੇ। ਸੋ ਅੱਗੇ ਕੀ ਹੋਵੇਗਾ, ਕਿਵੇਂ ਹੋਵੇਗਾ, ਇਹ ਦੇਖਣਾ ਪਵੇਗਾ। ਪਰ ਬਹੁਤ ਲੋਕ ਤੁਹਾਡੇ ਨਾਲ ਹਨ। ਇਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈ। ਇਸ ਸਰਕਾਰ ਦੇ ਖਿਲਾਫ ਬਹੁਤ ਸਾਰੇ ਲੋਕ ਲੜ ਰਹੇ ਹਨ। ਕਿਤੇ ਔਰਤਾਂ ਲੜ ਰਹੀਆਂ ਹਨ, ਕਿਤੇ ਦਲਿਤ ਲੜ ਰਹੇ ਹਨ। ਕਿਤੇ ਕਿਸਾਨ ਲੜ ਰਹੇ ਹਨ, ਕਿਤੇ ਮਜ਼ਦੂਰ ਲੜ ਰਹੇ ਹਨ। ਜਾਟ ਆਪਣੇ ਲਈ ਲੜ ਰਹੇ ਹਨ। ਇਹ ਸਭ ਦੇਖ ਕੇ ਮੈਨੂੰ ਚੰਗਾ ਲੱਗਦਾ ਹੈ। ਇਹ ਸਾਰੇ ਆਪਣੇ ਆਪਣੇ ਤੌਰ ਤੇ ਲੜ ਰਹੇ ਹਨ। ਪਰ ਜਦੋਂ ਇਹ ਸਾਰੇ ਇੱਕਜੁਟ ਹੋ ਕੇ ਲੜਦੇ ਹਨ ਤਾਂ ਇਹ ਹਾਕਮਾਂ ਲਈ ਬਹੁਤ ਵੱਡਾ ਖਤਰਾ ਬਣ ਜਾਂਦਾ ਹੈ। ਇਸ ਤਰਾਂ ਜਿਸ ਤਰਾਂ ਤੁਸੀਂ ਲੜ ਰਹੇ ਹੋ, ਇਹੋ ਜਿਹਾ ਅੰਦੋਲਨ ਦੁਨੀਆਂ ਵਿੱਚ ਕਿਤੇ ਨਹੀਂ ਹੋਇਆ। ਕਿਤੇ ਵੀ ਨਹੀਂ ਹੈ। ਇਸ ਲਈ ਤੁਹਾਨੂੰ ਵਧਾਈ ਹੋਵੇ। ਇਹ ਤੁਹਾਡਾ ਇਤਫ਼ਾਕ ਹੈ ਸਰਕਾਰ ਦੇ ਖਿਲਾਫ। ਇਸ ਚੀਜ਼ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਤੁਹਾਡੀ ਲੜਾਈ ਸਿਰਫ ਅੰਬਾਨੀ-ਅਡਾਨੀ ਜਾਂ ਪਤੰਜਲੀ ਨਾਲ ਹੀ ਨਹੀਂ ਹੈ, ਉਹਨਾਂ ਦੇ ਕੋਲ ਬਹੁਤ ਖਤਰਨਾਕ ਚੀਜ਼ ਇਸ ਦੇਸ਼ ਵਿੱਚ ਹੈ ਗੋਦੀ ਮੀਡੀਆ। ਜਿਵੇਂ ਅੰਬਾਨੀ ਦੇ ਕੋਲ 27 ਮੀਡੀਆ ਚੈਨਲ ਹਨ। ਉਹ ਕੀ ਖਬਰ ਦੇਵੇਗਾ ਉਹ ਤੁਹਾਡੇ ਜਾਂ ਸਾਡੇ ਬਾਰੇ ਖਬਰ ਨਹੀਂ ਦੇਣਗੇ। ਉਹ ਤਾਂ ਸਾਨੂੰ ਸਿਰਫ ਗਾਲਾਂ ਹੀ ਦੇ ਸਕਦੇ ਹਨ। ਉਹ ਤਰਾਂ ਤਰਾਂ ਦੇ ਦੂਸ਼ਣ ਲਾ ਕੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੁਹਾਨੂੰ ਇਹ ਵੀ ਸਮਝ ਵਿੱਚ ਆ ਗਿਆ ਹੈ ਕਿ ਇਥੇ ਮੀਡੀਆ ਦਾ ਰੋਲ ਕੀ ਹੈ। ਉਸਦਾ ਰੋਲ ਬਹੁਤ ਬਹੁਤ ਖਤਰਨਾਕ ਹੈ। ਅਜਿਹਾ ਕੁੱਝ ਦੁਨੀਆਂ ਵਿੱਚ ਨਹੀਂ ਹੈ, ਇਸ ਸਮੇਂ ਦੇਸ਼ ਵਿੱਚ 400 ਤੋਂ ਵਧੇਰੇ ਮੀਡੀਆ ਚੈਨਲ ਹਨ। ਜਦੋਂ ਕੋਰੋਨਾ ਆਇਆ ਤਾਂ ਉਹਨਾਂ ਨੇ ਮੁਸਲਮਾਨਾਂ ਨਾਲ ਕੀ ਕੀਤਾ ਉਹਨਾਂ ਨੇ ਕਿੰਨਾ ਝੂਠ ਬੋਲਿਆ। ਕੋਰੋਨਾ ਕੋਰੋਨਾ ਦਾ ਰੌਲਾ ਪਾਇਆ। ਉਹ ਹੁਣ ਤੁਹਾਡੇ ਬਾਰੇ ਝੂਠ ਬੋਲ ਰਹੇ ਹਨ। ਉਹ ਤੁਹਾਡੇ ਬਾਰੇ ਪ੍ਰਚਾਰ ਕਰ ਰਹੇ ਹਨ ਕਿ ਇਹ ਕਰ ਕੀ ਰਹੇ ਹਨ। ਉਹ ਤੁਹਾਡੇ ਬਾਰੇ ਪ੍ਰਚਾਰ ਕਰ ਰਹੇ ਹਨ ਕਿ ਕੋਰੋਨਾ ਆ ਜਾਵੇਗਾ।

            ਇਹ ਸਰਕਾਰ ਜਿਹੜੇ ਵੀ ਕਾਨੂੰਨ ਲੈ ਕੇ ਆਉਂਦੀ ਹੈ, ਉਹ ਅੱਧੀ ਰਾਤ ਨੂੰ ਹੀ ਲੈ ਕੇ ਆਉਂਦੀ ਹੈ। ਨੋਟਬੰਦੀ ਅੱਧੀ ਰਾਤ ਨੂੰ। ਜੀ.ਐਸ.ਟੀ. ਬਿਨਾ ਕੋਈ ਗੱਲਬਾਤ ਕਰੇ ਤੋਂ। ਤਾਲਾਬੰਦੀ ਚਾਰ ਘੰਟੇ ਦੇ ਨੋਟਿਸ ਨਾਲ। ਕਿਸਾਨਾਂ ਦੇ ਖਿਲਾਫ ਜੋ ਕਾਨੂੰਨ ਹੈ, ਉਸ ਸਬੰਧੀ ਕਿਸੇ ਨਾਲ ਗੱਲ ਨਹੀਂ ਕੀਤੀ। ਖੇਤੀ ਆਰਡੀਨੈਂਸ ਲਿਆਂਦਾ ਅਤੇ ਲਿਆਉਣ ਤੋਂ ਬਾਅਦ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਥੇ ਸਾਰੇ ਕੰਮ ਉਲਟੇ ਹੋ ਰਹੇ ਹਨ। ਇਹ ਗੱਲਬਾਤ ਦਾ ਸਿਲਸਿਲਾ ਪਹਿਲਾਂ ਚੱਲਣਾ ਚਾਹੀਦਾ ਸੀ, ਬਾਅਦ ਵਿੱਚ ਨਹੀਂ। ਅਸੀਂ ਸਾਰੇ ਲੋਕ ਤੁਹਾਡੇ ਨਾਲ ਹਾਂ, ਐਨਾ ਹੀ ਨਹੀਂ ਅਸੀਂ ਖੁਦ ਇਸ ਦਾ ਹਿੱਸਾ ਹਾਂ। ਸਾਨੂੰ ਲੜਾਈ ਕਰਨੀ ਪੈਣੀ ਹੈ ਅਤੇ ਇਹ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਵਿਸ਼ਾਲ ਘੋਲ ਬਣ ਗਿਆ ਹੈ। ਇਹ ਕਾਨੂੰਨ ਸਰਕਾਰ ਨੂੰ ਹਰ ਹਾਲਤ ਵਿੱਚ ਵਾਪਸ ਲੈਣਾ ਪਵੇਗਾ। ਇਹ ਅੰਦੋਲਨ ਹਾਰਨੇ ਵਾਲਾ ਨਹੀਂ ਹੈ। ਇਨਕਲਾਬ-ਜਿੰਦਾਬਾਦ!

 

No comments:

Post a Comment