Sunday, March 7, 2021

ਸੂਰਜ ਸਾਡੇ ਚੁੱਲੇ ਬਲਦਾ - ਅਮੋਲਕ ਸਿੰਘ

 

 

ਸੂਰਜ ਸਾਡੇ ਚੁੱਲੇ ਬਲਦਾ

- ਅਮੋਲਕ ਸਿੰਘ

ਨਵੇਂ ਵਰੇ ਦੀਆਂ ਨਵੀਆਂ ਬਾਤਾਂ

ਅੱਧੀ ਰਾਤੀਂ ਪਾਈਏ

ਨੈਣ ਅਸਾਡੇ ਬਣੇ ਕੈਮਰੇ

ਫੋਟੋ ਖਿੱਚ ਲਿਆਈਏ

            ਇੱਕ ਸੂਰਜ ਸਾਡੇ ਚੁੱਲੇ ਬਲਦਾ

            ਦੂਜਾ ਬਲਦਾ ਸੀਨੇ

            ਜੇਠ ਹਾੜ ਸਾਡੇ ਸਾਹੀਂ ਵਸਦੇ

            ਸੱਜਣਾ ਪੋਹ ਮਹੀਨੇ।

ਚੰਨ ਜਦੋਂ ਵੀ ਰੋਟੀ ਲੱਗੇ

ਮਾਂ ਦਾ ਮੁੱਖ ਸਵੇਰਾ

ਜਿਨਾਂ ਮੱਥੇ ਜੋਤ ਜਗੇਂਦੀ

ਕੀ ਕਰੇਗਾ ਨੇਰਾ।

            ਕੁੱਲ ਦੁਨੀਆਂ ਨੇ ਅੰਬਰੀਂ ਤੱਕੇ

            ਸੂਰਜ, ਚੰਨ, ਸਿਤਾਰੇ

            ਮੈਂਤਾਂ ਸੂਰਜ ਰਾਤੀਂ ਡਿੱਠਾ

            ਦਿੱਲੀ ਸੜਕ ਕਿਨਾਰੇ।

ਦਿੱਲੀ ਨਵਾਂ ਸਾਲ ਚੜੇ ਨੂੰ

ਹੋ ਗਿਆ ਇੱਕ ਮਹੀਨਾ

ਪੌਣਾਂ ਦੇ ਵਿੱਚ ਗੀਤ ਇਹ ਗੂੰਜੇ

ਖੋਹ ਲਊ ਕੌਣ ਜਮੀਨਾਂ।

            ਰਣਦੀਪ ਸਿਆਂ ਹੁਣ ਜੀਨੀ ਲੱਗਦਾ

            ਨਾ ਦਿਸਦਾ ਕੰਮੀ ਭਾਈ

            ਗਲ ਲੱਗ ਰੋਂਦੇ ਦੀ ਕੋਈ ਫੋਟੋ

            ਖਿੱਚ ਕੇ ਲਿਆ ਨਵਰਾਹੀ।

ਧਰਤੀ ਨੇ ਹੈ ਕਰਵਟ ਲੈਣੀ

ਜਦ ਜੁੜ ਗਏ ਬੇਜਮੀਨੇ

ਹਰ ਪਲ ਨਵਾਂ ਸਾਲ ਹੋਏਗਾ

ਹਰ ਪਲ ਨਵੇਂ ਮਹੀਨੇ।

            ਚੁੱਲੇ ਚੌਂਕੇ ਦੇਈਏ ਹੋਕਾ

            ਗਲ ਲਾ ਤੂੰ ਕਿਰਸਾਨਾ

            ਮਘਦਾ ਰਹਿ ਕੰਮੀਆਂ ਦੇ ਵਿਹੜੇ

            ਜਾਣਾ ਬਦਲ ਜਮਾਨਾ।

   

No comments:

Post a Comment