Monday, March 8, 2021

ਕਿਸਾਨ ਲਹਿਰ ਦੀਆਂ ਮਹੱਤਵਪੂਰਨ ਵਿਲੱਖਣਤਾਵਾਂ

 

ਕਿਸਾਨ ਲਹਿਰ ਦੀਆਂ ਮਹੱਤਵਪੂਰਨ ਵਿਲੱਖਣਤਾਵਾਂ

 ਪਰਮਿੰਦਰ ਸਿੰਘ

            ਇਸ ਵੇਲੇ ਦਿੱਲੀ ਦੇ ਆਲੇ ਦੁਆਲੇ ਮੋਰਚੇ ਦੇ ਰੂਪ ਵਿੱਚ ਚੱਲ ਰਿਹਾ ਅਤੇ ਪੰਜਾਬ ਤੇ ਹਰਿਆਣੇ ਵਿੱਚ ਟੋਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅਤੇ ਬੀਜੇਪੀ ਦੇ ਨੇਤਾਵਾਂ ਦੇ ਘਰਾਂ ਅੱਗੇ ਸ਼ਾਂਤਮਈ ਧਰਨਿਆਂ ਦੇ ਰੂਪ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਸਿਰਫ਼ ਕਿਸਾਨ ਅੰਦੋਲਨ ਨਾ ਰਹਿ ਕੇ ਇੱਕ ਅਜਿਹੀ ਲੋਕ ਲਹਿਰ ਵਿੱਚ ਤਬਦੀਲ ਹੋ ਚੁੱਕਾ ਹੈ ਜਿਸ ਦੇ ਵਿਸ਼ਾਲ ਕਲਾਵੇ ਵਿੱਚ ਇਹ ਸਾਰੇ ਕਿਰਤੀ ਲੋਕਾਂ ਦੀਆਂ ਮੰਗਾਂ ਤੇ ਉਮੰਗਾਂ ਦੀ ਲਹਿਰ ਬਣ ਚੁੱਕੀ ਹੈ। ਸਿੰਘੂ, ਟੀਕਰੀ, ਗਾਜ਼ੀਪੁਰ ਅਤੇ ਸ਼ਾਹਜਹਾਂਪੁਰ ਬਾਰਡਰਾਂ ਤੇ ਚੱਲ ਰਹੇ ਕਿਸਾਨ ਮੋਰਚੇ ਆਮ ਲੋਕਾਈ ਲਈ ਤੀਰਥ ਅਸਥਾਨ ਬਣ ਗਏ ਹਨ। ਪੰਜਾਬ ਵਿੱਚੋਂ ਹਰ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਨਾਂ ਸਥਾਨਾਂ ਦੀ ਯਾਤਰਾ ਕਰਨ ਲਈ ਰਵਾਨਾ ਹੋ ਰਹੇ ਹਨ। ਇਨਾਂ ਸਥਾਨਾਂ ਤੇ ਜਾਣ ਦਾ ਅਮਲ ਉਨਾਂ ਤੋਂ ਕੋਈ ਜਥੇਬੰਦਕ ਤੌਰ ਤੇ ਕਰਵਾ ਨਹੀਂ ਰਿਹਾ ਹੈ, ਸਗੋਂ ਇਹ ਉਨਾਂ ਦੇ ਅਜੋਕੇ ਆਰਥਿਕ ਅਤੇ ਸੱਭਿਆਚਾਰਕ ਸੰਕਟ ਵਿੱਚ ਉਲਝੇ ਜ਼ਿੰਦਗੀ ਦੇ ਪੈਟਰਨਾਂ ਅਤੇ ਉਨਾਂ ਦੀਆਂ ਸਾਂਝੀਵਾਲਤਾ ਦੇ ਪਦਾਰਥਕ ਆਧਾਰ ਤੇ ਉੱਸਰੀਆਂ ਉਮੰਗਾਂ ਵਿੱਚੋਂ ਹੀ ਪੈਦਾ ਹੋਇਆ ਹੈ। ਲੋਕਾਂ ਦੇ ਇਸ ਅਮਲ ਨੇ ਉਨਾਂ ਦੇ ਧੁਰ ਅੰਦਰ ਵਸਦੀ ਉਸ ਬੇਗਾਨਗੀ ਦੀ ਭਾਵਨਾ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ ਜੋ ਉਨਾਂ ਦੀਆਂ ਅਸਤਿਤਵੀ ਹਸਤੀਆਂ ਵਿੱਚ ਅਜੋਕੇ ਆਰਥਿਕ ਅਤੇ ਰਾਜ ਕਰਦੇ ਰਾਜਸੀ ਨਿਜ਼ਾਮ ਦੀਆਂ ਲੋਕ ਵਿਰੋਧੀ, ਸੰਕਟ ਨੂੰ ਪੈਦਾ ਕਰਨ ਵਾਲੀਆਂ ਅਤੇ ਨਾਲ ਹੀ ਸੰਕਟਗ੍ਰਸਤ ਹੋ ਚੁੱਕੀਆਂ ਨੀਤੀਆਂ ਦੇ ਖ਼ਿਲਾਫ਼ ਬਹੁਤ ਲੰਬੇ ਸਮੇਂ ਤੋਂ ਪਣਪ ਰਹੀ ਸੀ। ਇਨਾਂ ਆਰਥਿਕ ਨੀਤੀਆਂ ਅਤੇ ਇਨਾਂ ਦੇ ਅਨੁਸਾਰ ਹੀ ਚਲਾਏ ਜਾ ਰਹੇ ਰਾਜ ਪ੍ਰਬੰਧ ਦੇ ਵਿਰੁੱਧ ਉਨਾਂ ਦੇ ਮਨਾਂ ਵਿੱਚ ਪੈਦਾ ਹੋ ਰਹੇ ਗੁੱਸੇ ਨੂੰ ਵੀ ਇਸ ਕਿਸਾਨ ਲਹਿਰ ਨੇ ਬਾਹਰ ਲਿਆ ਕੇ ਪ੍ਰਤੱਖ ਰੂਪ ਦੇ ਦਿੱਤਾ ਹੈ। ਰਾਜ ਅਤੇ ਇਸ ਤੇ ਕਾਬਜ਼ ਰਾਜਨੀਤਕ ਸ਼ਕਤੀ, ਜੋ ਕਿ ਇਸ ਵੇਲੇ ਮੁੱਖ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਚੋਟੀ ਦੇ ਨੇਤਾਵਾਂ ਵਿੱਚ ਸਮੋਈ ਹੋਈ ਹੈ, ਦੇ ਵਿਰੁੱਧ ਹੀ ਇਸ ਬੇਗਾਨਗੀ ਅਤੇ ਗੁੱਸੇ ਦੀ ਭਾਵਨਾ ਦਾ ਇਜ਼ਹਾਰ ਹੋ ਰਿਹਾ ਹੈ। ਵਿਚਾਰਧਾਰਕ ਪੱਧਰ ਤੇ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਰਹੀ ਹੈ ਕਿ ਲੋਕਾਂ ਦੇ ਨਿਸ਼ਾਨੇ ਤੇ ਸਮੁੱਚਾ ਰਾਜ ਪ੍ਰਬੰਧ ਅਤੇ ਖ਼ਾਸ ਕਰਕੇ ਇਸ ਨੂੰ ਅੱਜਕੱਲ ਚਲਾਉਣ ਵਾਲੀ ਮੁੱਖ ਰਾਜਸੀ ਹਸਤੀ ਨਰਿੰਦਰ ਮੋਦੀ ਤਾਂ ਹੈ ਹੀ ,ਪਰ ਇਸ ਦੇ ਨਾਲ ਇਸ ਰਾਜ ਸ਼ਕਤੀ ਦੀ ਪਿੱਠਭੂਮੀ ਵਿੱਚ ਕਾਰਜਸ਼ੀਲ ਉਹ ਕਾਰਪੋਰੇਟ ਜਾਂ ਇਹ ਕਹਿਣਾ ਜ਼ਿਆਦਾ ਠੀਕ ਹੋਵੇਗਾ, ਸਮੁੱਚੀ ਆਰਥਿਕਤਾ ਤੇ ਏਕਾਅਧਿਕਾਰ ਜਮਾਉਣ ਵਾਲੀ ਵੱਡੀ ਸਰਮਾਏਦਾਰੀ ਹੈ, ਜੋ ਕਿ ਆਪਣੀ ਬਣਤਰ ਅਤੇ ਸੁਭਾਅ ਕਰਕੇ ਅੰਤਰਰਾਸ਼ਟਰੀ ਸਰਮਾਏ ਨਾਲ ਮੁਕੰਮਲ ਤੌਰ ਤੇ ਜੁੜੀ ਹੋਈ ਹੈ। ਅੱਜਕੱਲ ਸੋਸ਼ਲ ਮੀਡੀਆ ਤੇ ਅਜਿਹੇ ਕਿਤਨੇ ਹੀ ਕਾਰਟੂਨ ਪ੍ਰਚਲਤ ਹਨ ਜਿਨਾਂ ਵਿੱਚ ਰਾਜਸੀ ਸ਼ਕਤੀ ਅਤੇ ਸਰਮਾਏਦਾਰੀ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੇ ਮੋਦੀ, ਅੰਬਾਨੀ ਅਤੇ ਅਡਾਨੀ ਦੇ ਚਿਹਰਿਆਂ ਦੀ ਆਪਸੀ ਇਕਮਿਕਤਾ ਅਤੇ ਬਹੁਤ ਵਾਰੀ ਰਾਜਸੀ ਸ਼ਕਤੀ ਨੂੰ ਚਲਾਉਣ ਦੀ ਅਸਲ ਸ਼ਕਤੀ ਵੱਡੇ ਸਰਮਾਏਦਾਰੀ ਹੱਥਾਂ ਵਿੱਚ ਦਿਖਾਈ ਗਈ ਹੈ।

            ਪਹਿਲੀ ਨਜ਼ਰ ਦੇਖਿਆਂ ਇਹ ਕਿਸਾਨ ਸੰਘਰਸ਼ ਅਤੇ ਇਸ ਵਿੱਚ ਵਿਸ਼ਾਲ ਲੋਕਾਈ ਦੀ ਵੱਧ ਚੜ ਕੇ ਹੋਈ ਸ਼ਮੂਲੀਅਤ ਇੱਕ ਅਜਿਹੀ ਅਚਾਨਕ ਵਾਪਰੀ ਗਤੀਵਿਧੀ ਲੱਗਦੀ ਹੈ ਜੋ ਕਿ ਆਪਮੁਹਾਰੀ ਹੋਵੇ ਅਤੇ ਜਿਸ ਦੇ ਸਾਹਮਣੇ ਕੋਈ ਠੋਸ ਨਿਸ਼ਾਨਾ ਜਾਂ ਜਿਸ ਦੀ ਕੋਈ ਠੋਸ ਬਣਤਰ ਨਾ ਹੋਵੇ। ਇਸ ਧਾਰਨਾ ਤੋਂ ਬਿਲਕੁਲ ਹੀ ਹਟਵਾਂ ਇਸ ਲਹਿਰ ਦਾ ਆਪਣਾ ਬੁਨਿਆਦੀ ਸੁਭਾਅ ਅਤੇ ਸਰੂਪ ਹੈ। ਇਸ ਦੇ ਤੁਰਤ-ਪੈਰੇੇ ਪਿਛੋਕੜ ਅਤੇ ਲੰਬੇ ਸਮੇਂ ਤੋਂ ਵਿਕਾਸ ਕਰ ਰਹੇ ਇਸ ਦੇ ਇਤਿਹਾਸ ਦੇ ਸੰਦਰਭ ਵਿੱਚ ਦੇਖਿਆਂ ਇਹ ਗੱਲ ਭਲੀਭਾਂਤ ਸਾਫ਼ ਹੋ ਜਾਂਦੀ ਹੈ ਕਿ ਇਹ ਲਹਿਰ ਆਪ ਮੁਹਾਰੇ ਉੱਠੀ ਹੋਈ ਅਚਾਨਕ ਲਹਿਰ ਨਾ ਹੋ ਕੇ ਕਿਸਾਨ ਜਥੇਬੰਦੀਆਂ ਦੀਆਂ ਉਨਾਂ ਧਾਰਨਾਵਾਂ ਅਤੇ ਇਨਾਂ ਨੂੰ ਠੋਸ ਸ਼ਕਲ ਦੇਣ ਲਈ ਉਨਾਂ ਦੀਆਂ ਕੰਮ ਕਰਨ ਦੀਆਂ ਵਿਧੀਆਂ ਦਾ ਸਿੱਟਾ ਹੈ ਜਿਸ ਰਾਹੀਂ ਉਨਾਂ ਨੇ ਆਪਣੇ ਕਾਰਜ ਖੇਤਰ ਵਿੱਚ ਲੋਕਾਂ ਨੂੰ ਕਾਰਪੋਰੇਟ ਜਗਤ, ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਅਤੇ ਸਰਕਾਰਾਂ ਦੇ ਆਪਸੀ ਅੰਤਰ ਸੰਬੰਧਾਂ, ਆਪਸੀ ਨਿਰਭਰਤਾ ਅਤੇ ਇਨਾਂ ਦੇ ਲੋਕ ਵਿਰੋਧੀ ਕਿਰਦਾਰ ਤੋਂ ਲੋਕਾਂ ਨੂੰ ਜਾਗਰੂਕ ਕਰਕੇ ਸੰਘਰਸ਼ ਦੇ ਰਾਹ ਪਾਇਆ। ਖੇਤੀਬਾੜੀ ਨਾਲ ਸੰਬੰਧਤ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਾਅਦ ਵਿੱਚ ਬਣਾਏ ਕਾਨੂੰਨਾਂ ਤੋਂ ਤੁਰੰਤ ਬਾਅਦ ਹੀ ਜੇਕਰ ਦਿੱਲੀ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਸ਼ਾਇਦ ਇਸ ਵਿੱਚ ਲੋਕਾਂ ਦੀ ਅਜਿਹੀ ਭਰਵੀਂ ਲਾਮਬੰਦੀ ਨਾ ਹੁੰਦੀ ਜਿਹੋ ਜਿਹੀ ਕਿ ਹੁਣ ਦੇਖਣ ਨੂੰ ਮਿਲ ਰਹੀ ਹੈ। ਇਸ ਭਰਵੀਂ ਲਾਮਬੰਦੀ ਦੇ ਪਿੱਛੇ ਪੰਜਾਬ ਵਿੱਚ ਅੱਡ-ਅੱਡ ਥਾਵਾਂ ਤੇ ਚਲਾਏ ਸੰਘਰਸ਼ਾਂ ਅਤੇ ਇਨਾਂ ਰਾਹੀਂ ਲੋਕਾਂ ਨੂੰ ਦਿੱਤੀ ਸਿੱਖਿਆ ਨੂੰ ਆਸਾਨੀ ਨਾਲ ਹੀ ਦੇਖਿਆ ਜਾ ਸਕਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਰਪੋਰੇਟਾਂ ਅਤੇ ਸਰਕਾਰ ਦੀ ਮਿਲੀਭੁਗਤ ਨੂੰ ਕਿਸਾਨਾਂ ਅਤੇ ਹੋਰ ਕਿਰਤੀ ਵਰਗਾਂ ਵੱਲੋਂ ਆਪਣੇ ਨਿਸ਼ਾਨੇ ਤੇ ਲੈਣ ਦੇ ਪਿੱਛੇ ਕਿਸਾਨ ਜਥੇਬੰਦੀਆਂ ਦੇ ਉਨਾਂ ਸ਼ਾਨਾਮੱਤੇ ਸੰਘਰਸ਼ਾਂ ਦੀ ਦਾਸਤਾਨ ਪਈ ਹੈ ਜੋ ਕਿ ਉਨਾਂ ਨੇ ਕਰਜ਼ਿਆਂ, ਕੁਰਕੀਆਂ ਅਤੇ ਕਿਸਾਨੀ ਨੂੰ ਦਰਪੇਸ਼ ਹੋਰ ਮਸਲਿਆਂ ਦੇ ਖ਼ਿਲਾਫ਼ ਪਿਛਲੇ ਚਾਰ ਦਹਾਕਿਆਂ ਤੋਂ ਲੜੇ ਹਨ। ਇਸ ਸੰਦਰਭ ਵਿੱਚ ਦੇਖ ਕੇ ਇਹ ਸਾਫ਼ ਹੋ ਜਾਂਦਾ ਹੈ ਕਿ ਕਿਸਾਨਾਂ ਦੀ ਇਹ ਲਹਿਰ ਅਚਨਚੇਤੀ ਵਰਤਾਰੇ ਦੇ ਧੁੰਦਲਕੇ ਜਿਹੇ ਵਿੱਚ ਨਾ ਵਾਪਰ ਕੇ ਆਪਣੇ ਮਿਥੇ ਹੋਏ ਨਿਸ਼ਾਨੇ ਵੱਲ ਸੇਧਤ ਲਹਿਰ ਹੈ। ਇਸ ਦਾ ਇਹ ਨਿਸ਼ਾਨਾ ਆਪਣੇ ਪੈਦਾਵਾਰ ਦੇ ਬੁਨਿਆਦੀ ਵਸੀਲੇ ਯਾਨੀ ਜ਼ਮੀਨ ਅਤੇ ਇਸ ਵਿੱਚੋਂ ਪੈਦਾ ਕੀਤੀਆਂ ਫ਼ਸਲਾਂ ਦੀ ਵਾਜਬ ਕੀਮਤ ਤੇ ਪੈ ਸਕਦੇ ਕਾਰਪੋਰੇਟੀ ਛਾਪੇ ਤੋਂ ਸੁਰੱਖਿਅਤ ਕਰਨਾ ਹੈ।

            ਕਿਸਾਨ ਲਹਿਰ ਦੀ ਇਸ ਚੇਤੰਨ ਅਤੇ ਜਥੇਬੰਦ ਸੇਧ ਦਾ ਇੱਕ ਹੋਰ ਹਾਂਦਰੂ ਪੱਖ ਰਾਜ ੳੱੁਪਰ ਕਾਬਜ਼ ਧਿਰ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਅਤੇ ਖ਼ਾਸ ਤੌਰ ਤੇ 2014 ਤੋਂ ਅਮਲ ਵਿੱਚ ਲਿਆਂਦੀ ਜਾ ਰਹੀ ਫਿਰਕੂ ਅਤੇ ਇਲਾਕਾਈ ਆਧਾਰ ਤੇ ਵੰਡਾਂ ਪਾਉਣ ਦੀ ਸਿਆਸਤ ਉਪਰ ਭਾਰੂ ਪੈਣਾ ਹੈ। ਇਸ ਲਹਿਰ ਦੇ ਅੰਦਰ ਕਾਰਪੋਰੇਟ ਜਗਤ ਦੇ ਖ਼ਿਲਾਫ਼ ਪੈਦਾ ਹੋਏ ਲੋਕਾਂ ਦੇ ਸਾਂਝੇ ਜਮਾਤੀ ਪੈਂਤੜੇ ਦੇ ਸਾਹਮਣੇ ਲੋਕਾਂ ਵਿੱਚ ਪਾਟਕ ਪਾ ਕੇ ਹਿੰਸਾਤਮਕ ਹੋਣ ਵਾਲੀ ਸਿਆਸਤ ਵਿਕਣ ਵਿੱਚ ਕਾਮਯਾਬ ਨਹੀਂ ਹੋਈ। ਇਸ ਲਹਿਰ ਨੂੰ ਸਿਰਫ਼ ਪੰਜਾਬੀ ਕਿਸਾਨਾਂ ਦੀ ਲਹਿਰ, ਖਾਲਿਸਤਾਨੀ ਜਾਂ ਟੁਕੜੇ ਟੁਕੜੇ ਗੈਂਗ ਦੁਆਰਾ ਚਲਾਈ ਲਹਿਰ ਦੇ ਤੌਰ ਤੇ ਪੇਸ਼ ਕਰਨ ਦੀਆਂ ਚਾਲਾਂ ਦਿਨਾਂ ਵਿੱਚ ਹੀ ਮੂੰਹ ਪਰਨੇ ਡਿੱਗਦੀਆਂ ਨਜ਼ਰ ਆਈਆਂ ਹਨ। ਕਿਰਤ ਦੇ ਜਮਾਤੀ ਪੈਂਤੜੇ ਦੇ ਕਰਕੇ ਹੀ ੳੱੁਸਰੇ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੇ ਏਕੇ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਸਤਲੁਜ ਜਮਨਾ ਲਿੰਕ ਨਹਿਰ ਦਾ ਮਸਲਾ ਉਠਾਉਣ ਨੂੰ ਵੀ ਬੂਰ ਨਹੀਂ ਪਿਆ।

            ਇਸ ਕਿਸਾਨ ਲਹਿਰ ਦੇ ਇੱਕ ਵਿਸ਼ਾਲ ਲੋਕ ਲਹਿਰ ਵਿੱਚ ਵਟ ਜਾਣ ਦੇ ਅਮਲ ਪਿੱਛੇ ਇਸ ਵਿੱਚ ਸਿਰਫ਼ ਕਿਸਾਨਾਂ ਤੋਂ ਬਾਹਰਲੇ ਲੋਕਾਂ ਦੇ ਹਿੱਸਿਆਂ ਦੀ ਸ਼ਮੂਲੀਅਤ ਹੀ ਨਹੀਂ ਹੈ। ਇਸ ਤੋਂ ਵੀ ਅਗਾਂਹ ਜਾ ਕੇ ਇਸ ਦੁਆਰਾ ਪੇਸ਼ ਕੀਤੀਆਂ ਮੰਗਾਂ ਦੇ ਵਿਸਥਾਰ ਵਿੱਚ ਸਾਰੇ ਕਿਰਤੀ ਲੋਕਾਂ ਖ਼ਾਸ ਤੌਰ ਤੇ ਬੇਜ਼ਮੀਨੇ ਕਿਸਾਨਾਂ, ਸਨਅਤੀ ਮਜ਼ਦੂਰਾਂ ਅਤੇ ਹੋਰ ਗ਼ਰੀਬ ਤਬਕਿਆਂ ਦੀਆਂ ਲੋੜਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਸਮਰੱਥਾ ਲੁਕੀ ਹੋਈ ਹੈ। ਕਾਰਪੋਰੇਟ ਜਗਤ ਦੀ ਬਘਿਆੜਨੁਮਾ ਲੁੱਟ ਤੋਂ ਜ਼ਮੀਨਾਂ ਨੂੰ ਬਚਾਅ ਕੇ ਰੱਖਣ ਦੀ ਚਾਹਤ ਪਿੱਛੇ ਉਸ ਦੁਆਰਾ ਆਪਣੇ ਹੀ ਨਫੇ ਦੀ ਖ਼ਾਤਰ ਖੇਤੀਬਾੜੀ ਖੇਤਰ ਦੇ ਕੁੱਲ ਰੁਜ਼ਗਾਰ ਸਮੇਤ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਤੇ ਕਾਬਜ਼ ਹੋਣ ਦੀ ਸੰਭਾਵਨਾ ਨੂੰ ਰੋਕਣ ਦੀ ਕੋਸ਼ਿਸ਼ ਸਮੋਈ ਹੋਈ ਹੈ। ਕਾਰਪੋਰੇਟ ਜਗਤ ਨੇ ਤਾਂ ਜਿਵੇਂ ਕਿ ਪਿਛਲਾ ਤਜਰਬਾ ਦਰਸਾਉਂਦਾ ਹੈ, ਵੱਡਾ ਮਸ਼ੀਨੀਕਰਨ ਕਰਕੇ ਰੁਜ਼ਗਾਰ ਨੂੰ ਘਟਾ ਹੀ ਦੇਣਾ ਹੈ। ਅਡਾਨੀ ਗਰੁੱਪ ਦੁਆਰਾ ਜ਼ਿਲਾ ਫਿਰੋਜ਼ਪੁਰ ਵਿੱਚ ਸਥਾਪਤ ਸਾਈਲੋ ਗੁਦਾਮਾਂ ਵਿੱਚ ਬਹੁਤ ਹੀ ਨਿਗੂਣੀ ਗਿਣਤੀ ਵਿੱਚ ਮਜ਼ਦੂਰ ਕੰਮ ਕਰ ਰਹੇ ਹਨ। ਇਸੇ ਤਰਾਂ ਫਸਲਾਂ ਦੀ ਐੱਮ.ਐੱਸ.ਪੀ. ਅਤੇ ਸਰਕਾਰ ਦੁਆਰਾ ਖਰੀਦ ਨੂੰ ਕਾਨੂੰਨੀ ਤੌਰ ਤੇ ਯਕੀਨੀ ਬਣਾਉਣ ਪਿੱਛੇ ਕਿਸਾਨਾਂ ਦੀ ਆਪਣੀ ਵਾਜਬ ਆਮਦਨ ਦੀ ਯਕੀਨ ਦਹਾਨੀ ਦੇ ਨਾਲ ਨਾਲ ਪੂਰੇ ਪੀਡੀਐੱਸ ਸਿਸਟਮ ਨੂੰ ਬਚਾਅ ਰੱਖਣ ਦੀ ਮੰਗ ਵੀ ਸ਼ਾਮਲ ਹੈ। ਕਿਸਾਨ ਲਹਿਰ ਦੀ ਇਸ ਮੰਗ ਦੀ ਪੂਰਤੀ ਦੇ ਨਾਲ ਹੀ ਪੀਡੀਐੱਸ ਸਿਸਟਮ ਬਚ ਸਕਦਾ ਹੈ, ਨਹੀਂ ਤਾਂ ਇਸ ਦਾ ਖ਼ਾਤਮਾ ਲਾਜ਼ਮੀ ਹੈ। ਇਸ ਤਰਾਂ ਇਸ ਲਹਿਰ ਦੀਆਂ ਮੰਗਾਂ ਦਾ ਵਿਸਥਾਰ ਹੀ ਕਿਰਤੀ ਲੋਕਾਂ ਦੇ ਆਪਸੀ ਏਕੇ ਦਾ ਆਧਾਰ ਬਣਨ ਦੀ ਸੰਭਾਵਨਾ ਆਪਣੇ ਆਪ ਲੁਕੋਈ ਬੈਠਾ ਹੈ। ਮੰਗਾਂ ਦੇ ਇਸ ਵਿੱਚਾਰਧਾਰਕ ਪਸਾਰ ਵਿੱਚ ਹੀ ਇਸ ਲਹਿਰ ਦੇ ਵਿਸ਼ਾਲ ਲੋਕ ਲਹਿਰ ਵਿੱਚ ਵਟਣ ਦਾ ਆਧਾਰ ਪਿਆ ਹੈ।

            ਇਸ ਕਿਸਾਨ ਲਹਿਰ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਜਮਹੂਰੀਅਤ ਦੇ ਸਿਧਾਂਤ ਅਤੇ ਵਿਹਾਰ ਨੂੰ ਲੋਕਾਂ ਦੀ ਖਰੀ ਜਮਹੂਰੀਅਤ ਦੇ ਪਸਾਰ ਦੇਣ ਨਾਲ ਸੰਬੰਧਤ ਹੈ। ਇਸ ਪਹਿਲੂ ਦੀ ਵਿਆਖਿਆ ਲਈ ਭਾਰਤ ਵਿੱਚ ਵਿਕਸਤ ਹੋਈਆਂ ਦੋ ਲਹਿਰਾਂ ਦਾ ਹਵਾਲਾ ਦੇਣਾ ਜ਼ਰੂਰੀ ਹੈ। ਇਹ ਲਹਿਰਾਂ ਸਨ : 1974 ਦੀ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਅਤੇ ਅੰਨਾਂ ਹਜ਼ਾਰੇ ਦੀ ਲਹਿਰ। ਇਨਾਂ ਲਹਿਰਾਂ ਦੇ ਤਾਣੇ ਬਾਣੇ ਨੂੰ ਬੁਣਨ ਅਤੇ ਮਜ਼ਬੂਤ ਕਰਨ ਵਿੱਚ ਹੋਰਨਾਂ ਤੋਂ ਬਗ਼ੈਰ ਰਾਸ਼ਟਰੀ ਸਵੈ ਸੇਵਕ ਸੰਘ ਦੀ ਜਥੇਬੰਦਕ ਸ਼ਕਤੀ, ਉਸਦੀ ਵਿਚਾਰਧਾਰਾ ਅਤੇ ਉਸਦੀ ਪਹੁੰਚ ਨੇ ਆਪਣਾ ਰੋਲ ਨਿਭਾ ਕੇ ਆਪਣੇ ਆਪ ਨੂੰ ਵਿਸਥਾਰ ਵੀ ਦਿੱਤਾ ਅਤੇ ਮਜ਼ਬੂਤ ਵੀ ਕੀਤਾ। ਇਸ ਦੇ ਨਾਲ ਹੀ ਇਨਾਂ ਲਹਿਰਾਂ ਦਾ ਇੱਕੋ ਇੱਕ ਮਕਸਦ ਵੇਲੇ ਦੀ ਰਾਜ ਕਰਦੀ ਪਾਰਟੀ ਨੂੰ ਬਦਲ ਕੇ ਕਿਸੇ ਦੂਜੀ ਪਾਰਟੀ ਜਾਂ ਪਾਰਟੀਆਂ ਦੇ ਸਮੂਹ ਦੇ ਹੱਥ ਰਾਜਸੀ ਤਾਕਤ ਦੇਣੀ ਸੀ। ਜਿਵੇਂ ਕਿ ਅੰਨਾ ਹਜ਼ਾਰੇ ਦੀ ਲਹਿਰ ਦਾ ਸਭ ਤੋਂ ਵੱਧ ਫਾਇਦਾ ਭਾਰਤੀ ਜਨਤਾ ਪਾਰਟੀ ਨੇ ਉਠਾਇਆ ਅਤੇ ਭਾਰਤ ਦੀ ਫ਼ਿਜ਼ਾ ਵਿੱਚ ਫਿਰਕੂ ਜ਼ਹਿਰ ਘੋਲਿਆ। ਪਰ ਅੱਜ ਦੀ ਕਿਸਾਨ ਲਹਿਰ ਦਾ ਆਧਾਰ ਜਮਾਤੀ ਤੌਰ ਤੇ ਕਿਸਾਨੀ ਅਤੇ ਹੋਰ ਕਿਰਤੀ ਲੋਕਾਂ ਵਿੱਚ ਪਿਆ ਹੋਣ ਕਰਕੇ ਇਸ ਦਾ ਅਜੇਹਾ ਕੋਈ ਏਜੰਡਾ ਨਹੀਂ ਹੈ। ਇਸੇ ਆਧਾਰ ਕਰਕੇ ਹੀ ਇਹ ਲਹਿਰ ਸ਼ੁੱਧ ਰੂਪ ਵਿੱਚ ਧਰਮ ਨਿਰਪੱਖ ਹੈ ਅਤੇ ਹਰ ਤਰਾਂ ਦੇ ਤੁਅਸਬ ਤੋਂ ਆਜ਼ਾਦ ਹੈ। ਕਿਉਂਕਿ ਇਸ ਲਹਿਰ ਦਾ ਉਦੇਸ਼ ਕਿਸੇ ਵਿਸ਼ੇਸ਼ ਪਾਰਟੀ ਜਾਂ ਪਾਰਟੀਆਂ ਦੇ ਸਮੂਹ ਨੂੰ ਰਾਜਸੀ ਤਾਕਤ ਦਿਵਾਉਣ ਦਾ ਨਹੀਂ ਹੈ, ਇਸ ਲਈ ਹੀ ਇਹ ਲਹਿਰ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ। ਪਰ ਇਸ ਲਹਿਰ ਦੀ ਰਾਜਨੀਤੀ ਲੋਕਾਂ ਦੁਆਰਾ ਆਪਣੀ ਤਾਕਤ ਦੇ ਆਧਾਰ ਤੇ ਆਪਣੀ ਪੁੱਗਤ ਵਧਾਉਣ ਦੀ ਹੈ। ਇਸੇ ਕਰਕੇ ਹੀ ਇਸ ਲਹਿਰ ਦੀ ਰਾਜਨੀਤੀ ਹਕੀਕੀ ਤੌਰ ਤੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਹੋਰ ਡੂੰਘਾ ਕਰਨ ਦੀ ਅਤੇ ਹੋਰ ਵਿਸ਼ਾਲ ਕਰਨ ਦੀ ਸੰਭਾਵਨਾ ਆਪਣੇ ਵਿੱਚ ਸਮੋਈ ਬੈਠੀ ਹੈ।

 

No comments:

Post a Comment