ਰਾਮ ਮੰਦਰ ਦਾ ਨੀਂਹ ਪੱਥਰ ਹਾਕਮ ਜਮਾਤੀ ਸਿਆਸਤ ’ਚ ਹਿੰਦੂਤਵੀ ਪੱਤੇ ਦੀ ਸਰਦਾਰੀ
5 ਅਗਸਤ ਨੂੰ
ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਕੀਤਾ
ਭੂਮੀ ਪੂਜਣ ਭਾਜਪਾ ਦੀਆਂ ਫਿਰਕੂ ਲਾਮਬੰਦੀਆਂ ਦੀਆਂ ਮੁਹਿੰਮਾਂ ਦਾ ਅਗਲਾ ਸਿਖਰ ਹੋ ਨਿਬੜਿਆ ਹੈ।
ਕੋਵਿਡ-19 ਦੇ ਸੰਕਟ ਦੇ ਦਿਨਾਂ ’ਚ ਕਾਹਲੀ ਨਾਲ ਜਥੇਬੰਦ ਕੀਤਾ ਗਿਆ ਇਹ ਸਮਾਗਮ ਮੁਲਕ ਦੀ
ਬਹੁ-ਗਿਣਤੀ ਬਣਦੀ ਹਿੰਦੂ ਆਬਾਦੀ ਨੂੰ ਹਿੰਦੂ ਗੌਰਵ ਦੀ ਡੋਜ ਨਾਲ ਵਰਚਾਉਣ ਦਾ ਯਤਨ ਹੈ। ਬਿਮਾਰੀ
ਕਾਬੂ ਕਰਨ ਤੇ ਪੀੜਤਾਂ ਦੇ ਇਲਾਜ ਦੀ ਹਕੂਮਤੀ ਨਾਕਾਮੀ ਤੇ ਉਪਰੋਂ ਜਾਬਰ ਲੌਕਡਾਊਨ ਦੀ ਮਾਰ ਹੰਢਾ
ਰਹੀ ਲੋਕਾਈ ਦਾ ਧਿਆਨ ਭਟਕਾਉਣ ਦਾ ਜ਼ਾਹਰਾ ਯਤਨ ਇਸ ਸਮਾਗਮ ਰਾਹੀਂ ਦੇਖਿਆ ਜਾ ਸਕਦਾ ਹੈ। ਇਸਤੋਂ
ਅੱਗੇ ਇਹ ਸਮੁੱਚਾ ਘਟਨਾਕ੍ਰਮ ਭਾਰਤੀ ਹਾਕਮ ਜਮਾਤੀ ਸਿਆਸਤੀ ਢਾਂਚੇ ਅੰਦਰ ਫਿਰਕਾਪ੍ਰਸਤੀ ਦੀ ਪੁੱਗਤ
ਹੋਰ ਜ਼ਿਆਦਾ ਸਥਾਪਤ ਹੋ ਜਾਣ ਦੀ ਗਵਾਹੀ ਵੀ ਹੈ। ਇਸ ਘਟਨਾਕ੍ਰਮ ਨੇ ਭਾਰਤੀ ਰਾਜ ਦੀ ਅਖੌਤੀ ਧਰਮ
ਨਿਰਪੱਖਤਾ ਨੂੰ ਇੱਕ ਵਾਰ ਫਿਰ ਲੋਕਾਂ ’ਚ ਨਸ਼ਰ ਕਰ ਦਿੱਤਾ ਹੈ। .
80ਵਿਆਂ ਦੇ ਅਖੀਰ ’ਚ ਸ਼ੁਰੂ ਕੀਤੀ ਗਈ ਰਾਮ ਮੰਦਰ ਉਸਾਰੀ ਮੁਹਿੰਮ ਨੂੰ ਭਾਜਪਾ ਨੇ ਹੁਣ ਜੇਤੂ ਐਲਾਨ ਦਿੱਤਾ ਹੈ।
ਹਿੰਦੂਤਵੀ ਮੋਦੀ ਹਕੂਮਤ ਲਈ ਇਹ ਮੰਦਰ ਉਸਾਰਨਾ ਆਰ. ਐਸ.ਐਸ. ਤੇ ਭਾਜਪਾ ਦੇ ਐਲਾਨੇ ਟੀਚਿਆਂ ’ਚ ਇੱਕ ਸੀ। 80ਵਿਆਂ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਸ਼ੁੁੁਰੂ ਕੀਤੀ ਗਈ
ਫਿਰਕੂੂ ਮੁਹਿੰਮ ਤਹਿਤ ਮੁਲਕ ’ਚ ਪਿਛਾਖੜੀ ਲਾਮਬੰਦੀਆਂ ਕੀਤੀਆਂ ਗਈਆਂ ਸਨ ਤੇ ਬਾਬਰੀ
ਮਸਜਿਦ ਢਾਹੀ ਗਈ ਸੀ। ਏਸੇ ਮਸਲੇ ਰਾਹੀਂ ਭਾਜਪਾ ਰਾਜ ਸੱਤਾ ਦੀਆਂ ਪੌੜੀਆਂ ਚੜਦੀ ਆਈ ਸੀ, ਵਾਜਪਾਈ ਹਕੂਮਤ ਵੇਲੇ ਗਠਜੋੜ ਸਰਕਾਰ ਦੀਆਂ ਲੋੜਾਂ ਕਾਰਨ ਇਉਂ ਖੁਲੇਆਮ ਮੰਦਰ ਉਸਾਰੀ ਦਾ ਐਲਾਨ
ਸੰਭਵ ਨਹੀਂ ਸੀ ਹੋ ਸਕਿਆ ਪਰ ਹੁਣ ਦੂਜੀ ਵਾਰ ਸੱਤਾ ’ਚ ਆਈ ਮੋਦੀ ਹਕੂਮਤ
ਆਪਣੇ ਆਪ ਨੂੰ ਵਧੇਰੇ ਪੱਕੇ ਪੈਰੀਂ ਹੋਈ ਮੰਨ ਕੇ ਜ਼ਿਆਦਾ ਬੇਫਿਕਰੀ ਨਾਲ ਚੱਲ ਰਹੀ ਹੈ। ਮੰਦਰ
ਉਸਾਰੀ ਨੂੰ ‘ਹਿੰਦੂ ਗੌਰਵ’ ਦੀ ਜਿੱਤ ਐਲਾਨਣ
ਰਾਹੀਂ ਫਿਰਕੂ ਲਾਮਬੰਦੀ ਦਾ ਪੱਧਰ ਹੋਰ ਉੱਚਾ ਚੁੱਕਣ ਦਾ ਯਤਨ ਕੀਤਾ ਗਿਆ ਹੈ। . ਪਿਛਲੇ
ਵਰੇ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਮਗਰੋਂ ਸੁਪਰੀਮ ਕੋਰਟ ਵਿੱਚ ਚਲਦੇ ਕੇਸ ’ਚ ਮੋਦੀ ਹਕੂਮਤ ਨੇ ਫੈਸਲਾ ਰਾਮ ਮੰਦਰ ਦੇ ਹੱਕ ’ਚ ਕਰਵਾ ਕੇ ਇਹ
ਮੋਰਚਾ ਫਤਹਿ ਕਰ ਲੈਣ ਦਾ ਦਾਅਵਾ ਕਰ ਦਿੱਤਾ ਸੀ। ਉਸ ਤੋਂ ਮਗਰੋਂ ਮੰਦਰ ਉਸਾਰੀ ਲਈ ਯੂ.ਪੀ. ਦੀ
ਯੋਗੀ ਹਕੂਮਤ ਪੱਬਾਂ-ਭਾਰ ਸੀ। ਮੰਦਰ ਦੀ ਉਸਾਰੀ ਲਈ ਗਠਿਤ ਕੀਤੇ ਟਰੱਸਟ ਰਾਹੀਂ ਉੱਥੇ ਉਸਾਰੀ
ਕਾਰਜਾਂ ’ਚ ਜੁਟੀ ਹੋਈ ਸੀ। ਹੁਣ ਉਸਾਰੀ ਕਾਰਜਾਂ ਦੀ ਰਸਮੀ
ਸ਼ੁਰੂਆਤ ਲਈ ਹਿੰਦੂ ਧਾਰਮਿਕ ਅੰਧ ਵਿਸ਼ਵਾਸ਼ਾਂ ਅਨੁਸਾਰ ਭੂਮੀ ਪੂਜਣ ਦੇ ਸਮਾਗਮ ਰਾਹੀਂ ਇਸ ਪ੍ਰਾਪਤੀ
ਨੂੰ ਹੋਰ ਵਧੇਰੇ ਪੱਕੇ ਤੌਰ ’ਤੇ ਭਾਜਪਾ ਦੀ ਝੋਲੀ ਪਾਉਣ ਤੇ ਮੋਦੀ ਨੂੰ ਹਿੰਦੂ ਗੌਰਵ
ਦੇ ਰਖਵਾਲੇ ਵਜੋਂ ਉਭਾਰਨ ਲਈ ਇਹ ਵੱਡਾ ਅਡੰਬਰ ਰਚਿਆ ਗਿਆ ਹੈ। ਇਸ ਲਈ ਮੋਦੀ ਭਾਰਤੀ ਰਾਜ ਦੇ ਧਰਮ
ਨਿਰਪੱਖਤਾ ਦੇ ਅਖੌਤੀ ਦਾਅਵਿਆਂ ਨੂੰ ਤੱਜ ਕੇ, ਹਿੰਦੂ ਧਰਮ ਅਧਾਰਿਤ
ਵੋਟ ਸਿਆਸਤ ਦੀਆਂ ਜੜਾਂ ਹੋਰ ਡੂੰਘੀਆਂ ਕਰਨ ਲਈ ਉੱਥੇ ਸ਼ਰਧਾਵਾਨ ਹਿੰਦੂ ਪੁਜਾਰੀ ਵਾਂਗ ਪੁੱਜਿਆ
ਹੈ। ਉਸ ਵੱਲੋਂ ਮੂਰਤੀਆਂ ਅੱਗੇ ਨਤਮਸਤਕ ਹੋਣ ਤੇ ਪੂਜਾ ਕਰਨ ਦੇ ਸਾਰੇ ਅਡੰਬਰ ਨੂੰ ਭਾਜਪਾ ਦੀ
ਝੋਲੀ ’ਚ ਪਏ ਮੀਡੀਆ ਰਾਹੀਂ ਖੂਬ ਧੁਮਾਇਆ ਗਿਆ ਹੈ। ਮੋਦੀ ਨੇ
ਰਾਮ ਮੰਦਰ ਲਈ ਆਰ.ਐਸ.ਐਸ. ਤੇ ਭਾਜਪਾ ਵੱਲੋਂ ਚਲਾਈ ਗਈ ਘੋਰ ਪਿਛਾਖੜੀ ਤੇ ਫਿਰਕੂ ਮੁਹਿੰਮ ਦੀ
ਮੁਲਕ ਦੇ ਆਜ਼ਾਦੀ ਸੰਗਰਾਮ ਨਾਲ ਤੁਲਨਾ ਕੀਤੀ ਤੇ ਇਉਂ ਹਿੰਦੂ ਧਾਰਮਿਕ ਜਨਤਾ ਲਈ ਇੱਕ ਵੱਡੀ
ਪ੍ਰਾਪਤੀ ਵਜੋਂ ਪੇਸ਼ ਕੀਤਾ ਹੈ। ਮੋਦੀ ਵੱਲੋਂ ਤੋਲਿਆ ਗਿਆ ਇਹ ਕੁਫ਼ਰ ਇੱਕ ਤਰਾਂ ਮੁਲਕ ਨੂੰ ਇੱਕ
ਹਿੰਦੂ-ਰਾਸ਼ਟਰ ਐਲਾਨਣ ਵਾਂਗ ਹੈ। ਅਜਿਹਾ ਹਿੰਦੂ ਰਾਸ਼ਟਰ, ਜਿੱਥੇ ਵਸਦੀ
ਬਹੁ-ਗਿਣਤੀ ਹਿੰਦੂ ਧਾਰਮਿਕ ਅਬਾਦੀ ਦੇ ਧਾਰਮਿਕ ਵਿਸ਼ਵਾਸ਼ਾਂ ਦੀ ਪਾਲਣਾ ਪੋਸ਼ਣਾ ਹੀ ਮੁਲਕ ਦਾ ਉਦੇਸ਼
ਹੋਵੇ ਤੇ ਬਾਕੀ ਧਰਮਾਂ ਲਈ ਕੋਈ ਥਾਂ ਨਾ ਹੋਵੇ। ਰਾਮ ਮੰਦਰ ਉਸਾਰੀ ਤਾਂ ਭਾਜਪਾ ਦਾ ਐਲਾਨਿਆ ਟੀਚਾ
ਹੀ ਸੀ। ਇਸ ਘਟਨਾਕ੍ਰਮ ਨੇ ਦਰਸਾਇਆ ਹੈ ਕਿ ਭਾਜਪਾ ਹੁਣ ਭਾਰਤੀ ਰਾਜ ਦੇ ਧਰਮ ਨਿਰਪੱਖਤਾ ਦੇ
ਪਰਦਿਆਂ ਦੀ ਪ੍ਰਵਾਹ ਕਰਨੋਂ ਵੀ ਇਨਕਾਰੀ ਹੈ। ਹੁਣ ਉਹ ਹਾਕਮ ਜਮਾਤੀ ਸਿਆਸਤੀ ਢਾਂਚੇ ਅੰਦਰ ਤੁਰੀ ਆ
ਰਹੀ ਹਿੰਦੂਤਵੀ ਸਰਦਾਰੀ ਨੂੰ ਭਾਰਤੀ ਰਾਜ ਪ੍ਰਬੰਧ ਦੇ ਹਕੂਮਤੀ ਖੇਤਰਾਂ ਤੱਕ ਐਲਾਨੀਆ ਲਿਜਾਣਾ
ਚਾਹੁੰਦੀ ਹੈ ਤੇ ਇਸ ਰਾਹ ’ਤੇ ਅੱਗੇ ਵਧ ਰਹੀ ਹੈ। .
ਇਸ ਘਟਨਕ੍ਰਮ ਨੇ
ਮੁਲਕ ਦੇ ਹਾਕਮ ਜਮਾਤੀ ਸਿਆਸਤੀ ਢਾਂਚੇ ਅੰਦਰ ਫਿਰਕਾਪ੍ਰਸਤੀ ਦੀ ਹੋਰ ਡੂੰਘੀ ਹੁੰਦੀ ਜਕੜ ਨੂੰ
ਦਰਸਾਇਆ ਹੈ। ਫਿਰਕੂ ਵੋਟ ਸਿਆਸਤ ਦੀ ਖੇਡ ’ਚ ਹਿੰਦੂ ਧਾਰਮਿਕ
ਜਨਤਾ ਦੀਆਂ ਵੱਡੀ ਗਿਣਤੀ ਵੋਟਾਂ ਦਾ ਲਾਲਚ ਸਭਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਦੇ ਪੈਂਤੜਿਆਂ ’ਚੋਂ ਵੀ ਡੁੱਲ-ਡੁੱਲ ਪੈਂਦਾ ਰਿਹਾ ਹੈ। ਕਾਂਗਰਸ ਦੀ ਅਖੌਤੀ ਧਰਮ ਨਿਰਪੱਖਤਾ ਦੀ ਇੱਕ ਵਾਰ ਫਿਰ
ਫੂਕ ਨਿੱਕਲਦੀ ਦਿਖੀ ਹੈ। ਕਮਲਨਾਥ ਤਾਂ ਮੱਧ
ਪ੍ਰਦੇਸ਼ ’ਚ ਆਪ ਮੁਕਾਬਲੇ ’ਤੇ ਪੂਜਾ ਕਰਦਾ
ਦਿਖਿਆ ਹੈ ਤੇ ਦਿਗਵਿਜੈ ਨੇ ਕਾਂਗਰਸ ਨੂੰ ਸਮਾਗਮ ’ਚ ਨਾ ਸੱਦਣ ’ਤੇ ਇਤਰਾਜ਼ ਜਤਾਇਆ ਹੈ। ਉਹ ਇਹ ਯਾਦ ਕਰਵਾਉਣੋਂ ਨਹੀਂ ਉੱਕਿਆ ਕਿ 80ਵਿਆਂ ’ਚ ਰਾਮ ਦੀ ਪੂਜਾ ਲਈ ਬਾਬਰੀ ਮਸਜਿਦ ਦੇ ਦਰਵਾਜੇ ਤਾਂ ਰਾਜੀਵ ਗਾਂਧੀ ਨੇ ਖੁਲਵਾਏ ਸਨ। ਹੁਣ
ਮੰਦਰ ਉਸਾਰੀ ਦਾ ਸਾਰਾ ਲਾਹਾ ਇੱਕਲੀ ਭਾਜਪਾ ਲੈ ਰਹੀ ਹੈ। ਰਾਹੁਲ ਗਾਂਧੀ ਤੇ ਪਿ੍ਰ੍ਰਯੰਕਾ ਗਾਂਧੀ
ਵੀ ਪਿੱਛੇ ਨਾ ਰਹੇ ਤੇ ਉਹਨਾਂ ਨੇ ਭੂਮੀ ਪੂਜਣ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਤੇ ਆਸ ਪ੍ਰਗਟਾਈ
ਕਿ ਇਹ ਕੌਮੀ ਏਕਤਾ, ਭਾਈਚਾਰੇ ਤੇ ਸੱਭਿਆਚਾਰਕ ਸਾਂਝ ਦਾ ਮੌਕਾ ਬਣੇਗਾ ਤੇ
ਭਗਵਾਨ ਰਾਮ ਦੇ ਅਸ਼ੀਰਵਾਦ ਦਾ ਸੰਚਾਰ ਕਰੇਗਾ। ਰਾਹੁਲ ਗਾਂਧੀ ਨੇ ਭਗਵਾਨ ਰਾਮ ਦੀ ਪ੍ਰਸੰਸਾ ਦੇ ਪੁਲ
ਬੰਨੇ । ਹੋਰਨਾਂ ਮੌਕਾਪ੍ਰਸਤ ਪਾਰਟੀਆਂ ਨੇ ਵੀ ਵੱਖ-ਵੱਖ ਤਰੀਕਿਆਂ ਨਾਲ ਮੰਦਰ ਉਸਾਰੀ ਨਾਲ ਆਪਣਾ
ਲਗਾਅ ਜ਼ਾਹਰ ਕਰਨ ਦਾ ਯਤਨ ਕੀਤਾ । ਕਿਸੇ ਨੇ ਇਹ ਇਤਰਾਜ਼ ਕੀਤਾ ਕਿ ਉੱਥੇ ਪ੍ਰਧਾਨ ਮੰਤਰੀ ਨੂੰ ਨਹੀਂ
ਸੀ ਜਾਣਾ ਚਾਹੀਦਾ। ਸਭਨਾਂ ਦਾ ਸਾਂਝਾ ਅਰਥ ਤਾਂ ਇਹੀ ਸੀ ਕਿ ਮੰਦਰ ਤਾਂ ਉਹ ਵੀ ਬਣਾਉਣਾ ਚਾਹੁੰਦੇ
ਹਨ ਪਰ ਭਾਜਪਾ ਇਹਦਾ ਸਿਆਸੀ ਲਾਹਾ ਲੈ ਰਹੀ ਹੈ ਤੇ ਉਹ ਪਿੱਛੇ ਹਨ। ਇਤਰਾਜ਼ ਦੀ ਵੱਧ ਘੱਟ ਹੱਦ ਏਸ
ਨਾਲ ਹੀ ਜੁੜਦੀ ਹੈ ਕਿ ਕਿਹੜੀ ਪਾਰਟੀ ਹਿੰਦੂ ਵੋਟ ਬੈਂਕ ਦਾ ਲਾਹਾ ਲੈਣ ਪੱਖੋਂ ਕਿਹੋ ਜਿਹੀ ਸਥਿਤੀ
’ਚ ਹੈ ਜਾਂ ਉਸਦੀ ਟੇਕ ਵੋਟਾਂ ਖਾਤਰ ਕਿਸ ਧਾਰਮਿਕ ਫਿਰਕੇ
’ਤੇ ਹੈ। ਜਿਵੇਂ ਅਖੌਤੀ ਕਾਮਰੇਡਾਂ ਨੇ ਵੀ ਇਹੀ ਇਤਰਾਜ਼
ਕੀਤਾ ਕਿ ਇਹ ਸੁਪਰੀਮ ਕੋਰਟ ਦੇ ਫਤਵੇ ਦੀ ਖੁੱਲਮ ਖੁੱਲੀ ਉਲੰਘਣਾ ਹੈ, ਕਿਉਂਕਿ ਕੋਰਟ ਨੇ ਮੰਦਰ ਉਸਾਰੀ ਦਾ ਕੰਮ ਇੱਕ ਵੱਖਰੇ ਟਰੱਸਟ ਨੂੰ ਸੌਂਪਣ ਲਈ ਕਿਹਾ ਸੀ।
ਉਹਨਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ’ਤੇ ਉਜ਼ਰ ਨਹੀਂ ਸੀ। ਮੰਦਰ ਬਣਾਉਣ ਦੇ ਧੱਕੜ ਫੈਸਲੇ ਨਾਲ
ਮੁਸਲਮਾਨ ਧਾਰਮਿਕ ਜਨਤਾ ਦੇ ਧਾਰਮਿਕ ਆਜ਼ਾਦੀ ਦੇ ਹੱਕ ’ਤੇ ਮਾਰੇ ਡਾਕੇ
ਖਿਲਾਫ ਕਿਸੇ ਨੂੰ ਉਜ਼ਰ ਨਹੀਂ। ਕਿਸੇ ਨੂੰ ਧਾਰਮਿਕ ਮਾਮਲਿਆਂ ’ਚ ਇਉਂ ਦਖਲਅੰਦਾਜ਼ੀ ’ਤੇ ਉਜ਼ਰ ਨਹੀਂ ਹੈ, ਧਰਮ ਦੀ ਅਜਿਹੀ ਵਰਤੋਂ ’ਤੇ ਉਜ਼ਰ ਨਹੀ, ਇਉਂ ਭਾਰਤੀ ਹਾਕਮ ਜਮਾਤੀ ਸਿਆਸਤ ਅੰਦਰ ਹਿੰਦੂਤਵੀ ਵੋਟ
ਪੱਤੇ ਦੀਆਂ ਗਿਣਤੀਆਂ ਮਿਣਤੀਆਂ ਨੇ ਸਭਨਾਂ ਧਰਮ ਨਿਰਪੱਖ ਕਹਾਉਂਦੀਆਂ ਵੋਟ ਪਾਰਟੀਆਂ ਦੀ ਧਰਮ
ਨਿਰਪੱਖਤਾ ਦੀ ਅਸਲੀਅਤ ਮੁੜ ਉਘਾੜ ਦਿੱਤੀ ਹੈ। ਭਾਜਪਾ ਵੱਲੋਂ ਸਿਰਜ ਲਏ ਗਏ ਇਸ ਮਾਹੌਲ ਵਿੱਚ ਧਰਮ
ਨਿਰਪੱਖਤਾ ਦੀਆਂ ਗੱਲਾਂ ਕਰਨਾ ਵੀ ਇਹਨਾਂ ਪਾਰਟੀਆਂ ਨੂੰ ਘਾਟੇਵੰਦਾ ਪੈਂਤੜਾ ਜਾਪਦਾ ਹੈ। ਇਸ ਹਾਲਤ
ਨੇ ਭਾਰਤੀ ਹਾਕਮ ਜਮਾਤੀ ਸਿਆਸਤੀ ਢਾਂਚੇ ਅੰਦਰ ਫਿਰਕਾਪ੍ਰਸਤੀ ਦੀਆਂ ਡੂੰਘੀਆਂ ਜੜਾਂ ਦੀ ਹਾਲਤ ਨੂੰ
ਮੁੜ ਦਰਸਾਇਆ ਹੈ ਤੇ ਭਾਰਤੀ ਰਾਜ ਵੱਲੋਂ ਪਾਏ ਹੋਏ ਧਰਮ ਨਿਰਪੱਖਤਾ ਦੇ ਬੁਰਕੇ ਨੂੰ ਫਿਰ ਲੰਗਾਰ ਕਰ
ਦਿੱਤਾ ਹੈ।
ਸਾਡੇ ਮੁਲਕ ਦੀ
ਹਾਕਮ ਜਮਾਤੀ ਸਿਆਸਤ ਦਹਾਕਿਆਂ ਤੋਂ ਹੀ ਧਰਮਾਂ-ਜਾਤਾਂ ਦੀਆਂ ਪਛਾਣਾਂ ’ਤੇ ਟਿਕੀ ਹੋਈ ਹੈ। ਇਸ ਸਿਆਸਤ ਦਾ ਮੁਹਾਂਦਰਾ ਤਾਂ ਅੰਗਰੇਜ਼ਾਂ ਦੇ ਰਾਜ ਅਧੀਨ ਹੀ ਘੜਿਆ ਗਿਆ
ਸੀ ਜਿੰਨਾਂ ਨੇ ਦਲਾਲ ਜਮਾਤਾਂ ਦੇ ਸਿਆਸਤਦਾਨਾਂ ਨੂੰ ਧਰਮ ਅਧਾਰਿਤ ਸਿਆਸਤ ਦੀਆਂ ਪੌੜੀਆਂ ਚੜਨਾ
ਸਿਖਾਇਆ ਸੀ। 1947 ’ਚ ਮੁਲਕ ਦੀ ਫਿਰਕੂ ਲੀਹਾਂ ’ਤੇ ਹੋਈ ਵੰਡ ਏਸੇ ਫਿਰਕੂ ਸਿਆਸਤ ਦਾ ਹੀ ਸਿੱਟਾ ਸੀ ਜਿਸਨੇ ਮੋੜਵੇਂ ਰੂਪ ’ਚ ਹਾਕਮ ਜਮਾਤੀ ਸਿਆਸਤੀ ਢਾਂਚੇ ਦੀਆਂ ਫਿਰਕਾਪ੍ਰਸਤੀ ਦੀ ਜ਼ਮੀਨ ’ਚ ਖੁੱਭੀਆਂ ਜੜਾਂ ਨੂੰ ਹੋਰ ਡੂੰਘਾ ਕੀਤਾ ਸੀ। 1947 ਦੀ ਸੱਤਾ ਬਦਲੀ ਮਗਰੋਂ ਭਾਰਤੀ ਰਾਜ ਨੇ
ਉਸ ਵੇਲੇ ਦੀਆਂ ਕੌਮੀ ਕੌਮਾਂਤਰੀ ਹਾਲਤਾਂ ਦੀਆਂ ਲੋੜਾਂ ਅਨੁਸਾਰ ਧਰਮ ਨਿਰਪੱਖਤਾ ਦਾ ਬੁਰਕਾ ਪਾਇਆ
ਸੀ। ਸੰਵਿਧਾਨ ਦਾ ਧਰਮ ਨਿਰਪੱਖ ਮੁਹਾਂਦਰਾ ਘੜਨ ਦਾ ਦਾਅਵਾ ਕੀਤਾ ਸੀ, ਪਰ ਹਕੀਕਤ ਵਿੱਚ ਭਾਰਤੀ ਰਾਜ ਕਦੇ ਵੀ ਧਰਮਾਂ ਤੋਂ ਨਿਰਲੇਪ ਨਹੀਂ ਸੀ। ਇਸਦੀ ਨੀਂਹ ਹੀ
ਧਾਰਮਿਕ ਅਧਾਰ ’ਤੇ ਹੋਈ ਵੰਡ ਨਾਲ ਰੱਖੀ ਗਈ ਸੀ। ਰਾਜ ਨੂੰ ਧਰਮ ਨਾਲ
ਗੂੜੀ ਤਰਾਂ ਗੁੰਦਿਆ ਹੋਇਆ ਸੀ। ਰਾਜ ਦੀ ਧਰਮ ਨਿਰਪੱਖਤਾ ਦਾ ਅਰਥ ਸੀ ਕਿ ਭਾਰਤੀ ਰਾਜ ਸਭਨਾਂ
ਧਰਮਾਂ ਨੂੰ ਆਪਣੇ ਰਾਜ ਦੇ ਮਕਸਦਾਂ ਲਈ ਵਰਤਣ ਦੀ ਹਾਲਤ ’ਚ ਹੈ। ਉਸਦੀ ਟੇਕ
ਕਿਸੇ ਇੱਕ ਵਿਸ਼ੇਸ਼ ਧਰਮ ’ਤੇ ਨਹੀਂ ਹੈ। ਉਹ ਧਰਮ ਨੂੰ ਲੋਕਾਂ ’ਚ ਆਪਣੀਆਂ ਜੜਾਂ ਡੂੰਘੀਆਂ ਕਰਨ ਵਿੱਚ ਮੱਦਦਗਾਰ ਹੋਇਆ ਸੀ, ਧਾਰਮਿਕ ਪਛਾਣਾਂ ਨੂੰ ਹੋਰ ਡੂੰਘਾ ਕਰਨ ’ਚ ਸਹਾਈ ਹੋਇਆ ਸੀ।
ਭਾਰਤੀ ਰਾਜ ਦੀ ਇਹ ਪਹੁੰਚ ਹੀ,ਰਾਜ ਸੱਤਾ ’ਤੇ ਕਾਬਜ ਹੋਣ ਲਈ
ਭਿੜਦੇ ਆ ਰਹੇ ਹਾਕਮ ਜਮਾਤੀ ਧੜਿਆਂ ਦੀ ਸਿਆਸਤ ’ਚ ਧਰਮ ਦੀ ਵਰਤੋਂ
ਲਈ ਜਰਖੇਜ਼ ਜ਼ਮੀਨ ਮੁਹੱਈਆ ਕਰਦੀ ਹੈ।
.
No comments:
Post a Comment