ਮੋਦੀ ਦਾ "ਦੇਸ਼-ਪਿਆਰ" ਫਿਰ ਜੱਗ ਜ਼ਾਹਰ -ਟਰੰਪ ਦੀ ਘੁਰਕੀ ਮੂਹਰੇ ਫਿਰ ਵਿਛਿਆ --ਅਮਰੀਕਾ ਨੂੰ ਦਵਾਈਆਂ ਭੇਜਣ ਦੀ ਝੱਟ ਮਨਜ਼ੂਰੀ
--- ਅਮਰੀਕੀ ਰਾਸ਼ਟਰਪਤੀ
ਡੌਨਲਡ ਟਰੰਪ ਦੀ ਘੁਰਕੀ ਮੂਹਰੇ ਵਿਛਦਿਆਂ ਮੋਦੀ ਹਕੂਮਤ ਨੇ ਕੁਝ ਘੰਟਿਆਂ ਦੇ ਅੰਦਰ ਹੀ
ਹਾਈਡ੍ਰੋਕਸੀਕਲੋਰਕੁਈਨ ਦਵਾਈ ਨੂੰ ਵਿਦੇਸ਼ਾਂ ਨੂੰ ਭੇਜਣ ਲਈ ਮਨਜ਼ੂਰੀ ਦੇ ਦਿੱਤੀ ਹੈ |
ਟਰੰਪ ਨੇ ਅਮਰੀਕਾ ਲਈ ਇਸ ਦਵਾਈ ਦੀ ਮੰਗ ਕੀਤੀ ਸੀ ਤੇ
ਇਸਦੇ ਨਿਰਯਾਤ 'ਤੇ ਪਾਬੰਦੀ ਦੇ
ਨਤੀਜੇ ਭੁਗਤਣ ਦੀ ਧਮਕੀ ਮੋਦੀ ਹਕੂਮਤ ਨੂੰ ਦਿੱਤੀ ਸੀ| ਕਿਉਂਕਿ ਮਾਰਚ ਦੇ
ਸ਼ੁਰੂ 'ਚ ਹੀ ਭਾਰਤ ਸਰਕਾਰ ਨੇ ਕਈ
ਦਵਾਈਆਂ ਨੂੰ ਵਿਦੇਸ਼ਾਂ 'ਚ ਭੇਜਣ 'ਤੇ ਪਾਬੰਦੀ ਲਾ ਦਿੱਤੀ ਸੀ| ਇਹ ਮਲੇਰੀਏ ਦੀ ਇੱਕ ਪੁਰਾਣੀ ਤੇ ਸਸਤੀ ਦਵਾਈ ਹੈ ਜਿਸ ਨੂੰ ਕਰੋਨਾ
ਵਾਇਰਸ ਦੇ ਇਲਾਜ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ| ਖ਼ਬਰ ਏਜੰਸੀ ਏ ਐੱਨ ਆਈ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ
ਅਨੁਰਾਮ ਸ੍ਰੀਵਾਸਤਵ ਨੇ ਅੱਜ ਐਲਾਨ ਕੀਤਾ ਹੈ ਕਿ ਭਾਰਤ ਸਾਰੇ ਗੁਆਂਢੀ ਦੇਸ਼ਾਂ ਖਾਸ ਕਰਕੇ
ਮਹਾਂਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਹੇ ਦੇਸ਼ਾਂ ਨੂੰ ਇਹ ਦਵਾਈਆਂ ਸਪਲਾਈ ਕਰੇਗਾ|
ਇਸ ਫੈਸਲੇ ਨਾਲ ਭਾਰਤੀ ਹਾਕਮਾਂ ਨੇ ਇੱਕ ਵਾਰ ਫਿਰ
ਲੋਕਾਂ ਨਾਲ ਗੱਦਾਰੀ ਤੇ ਸਾਮਰਾਜੀਆਂ ਨਾਲ ਵਫ਼ਾਦਾਰੀ ਦੇ ਕਲੰਕਿਤ ਇਤਿਹਾਸ ਦਾ ਨਵਾਂ ਪੰਨਾ ਰਚ
ਦਿੱਤਾ ਹੈ| ਪਹਿਲਾਂ ਵੀ ਮਾਰਚ
ਦੇ ਅਖੀਰ ਤੱਕ ਪਾਬੰਦੀਆਂ ਦੇ ਬਾਵਜੂਦ, ਬਿਮਾਰੀ ਦੇ ਟਾਕਰੇ ਲਈ ਲੋੜੀਂਦਾ ਸਾਜੋ ਸਾਮਾਨ ਯੂਰਪ ਨੂੰ ਭੇਜਿਆ ਜਾਂਦਾ ਰਿਹਾ ਹੈ| ਅਜੇ ਵੀ ਮੁਲਕ ਦੇ
ਵੱਖ ਵੱਖ ਹਿੱਸਿਆਂ ਚ ਇਹ ਦਵਾਈ ਉਪਲੱਬਧ ਨਹੀਂ ਹੈ| ਇੱਥੇ ਸੁਆਲ ਇਹ ਨਹੀਂ ਹੈ ਕਿ ਹੋਰਨਾਂ ਮੁਲਕਾਂ ਦੇ ਲੋਕਾਂ ਦੀ ਸੰਕਟ
ਸਮੇਂ ਮਦਦ ਨਹੀਂ ਕੀਤੀ ਜਾਣੀ ਚਾਹੀਦੀ,
ਸਵਾਲ ਇਹ ਹੈ ਕਿ ਮਦਦ ਦਾ ਦਾਅਵਾ ਕਰਨ ਵਾਲੇ ਦੀ ਆਪਣੀ
ਹਕੀਕੀ ਹਾਲਾਤ ਕੀ ਇਜਾਜਤ ਦਿੰਦੀ ਹੈ| ਇਸ ਮਹਾਂਮਾਰੀ ਦੀ ਲਪੇਟ ਚ ਆ ਰਹੇ ਮੁਲਕਾਂ ਚੋਂ ਭਾਰਤ ਸਭ ਤੋਂ ਪਛੜਿਆਂ 'ਚ ਹੀ ਸ਼ੁਮਾਰ ਹੁੰਦਾ ਹੈ| ਮੁਲਕ ਅੰਦਰ ਬੁਨਿਆਦੀ ਸਿਹਤ ਢਾਂਚੇ ਤੇ ਇਸ ਬਿਮਾਰੀ ਨਾਲ ਲੜਨ ਲਈ
ਲੋੜੀਂਦੇ ਸਾਜ਼ੋ ਸਾਮਾਨ ਦੀ ਲਗਭਗ ਗੈਰ ਹਾਜ਼ਰੀ ਵਰਗੀ ਹਾਲਤ ਹੈ| ਤੇਜ਼ੀ ਨਾਲ ਬਿਮਾਰੀ ਫੈਲਣ ਦੀ ਹਾਲਤ 'ਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਭਾਰਤੀ ਹਾਕਮਾਂ ਦੀ ਕੋਈ ਤਿਆਰੀ
ਨਹੀਂ ਦਿਖਦੀ| ਅਜਿਹੀ ਹਾਲਤ 'ਚ ਇਹ ਦਵਾਈ ਸਹਾਰਾ ਬਣਨ ਦੀ ਸੰਭਾਵਨਾ ਦਰਸਾਉਂਦੀ ਹੈ,
ਜਦ ਕਿ ਅਮਰੀਕਾ ਵਰਗੇ ਸਾਮਰਾਜੀ ਮੁਲਕ ਕੋਲ ਦੁਨੀਆ 'ਚ ਸਭ ਤੋਂ ਜ਼ਿਆਦਾ ਸਾਧਨ ਹਨ ਤੇ ਕਿਤੇ ਜ਼ਿਆਦਾ ਵਿਕਸਤ ਸਿਹਤ ਸੰਭਾਲ਼
ਢਾਂਚਾ ਹੈ| ਤੇ ਉਹ ਨਵੇਂ ਸਾਧਨ
ਜੁਟਾਉਣ ਪੱਖੋਂ ਵੀ ਕਿਤੇ ਜ਼ਿਆਦਾ ਬਿਹਤਰ ਹਾਲਤ ਵਿੱਚ ਹਨ | ਅਜਿਹੀ ਹਾਲਤ ਦਰਮਿਆਨ ਮੁਲਕ ਦੇ ਲੋਕਾਂ ਨੂੰ ਸੰਕਟ 'ਚ ਲਾਵਾਰਸ ਛੱਡ ਕੇ ਭਾਰਤੀ ਹਾਕਮਾਂ ਵੱਲੋਂ ਦਵਾਈ ਭੇਜਣ ਦੀ ਝੱਟ ਪੱਟ
ਭਰੀ ਹਾਮੀ ਸਾਮਰਾਜੀ ਅਧੀਨਗੀ ਦੀ ਹੀ ਜ਼ਾਹਰਾ
ਨੁਮਾਇਸ਼ ਹੈ,ਜਿਸ ਨੂੰ ਗੁਆਂਢੀ
ਦੇਸ਼ਾਂ ਦੀ ਮਦਦ ਦੇ ਨਾਂ ਥੱਲੇ ਢਕਣ ਦਾ ਨਾਕਾਮ ਯਤਨ ਕੀਤਾ ਗਿਆ ਹੈ| ਕਿਉਂਕਿ ਜਦੋਂ ਗੁਆਂਢੀ ਦੇਸ਼ਾਂ ਨੇਪਾਲ ਅਤੇ ਸ੍ਰੀਲੰਕਾ ਵੱਲੋਂ ਇਹ
ਦਵਾਈਆਂ ਮੰਗੀਆਂ ਗਈਆਂ ਸਨ ਉਦੋਂ ਭਾਰਤੀ ਹਾਕਮਾਂ ਅੰਦਰਲੀ 'ਮਨੁੱਖਤਾ' ਨਹੀਂ ਸੀ ਪਸੀਜੀ ਗਈ| ਭਾਰਤੀ ਹਾਕਮਾਂ ਦੀ
ਇਸ ਮੁਜਰਮਾਨਾ ਕਰਤੂਤ ਲਈ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਇਸ ਸੰਕਟ ਦੀ
ਹਾਲਤ 'ਚ ਮੁਲਕ ਦੇ ਸਾਰੇ ਸੋਮੇ
ਪਹਿਲਾਂ ਮੁਲਕ ਦੇ ਲੋਕਾਂ ਲਈ ਝੋਕਣ ਦੀ ਮੰਗ ਕਰਨੀ ਚਾਹੀਦੀ ਹੈ| ਅਜਿਹੀ ਕਿਸੇ ਵੀ ਮਦਦ ਦੇ
ਹੱਕਦਾਰ , ਪਹਿਲਾਂ ਨੇੜਲੇ
ਗੁਆਂਢੀ ਤੇ ਗ਼ਰੀਬ ਮੁਲਕ ਬਣਦੇ ਚਾਹੀਦੇ ਹਨ| ਇਸ ਲੋਕ ਧਰੋਹੀ ਕਦਮ
ਦੇ ਹਵਾਲੇ ਨਾਲ ,ਕਰੋਨਾ ਵਾਇਰਸ ਖਿਲਾਫ ਲੜਾਈ ਦੇ ਜਰਨੈਲ ਵਜੋਂ ਪੇਸ਼ ਹੋ ਰਹੇ ਮੋਦੀ ਤੇ
ਇਸਦੀ ਹਕੂਮਤ ਦੀ ਝੂਠੀ ਦੇਸ਼ ਭਗਤੀ ਤੇ ਹਕੀਕੀ ਸਾਮਰਾਜੀ ਭਗਤੀ ਨੂੰ ਨਸ਼ਰ ਕਰਨਾ ਚਾਹੀਦਾ ਹੈ|
(07-04-2020)
No comments:
Post a Comment