ਕਰੋਨਾ ਵਾਇਰਸ-
ਬਿਮਾਰੀ ਤੋਂ ਪਹਿਲਾਂ ਲੌਕ ਡਾਊਨ ਦੀ ਮਾਰ
ਵਿਸ਼ਵ
ਸਿਹਤ ਮਾਹਰ ਵਾਰ ਵਾਰ ਇਹ ਕਹਿ ਰਹੇ ਹਨ ਕਿ ਕਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ 'ਚ
ਲੋਕਾਂ ਦਾ ਸੰਪਰਕ ਕੱਟਣਾ ਇਕ ਕਦਮ ਹੀ ਬਣਦਾ ਹੈ ਜਦ ਕਿ ਟੈਸਟਿੰਗ ਰਾਹੀਂ ਪੀੜਤਾਂ ਦੀ ਸ਼ਨਾਖ਼ਤ ਕਰਦੇ
ਜਾਣ ਦੇ ਕਦਮ ਇਸ ਦੇ ਨਾਲ ਨਾਲ ਉਨੇ ਹੀ ਜ਼ਰੂਰੀ ਹਨ| ਕੌਮਾਂਤਰੀ
ਸਿਹਤ ਵਿਗਿਆਨੀਆਂ 'ਚ ਜ਼ੋਰਦਾਰ ਚਰਚਾ ਹੈ ਕਿ ਜਦੋਂ ਕਰੋਨਾ ਵਾਇਰਸ ਦੇ ਸਰੋਤ ਦੀ
ਪਛਾਣ ਮੁਸ਼ਕਿਲ ਹੋ ਜਾਂਦੀ ਹੈ ਤਾਂ ਉਸ ਵੇਲੇ ਇਸ ਨਾਲ ਨਜਿੱਠਣ ਲਈ ਜਨਤਕ ਪੱਧਰ 'ਤੇ
ਟੈਸਟਿੰਗ ਦੀ ਜ਼ਰੂਰਤ ਪੈਂਦੀ ਹੈ| ਆਬਾਦੀ ਦੇ ਵੱਡੇ ਹਿੱਸਿਆਂ ਦੀ
ਵਿਆਪਕ ਟੈਸਟਿੰਗ ਰਾਹੀਂ ਪੀੜਤ ਹਿੱਸਿਆਂ ਦੀ ਨਿਸ਼ਾਨਦੇਹੀ ਕਰਨਾ ਤੇ ਉਨ੍ਹਾਂ ਨੂੰ ਇਕਾਂਤਵਾਸ ਚ
ਰੱਖਣਾ ਲੋੜੀਂਦਾ ਹੈ । ਇਸ ਅਮਲ ਤੋਂ ਬਿਨਾਂ ਲੌਕ ਡਾਊਨ ਆਪਣੇ ਆਪ 'ਚ ਹੀ ਕੋਈ ਹੱਲ ਨਹੀਂ ਹੈ| ਪਰ ਇਸ
ਪਾਸੇ ਲੋੜੀਂਦੇ ਦੇ ਕਦਮ ਨਹੀਂ ਲਏ ਜਾ ਰਹੇ| ਟੈਸਟਿੰਗ ਦਾ ਅਮਲ ਤੋਰਨ ਲਈ
ਜੋ ਢਾਂਚਾ ਤੇ ਸਾਜੋ ਸਮਾਨ ਲੋੜੀਂਦਾ ਹੈ ਉਸ ਪੱਖੋਂ ਹਕੂਮਤ ਬੁਰੀ ਤਰ੍ਹਾਂ ਕੰਗਾਲੀ ਦੀ ਹਾਲਤ 'ਚ ਹੈ , ਨਾ
ਲੋੜੀਂਦੀਆਂ ਟੈਸਟ ਕਿੱਟਾਂ ਹਨ ਅਤੇ ਨਾ ਇਹ ਪ੍ਰਕਿਰਿਆ ਤੋਰਨ ਦੀ ਸਰਕਾਰ ਦੀ ਕੋਈ ਵਿਉਂਤ ਦਿਖਾਈ
ਦਿੰਦੀ ਹੈ| ਬਿਮਾਰੀ ਦੇ ਤੇਜ਼ੀ ਨਾਲ ਫੈਲਣ ਦੀ ਹਾਲਤ 'ਚ ਮੌਜੂਦਾ
ਸਰਕਾਰੀ ਸਿਹਤ ਢਾਂਚਾ ਬਹੁਤ ਊਣਾ ਨਿੱਬੜਨਾ ਹੈ| ਪੂਰੇ ਮੁਲਕ ਦੇ ਹਸਪਤਾਲਾਂ ਚ 1000
ਵਿਅਕਤੀਆਂ ਪਿੱਛੇ 0.5% ਬੈੱਡ ਹਨ, ਸਿਰਫ ਹੀ 70,000 ਆਈ ਸੀ
ਯੂ ਬੈਡ ਹਨ| ਇਸ ਬਿਮਾਰੀ 'ਚ ਜ਼ਿੰਦਗੀ ਬਚਾਉਣ ਲਈ ਬਹੁਤ
ਮਹੱਤਵਪੂਰਨ ਸਾਧਨ ਬਣਨ ਵਾਲੇ ਵੈਂਟੀਲੇਟਰ ਸਾਰੇ ਮੁਲਕ ਚ ਸਿਰਫ਼ 40,000 ਹਨ| ਟੈਸਟਿੰਗ
ਲਈ ਕੁਝ ਚੁਣਵੀਆਂ ਲੈਬਾਰਟਰੀਆਂ ਹੀ ਹਨ| ਮੈਡੀਕਲ
ਕੌਂਸਲ ਆਫ ਇੰਡੀਆ ਦੇ ਆਪਣੇ ਅੰਕੜਿਆਂ ਅਨੁਸਾਰ ਹੁਣ ਤੱਕ 10 ਲੱਖ
ਪਿੱਛੇ ਸਿਰਫ਼ 15 ਵਿਅਕਤੀ ਟੈਸਟ ਕੀਤੇ ਜਾ ਸਕੇ ਹਨ ਜਿਹੜੀ ਅਨੁਪਾਤ ਸੰਸਾਰ 'ਚ ਸਭ
ਤੋਂ ਘੱਟ ਬਣਦੀ ਹੈ| ਇਨ੍ਹਾਂ ਲੋੜੀਂਦੇ ਕਦਮਾਂ ਤੋਂ ਬਿਨਾਂ ਸਰਕਾਰੀ ਟੇਕ ਸਿਰਫ
ਲੌਕਡਾਊਨ 'ਤੇ ਹੀ ਹੈ ਉਹ ਵੀ ਅਜਿਹਾ ਲੌਕ ਡਾਊਨ ਜਿਹੜਾ ਬਿਨਾਂ ਲੋੜੀਂਦੀਆਂ
ਤਿਆਰੀਆਂ ਤੋਂ ਕਰ ਦਿੱਤਾ ਗਿਆ ਹੈ| ਇਸ ਲੌਕ ਡਾਊਨ ਨੇ ਕਰੋਨਾ ਤੋਂ
ਪਹਿਲਾਂ ਹੀ ਕਿਰਤੀਆਂ ਨੂੰ ਅਨੇਕ ਦੁਸ਼ਵਾਰੀਆਂ ਦੀ ਮਹਾਂਮਾਰੀ ਚ ਸੁੱਟ ਦਿੱਤਾ ਹੈ। ਦੇਸ਼ ਭਰ
ਚੋਂ ਆ ਰਹੀਆਂ ਖ਼ਬਰਾਂ ਤੇ ਖ਼ਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੇ ਭੁੱਖਣ ਭਾਣੇ ਰੁਲਣ ਦੀਆਂ
ਖਬਰਾਂ ਦੱਸਦੀਆਂ ਹਨ ਕਿ ਬਿਮਾਰੀ ਨੂੰ ਰੋਕਣ ਲਈ
ਚੁੱਕੇ ਕਦਮ ਬਿਮਾਰੀ ਤੋਂ ਵੀ ਜ਼ਿਆਦਾ ਘਾਤਕ ਸਾਬਿਤ ਹੋ ਸਕਦੇ ਹਨ| ----
ਸੁਰਖ ਲੀਹ
No comments:
Post a Comment