ਕਰੋਨਾ ਸੰਕਟ-- ਮੋਦੀ ਦੇ ਸੱਦਿਆਂ ਦੀ ਸਿਆਸਤ
ਹੁਣ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਵੱਲੋਂ ਕਰੋਨਾ ਵਾਇਰਸ ਨਾਲ ਲੜਨ ਲਈ ਨਵਾਂ ਸਸ਼ਤਰ ਪੇਸ਼ ਕੀਤਾ ਗਿਆ ਹੈ। 5 ਅਪਰੈਲ ਨੂੰ ਹਨੇਰਾ
ਫੈਲਾ ਕੇ ਮੋਮਬੱਤੀਆਂ ਤੇ ਦੀਵੇ ਬਾਲਣ ਦਾ ਸੱਦੇ ਦਿੱਤਾ ਗਿਆ ਹੈ। ਇਲਾਜ ’ਚ ਜੁਟੇ ਸਿਹਤ ਅਮਲੇ ਦੀ
ਹੌਂਸਲਾ ਅਫਜਾਈ ਦੇ ਨਾਂ ’ਤੇ ਪਹਿਲਾਂ 22 ਮਾਰਚ ਨੂੰ ਲੋਕਾਂ ਤੋਂ ਥਾਲੀਆਂ ਕੁਟਵਾਈਆਂ ਗਈਆਂ ਸਨ।
ਮਹਾਂਮਾਰੀ ਦਾ ਸਾਹਮਣਾ ਕਰ ਰਹੇ ਮੁਲਕ ’ਚ ਅਜਿਹੇ ਸੱਦੇ ਮੋਦੀ ਦੇ ਕਿਸੇ ਝੱਲ ਦਾ ਸਿੱਟਾ ਨਹੀਂ ਹਨ
, ਨਾ ਹੀ ਕਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਕਿਸੇ ਅਣਜਾਣਤਾ ਦਾ ਪ੍ਰਗਟਾਵਾ ਹਨ ਸਗੋਂ ਇਸ ਫਾਸ਼ੀ ਹਕੂਮਤ
ਦੀ ਸਿਆਸਤ ਦਾ ਹੀ ਬਕਾਇਦਾ ਅੰਗ ਹਨ । ਭਾਜਪਾ ਦੀ ਇਸ ਸਿਆਸਤ ’ਚ ਹੋਰਨਾਂ ਕਈ ਤਰੀਕਿਆਂ ਦੇ ਨਾਲ ਨਾਲ ਇੱਕ ਤਰੀਕਾ ਮੋਦੀ ਦੀ ਸਖਸ਼ੀਅਤ
ਨੂੰ ਮਕਬੂਲ ਆਗੂ ਵਜੋਂ ਉਭਾਰਨਾ ਹੈ, ਜਿਹੜਾ ਕਿ ਸਭ ਸਿਆਸਤਦਾਨਾਂ, ਪਾਰਟੀਆਂ ਤੋਂ ਉਪਰ ਤਾਂ ਹੈ ਹੀ , ਸਗੋਂ ਰਾਜ ਦੀਆਂ ਸਭ ਸੰਸਥਾਵਾਂ ਤੋਂ ਵੀ ਉਪਰ ਦਿਖਾਈ ਦਿੰਦਾ ਹੈ ਜਿਸਦੇ ਐਲਾਨਾਂ ਨੂੰ ਕਰੋੜਾਂ
ਲੋਕ ਯਕਦਮ ਹੁੰਗਾਰਾ ਭਰਦੇ ਹਨ , ਪੂਰਾ ਮੁਲਕ ਹਰਕਤ 'ਚ ਆਉਂਦਾ ਹੈ। ਹੁਣ
ਤੱਕ ਦੇ 6 ਸਾਲਾਂ ਦੇ ਸਾਰੇ ਅਰਸੇ
ਦੌਰਾਨ ਹੀ,ਉਸਨੂੰ ਅਜਿਹੇ ਆਗੂ
ਵਜੋਂ ਉਭਾਰਿਆ ਗਿਆ ਹੈ ਜਿਹੜਾ ਰਾਤ ਨੂੰ ਟੀ.ਵੀ. ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦਾ ਹੈ ਤੇ
ਲੋਕ ਨੋਟ ਬੰਦੀ ਵਰਗਾ ਸਿਰੇ ਦਾ ਧੱਕੜ ਕਦਮ "ਖੁਸ਼ੀ-ਖੁਸ਼ੀ" ਸਵੀਕਾਰ ਕਰ ਲੈਂਦੇ ਹਨ ।
ਜਿਹੜਾ ਪਾਕਿਸਤਾਨ ਨੂੰ ‘ਸਬਕ ਸਿਖਾਉਣ’
ਲਈ ਉਹਦੇ ਘਰ 'ਚ ਵੜ ਕੇ ਮਾਰ ਸਕਦਾ ਹੈ । ਜਿਸਨੂੰ ਅਮਰੀਕਾ ’ਚ ਵੀ ਲੱਖਾਂ ਲੋਕ ਪਲਕਾਂ ’ਤੇ ਬਿਠਾਉਂਦੇ ਹਨ ਤੇ ਜਿਸਦੀ ਦੁਨੀਆਂ ਦੇ ਵੱਡੇ-ਵੱਡੇ ਲੀਡਰਾਂ ’ਚ ਧਾਂਕ ਮੰਨੀ ਜਾਂਦੀ ਹੈ । ਜਿਹੜਾ 24 ਘੰਟਿਆਂ ’ਚੋਂ 18-18 ਘੰਟੇ ਦੇਸ਼ ਲਈ
ਜੁਟਿਆ ਰਹਿੰਦਾ ਹੈ ਤੇ ਦੇਸ਼ ਦੇ ਲੋਕਾਂ ਲਈ ਊਰਜਾ ਦਾ ਸਰੋਤ ਬਣਿਆ ਰਹਿੰਦਾ ਹੈ । ਜਿਹੜਾ ਹਰ
ਤਰ੍ਹਾਂ ਦੇ ਸੰਕਟਾਂ ਤੋਂ ਮੁਲਕ ਦੇ ਲੋਕਾਂ ਦੀ ਰੱਖਿਆ ਕਰਦਾ ਹੈ| ਹੁਣ ਤੱਕ ਮੋਦੀ-ਪੂਜਾ ਦੇ ਉਸ ਪ੍ਰੋਜੈਕਟ ਨੂੰ ਭਾਜਪਾ ਨੇ ਲਗਾਤਾਰ ਅੱਗੇ
ਵਧਾਇਆ ਹੈ ਜਿਸ ਵਿੱਚ ਵਿਕਾਊ ਮੀਡੀਏ ਦੀ ਕੇਂਦਰੀ ਭੂਮਿਕਾ ਹੈ । ਲੰਘੀਆਂ ਲੋਕ ਸਭਾ ਚੋਣਾਂ ਦੌਰਾਨ
ਵੀ ਮੋਦੀ ਨੂੰ ਕੌਮੀ ਗੌਰਵ ਦੇ ਚਿੰਨ ਵਜੋਂ ਉਭਾਰਿਆ ਗਿਆ ਸੀ ਇਹਨਾਂ ਚੋਣਾਂ ਦੀ ਜਿੱਤ 'ਚ ਇਹ ਪੈਂਤੜਾ ਭਾਜਪਾ ਲਈ ਸਹਾਈ ਹੋਇਆ ਸੀ |
ਹੁਣ ਵੀ ਇਹ ਫਾਸ਼ੀ ਹਕੂਮਤ ਕਰੋਨਾ ਮਹਾਂਮਾਰੀ ਦੇ ਨਾਲ
ਜੂਝ ਰਹੇ ਮੁਲਕ ਦੇ ਹਾਲਾਤਾਂ ਨੂੰ, ਮੋਦੀ ਦੀ ਸਖਸ਼ੀ ਪੂਜਾ ਨੂੰ ਉਭਾਰਨ ਲਈ ਹੋਰ ਨਿਆਮਤੀ ਮੌਕਾ ਸਮਝ ਕੇ ਵਰਤ ਰਹੀ ਹੈ । ਇਹ
ਪ੍ਰਭਾਵ ਸਿਰਜਣ ਦਾ ਯਤਨ ਹੈ ਕਿ ਮੋਦੀ ਦੇ ਸੱਦਿਆਂ ’ਤੇ ਕਰੋੜਾਂ ਲੋਕ ਉਮੜ ਪੈਂਦੇ ਹਨ ਤੇ ਮੋਦੀ ਇਸ ਮਹਾਂਮਾਰੀ ਖਿਲਾਫ ਹੋ
ਰਹੀ ਲੜਾਈ ਦਾ ਜਰਨੈਲ ਹੈ । ਇਸ ਲਈ ਸਾਰੇ ਸੰਬੋਧਨਾਂ ਦੌਰਾਨ ਉਹ ਆਪਣੀ ਸਮੁੱਚੀ ਸਰਕਾਰ ਦਾ ਜਿਕਰ
ਨਹੀਂ ਕਰਦਾ ਸਗੋਂ ਵਾਰ-ਵਾਰ ਆਪਣੇ ਆਪ ਨੂੰ ਉਭਾਰਦਾ ਹੈ । ਇਸ ਸਾਰੇ ਅਮਲ ਰਾਹੀਂ ਮੋਦੀ ਨੂੰ ਮੁਲਕ
ਦੇ ਚਣੌਤੀ ਰਹਿਤ ਤੇ ਹਰ ਤਰ੍ਹਾਂ ਦੇ ਸਵਾਲ ਰਹਿਤ ਸਰਵ ਪ੍ਰਵਾਨਿਤ ਆਗੂ ਵਜੋਂ ਉਭਾਰਨ ਦੀ ਕੋਸ਼ਿਸ਼ ਹੈ,
ਜਿਸਦੀਆਂ ਮੁਲਕ ਦੇ ਕਿਰਤੀ ਲੋਕਾਂ ਲਈ ਖਤਰਨਾਕ ਅਰਥ
ਸੰਭਾਵਨਾਵਾਂ ਬਣਦੀਆਂ ਹਨ। ਇਹ ਸੱਦੇ ਫਾਸ਼ੀ ਹਕੂਮਤ ਵੱਲੋਂ ਰਾਜ ਨੂੰ ਫਾਸ਼ੀ ਲੀਹਾਂ ’ਤੇ ਹੋਰ ਵਧੇਰੇ ਜਾਬਰ ਬਣਾਉਂਦੇ ਜਾਣ ਦੇ ਪ੍ਰਜੈਕਟ ਦਾ ਹੀ ਹਿੱਸਾ ਹਨ
ਜਿੱਥੇ ਮੋਦੀ ਦੇ ਮੂੰਹੋਂ ਨਿਕਲਿਆ ਐਲਾਨ ਮੁਲਕ ਦੇ ਕਨੂੰਨ ਤੋਂ ਵੀ ਜਿਆਦਾ ਤਾਕਤਵਰ ਹੈ ਤੇ ਬਿਨਾ
ਕਿਸੇ ਸਵਾਲ ਤੋਂ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ
। ਇਉਂ ਇਸ ਲੁਟੇਰੇ ਤੇ ਜਾਬਰ ਰਾਜ ਨੂੰ ਹੋਰ ਵਧੇਰੇ ਜ਼ਾਲਮ ਬਣਾ ਕੇ, ਮੁਲਕ ਦੀਆਂ ਲੁਟੇਰੀਆਂ ਜਮਾਤਾਂ ਦੀ ਸੇਵਾ ਦਾ ਹੋਰ ਬਿਹਤਰ ਸਾਧਨ ਬਣਾਉਣ
ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ । ਕਰਫਿਊ ਦੌਰਾਨ ਦੁਸ਼ਵਾਰੀਆਂ ਹੰਢਾ ਰਹੇ ਕਿਰਤੀਆਂ ਦੀਆਂ ਖ਼ਬਰਾਂ
ਦੇਣ ਦੇ ਦੋਸ਼ ਲਾ ਕੇ "ਦੀ ਵਾਇਰ" ਦੇ ਸੰਪਾਦਕ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ|
ਇਸ ਤੋਂ ਵੀ ਅਗਾਂਹ ਜਾਂਦਿਆਂ ਸੁਪਰੀਮ ਕੋਰਟ ਤੋਂ ਪ੍ਰੈੱਸ
ਨੂੰ ਇਹ ਸੁਣਵਾਈਨੁਮਾ ਸਲਾਹ ਦੁਆਈ ਗਈ ਹੈ ਕਿ ਉਹ ਕਰੋਨਾ ਵਾਇਰਸ ਮਹਾਂਮਾਰੀ ਨਾਲ ਸੰਬੰਧਿਤ ਖਬਰਾਂ
ਸਰਕਾਰੀ ਮਰਜ਼ੀ ਤੋਂ ਬਿਨਾਂ ਨਾ ਛਾਪਣ| ਇਉਂ ਹੁਣ ਭਾਜਪਾ ਹਕੂਮਤ ਨੇ ਇਸ ਮਹਾਂਮਾਰੀ ਦੇ ਮੌਕੇ ਨੂੰ ਆਪਣਾ ਫਾਸ਼ੀ ਹਮਲਾ ਅੱਗੇ ਵਧਾਉਣ ਦਾ
ਹਥਿਆਰ ਬਣਾਇਆ ਹੋਇਆ ਹੈ|
ਇਹ ਕੋਸ਼ਿਸ਼ਾਂ ਪਹਿਲੀ ਵਾਰ ਨਹੀਂ ਹੋ ਰਹੀਆਂ । ਕਿਸੇ ਵੇਲੇ
ਇੰਦਰਾ ਗਾਂਧੀ ਨੂੰ ਵੀ ਇਉਂ ਹੀ ਮਕਬੂਲ ਆਗੂ ਵਜੋਂ ਉਭਾਰਨ ਦੀ ਕੋਸ਼ਿਸ ਕੀਤੀ ਗਈ ਸੀ । ਹੁਣ
ਜਿਉਂ-ਜਿਉਂ ਅਖੌਤੀ ਆਰਥਿਕ ਸੁਧਾਰਾਂ ਦਾ ਹੱਲਾ ਸਿਰੇ ਲੱਗ ਰਿਹਾ ਹੈ ਤਾਂ ਲੋਕਾਂ ਨੂੰ
ਵਰਾਉਣ-ਵਰਚਾਉਣ ਲਈ ਆਰਥਿਕ ਰਿਆਇਤਾਂ ਦੇ ਕਦਮਾਂ ਦੀ ਗੁੰਜਾਇਸ਼ ਲਗਭਗ ਮੁਕਦੀ ਜਾ ਰਹੀ ਹੈ ਤਾਂ
ਅਜਿਹੇ ਸਮੇਂ ਹਕੂਮਤਾਂ ਲਈ ਸਖਸ਼ੀ-ਪੂਜਾ ਵਾਲੀ ਅਜਿਹੀ ਸਿਆਸਤ ਦੀ ਮਹੱਤਤਾ ਹੋਰ ਜਿਆਦਾ ਵੱਧ ਜਾਂਦੀ
ਹੈ । ਤਿੱਖੇ ਆਰਥਿਕ ਸਮਾਜਿਕ ਸੰਕਟਾਂ ਦੇ ਦਰਮਿਆਨ ਲੋਕ ਨਿਰਾਸ਼ਾ ਦੀ ਡੂੰਘੀ ਖੱਡ ਅੰਦਰ ਧਸਦੇ ਜਾ
ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ 'ਤੇ ਮਾਣ ਕਰ ਸਕਣ ਵਾਲਾ ਕੋਈ ਧਰਵਾਸ ਲੋੜੀਂਦਾ ਹੁੰਦਾ ਹੈ | ਰਾਜ ਭਾਗ ਵੱਲੋਂ ਅਜਿਹੇ ਲੀਡਰ ਨੂੰ ਉਭਾਰਨ ਰਾਹੀਂ ਲੋਕਾਂ ਦੇ ਸਮੂਹਿਕ
ਮਾਣ ਨੂੰ ਪ੍ਰਗਟਾਵਾ ਦੇਣ ਦਾ ਰਾਹ ਦਿੱਤਾ ਜਾਂਦਾ
ਹੈ| ਮੋਦੀ ਦੀ ਸ਼ਖ਼ਸੀਅਤ ਨੂੰ ਉਭਾਰਨ
ਰਾਹੀਂ ਲੋਕਾਂ ਨੂੰ ਅਜਿਹੇ ਝੂਠੇ ਕੌਮੀ ਮਾਣ ਦਾ ਧਰਵਾਸ ਬੰਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ|
ਅਜਿਹੀਆਂ ਕੋਸ਼ਿਸ਼ਾਂ ਸਮਾਜ ਦੀ ਮੁਕਾਬਲਤਨ ਵਿਕਸਤ ਤੇ ਚੇਤਨ
ਪਰਤ ਨੂੰ ਤਾਂ ਬਹੁਤ ਹਾਸੋਹੀਣੀਆਂ ਤੇ ਫਜੂਲ ਜਾਪਦੀਆਂ ਹਨ ਪਰ ਪੱਛੜੀ ਸਮਾਜੀ ਸਿਆਸੀ ਚੇਤਨਾ ਵਾਲੇ
ਕਰੋੜਾਂ-ਕਰੋੜ ਲੋਕਾਂ ’ਚ ਇਹ ਅਸਰ ਅੰਦਾਜ
ਹੁੰਦੀਆਂ ਹਨ , ਚਾਹੇ ਵਕਤੀ ਤੌਰ ’ਤੇ ਹੀ ਹੋਣ । ਪਰ ਨਾਲ ਹੀ ਲੋਕਾਂ ਦੀਆਂ ਜਿੰਦਗੀਆਂ ’ਚ ਆ ਰਿਹਾ ਭੂਚਾਲ, ਅਜਿਹੇ ਭਰਮਾਂ ਤੋਂ ਮੁਕਤ ਹੁੰਦੇ ਜਾਣ ਦਾ ਅਧਾਰ ਸਿਰਜਦਾ ਰਹਿੰਦਾ ਹੈ ਬਸ਼ਰਤੇ ਕਿ ਚੇਤਨ ਤੇ
ਵਿਕਸਤ ਹਿੱਸੇ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਯਤਨ ਜਟਾਉਂਦੇ ਰਹਿਣ ,
ਲੋਕਾਂ ਦੀਆਂ ਜਿੰਦਗੀਆਂ ਦੇ ਹਕੀਕੀ ਮਸਲਿਆਂ ਨੂੰ
ਉਭਾਰਦੇ ਰਹਿਣ ਤੇ ਹਕੀਕੀ ਜਮਾਤੀ ਮਸਲਿਆਂ ਦੁਆਲੇ ਸੰਘਰਸ਼ਾਂ ਦੀ ਉਸਾਰੀ ਕਰਨ 'ਚ ਜੁਟੇ ਰਹਿਣ| (04-04-2020)
No comments:
Post a Comment