ਮੁਲਕ ਅੰਦਰ ਲੌਕਡਾਊਨ ਦੀਆਂ ਦੁਸ਼ਵਾਰੀਆਂ ਹੰਢਾ ਰਹੇ ਕਿਰਤੀ ਲੋਕਾਂ ਲਈ ਇੱਕ ਚੇਤਨ ਤੇ ਸੰਵੇਦਨਸ਼ੀਲ ਵਿਅਕਤੀ ਦੀਆਂ ਭਾਵਨਾਵਾਂ -
-ਗਰੀਬ ਲੋਕਾਂ ਨੂੰ ਮਰਨ ਦਿਉ, ਸਿਰਫ ਅਸੀਂ ਹੀ ਬਚਣੇ ਚਾਹੀਦੇ ਹਾਂ
--- ਸੁਤਪੁਤਰਾ ਰਾਧੇ
-ਤਾਲਾਬੰਦੀ ਦਾ
ਮੁਕਾਬਲਾ ਕਰਨ ਲਈ ਜੋ ਕੁਛ ਵੀ ਚਾਹੀਦਾ ਹੈ , ਉਹ ਸਭ ਲੈਕੇ ਅਸੀਂ ਘਰਾਂ ਦੀ ਚਾਰਦੀਵਾਰੀ ਅੰਦਰ
ਬੈਠੇ ਹਾਂ। ਪਰ ਉਹਨਾਂ ਲੋਕਾਂ ਦਾ ਕੀ ਬਣੇਗਾ ਜਿਹਨਾਂ ਨੂੰ ਜਿੰਦਗੀ ਨੇ ਇਹ ਸੁਵਿਧਾਵਾਂ ਨਹੀਂ
ਦਿੱਤੀਆਂ? ਕੀ ਇਹ ਉਹਨਾਂ ਦਾ ਕਸੂਰ ਹੈ?
ਜਾਂ ਕੀ ਇਹ ਜਿੰਦਗੀ ਜੀਣ ਦੇ ਮੁਕਾਬਲੇ ਭਰੇ ਢਾਂਚੇ ਦਾ
ਕਸੂਰ ਹੈ?
ਮਹਾਂ-ਮਾਰੀ ਇੱਕ ਗੰਭੀਰ ਮਸਲਾ ਹੈ ਜਿਵੇਂ ਕਿ ਭੁੱਖ-ਮਰੀ
ਤੇ ਉਜਰਤਾਂ ਵੀ। ਜਦੋਂ ਹੁਣ ਸਾਰੀ ਦੁਨੀਆਂ ਕੋਵਿਡ
19 ਦੇ ਨਾਲ ਲੜ ਰਹੀ ਹੈ ਤੇ
ਭਾਰੂ ਰੂਪ ਵਿੱਚ ਪੂੰਜੀਵਾਦੀ ਸਬੰਧਾਂ ਵਾਲੇ ਦੇਸ਼ ਵੀ ਇਹਦੇ ਅੱਗੇ ਗੋਡਿਆਂ ਪਰਨੇ ਹੋ ਰਹੇ ਹਨ ਤਾਂ
ਸਾਨੂੰ ਇਸ ਬੁਨਿਆਦੀ ਸਵਾਲ ਬਾਰੇ ਸੋਚਣਾ ਪਵੇਗਾ ਕਿ ਕੀ ਪੂੰਜੀਵਾਦੀ ਪ੍ਰਬੰਧ ਅਤੇ ਇਸ ਵੱਲੋਂ
ਦਿੱਤਾ ਗਿਆ ਜੀਵਨ ਪੱਧਰ ਸੱਚਮੁੱਚ ਹੀ ਵਧੀਆ ਹੈ?
ਕਿਉਂ ?
ਕਿਉਂਕਿ ਗੈਰ-ਬਰਾਬਰੀ ਵਧਦੀ ਜਾ ਰਹੀ ਹੈ ਅਤੇ ਵਿਕਾਸ ਦਰ
ਘਟ ਰਹੀ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਭਾਰਤ ਦੇ ਉਪਰਲੇ 1
% ਕੋਲ ਦੇਸ
ਦੀ 73 % ਦੌਲਤ ਹੈ।
ਸਾਰੇ ਦੇਸ ਸਿਹਤ ਸਬੰਧੀ ਤੇ
ਢਾਂਚਾਗਤ ਲੋੜਾਂ ਸਬੰਧੀ ਥੁੜ ਦਾ ਸਾਹਮਣਾ ਕਰ ਰਹੇ ਹਨ। ਇਹੀ ਹਕੀਕਤ ਹੈ। ਇੱਥੋਂ ਤੱਕ ਕਿ ਹਰ ਤਰਾਂ
ਦੀ ਨਿਰੀਖਣਕਾਰੀ ਖਤਰੇ ਦਾ ਅਸਲ ਅੰਦਾਜਾ ਲਾਉਣ ਤੋਂ ਅਸਮੱਰਥ ਹੈ। ਪਰ ਮੈਂ ਇਹ ਸਮਝਣ ਤੋਂ ਅਸਮਰੱਥ
ਹਾਂ ਕਿ ਇਸ ਅਫਰਾ-ਤਫਰੀ ਦੌਰਾਨ ਵੀ ਗਰੀਬਾਂ ਬਾਰੇ
ਬਹੁਤਾ ਕੁਛ ਕਿਉਂ ਨਹੀ ਕਿਹਾ ਜਾ ਰਿਹਾ? ਦਿਹਾੜੀ ਦਾਰ ਕਾਮਿਆਂ ਤੇ ਉਹਨਾਂ ਦੀ ਉਜਰਤਾਂ ਬਾਰੇ ਕੋਈ ਕਿਉਂ ਨਹੀਂ ਬੋਲ ਰਿਹਾ?
ਜੇ ਉਹਨਾਂ ਨੂੰ ਕੰਮ ਨਾ
ਮਿਲਿਆ ਤਾਂ ਉਹ ਕਿਵੇਂ ਬਚ ਸਕਣਗੇ?
ਜੇ ਤੁਸੀਂ ਇਹ ਸੋਚਦੇ ਹੋ ਕਿ
ਕਰੋਨਾਵਾਇਰਸ ਦੇ ਸਮੇਂ ਦੌਰਾਨ ਅਮੀਰ ਤੇ ਗਰੀਬ ਦੀ ਕੋਈ ਵੰਡ ਨਹੀਂ ਤਾਂ ਤੁਸੀਂ ਗਲਤ ਸੋਚਦੇ ਹੋ।
ਇਥੇ ਅਮੀਰ ਤੇ ਗਰੀਬ ਦਾ ਫਰਕ ਹਮੇਸ਼ਾ ਤੋਂ ਹੈ ਤੇ ਇਹ ਤਾਲਾਬੰਦੀ ਦੌਰਾਨ ਬਹੁਤ ਸਾਰੇ ਪੱਖਾਂ ਨੂੰ
ਤੈਅ ਕਰਦਾ ਹੈ।
ਗਰੀਬ ਲੋਕਾਂ ਨੂੰ ਮਦਦ
ਚਾਹੀਦੀ ਹੈ ਕਿਉਂਕਿ ਉਹਨਾਂ ਕੋਲ ਕੋਈ ਬੱਚਤ ਨਹੀਂ ਹੈ। ਉਹ ਏਨਾ ਨਹੀਂ ਕਮਾਉਂਦੇ ਕਿ ਬਚਾ ਸਕਣ।
ਰਾਜਾਂ ਨੂੰ ਉਹਨਾਂ ਲਈ ਛੇਤੀ ਫੰਡ ਜਾਰੀ ਕਰਨੇ ਚਾਹੀਦੇ ਹਨ ਜਿਵੇਂ ਕਿ ਕੁਛ ਨੇ ਕੀਤੇ ਵੀ ਹਨ।
ਪਰ ਬਾਕੀਆਂ ਦਾ ਕੀ ਹੋਵੇਗਾ ?
ਇਸਤੋਂ ਵੀ ਅੱਗੇ ਜਿਹਨਾਂ ਨੇ ਆਰਥਿਕ ਸਹਾਇਤਾ ਦਾ ਐਲਾਨ
ਕੀਤਾ ਹੈ ਉਹਨਾਂ ਨੂੰ ਦੱਸਣਾ ਪਵੇਗਾ ਕਿ ਗਰੀਬ ਇਹ ਪੈਸਾ ਹਾਸਲ ਕਿਵੇਂ ਕਰਨਗੇ ?
ਕੀ ਤੁਸੀਂ ਇਹ ਉਹਨਾਂ ਦੇ ਘਰਾਂ ਵਿੱਚ ਵੰਡੋਗੇ?
ਜਾਂ ਕੀ ਉਹਨਾਂ ਨੂੰ ਘਰਾਂ ਤੋੰ ਬਾਹਰ ਆਉਣਾ ਪਵੇਗਾ ਤੇ
ਸਰਕਾਰੀ ਦਫਤਰਾਂ ਦੇ ਬਾਹਰ ਲੰਮੀਆਂ ਲਾਈਨਾਂ 'ਚ ਖੜਣਾ ਪਵੇਗਾ? ਕੀ ਇਸ ਨਾਲ ਉਹਨਾਂ
ਨੂੰ ਬਿਮਾਰੀ ਦੀ ਲਾਗ ਦਾ ਖਤਰਾ ਨਹੀੰ ਵਧੇਗਾ? ਤੁਸੀਂ ਉਹਨਾਂ ਨਾਲ ਰਾਬਤਾ ਕਿਵੇਂ ਕਰੋਗੇ ? ਅਖਬਾਰਾਂ ਰਾਹੀਂ ? ਪਰ ਜੇ ਉਹ ਅਖਬਾਰ
ਨਾ ਪੜ੍ਹਦੇ ਹੋਣ ਫੇਰ? ਜੇ ਉਹ ਕਦੇ ਸਕੂਲ
ਹੀ ਨਾ ਗਏ ਹੋਣ? ਇਲੈਕਟ੍ਰਾਨਿਕ
ਮਾਧਿਅਮ ਰਾਹੀਂ? ਪਰ ਜੇਕਰ ਉਹਨਾਂ
ਕੋਲ ਟੈਲੀਵਿਜਨ ਜਾਂ ਰੇਡੀਓ ਹੀ ਨਾ ਹੋਏ ਤਾਂ? ਹੋ ਸਕਦੈ ਉਹਨਾਂ ਕੋਲ ਸਮਾਰਟਫੋਨ ਨਾ ਹੋਣ ਤੇ ਨਾ ਹੀ ਉਹਨਾਂ ਨੂੰ ਇੰਟਰਨੈੱਟ ਵਰਤਣਾ ਆਉਂਦਾ
ਹੋਵੇ।
ਬੇਘਰੇ ਲੋਕਾਂ ਦਾ ਕੀ ਬਣੇਗਾ?
ਇਹ ਉਹਨਾਂ ਦੀ ਚੋਣ ਨਹੀਂ ਸਗੋਂ ਇਸਦੇ ਠੋਸ ਕਾਰਨ ਹਨ ਕਿ
ਉਹ ਅੱਤ ਦੀ ਗਰੀਬੀ 'ਚ ਰਹਿੰਦੇ ਹਨ। ਉਹ
ਫਕੀਰ ਹੋਣ ਦਾ ਨਾਟਕ ਨਹੀਂ ਕਰਦੇ ਉਹ ਸੱਚੀਓਂ ਹੀ ਫਕੀਰ ਹਨ।
ਹਾਸੋਹੀਣੀ ਗੱਲ ਇਹ ਹੈ ਕਿ ਮੱਧ
ਵਰਗੀ ਲੀਡਰ ਸੋਚਦੇ ਹਨ ਕਿ ਸਾਰੀ ਦੁਨੀਆ ਹੀ ਮੱਧ-ਵਰਗੀ ਹੈ । ਪੜ੍ਹੀ- ਲਿਖੀ ਤੇ ਜਾਣਕਾਰੀ ਨਾਲ ਲੈਸ। ਗਰੀਬ ਜਮਾਤ ਨੂੰ ਹੋ ਸਕਦੈ ਪਤਾ
ਵੀ ਨਾ ਹੋਵੇ ਕਿ ਕਰੋਨਵਾਇਰਸ ਕੀ ਹੈ ਤੇ ਇਹਦੇ ਤੋਂ ਬਚਣ ਲਈ ਉਹ ਕੀ ਕਰਨ। ਮਾਸਕ ਤੇ ਸੈਨੀਟਾਈਜਰ
ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਸਕਦੇ ਹਨ। ਵੈਸੇ ਵੀ ਇਹ ਚੀਜਾਂ ਮਹਿੰਗੀਆਂ ਨੇ ਤੇ ਉਹ ਬੇਰੁਜਗਾਰ
ਨੇ। ਉਹ ਉਹਨਾਂ ਲੋਕਾਂ ਵਾਂਗ ਬੱਝਵੀਆਂ ਤਨਖਾਹਾਂ ਨਹੀਂ ਲੈਂਦੇ ਜੋ ਕਿ ਪ੍ਰਵਚਨ ਨੂੰ ਨਿਰਦੇਸ਼ਿਤ ਕਰ
ਰਹੇ ਹਨ।
ਸਾਡੇ ਰਿਹਾਇਸ਼ੀ ਇਲਾਕੇ ਦੇ
ਰਹਿਣ ਵਾਲੇ ਇੱਕ ਰਿਕਸ਼ਾ ਚਾਲਕ ਚਾਚਾ ਨੇ ਮੈਨੂੰ ਇੱਕ ਵਾਰ ਕਿਹਾ ਸੀ," ਜਦੋਂ ਤੁਹਾਨੂੰ
ਆਪਣਾ ਢਿੱਡ ਭਰਨ ਲਈ ਹਰ ਰੋਜ ਕੰਮ ਤੇ ਜਾਣਾ ਪੈਂਦਾ ਹੈ ਤਾਂ ਬਿਮਾਰੀ ਤੇ ਮੌਤ ਕੋਈ ਮਹੱਤਵ ਨਹੀਂ ਰੱਖਦੀ।"
ਇਹ ਅੱਜ ਮੈਨੂੰ ਸੱਚ ਲੱਗ ਰਿਹਾ ਹੈ।
ਇਸਤੋਂ ਬਿਨਾ ਇੱਕ ਹੋਰ
ਸਮਸਿੱਆ ਹੈ ਜਿਸ ਨਾਲ ਉਹਨਾਂ ਦਾ ਮੱਥੇ ਲੱਗੇਗਾ ਜੇਕਰ ਉਹਨਾਂ ਨੂੰ ਪੈਸੇ ਮਿਲ ਵੀ ਜਾਂਦੇ ਹਨ।
ਦੁਕਾਨਾਂ ਤੇ ਸਮਾਨ ਦੀਆਂ ਵਧ ਰਹੀਆਂ ਕੀਮਤਾਂ। ਸਪਲਾਈ ਦੀ ਘਾਟ ਅਤੇ ਮੰਗ 'ਚ ਵਾਧੇ ਕਾਰਨ ਚੀਜਾਂ ਦੇ ਭਾਅ ਵਧ ਰਹੇ ਹਨ- ਘੱਟੋ-ਘੱਟ ਮੇਰੇ ਰਾਜ
ਵਿੱਚ ਤਾਂ ਵਧੇ ਹੀ ਹਨ। ਤਾਂ ਕੀ ਉਹ ਬਹੁਤ ਥੋੜੇ ਪੈਸਿਆਂ ਨਾਲ ਆਪਣੇ ਪਰਿਵਾਰਾਂ ਦੀਆਂ ਲੋੜਾਂ
ਪੂਰੀਆਂ ਕਰ ਸਕਣਗੇ? ਕੀ ਹੋਵੇਗਾ ਜੇ ਉਹਨਾਂ
ਵਾਸਤੇ ਭੋਜਨ ਬਚਿਆ ਹੀ ਨਾ ਕਿਉਂਕਿ ਭੋਜਨ ਤਾਂ ਸਰਦੇ-ਪੁੱਜਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਜਮਾਂ
ਕਰ ਲਿਆ ਹੈ?
..... ਕੀ ਖਪਤਕਾਰਾਂ ਤੱਕ
ਚੀਜਾਂ ਪਹੁੰਚਾਉਣ ਵਿੱਚ ਬਰਾਬਰੀ ਲਾਗੂ ਕੀਤੀ ਜਾ ਸਕਦੀ ਹੈ ਤਾਂ ਕਿ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਲੋਕ ਖਾਣੇ ਵਾਸਤੇ ਫਿਕਰਮੰਦ ਨਾ ਹੋਣ?.....
.....ਇਹ ਨਿਰ-ਅਧਾਰ ਨਸਲੀ
ਟਿੱਪਣੀਆਂ ਤੋਂ ਵੀ ਅੱਗੇ ਲੋਕ ਡਾਕਟਰਾਂ ਤੇ ਸਿਹਤ ਅਮਲੇ ਨੂੰ ਆਪਣੇ ਘਰ ਖਾਲੀ ਕਰਨ ਲਈ ਕਹਿ ਰਹੇ ਹਨ ਅਤੇ ਆਪਣੀਆਂ
ਕਲੋਨੀਆਂ ਜਾਂ ਮੁਹੱਲਿਆਂ ਵਿੱਚ ਉਹਨਾਂ ਦੇ ਦਾਖਲੇ ਤੇ ਪਾਬੰਦੀ ਲਾ ਰਹੇ ਹਨ। ਇਸ ਡਰ ਵਿੱਚ ਕਿ ਉਹਨਾਂ ਦੇ ਆਉਣ ਨਾਲ ਵਾਇਰਿਸ ਫੈਲ ਜਾਵੇਗਾ। ਇੱਕ
ਪੂੰਜੀਵਾਦੀ ਦਿਮਾਗ ਇਸੇ ਤਰਾਂ ਕੰਮ ਕਰਦਾ ਹੈ। ਕੀ ਇਸ ਤਰਾਂ ਨਹੀਂ ?
ਕੀ ਤੁਸੀਂ ਨਹੀਂ ਸੋਚਦੇ ਕਿ
ਚੀਜਾਂ ਬਦਲਣੀਆਂ ਚਾਹੀਦੀਆਂ ਹਨ? ਕੀ ਤੁਸੀਂ ਨਹੀਂ ਸੋਚਦੇ ਕਿ ਜਾਤ,ਰੁਤਬਾ,ਨਸਲ,ਧਰਮ ਤੇ ਜਮਾਤ ਦਾ ਕੋਈ ਮਸਲਾ ਨਹੀਂ ਹੋਣਾ ਚਾਹੀਦਾ?
..... ਜੇ ਹਾਂ ਤਾਂ ਆਉ ਗਰੀਬਾਂ ਤੇ ਨਿਤਾਣਿਆਂ ਲਈ ਖੜੀਏ। ਆਉ
ਬਰਾਬਰੀ ਲਈ ਖੜ੍ਹੀਏ। ਆਉ ਜਿੰਦਗੀ ਦੇ ਹੱਕ ਲਈ ਖੜ੍ਹੀਏ। ਆਉ ਇੱਕ ਦੂਜੇ ਲਈ ਖੜ੍ਹੀਏ। ਆਉ ਸਾਰੇ
ਸੰਸਾਰ ਲਈ ਖੜ੍ਹੀਏ।
(ਸੁਤਪੁਤਰਾ ਰਾਧੇ
ਇੱਕ ਕਵੀ ਤੇ ਟਿੱਪਣੀਕਾਰ ਹੈ) [ ਅਦਾਰਾ
ਸੁਰਖ ਲੀਹ ਵੱਲੋਂ ਅੰਗਰੇਜ਼ੀ ਤੋਂ ਅਨੁਵਾਦ, ਸੰਖੇਪ] (29-03-2020)
No comments:
Post a Comment