ਕਰੋਨਾ ਵਾਇਰਸ ਮਹਾਂਮਾਰੀ – ਮੁਲਕ ਦੇ ਹਾਲਾਤ ਤੇ ਲੋੜਾਂ
-ਪਾਵੇਲ ਕੁੱਸਾ
ਕਰੋਨਾ ਵਾਇਰਸ ਦੀ ਲਾਗ ਦੇ
ਪਸਾਰੇ ਨੂੰ ਰੋਕਣ ਲਈ ਭਾਰਤੀ ਸਰਕਾਰ ਤੇ ਰਾਜ ਸਰਕਾਰਾਂ ਦੀਆਂ ਤਿਆਰੀਆਂ ਤੇ ਲੋੜੀਂਦੇ ਕਦਮ ਖਤਰਨਾਕ
ਹੱਦ ਤੱਕ ਊਣੇ ਹਨ । ਇਸ ਹਾਲਤ ਦੇ ਬਾਵਜੂਦ ਊਣੇ ਹਨ ਕਿ ਭਾਰਤ ਕੋਲ ਏਨਾ ਕੁ ਮੁਹਲਤੀ ਸਮਾਂ ਸੀ ਕਿ
ਦੇਸ਼ ਅੰਦਰ ਇਹਦੇ ਦਾਖਲੇ ਦੀਆਂ ਸੰਭਾਵਨਾਵਾਂ ਨੂੰ ਬਹੁਤ ਹੀ ਸੀਮਤ ਕੀਤਾ ਜਾ ਸਕਦਾ ਸੀ । ਹੋਰਨਾਂ
ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦੀ ਸਖਤੀ ਨਾਲ ਜਾਂਚ ਕੀਤੀ ਜਾ ਸਕਦੀ ਸੀ ਤੇ ਉਹਨਾਂ ਦੇ ਇਕਾਂਤਵਾਸ
ਦੇ ਕਦਮ ਲਏ ਜਾ ਸਕਦੇ ਸਨ । ਦੇਸ਼ ’ਚ 30 ਜਨਵਰੀ ਨੂੰ ਪਹਿਲਾ ਕੇਸ
ਸਾਹਮਣੇ ਆ ਗਿਆ ਸੀ । ਦੁਨੀਆ ਦੇ ਚੀਨ ਤੇ ਇਟਲੀ ਵਰਗੇ ਦੇਸ਼ ਪਹਿਲਾਂ ਹੀ ਇਸ ਦੀ ਲਪੇਟ ’ਚ ਆ ਚੁੱਕੇ ਸਨ ਤੇ ਜਿਵੇਂ ਉਹਨਾਂ ਵੱਲੋਂ ਇਹਦੀ ਰੋਕਥਾਮ ਤੇ ਇਲਾਜ ਦੇ
ਕਦਮ ਲਏ ਜਾ ਰਹੇ ਸਨ ,ਉਹ ਵੀ ਮਗਰੋਂ ਦੇ
ਦੇਸ਼ਾਂ ਲਈ ਤਜਰਬੇ ਦੇ ਪੱਖ ਤੋਂ ਮਹੱਤਵਪੂਰਨ ਹੋ ਸਕਦੇ ਸਨ । ਪਰ ਹਮੇਸ਼ਾ ਦੀ ਤਰ੍ਹਾਂ ਭਾਰਤੀ
ਰਾਜ-ਤੰਤਰ ਬੇਪ੍ਰਵਾਹ ਰਿਹਾ । ਮੁਲਕ ’ਚ ਹਰ ਪਾਸੇ ਤੋਂ ਧੜਾਧੜ ਜਹਾਜਾਂ ਦੇ ਜਹਾਜ ਆਉਂਦੇ ਗਏ ਤੇ ਸਰਕਾਰ ਡੇਢ ਮਹੀਨਾ ਹੱਥ ’ਤੇ ਹੱਥ ਰੱਖ ਦੇਖਦੀ ਰਹੀ । ਹੁਣ ਜਦੋਂ ਖਤਰਾ ਸਿਰ ’ਤੇ ਆ ਖੜਾ ਹੋਇਆ ਤਾਂ ਬਿਨਾ ਲੋੜੀਂਦੀ ਤਿਆਰੀ ਕੀਤੇ,
ਬਿਨ-ਵਿਉਂਤਾ ਕਰਫਿਊ ਮੜ੍ਹ ਦਿੱਤਾ ਗਿਆ । ਕਈ ਪੱਤਰਕਾਰ
ਤਾਂ ਇਸਨੂੰ ਵਿਸ਼ਵ ਦੀ ਸਭ ਤੋਂ ਕੁੱਢਰ ਤਾਲਾਬੰਦੀ ਕਰਾਰ ਦੇ ਰਹੇ ਹਨ । ਅਜਿਹੀ ਬੇਕਿਰਕ ਤਾਲਾਬੰਦੀ
ਤਾਂ ਚੀਨ ਤੇ ਇਟਲੀ ਵਰਗੇ ਮੁਲਕਾਂ ਨੇ ਵੀ ਨਹੀਂ ਸੀ ਕੀਤੀ ਹਾਲਾਂਕਿ ਉੱਥੇ ਜੀਵਨ ਪੱਧਰ ਵੀ ਸਾਡੇ
ਨਾਲੋਂ ਉੱਚਾ ਹੈ ਤੇ ਸਮਾਜ ਵੀ ਉਚੇਰੇ ਪੱਧਰ ’ਤੇ ਜਥੇਬੰਦ ਹਨ । ਉਹਨਾਂ ਨੇ ਵੀ ਕੁੱਝ ਖਾਸ ਖੇਤਰਾਂ ’ਚ ਪਾਬੰਦੀਆਂ ਲਾਈਆਂ ਸਨ । ਪਰ ਭਾਰਤੀ ਹਾਕਮਾਂ ਨੇ ਤਾਂ ਚੇਤਨ ਚੋਣ
ਕੀਤੀ ਜਾਪਦੀ ਹੈ ਕਿ ਇਸ ਤਾਲਾਬੰਦੀ ਨਾਲ ਸਮਾਜ ਦੀਆਂ ਉਪਰਲੀਆਂ ਪਰਤਾਂ ਤਾਂ ਬਚਾਈਏ ਜਦਕਿ ‘ਹੇਠਲੇ’ ਤਾਂ ਪਹਿਲਾਂ ਹੀ ਰੁਲ ਕੇ ਮਰਦੇ ਆ ਰਹੇ ਹਨ। ਤੇ ਸੱਚ ਮੁੱਚ ਹੀ ਕਰੋੜਾਂ ਕਿਰਤੀ ਲੋਕਾਂ,
ਨੂੰ ਖਾਸ ਕਰਕੇ ਪ੍ਰਵਾਸੀ ਮਜਦੂਰਾਂ ਨੂੰ ਸ਼ਰੇਆਮ ਰੁਲਣ
ਲਈ ਸੁੱਟ ਦਿੱਤਾ ਗਿਆ । ਪਿਛਲੇ ਕੁੱਝ ਦਿਨਾਂ ਤੋਂ ਇਹਨਾਂ ਕਿਰਤੀਆਂ ਦੀਆਂ ਦੁਸ਼ਵਾਰੀਆਂ ਦੇ ਹਾਲਾਤ
ਹਰ ਸੰਵੇਦਨਸ਼ੀਲ ਹਿਰਦੇ ਦਾ ਰੁੱਗ ਭਰਦੇ ਰਹੇ ਹਨ। ਰੋਜ ਦੀ ਦਿਹਾੜੀ ਕਰਕੇ ਗੁਜਾਰੇ ਤੋਰਨ ਵਾਲੇ ਦੋ
ਡੰਗ ਦੀ ਰੋਟੀ ਲਈ ਆਤੁਰ ਹੋ ਰਹੇ ਹਨ ਤੇ ਕਰੋਨਾ ਦੇ ਪ੍ਰਕੋਪ ਤੋਂ ਪਹਿਲਾਂ ਭੁੱਖ ਦੇ ਕਹਿਰ ਦੀਆਂ
ਤੇ ਘਰਾਂ ਨੂੰ ਪਰਤਦੇ ਮਜਦੂਰਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਚੁੱਕੀਆਂ ਹਨ । ਐਮਰਜੈਂਸੀ ਸਿਹਤ
ਸੇਵਾਵਾਂ ਨਾ ਮਿਲਣ ਕਾਰਨ ਕਿੰਨੀਆਂ ਮੌਤਾਂ ਹੋਈਆਂ ਹੋਣਗੀਆਂ, ਉਹ ਖਬਰਾਂ ਅਜੇ ਆਉਣੀਆਂ ਹਨ । ਅਜਿਹੀ ਨਾ-ਅਹਿਲੀਅਤ ਕਾਰਨ ਮੁਲਕ ਅੰਦਰ
ਵਾਇਰਸ ਪੁੱਜਣ ਦੇਣ ਤੇ ਮਗਰੋਂ ਅਚਾਨਕ ਕਰਫਿਊ ਮੜ੍ਹ ਦੇਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦੇ ਪਹਾੜ
ਥੱਲੇ ਦੇ ਦੇਣ ਵਾਲੀ ਹਕੂਮਤ ਕਟਹਿਰੇ ’ਚ ਨਹੀਂ ਖੜ੍ਹਾਈ ਜਾਣੀ ਚਾਹੀਦੀ? ਪਰ ਸਿਤਮ ਜਰੀਫੀ ਇਹ ਹੈ ਕਿ ਇਹਨਾਂ ਹੋ ਰਹੀਆਂ ਮੌਤਾਂ ਲਈ ਕਦੇ ਕੋਈ ਜਵਾਬਦੇਹੀ ਤੈਅ ਨਹੀਂ
ਹੋਣੀ ।
ਹੁਣ ਸਾਰੀ ਟੇਕ ਲੌਕ-ਡਾਊਨ ’ਤੇ ਹੀ ਰੱਖ ਲਈ ਗਈ ਹੈ ਤੇ ਪੁਲਿਸ ਦੇ ਡੰਡੇ ਨਾਲ ਹੀ ਪਿਛੇਤ ਕੱਢਣ ਦੀ
ਕੋਸ਼ਿਸ਼ ਕੀਤੀ ਗਈ ਹੈ, ਜਦਕਿ ਸੰਸਾਰ ਦੇ
ਮਾਹਰ ਡਾਕਟਰ ਵਾਰ ਵਾਰ ਕਹਿ ਰਹੇ ਹਨ ਕਿ ਇਹ ਸਿਰਫ ਇੱਕ ਕਦਮ ਹੀ ਬਣਦਾ ਹੈ ਜਦਕਿ ਇਸ ਨਾਲ ਜੁੜਦੇ
ਬਾਕੀ ਕਦਮ ਪੂਰੇ ਕਰਕੇ ਹੀ ਇਸ ਮਹਾਂਮਾਰੀ ਦਾ
ਟਾਕਰਾ ਕੀਤਾ ਜਾ ਸਕਦਾ ਹੈ । ਇਹ ਕਦਮ ਟੈਸਟਿੰਗ, ਸ਼ੱਕੀਆਂ ਦੀ ਭਾਲ, ਇਲਾਜ ਤੇ ਇਕਾਂਤਵਾਸ
ਦੇ ਕਦਮ ਹਨ । ਜਦੋਂ ਵਾਇਰਸ ਦਾ ਸ੍ਰੋਤ ਪਛਾਨਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਉਦੋਂ ਜਨਤਕ ਪੱਧਰ ’ਤੇ ਟੈਸਟਿੰਗ ਦੀ ਜਰੂਰਤ ਪੈਂਦੀ ਹੈ । ਇਸ ਲਈ ਟੈਸਟ ਕਿੱਟਾਂ,
ਲੈਬਾਰਟੀਆਂ ਤੇ ਭਾਰੀ ਗਿਣਤੀ ਸਿਹਤ ਕਰਮੀਆਂ ਦੀ ਲੋੜ ਹੈ
। ਪਰ ਸਰਕਾਰ ਕੋਲ ਨਾ ਤਾਂ ਅਜਿਹਾ ਸਾਜੋ ਸਮਾਨ ਮੌਜੂਦ ਹੈ ਤੇ ਨਾ ਹੀ ਤੇਜੀ ਨਾਲ ਇਸ ਪਾਸੇ ਕਦਮ
ਵਧਾਉਣ ਦੇ ਯਤਨ ਦਿਖਾਈ ਦਿੱਤੇ ਹਨ । ਇਕ ਵਾਰ ਫਿਰ
ਸਿਹਤ ਖੇਤਰ ’ਚ ਵੀ ਕਾਇਮ ਹੋ
ਚੁੱਕੀ ਕਾਰਪੋਰੇਟ ਜਗਤ ਦੀ ਸਰਦਾਰੀ ਦੀ ਕੀਮਤ ਲੋਕ ਅਦਾ ਕਰਨਗੇ।
ਹੁਣ ਜਦੋਂ ਬਿਮਾਰੀ ਦੇ ਤੇਜੀ ਨਾਲ ਪਸਾਰੇ ਦਾ ਖਤਰਾ ਸਿਰ ’ਤੇ ਆ ਖੜ੍ਹਾ ਹੋਇਆ ਹੈ ਤਾਂ ਮੁਲਕ ਦੀ ਸਰਕਾਰੀ ਕੰਪਨੀ ਦੁਨੀਆਂ ਭਰ ’ਚੋਂ ਮਾਸਕ ਤੇ ਨਿੱਜੀ ਰੱਖਿਅਕ ਸੂਟਾਂ ਬਾਰੇ ਪੁੱਛਦੀ ਫਿਰ ਰਹੀ ਹੈ ।
ਲੀਕ ਹੋਈ ਇੱਕ ਸਰਕਾਰੀ ਚਿੱਠੀ ਅਨੁਸਾਰ (ਇਕਨੋਮਿਕ ਟਾਈਮਜ) 27 ਮਾਰਚ ਨੂੰ ਇਸਨੇ 730 ਕੰਪਨੀਆਂ ਕੋਲ ਪਹੁੰਚ ਕੀਤੀ ਹੈ, ਜਿਹੜੀਆਂ ਇਹ ਸਮਾਨ ਸਪਲਾਈ ਕਰਦੀਆਂ ਹਨ । ਇਨ੍ਹਾਂ ’ਚੋਂ 319 ਨੇ ਹਾਮੀ ਭਰੀ ਹੈ । ਇਸ ਕੰਪਨੀ ਨੇ 3 ਕਰੋੜ 80 ਲੱਖ ਮਾਸਕ ਤੇ
ਸਿਰਫ 7 ਸੂਬਿਆਂ ਲਈ 62 ਲੱਖ ਰੱਖਿਅਕ ਸੂਟਾਂ ਦੀ ਮੰਗ ਕੀਤੀ ਹੈ । ਇਸ ਖਬਰ ਅਨੁਸਾਰ ਇਹਨਾਂ
ਕੰਪਨੀਆਂ ਕੋਲ 92 ਲੱਖ ਮਾਸਕ ਹੀ
ਉਪਲੱਬਧ ਹਨ ਜਦਕਿ ਸਰੀਰ ਕਵਰ ਕਰਨ ਵਾਲੇ ਸੂਟ 8 ਲੱਖ ਹੀ ਹਨ । ਖਬਰ ਇਹ ਵੀ ਹੈ ਕਿ ਮੁਲਕ ’ਚੋਂ ਮਾਸਕ ਤੇ ਵੈਂਟੀਲੇਟਰ ਬਾਹਰ ਭੇਜਣ ਤੋਂ ਰੋਕਣ ਦੀ ਮੰਗ ਉੱਠਣ ਦੇ ਬਾਵਜੂਦ 24 ਮਾਰਚ ਤੱਕ ਇਹ ਬੇਰੋਕ
ਬਾਹਰ ਭੇਜੇ ਜਾਂਦੇ ਰਹੇ ਹਨ । ਤੇਜੀ ਨਾਲ ਫੈਲਣ ਵਾਲੀ ਇਸ ਬਿਮਾਰੀ ’ਚ ਵੈਂਟੀਲੇਟਰਾਂ ਰਾਹੀਂ ਮਰੀਜਾਂ ਦੀ ਜਾਨ ਬਚਾਉਣਾ ਕਾਫੀ ਮਹੱਤਵਪੂਰਨ
ਬਣ ਜਾਂਦਾ ਹੈ ਪਰ ਸਾਡੇ ਕੋਲ ਉਹ ਨਹੀਂ ਹਨ। ਜਿਨੇ ਕੁ ਹਨ ਉਹਨਾਂ ਨਾਲ ਤਾਂ ਪਹਿਲਾਂ ਰਸੂਖਵਾਨਾਂ
ਦਾ ਹੀ ਸਰਨਾ ਹੈ। ਦੁਨੀਆਂ ਦੇ ਮੁਲਕਾਂ ’ਚੋਂ ਮੁਕਾਬਲਤਨ ਵਧੀਆ ਸਿਹਤ ਢਾਂਚੇ ਵਾਲੇ ਇਟਲੀ ਵਰਗੇ ਮੁਲਕ ਵੀ
ਬਿਮਾਰੀ ਦੇ ਫੈਲਾਅ ਵੇਲੇ ਰੁਲੇ ਹੋਏ ਦਿਖੇ ਹਨ, ਹਾਲਾਕਿ ਇਟਲੀ ’ਚ 1000 ਵਿਅਕਤੀਆਂ ਪਿੱਛੇ 4.1 ਡਾਕਟਰ ਤੇ 3.4 ਹਸਪਤਾਲ ਬੈੱਡ ਹਨ
ਤੇ ਅਮਰੀਕਾ ’ਚ 1000 ਪਿੱਛੇ 2.6 ਡਾਕਟਰ ਤੇ 2.4 ਹਸਪਤਾਲ ਬੈੱਡ ਹਨ । ਅਮਰੀਕਾ ਦੇ ਸਿਹਤ ਢਾਂਚੇ ’ਤੇ ਵੀ ਭਾਰੀ ਦਬਾਅ ਦੀਆਂ ਖਬਰਾਂ ਆ ਰਹੀਆਂ ਹਨ ਜਦਕਿ ਸਾਡੇ ਮੁਲਕ ’ਚ ਤਾਂ ਸਰਕਾਰੀ ਸਿਹਤ ਢਾਂਚਾ ਲਗਭਗ ਗੈਰ ਹਾਜਰ ਹੈ । ਲਗਭਗ 70,000 ਦੀ ਗਿਣਤੀ ਵਾਲੇ ਹਸਪਤਾਲ ਬੈੱਡਾਂ ਤੇ ਮੁਲਕ ’ਚ ਸਿਰਫ 40,000 ਵੈਟੀਲੇਟਰਾਂ ਦੀ ਮੌਜੂਦਗੀ ਦੀ ਹਾਲਤ ’ਚ ਸਾਡੇ ਹਾਕਮਾਂ ਨੂੰ ਤਾਂ ਕਿਤੇ ਜਿਆਦਾ ਜੰਗੀ ਪੱਧਰ ’ਤੇ ਸਿਹਤ ਢਾਂਚੇ ਦੇ ਵਿਸਥਾਰ ਦੇ ਕਦਮ ਲੈਣ ਦੀ ਜਰੂਰਤ ਸੀ । ਇੱਕ
ਅੰਦਾਜੇ ਮੁਤਾਬਿਕ ਪੀੜਤ ਹੋਣ ਵਾਲੀ ਆਬਾਦੀ ’ਚੋਂ ਜੇਕਰ 5-7% ਨੂੰ ਵੀ ਐਮਰਜੈਂਸੀ
ਵਾਲੀ ਹਾਲਤ ਬਣੇ ਤਾਂ ਵੀ 8 ਲੱਖ ਬੈੱਡ ਚਾਹੀਦੇ ਹਨ । ਟੈਸਟਿੰਗ ਪੱਖੋਂ ਹਾਲਤ ਇਹ ਹੈ ਕਿ ਮੁਲਕ ’ਚ 29 ਮਾਰਚ ਤੱਕ ਦੇ ਅੰਕੜਿਆਂ ਅਨੁਸਾਰ 10 ਲੱਖ ਪਿੱਛੇ ਸਿਰਫ 15 ਵਿਅਕਤੀ ਟੈਸਟ
ਕੀਤੇ ਜਾ ਰਹੇ ਹਨ । ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਮਰੀਜਾਂ ਦੀ ਸਾਂਭ ਸੰਭਾਲ ’ਚ ਜੁਟਿਆ ਮੈਡੀਕਲ ਅਮਲਾ ਬਿਨਾ ਲੋੜੀਂਦੇ ਸਾਜੋ ਸਮਾਨ ਤੋਂ ਹੀ ਆਪਣੀ
ਡਿਊਟੀ ਨਿਭਾ ਰਿਹਾ ਹੈ । ਡਾਕਟਰਾਂ ਦੀ ਜਥੇਬੰਦੀ ਦੇ ਇਕ ਆਗੂ ਨੇ ਕਿਹਾ ਕਿ ਸਾਨੂੰ ਬਿਨਾਂ
ਹਥਿਆਰਾਂ ਤੋਂ ਹੀ ਜੰਗ ’ਚ ਭੇਜ ਦਿੱਤਾ ਗਿਆ
ਹੈ। ਕਈ ਥਾਵਾਂ ’ਤੇ ਤਾਂ ਡਾਕਟਰਾਂ
ਵੱਲੋਂ ਮਾਸਕਾਂ ਦੀ ਥਾਂ ’ਤੇ ਹੈਲਮਟ ਤੇ ਰੇਨ
ਕੋਟ ਪਾ ਕੇ ਕੰਮ ਕੀਤਾ ਜਾ ਰਿਹਾ ਹੈ।
ਇਸ ਹਾਲਤ ’ਚ ਵੀ ਸਰਕਾਰ ਨੇ ਸਿਹਤ ਖੇਤਰ ’ਚ ਕੋਈ ਵੱਡੀਆਂ ਰਕਮਾਂ ਜਾਰੀ ਕਰਕੇ ਸਾਜੋ ਸਮਾਨ ਖਰੀਦਣ ਦੀ ਕੋਈ ਵਿਉਂਤ
ਨਹੀਂ ਦੱਸੀ। ਜਿਹੜੇ ਐਲਾਨ ਵਿੱਤ ਮੰਤਰੀ ਵੱਲੋਂ ਕੀਤੇ ਵੀ ਗਏ ਹਨ ਉਹ ਸਿਰਫ ਲੌਕ ਡਾਊਨ ਕਾਰਨ ਗਰੀਬ
ਲੋਕਾਂ ਨੂੰ ਆਰਥਿਕ ਰਾਹਤਾਂ ਦੇ ਕਦਮ ਹਨ ਤੇ ਉਹ ਵੀ ਬੇਹੱਦ ਨਿਗੂਣੇ ਹਨ । ਉਹਨਾਂ ’ਚੋਂ ਵੱਡਾ ਹਿੱਸਾ ਤਾਂ ਸਲਾਨਾ ਬਜਟ ’ਚ ਐਲਾਨੇ ਗਏ ਕਦਮਾਂ ਦਾ ਹੀ ਹੈ, ਜਿੰਨ੍ਹਾਂ ਨੂੰ ਮੁੜ ਦੁਹਰਾ ਦਿੱਤਾ ਗਿਆ ਹੈ । ਜਿਵੇਂ ਕਿਸਾਨਾਂ ਦੇ
ਖਾਤਿਆਂ ’ਚ ਪਾਏ ਜਾਣ ਵਾਲੇ 2000 ਰੁਪਏ ਅਗਾਊਂ ਕਿਸ਼ਤ ਵਜੋਂ ਪਾ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ ।
ਇਹਨਾਂ ’ਚੋਂ ਵੀ ਕਈ ਐਲਾਨਾਂ ਦੀ ਹਾਲਤ
ਤਾਂ ਅਜਿਹੀ ਹੈ ਕਿ ਜਦੋਂ ਵਿੱਤ ਮੰਤਰੀ ਨੂੰ ਪ੍ਰੈਸ ਕਾਨਫਰੰਸ ’ਚ ਪੱਤਰਕਾਰਾਂ ਨੇ ਪੁੱਛਿਆ ਕਿ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਐਲਾਨੇ ਗਏ 1 ਲੱਖ 70 ਹਜਾਰ ਕਰੋੜ ਰੁਪਏ
ਆਉਣਗੇ ਕਿੱਥੋਂ ˀ ਕੀ ਇਹ ਪਹਿਲੀਆਂ
ਸਕੀਮਾਂ ’ਚੋਂ ਹੀ ਕੱਟੇ ਜਾਣਗੇ?
ਤਾਂ ਵਿੱਤ ਮੰਤਰੀ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਇਹ
ਹਾਲਤ ਹੀ ਇਹਨਾਂ ਐਲਾਨਾਂ ਦੀ ਗੰਭੀਰਤਾ ਦਰਸਾਉਣ ਲਈ ਕਾਫੀ ਹੈ। ਇਹਨਾਂ ਐਲਾਨਾਂ ਦਾ ਇੱਕ ਪਹਿਲੂ ਇਹ
ਵੀ ਹੈ ਕਿ ਜੇਕਰ ਇਹਨਾਂ ’ਚ ਐਲਾਨੀਆਂ
ਵੱਖ-ਵੱਖ ਸਕੀਮਾਂ ਤਹਿਤ ਜਾਰੀ ਰਕਮਾਂ ਵੀ ਜੋੜ ਵੀ ਲਈਏ ਤਾਂ ਇਹ ਕੁੱਲ ਰਕਮਾਂ ਸਰਕਾਰ ਵੱਲੋਂ
ਐਲਾਨੇ 1 ਲੱਖ 70 ਹਜਾਰ ਕਰੋੜ ਦਾ ਅੱਧ ਵੀ ਨਹੀਂ ਬਣਦੀਆਂ । ਇਉਂ ਦੇਖਿਆ ਕਿਹਾ ਜਾ ਸਕਦਾ
ਹੈ ਕਿ ਇਹਨਾਂ ਐਲਾਨਾਂ ਦੇ ਹਕੀਕਤ ’ਚ ਵਟਣ ਦੀ ਸੰਭਾਵਨਾ ਮੱਧਮ ਹੀ ਹੈ ਤੇ ਇਹਨਾਂ ਰਾਹੀਂ ਲੋਕਾਂ ਨੂੰ ਹਕੀਕੀ ਰਾਹਤ ਮਿਲਣ ਦੀ
ਸੰਭਾਵਨਾ ਤਾਂ ਨਾ ਮਾਤਰ ਹੀ ਹੈ । ਉਂਝ ਵੀ ਇਹ ਸਾਰਾ ਕੁੱਝ ਤਾਂ ਮਗਰੋਂ ਹਾਸਲ ਹੋਣ ਯੋਗ ਹੈ ਤੇ
ਅਸਲ ਵਿੱਚ ਘਰੇ ਡੱਕੇ ਲੋਕਾਂ ਨੂੰ ਫੋਕਾ ਧਰਵਾਸ ਹੀ ਹੈ । ਲੋਕਾਂ ਨੂੰ ਧਰਵਾਸ ਨਹੀਂ ਅਮਲੀ ਪਦਾਰਥਕ ਰਾਹਤ ਲੋੜੀਂਦੀ ਹੈ । ਲੋਕ
ਤਾਂ ਹੁਣ ਤਾਲਾਬੰਦੀ ਦੇ ਦੌਰਾਨ ਦਾਣੇ ਦਾਣੇ ਨੂੰ ਤਰਸ ਰਹੇ ਹਨ । ਧਰਵਾਸ ਦੇਣ ਵਾਲੀਆਂ ਖਬਰਾਂ
ਸਾਡੇ ਆਪਣੇ ਸੂਬੇ ’ਚੋ ਜਰੂਰ ਸੁਣੀਆਂ
ਜਾ ਸਕਦੀਆਂ ਹਨ, ਜਿੱਥੇ ਵੱਖ-ਵੱਖ
ਲੋਕ ਪੱਖੀ ਜਥੇਬੰਦੀਆਂ, ਸਮਾਜ ਸੇਵੀ ਤੇ ਧਾਰਮਿਕ
ਸੰਸਥਾਵਾਂ ਨੇ ਸਰਕਾਰ ਦੀ ਰਾਹਤ ਉਡੀਕਣ ਦੀ ਥਾਂ ਲਾਚਾਰ ਤੇ ਬੇਵੱਸ ਹੋਏ ਲੋਕਾਂ ਤੱਕ ਰਾਹਤ ਸਮੱਗਰੀ
ਇਕੱਠੀ ਕਰਕੇ ਪਹੁੰਚਾਉਣ ਦਾ ਕੰਮ ਜੰਗੀ ਪੱਧਰ ’ਤੇ ਆਰੰਭ ਦਿੱਤਾ ਹੈ । ਖਾਸ ਕਰਕੇ ਪਿੰਡਾਂ ਅੰਦਰ ਜੱਟ ਕਿਸਾਨੀ ਦੇ ਹਿੱਸੇ ਵਿਆਪਕ ਪੱਧਰ ’ਤੇ ਰਾਸ਼ਨ ਇਕੱਠਾ ਕਰਕੇ ਖੇਤ ਮਜਦੂਰ ਵਿਹੜਿਆਂ ਤੱਕ ਪਹੁੰਚਾ ਰਹੇ ਹਨ।
ਇਸ ਮੱਦਦ ਦੀ ਗਹਿਰਾਈ ਪਦਾਰਥਕ ਮੱਦਦ ਤੋਂ ਅੱਗੇ ਜਾਤ ਪਾਤੀ ਵਿੱਥਾਂ ਨੂੰ ਘਟਾਉਣ ਦੇ ਵੱਡੇ ਸਮਾਜਿਕ
ਕਾਰਜ ਤੱਕ ਮਿਣੀ ਜਾ ਸਕਦੀ ਹੈ।
ਕਰੋਨਾ ਵਾਇਰਸ ਦੇ ਪਸਾਰੇ ਨੂੰ ਰੋਕਣ ਲਈ ਲੋਕਾਂ ’ਤੇ ਮਸ਼ੀਨੀ ਕਿਸਮ ਦੀ ਸਖਤੀ ਨਾਲੋਂ ਜਿਆਦਾ ਜਰੂਰਤ ਚੇਤਨਾ ਦੇ ਪਸਾਰੇ ਦੀ
ਹੈ ਤੇ ਨਾਲ ਨਾਲ ਹੀ ਪੀੜਤ ਹੋਣ ਜਾ ਰਹੇ ਲੋਕਾਂ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਸਿਹਤ ਸੇਵਾਵਾਂ ਦੇ ਵਿਸਥਾਰ ਦੀ ਹੈ । ਇਸ ਮਾਮਲੇ ’ਚ ਅਹਿਮ ਕਦਮ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ’ਚ ਲੈ ਕੇ, ਇਸ ਇਲਾਜ ਲਈ ਉਪਲਬਧ ਰੱਖਣਾ ਹੈ। ਵਿਸ਼ੇਸ਼ ਕਰਕੇ ਉਹਨਾਂ ਕੋਲ ਮੌਜੂਦ ਲੱਖਾਂ ਦੀ ਤਾਦਾਦ ’ਚ ਵੈਂਟੀਲੇਟਰਾਂ ਨੂੰ ਲੋਕਾਂ ਲਈ ਜਟਾਉਣਾ ਬਣਦਾ ਹੈ। ਨਵੇਂ ਸਿੱਖਿਅਤ
ਸਟਾਫ ਤੇ ਨਵੇਂ ਸਿਹਤ ਵਲੰਟੀਅਰਾਂ ਦੀ ਭਰਤੀ ਕਰਨਾ ਬਣਦਾ ਹੈ, ਜਿੰਨ੍ਹਾਂ ਨੂੰ ਲੋੜੀਂਦੀ ਟ੍ਰੇਨਿੰਗ ਦੇਣ ਦੀ ਜਰੂਰਤ ਹੈ। ਮੈਡੀਕਲ
ਸਾਜੋ ਸਮਾਨ ਖਰੀਦਣ ਦੀ ਲੋੜ ਹੈ ਤੇ ਤੇਜੀ ਨਾਲ ਮੁਲਕ ਅੰਦਰ ਬਣਾਉਣਾ ਸ਼ੁਰੂ ਕਰਨ ਦੀ ਜਰੂਰਤ ਹੈ ।
ਇਹਨਾਂ ਸਾਰੇ ਉਦਮਾਂ ਲਈ ਭਾਰੀ ਰਕਮਾਂ ਜਟਾਉਣ ਖਾਤਰ, ਪਹਿਲਾਂ ਹੀ ਡਿਗੂੰ-ਡਿਗੂੰ ਕਰਦੀ ਆਰਥਿਕਤਾ ਨੂੰ ਤੋਰਨ ਲਈ ਤੇ ਕਿਰਤੀ
ਲੋਕਾਂ ’ਤੇ ਇਹਦਾ ਭਾਰ ਪੈਣ ਤੋਂ
ਬਚਾਉਣ ਲਈ ਕਾਰਪੋਰੇਟ ਜਗਤ, ਵੱਡੇ ਕਾਰੋਬਾਰੀਆਂ ਤੇ ਜਗੀਰਦਾਰਾਂ ’ਤੇ ਵਿਸ਼ੇਸ਼ ਟੈਕਸ ਲਾਉਣ ਤੇ ਉਗਰਾਹਣ ਦੀ ਲੋੜ ਹੈ । ਬੇਥਾਹ ਦੁਸ਼ਵਾਰੀਆਂ ’ਚ ਘਿਰ ਗਏ ਕਿਰਤੀ ਲੋਕਾਂ ਦੀ ਜਿੰਦਗੀ ਧੜਕਦੀ ਰੱਖਣ ਲਈ ਹੋਰ ਵੀ ਬਹੁਤ ਸਾਰੇ ਹੰਗਾਮੀ ਕਦਮ
ਲੋੜੀਂਦੇ ਹਨ।
ਇੱਕ ਹੋਰ ਅਹਿਮ ਖੇਤਰ ਉਹਨਾਂ ਮੁਲਕਾਂ ਦੇ ਤਜਰਬੇ ਨੂੰ
ਘੋਖਣ ਦਾ ਹੈ ਜਿੰਨ੍ਹਾਂ ਨੇ ਇਸਦੇ ਪਸਾਰੇ ’ਤੇ ਤੇਜੀ ਨਾਲ ਕਾਬੂ ਪਾਇਆ ਹੈ । ਜਿਵੇਂ ਦੱਖਣੀ ਕੋਰੀਆ ਨੇ ਸ਼ੱਕੀ ਮਰੀਜਾਂ ਨੂੰ ਟੈਸਟ ਕਰਨ
ਨੂੰ ਡਾਇਗਨੋਸਟਿਕ ਬਿਜਲਈ ਧਾਵਾ ਕਰਾਰ ਦਿੱਤਾ ਹੈ । ਉੱਥੇ 4 ਫਰਵਰੀ ਨੂੰ ਪਹਿਲਾ ਟੈਸਟ ਹੋਇਆ ਸੀ ਤੇ 27 ਫਰਵਰੀ ਤੱਕ ਉਹ ਪ੍ਰਤੀ ਦਿਨ 20,000 ਟੈਸਟ ਕਰਨ ਦੇ ਸਮਰੱਥ ਹੋ ਨਿੱਬੜੇ ਸਨ । ਉਹਨਾਂ ਨੇ ਟੈਸਟ ਕਰਨ
ਵਾਲੀਆਂ ਥਾਵਾਂ ਅਬਾਦੀ ਦੇ ਐਨ ਨਜਦੀਕ ਬਣਾਈਆਂ ਹਨ । ਉਹਨਾਂ ਬਹੁਤ ਤੇਜੀ ਨਾਲ ਸ਼ੱਕੀ ਕਲੱਸਟਰ
ਟਿੱਕੇ ਤੇ ਉਹਨਾਂ ਨੂੰ ਅਜਿਹੇ ਸਖਤ ਲੌਕ-ਡਾਊਨ ਦੀ ਜਰੂਰਤ ਨਹੀਂ ਪਈ । ਟੈਸਟ ਲਈ ਸੈਂਪਲ ਲੈਣ ਦੇ
ਵੀ ਸੌਖੇ ਢੰਗ ਤਰੀਕੇ ਈਜਾਦ ਕੀਤੇ ਗਏ । ਉਹਨਾਂ ਨੇ ਸਿਰਫ ਕੰਨ ਸਾਫ ਕਰਨ ਵਾਲੀ ਸਟਿਕ ਵਰਗੀ ਸਟਿਕ
ਨਾਲ ਹੀ ਰਾਹ ਜਾਂਦੇ ਸ਼ੱਕੀ ਮਰੀਜਾਂ ਦੇ ਸੈਂਪਲ ਲਏ ਤੇ ਟੈਸਟ ਕੀਤੇ । ਉੱਥੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਦਰ ਸਿਰਫ 0.7% ਹੈ, ਜਦਕਿ ਦੁਨੀਆਂ ਭਰ ’ਚ ਇਹ ਅੰਕੜਾ 3.4% ਦਾ ਹੈ । ਇਉਂ ਹੀ ਸਪੇਨ ਵਰਗੇ ਮੁਲਕ ’ਚ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਅਧੀਨ ਲਿਆ ਕੇ ਲੋਕਾਂ ਲਈ
ਜਟਾਉਣ ਦੇ ਤਜਰਬੇ ਨੂੰ ਵੀ ਦੇਖਣਾ ਚਾਹੀਦਾ ਹੈ। ਅਜਿਹੇ ਤਜਰਬਿਆਂ ਨੂੰ ਬਰੀਕੀ ’ਚ ਤੇ ਤੇਜੀ ਨਾਲ ਘੋਖਣ ਦੀ ਤੇ ਸਾਡੇ ਮੁਲਕ ਦੀਆਂ ਵਿਸ਼ੇਸ਼ ਠੋਸ ਹਲਾਤਾਂ ’ਚ ਢਾਲ ਕੇ ਲਾਗੂ ਕਰਨ
ਦੇ ਫੌਰੀ ਕਦਮ ਲੈਣ ਦੀ ਜਰੂਰਤ ਹੈ ।
ਮੁਲਕ ’ਚ ਸਾਧਨਾਂ ਦੀ ਕਮੀ ਤਾਂ
ਪੂਰੀ ਕੀਤੀ ਜਾ ਸਕਦੀ ਹੈ ਪਰ ਅਜਿਹਾ ਸਭ ਕੁੱਝ ਕਰਨ ਲਈ ਸਾਧਨਾਂ ਨਾਲੋਂ ਇਰਾਦਾ ਤੇ
ਕਿਰਦਾਰ ਜਿਆਦਾ ਮਹੱਤਵਪੂਰਨ ਹੁੰਦਾ ਹੈ। ਰਾਜ ਭਾਗ
ਦੇ ਸਭਨਾਂ ਸੋਮਿਆਂ ਨੂੰ ਸੰਕਟ ਦੇ ਇਸ ਦੌਰ ’ਚ ਆਪਣੇ ਲਈ ਜਟਾਉਣ ਖਾਤਰ ਲੋਕਾਂ ਨੂੰ ਆਪ ਹੀ
ਜਾਗਣਾ ਪੈਣਾ ਹੈ । ਉਹਨਾਂ ਨੂੰ ਦੋ ਮੁਹਾਜਾਂ ’ਤੇ ਲੜਨਾ ਪੈਣਾ ਹੈ । ਇੱਕ ਪਾਸੇ ਇਸ ਮਹਾਂਮਾਰੀ ਦੀ ਰੋਕਥਾਮ ਦੇ ਇੰਤਜਾਮ ਕਰਨੇ ਪੈਣੇ ਹਨ ਤੇ
ਦੂਜੇ ਪਾਸੇ ਹਕੂਮਤਾਂ ਨੂੰ ਬਣਦੀ ਜਿੰਮੇਵਾਰੀ ਯਾਦ ਕਰਵਾਉਣੀ ਪੈਣੀ ਹੈ । ਇਸ ਦੌਰ ’ਚ ਮੁਲਕ ਦੇ ਸਭਨਾਂ ਸੋਮਿਆਂ ਖਜਾਨਿਆਂ ’ਤੇ ਲੋਕਾਂ ਨੂੰ ਆਪਣਾ ਹੱਕ ਪੂਰੇ ਜੋਰ ਨਾਲ ਜਤਾਉਣਾ ਚਾਹੀਦਾ ਹੈ। (03-04-2020)
No comments:
Post a Comment