Thursday, May 21, 2020

ਇਹੋ ਜਿਹੇ ਸਨ ਮਈ ਦਿਹਾੜੇ ਦੇ ਨਾਇਕ


ਇਹੋ ਜਿਹੇ ਸਨ ਮਈ ਦਿਹਾੜੇ ਦੇ ਨਾਇਕ

ਮਈ ਦਿਨ ਮਜਦੂਰ ਜਮਾਤ ਦਾ ਇਨਕਲਾਬੀ ਤਿਉਹਾਰ ਹੈ । ਦੁਨੀਆਂ ਭਰ ਦੇ ਚੇਤਨ ਮਜਦੂਰ ਤੇ ਮਿਹਨਤਕਸ਼, ਧਰਤੀ ਦੇ ਕੋਨੇ-ਕੋਨੇ ਤੇ ਇਸ ਜਸ਼ਨ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਨ । ਉਹ ਉਨ੍ਹਾਂ ਮਈ ਦਿਵਸ ਦੇ ਸ਼ਹੀਦ ਯੋਧਿਆਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਕਮਰਕੱਸੇ ਕਰਦੇ ਹਨ ਜਿੰਨ੍ਹਾ ਆਪਣਾ ਖੂਨ ਦੇ ਕੇ ਸਾਡੇ ਲਾਲ ਫਰੇਰੇ ਨੂੰ ਹੋਰ ਗੂੜਾ ਕੀਤਾ ।
ਮਈ ਦਿਵਸ ਦੇ ਇਹ ਮਹਾਨ ਸ਼ਹੀਦ ਅਚਨਚੇਤੀ ਸ਼ਹਾਦਤ ਦੇ ਰੁਤਬਾ ਨਹੀਂ ਸਨ ਪਾ ਗਏ ਸਗੋਂ ਉਨ੍ਹਾਂ ਸਾਰੀ ਜਿੰਦਗੀ "ਹਾਨੀ ਤੋਂ ਬਲੀ" ਤੱਕ ਦਾ ਕੰਡਿਆਲਾ ਸਫਰ ਤਹਿ ਕੀਤਾ । ਉਹ ਸੂਰਮਿਆਂ ਵਾਂਗ ਜਿਉਏ ਅਤੇ ਸੂਰਮਿਆਂ ਵਾਂਗ ਮਰੇ । ਉਹ ਸੂਝ, ਕੁਰਬਾਨੀ ਅਤੇ ਇਨਕਲਾਬੀ-ਗੁਣਾਂ ਦੇ ਸਾਕਾਰ ਨਮੂਨੇ ਸਨ । ਵੰਨ-ਸੁਵੰਨੇ ਲਾਲਚ ਅਤੇ ਮੌਤ ਵੀ ਉਨ੍ਹਾਂ ਨੂੰ ਆਪਣੇ ਰਾਹੋਂ ਨਹੀਂ ਸੀ ਭਟਕਾ ਸਕਦੇ । ਐਵੇਂ ਤਾਂ ਨਹੀਂ ਸੀ ਅਗਸਤ-ਸਪਾਈਜ਼ ਅਦਾਲਤ ਚ ਗਰਜਿਆ:
 "ਤੁਸੀਂ ਮੇਰੀ ਅਵਾਜ ਨੂੰ ਕੁਚਲ ਸਕਦੇ ਹੋ ਪਰ ਇੱਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਅਵਾਜਾਂ ਤੋਂ ਕਿਤੇ ਜਿਆਦਾ ਮਜਬੂਤ ਹੋਵੇਗੀ ਜਿਹਨਾਂ ਨੂੰ ਤੁਸੀਂ ਕੁਚਲ ਰਹੇ ਹੋ ।"
 "ਮੈਂ ਇੱਥੇ ਦੂਜੀਆਂ ਜਮਾਤਾਂ ਦੇ ਪ੍ਰਤੀਨਿਧਾਂ ਸਾਹਮਣੇ ਇੱਕ ਜਮਾਤ ਦੇ ਪ੍ਰਤੀਨਿਧ ਦੀ ਹੈਸੀਅਤ ਚ ਬੋਲ ਰਿਹਾ ਹਾਂ ।ਜੇ ਤੁਸੀਂ ਇਹ ਸਮਝਦੇ ਹੋ ਕੇ ਸਾਨੂੰ ਫਾਹੇ ਲਾ ਕੇ ਮਜਦੂਰ ਲਹਿਰ ਦਾ ਗਲਾ ਘੁੱਟ ਲਵੋਗੇ ਤਾਂ ਲਾ ਦਿਉ ਸਾਨੂੰ ਫਾਹੇ । ਫੇਰ ਵੇਖਣਾ ਅਸੀਂ ਚੰਗਿਆੜਿਆਂ ਤੇ ਚੱਲ ਪਏ ਹੋਵਾਂਗੇ। ਚੰਗਿਆੜੇ ਜਿਹੜੇ ਇਥੇ-ਉਥੇ , ਤੁਹਾਡੇ ਅੱਗੇ-ਪਿੱਛੇ ਹਰ ਥਾਂ ਭਾਂਬੜ ਮੱਚਣਗੇ । ਇਹ ਜੁਆਲਾ ਹੈ ਜੁਆਲਾ ਜਿਸਨੂੰ ਤੁਸੀਂ ਬੁਝਾ ਨਹੀਂ ਸਕਦੇ । .....ਸੱਚ ਬੋਲਣ ਦੇ ਕਾਰਨ ਜੇਕਰ ਤੁਸੀਂ ਆਦਮੀ ਨੂੰ ਇੱਕ ਵਾਰ ਫੇਰ ਮੌਤ ਦੇਣਾ ਚਾਹੁੰਦੇ ਹੋ, ਤਾਂ ਮੈਂ ਮਾਣ ਨਾਲ ਬੇ-ਪਰਵਾਹ ਇਹ ਮਹਾਨ ਕੀਮਤ ਅਦਾ ਕਰਾਂਗਾ ।"
 ਮਜਦੂਰ ਲਹਿਰ ਦਾ ਇੱਕ ਸੂਰਬੀਰ ਜਾਇਆ, ਜਿਸਨੇ ਪੂਰਾ ਜੀਵਨ ਖੁਦ ਮੁਸ਼ਕਿਲਾਂ ਝੱਲ ਕੇ ਵੀ ਮਜਦੂਰ-ਜਮਾਤ ਅਤੇ ਆਪਣੇ ਸਾਥੀਆਂ ਦੀਆਂ ਲੋੜਾਂ ਦਾ ਧਿਆਨ ਰੱਖਿਆ । ਫਾਸੀ ਦਾ ਫੰਦਾ ਵੀ, ਇਸ ਮਾਣ ਮੱਤੇ ਯੋਧੇ ਦਾ ਇਹ ਗੁਣ ਖਤਮ ਨਹੀਂ ਕਰ ਸਕਿਆ । ਉਸਨੂੰ ਆਖਰ ਤੱਕ ਆਪਣੇ ਸਾਥੀਆਂ ਦੀ ਜਿੰਦਗੀ ਦਾ ਫਿਕਰ ਲੱਗਾ ਰਿਹਾ । ਉਸਨੇ ਫਾਂਸੀ ਤੋਂ ਕੁੱਝ ਸਮਾਂ ਪਹਿਲਾਂ ਗਵਰਨਰ ਨੂੰ ਇਹ ਪੱਤਰ ਲਿਖਿਆ,"ਸੁਣਵਾਈ ਸਮੇਂ, ਮੇਰਾ ਕਤਲ ਅਤੇ ਮੇਰੇ ਬਾਕੀ ਸਾਥੀਆਂ ਨੂੰ ਥੋੜ੍ਹੀ ਸਜਾ ਦੇ ਕੇ ਛੱਡ ਦੇਣ ਦਾ ਸਾਫ ਸੰਕੇਤ ਮੁਦਈ ਨੇ ਜਾਹਰ ਕੀਤਾ ਸੀ । ਉਸ ਸਮੇਂ ਮੈਨੂੰ ਤੇ ਸਾਥੀਆਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਇਕ (ਮੇਰੀ) ਜਿੰਦਗੀ ਲੈ ਕੇ ਹੀ ਮੁਦਈ ਸੰਤੁਸ਼ਟ ਹੋ ਜਾਣਗੇ । ਜੇ ਅਜਿਹਾ ਹੈ ਤਾਂ ਸਿਰਫ ਮੇਰੀ ਹੀ ਜਿੰਦਗੀ ਲੈ ਲਵੋ । ਜੇ ਕਨੂੰਨੀ ਕਤਲ ਕਰਨਾ ਹੈ ਤਾਂ ਸਿਰਫ ਮੇਰਾ ਹੀ ਖੂਨ ਕੀਤਾ ਜਾਵੇ । 
 ਪਰ ਦੂਜੇ ਪਾਸੇ ਮਈ ਦਿਵਸ ਦਾ ਇੱਕ ਹੋਰ ਸੂਰਬੀਰ ਸ਼ਹੀਦ ਪਾਰਸਨਜ਼ ਜਿਹੜਾ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ । ਉਹ ਬਾਲ਼ ਉਮਰ ਤੋਂ ਸ਼ਹਾਦਤ ਤੱਕ, ਹਰ ਪਲ਼ ਮਜਦੂਰ ਲਹਿਰ ਲਈ ਜੂਝਦਾ ਰਿਹਾ । ਸੁਣਵਾਈ ਸਮੇਂ ਅਦਾਲਤ ਚ ਪੇਸ਼ ਹੋ ਕੇ ਉਸਨੇ ਰਾਜ ਸੱਤਾ ਨੂੰ ਸੁੰਨ ਕਰ ਦਿੱਤਾ ਸੀ । ਹੋਇਆ ਇੰਝ ਕਿ ਮਈ ਦਿਵਸ ਦੇ ਖੂਨੀ-ਕਾਂਡ ਤੋਂ ਬਾਅਦ ਉਹ ਗੁਪਤਵਾਸ ਹੋ ਗਿਆ । ਸਰਕਾਰੀ ਪੁਲਸ, ਸਰਮਾਏਦਾਰਾਂ ਦੇ ਜਥੇਬੰਦ ਗੁੰਡਾ ਗ੍ਰੋਹ, ਸੂਹੀਆ-ਵਿਭਾਗ ਦੀਆਂ ਪਲਟਨਾਂ ਟਿੱਲ ਲਾ ਹਟੀਆਂ ਪਰ ਉਹ ਇਸ ਲੋਕ-ਜਾਏ ਦੀ ਥਾਹ ਨਾ ਪਾ ਸਕੀਆਂ । ਪਰ ਜਦੋਂ ਉਸਨੇ ਆਪਣੇ ਸੰਗਰਾਮੀ ਸਾਥੀਆਂ ਨੂੰ ਫਾਂਸੀ ਦੇ ਫੰਦੇ ਤੇ ਜਾਂਦਿਆਂ ਤੱਕਿਆ ਤਾਂ ਉਸਤੋਂ ਜਰ ਨਾ ਹੋਇਆ । ਉਹ ਅਚਨਚੇਤ ਅਦਾਲਤ ਚ ਆ ਗੜਕਿਆ, "ਮੈਂ ਆਪਣੇ ਬੇ-ਕਸੂਰ ਕਾਮਰੇਡਾਂ ਦੇ ਨਾਲ ਇਨਸਾਫਦੇ ਸਾਹਮਣੇ ਹਾਜਰ ਹੋਇਆ ਹਾਂ", "ਜਨਤਾ ਦੀ ਅਵਾਜ ਦੀ ਸੁਣਵਾਈ ਹੋਵੇ ।"
 ਉਸਦੇ ਸੰਗਰਾਮੀ ਸਾਥੀ ਵੀ ਹੈਰਾਨ ਸਨ ।ਆਪਣੀ ਇਸ ਕਾਰਵਾਈ ਦੀ ਸੁਣਵਾਈ ਦਿੰਦਿਆਂ ਪਾਰਸਨਜ਼ ਨੇ ਆਪਣੇ ਇੱਕ ਮਿੱਤਰ ਨੂੰ ਲਿਖਿਆ, "ਮੈਂ ਜਾਣਦਾ ਹਾਂ, ਮੈਂ ਕੀ ਕੀਤਾ ਹੈ ˀ ਪਰ ਮੇਰੀ ਤਰ੍ਹਾਂ ਮੇਰੇ ਬੇਕਸੂਰ ਸਾਥੀ ਸਜਾ ਭੁਗਤਨਗੇ, ਇਹ ਜਾਣ ਕੇ ਮੇਰੇ ਲਈ ਬਾਹਰ ਰਹਿਣਾ ਅਸਹਿ ਹੋ ਗਿਆ ਸੀ।" ਅਜਿਹਾ ਸੀ, ਇਹ ਬਾਂਕਾ ਸੂਰਮਾ, ਜਿਹੜਾ ਅਗਸਤ-ਸਪਾਈਜ ਦੇ ਕਦਮ ਚਿੰਨਾਂ ਤੇ ਚੱਲਿਆ ਅਤੇ ਆਪਣੇ ਪਿਆਰੇ ਸਾਥੀਆਂ ਨਾਲ ਖੁਦ ਹੀ ਫਾਂਸੀ ਦੇ ਫੰਦੇ ਤੇ ਆ ਝੂਲਿਆ । ਇੱਕ ਪੱਤਰਕਾਰ ਨੇ ਕਿੱਡਾ ਸੱਚ ਆਖਿਆ, "ਉਹਦੇ ਮਨ ਚ ਨਾ ਕੋਈ ਦੁੱਖ ਸੀ, ਨਾ ਪਸ਼ਚਾਤਾਪਸ, ਉਸਦੀ ਵਿਸ਼ਾਲ ਬੁੱਧੀ ਅਨੁਸਾਰ ਸਮਾਜ ਹੀ ਕਟਹਿਰੇ ਚ ਖੜਾ ਹੈ ਨਾ ਕਿ ਉਹ ।"
 ਪਾਰਸਨਜ਼ ਦੀ ਜਿੰਦਗੀ ਕੋਈ ਫੁੱਲਾਂ ਦੀ ਸੇਜ ਨਹੀਂ ਸੀ । ਉਸਨੇ ਤੇਰਾਂ ਸਾਲ ਦੀ ਬਾਲ ਉਮਰੇ ਗ੍ਰਹਿ-ਯੁੱਧ ਚ ਹਿੱਸਾ ਲਿਆ । ਫੇਰ ਉਹ ਕਾਲੇ(ਨੀਗਰੋ) ਲੋਕਾਂ ਦੇ ਹੱਕਾਂ ਦਾ ਨਿਧੜਕ ਬੁਲਾਰਾ ਬਣ ਗਿਆ । ਕਾਲੇ ਲੋਕਾਂ ਨੂੰ ਉਸ ਸਮੇਂ ਬੜੀ ਨਫਰਤ ਨਾਲ ਵੇਖਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਪੱਖ ਲੈਣਾ ਮੌਤ ਨੂੰ ਸੱਦਾ ਦੇਣਾ ਸੀ । ਪਰ ਪਾਰਸਨਜ ਡਰ, ਜ਼ਬਰ ਤੇ ਮੌਤੋਂ ਬੇ-ਪ੍ਰਵਾਹ ਅਡੋਲ ਡਟਿਆ ਰਿਹਾ ਅਤੇ "ਸਪੈਕਟੇਟਰ" ਨਾਮੀ ਪਰਚਾ ਕੱਢ ਕੇ ਕਾਲੇ ਲੋਕਾਂ ਨੂੰ ਜਥੇਬੰਦ ਕੀਤਾ । 
 ਮਾਰਕਸ, ਏਂਗਲਜ਼ ਤੇ ਮਾਰਗਨ ਦੀਆਂ ਰਚਨਾਵਾਂ ਨੇ ਪਾਰਸਨਜ਼ ਦੀ ਜਿੰਦਗੀ ਨੂੰ ਨਵਾਂ ਮੋੜ ਦਿੱਤਾ । ਉਸਨੂੰ ਗਿਆਨ ਹੋਇਆ ਕਿ ਕਾਲੇ ਅਤੇ ਹੋਰ ਮਿਹਨਤੀ ਲੋਕਾਂ ਦੀ ਮੁਕਤੀ, ਮਜਦੂਰ ਜਮਾਤ ਦੀ ਮੁਕਤੀ ਨਾਲ ਜੁੜੀ ਹੋਈ ਹੈ । ਉਸਨੇ ਗੰਭੀਰ ਅਧਿਐਨ ਕਰਨ ਤੋਂ ਬਾਅਦ, ਆਪਣੀ ਜੀਵਨ ਸਾਥਣ ਲੂਸੀ ਨਾਲ ਸ਼ਿਕਾਗੋ ਆ ਡੇਰੇ ਲਾਏ । ਇਹ ਦੋਵੇਂ ਇਨਕਲਾਬੀ ਛੇਤੀ ਹੀ ਆਪਣੇ ਬਹੁ-ਪੱਖੀ ਗੁਣਾ ਕਾਰਨ ਮਜਦੂਰਾਂ ਚ ਹਰਮਨਪਿਆਰੇ ਹੋ ਗਏ । 30 ਸਾਲਾਂ ਦਾ ਪਾਰਸਨਜ਼ ਪੂਰੇ ਅਮਰੀਕਾ ਚ ਚਰਚਿਤ ਹੋ ਗਿਆ । ਅਖਬਾਰ ਉਸਨੂੰ "ਮਾਰਕਿਨ ਕਮਿਊਨ ਆਗੂ" ਅਤੇ ਮਜਦੂਰ "ਜੇਤੂ ਪਾਰਸਨਜ਼" ਕਹਿਣ ਲੱਗੇ । ਸਰਕਾਰੀ ਹੁਕਮ, ਅਗਸਤ-ਸਪਾਈਜ਼ ਤੋਂ ਬਾਅਦ ਇਸ ਯੋਧੇ ਤੋਂ ਭੈਅ ਖਾਂਦੇ ਸਨ । ਏਸੇ ਕਰਕੇ ਉਨ੍ਹਾਂ ਪਾਰਸਨਜ਼ ਨੂੰ ਧਮਕੀ ਦਿੱਤੀ,"ਤੇਰਾ ਜੀਵਨ ਖਤਰੇ ਚ ਹੈ । ਟ੍ਰੇਡ ਬੋਰਡ ਦੇ ਲੋਕ ਏਥੇ ਬੈਠੇ ਹਨ । ਇਹ ਤੈਨੂੰ ਲੈਂਪ-ਪੋਸਟ ਨਾਲ ਬੰਨ ਕੇ ਝੁਲਸਾਏ ਬਿਨਾ ਨਹੀਂ ਛੱਡਣਗੇ । ਜੇ ਖੈਰ ਚਾਹੁੰਨੈ, ਤਾਂ ਸ਼ਹਿਰ ਛੱਡ ਕੇ ਹੁਣੇ ਭੱਜ ਜਾ ।"
 ਪਰ ਪਾਰਸਨਜ਼ ਨੇ ਸ਼ਹਿਰ ਨਹੀਂ ਛੱਡਿਆ । ਉਹ ਮਜ਼ਦੂਰ ਲਹਿਰ ਦੀ ਉਸਾਰੀ ਲਈ ਜੀਅ-ਜਾਣ ਨਾਲ ਜੁਟਿਆ ਰਿਹਾ । ਨਾ ਸਿਰਫ ਦੇਸ਼ ਸਗੋਂ ਉਸਨੇ ਸਪਾਈਜ਼ ਨਾਲ ਮਿਲ ਕੇ "ਕੌਮਾਂਤਰੀ ਮਜਦੂਰ ਕਮੇਟੀ" ਜਥੇਬੰਦ ਕੀਤੀ ।  
 ਅਦਾਲਤ ਚ ਜਦੋਂ ਬਿਆਨ ਦੇਣ ਦਾ ਸਮਾਂ ਆਇਆ ਤਾਂ ਉਸਦੇ ਮੁਸਕਰਾਉਂਦੇ ਹੋਠਾਂ ਤੇ ਕਵਿਤਾ ਸੀ ਅਤੇ ਕੋਟ ਤੇ ਟਹਿਕਦਾ ਫੁੱਲ । ਉਸਨੇ ਦੋ ਦਿਨ, ਆਪਣੀ ਤਕਰੀਰ(ਬਿਆਨ) ਚ ਮਜਦੂਰ ਜਮਾਤ ਦੀ ਨਰਕੀ ਜਿੰਦਗੀ ਬਾਰੇ ਅਤੇ ਕਾਰਨਾਂ ਬਾਰੇ ਸਾਫ ਕਰਦਿਆਂ ਐਲਾਨ ਕੀਤਾ ਕਿ "ਮੈਂ ਇੱਕ ਸਮਾਜਵਾਦੀ ਹਾਂ।" ਗੱਲ ਕੀ ਉਸਨੇ ਅਗਸਤ-ਸਪਾਈਜ਼ ਤੇ ਹੋਰ ਸਾਥੀਆਂ ਵਾਂਗ ਅਦਾਲਤ ਨੂੰ ਇਨਕਲਾਬੀ ਪ੍ਰਚਾਰ ਦਾ ਮੰਚ ਬਣਾ ਦਿੱਤਾ । ਉਹ ਇਨਕਲਾਬੀ ਮਜਦੂਰ ਲਹਿਰ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ । ਤਾਂਹੀਓਂ ਤਾਂ ਉਸਨੇ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਆਪਣੀ ਪਤਨੀ ਨੂੰ ਲਿਖਿਆ, "ਮੇਰੀ ਨਿਆਸਰੀ ਪ੍ਰੀਤਮਾ, ਤੈਨੂੰ ਮੈਂ ਜਨਤਾ ਦੇ ਹਵਾਲੇ ਕਰਦਾ ਹਾਂ । ਕਿਉਂਕਿ ਤੂੰ ਜਲਦਬਾਜੀ ਚ ਕੋਈ ਕੰਮ ਨਹੀਂ ਕਰਨਾ । ਪਰ ਸਮਾਜਵਾਦ ਦੇ ਮਹਾਨ ਆਦਰਸ਼ਾਂ ਨੂੰ ਮੈਂ ਜਿੱਥੇ ਛੱਡ ਕੇ ਜਾਣ ਲਈ ਮਜਬੂਰ ਹਾਂ, ਤੂੰ ਉਨ੍ਹਾਂ ਨੂੰ ਹੋਰ ਉੱਚਾ ਉਠਾਉਣਾ ।" ਕਹਿਣ ਦੀ ਲੋੜ ਨਹੀਂ ਕਿ ਲੂਸੀ ਉਮਰ ਭਰ ਆਪਣੇ ਸਾਥੀ ਦੇ ਕਦਮ-ਚਿੰਨਾਂ ਤੇ ਚੱਲਦੀ ਰਹੀ । 
 ਇਹ ਪਾਰਸਨਜ਼ ਹੀ ਸੀ ਜਿਹੜਾ ਫਾਂਸੀ ਵਾਲੀ ਸਾਰੀ ਰਾਤ ਗਾਉਂਦਾ ਰਿਹਾ, ਸੁਣਾਉਂਦਾ ਰਿਹਾ ਆਪਣੇ ਜੁਝਾਰ ਸਾਥੀਆਂ ਨੂੰ, ਆਪਣੀ ਮੁਹੱਬਤ ਤੇ ਸੰਗਰਾਮ ਦੇ ਗੀਤ । ਅਤੇ ਅੰਤ ਫਾਂਸੀ ਦੇ ਤਖਤੇ ਤੇ ਖੜਕੇ "ਜੇਤੂ ਪਾਰਸਨਜ਼" ਫੇਰ ਗਰਜਿਆ, "ਓਹ ਅਮਰੀਕਨ ਵਾਸੀਓ, ਕੀ ਮੈਨੂੰ ਬੋਲਣ ਦੀ ਇਜਾਜਤ ਮਿਲੇਗੀਓਹ ਸਾਰਿਫ ਮਾਟਸ਼ਨ ! ਮੈਨੂੰ ਬੋਲਣ ਦੇਵੋ ! ਜਨਤਾ ਦੀ ਅਵਾਜ਼ ਸੁਣਵਾਈ ਹੋਵੇ ।"
 ਅਗਸਤ-ਸਪਾਈਜ਼ ਤੇ ਪਾਰਸਨਜ਼ ਦੇ ਵਾਂਗ ਫਾਂਸੀ ਦੇ ਤਖਤੇ ਤੇ ਫਿਸ਼ਰ ਨੇ ਇਨਕਲਾਬੀ ਜਜ਼ਬਾਤਾਂ ਦੀਆਂ ਛੱਲਾਂ ਤੇ ਸਵਾਰ ਹੋ ਕੇ ਕਿਹਾ,"ਇਹ ਮੇਰੇ ਜੀਵਨ ਦਾ ਸਭ ਤੋਂ ਵੱਧ ਖੁਸ਼ੀ ਦਾ ਪਲ਼ ਹੈ।" ਇਸੇ ਤਰ੍ਹਾਂ ਏਂਜਲ, ਜਿਹੜਾ ਉਸ ਸਮੇਂ ਅਰਾਜਕਤਾਵਾਦ ਤੇ ਸਮਾਜਵਾਦ ਨੂੰ ਇੱਕੋ ਚੀਜ਼ ਮੰਨਦਾ ਸੀ, ਗਰਜ਼ ਉੱਠਿਆ, "ਅਰਾਜਕਤਾ ਦੀ ਜੈ ਹੋਵੇ।" ਇਸੇ ਤਰ੍ਹਾਂ ਇਹ ਚਾਰੇ ਯੋਧੋ ਹੱਸਦੇ ਹੋਏ ਪੂਰੀ ਮੜਕ ਨਾਲ ਫਾਂਸੀ ਦੇ ਫੰਦੇ ਤੇ ਝੂਲ ਗਏ । ਮਜਦੂਰ ਜਮਾਤ ਦੇ ਇਹ ਮਹਾਨ-ਜਾਏ ਐਸੀ ਸ਼ਾਨਦਾਰ ਮੌਤ ਮਰ ਕੇ ਰਹਿੰਦੀ ਦੁਨੀਆਂ ਤੱਕ ਸਾਡੇ ਦਿਲਾਂ ਚ ਜਿਊਂਦੇ ਰਹਿਣਗੇ । 
 ਏਸ ਮੁਕੱਦਮੇ ਚ ਇਹਨਾਂ ਚਾਰਾਂ ਯੋਧਿਆਂ ਤੋਂ ਬਿਨਾਂ ਫਿਲਡੇਨ, ਮਾਈਕਲ ਸ਼ਕਵਾਈਰ, ਲੂਈਲਿੰਗ ਅਤੇ ਮਾਸਕਰ ਨਾਂ ਦੇ ਹਰਮਨਪਿਆਰੇ ਆਗੂ ਵੀ ਤਿਆਗ ਤੇ ਕੁਰਬਾਨੀ ਪੱਖੋਂ ਘੱਟ ਨਹੀਂ ਸਨ । ਉਨ੍ਹਾਂ ਸੂਰਮਿਆਂ ਨੇ ਵੀ ਅਦਾਲਤ ਚ ਨਿਰਭੈ ਹੋ ਕੇ ਮਜ਼ਦੂਰ ਜਮਾਤ ਦੀ ਮੁਕਤੀ ਲਈ ਜੂਝਣ ਦੇ ਸ਼ਾਨਦਾਰ ਕਾਰਨਮਿਆਂ ਨੂੰ ਮਾਣ ਨਾਲ ਬੁਲੰਦ ਕੀਤਾ । ਭਾਵੇਂ ਉਨ੍ਹਾਂ ਨੂੰ ਮੌਤ ਦੀ ਸਜਾ ਨਹੀਂ ਸੁਣਾਈ ਗਈ ਤਾਂ ਵੀ ਇਹ ਸੱਚ ਹੈ ਕਿ ਉਹ ਸ਼ਹਾਦਤ ਦਾ ਉੱਚਾ ਰੁਤਬਾ ਪਾਉਣ ਲਈ ਮਨੋ-ਤਨੋ ਤਿਆਰ ਸਨ । ਆਸਕਰ ਤਾਂ ਪੰਦਰਾਂ ਸਾਲ ਦੀ ਸਜਾ ਸੁਣ ਕੇ ਭੜਕ ਉੱਠਿਆ । ਉਸਨੇ ਜੱਜ ਨੂੰ ਸ਼ਰੇਆਮ ਲਲਕਾਰਿਆ,"ਮੈਂ ਆਪਣੇ ਬੇਕਸੂਰ ਸਾਥੀਆਂ ਨਾਲੋਂ ਵੱਧ ਬੇਕਸੂਰ ਨਹੀਂ ਹਾਂ । ਏਸ ਲਈ ਮੈਨੂੰ ਵੀ ਫਾਂਸੀ ਦੀ ਸਜਾ ਦਿੱਤੀ ਜਾਵੇ।" ਉਹਨੇ ਬੜੇ ਮਾਣ ਨਾਲ ਸਪੱਸ਼ਟ ਕੀਤਾ ਕਿ "ਮੈਂ ਵੇਖਿਆ ਕਿ ਸ਼ਹਿਰ ਚ ਪਾਬਰੋਟੀ-ਮਜਦੂਰ ਨਾਲ ਕੁੱਤੇ ਵਰਗਾ ਸਲੂਕ ਹੁੰਦਾ ਹੈ । ਮੈਂ ਉਨ੍ਹਾਂ ਨੂੰ ਇੱਕਜੁਟ ਕਰਨ ਚ ਮਦਦ ਕੀਤੀ । ਇਹ ਮੇਰਾ ਮਹਾਨ ਜੁਲ਼ਮ ਹੈ । ............ ਇਸਤੋਂ ਵੀ ਵੱਧ ਕੇ ਮੈਂ ਇੱਕ ਹੋਰ ਜੁਰਮ ਕੀਤਾ ਹੈ । ਸਵੇਰੇ ਸਵੇਰੇ ਆਪਣੇ ਸਾਥੀਆਂ ਨਾਲ ਜਦੋਂ ਮੈਂ ਘੁੰਮਣ-ਫਿਰਨ ਨਿਕਲਦਾ ਤਾਂ ਵੇਖਦਾ ਕਿ ਸ਼ਿਕਾਗੋ ਸ਼ਹਿਰ ਚ ਸ਼ਰਾਬ ਦੀਆਂ ਭੱਠੀਆਂ ਤੇ ਕੰਮ ਕਰਨ ਵਾਲੇ ਮਜ਼ਦੂਰ ਤੜਕੇ ਚਾਰ ਵਜੇ ਉੱਠ ਕੇ ਕੰਮ ਤੇ ਜਾਂਦੇ ਅਤੇ ਰਾਤ ਸੱਤ-ਅੱਠ ਵਜੇ ਘਰ ਮੁੜਦੇ । ਸੂਰਜੀ ਦੀ ਰੌਸ਼ਨੀ ਚ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦਾ ਮੂੰਹ ਵੇਖਣ ਦਾ ਸੁਭਾਗ ਨਹੀਂ ਸੀ ਹੁੰਦਾ । ਮੈਂ ਉਨ੍ਹਾਂ ਨੂੰ ਜਥੇਬੰਦ ਕਰਨ ਗਿਆ । ਜੱਜ ਸਾਹਿਬ, ਮੈਂ ਇੱਕ ਹੋਰ ਜੁਰਮ ਕੀਤਾ ਹੈ । ਮੈਂ ਪਰਚੂਨ-ਦੁਕਾਨ ਦੇ ਤੇ ਹੋਰ ਨੌਕਰਾਂ ਨੂੰ ਦਸ-ਬਾਰਾਂ ਵਜੇਂ ਰਾਤ ਤੱਕ ਕੰਮ ਕਰਦੇ ਵੇਖਿਆ । ਮੈਂ ਇੱਕ ਹੋਕਾ ਦਿੱਤਾ................. ਅੱਜ ਉਹ ਸ਼ਾਮ ਸੱਤ ਵਜੇ ਤੱਕ ਹੀ ਕੰਮ ਕਰਦੇ ਤੇ ਹਫ਼ਤੇ ਵਾਰੀ ਛੁੱਟੀ ਮਨਾਉਂਦੇ ਹਨ । ਇਹ ਵੀ ਮੇਰਾ ਇੱਕ ਮਹਾਨ ਜੁਰਮ ਹੈ ।" ਏਸ ਲਈ "ਮੈਨੂੰ ਵੀ ਫਾਂਸੀ ਦੀ ਸਜਾ ਦਿੱਤੀ ਜਾਵੇ ।"
 ਇਸੇ ਤਰ੍ਹਾਂ ਜਦੋਂ ਫਿਲਡੇਨ ਸਰਮਾਏਦਾਰੀ-ਸਮਾਜ ਦੇ ਪਰਖਚੇ ਉਡਾ ਰਿਹਾ ਸੀ ਤਾਂ ਇੱਕ ਸਧਾਰਨ ਜਿਹੇ ਆਦਮੀ ਨੇ, ਪੱਤਰਕਾਰ ਨੂੰ ਹੁਬਕੀਆਂ ਲੈ ਕੇ ਦੱਸਿਆ "ਮੈਂ ਸਾਲਾਂ ਤੋਂ ਉਹਦਾ ਗੁਆਂਢੀ ਹਾਂ । ਉਸ ਵਰਗਾ ਵਧੀਆ ਇਨਸਾਨ ਤੇ ਗੁਆਂਢੀ ਮੈਨੂੰ ਕੋਈ ਨਹੀਂ ਮਿਲਿਆ ।"
ਅਜਿਹੇ ਸਨ, ਸਾਡੇ ਮਹਾਨ ਮਈ ਦਿਵਸ ਦੇ ਮਹਾਨ ਨਾਇਕ ! ਜਿਹੜੇ ਮਜਦੂਰ ਜਮਾਤ ਦੀ ਮੁਕਤੀ ਲਈ ਇੱਕ ਦੂਜੇ ਤੋਂ ਮੂਹਰੇ ਹੋ ਕੇ ਕੁਰਬਾਨੀ ਦੇਣ ਲਈ ਤਤਪਰ ਸਨ । ਉਨ੍ਹਾਂ ਨੂੰ ਆਪਣੀ ਜਿੰਦਗੀ ਦੀ ਭੋਰਾ ਪ੍ਰਵਾਹ ਨਹੀਂ ਸੀਉਹ ਤਾਂ ਜੇ ਫਿਕਰ ਕਰਦੇ ਸਨ ਤਾਂ ਮਜਦੂਰ ਲਹਿਰ ਦਾ ਜਾਂ ਆਪਣੇ ਸੰਗਰਾਮੀ ਸਾਥੀਆਂ ਦਾ । ਉਹ ਅਮਰੀਕਾ ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਚ ਪਿਆਰੇ ਅਤੇ ਸਤਿਕਾਰੇ ਗਏ । ਜਦੋਂ ਉਹ ਹੱਸ ਹੱਸ ਕੇ ਮੌਤ ਨੂੰ ਗਲਵਕੜੀ ਪਾਉਣ ਲਈ ਉਤਾਵਲੇ ਸਨ ਤਾਂ ਅਮਰੀਕਾ ਹੀ ਨਹੀਂ ਸਗੋਂ ਇਟਲੀ, ਫਰਾਂਸ, ਸਪੇਨ, ਰੂਸ, ਹਾਲੈਂਡ, ਇੰਗਲੈਂਡ ਅਤੇ ਹੋਰਾਂ ਥਾਂਵੀਂ ਕੁਹਰਾਮ ਮੱਚ ਉੱਠਿਆ । ਮਜ਼ਦੂਰ ਜਮਾਤ ਤੇ ਇਨਸਾਫ਼ ਪਸੰਦ ਲੋਕ ਇਨ੍ਹਾਂ ਸੂਰਬੀਰ ਆਗੂਆਂ ਦੀ ਜਾਨ ਬਚਾਉਣ ਲਈ ਸੜਕਾਂ ਤੇ ਨਿਕਲ ਆਏ । ਜਿੱਥੇ ਉਹ ਦੁਨੀਆਂ ਭਰ ਦੇ ਮਜਦੂਰਾਂ ਤੇ ਮਿਹਨਤਕਸ਼ ਲੋਕਾਂ ਦੇ ਜਾਨ ਤੋਂ ਵੀ ਵੱਧ ਪਿਆਰੇ ਸਨ । ਉਥੇ ਸਾਰੇ ਸਰਮਾਏਦਾਰ, ਜਾਬਰ ਤੇ ਰਾਜ ਸੱਤਾ ਇਨ੍ਹਾਂ ਵਿਰੁੱਧ ਵਿਹੁ ਘੋਲਦੇ ਸਨ । ਬੁਰਜੂਆ ਅਖ਼ਬਾਰ ਚੀਖ ਰਹੀਆਂ ਸਨ, "ਇਨ੍ਹਾਂ ਸ਼ੈਤਾਨਾਂ ਨੂੰ ਜਲਦੀ ਫਾਂਸੀ ਦਿਓ ।"
ਸਪਾਈਜ਼ ਦੀ ਭਵਿੱਖਬਾਣੀ ਕਿੱਡੀ ਸੱਚ ਸੀ । "ਮਜਦੂਰ ਲਹਿਰ ਦਾ ਗਲ਼ਾ ਘੁੱਟਣ" ਦੀ ਸਰਮਾਏਦਾਰੀ ਮਨਸ਼ਾ ਧਰੀ-ਧਰਾਈ ਰਹਿ ਗਈ । ਮਜਦੂਰ ਸੰਘਰਸ਼ਾਂ ਦੇ "ਚੰਗਿਆੜੇ" ਅੱਜ ਤੱਕ "ਇੱਥੇ-ਉੱਥੇ" ਸਰਮਾਏਦਾਰੀ ਦੇ "ਅੱਗੇ-ਪਿੱਛੇ" "ਹਰ ਥਾਂ ਭਾਂਬੜ ਮੱਚ" ਉੱਠਦੇ ਹਨ । ਸਰਮਾਏਦਾਰੀ ਸਮਾਜ ਦਾ ਫਤਸਾ ਵੱਡਿਆ ਜਾਵੇਗਾ । ਇਸ ਦੀ ਲੁੱਟ-ਖਸੁੱਟ ਤੇ ਵਲ-ਫੇਰ ਦਾ ਬੀਅ-ਨਾਸ਼ ਹੋ ਜਾਵੇਗਾ । ਪਰ ਮਈ ਦਿਵਸ ਦੇ ਇਹ ਮਹਾਨ ਸ਼ਹੀਦ ਹਮੇਸ਼ਾ ਜਿੰਦਾ ਰਹਿਣਗੇ । ਦੁਨੀਆਂ ਦੀ ਕੋਈ ਵੀ ਤਾਕਤ ਮਜਦੂਰਾਂ ਤੇ ਮਿਹਨਤੀ ਲੋਕਾਂ ਦੇ ਦਿਲਾਂ ਚੋਂ ਇਨ੍ਹਾਂ ਮਹਾਨ ਯੋਧਿਆਂ ਦਾ ਸਤਿਕਾਰ ਖਤਮ ਨਹੀਂ ਕਰ ਸਕੇਗੀ । ਇਹ ਹਮੇਸ਼ਾ ਹਮੇਸ਼ਾ ਅਮਰ ਰਹਿਣਗੇ ਅਤੇ ਸੰਸਾਰ ਤੇ ਸਦਾ ਸੂਰਜ ਵਾਂਗ ਚਮਕਦੇ ਰਹਿਣਗੇ । 
ਆਓ, ਇਸ ਮਹਾਨ ਦਿਵਸ ਤੇ ਇਨ੍ਹਾਂ ਸ਼ਹੀਦਾਂ ਦੇ ਜੀਵਨ ਅਤੇ ਸ਼ਹਾਦਤ ਤੋਂ ਸਬਕ ਸਿੱਖੀਏ । ਆਓ ਇਨ੍ਹਾਂ ਦੇ ਸੂਹੇ ਰਾਹ ਤੇ ਅੱਗੇ ਵੱਧਣ ਲਈ ਪ੍ਰਣ ਕਰੀਏ ਅਤੇ ਇਨ੍ਹਾਂ ਯੋਧਿਆਂ ਵਾਂਗ ਜੀਵਨ ਦਾ ਇੱਕ ਇੱਕ ਪਲ਼ ਮਜਦੂਰ ਲਹਿਰ ਤੇ ਇਨਕਲਾਬ ਲਈ ਅਰਪਣ ਕਰੀਏ । ਇਹੀ ਮਹਾਨ ਜਾਇਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਮਈ ਦਿਵਸ ਦੇ ਮਹਾਨ ਸ਼ਹੀਦ-ਜਿੰਦਾਬਾਦ ! ਸਾਮਰਾਜੀ ਪ੍ਰਬੰਧ-ਮੁਰਦਾਬਾਦ ! -0-  ਮੇਜਰ ਦੂਲੋਵਾਲ , (ਸੁਰਖ ਲੀਹ ਪੁਰਾਣੀਆਂ ਫਾਈਲਾਂ 'ਚੋਂ) (01-05-2020)

No comments:

Post a Comment