ਕਰੋਨਾ ਵਾਇਰਸ -
ਸਖ਼ਤੀ ਦੀ ਮਸ਼ੀਨੀ ਪਹੁੰਚ ਨਾਲੋਂ ਲੋਕ ਚੇਤਨਾ ਲੋੜੀਂਦੀ ਹੈ
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਸਭਨਾਂ
ਕਦਮਾਂ ਦੀ ਪੂਰਵ ਸ਼ਰਤ ਲੋਕਾਂ ’ਚ ਇਸ ਬਿਮਾਰੀ ਬਾਰੇ ਚੇਤਨਾ ਦਾ ਪਸਾਰਾ ਹੈ । ਲੋਕਾਂ ਨੂੰ ਇਸਦੇ ਫੈਲਣ ਦੇ ਢੰਗਾਂ ਤੋਂ ਜਾਣੂੰ
ਕਰਵਾ ਕੇ ਹੀ, ਇਸਨੂੰ ਫੈਲਣ ਤੋਂ
ਰੋਕਣ ਦੇ ਕਦਮਾਂ ਲਈ ਸਿੱਖਿਅਤ ਤੇ ਪ੍ਰੇਰਿਤ ਕੀਤਾ ਜਾ ਸਕਦਾ ਹੈ । ਕਰੋੜਾਂ ਲੋਕਾਂ ਨੂੰ ਇਸਦੀ ਲਾਗ
ਤੋਂ ਬਚਾਉਣ ਲਈ ਸਮੁੱਚਾ ਅਮਲ ਹੀ ਸਿੱਖਿਅਤ ਕਰਨ ਤੇ ਪ੍ਰੇਰਿਤ ਕਰਨ ਦਾ ਅਮਲ ਬਣਦਾ ਹੈ ਜਿਸ ਵਿੱਚ
ਮਸ਼ੀਨੀ ਕਿਸਮ ਦੀ ਸਖਤੀ 'ਤੇ ਟੇਕ ਰੱਖਣ ਦੀ
ਪਹੁੰਚ ਆਖਰ ਨੂੰ ਨੁਕਸਾਨਦਾਇਕ ਹੀ ਸਾਬਤ ਹੁੰਦੀ ਹੈ । ਕਰਫਿਊ ਵਰਗੇ ਸਿਰੇ ਦੇ ਕਦਮ ਇਸ ਨਾਲ ਨਜਿੱਠਣ ਦਾ ਇੱਕ ਤਰੀਕਾ ਵੀ ਤਾਂ
ਹੀ ਹੋ ਸਕਦੇ ਹਨ ਜੇਕਰ ਲੋਕਾਂ ਅੰਦਰਲੀ ਚੇਤਨਾ ਨੂੰ ਬੁਨਿਆਦੀ ਸ਼ਰਤ ਮੰਨ ਕੇ ਚੱਲਿਆ ਜਾਵੇ। ਕਰਫਿਊ
ਮੜ੍ਹਿਆ ਤਾਂ ਜਾ ਸਕਦਾ ਹੈ ਪਰ ਲੋਕ ਚੇਤਨਾ ਦੀ ਕਮੀ ਕਾਰਨ ਇਹ ਵੀ ਵਾਇਰਸ ਦੇ ਅੱਗੇ ਤੋਂ ਅੱਗੇ ਸੰਚਾਰ ਨੂੰ ਰੋਕਣ ਲਈ
ਮੁਕੰਮਲ ਪੇਸ਼ਬੰਦੀ ਨਹੀਂ ਬਣ ਸਕਦਾ ਹੈ । ਹੁਣ ਤੱਕ ਦੇ ਦਿਨਾਂ ਦਾ ਤਜਰਬਾ ਵੀ ਇਹੀ ਦੱਸਦਾ ਹੈ ਕਿ
ਸਾਰਾ ਦਿਨ ਘਰਾਂ ’ਚ ਤੜੇ ਲੋਕ ਜਦੋਂ
ਕੁੱਝ ਮਿੰਟਾਂ ਲਈ ਵੀ ਲੋੜੀਂਦਾ ਸਮਾਨ ਲੈਣ ਲਈ ਘਰਾਂ ’ਚੋਂ ਨਿਕਲਦੇ ਹਨ ਤੇ ਜਿਵੇਂ ਉਹ ਲੋੜੀਂਦੀਆਂ ਪੇਸ਼ਬੰਦੀਆਂ ਨੂੰ ਵਿਸਾਰ
ਕੇ ਵਿਚਰਦੇ ਹਨ ਤਾਂ ਇਹ ਇਸ ਮਸ਼ੀਨੀ ਕਰਫਿਊ ਦੀ ਸੀਮਤਾਈ ਨੂੰ ਉਘਾੜਦੀ ਹਾਲਤ ਹੀ ਹੁੰਦੀ ਹੈ । ਜਦੋਂ
ਪੁਲਸ ਦੇ ਡੰਡੇ ਦਾ ਡਰ ਹੋਵੇ ਤੇ ਪੁਲਸ ਦੀ ਗੱਡੀ ਦਾ ਹੂਟਰ ਤ੍ਰਾਹ ਕੱਢ ਰਿਹਾ ਤਾਂ ਕਰੋਨਾ ਦੂਰ
ਦਿਖਦਾ ਹੈ । ਜਦ ਪੁਲਸ ਦੀ ਕੁੱਟ ਨੇੜੇ ਦਿਖਦੀ
ਹੋਵੇ ਤਾਂ ਪੇਸ਼ਬੰਦੀਆਂ ਕਰੋਨਾ ਤੋਂ ਨਹੀਂ ਪੁਲਸ ਦੇ ਕਹਿਰ ਤੋਂ ਬਚਣ ਦੀਆਂ ਹੁੰਦੀਆਂ ਹਨ| । ਅਜਿਹੇ ਧੱਕੜ ਵਿਹਾਰ ਨਾਲ ਪੇਸ਼ਬੰਦੀਆਂ ਦੀ ਜਰੂਰਤ ਦਾ ਸੰਚਾਰ ਕਰਨ 'ਚ ਅਫਸਰਸ਼ਾਹੀ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਇਸ ਦਾ ਮੂਲ ਕਿਰਦਾਰ
ਲੋਕ ਵਿਰੋਧੀ ਹੈ ਤੇ ਡੰਡੇ ਦਾ ਜੋਰ ਦਿਖਾਉਣ ਤੋਂ ਬਿਨਾਂ ਹੋਰ ਕੋਈ ਤਰੀਕਾ ਇਸਨੂੰ ਆਉਂਦਾ ਹੀ ਨਹੀਂ
ਹੈ । ਇਸਦਾ ਲੋਕਾਂ ਨਾਲ ਜੋ ਰਿਸ਼ਤਾ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਨਜਿੱਠਣ ਦਾ ਜੋ ਨਜਰੀਆ
ਹੈ ਇਹ ਲੋਕਾਂ ਅੰਦਰ ਕਿਸੇ ਵੀ ਚੇਤਨਾ ਦਾ ਸੰਚਾਰ ਕਰਨ ਜੋਗਾ ਨਹੀਂ ਹੈ,
ਨਾ ਹੀ ਅਜਿਹੀਆਂ ਪੇਸ਼ਬੰਦੀਆਂ ਲਈ ਲੋਕਾਂ ਦੀ ਪਹਿਲਕਦਮੀ
ਨੂੰ ਜਗਾ ਸਕਣ ਜੋਗਾ ਹੈ ਸਗੋਂ ਅਫਸਰਸ਼ਾਹੀ ਦੀ ਸਾਰੀ ਢਲਾਈ ਲੋਕਾਂ ਦੀ ਹਰ ਪਹਿਲਕਦਮੀ ਨੂੰ ਥਾਂਏ
ਨੱਪ ਦੇਣ ਦੀ ਹੁੰਦੀ ਹੈ । ਲੋਕਾਂ ਨਾਲ ਨਜਿੱਠਣ ਵਾਲੀ ਅਫਸਰਸ਼ਾਹੀ ਦਾ ਸਮੁੱਚਾ ਨਜਰੀਆ ਲੋਕਾਂ ਦੀਆਂ
ਹਕੀਕੀ ਜੀਵਨ ਹਾਲਤਾਂ ਤੋਂ ਕੋਹਾਂ ਦੂਰ ਹੁੰਦਾ ਹੈ । ਇਸ ਸਮੁੱਚੇ ਨਜਰੀਏ ’ਚੋਂ ਇਹ ਸੋਝੀ ਵੀ ਗੈਰ ਹਾਜਰ ਹੀ ਹੈ ਕਿ ਆਪਸੀ ਸੰਪਰਕ ਤੋੜਨ ਤੇ ਨਾਲੇ
ਜਿੰਦਗੀ ਨੂੰ ਚੱਲਦੀ ਰੱਖਣ ਦੇ ਠੋਸ ਕਦਮ ਤਾਂ ਆਖਰ ਨੂੰ ਲੋਕਾਂ ਨੇ ਆਪ ਤੈਅ ਕਰਨੇ ਹੁੰਦੇ ਹਨ । ਹਰ
ਤਬਕੇ ਨੇ ਆਪੋ ਆਪਣੇ ਕੰਮ ਨਿਪਟਾਉਂਦੇ ਹੋਏ ਬਚਾਅ ਦੇ ਇੰਤਜਾਮ ਵੀ ਆਪੋ ਆਪਣੀਆਂ ਹਾਲਤਾਂ ਦੇ
ਅਨੁਸਾਰ ਹੀ ਕਰਨੇ ਹਨ । ਇਸ ਬਿਮਾਰੀ ਬਾਰੇ ਚੇਤਨਾ ਦਾ ਸੰਚਾਰ ਕਰਨ ਦਾ ਸਰਕਾਰੀ ਤਰੀਕਾ ਵੀ ਸਿਰੇ
ਦਾ ਮਸ਼ੀਨੀ ਹੈ । ਫੋਨਾਂ ’ਤੇ ਰਿੰਗ ਟੋਨ
ਵਜ੍ਹਾ ਕੇ ਹੀ ਨਸੀਹਤ ਸੁਣਾ ਦਿੱਤੀ ਗਈ ਹੈ ਤੇ ਲੋਕਾਂ ਨੂੰ ਚੇਤਨ ਕਰਨ ਦਾ ਭਰਮ ਪੈਦਾ ਕੀਤਾ ਗਿਆ
ਹੈ ਤੇ ਸਾਰਾ ਤਾਣ ਲੋਕਾਂ ਨੂੰ ਘਰਾਂ ’ਚ ਤਾੜ ਕੇ ਰੱਖਣ ’ਤੇ ਲਾ ਦਿੱਤਾ ਗਿਆ
ਹੈ । ਇਸ ਤੋਂ ਵੀ ਅੱਗੇ ਇਹ ਮੌਕਾ ਵੱਡੇ ਸਰਮਾਏਦਾਰਾਂ
ਨੂੰ ਹੋਰ ਗੱਫੇ ਲਗਾਉਣ ਲਈ ਵਰਤਿਆ ਜਾਣਾ ਹੈ
ਸਾਡੇ ਵਰਗੇ ਮੁਲਕਾਂ ’ਚ
ਜਿੱਥੇ ਕਰੋੜਾਂ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਵਸਦੇ ਹਨ ਤੇ ਰੋਜ ਦੀ ਦਿਹਾੜੀ ਨਾਲ ਆਈ-ਚਲਾਈ ’ਤੇ
ਨਿਰਭਰ ਹਨ ਉੱਥੇ ਇਉਂ ਲੌਕ ਡਾਊਨ ਲਾਗੂ ਕਰਨਾ ਵੀ ਮਸ਼ੀਨੀ ਪਹੁੰਚ ਹੈ । ਸੰਬੰਧਿਤ ਬਿਮਾਰੀ ਤੋਂ
ਪਹਿਲਾਂ ਭੁੱਖ ਨਾਲ ਹੀ ਮਾਰ ਦੇਣ ਦਾ ਖਤਰਾ ਸਹੇੜਿਆ ਗਿਆ ਹੈ, ਅਨੇਕਾਂ
ਬਿਮਾਰੀਆਂ ਦੇ ਸ਼ਿਕਾਰ ਲੋਕਾਂ ਨੂੰ ਇਲਾਜ ਖੁਣੋ ਮਰਨ ਲਈ ਸੁੱਟ ਦਿੱਤਾ ਗਿਆ ਹੈ । ਕਿਰਤੀ ਲੋਕਾਂ
ਦੀਆਂ ਰੋਜ਼ ਮਰਾ ਲੋੜਾਂ ਦੀ ਪੂਰਤੀ ਦੇ ਇੰਤਜ਼ਾਮਾਂ ਤੋਂ ਬਗੈਰ ਕੀਤੀ ਜਾ ਰਹੀ ਸਖਤਾਈ ਲੋਕਾਂ ਲਈ
ਵਾਇਰਸ ਤੋਂ ਵੀ ਘਾਤਕ ਸਾਬਤ ਹੋ ਸਕਦੀ ਹੈ। ਇੱਕ ਪਾਸੇ ਵਾਇਰਸ ਦਾ ਪਸਾਰਾ ਰੋਕਣ ਦੀ ਅਤੇ ਨਾਲ ਹੀ ਕਰੋੜਾਂ
ਕਰੋੜ ਕਿਰਤੀ ਲੋਕਾਂ ਦੀ ਜ਼ਿੰਦਗੀ ਧੜਕਦੀ ਰੱਖਣ ਲਈ ਕਿਤੇ ਵੱਡੀ ਤਿਆਰੀ ਲੋੜੀਂਦੀ ਹੈ ਜੋ ਲੱਗਭਗ
ਗੈਰ ਹਾਜ਼ਰ ਹੈ| ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤੇ ਨਿਗੂਣੇ ਰਾਹਤ ਐਲਾਨਾਂ ਦਾ
ਅਸਰ ਵੀ ਬਾਕੀ ਹਕੂਮਤੀ ਸਕੀਮਾਂ ਨਾਲੋਂ ਵੱਖਰਾ ਨਹੀਂ ਹੋਣ ਜਾ ਰਿਹਾ। ਪਹਿਲਾਂ
ਤਾਂ ਇਹ ਵੇਲੇ ਸਿਰ ਖ਼ਜ਼ਾਨਿਆਂ 'ਚੋਂ ਜਾਰੀ ਹੀ ਨਹੀਂ ਹੋਣੇ ਤੇ
ਮਗਰੋਂ ਵੀ ਅਸਲ ਲੋੜਵੰਦਾਂ ਤੱਕ ਨਹੀਂ ਪੁੱਜਣੇ | ਅਜਿਹੀ ਹਾਲਤ ਚ ਇੱਕ ਪਾਸੇ
ਬਿਮਾਰੀ ਤੋਂ ਬਚਣ ਤੇ ਦੂਜੇ ਪਾਸੇ ਹਕੂਮਤੀ ਪਾਬੰਦੀਆਂ ਦੀ ਮਾਰ ਤੋਂ ਬਚਣ ਲਈ ਲੋਕਾਂ ਦੀ ਚੇਤਨ ਤੇ
ਜਥੇਬੰਦਕ ਸ਼ਕਤੀ ਦੀ ਪਹਿਰੇਦਾਰੀ ਲੋੜੀਂਦੀ ਹੈ। ਰਾਜ ਮਸ਼ੀਨਰੀ ਤੋਂ ਲੋਕਾਂ
ਦੀਆਂ ਲੋੜਾਂ ਦੀ ਪੂਰਤੀ ਲਈ ਕੁਝ ਵੀ ਕਰਵਾਉਣ ਖਾਤਿਰ ਜਥੇਬੰਦ ਲੋਕ ਦਬਾਅ ਲੋੜੀਂਦਾ ਹੈ| (26-03-2020)
No comments:
Post a Comment