Wednesday, May 20, 2020

ਕਰੋਨਾ ਵਾਇਰਸ-ਲੋਕ ਹੀ ਲੋਕਾਂ ਦਾ ਸਹਾਰਾ ਬਣਨਗੇ... ਹਕੂਮਤਾਂ ਕੋਲ ਤਾਂ ਸਿਰਫ ਪਾਬੰਦੀਆਂ ਹਨ


  ਕਰੋਨਾ ਵਾਇਰਸ- 

ਲੋਕ ਹੀ ਲੋਕਾਂ ਦਾ ਸਹਾਰਾ ਬਣਨਗੇ...    ਹਕੂਮਤਾਂ  ਕੋਲ ਤਾਂ ਸਿਰਫ ਪਾਬੰਦੀਆਂ ਹਨ                             

 ਮੌਜੂਦਾ ਸਮੇਂ ਸਭਨਾਂ ਲੋਕ ਪੱਖੀ ਸ਼ਕਤੀਆਂ ਤੇ ਜਮਹੂਰੀ ਹਲਕਿਆਂ ਦੇ ਮੋਢਿਆਂ ਤੇ ਫਿਰ ਇਹ ਜਿੰਮੇਵਾਰੀ ਹੈ ਕਿ ਉਹ ਅੱਗੇ ਹੋ ਕੇ ਇਸ ਮੁਸ਼ਕਿਲ ਘੜੀ ਆਪਣੇ ਆਪ ਨੂੰ ਲੋਕਾਂ ਦੀ ਸੇਵਾ ਵਿੱਚ ਝੋਕਣ । ਇਸ ਆਫਤ ਦੇ ਸਮੇਂ ਵਿੱਚ ਲੋਕਾਂ ਦੀਆਂ ਜਥੇਬੰਦੀਆਂ ਨੂੰ ਦੋ ਮੁਹਾਜਾਂ ਤੇ ਲੜਨਾ ਪੈਣਾ ਹੈ । ਇੱਕ ਪਾਸੇ ਤਾਂ ਲੋਕਾਂ ਦੀਆਂ ਜਥੇਬੰਦੀਆਂ ਨੂੰ ਲੋਕਾਂ ਨੂੰ ਇਸ ਬਿਮਾਰੀ ਦੇ ਮਾਰੂ ਅਸਰਾਂ ਬਾਰੇ ਤੇ ਇਹਨੂੰ ਫੈਲਣ ਤੋਂ ਰੋਕਣ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤੇ ਨਾਲ ਹੀ ਲੋਕਾਂ ਲਈ ਸਿਹਤ ਸਹੂਲਤਾਂ ਦੇ ਇੰਤਜਾਮਾਂ ਤੋਂ ਲੈ ਕੇ ਲੋਕਾਂ ਦੇ ਚੁੱਲ੍ਹੇ ਮਘਦੇ ਰੱਖਣ ਤੇ ਲੋਕਾਂ ਦੀਆਂ ਜਰੂਰੀ ਲੋੜਾਂ ਦੀ ਪੂਰਤੀ ਲਈ ਸਰਕਾਰੀ ਖਜਾਨਾ ਖੁਲ੍ਹਵਾਉਣ ਤੇ ਲੋਕਾਂ ਲੇਖੇ ਲਾਉਣ ਲਈ ਹਕੂਮਤਾਂ ਤੇ ਦਬਾਅ ਬਣਾਉਣਾ ਚਾਹੀਦਾ ਹੈ ।
 ਲੋਕਾਂ ਨੂੰ ਬਿਮਾਰੀ ਦਾ ਫੈਲਾਅ ਰੋਕਣ ਲਈ ਚੇਤਨ ਕਰਨ ਦਾ ਕਾਰਜ ਇਹ ਹਕੂਮਤਾਂ  ਨਹੀਂ ਕਰ ਸਕਦੀਆਂ । ਨਾ ਇਹਨਾਂ ਨੂੰ ਲੋਕਾਂ ਤੇ ਭਰੋਸਾ ਹੈ ਤੇ ਨਾ ਹੀ ਲੋਕਾਂ ਨੂੰ ਸਰਕਾਰਾਂ ਤੇ । ਹਕੂਮਤ ਤਾਂ ਦਹਿਸ਼ਤ ਪੈਦਾ ਕਰਨ ਦੇ ਕਦਮ ਹੀ ਚੱਕ ਰਹੀ ਹੈ । ਜਦਕਿ ਕਿਸੇ ਮਹਾਂਮਾਰੀ ਦੇ ਟਾਕਰੇ ਲਈ ਖੌਫਜਦਾ ਮਹੌਲ ਦੀ ਨਹੀਂ ਸਗੋਂ ਵਿਸ਼ਾਲ ਗਿਣਤੀ ਲੋਕਾਂ ਦੇ ਚੇਤਨ ਹੋਣ ਤੇ ਇਸਤੋਂ ਬਚ ਸਕਣ ਦਾ ਭਰੋਸਾ ਜਗਾਉਣ ਦੀ ਜਰੂਰਤ ਹੁੰਦੀ ਹੈ । ਲੋਕ ਪੱਖੀ ਜਥੇਬੰਦੀਆਂ ਹੀ ਲੋਕਾਂ ਦੇ ਆਪਣੇ ਅਜਿਹੇ ਸੰਗਠਨ ਹਨ ਜੋ ਲੋਕਾਂ ਦਾ ਹੀ ਅੰਗ ਹਨ । ਇਹ ਲੋਕਾਂ ਦੀਆਂ ਆਪਣੀਆਂ ਹੀ ਮੁਕਾਬਲਤਨ ਚੇਤਨ ਤੇ ਵਿਕਸਤ ਪਰਤਾਂ ਹਨ ਜਿੰਨ੍ਹਾਂ ਦੇ ਹੀ ਲੋਕਾਂ ਨਾਲ ਜੀਵੰਤ ਰਿਸ਼ਤੇ ਹਨ । ਅਜਿਹੇ ਵੇਲੇ ਲੋਕਾਂ ਨਾਲ ਸਭ ਤੋਂ ਬਿਹਤਰ ਤਰੀਕੇ ਨਾਲ ਰਾਬਤਾ ਸਿਰਜਣ ਦੀ ਹਾਲਤ ' ਚ ਇਹ ਹਿੱਸੇ ਹੀ ਹਨ| ਇਹਨਾਂ ਹਿੱਸਿਆਂ ਵੱਲੋਂ ਸਭ ਤੋਂ ਪਹਿਲਾਂ ਆਪਣੀਆਂ ਵੱਖ-ਵੱਖ ਪਰਤਾਂ (ਆਗੂ-ਕਾਰਕੁੰਨਾਂ) ਨੂੰ ਇਸਦੀ ਲਾਗ ਤੋਂ ਬਚਣ ਲਈ ਸੁਚੇਤ ਕਰਨ ਦੀ ਜਰੂਰਤ ਹੈ । ਉਹਨਾਂ ਨੂੰ ਠੋਸ ਰੂਪ ਚ ਪਰਹੇਜ ਤੇ ਪੇਸ਼ਬੰਦੀਆਂ ਦੇ ਕਦਮਾਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ । 55-60 ਸਾਲ਼ ਤੋਂ ਉੱਪਰ ਵਾਲਿਆਂ ਲਈ ਵਿਸ਼ੇਸ਼ ਸਾਵਧਾਨੀਆਂ ਰੱਖਦਿਆਂ, ਘਰਾਂ ਚ ਰਹਿਣ ਦੇ ਪਾਬੰਦ ਕਰਨਾ ਚਾਹੀਦਾ ਹੈ ਜਦਕਿ ਬਾਕੀਆਂ ਨੂੰ ਬਚਾਅ ਦੇ ਲੋੜੀਂਦੇ ਇੰਤਜਾਮਾਂ ਨਾਲ ਪੂਰੀ ਸਰਗਰਮੀ ਨਾਲ ਲੋਕਾਂ ਚ ਜਾਣਾ ਚਾਹੀਦਾ ਹੈ । ਪੰਜਾਬ ਦੀਆਂ ਕਈ ਲੋਕ ਜਥੇਬੰਦੀਆਂ ਇਸ ਦਿਸ਼ਾ ਚ ਉੱਦਮ ਜੁਟਾਉਂਦੀਆਂ ਦਿੱਖ ਰਹੀਆਂ ਹਨ । ਅਤਿ ਗਰੀਬ ਤੇ ਲੋੜਵੰਦ ਲੋਕਾਂ ਲਈ ਜਰੂਰੀ ਵਸਤਾਂ ਇਕੱਠੀਆਂ ਕਰਨ ਤੇ ਲੋਕਾਂ ਤੱਕ ਪਹੁੰਚਾਉਣ ਲਈ ਕਾਰਕੁੰਨ ਪਿੰਡਾਂ/ਕਸਬਿਆਂ ਚ ਸਰਗਰਮ ਦਿਖ ਰਹੇ ਹਨ । ਅਜਿਹਾ ਕਰਦੇ ਸਮੇਂ ਲੋਕ ਜਥੇਬੰਦੀਆਂ ਸਾਹਮਣੇ ਵੱਡਾ ਕਾਰਜ ਸਰਕਾਰ ਨੂੰ ਸਿਹਤ ਸਹੂਲਤਾਂ ਦੇ ਖੇਤਰ ਚ ਕਦਮ ਲੈਣ ਲਈ ਲੋਕ ਦਬਾਅ ਲਾਮਬੰਦ ਕਰਨਾ ਬਣਦਾ ਹੈ । ਪਿੰਡਾਂ ਸ਼ਹਿਰਾਂ ਚ ਵਿਆਪਕ ਸਫਾਈ ਮੁਹਿੰਮਾਂ ਦੀ ਜਰੂਰਤ ਹੈ,ਸਿਹਤ ਵਰਕਰ ਲੋੜੀਂਦੇ ਹਨ । ਹਸਪਤਾਲਾਂ ਚ ਹਜਾਰਾਂ ਬੈੱਡ ਲੋੜੀਂਦੇ ਹਨ , ਵੱਡੀ ਤਾਦਾਦ ਚ ਆਈ ਸੀ ਯੂ ਬੈੱਡ ਚਾਹੀਦੇ ਹਨ । ਮਾਸਕ, ਸੈਨੀਟਾਈਜਰਾਂ ਵਰਗਾ ਬਹੁਤ ਸਾਰਾ ਸਾਜੋ ਸਮਾਨ ਚਾਹੀਦਾ ਹੈ । ਪਰ ਹਕੂਮਤ ਤਾਂ ਆਪਣੇ ਪਹਿਲਾਂ ਦੇ ਨਾਮ ਨਿਹਾਦ ਸਿਹਤ ਢਾਂਚੇ ਨੂੰ ਹੀ ਟਾਕੀਆਂ ਲਾ ਕੇ ਸ਼ਿੰਗਾਰਨ ਦੇ  ਪ੍ਰਭਾਵ ਸਿਰਜ ਰਹੀ ਹੈ । ਹਾਲਤ ਇਹ ਹੈ ਕਿ ਡਾਕਟਰਾਂ ਦੀ ਜਥੇਬੰਦੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਸਕ ਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਨ ਦੀਆਂ ਅਪੀਲਾਂ ਕਰਨੀਆਂ ਪੈ ਰਹੀਆਂ ਹਨ । ਉਹਨਾਂ ਨੇ ਕਿਹਾ ਕਿ ਸਾਨੂੰ ਬਿਨਾਂ ਹਥਿਆਰਾਂ ਤੋਂ ਜੰਗ ਲੜਨ ਲਈ ਝੋਕ ਦਿੱਤਾ ਗਿਆ ਹੈ ।  ਹਕੂਮਤ ਨੂੰ ਅਜਿਹੇ ਲੋੜੀਂਦੇ ਕਦਮ ਚੁੱਕਣ ਲਈ ਮਜਬੂਰ ਕਰਨ ਵਾਸਤੇ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ । ਨਾਲ ਹੀ, ਕਰਫਿਊ ਕਾਰਨ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੋ ਰਹੇ ਲੋਕਾਂ ਲਈ ਆਰਥਿਕ ਰਾਹਤ ਜਾਰੀ ਕਰਨ ਦੀਆਂ ਮੰਗਾਂ ਲਈ ਆਵਾਜ ਉਠਾਉਂਦੇ ਰਹਿਣ ਦੀ ਜਰੂਰਤ ਹੈ । ਸਰਕਾਰੀ ਐਲਾਨ ਰਸਮੀ ਹਨ, ਹੋਰਨਾ ਸਰਕਾਰੀ ਸਕੀਮਾਂ ਵਾਂਗ ਇਹਨਾਂ ਰਾਸ਼ੀਆਂ ਨੇ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਸਰਕਾਰੀ ਅਫਸਰਸ਼ਾਹੀ ਦੇ ਢਿੱਡਾਂ ਚ ਪੈਣਾ ਹੈ ਜਾਂ ਆਨੀ ਬਹਾਨੀ ਵੱਡੇ ਕਾਰਪੋਰੇਟਾਂ ਨੂੰ ਗੱਫੇ ਦੇ ਦਿੱਤੇ ਜਾਣੇ ਹਨ , ਜਿਵੇਂ ਵੱਖ-ਵੱਖ ਸ਼ਹਿਰਾਂ ਚ ਛੋਟੇ ਦੁਕਾਨਦਾਰਾਂ ਨੂੰ ਸਮਾਨ ਵੇਚਣ ਦੀ ਮਨਜੂਰੀ ਰੱਦ ਕਰਕੇ ਈਜੀ ਡੇਅ ਤੇ ਰਿਲਾਇੰਸ ਵਰਗੇ ਮਾਲਾਂ ਨੂੰ ਦਿੱਤੀ ਜਾ ਰਹੀ ਹੈ । ਅਜਿਹਾ ਹੋਰ ਬਹੁਤ ਕੁੱਝ ਵਾਪਰਨਾ ਹੈਇਸ ਮਹਾਂਮਾਰੀ ਨਾਲ ਨਜਿੱਠਣ ਦੇ ਨਾਂ ਤੇ ਆਮ ਲੋਕਾਂ ਤੇ ਟੈਕਸ ਮੜ੍ਹ ਕੇ , ਸਰਕਾਰੀ ਖਜਾਨਾ ਫਿਰ ਕਾਰਪੋਰੇਟਾਂ ਦੀ ਝੋਲੀ ਪਾਇਆ ਜਾਣਾ ਹੈ । ਇਸ ਲਈ ਹੋਰਨਾਂ ਮੰਗਾਂ ਦੇ ਨਾਲ ਨਾਲ ਮੁਲਕ ਦੇ ਲੁਟੇਰੇ ਸਰਮਾਏਦਾਰਾਂ, ਵੱਡੇ ਜਗੀਰਦਾਰਾਂ ਤੇ ਕਾਰਪੋਰੇਟਾਂ ਤੋਂ ਭਾਰੀ ਰਕਮਾਂ ਉਗਰਾਹ ਕੇ , ਲੋਕਾਂ ਦੇ ਜੂਨ ਗੁਜਾਰੇ ਲਈ ਅਤੇ ਸਰਕਾਰੀ ਸਿਹਤ ਢਾਂਚੇ ਦੇ ਵਿਸਥਾਰ ਲਈ ਖਰਚਣ ਦੀ ਮੰਗ ਵੀ ਉਭਾਰਨੀ ਚਾਹੀਦੀ ਹੈ ।
 ਲੋਕਾਂ ਦੀਆਂ ਜਥੇਬੰਦੀਆਂ ਲਈ ਇਹ ਸਰਗਰਮੀ ਸਿਰਫ ਸਿਹਤ ਵਿਗਿਆਨ ਦੇ ਕੁੱਝ ਕਦਮਾਂ ਦੇ ਪ੍ਰਚਾਰ ਦੀ ਜਾਂ ਲੋਕਾਂ ਨੂੰ ਫੌਰੀ ਰਾਹਤ ਪਹੁੰਚਾਉਣ ਦੀ ਸੀਮਤ ਸਰਗਰਮੀ ਨਹੀਂ ਹੈ ਸਗੋਂ ਇਹ ਸਰਗਰਮੀ ਹਕੂਮਤਾਂ ਖਿਲਾਫ ਲੋਕਾਂ ਦੀ ਵਡੇਰੀ ਜਮਾਤੀ ਘੋਲ ਸਰਗਰਮੀ ਦੇ ਅੰਗ ਵਜੋਂ ਹੀ ਨਜਿੱਠੀ ਜਾਣੀ ਬਣਦੀ ਹੈ । ਇਸ ਸਾਰੀ ਹਾਲਤ ਨੂੰ ਲੋਕਾਂ ਦਾ ਤੇ ਲੁਟੇਰੀਆਂ ਹਾਕਮ ਜਮਾਤਾਂ ਦਾ ਹੁੰਗਾਰਾ ਆਪੋ ਆਪਣੇ ਹਿੱਤਾਂ ਤੋਂ ਪ੍ਰੇਰਿਤ ਹੈ ਤੇ ਰਹੇਗਾ । ਲੁਟੇਰੀਆਂ ਹਕੂਮਤਾਂ ਨੇ ਇਸ ਦੀ ਆੜ ਚ ਆਪਣਾ ਏਜੰਡਾ ਅੱਗੇ ਵਧਾਉਣਾ ਹੈ ਤੇ ਉਹ ਵਧਾ ਰਹੀ ਹੈ ਤਾਂ ਲੋਕਾਂ ਦੀ ਧਿਰ ਨੂੰ ਵੀ ਇਸ ਬਿਮਾਰੀ ਨਾਲ ਲੜਦਿਆਂ ਹਕੂਮਤਾਂ ਨਾਲ ਆਪਣੇ ਰਿਸ਼ਤੇ ਦੀ ਪਛਾਣ ਮੱਧਮ ਨਹੀਂ ਪੈਣ ਦੇਣੀ ਚਾਹੀਦੀ । ਇਸ ਪਛਾਣ ਨੂੰ ਠੀਕ ਬੁੱਝ ਕੇ ਹੀ ਇਸ ਹਾਲਤ  ਵਿੱਚ ਢੁਕਵੀਂ ਤੇ ਅਸਰਦਾਰ ਦਖ਼ਲਅੰਦਾਜ਼ੀ ਕੀਤੀ  ਜਾ ਸਕਦੀ ਹੈ ਤੇ ਸਹੀ ਅਰਥਾਂ 'ਚ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ| ਰਾਜ ਭਾਗ ਦੇ ਸਭਨਾਂ ਸੋਮਿਆਂ/ ਖਜ਼ਾਨਿਆਂ  ਉਪਰ ਲੋਕਾਂ ਦੀ ਦਾਅਵਾ ਜਤਲਾਈ ਦੇ ਹੱਕ ਨੂੰ ਉਭਾਰਿਆ ਜਾ ਸਕਦਾ ਹੈ| 
   (27-03-2020)                                                                                                                                

No comments:

Post a Comment