ਮਨੁੱਖੀ ਸਿਹਤ ਤੇ ਸਮਾਜਵਾਦ-
ਕ੍ਰਿਸ਼ਮਾ ਇੱਕ ਮਜ਼ਦੂਰ ਦੀ ਜ਼ਿੰਦਗੀ ਲਈ
ਅੱਜ ਕਰੋਨਾ ਵਾਇਰਸ ਦੀ
ਮਹਾਂਮਾਰੀ ਦੇ ਦਿਨਾਂ 'ਚ ਕਾਰਪੋਰੇਟ
ਮੁਨਾਫਾ ਮੁਖੀ ਸਿਹਤ ਢਾਂਚਾ ਜਾਂ ਤਾਂ ਹੱਥ ਖੜ੍ਹੇ ਕਰ ਰਿਹਾ ਹੈ ਜਾਂ ਫਿਰ ਇਸ ਮੌਕੇ ਨੂੰ ਵਰਤ ਕੇ
ਸੁਪਰ ਮੁਨਾਫ਼ੇ ਕਮਾਉਣ ਦੀ ਤਾਕ ਚ ਹੈ| ਸਭਨਾਂ ਮੁਲਕਾਂ ਦੀਆਂ ਹਕੂਮਤਾਂ ਨੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਦੇ ਹੋਏ ਸਰਕਾਰੀ ਸਿਹਤ
ਢਾਂਚਾ ਲਗਪਗ ਤਬਾਹ ਕਰ ਦਿੱਤਾ ਹੈ ਤੇ ਹੁਣ ਇਸ ਮਹਾਂਮਾਰੀ ਦੇ ਟਾਕਰੇ ਵੇਲੇ ਹੱਥਲ ਹੋਈਆਂ ਬੈਠੀਆਂ
ਹਨ | ਸਾਡੇ ਆਪਣੇ ਮੁਲਕ 'ਚ ਕਿਰਤੀ ਜਨਤਾ ਨੂੰ
ਬੁਰੀ ਤਰ੍ਹਾਂ ਰੁਲਣ ਤੇ ਭੁੱਖ ਨਾਲ ਮਰਨ ਲਈ ਛੱਡ ਦਿੱਤਾ ਗਿਆ ਹੈ| ਅਜਿਹੇ ਵੇਲੇ ਸਾਬਕਾ ਸਮਾਜਵਾਦੀ ਚੀਨ ਦੇ ਮਨੁੱਖ ਕੇਂਦਰਿਤ ਸਿਹਤ ਢਾਂਚੇ
ਦੀਆਂ ਬਰਕਤਾਂ ਲੋਕਾਂ ਨੂੰ ਯਾਦ ਕਰਵਾਉਣੀਆਂ ਚਾਹੀਦੀਆਂ ਹਨ ਤੇ ਇਸ ਆਦਮਖੋਰ ਤੇ ਲੁਟੇਰੇ ਸੰਸਾਰ
ਸਾਮਰਾਜੀ ਨਿਜ਼ਾਮ ਦੀ ਥਾਂ ਲੋਕ ਪੱਖੀ ਸਮਾਜ ਦੀ ਸਿਰਜਣਾ ਲਈ ਇਰਾਦਿਆਂ ਨੂੰ ਪ੍ਰਚੰਡ ਕਰਨਾ ਚਾਹੀਦਾ
ਹੈ| ਸਮਾਜਵਾਦੀ ਚੀਨ ਵੇਲ਼ੇ ਦਾ ਇੱਕ
ਪ੍ਰਸੰਗ ਇਥੇਸਾਂਝਾ ਕੀਤਾ ਜਾ ਰਿਹਾ ਹੈ-ਸੰਪਾਦਕ
2 ਜਨਵਰੀ 1963
- ਵਾਂਗ ਚੁੰਗ ਪੋ ਨਾਂ ਦੇ ਇੱਕ ਫੈਕਟਰੀ ਮਜ਼ਦੂਰ ਦਾ ਸੱਜਾ
ਹੱਥ ਮਸ਼ੀਨ 'ਚ ਆ ਕੇ ਕੱਟਿਆ
ਗਿਆ। ਵਾਂਗ ਨੂੰ ਵੈਨ 'ਚ ਪਾਇਆ ਅਤੇ ਫਟਾ
ਫਟ ਸ਼ੰਘਾਈ ਦੇ ਮਿਊਂਸਿਪਲ ਹਸਪਤਾਲ ਪਹੁੰਚਾ ਦਿੱਤਾ ਗਿਆ।ਹੱਥ ਕੱਟੇ ਜਾਣ ਨਾਲ ਅਪਾਹਜ ਹੋਏ ਮਜ਼ਦੂਰ
ਨੂੰ ਸਾਹਮਣੇ ਪਿਆ ਦੇਖ ਕੇ ਡਿਊਟੀ ਡਾਕਟਰ ਚੈੱਨ
ਦਾ ਮਨ ਹਲੂਣਿਆ ਗਿਆ। ਉਸ ਦੇ ਦਿਮਾਗ ਅੰਦਰ ਗੰਭੀਰ ਸੋਚਾਂ ਵਿਚਾਰਾਂ ਦਾ ਇੱਕ ਤੇਜ ਪ੍ਰਵਾਹ ਚੱਲਿਆ।
ਗਹਿਰੇ ਲਗਾਅ ਪਰ ਉਦਾਸ ਮਨ ਨਾਲ ਉਸ ਨੇ ਮਹਿਸੂਸ ਕੀਤਾ ਕਿ ਇੱਕ ਮਜ਼ਦੂਰ 'ਤੇ ਆ ਪਈ ਐਡੀ ਮੁਸੀਬਤ ਦਾ ਇਲਾਜ ਕਿੱਡਾ ਸੌਖਾ ਹੋ ਸਕਦਾ ਹੈ—ਨੰਗੀਆਂ ਹੋਈਆਂ ਹੱਡੀਆਂ ਨੂੰ ਥੋੜ੍ਹਾ ਥੋੜ੍ਹਾ ਕੱਟ ਦਿਓ,
ਉਪਰ ਦੀ ਚਮੜੀ ਖਿੱਚ ਕੇ ਸਿਉਂ ਦਿਓ,
ਟੁੰਡ ਬਣਾ ਦਿਓ ਤਾਂ ਜੋ ਬਾਅਦ ਵਿੱਚ ਇੱਕ ਬਣਾਉਟੀ ਹੱਥ
ਲਗਾਇਆ ਜਾ ਸਕੇ। ਡਾਕਟਰ ਚੈੱਨ ਨੇ ਅਜੇ ਹੁਣੇ ਹੀ ਕੁੱਝ ਹਫਤੇ ਕਾਰਖਾਨੇ 'ਚ ਕੰਮ ਕੀਤਾ ਸੀ। ਉਸ ਦੇ ਮਨ 'ਚ ਮਜ਼ਦੂਰਾਂ ਦੇ ਮਿਹਨਤੀ ਸੁਭਾਅ ਅਤੇ ਸ਼ਖਸੀ ਕਿਰਦਾਰ ਬਾਰੇ ਡਾਢਾ
ਸਤਿਕਾਰ ਸੀ। ਉਸ ਦੀਆਂ ਅੱਖਾਂ ਅੱਗੇ ਬਣਾਉਟੀ ਹੱਥ ਵਾਲੇ ਵਾਂਗ ਦੀ ਤਸਵੀਰ ਘੁੰਮ ਰਹੀ ਸੀ। ਉਸ ਨੂੰ
ਅਹਿਸਾਸ ਸੀ ਕਿ ਬਣਾਉਟੀ ਹੱਥ ਦੇਖਣ ਨੂੰ ਭਾਵੇਂ ਅਸਲੀ ਵਰਗਾ ਹੀ ਲੱਗੇ ਪਰ ਮਜ਼ਦੂਰਾਂ ਨੂੰ ਦਿੱਖ
ਦੀ ਐਡੀ ਪ੍ਰਵਾਹ ਨਹੀਂ ਹੁੰਦੀ। ਅਸਲੀਅਤ ਤਾਂ ਇਹੋ ਹੀ ਹੋਵੇਗੀ ਕਿ ਉਹ ਇਕ ਹੱਥ ਵਾਲਾ ਮਜ਼ਦੂਰ
ਹੋਵੇਗਾ ਜੋ ਕਿਸੇ ਕੰਮ ਦਾ ਨਹੀਂ ਹੁੰਦਾ। ਅਜਿਹਾ ਅਪ੍ਰੇਸ਼ਨ ਕਰਨ ਲਈ ਡਾਕਟਰ ਚੈੱਨ ਦਾ ਮਨ ਮੰਨ
ਨਹੀਂ ਸੀ ਰਿਹਾ.........।
ਇੱਕ ਦਮ ਦਰਵਾਜਾ ਖੜਕਿਆ।
ਪਕਰੋੜ ਉਮਰ ਦਾ ਇੱਕ ਮਜਦੂਰ ਅੰਦਰ ਆ ਘੁਸਿਆ। ਆਪਣੇ ਸਾਥੀ ਦੇ ਕੱਟੇ ਹੋਏ ਹੱਥ ਨੂੰ ਉਹ ਫੈਕਟਰੀ ਦੇ
ਖਰਾਦ ਹੇਠੋਂ ਚੁੱਕ ਲਿਆਇਆ ਸੀ। ਉਪਰੋਂ ਕਪੜਾ ਉਤਾਰ ਕੇ ਮੇਜ ਉਪਰ ਉਸ ਨੂੰ ਟਿਕਾਉਂਦਾ ਹੋਇਆ ਉਹ
ਬੋਲਿਆ, ''ਅਫਸੋਸ ਕਿ ਇਹ ਕਿਸੇ ਕੰਮ ਦਾ
ਨਹੀਂ ਰਿਹਾ''। ਮੈਡੀਕਲ ਖੇਤਰ ਦੀਆਂ ਕੁੱਝ ਹੋਰ ਕਾਮਯਾਬੀਆਂ ਨੂੰ ਨਿਹਾਰਦੇ ਹੋਏ ਉਸ ਨੇ ਕੁੱਝ ਰੜਕਵੇਂ
ਲਹਿਜ਼ੇ ਵਿੱਚ ਬੋਲਣਾ ਜਾਰੀ ਰੱਖਿਆ,''ਮੈਨੂੰ ਪਤਾ ਹੈ ਕਿ ਤੁਸੀਂ ਅੱਜ-ਕਲ੍ਹ ਬੜੇ ਅਚੰਭੇ ਭਰੇ ਕੰਮ ਕਰ ਰਹੇ ਹੋ,
ਦਿਲਾਂ 'ਚ ਬਨਾਉਟੀ ਵਾਲਵ ਜੜ ਰਹੇ ਹੋ ਅਤੇ ਇਹੋ ਜਿਹਾ ਹੋਰ ਕਈ ਕੁੱਝ''। ਮੇਜ਼ 'ਤੇ ਪਏ ਉਸ ਹੱਥ ਵੱਲ ਉਹ ਇਸ਼ਾਰਾ ਕਰਕੇ ਬੋਲਿਆ, ''ਅਜੇ ਇਹ ਗਰਮ ਐ, ਇਸ ਉਪਰ ਕੋਈ ਨਿਸ਼ਾਨ (ਫੱਟ) ਵੀ ਨਹੀਂ ਐ। ਕੀ ਤੁਹਾਡੇ ਦਿਮਾਗ 'ਚ ਆਉਂਦੈ ਕਿ ਇਸ
ਨੂੰ ਮੁੜ ਉਥੇ ਹੀ ਜੋੜਿਆ ਜਾ ਸਕੇ?''!
ਡਾਕਟਰ ਚੈੱਨ ਦੇ ਮਨ ਵਿੱਚ ਚਲ
ਰਹੇ ਗੁਬਾਰ ਨੂੰ ਜਿਵੇਂ ਨਵੀਂ ਦਿਸ਼ਾ ਮਿਲ ਗਈ ਹੋਵੇ, ਉਸ ਨੇ ਮਜ਼ਦੂਰ ਦੇ ਇਨ੍ਹਾਂ ਲਫਜਾਂ ਨੂੰ ਚੁਣੌਤੀ ਵਜੋਂ ਲਿਆ ਅਤੇ ਕੱਟੇ
ਹੋਏ ਹੱਥ ਨੂੰ ਮੁੜ ਬਾਂਹ ਨਾਲ ਜੋੜਨ ਦੀ ਪ੍ਰੀਖਿਆ 'ਚ ਪਾਉਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਤੁਰਤ-ਫੁਰਤ ਇੱਕ ਵੱਖਰੀ
ਕਿਸਮ ਦੇ ਅਪ੍ਰੇਸ਼ਨ ਦੀ ਵਿਉਂਤ-ਸਕੀਮ ਬਣਨ ਲੱਗੀ। ਸਾਜੋ ਸਮਾਨ ਤਿਆਰ ਹੋਣ ਲੱਗਾ ਅਤੇ ਅਪ੍ਰੇਸ਼ਨ
ਦਾ ਕੰਮ-ਕਾਜ ਆਰੰਭ ਹੋ ਗਿਆ।
ਕੱਟੇ ਹੋਏ ਹੱਥ ਦੀਆਂ ਨਾੜੀਆਂ
ਵਿਚੋਂ ਖੂਨ ਦੇ ਲੋਥੜੇ (ਕਲੌਟ) ਕੱਢ ਕੇ ਉਨ੍ਹਾਂ ਨੂੰ ਸਾਫ ਕੀਤਾ ਗਿਆ। ਉਹਨਾਂ ਅੰਦਰ ਹੋਰ ਖੂਨ
ਜੰਮਣ ਤੋਂ ਰੋਕਣ ਦਾ ਪ੍ਰਬੰਧ ਕੀਤਾ ਗਿਆ। ਨਸ਼ਟ ਹੋ ਚੁੱਕੀਆਂ ਮਾਸਪੇਸ਼ੀਆਂ ਨੂੰ ਕੱਟਿਆ ਗਿਆ ਤਾਂ ਕਿ ਜ਼ਰਾਸੀਮਾਂ ਦਾ ਹਮਲਾ ਨਾ ਹੋ
ਸਕੇ। ਹੱਡੀਆਂ ਨੂੰ ਸਟੀਲ ਦੀਆਂ ਪਲੇਟਾਂ, ਤਾਰਾਂ ਤੇ ਪੇਚਾਂ ਦੀ ਸਹਾਇਤਾ ਨਾਲ ਆਪਸ 'ਚ ਮਜਬੂਤੀ ਨਾਲ ਜੋੜਿਆ ਗਿਆ। ਸਭ ਤੋਂ ਨਾਜ਼ਕ ਕਦਮ ਸਾਫ ਖੂਨ ਦੀਆਂ ਧਮਣੀਆਂ (ਆਰਟਰੀਜ਼) ਨੂੰ
ਆਪਸ 'ਚ ਜੋੜਨ ਦਾ ਸੀ। ਜਦ ਉਹ ਸਿਰੇ
ਚੜ੍ਹ ਗਿਆ, ਅਤੇ ਅਤੇ ਖੂਨ ਦਾ
ਦੌਰਾ ਚੱਲ ਪਿਆ, ਮੁਰਝਾਇਆ ਹੋਇਆ ਹੱਥ ਗੁਲਾਬੀ ਭਾਅ ਮਾਰਨ ਲੱਗਿਆ। ਇਸ ਦੀਆਂ ਸ਼ਿਰਾਵਾਂ
(ਵੇਨਜ਼) ਤਣ ਗਈਆਂ। ਕੱਟੀਆਂ ਨਸਾਂ (ਨਰਵਜ਼) ਅਤੇ ਮਾਸਪੇਸ਼ੀਆਂ ਦੀਆਂ ਤਣੀਆਂ (ਟੈਂਡਿਨਜ਼) ਦੀ
ਇੱਕ ਵਿਸ਼ੇਸ ਤਕਨੀਕ ਨਾਲ ਸਿਲਾਈ ਕੀਤੀ ਗਈ। ਕੁੱਲ ਸੱਤ ਘੰਟੇ ਅਪ੍ਰੇਸ਼ਨ ਚੱਲਿਆ।
ਅਪ੍ਰੇਸ਼ਨ ਤੋਂ ਮਗਰੋਂ
ਡਾਕਟਰਾਂ ਅਤੇ ਨਰਸਾਂ ਨੇ 24 ਘੰਟੇ ਪਹਿਰਾ ਦਿੱਤਾ। ਉਹ ਘੰਟੇ ਘੰਟੇ ਬਾਅਦ ਇੱਕ ਵਿਸ਼ੇਸ਼ ਥਰਮਾਮੀਟਰ ਨਾਲ ਹੱਥ ਦਾ ਤਾਪਮਾਨ
ਨੋਟ ਕਰਦੇ ਰਹੇ।
ਦੂਸਰੇ ਦਿਨ ਇੱਕ ਬਿਪਤਾ ਆ ਪਈ
ਹੱਥ ਸੁੱਜਣ ਅਤੇ ਠੰਢਾ ਹੋਣ ਲੱਗਿਆ। ਚਿੰਤਾ ਭਰੀ ਹਾਲਤ 'ਚ ਡੂੰਘੇ
ਰਾਇ-ਮਸ਼ਵਰੇ ਕੀਤੇ ਗਏ। ਹਰ ਕਿਸੇ ਦਾ ਕਹਿਣਾ ਸੀ ਕਿ ''ਜੇ ਸੋਜਸ਼ ਨਾ ਲੱਥੀ ਤਾਂ ਹੱਥ ਬਚਣਾ ਨਹੀਂ''। ਇੱਕ ਸਰਜਨ ਜਿਸ ਨੇ ਕੁੱਤੇ ਦੀਆਂ ਲੱਤਾਂ ਨੂੰ ਜੋੜਨ ਦੇ ਤਜਰਬੇ ਕੀਤੇ
ਸਨ, ਉਸ ਨੇ ਦੇਖਿਆ ਸੀ ਕਿ ਜਦ ਮੁੜ
ਜੋੜਿਆ ਹੋਇਆ ਅੰਗ ਸੁਜਣ ਲੱਗ ਜਾਵੇ ਤਾਂ ਇਸ ਦਾ ਇੱਕੋ ਇੱਕ ਹੱਲ ਇਹ ਹੈ ਕਿ ਇਸ ਵਿੱਚ ਕੁੱਝ ਕੱਟ
ਮਾਰ ਦੇਵੋ, ਤਾਂ ਜੋ ਵਾਧੂ ਪਾਣੀ
ਬਾਹਰ ਨਿਕਲ ਸਕੇ। ''ਅਸੀਂ ਵਾਂਗ ਦੇ ਹੱਥ
'ਤੇ ਇਹੀ ਅਜਮਾਇਆ''। ਕੁੱਝ ਦਿਨਾਂ 'ਚ ਹੌਲੀ ਹੌਲੀ ਕਰਕੇ ਸੋਜਸ਼ ਲਹਿ ਗਈ। ਹੱਥ ਫੇਰ ਗਰਮ ਹੋ ਕੇ ਗੁਲਾਬੀ ਰੰਗਤ ਫੜਨ ਲੱਗਿਆ।
ਵਾਂਗ ਦਾ ਹੱਥ ਮੁੜ ਆਪਣੀ ਥਾਂ
ਤੇ ਜੁੜ ਚੁੱਕਿਆ ਸੀ। ਸਾਲ ਬੀਤ ਗਿਆ।
ਵਾਂਗ ਹੁਣ ਪੀਕਿੰਗ ਵਿੱਚ ਹੋਈ
ਕੌਮਾਂਤਰੀ ਪੱਧਰ ਦੀ ਸਰਜੀਕਲ ਕਾਨਫਰੰਸ ਦੀ ਸਟੇਜ 'ਤੇ ਸੰਸਾਰ ਦੇ ਮੰਨੇ ਪ੍ਰਮੰਨੇ ਮਹਿਮਾਨਾਂ ਦੇ ਅੱਗੇ ਖੜ੍ਹਾ ਸੀ। ਬਿਨਾ
ਕਿਸੇ ਸੰਗ ਸੰਕੋਚ ਤੋਂ ਆਪਣਾ ਸੱਜਾ ਹੱਥ ਲਹਿਰਾਉਂਦੇ ਹੋਏ ਉਹ ਬੋਲਿਆ ''ਮੇਰਾ ਪਿਤਾ ਇੱਕ ਕਾਰਖਾਨੇ 'ਚ ਕੰਮ ਕਰਿਆ ਕਰਦਾ ਸੀ। ਇੱਕ ਦਿਨ ਇਕ ਭਾਰੀ ਮਸ਼ੀਨ ਉਸ ਦੇ ਪੈਰ 'ਤੇ ਆ ਪਈ ਅਤੇ ਪੈਰ ਫੇਹ ਦਿੱਤਾ। ਉਸ ਨੂੰ ਮੁਆਵਜੇ ਵਜੋਂ ਇਕ ਧੇਲਾ ਵੀ
ਦਿੱਤੇ ਬਗੈਰ ਕੱਢ ਦਿੱਤਾ ਗਿਆ ਸੀ ਅਤੇ ਉਸ ਨੂੰ ਮੁੜ ਕਦੇ ਵੀ ਕੋਈ ਕੰਮ ਨਾ ਮਿਲ ਸਕਿਆ....ਮੇਰਾ
ਸੱਜਾ ਹੱਥ ਕੱਟਿਆ ਗਿਆ। ਡਾਕਟਰਾਂ ਨੇ ਇਸ ਨੂੰ ਉਥੇ ਹੀ ਜੋੜ ਕੇ ਮੈਨੂੰ ਇਸ ਨੂੰ ਵਰਤਣ ਦੀ ਸਿਖਲਾਈ
ਦਿੱਤੀ ਹੈ। ਮੇਰੀ ਫੈਕਟਰੀ ਮੇਰੇ ਹੱਥ ਦੇ ਠੀਕ ਠਾਕ ਹੋ ਕੇ ਮੁੜ ਤੋਂ ਕੰਮ 'ਤੇ ਲੱਗਣ ਦੀ ਉਤਸੁਕਤਾ ਨਾਲ
ਉਡੀਕ ਕਰਦੀ ਰਹੀ। ਅਤੇ ਉਨ੍ਹਾਂ ਨੇ ਸਾਰੇ ਸਮੇਂ ਦੀ ਪੂਰੀ ਤਨਖਾਹ ਮੇਰੀ ਝੋਲੀ ਵਿੱਚ ਪਾਈ''। ਉਸ ਨੇ ਫਿਰ ਬਾਂਹ ਉਚੀ ਉਠਾ ਕੇ ਹੱਥ ਤੇ ਉਂਗਲਾਂ ਫੈਲਾਅ ਕੇ,
ਫਿਰ ਮੁੱਠੀ ਬੰਦ ਕਰਕੇ, ਖੋਲ੍ਹ ਕੇ ਉਛਲਦੇ ਜਜ਼ਬਾਤਾਂ ਨਾਲ ਇਕ ਅਹਿਦ ਦਾ ਐਲਾਨ ਕੀਤਾ,
''ਇਹ ਹੈ ਮੇਰਾ ਹੱਥ, ਮੇਰਾ ਸੱਜਾ ਹੱਥ, ਜੋ ਸਾਡੇ ਸਮਾਜਵਾਦੀ ਸਮਾਜ ਦੀ ਦੇਣ ਹੈ। ਮੈਂ ਕਸਮ ਖਾਂਦਾ ਹਾਂ ਕਿ ਮਰਦੇ ਦਮ ਤੱਕ ਸਾਡੀ ਨਵੀਂ
ਜਿੰਦਗੀ ਦੀ ਰਾਖੀ ਲਈ ਮੈਂ ਇਸ ਦੀ ਵਰਤੋਂ ਕਰਾਂਗਾ।''
ਤਿੰਨ ਸਾਲ ਬਾਅਦ ਉਹ ਉਸੇ
ਫੈਕਟਰੀ 'ਚ ਆਪਣੇ ਪਹਿਲੇ ਹੀ ਕੰਮ 'ਤੇ ਸੀ ਅਤੇ ਸਭਿਆਚਾਰਕ ਇਨਕਲਾਬ 'ਚ ਡੂੰਘਾ ਖੁਭਿਆ ਹੋਇਆ ਸੀ। ਉਹ ਫੈਕਟਰੀ ਦੇ ਬਾਗੀ ਗਰੁੱਪ ਦਾ ਸਿਰਕੱਢ
ਮੈਂਬਰ ਸੀ। ਉਸ ਦਾ ਹਾਲ-ਚਾਲ ਪੁੱਛਣ 'ਤੇ ਉਹ ਜੋਸ਼ੀਲੀ ਆਵਾਜ ਵਿੱਚ ਬੋਲਿਆ,''ਤੁਹਾਨੂੰ ਯਾਦ ਹੈ ਕਿ ਮੈਂ ਸਮਾਜਵਾਦੀ ਸਮਾਜ ਦੀ ਰਾਖੀ ਦੀ ਸਹੁੰ ਖਾਧੀ ਸੀ। ਇਸੇ ਲਈ ਮੈਂ
ਬਾਗੀ ਗਰੁੱਪ 'ਚ ਸ਼ਾਮਲ ਹੋਇਆ
ਹਾਂ। ਅਸੀਂ ਉਹਨਾਂ ਖਿਲਾਫ ਬਗਾਵਤ ਕਰ ਰਹੇ ਹਾਂ, ਜਿਹੜੇ ਸਾਡੇ ਦੇਸ ਨੂੰ ਪੂੰਜੀਵਾਦੀ ਬਣਾਉਣ ਵੱਲ ਉਲਰ ਰਹੇ ਹਨ। ਮੈਂ ਆਪਣੇ ਵਾਧੂ ਸਮੇਂ ਦਾ
ਇੱਕ ਇੱਕ ਮਿੰਟ ਸਭਿਆਚਾਰਕ ਇਨਕਲਾਬ ਦੇ ਲੇਖੇ ਲਾ ਰਿਹਾ ਹਾਂ। ਇਸ ਦਾ ਮੰਤਵ ਇਹ ਯਕੀਨੀ ਕਰਨਾ ਹੈ
ਕਿ ਚੀਨ ਹਮੇਸ਼ਾ ਹਮੇਸ਼ਾ ਲਈ ਲਾਲ ਸੁਰਖ ਰਹੇ''।
ਕੱਟੇ ਹੋਏ ਹੱਥ ਨੂੰ ਮੁੜ
ਜੋੜਨ 'ਚ ਹਾਸਲ ਕੀਤੀ ਕਾਮਯਾਬੀ
ਬਿਨਾਂ ਸ਼ੱਕ ਸਰਜਰੀ ਦੇ ਖੇਤਰ ਵਿੱਚ ਇੱਕ ਵੱਡੀ ਜਿੱਤ ਸੀ। ਪਰ ਚੀਨੀ ਸਰਜਨਾ ਲਈ ਇਹ ਐਡੀ ਵੱਡੀ
ਗੱਲ ਨਹੀਂ ਸੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅਸਲੀ ਗੱਲ ਤਾਂ ਇਹ ਹੈ ਕਿ ਅੱਗੇ ਵਧਿਆ ਜਾਵੇ।
ਅਗਲੇ ਕਦਮ ਵਧਾਰੇ ਵਜੋਂ ਇਸ ਨੂੰ ਜਨਤਾ 'ਚ ਹਰਮਨ ਪਿਆਰਾ ਬਣਾਇਆ ਜਾਵੇ ਅਤੇ ਆਮ ਚੀਨੀ ਲੋਕਾਂ ਦੀ ਵੱਧ ਤੋਂ ਵੱਧ ਪਹੁੰਚ ਤੱਕ ਲਿਜਾਇਆ
ਜਾਵੇ ਅਤੇ ਲੋਕਾਂ ਦੀ ਸੇਵਾ 'ਚ ਲਾਇਆ ਜਾਵੇ।
ਇਸ ਵਿਉਂਤ ਅਨੁਸਾਰ ਉਹਨਾਂ
ਦਿਨਾਂ ’ਚ ਪੂਰੇ ਦੇਸ਼ ਦੇ ਸਰਜਨਾਂ ਨੇ ਸ਼ੰਘਾਈ ਦੇ ਦੌਰੇ ਕੀਤੇ। ਮਰੀਜ਼ ਨੂੰ ਦੇਖਿਆ ਪਰਖਿਆ।
ਸਰਜਨਾਂ ਦੀਆਂ ਆਪਸੀ ਬਹਿਸ ਚਰਚਾਵਾਂ ਹੋਈਆਂ, ਰਾਇ ਮਸ਼ਵਰੇ ਸਾਂਝੇ ਹੋਏ ਅਤੇ ਕੁੱਤਿਆਂ ਖਰਗੋਸ਼ਾਂ ਦੀਆਂ ਲੱਤਾਂ,
ਬਾਹਾਂ, ਕੰਨਾਂ ਆਦਿ ਨੂੰ ਕੱਟ ਕੇ ਮੁੜ ਜੋੜਨ ਦੇ ਤਜਰਬੇ ਸ਼ੁਰੂ ਹੋ ਗਏ। ਖਾਸ
ਕਰਕੇ ਖਰਗੋਸ਼ ਦੇ ਕੰਨਾਂ ਦੀਆਂ ਬਹੁਤ ਸੂਖਮ ਧਮਣੀਆਂ ਅਤੇ ਸ਼ਿਰਾਵਾਂ ਨੂੰ ਸਿਉਣ ਦਾ ਕੰਮ ਬੜਾ ਕਠਨ
ਸੀ। ਫੈਕਟਰੀਆਂ ਨੇ ਸਟੇਨਲੈਸ ਸਟੀਲ ਦੀਆਂ ਮਹੀਨ ਸੂਈਆਂ ਅਤੇ ਮਜਬੂਤ ਰੇਸ਼ੇ ਵਾਲੇ ਬਹੁਤ ਬਰੀਕ
ਧਾਗੇ ਤਿਆਰ ਕਰਕੇ ਦਿੱਤੇ। ਇੱਕ ਹੋਰ ਫੈਕਟਰੀ ਤੋਂ ਉਪ੍ਰੇਸ਼ਨ ਦੌਰਾਨ ਵਰਤੀ ਜਾਣ ਵਾਲੀ ਖੁਰਦਬੀਨ
ਪ੍ਰਾਪਤ ਹੋਈ। ਇਸ ਵਿੱਚ ਹੋਰ ਸੁਧਾਰ ਕਰਕੇ ਕਿਤੇ ਵਧੀਆ ਖੁਰਦਬੀਨ ਤਿਆਰ ਕਰ ਲਈ ਗਈ,
ਜਿਸ ਦੇ ਅੰਦਰ ਹੀ ਰੌਸ਼ਨੀ ਦਾ ਪ੍ਰਬੰਧ ਕੀਤਾ ਹੋਇਆ ਸੀ
ਅਤੇ ਇਸ ਤੋਂ ਹੱਥਾਂ ਦੀ ਬਜਾਏ ਪੈਰਾਂ ਨਾਲ ਕੰਮ ਲਿਆ ਜਾ ਸਕਦਾ ਸੀ।
ਇਨ੍ਹਾਂ ਤਜਰਬਿਆਂ ਦੇ ਚੰਗੇ
ਸਿੱਟੇ ਨਿਕਲਣ ਲੱਗੇ। ਛੇਤੀ ਹੀ ਖਰਗੋਸ਼ ਦੇ ਕੰਨ ਮੁੜ ਜੋੜਨ ਵਿੱਚ ਵੀ ਸਫਲਤਾ ਹਾਸਲ ਹੋ ਗਈ। ਇਸ
ਤੋਂ ਬਾਅਦ ਇੱਕ ਕੱਟੀ ਹੋਈ ਮਨੁੱਖੀ ਬਾਂਹ ਦਾ ਸਫਲ ਉਪ੍ਰੇਸ਼ਨ ਕੀਤਾ ਗਿਆ। ਹੁਣ ਸੋਜਸ਼ ਆਉਣ 'ਤੇ ਰੋਕਣ ਦਾ ਵੀ ਚੰਗਾ ਪ੍ਰਬੰਧ ਕਰ ਲਿਆ ਗਿਆ ਸੀ।
ਛੇਤੀ ਹੀ ਇਹਨਾਂ ਚਮਤਕਾਰੀ
ਸੰਭਾਵਨਾਵਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਜਾ ਪਹੁੰਚੀ ਅਤੇ ਮੈਡੀਕਲ ਪੇਸ਼ੇ ਨਾਲ ਸੰਬੰਧਤ
ਵਿਅਕਤੀਆਂ 'ਚ ਵੀ ਇਹਨਾਂ ਨਵੇਂ
ਭੰਨੇ ਲਾਂਘਿਆਂ ਦਾ ਅਹਿਸਾਸ ਵਧਣ ਲੱਗਿਆ। ਦੂਰ ਦੁਰਾਡੇ ਇਲਾਕਿਆਂ ਤੋਂ ਮਰੀਜ ਹਵਾਈ ਸਫਰਾਂ ਰਾਹੀਂ
ਵੱਡੇ ਸ਼ਹਿਰਾਂ 'ਚ ਆਉਣ ਲੱਗੇ। 1966 ਤੱਕ ਕੱਟੀਆਂ ਹੋਈਆਂ ਲੱਤਾਂ ਬਾਹਾਂ ਵੱਡੀ ਗਿਣਤੀ 'ਚ ਮੁੜ ਜੋੜੀਆਂ ਜਾ ਚੁੱਕੀਆਂ ਸਨ। ਇਸੇ ਦੌਰਾਨ ਦੂਰ ਦੁਰਾਡੇ ਦੇ ਇਕ
ਹਸਪਤਾਲ ਤੋਂ ਰਿਪੋਰਟ ਹਾਸਲ ਹੋਈ ਕਿ ਲੋੜੀਂਦੇ ਸਾਜੋ-ਸਮਾਨ ਤੋਂ ਬਗੈਰ ,
ਐਕੂਪੰਕਚਰ ਦੀ ਸੂਈ ਨਾਲ ਅਤੇ ਨਾਈਲੋਨ ਦੇ ਧਾਗੇ ਦੀ
ਬਜਾਏ ਮਨੁਖੀ ਵਾਲ ਨੂੰ ਇਸਤੇਮਾਲ ਕਰਕੇ ਹੀ ਸਰਜਨ ਨੇ ਇੱਕ ਸਫਲ ਉਪ੍ਰੇਸ਼ਨ ਕੀਤਾ ਹੈ। ਇਸ ਤਰਾਂ
ਤਜਰਬੇ ਇਕੱਠੇ ਹੁੰਦੇ ਗਏ ਅਤੇ ਚੀਨ ਅੰਦਰ ਇਹ ਅਪ੍ਰੇਸ਼ਨ ਇੱਕ ਵਿਸ਼ੇਸ਼ ਨਾ ਰਹਿ ਕੇ ਆਮ ਗੱਲ ਬਣ
ਗਈ।
ਕੱਟੀਆਂ ਗਈਆਂ ਲੱਤਾਂ ਬਾਹਾਂ
ਨੂੰ ਮੁੜ ਜੋੜਨ 'ਚ ਸਫਲਤਾ ਦੀਆਂ
ਧੁੰਮਾਂ ਪੈਣ ਤੋਂ ਬਾਅਦ ਚੀਨੀ ਮਜ਼ਦੂਰ ਕਹਿਣ ਲੱਗੇ,''ਹੁਣ ਸਾਡੀਆਂ ਕੱਟੀਆਂ ਉਂਗਲਾਂ ਨੂੰ ਜੋੜਨ ਬਾਰੇ ਵੀ ਸੋਚੋ''। ਮਿਹਨਤਕਸ਼ ਲੋਕਾਂ ਦੀ ਸੇਵਾ ਨੂੰ ਪ੍ਰਣਾਏ ਚੀਨੀ ਸਰਜਨ ਸਫਲਤਾ ਦੇ
ਅਗਲੇਰੇ ਲਾਂਘੇ ਭੰਨਣ ਲਈ ਜੁਟ ਗਏ। ਇਹ ਇੱਕ ਹੋਰ ਕਠਿਨ ਕੰਮ ਸੀ। ਇੱਥੇ ਖੂਨ ਦੀਆਂ ਨਾੜੀਆਂ
ਅਤਿਅੰਤ ਮਹੀਨ ਅਤੇ ਨਾਜੁਕ ਹੁੰਦੀਆਂ ਹਨ ਜਿਨ੍ਹਾਂ ਵਿੱਚ ਜੰਮਿਆ ਖੂਨ ਅਕਸਰ ਹੀ ਪੱਕਾ ਮੋਂਦਾ ਲਾ
ਦਿੰਦਾ ਹੈ ਅਤੇ ਉਹ ਅਕੜਾ ਜਾਂਦੀਆਂ ਹਨ। ਪਰ ਕੁੱਝ ਹੋਰ ਪੱਖਾਂ ਤੋਂ ਇਹ ਆਸਾਨ ਵੀ ਸੀ,
ਜਿਵੇਂ ਕਿ ਉਂਗਲਾਂ 'ਚ ਮਾਸ ਪੇਸ਼ੀਆਂ ਨਹੀਂ ਹੁੰਦੀਆਂ ਅਤੇ ਉਨ੍ਹਾਂ ਦੀਆਂ ਸਿਰਫ ਤਣੀਆਂ ਹੀ
ਹੁੰਦੀਆਂ ਹਨ।
ਸ਼ੰਘਾਈ ਦੇ ਮਿਊਂਸਿਪਲ
ਹਸਪਤਾਲ ਵਿੱਚ ਸਰਜਨ ਕੱਟੀਆਂ ਉਂਗਲਾਂ ਜੋੜਨ 'ਚ ਵਾਰ ਵਾਰ ਫੇਲ੍ਹ ਹੋਏ, ਪਰ ਉਹ ਜੁਟੇ ਰਹੇ। ਹਰ ਵਾਰੀ ਆਪਣੀ ਅਸਫਲਤਾ ਦੇ ਕਾਰਨ ਲਭਦੇ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ
ਮੱਥਾ-ਖਪਾਈ ਕਰਦੇ। ਖੂਨ ਦੀਆਂ ਬਰੀਕ ਨਾੜੀਆਂ ਨੂੰ ਸਿਉਂਦਿਆਂ ਉਹ 'ਕੱਲਾ 'ਕੱਲਾ ਤੋਪਾ ਠੀਕ ਠੀਕ ਭਰਨ ਲਈ ਪੂਰੀ ਵਾਹ ਲਾਉਂਦੇ। ਅਪ੍ਰੇਸ਼ਨ ਪੂਰਾ ਹੋ ਜਾਣ ਤੇ ਵੀ ਜੇ
ਉਹਨਾਂ ਦੀ ਤਸੱਲੀ ਨਾ ਹੁੰਦੀ ਤਾਂ ਉਹ ਉਸ ਨੂੰ ਮੁੜ ਖੋਲ੍ਹਦੇ। ਕਈ ਵਾਰ 3-3,
4-4 ਵਾਰ ਅਜਿਹਾ ਕਰਨ ਤੋਂ ਵੀ ਨਾ ਅੱਕਦੇ। ਉਨ੍ਹਾਂ ਨੇ ਇਸ
ਸਮਝ ਦਾ ਪੱਲਾ ਫੜਿਆ ਹੋਇਆ ਸੀ ਕਿ ਜੇ ਅਸਫਲਤਾ ਦੀ ਗ੍ਰਿਫਤ 'ਚੋਂ ਸਫਲਤਾ ਨੂੰ ਖਿੱਚਣਾ ਹੈ ਤਾਂ ਜਦ ਵੀ ਅਸਫਲਤਾ ਸਿਰ ਚੁੱਕਦੀ ਹੈ,
ਉਸਦੇ ਵੱਖ ਵੱਖ ਕਾਰਨਾਂ ਦੀ ਛਾਣਬੀਣ ਕਰਦੇ ਹੋਏ,
ਇਕ ਸਰਜਨ ਨੂੰ ਬਿਨਾਂ ਕਿਸੇ ਦੇਰੀ ਤੋਂ ਦੁਬਾਰਾ
ਅਪ੍ਰੇਸ਼ਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅੰਤ 8 ਜਨਵਰੀ 1966 ਨੂੰ ਕੱਟੀ ਹੋਈ
ਉਂਗਲ ਦਾ ਪਹਿਲਾ ਸਫਲ ਅਪ੍ਰੇਸ਼ਨ ਕਰ ਲਿਆ ਗਿਆ। ਇਸ ਤੋਂ ਅਗਲੇ ਸਾਲ 24 ਪੂਰੀ ਤਰਾਂ ਕੱਟੀਆਂ ਹੋਈਆਂ ਅਤੇ 12 ਅੱਧ-ਪਚੱਧ ਕੱਟੀਆਂ ਹੋਈਆਂ ਉਂਗਲਾਂ ਦੇ ਸਫਲ ਅਪ੍ਰੇਸ਼ਨ ਕੀਤੇ
ਗਏ। ('ਮਹਾਂਮਾਰੀਆਂ ਨੂੰ ਅਲਵਿਦਾ' ਪੁਸਤਕ 'ਤੇ ਆਧਾਰ 'ਤੇ) -ਸੁਰਖ ਲੀਹ ਦੀ
ਫੇਸਬੁਕ ਤੋਂ (31-03-2020)
No comments:
Post a Comment