Thursday, May 21, 2020

ਸਰਮਾਏਦਾਰੀ ਮੁਨਾਫ਼ਾ ਅਤੇ ਮਹਾਂਮਾਰੀਆਂ


 ਸਰਮਾਏਦਾਰੀ  ਮੁਨਾਫ਼ਾ ਅਤੇ ਮਹਾਂਮਾਰੀਆਂ

ਸਰਮਾਏਦਾਰੀ ਦੀ ਮੁਨਾਫ਼ਾ ਕਮਾਉਣ ਦੀ ਹਿਰਸ ਦੇ ਰਹਿੰਦਿਆਂ ਮਨੁੱਖਤਾ ਲਈ ਅਜਿਹੀਆਂ ਮਹਾਂਮਾਰੀਆਂ ਸੰਤਾਪ ਬਣਦੀਆਂ ਹੀ ਰਹਿਣਗੀਆਂ| ਵਿਗਿਆਨ ਦੀ ਗਗਨ ਛੂੰਹਦੀ ਤਰੱਕੀ ਵੀ ਅਜਿਹੇ ਨਿਗੂਣੇ ਵਿਸ਼ਾਣੂੰ ਮੂਹਰੇ ਨਿਤਾਣੀ ਸਾਬਤ ਹੁੰਦੀ ਹੈ ਕਿਉਂਕਿ ਮੁਨਾਫੇ ਦੀ ਹਿਰਸ ਨੇ ਸਾਰੀਆਂ ਉੱਤਮ ਤੋਂ ਉੱਤਮ ਤਕਨੀਕਾਂ ਨੂੰ ਤਾਂ ਜੰਗੀ ਸਾਜ਼ੋ ਸਾਮਾਨ ਉਸਾਰੀ ਦੇ ਲੇਖੇ ਲਾ ਰੱਖਿਆ ਹੈ ਜਾਂ ਫਿਰ ਲੋਕਾਂ ਦੀ ਜਾਸੂਸੀ ਵਰਗੇ ਘੋਰ ਪਿਛਾਖੜੀ ਪ੍ਰਾਜੈਕਟਾਂ ਲਈ ਝੋਕਿਆ ਹੋਇਆ ਹੈ| ਸਰਮਾਏਦਾਰੀ ਦਾ ਮੁੱਢਲਾ ਅਸੂਲ ਹੈ ਕਿ ਜੋ ਕੁਝ ਵੀ ਪੈਦਾ ਕੀਤਾ ਜਾਂਦਾ ਹੈ ਉਸ ਵਿੱਚੋਂ ਮੁਨਾਫਾ ਆਉਣਾ ਚਾਹੀਦਾ ਹੈ ਤੇ ਭਵਿੱਖੀ ਮਹਾਂਮਾਰੀਆਂ ਦੇ ਟਾਕਰੇ ਦੇ ਇੰਤਜ਼ਾਮਾਂ 'ਚ ਅਜੇ ਮੁਨਾਫਾ ਸਮੋਇਆ ਨਹੀਂ ਹੁੰਦਾ|                                                         ਅਜਿਹੀ ਹਾਲਤ ਦੀ ਗੱਲ ਕਰਦਿਆਂ ਇਕ ਤਾਜ਼ਾ ਇੰਟਰਵਿਊ 'ਚ ਅਮਰੀਕੀ ਚਿੰਤਕ ਨੌਮ ਚੋਮਸਕੀ ਦਸਦਾ ਹੈ ਕਿ 2003 'ਚ ਕਰੋਨਾ ਵਾਇਰਸ ਪਰਿਵਾਰ ਦੇ ਵਿਸ਼ਾਣੂ ਸਾਰਸ ਰਾਹੀਂ ਵਿਆਪਕ ਪੱਧਰ 'ਤੇ ਫੈਲੀ ਬਿਮਾਰੀ ਵੇਲੇ ਵੀ ਵਿਗਿਆਨੀਆਂ ਨੇ ਸੰਭਾਵੀ ਖ਼ਤਰਿਆਂ ਬਾਰੇ ਸੁਚੇਤ ਕੀਤਾ ਸੀ|  ਉਦੋਂ ਉਸ ਦੀ ਰੋਕਥਾਮ ਲਈ ਵੈਕਸੀਨ ਵਿਕਸਿਤ ਵੀ ਕੀਤੀ ਗਈ ਸੀ ਪਰ ਉਹ ਮੁੱਢਲੇ ਡਾਕਟਰੀ ਪੱਧਰਾਂ ਤੋਂ ਅੱਗੇ ਨਹੀਂ ਵਧੀ ਜਦੋਂ ਕਿ ਉਦੋਂ ਹੀ ਅਜਿਹੇ ਵਾਇਰਸਾਂ ਦੇ ਇਲਾਜ ਦੇ ਤੇ ਵਿਸ਼ਾਣੂਆਂ ਦਾ ਟਾਕਰਾ ਕਰਨ ਵਾਲੀ ਮਨੁੱਖੀ ਸਮਰੱਥਾ ਵਿਕਸਿਤ ਕਰਨ ਦੇ ਕਦਮ ਲਏ ਜਾ ਸਕਦੇ ਸਨ | ਪਰ ਸਵਾਲ ਵਿਗਿਆਨ ਦੀ ਸਮਰੱਥਾ ਦਾ ਨਹੀਂ ਸੀ ਜਦੋਂ ਢਾਂਚੇ ਨੂੰ ਹੀ ਨਵ-ਉਦਾਰਵਾਦ ਦੀ ਬਿਮਾਰੀ ਚਿੰਬੜੀ ਹੋਵੇ ਤਾਂ ਉਹਦਾ ਇਲਾਜ ਕੌਣ ਕਰੇ ?  ਚੌਮਸਕੀ ਦੇ ਸ਼ਬਦਾਂ ',"ਅਗਲੇ ਸਾਲਾਂ 'ਚ ਤਾਂ ਬੇਲਗਾਮ ਪੂੰਜੀਵਾਦੀ ਢਾਂਚੇ ਨੂੰ ਤੇ ਇਸ ਦੀਆਂ ਉਸਾਰੀਆਂ ਵਿਗੜੀਆਂ ਮੰਡੀਆਂ ਨੂੰ ਨਵਉਦਾਰਵਾਦੀ ਵਹਿਸ਼ਤ ਦੇ ਟੀਕੇ ਲਾਏ ਜਾ ਰਹੇ ਸਨ|"  ਇਸ ਬਿਮਾਰੀ ਦੇ ਇਲਾਜ ਦੇ ਟੀਕੇ ਕੀਹਨੇ ਲੱਭਣੇ ਸਨ !
ਇਸ  ਬਾਜ਼ਾਰ ਮੁਖੀ ਪਹੁੰਚ ਦੇ ਸਿੱਟਿਆਂ ਦੀ ਇੱਕ ਉਦਾਹਰਨ ਇਸ ਮਹਾਂਮਾਰੀ ਨਾਲ ਲੜਨ ਲਈ ਲੋੜੀਂਦੇ ਅਹਿਮ ਸਾਧਨ ਵੈਂਟੀਲੇਟਰਾਂ ਦੀ ਕਮੀ ਦੀ ਹੈ| ਇਸ ਪਹਿਲੂ ਬਾਰੇ ਗੱਲ ਕਰਦਿਆਂ ਵੀ ਚੌਮਸਕੀ ਦੱਸਦਾ ਹੈ ਕਿ ਮਨੁੱਖੀ ਤੇ ਸਿਹਤ ਸੇਵਾਵਾਂ ਮਹਿਕਮੇ ਨੇ ਇਸ ਕਮੀ ਪੂਰਤੀ ਲਈ ਸਸਤੇ ਤੇ ਸੌਖੀ ਵਰਤੋਂ ਵਾਲੇ ਵੈਂਟੀਲੇਟਰ ਬਣਾਉਣ ਲਈ ਇੱਕ ਛੋਟੀ ਕੰਪਨੀ ਨਾਲ ਸਮਝੌਤਾ ਕਰ ਲਿਆ ਸੀ | ਪਰ ਪੂੰਜੀਵਾਦੀ ਤਰਕ ਨੇ ਫਿਰ ਦਖਲਅੰਦਾਜ਼ੀ ਕੀਤੀ ਤੇ ਇਹ ਕੰਪਨੀ  ਇੱਕ ਵੱਡੀ ਕਾਰਪੋਰੇਟ ਕੰਪਨੀ ਨੇ ਖ਼ਰੀਦ ਲਈ | ਅਖੀਰ 2014 'ਚ ਇਸ ਕੰਪਨੀ ਨੇ ਬਿਨਾਂ ਕੋਈ ਵੈਂਟੀਲੇਟਰ ਦਿੱਤੇ ਇਸ ਸਮਝੌਤੇ 'ਚੋਂ ਬਾਹਰ ਨਿਕਲਣ ਦੀ ਇੱਛਾ ਜ਼ਾਹਿਰ ਕਰ ਦਿੱਤੀ ਕਿਉਂਕਿ ਇਹ ਕੰਪਨੀ ਲਈ ਤਸੱਲੀ ਬਖਸ਼ ਮੁਨਾਫੇ ਦਾ ਧੰਦਾ ਨਹੀਂ ਸੀ |ਹੁਣ ਅਮਰੀਕੀ ਪ੍ਰੈੱਸ 'ਚ ਵੀ ਇਸ ਸੰਕਟ ਦੀ ਘੜੀ 'ਚ ਵੈਂਟੀਲੇਟਰ ਘੱਟ ਹੋਣ ਕਾਰਨ ਕੰਪਨੀਆਂ ਦੀ ਮੁਨਾਫ਼ਾ ਮੁਖੀ ਪਹੁੰਚ ਦੀ ਆਲੋਚਨਾ ਹੋ ਰਹੀ ਹੈ, ਜਿਵੇਂ ਕਿਤੇ ਅਮਰੀਕੀ ਹਕੂਮਤ ਤੇ ਕੰਪਨੀਆਂ ਦੀਆਂ ਤਰਜੀਹਾਂ ਵੱਖੋ ਵੱਖਰੀਆਂ ਹੋਣ |  ਅਜਿਹੀਆਂ ਸੰਭਾਵਿਤ ਮਹਾਂਮਾਰੀਆਂ ਦੇ ਟਾਕਰੇ ਦੇ ਇੰਤਜ਼ਾਮਾਂ ਦੀ ਥਾਂ  ਸੰਸਾਰ ਸਰਮਾਏਦਾਰੀ ਤਾਂ ਵਾਤਾਵਰਨ ਤਬਾਹੀ ਦੇ ਭਿਆਨਕ ਕਦਮਾਂ ਰਾਹੀਂ ਅਜਿਹੀਆਂ ਮਹਾਂਮਾਰੀਆਂ ਲਈ ਹੋਰ ਜ਼ਮੀਨ ਸਿਰਜਦੀ ਤੁਰੀ ਜਾ ਰਹੀ ਹੈ| ਇਸ ਲੁਟੇਰੇ ਸੰਸਾਰ ਪੂੰਜੀਵਾਦੀ ਪ੍ਰਬੰਧ ਤੋਂ ਮਨੁੱਖਤਾ ਦੇ ਉੱਜਲੇ ਭਵਿੱਖ ਦੀਆਂ ਆਸਾਂ ਕਰਨੀਆਂ ਧੁੰਦੂਕਾਰੇ 'ਚ ਹੀ ਜਿਉਣਾ ਹੈ| ਅਜਿਹੀਆਂ ਮਹਾਂਮਾਰੀਆਂ ਦਾ ਜੜ੍ਹੋਂ ਖਾਤਮਾ ਵੀ ਇਸ ਲੁਟੇਰੇ ਪੂੰਜੀਵਾਦੀ ਸੰਸਾਰ ਪ੍ਰਬੰਧ ਦੇ ਖ਼ਾਤਮੇ ਨਾਲ ਹੀ ਜੁੜਿਆ ਹੋਇਆ ਹੈ ਜਿੱਥੇ ਸਾਇੰਸ ਸਹੀ ਅਰਥਾਂ 'ਚ ਮਨੁੱਖਤਾ ਦੀ ਸੇਵਾ 'ਚ ਹੋਵੇਗੀ , ਮਨੁੱਖਤਾ  ਦੀਆਂ ਅਸਲ ਜ਼ਰੂਰਤਾਂ ਨੂੰ ਮੁਖ਼ਾਤਬ ਹੋਵੇਗੀ|                                                                      (11-04-2020)

No comments:

Post a Comment